ਲਓ ਭਾਈ ! ਇੱਥੇ ਵਿੱਕਦੇ ਨੇ ਸਿਆਸੀ ਟੋਟਕੇ

‘‘ਫੁੱਮਨਾਂ ! ਹੁਣ ਤੂੰ ਬਜ਼ੁਰਗ ਹੋ ਗਿਐਂ, ਤੈਨੂੰ ਤਾਂ ਹੁਣ ਅਰਾਮ ਕਰਨਾ ਚਾਹੀਦਾ।’’ ਜੰਗੀਰੇ ਨੇ ਆਉਂਦਿਆਂ ਹੀ ਦਿਲ ਤੇ ਚੋਟ ਮਾਰੀ। ‘‘ਸੁਣ ਉਏ ! ਜੰਗੀਰੇ ! ਕੰਮ ਬਗੈਰ ਨਹੀਂ ਸਰਨਾ। ਵਿਹਲੇ ਨੂੰ ਕੌਣ ਰੋਟੀ ਦੇਊ? ਬੰਦੇ ਨੂੰ ਵਿਹਲਾ ਨਹੀਂ ਰਹਿਣਾ ਚਾਹੀਦਾ। ਸਰੀਰ ਆਲਸੀ ਤੇ ਬਿਮਾਰੀ ਦਾ ਘਰ ਬਣਦੈ। ਐਹਿ ਜੋ ਮੈਂ ਕੰਮ ਵਿੱਢਿਐ, ਮੇਰਾ ਜਿੰਦਗੀ ਦਾ ਤਜ਼ਰਬਾ। ਲੋਕਾਂ ਦਾ ਵੀ ਭਲਾ ਤੇ ਮੇਰੀ ਰੋਟੀ ਰੋਜ਼ੀ ਦਾ ਵੀ ਸਾਧਨ। ਨਾਲੇ ਪੁੰਨ ਨਾਲੇ ਫਲੀਆਂ। ਧੀ-ਪੁੱਤ ਵੀ ਖੁਸ਼। ਛੋਟੋ ਤੋਂ ਛੋਟਾ ਤੇ ਵੱਡੇ ਤੋਂ ਵੱਡੇ ਲੀਡਰਾਂ ਦਾ ਤਾਂਤਾ ਲੱਗਿਆ ਰਹਿੰਦਾ। ਬੜਾ ਜੀਅ ਲਗਦਾ।’’

ਫੁੱਮਨਾ ! ਤੂੰ ਬੜਾ ਕੌਤਕੀ ਏਂ। ਲੋਕਾਂ ਦਾ ਭਵਿੱਖ ਦੱਸਣ ਵਾਲਾ ਜੋਤਸ਼ੀ ਬਣ ਗਿਐਂ। ਟੋਟਕਿਆਂ ਦੀ ਫ਼ੀਸ ਵੀ ਬੋਰਡ ਤੇ ਲਿਖੀ ਬੈਠੈਂ। ਤੂੰ ਤਾਂ ਯਾਰ ! ਵਕੀਲਾਂ ਤੋਂ ਵੀ ਟੱਪ ਗਿਆ। ਗੱਲ ਗੱਲ ਦਾ ਪੈਸਾ ਲੈਨੈਂ। ਐਨਾ ਤਜਰਬਾ ਭਲਾ, ਤੂੰ ਕਿੱਥੋਂ ਸਿੱਖਿਆ ? ਕਦੇ ਵੋਟਾਂ ਵਿੱਚ ਤਾਂ ਖੜ੍ਹਾ ਨਹੀ ਹੋਇਆ। ਨਾ ਕੋਈ ਸਰਪੰਚੀ, ਨਾ ਕੋਈ ਸੁਸਾਇਟੀ ਯੂਨੀਅਨ ਦਾ ਸੈਕਟਰੀ ਪ੍ਰਧਾਨ ਬਣਿਐਂ। ਫਿਰ ਐਨਾ ਜੁਗਾੜ ਕਿਥੋਂ ਸਿੱਖਿਆ?

ਜੰਗੀਰਿਆ ! ਸੱਤਰ ਸਾਲ ਹੋ ਗਏ ਸਿਆਸੀ ਲੀਡਰਾਂ ਨੂੰ ਵੇਖਦਿਆਂ। ਧੌਲੇ ਚਿੱਟੇ ਆ ਗਏ, ਤੂੰ ਤਜਰਬੇ ਦੀ ਗੱਲ ਕਰਦੈਂ। ਮੈਨੂੰ ਸਭ ਕਾਸੇ ਬਾਰੇ ਪਤਾ। ਲੀਡਰੀ ਵਿੱਚ ਕਿਵੇਂ ਪੈਰ ਰੱਖਨੈਂ, ਇਹਦੇ ਬਾਰੇ ਕੀ ਕਰਨਾ ਪਊ, ਕਿੱਦਾਂ ਕਿਸੇ ਨੂੰ ਤੋੜਨਾਂ, ਕਿੱਦਾਂ ਕਿਸੇ ਨੂੰ ਜੋੜਨਾਂ, ਕਿਸ ਦਾ ਗੁਣਗਾਣ ਕਰਨਾ ਤੇ ਕਿਸ ਨੂੰ ਭੰਡਣਾ ਹੈ, ਕਿੱਦਾਂ ਦਲ ਬਦਲੀ ਕਰਨੀ ਹੈ, ਕਿਵੇਂ ਨਵੀਂ ਪਾਰਟੀ ਬਣਾਉਣੀ ਹੈ। ਕਿਵੇਂ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾਉਣਾ ਹੈ। ਵਿਕਾਸ ਦੀਆਂ ਗੱਲਾਂ ਕਿਵੇਂ ਕਰਨੀਆਂ ਤੇ ਕਿਹੜੇ ਮੁੱਦਿਆਂ ਨਾਲ ਵਿਰੋਧਤਾ ਕਰਨੀ ਹੈ, ਕੰਮਾਂ ਵਿੱਚ ਕਿਵੇਂ ਰੁਕਾਵਟਾਂ ਪਾਉਣੀਆਂ। ਕਿਵੇਂ ਵੋਟਰਾਂ ਨੂੰ ਸਬਜ਼ਬਾਗ ਦਿਖਾਉਣੇ ਹਨ, ਕਿਵੇਂ ਭਰਮਾਉਣਾ, ਡਰਾਉਣਾ ਤੇ ਧਮਕਾਉਣਾ ਹੈ। ਕਿਵੇਂ ਕਿਸੇ ਦੀ ਕੁੱਲੀ ਨੂੰ ਅੱਗ ਲਾਉਣੀ ਹੈ ਤੇ ਫ਼ਿਰ ਕਿਵੇਂ ਜਖ਼ਮਾਂ ਤੇ ਮਲ੍ਹਮ ਪੱਟੀ ਕਰ ਕੇ ਹਮਦਰਦੀ ਲੈਣੀ ਹੈ। ਮੀਡੀਆ ਵਾਲਿਆਂ ਨੂੰ ਕਿਵੇਂ ਖੁਸ਼ ਰੱਖਣਾ ਹੈ, ਕਿੰਨ੍ਹਾਂ ਦੇ ਪੜਦੇ ਲੁਕੋ ਕੇ ਰੱਖਣੇ ਹਨ ਤੇ ਕਿੰਨ੍ਹਾਂ ਦੇ ਪੜਦੇ ਉਧੇੜਨੇ ਹਨ। ਕਿਵੇਂ ਵਾਲ ਦੀ ਖੱਲ ਲਾਹੁਣੀ ਹੈ। ਜੇਕਰ ਵਿਰੋਧੀ ਜਿਆਦਾ ਹੀ ਕਿਸੇ ਮੁੱਦੇ ਨੂੰ ਲੈ ਕੇ ਪਿੱਛੇ ਪੈ ਜਾਣ ਤਾਂ ਕਿਵੇਂ ਕਾਟਾਂ ਬਦਲ ਕੇ ਨਵਾਂ ਮੁੱਦਾ ਖੜਾ ਕਰਨਾ ਹੈ। ਬਾਕੀ ਐਹ ਮੇਰਾ 20 ਨੁਕਾਤੀ ਫਾਰਮੂਲਾ ਪੜ੍ਹ ਲੈ, ਸਭ ਕੁਝ ਇਹਦੇ ਵਿੱਚ ਦੱਸਿਆ ਹੈ। ਨਾਲੇ ਮੈਂ ਬੋਲਣ ‘ਚ ਵਿਸ਼ਵਾਸ਼ ਨਹੀਂ ਕਰਦਾ, ਕੰਮ ਕਰ ਕੇ ਦਿਖਾਉਣਾ, ਪੂਰੀ ਗਰੰਟੀ ਵੀ ਦਿੰਦਾ ਹਾਂ।

ਫੁੱਮਨਾ ਬੱਸ ਯਾਰ ! ਤੇਰੀ ਬੋਲਣ ਦੀ ਸਪੀਡ ਤਾਂ ਰੇਲ ਗੱਡੀ ਦੀ ਚਾਲ ਤੋਂ ਵਧ ਕੇ ਹੈ। ਵਿਚੋਂ ਸਾਹ ਵੀ ਲੈ ਲਿਆ ਕਰ, ਮੈਂ ਪੁੱਛਣਾ ਬਈ ਜੋ ਲੀਡਰ ਬਣਦੇ ਹਨ ਤਕੜੇ ਘਰਾਂ ਦੇ ਹੁੰਦੇ ਐ, ਪੈਸਾ ਵਾਧੂ ਹੁੰਦੈ। ਚੰਗਾ ਕੰਮ ਕਾਰ ਹੁੰਦੈ, ਫੇਰ ਇਹਨਾਂ ਨੂੰ ਕੀ ਲੋੜ ਹੈ ਲੀਡਰ ਬਨਣ ਦੀ। ਐਵੇਂ ਵਾਧੂ ਚੱਕਰਾਂ ‘ਚ ਪਏ ਰਹਿੰਦੇ ਹਨ। ਭੰਡੀ ਪ੍ਰਚਾਰ ਵੀ ਕਰਦੇ ਹਨ ਤੇ ਆਪਣਾ ਵੀ ਕਰਵਾਉਂਦੇ ਹਨ। ਮੈਂ ਤਾਂ ਕਹਿੰਨੇਂ ਕਿ ਸਭ ਤੋਂ ਜਿਆਦਾ ਇਹ ਪ੍ਰੇਸ਼ਾਨ ਤੇ ਦੁਖੀ ਹੁੰਦੇ ਹਨ। ਲੱਗਦੈ ਨਾ ਇਨਾਂ ਨੂੰ ਦਿਨੇ ਚੈਣ ਤੇ ਨਾ ਹੀ ਰਾਤ ਨੂੰ ਨੀਂਦ ਆਉਂਦੀ ਹੋਵੇਗੀ। ਇਹ ਕਿਉਂ ਨਹੀ ਆਪਣਾ ਘਰ ਦਾ ਕੰਮ ਕਰਦੇ, ਅਰਾਮ ਦੀ ਜਿੰਦਗੀ ਜਿਉਣ। ਰੱਬ-ਰੱਬ ਕਰਨ, ਜੋ ਅੰਤ ਵੇਲੇ ਸਹਾਈ ਹੋਵੇ।

ਜੰਗੀਰਿਆ ! ਇੰਨ੍ਹਾਂ ਨੂੰ ਕੋਈ ਚਿੰਤਾ ਨਹੀ, ਨਾ ਹੀ ਕਿਸੇ ਦਾ ਡਰ, ਨਾ ਹੀ ਇਹਨਾਂ ਪਾਸ ਪੈਸੇ ਦੀ ਘਾਟ ਹੈ। ਚੰਗੀਆਂ ਜਾਇਦਾਦਾਂ ਦੇ ਮਾਲਕ ਹੁੰਦੇ ਹਨ ਪਰ ਸ਼ੌਂਕ ਹੁੰਦਾ, ਚਸਕਾ ਹੁੰਦੈ ਜਿਵੇਂ ਤੈਨੂੰ ਕਬੂਤਰ ਪਾਲਣ ਦਾ, ਦੱਸ ਤੈਨੂੰ ਇਹਦਾ ਕੀ ਲਾਭ? ਕਿੰਨੀਆਂ ਚੀਜ਼ਾਂ ਕੀਮਤੀ ਇਸਨੂੰ ਖਵਾਉਂਦਾ ਹੈਂ, ਆਪ ਭਾਵੇਂ ਭੁੱਖਾ ਸੌਵੇਂ ਪਰ ਇਹਦੀ ਚਾਹਤ ਜਰੂਰ ਪੂਰੀ ਕਰਦੈਂ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਚਸਕਾ ਜਿਸ ਨੂੰ ਇਕ ਵਾਰ ਲੱਗ ਜਾਵੇ ਮੁੜ ਨਹੀਂ ਲਹਿੰਦਾ। ਚਸਕਾ ਬਹੁਤ ਭੈੜਾ ਹੁੰਦੈ। ਫ਼ਿਰ ਸਿਆਸੀ ਚਸਕਾ ਤਾਂ ਨਸ਼ੇੜੀਆਂ ਤੇ ਜੁਆਰੀਆਂ ਤੋਂ ਵਧਕੇ ਹੁੰਦੈ। ਜੇ ਲੀਡਰ ਬਣਾਂਗੇ, ਰੱਬ ਸਬੱਬੀ ਮਨਿਸਟਰੀ ਨਹੀਂ ਤਾਂ ਚੇਅਰਮੈਨੀ ਤਾਂ ਵੱਟ ਤੇ। ਫੇਰ ਤਾਂ ਜੰਗੀਰਿਆ ਪੌਂ ਬਾਰਾਂ ! ਲਾਲ ਬੱਤੀਆਂ ਵਾਲੀਆਂ ਗੱਡੀਆਂ ਅੱਗੇ ਪਿੱਛੇ, ਥਾਂ-ਥਾਂ ਤੇ ਸਲੂਟ, ਸਜਾਵਟੀ ਗੇਟਾਂ ਨਾਲ ਸਵਾਗਤ, ਨੌਕਰ ਚਾਕਰ ਸਾਰੇ ਹੁਕਮਾਂ ਅਧੀਨ ਲੇਲੜੀਆਂ ਕੱਢਦੇ ਹਨ। ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਖੜੋ। ਥਾਂ-ਥਾਂ ਜੀ ਹਜੂਰੀਏ! ਅੱਖਾਂ ਵਿਛਾਈ ਖੜੇ ਹੁੰਦੇ ਹਨ। ਕੱਲੀ ਕੱਲੀ ਗੱਲ ਦਾ ਮੁੱਲ ਪੈਂਦੈ। ਮੀਡੀਆ ਵਾਲੇ ਚਾਰ ਚੁਫ਼ੇਰੇ ਖੰਭ ਦੀ ਡਾਰ ਬਣਾਉਣਾ ਉਹ ਜਾਣਦੇ ਹਨ। ਬੜਾ ਪ੍ਰਚਾਰ ਹੁੰਦੈ। ਹੋਵੇ ਵੀ ਕਿਵੇਂ ਨਾ ਆਖ਼ਰ ਰਾਜੇ ਮਹਾਰਾਜੇ ਹੁੰਦੇ ਨੇ ਪਰਜਾ ਦੇ। ਪਰਜਾ ਤਾਂ ਦਰਸ਼ਨ ਕਰਨ ਨੂੰ ਲੋਚਦੀ ਰਹਿੰਦੀ ਹੈ। ਜਣਾ ਖਣਾ ਨਾਲ ਫੋਟੋ ਖਿਚਵਾ ਕੇ ਆਪਣਾ ਮਾਨ ਸਮਝਦੈ। ਪਹਿਲਾਂ ਦੱਸੋ ਕੀ ਵੁਕਤ ਸੀ, ਕੀ ਕੋਈ ਜਾਣਦਾ ਸੀ? ਆਮ ਬੰਦੇ ਨੂੰ ਤਾਂ ਪਰਸੂ ਕਹਿੰਦੇ ਹਨ। ਫੇਰ ਜਦੋਂ ਕੁਝ ਬਣ ਜਾਵੇ ਪਰਸੇ ਤੋਂ ਪਰਸ ਰਾਮ ਬਣ ਜਾਂਦਾ ਹੈ। ਹੈ ਨਾ ਕਿੱਡੀ ਵੱਡੀ ਸ਼ੌਹਰਤ। ਰੱਬ ਵੀ ਡਰਦਾ ਇਹਨਾਂ ਲੀਡਰਾਂ ਤੋਂ, ਤਾਕਤ ਹੁੰਦੀ ਹੈ ਬਈ ਰੋਹਬ ਹੁੰਦੈ। ਅਜਿਹੇ ਲੀਡਰਾਂ ਦੇ ਤਾਂ ਕੁੱਤਿਆਂ ਦਾ ਵੀ ਮੁੱਲ ਦਸ ਗੁਣਾ ਵਧ ਜਾਂਦੈ। ਸਖ਼ਸ਼ੀਅਤ ਨੂੰ ਵੀ ਚਾਰ ਚੰਨ ਲੱਗ ਜਾਂਦੇ ਹਨ। ਥਾਂ-ਥਾਂ ਤੇ ਜੈ ਜੈ ਕਾਰ ਹੁੰਦੀ ਹੈ। ਜਦੋਂ ਇਕ ਵਾਰ ਕੋਈ ਲੀਡਰ, ਪ੍ਰਧਾਨ, ਮੈਂਬਰ, ਸਰਪੰਚ, ਐਮ.ਐਲ.ਏ, ਮੰਤਰੀ ਬਣ ਜਾਵੇ ਤਾਂ ਜ਼ਿੰਦਗੀ ਭਰ ਉਸਦਾ ਉਹ ਅਹੁਦਾ ਬਰਕਰਾਰ ਰਹਿੰਦਾ। ਸਰਕਾਰੀ ਮੁਲਾਜ਼ਮਾਂ ਵਾਗੂੰ ਰਿਟਾਇਰਡ ਹੋਣ ਤੇ ਪੈਨਸ਼ਨ ਲੈਣ ਦਾ ਵੀ ਹੱਕਦਾਰ ਹੁੰਦੈ। ਕੰਮ ਕਰਾਉਣ ਵਾਲੇ ਅੱਗੇ ਪਿੱਛੇ ਫ਼ਿਰਦੇ ਹਨ। ਤਲੀਆਂ ਚੱਟਣ ਤੀਕ ਜਾਂਦੇ ਹਨ। ਐਨਾ ਸੁਖ ਤੇ ਅਰਾਮ ਬਾਦਸ਼ਾਹੀ ਹੈ ਲੀਡਰ ਬਨਣ ਤੇ। ਜੰਗੀਰਿਆ! ਤੂੰ ਕਹਿਨੈ ਕਿ ਇਹਨਾਂ ਨੂੰ ਕੀ ਲਾਭ? ਨਾਲੇ ਤੈਨੂੂੰ ਕੀ ਪਤੈ? ਸਿਆਸੀ ਲੀਡਰਾਂ ਬਾਰੇ। ਕਬੂਤਰਬਾਜ਼ ਦੀ ਅੱਖ ਅਸਮਾਨ ਤੇ ਟਿਕੀ ਰਹਿੰਦੀ ਹੈ। ਭੋਲਿਆ ਬੰਦਿਆ! ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ।

ਫੁੱਮਨਾਂ! ਬਹੁਤਾ ਹੰਕਾਰ ਨਹੀਂ ਕਰੀਦਾ। ਜੇਕਰ ਤੂੰ ਦੋ ਅੱਖਰ ਪੜ੍ਹ ਗਿਐਂ ਤਾਂ ਇੱਲ ਦੀ ਥਾਂ ਕੁੱਕੜ ਹੀ ਬਣਿਐਂ। ਨਹੀਂ ਤਾਂ ਤੂੰ ਕੋਈ ਲੀਡਰ ਬਣਿਆ ਹੁੰਦੈ। ਤੇ ਫ਼ਿਰ ਕੀ ਲੋੜ ਸੀ ਤੈਨੂੰ ਇਹ ਦੁਕਾਨ ਖ਼ੋਲਣ ਦੀ।

ਜੰਗੀਰਿਆ! ਸੱਚ ਦੱਸਾਂ ਮੇਰੇ ਤੋਂ ਐਨਾ ਝੂਠ ਨਹੀਂ ਬੋਲਿਆਂ ਜਾਂਦਾ ਤੇ ਝੂਠੇ ਬੰਦੇ ਮੈਨੂੰ ਉੱਕਾ ਹੀ ਪਸੰਦ ਨਹੀਂ। ਸੱਚੀ ਗੱਲ ਤਾਂ ਕੌੜੀ ਮਿਰਚ ਵਾਂਗੂੰ ਲੱਗਦੀ ਹੈ।

‘‘ਬੱਲੇ ਓਏ ਚਲਾਕ ਸੱਜਨਾਂ! ਅਖ਼ੇ ਝੂਠੇ ਬੰਦੇ ਮੈਨੂੰ ਪਸੰਦ ਨਹੀਂ। ਤੇ ਐਹ ਜੋ ਦੁਕਾਨ ਖੋਲੀ ਹੈ ਕੀ ਇਸ ਵਿੱਚ ਤੂੰ ਸੱਚ ਹੀ ਤੋਲਦੈਂ? ਸਿਆਸਤ ਤਾਂ ਹੈ ਹੀ ਝੂਠ ਦਾ ਪੁ¦ਦਾ, ਤੇ ਤੂੰ ਕਿਹੜੇ ਸਿਆਸੀ ਟੋਟਕਿਆਂ ਦੀ ਗੱਲ ਕਰੇਂਗਾ।’’

ਜੰਗੀਰਿਆ! ਤੂੰ ਸਮਝਿਆ ਨਹੀਂ। ਇਸ ਵਿੱਚ ਦੱਸ ਕਿਹੜਾ ਝੂਠ ਹੈ। ਸਾਰੇ ਲੀਡਰ ਇਸ ਤਰ੍ਹਾਂ ਹੀ ਕਰਦੇ ਹਨ ਤੇ ਜੋ ਕੁਝ ਉਹ ਕਰਦੇ ਹਨ ਮੈਂ ਵੀ ਤੇ ਉਹੀ ਕੁਝ ਦੱਸਨਾਂ। ਇਸ ਵਿੱਚ ਦੱਸ ਕਿਹੜੀ ਬੇਈਮਾਨੀ ਤੇ ਠੱਗੀ-ਠੋਰੀ ਹੈ। ਮੇਰੀ ਤਾਂ ਇਹ ਦਸਾਂ ਨਹੁੰਆਂ ਦੀ ਕਿਰਤ ਕਮਾਈ ਹੈ। ਬੇਈਮਾਨੀ, ਝੂਠ, ਰਿਸ਼ਵਤਖ਼ੋਰੀ ਉਹ ਹੁੰਦੀ ਹੈ ਜੋ ਲੁਕ ਕੇ ਕੀਤੀ ਜਾਂਦੀ ਹੈ। ਮੈਂ ਤਾਂ ਸ਼ਰੇਆਮ ਦੱਸ ਕੇ ਆਪਣੀ ਫ਼ੀਸ ਲੈਂਦਾ ਹਾਂ ਤੇ ਉਹ ਹੱਸਕੇ ਦੇ ਕੇ ਜਾਂਦੇ ਹਨ। ਇਸ ਵਿੱਚ ਦੱਸ ਕਿਹੜਾ ਝੂਠ ਹੈ। ਜੰਗੀਰੇ ਵੀਰੇ! ਹੁਣ ਤੂੰ ਮੇਰਾ ਟੈਮ ਵੇਸਟ ਨਾ ਕਰ। ਪਲੀਜ਼! ਅਹੁ ਵੇਖ! ਮੇਰਾ ਗਾਹਕ ਆ ਗਿਆ, ਕੋਈ ਕੰਮ ਦੀ ਗੱਲ ਵੀ ਕਰ ਲਵਾਂ। ਤੂੰ ਫ਼ੇਰ ਆਜੀਂ ਵਿਹਲੇ ਟੈਮ! ਧੰਨਵਾਦ! ਸਤਿਸ੍ਰੀਅਕਾਲ!…

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>