ਕਿਧਰੇ ਇਹ ਮਸ਼ੀਨ ਜਾਮ ਨਾ ਹੋ ਜਾਵੇ…!

ਜਿੰਨਾ ਚਿਰ ਕੋਈ ਮਸ਼ੀਨ ਚਲਦੀ ਰਹਿੰਦੀ ਹੈ, ਉਹ ਬੜੀ ਰੈਲ਼ੀ ਰਹਿੰਦੀ ਹੈ। ਪਰ ਜਦ ਕਿਸੇ ਮਸ਼ੀਨ ਨੂੰ ਸਾਲ ਛੇ ਮਹੀਨੇ ਨਾ ਵਰਤਣ ਮਗਰੋਂ, ਉਸ ਨੂੰ ਦੋਬਾਰਾ ਚਲਾਉਣ ਦੀ ਕੋਸ਼ਿਸ਼ ਕਰੋ, ਤਾਂ ਉਸ ਦੇ ਕਈ ਪੁਰਜ਼ੇ ਜਾਮ ਹੋਏ ਹੁੰਦੇ ਹਨ। ਪੁਰਜਿਆਂ ਵਿਚਾਰਿਆਂ ਨੂੰ ਜਿਵੇਂ ਜੰਗਾਲ ਹੀ ਲੱਗ ਜਾਂਦਾ ਹੈ। ਕਦੀ ਉਸ ਦੀ ਸਾਫ ਸਫਾਈ ਕਰਦੇ ਹਾਂ, ਕਦੇ ਤੇਲ ਦਿੰਦੇ ਹਾਂ। ਫਿਰ ਕੁੱਝ ਦੇਰ ਖਾਲੀ ਚਲਾਉਂਦੇ ਹਾਂ। ਤਾਂ ਵੀ ਉਹ ਪਹਿਲਾਂ ਜਿੰਨੀ ਰੈਲ਼ੀ ਹੋ ਕੇ ਨਹੀਂ ਚਲਦੀ। ਇਸੇ ਤਰ੍ਹਾਂ ਮਨੁੱਖੀ ਸਰੀਰ ਵੀ ਇੱਕ ਮਸ਼ੀਨ ਹੈ। ਇਸਦੀ ਜੇ ਰੋਜ਼ਾਨਾ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਵੀ ਜਾਮ ਹੋ ਜਾਂਦੀ ਹੈ। ਕਹਿਣ ਤੋਂ ਭਾਵ ਹੈ ਕਿ ਇਸ ਨੂੰ ਸਰੀਰਕ ਮੁਸ਼ੱਕਤ, ਕਸਰਤ, ਸੈਰ ਆਦਿ ਨਾਲ ਚਾਲੂ ਰੱਖਿਆ ਜਾਵੇ। ਨਹੀਂ ਤਾਂ ਇਸ ਦੇ ਪੁਰਜੇ ਵੀ ਜੰਗਾਲੇ ਜਾਣਗੇ।

ਪੁਰਾਣੇ ਸਮਿਆਂ ਵਿੱਚ ਬਹੁਤੇ ਕੰਮ ਕਾਰ ਹੱਥੀਂ ਕਰਨੇ ਪੈਂਦੇ ਸਨ। ਜਿਸ ਨਾਲ ਕੁਦਰਤੀ ਵਰਜਿਸ਼ ਹੋ ਜਾਂਦੀ ਸੀ। ਲੋਕ ਦਸ ਦਸ ਕੋਹ ਪੈਦਲ ਤੁਰਦੇ ਸਨ, ਜਾਂ ਸਾਈਕਲ ਚਲਾਉਂਦੇ ਸਨ। ਜਿਸ ਕਾਰਨ ਲੱਤਾਂ ਅਤੇ ਗੋਡਿਆਂ ਦੇ ਜੋੜਾਂ ਦੀ ਪੂਰੀ ਕਸਰਤ ਹੋ ਜਾਂਦੀ ਸੀ। ਖਾਧੀ ਖੁਰਾਕ ਵੀ ਆਪਣੇ ਆਪ ਹਜ਼ਮ ਹੋ ਜਾਂਦੀ। ਹਾਜ਼ਮੇ ਦੀ ਗੋਲੀ ਦੀ ਲੋੜ ਵੀ ਕਦੇ ਨਾ ਪੈਂਦੀ। ਖੇਤਾਂ ਵਿੱਚ ਹਲ਼ ਵਾਹੁੰਦੇ ਵਾਹੁੰਦੇ ਕਈ ਮੀਲ ਸੈਰ ਹੋ ਜਾਂਦੀ। ਬਜ਼ੁਰਗ ਅਕਸਰ ਹੀ ਕਹਿੰਦੇ, “ਭਾਈ ਮਿੱਟੀ ਨਾਲ ਮਿੱਟੀ ਹੋਣਾ ਪੈਂਦੈ, ਤਾਂ ਕਿਤੇ ਅੰਨ ਪੈਦਾ ਹੁੰਦੈ।” ਪਰ ਜਿਉਂ ਜਿਉਂ ਸਾਇੰਸ ਨੇ ਤਰੱਕੀ ਕੀਤੀ, ਇਨਸਾਨ ਹੱਡ ਭੰਨਵੀਂ ਮਿਹਨਤ ਅਤੇ ਮਿੱਟੀ ਤੋਂ ਦੂਰ ਹੁੰਦਾ ਗਿਆ। ਜਿਸ ਕਾਰਨ ਸਰੀਰਕ ਬੀਮਾਰੀਆਂ ਵਿੱਚ ਵਾਧਾ ਹੁੰਦਾ ਗਿਆ। ਅੱਜ ਕੁਦਰਤੀ ਇਲਾਜ ਪ੍ਰਣਾਲੀ (ਨੈਚਰੋਪੈਥੀ) ਵਾਲੇ ਸਰੀਰ ਤੇ ਚੀਕਣੀ ਮਿੱਟੀ ਦਾ ਲੇਪ ਕਰਕੇ, ਸਾਡੀਆਂ ਬੀਮਾਰੀਆਂ ਦਾ ਇਲਾਜ ਕਰਦੇ ਹਨ। ਕਹੀ ਵਾਹੁਣ, ਗੋਡੀ ਕਰਨ ਤੇ ਖੇਤਾਂ ਵਿੱਚ ਹੋਰ ਕੰਮ ਕਰਨ ਨਾਲ, ਮੋਢੇ, ਲੱਕ, ਬਾਹਵਾਂ- ਗੱਲ ਕੀ ਸਾਰੇ ਜੋੜਾਂ ਨੂੰ ਹਿੱਲਣ ਦਾ ਮੌਕਾ ਮਿਲਦਾ। ਇਸ ਤਰ੍ਹਾਂ ਆਏ ਮੁੜ੍ਹਕੇ ਨਾਲ, ਸਰੀਰ ਵੀ ਹੌਲਾ ਮਹਿਸੂਸ ਕਰਦਾ। ਉਦੋਂ ਲੋਕ ਖੁਰਾਕ ਵੀ ਰੱਜਵੀਂ ਖਾਂਦੇ ਤੇ ਕੰਮ ਵੀ ਦੱਬ ਕੇ ਕਰਦੇ। ਇਸੇ ਕਰਕੇ ਹੀ ਪੁਰਾਣੇ ਬਜ਼ੁਰਗਾਂ ਦੇ ਸਰੀਰ, ਅਜੇ ਵੀ ਅਜੋਕੇ ਨੌਜਵਾਨਾਂ ਨਾਲੋਂ ਤਕੜੇ ਹਨ। ਇਹੀ ਕਾਰਨ ਹੈ ਕਿ, ਅੱਜ ਵੀ ਬਾਬਾ ਫੌਜਾ ਸਿੰਘ ਸਰਦਾਰ ਵਰਗੇ, ਇੱਕ ਸਦੀ ਨੂੰ ਟੱਪ ਕੇ ਵੀ, ਮੈਰਾਥਨ ਦੌੜਾਂ ਵਿੱਚ ਨੌਜਵਾਨਾਂ ਨੂੰ ਪਛਾੜੀ ਜਾਂਦੇ ਹਨ।

ਪੁਰਾਣੇ ਸਮੇਂ ਵਿੱਚ, ਸੁਆਣੀਆਂ ਵੀ ਬਹੁਤ ਸਾਰੇ ਕੰਮ ਹੱਥੀਂ ਕਰਦੀਆਂ ਸਨ। ਖੇਤਾਂ ਵਿੱਚ ਭੱਤਾ ਲੈ ਕੇ ਜਾਣਾ, ਸਾਗ ਤੋੜਨਾ, ਕਪਾਹ ਚੁਗਣੀ, ਸਬਜ਼ੀ ਤੋੜਨੀ ਜਾਂ ਪੁੱਟਣੀ, ਮਾਲ ਡੰਗਰ ਸਾਂਭਣੇ, ਦੁੱਧ ਚੋਣਾ, ਰਿੜਕਣਾ…ਸਭ ਨਾਲ ਪੂਰੇ ਸਰੀਰ ਦੀ ਆਪਣੇ ਆਪ ਕਸਰਤ ਹੋ ਜਾਂਦੀ। ਇਸ ਤੋਂ ਇਲਾਵਾ, ਨਲਕੇ ਗੇੜ ਗੇੜ ਕੇ ਥਾਪੀਆਂ ਨਾਲ ਸਾਰੇ ਟੱਬਰ ਦੇ ਕੱਪੜੇ ਧੋਣੇ, ਨਿਚੋੜਨੇ..। ਭਲਾ ਮੋਢਿਆਂ ਦੇ ਜੋੜ ਤੇ ਬਾਹਵਾਂ ਕਿੱਦਾਂ ਨਾ ਮਜਬੂਤ ਹੁੰਦੀਆਂ? ਨਾਲੇ ਉਦੋਂ ਝਾੜੂ ਪੋਚੇ ਤੇ ਭਾਂਡੇ ਸਾਫ ਕਰਨ ਲਈ ਵੀ ਕਿਹੜਾ ਕੰਮ ਵਾਲੀਆਂ ਹੁੰਦੀਆਂ ਸਨ? ਇਹ ਸਭ ਕੰਮ ਵੀ ਘਰ ਦੀਆਂ ਨੂੰਹਾਂ, ਧੀਆਂ, ਸੱਸਾਂ- ਰਲ਼ ਮਿਲ ਕੇ ਆਪ ਹੀ ਕਰਦੀਆਂ ਸਨ। ਦੁਪਹਿਰੇ ਸਾਹ ਲੈਣ ਲਈ ਬਹਿਣਾ ਤਾਂ- ਚਰਖੇ ਡਾਹ ਲੈਣੇ, ਦਰੀਆਂ ਬੁਣ ਲੈਣੀਆਂ, ਕਸੀਦੇ ਕੱਢ ਲੈਣੇ..।

ਪਰ ਅੱਜ ਦੇ ਮਸ਼ੀਨੀ ਯੁੱਗ ਵਿੱਚ, ਲਗਭਗ ਸਾਰੇ ਕੰਮਾਂ ਦੀ ਜ਼ਿਮੇਵਾਰੀ ਆਪਾਂ ਮਸ਼ੀਨਾਂ ਨੂੰ ਸੌਂਪ ਦਿੱਤੀ ਹੈ। ਤੇ ਆਪਣੇ ਸਰੀਰ ਨੂੰ ਅਰਾਮ ਪ੍ਰਸਤ ਬਣਾ ਲਿਆ ਹੈ। ਜਿਸਦਾ ਲਾਭ ਇਹ ਤਾਂ ਹੋਇਆ ਕਿ ਘੰਟਿਆਂ ਦੇ ਕੰਮ ਮਿੰਟਾਂ ਵਿੱਚ, ਤੇ ਮਿੰਟਾਂ ਦੇ ਸਕਿੰਟਾਂ ਵਿੱਚ ਹੋਣ ਲੱਗ ਪਏ ਹਨ। ਸਮੇਂ ਦੀ ਬੱਚਤ ਤਾਂ ਜਰੂਰ ਹੋਈ, ਪਰ ਸਾਡੇ ਸਰੀਰ ਦੇ ਜੋੜ ਜਾਮ ਹੋਣੇ ਸ਼ੁਰੂ ਹੋ ਗਏ। ਭਾਵੇਂ ਸਮੇਂ ਦੀ ਚਾਲ ਨਾਲ ਹਰ ਚੀਜ਼ ਬਦਲਦੀ ਹੈ, ਤੇ ਇਹ ਲਾਜ਼ਮੀ ਵੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਯੁੱਗ ਵਿੱਚ ਵਿਚਰਦੇ ਹੋਏ, ਆਪਣੇ ਸਰੀਰ ਰੂਪੀ ਮਸ਼ੀਨ ਨੂੰ ਕਿਵੇਂ ਚਾਲੂ ਰੱਖਿਆ ਜਾਵੇ?

ਸਾਥੀਓ, ਇਹ ਜੋੜਾਂ ਦੀਆਂ ਦਰਦਾਂ, ਮੋਟਾਪਾ, ਡਿਪਰੈਸ਼ਨ, ਬਲੱਡ ਪ੍ਰੈਸ਼ਰ… ਆਦਿ ਸਭ ਇਸੇ ਯੁੱਗ ਦੀ ਦੇਣ ਹਨ। ਏ. ਸੀ ਕਮਰੇ, ਏ. ਸੀ. ਗੱਡੀਆਂ…ਪਸੀਨਾ ਆਪਾਂ ਆਉਣ ਨਹੀਂ ਦੇਣਾ ਕਦੇ! ਦੋ ਪੈਰ ਵੀ ਤੁਰਨਾ ਨਹੀਂ, ਬੀਮਾਰੀਆਂ ਨੂੰ ਸੱਦਾ ਤਾਂ ਆਪਾਂ ਆਪ ਦਿੰਦੇ ਹਾਂ। ਭਾਈ ਆਪਣੇ ਸਰੀਰ ਵਾਲੀ ਮਸ਼ੀਨ ਨੂੰ ਕਸਰਤ, ਯੋਗਾ ਜਾਂ ਸੈਰ ਕਰਕੇ, ਹਿਲਾਈਏ ਤਾਂ ਸਹੀ ਕਿਸੇ ਤਰ੍ਹਾਂ! ਨਹੀਂ ਤਾਂ ਡਾਕਟਰਾਂ ਤਾਂ ਝੱਟ ਕਹਿ ਦੇਣਾ- “ਭਾਈ, ਇਹ ਜੋੜ ਹੁਣ ਬਦਲਣਾ ਹੀ ਪੈਣਾ ਹੈ।”  ਪਰ ਕੀ ਇਹ ਨਕਲੀ ਗੋਡੇ, ਮੋਢੇ.. ਅਸਲੀ ਦੀ ਰੀਸ ਕਰ ਸਕਦੇ ਨੇ?

ਮੇਰੀ ਇੱਕ ਸਹੇਲੀ ਸੀ। ਉਸ ਦਾ ਭਾਰ ਕੁੱਝ ਵੱਧ ਗਿਆ। ਇੱਕ ਦਿਨ ਕਹਿਣ ਲੱਗੀ ਕਿ- ਮੈਂ ਤਾਂ ਕੱਲ੍ਹ ਤੋਂ ਘਰੋਂ ਪੈਦਲ ਤੁਰ ਕੇ ਬੱਸ ਅੱਡੇ ਤੱਕ ਆਇਆ ਕਰੂੰ। ਅਸਲ ਵਿੱਚ ਅਸੀਂ ਪੰਜ ਛੇ ਜਣੀਆਂ ਨੇ, ਹਰ ਰੋਜ਼ ਕੰਮ ਤੇ ਜਾਣ ਲਈ, ਬੱਸ ਅੱਡੇ ਤੋਂ ਬੱਸ ਫੜਨੀ ਹੁੰਦੀ ਸੀ। ਜਿਹਨਾਂ ਦੇ ‘ਹਸਬੈਂਡ’ ਲੋਕਲ ਸਰਵਿਸ ਕਰਦੇ ਸਨ, ਉਹ ਬੱਸ ਅੱਡੇ ਤੱਕ, ਸਕੂਟਰ ਜਾਂ ਗੱਡੀ ਵਿੱਚ ਛੱਡ ਜਾਂਦੇ। ਉਸ ਦੇ ਘਰ ਤੋਂ 20 ਕੁ ਮਿੰਟ ਦਾ ਪੈਦਲ ਰਸਤਾ ਸੀ ਬੱਸ ਅੱਡੇ ਦਾ। ਸੋ ਦੂਸਰੇ ਦਿਨ ਮੈਂ ਉਸ ਨੂੰ ਸੁਭਾਵਿਕ ਹੀ ਪੁੱਛਿਆ, “ਅੱਜ ਫਿਰ ਵਾਕ ਕੀਤੀ ਬੱਸ ਅੱਡੇ ਤੱਕ?”

“ਵਾਕ ਕੀ ਕਰਨੀ ਸੀ- ਲੋਕਾਂ ਨੇ ਤੰਗ ਕਰ ਮਾਰਿਆ?” ਉਸ ਨੇ ਉੱਤਰ ਦਿੱਤਾ।

“ਉਹ ਕਿਵੇਂ..?” ਸਾਡੀ ਉਤਸੁਕਤਾ ਹੋਰ ਵੱਧ ਗਈ।

“ਅਜੇ ਦੋ ਪੈਰ ਹੀ ਤੁਰੀ ਸਾਂ- ਇੱਕ ਗੁਆਂਢੀ ਨੇ ਗੱਡੀ ਰੋਕ ਲਈ..’ਕੀ ਗੱਲ ਭਾਬੀ ਜੀ, ਅੱਜ ਪ੍ਰੋਫੈਸਰ ਸਾਹਿਬ ਘਰ ਨਹੀਂ ਸੀ?..ਚਲੋ ਬੈਠੋ ਮੈਂ ਅੱਡੇ ਛੱਡ ਆਵਾਂ’.. ਮਸੀਂ ਉਸ ਤੋਂ ਖਹਿੜਾ ਛੁਡਾਇਆ। ਕੁੱਝ ਦੂਰ ਹੋਰ ਗਈ ਤਾਂ ਇੱਕ ਹੋਰ ਮੁਹੱਲੇ ਦਾ ਮੁੰਡਾ ਮੋਟਰ ਸਾਈਕਲ ਰੋਕ ਕੇ ਕਹਿਣ ਲੱਗਾ, “ਕੀ ਗੱਲ ਅੰਟੀ ਜੀ, ਤੁਰੇ ਜਾਂਦੇ ਹੋ..ਚਲੋ ਮੈਂ ਛੱਡ ਆਉਂਦਾ ਹਾਂ” ਉਸ ਨੂੰ ਮਸੀਂ ਤੋਰਿਆ ਤਾਂ ਇਹਨਾਂ ਦਾ ਇੱਕ ਸਟੂਡੈਂਟ ਸਕੂਟਰ ਤੇ ਆ ਗਿਆ- ਉਹ ਕਹਿਣ ਲੱਗਾ, “ਅੱਜ ਸਰ ਠੀਕ ਨਹੀਂ ਹੋਣੇ..ਮੈਡਮ ਮੇਰੇ ਸਕੂਟਰ ਤੇ ਬੈਠੋ, ਮੈਂ ਛੱਡ ਆਵਾਂ..” ਉਹ ਦੱਸ ਰਹੀ ਸੀ ਤੇ ਸਾਡਾ ਹਾਸਾ ਨਿਕਲ ਰਿਹਾ ਸੀ।

ਦੂਸਰੇ ਦਿਨ ਉਸ ਨੇ ਆਪਣੇ ਹਸਬੈਂਡ ਨੂੰ ਕਿਹਾ- “ਮੈਂ ਤਾਂ ਤੁਰਨਾ ਚਾਹੁੰਦੀ ਹਾਂ, ਪਰ ਕੀ ਕਰਾਂ ਲੋਕ ਨਹੀਂ ਤੁਰਨ ਦਿੰਦੇ” ਤੇ ਉਸ ਵਿਚਾਰੀ ਨੇ ‘ਵਾਕ’ ਕਰਨ ਦਾ ਵਿਚਾਰ ਹੀ ਛੱਡ ਦਿੱਤਾ।

ਪਰ ਮੇਰਾ ਖਿਆਲ ਹੈ ਕਿ ਜੇ ਆਪਾਂ ‘ਵਾਕ’ ਕਰਨ ਦਾ ਪੱਕਾ ਮਨ ਬਣਾਇਆ ਹੋਵੇ ਤਾਂ ਕੋਈ ਆਪਾਂ ਨੂੰ ਰੋਕ ਨਹੀਂ ਸਕਦਾ। ਜੇ ਕੰਮ ਸਾਰਾ ਦਿਨ ਬੈਠਣ ਦਾ ਹੈ, ਜਾਂ ਕੰਪਿਊਟਰ ਦਾ- ਤਾਂ ਵੀ ਕਿਸੇ ਬਹਾਨੇ, ਘੰਟਾ ਦੋ ਘੰਟੇ ਬਾਅਦ, ਉਠ ਕੇ ਸਰੀਰ ਨੂੰ ਸਿੱਧਾ ਕਰ ਲਵੋ। ਨਾਲੇ ਲਗਾਤਾਰ ਕੰਪਿਊਟਰ ਅੱਗੇ ਬੈਠਣ ਨਾਲ ਅੱਖਾਂ ਵੀ ਤਾਂ ਥੱਕ ਜਾਂਦੀਆਂ ਹਨ। ਲੰਚ ਬਰੇਕ ਵਿੱਚ ਵੀ ਘੁੰਮ ਫਿਰ ਸਕਦੇ ਹੋ। ਨਹੀਂ ਤਾਂ ਸ਼ਾਮ ਨੂੰ ਕਿਸੇ ਪਾਰਕ ਜਾਂ ਕਿਸੇ ਲੇਕ ਤੇ ਸੈਰ ਕਰਨ ਲਈ ਜਰੂਰ ਖੁਲ੍ਹੀ ਹਵਾ ਵਿੱਚ ਜਾਓ। ਸੈਰ ਬੱਚੇ, ਬੁੱਢੇ, ਜਵਾਨ ਸਭਨਾਂ ਲਈ ਜਰੂਰੀ ਹੈ। ਕਈ ਵਾਰੀ ਮੇਰੇ ਵਰਗੀ ਨੂੰ ਸੈਰ ਕਰਦੀ ਨੂੰ ਦੇਖ ਕੇ ਕਈ ਭੈਣਾਂ ਕਹਿਣਗੀਆਂ- “ਮੈਡਮ, ਤੁਸੀਂ ਤਾਂ ਪਹਿਲਾਂ ਹੀ ਪਤਲੇ ਹੋ- ਤੁਹਾਨੂੰ ਸੈਰ ਦੀ ਕੀ ਲੋੜ ਹੈ?” ਤਾਂ ਮੈਂ ਹੱਸ ਕੇ ਕਹਿ ਦਿੰਦੀ ਹਾਂ, “ਮੈਂ ਤਾਂ ਸਵੇਰੇ ਯੋਗਾ ਵੀ ਅੱਧਾ ਘੰਟਾ ਕਰਦੀ ਹਾਂ।” “ਅੱਛਾ, ਤਾਂ ਹੀ ਤਾਂ ਤੁਹਾਡੇ ਤੇ ਮੋਟਾਪਾ ਨਹੀਂ ਆਉਂਦਾ ਸਾਡੇ ਵਾਂਗ!”

ਇਥੇ ਪਤਲੇ ਜਾਂ ਮੋਟੇ ਦਾ ਸਵਾਲ ਨਹੀਂ। ਸਰੀਰ ਨੂੰ ਚਲਦਾ ਰੱਖਣ ਲਈ ਉਸ ਦੇ ਹਰ ਜੋੜ ਦੀ ਕਸਰਤ ਹੋਣੀ ਲਾਜ਼ਮੀ ਹੈ। ਨਹੀਂ ਤਾਂ ਜੋੜ ਖੜ੍ਹ ਜਾਣਗੇ। ਜੇ ਇੱਕ ਵਾਰੀ ਖੜ੍ਹ ਗਏ ਤਾਂ ਦੋਬਾਰਾ ਚਲਾਉਣੇ ਔਖੇ ਹੋਣਗੇ। ਅੱਜ ਅਸੀਂ ਟੀ. ਵੀ. ਦੇਖਣ ਜਾਂ ਫੋਨ ਕਾਲ ਕਰਨ ਲਈ ਤਾਂ ਘੰਟਿਆਂ ਬੱਧੀ ਸਮਾਂ ਲਾ ਸਕਦੇ ਹਾਂ, ਪਰ ਆਪਣੀ ਸੇਹਤ ਲਈ ਸਾਡੇ ਕੋਲ ਵਕਤ ਨਹੀਂ ਹੈ।  ਕਦੇ ਟੀ. ਵੀ. ਅੱਗੇ ਬੈਠੇ ਇਨਸਾਨ ਨੂੰ ਸੈਰ ਬਾਰੇ ਪੁੱਛੀਏ ਤਾਂ ਅੱਗੋਂ ਜਵਾਬ ਮਿਲਦੈ, “ਹਾਂ ਭਾਈ, ਕਰਨਾ ਤਾਂ ਚਾਹੁੰਦੇ ਹਾਂ, ਪਰ ਸੈਰ ਲਈ ਟਾਈਮ ਹੀ ਨਹੀਂ ਬਚਦਾ।” ਇਹ ਸੁਣ ਮੈਂਨੂੰ ਅਕਸਰ ਹੀ ਗੁਰਦਾਸ ਮਾਨ ਦੇ ਇੱਕ ਗਾਣੇ ਦੇ ਇਹ ਬੋਲ ਚੇਤੇ ਆ ਜਾਂਦੇ ਹਨ- “ਬਾਕੀ ਦੇ ਕੰਮ ਬਾਅਦ ‘ਚ, ਪਹਿਲਾਂ ਸੇਹਤ ਜਰੂਰੀ ਏ।” ਨਾਲੇ ਜੇ ਸੇਹਤ ਠੀਕ ਹੋਏਗੀ ਤਾਂ ਪੈਸਾ ਵੀ ਕਮਾ ਸਕਦੇ ਹੋ। ਪਰ ਪੈਸੇ ਨਾਲ ਸੇਹਤ ਨਹੀਂ ਖਰੀਦ ਸਕਦੇ, ਕੇਵਲ ਇਲਾਜ ਕਰਵਾ ਸਕਦੇ ਹੋ। ਤਾਂ ਹੀ ਕਹਿੰਦੇ ਹਨ- ‘ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ।’

ਸਾਡੇ ਇੱਕ ਜਾਣਕਾਰ ਕਈ ਸਾਲ ਪਹਿਲਾਂ, ਖੇਤੀਬਾੜੀ ਯੂਨੀਵਰਸਿਟੀ ਵਲੋਂ ਖੋਜ ਦੇ ਸਬੰਧ ਵਿੱਚ ਯੂ. ਐਸ. ਏ. ਵਿਖੇ ਸੈਮੀਨਾਰ ਤੇ ਗਏ। ਕੁੱਝ ਸਮਾਂ ਅਮਰੀਕਾ ਵਿੱਚ ਰਹਿਣ ਮਗਰੋਂ ਕਹਿਣ ਲੱਗੇ- “ਭਾਈ ਮੇਰੇ ਤਾਂ ਗੋਡੇ ਹੀ ਜੁੜ ਗਏ।” ਤਕਲੀਫ ਇੰਨੀ ਵੱਧ ਗਈ ਕਿ ਉਹਨਾਂ ਨੂੰ ਇੰਡੀਆ ਆਉਣ ਲਈ ਵੀਲ ਚੇਅਰ ਦਾ ਸਹਾਰਾ ਲੈਣਾ ਪਿਆ। ਲੁਧਿਆਣੇ ਆ ਕੇ ਉਹਨਾਂ ਮਾਹਰ ਡਾਕਟਰ ਪਾਸੋਂ ਇਲਾਜ ਕਰਵਾਇਆ। ਜਦ ਕੁੱਝ ਕੁ ਠੀਕ ਹੋਏ ਤਾਂ ਡਾਕਟਰ ਨੂੰ ਗੋਡਿਆਂ ਦੀਆਂ ਦਰਦਾਂ ਦਾ ਕਾਰਨ ਪੁੱਛਿਆ। ਉਸ ਕਿਹਾ ਕਿ ਜਦੋਂ ਅਸੀਂ ਲੋਕ ਕਸਰਤ ਨਹੀਂ ਕਰਦੇ ਤਾਂ ਗੋਡਿਆਂ ਦੇ ਆਸ ਪਾਸ ਦੀਆਂ ਮਾਸ ਪੇਸ਼ੀਆਂ ਕਮਜ਼ੋਰ ਹੋ ਕੇ ਢਿੱਲੀਆਂ ਹੋ ਜਾਂਦੀਆਂ ਹਨ। ਤੇ ਫਿਰ ਗੋਡੇ ਦਰਦ ਕਰਨ ਲੱਗ ਜਾਂਦੇ ਹਨ। ਉਹ ਕਹਿਣ ਲੱਗੇ- “ਮੈਂ ਉਸੇ ਦਿਨ ਤੋਂ ਹੌਲ਼ੀ ਹੌਲ਼ੀ ਬੈਠਕਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਤੇ ਕੁੱਝ ਦਿਨਾਂ ਵਿੱਚ ਹੀ ਨਵਾਂ ਨਰੋਆ ਹੋ ਗਿਆ।” ਉਹਨਾਂ ਦੇ ਦੱਸਣ ਮੁਤਾਬਕ- ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਕਸਰਤ ਨੂੰ ਆਪਣਾ ਨੇਮ ਬਣਾਇਆ ਹੋਇਆ ਹੈ। ਸਵੇਰੇ ਪੌਣਾ ਘੰਟਾ ਉਹ ਸਰੀਰ ਦੇ ਹਰ ਇੱਕ ਜੋੜ ਨੂੰ ਪੂਰਾ ਹਿਲਾਉਂਦੇ ਹਨ। ਇਸ ਨੂੰ ਕਸਰਤ ਜਾਂ ਯੋਗਾ ਕੁੱਝ ਵੀ ਕਹਿ ਸਕਦੇ ਹੋ। ਸੈਰ ਵੀ ਕਰਦੇ ਹਨ। ਅੱਜ 88 ਸਾਲ ਦੇ ਹੋ ਕੇ ਵੀ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਪੂਰੇ ਤੰਦਰੁਸਤ ਹਨ।

ਜੋੜਾਂ ਦੀਆਂ ਦਰਦਾਂ ਦੀ ਸਮੱਸਿਆ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਵੱਧ ਪਾਈ ਜਾਂਦੀ ਹੈ। ਇਸ ਮਸ਼ੀਨੀ ਯੁੱਗ ਵਿੱਚ, ਸਾਰੇ ਕੰਮ ਖੜ੍ਹ ਕੇ ਹੀ ਕਰਨੇ ਪੈਂਦੇ ਹਨ। ਉੱਠਣ ਬੈਠਣ ਦਾ ਕੰਮ ਤਾਂ ਖਤਮ ਹੀ ਹੋ ਗਿਆ ਹੈ, ਜਿਸ ਨਾਲ ਗੋਡਿਆਂ ਦੇ ਜੋੜਾਂ ਦੀ ਕਸਰਤ ਹੁੰਦੀ ਸੀ। ਆਣ ਜਾਣ ਲਈ ਤਾਂ ਹਰ ਬੰਦੇ ਕੋਲ ਗੱਡੀ ਹੈ। ਫਿਰ ਇਹਨਾਂ ਮੁਲਕਾਂ ਵਿੱਚ ਤਾਂ ਜ਼ਿਆਦਾ ਸਮਾਂ ਬਰਫਾਂ ਦੇ ਮੌਸਮ ਹੰਢਾਉਣੇ ਪੈਂਦੇ ਹਨ। ਧੁੱਪਾਂ ਆਪਾਂ ਸੇਕ ਨਹੀਂ ਸਕਦੇ, ਚਮੜੀ ਸੜ ਜਾਂਦੀ ਹੈ। ਜੋੜ ਵਿਚਾਰੇ ਕੀ ਕਰਨ?  ਜਾਮ ਤਾਂ ਹੋਣੇ ਹੀ ਹੋਏ!

ਮੁੱਕਦੀ ਗੱਲ ਤਾਂ ਇਹ ਹੈ ਕਿ- ਜੋ ਲੋਕ ਆਪਣੇ ਆਪ ਨੂੰ ਅਜੇ ਜਵਾਨ ਸਮਝਦੇ ਹਨ, ਉਹ ਵੀ ਆਪਣੇ ਜੋੜਾਂ ਦੀ ਕਸਰਤ ਦਾ, ਹੁਣ ਤੋਂ ਹੀ ਧਿਆਨ ਰੱਖਣ। ਕਿਧਰੇ ਇਹ ਨਾ ਹੋਵੇ ਕਿ ਬੁਢਾਪਾ ਆਉਣ ਤੋਂ ਪਹਿਲਾਂ ਹੀ, ਅਸੀਂ ਦੂਜਿਆਂ ਦੇ ਮੁਥਾਜ ਹੋ ਜਾਈਏ।

ਸੋ ਅੱਜ ਜ਼ਰੂਰਤ ਹੈ- ਇਸ ਸਰੀਰ ਰੂਪੀ ਮਸ਼ੀਨ ਨੂੰ ਜਾਮ ਹੋਣ ਤੋਂ ਬਚਾਉਣ ਦੀ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>