ਹੱਕ ਲਈ ਲੜਿਆ ਸੱਚ – (ਭਾਗ-11)

ਅੱਜ ਦੀਪੀ ਪਹਿਲੇ ਦਿਨ ਕਾਲਜ ਜਾ ਰਹੀ ਸੀ। ਭਾਵੇਂ ਜਾਣਾ ਉਸ ਨੇ ਨਾਲ ਵਾਲੇ ਸ਼ਹਿਰ ਹੀ ਸੀ। ਫਿਰ ਵੀ ਹਰਨਾਮ ਕੌਰ ਉਸ ਨੂੰ ਸਮਝਾ ਰਹੀ ਸੀ, “ਧੀਏ, ਧਿਆਨ ਨਾਲ ਆਈ ਜਾਈਦਾ ਹੈ, ਆਪਣੀ ਇੱਜ਼ਤ ਆਪਣੇ ਹੱਥ ਹੀ ਹੁੰਦੀ ਹੈ। ਅੱਗੇ ਤਾਂ ਕੁੜੀਆਂ ਨਾਲ ਪੜ੍ਹਦੀ ਸੀ, ਹੁਣ ਮੁੰਡੇ ਵੀ ਹੋਣਗੇ।”

“ਬੀਜੀ, ਤੁਸੀ ਫਿਕਰ ਨਾ ਕਰੋ, ਮੁੰਡੇ ਕਿਤੇ ਮੈਨੂੰ ਖਾ ਨਹੀਂ ਚੱਲੇ।”

“ਫਿਰ ਵੀ ਪੁੱਤ, ਆਪਣੇ ਬਾਬੇ ਅਤੇ ਪਿਉ ਦੀ ਇੱਜ਼ਤ ਦਾ ਖਿਆਲ ਜ਼ਰੂਰ ਰੱਖੀਂ।”

ੳਦੋਂ ਹੀ ਘਾਟੀ ਵਾਲਿਆਂ ਦੀ ਸਿਮਰੀ ਸਾਈਕਲ ਲੈ ਕੇ ਪਹੁੰਚ ਗਈ। ਦੀਪੀ ਨੇ ਵੀ ਆਪਣਾ ਨਵਾਂ ਸਾਈਕਲ ਕੱਢਿਆ ਅਤੇ ਕਾਲਜ ਨੂੰ ਚੱਲ ਪਈਆਂ।

“ਸਿਮਰੀ, ਅੱਜ ਪਹਿਲੇ ਦਿਨ ਆਪਾਂ ਕਾਲਜ ਚੱਲੀਆਂ, ਗੁਰਦੁਆਰੇ ਮੱਥਾ ਟੇਕ ਲਈਏ।” ਦੀਪੀ ਨੇ ਪੁੱਛਿਆ।

“ਦੇਖ ਲੈ ਤੇਰੀ ਮਰਜ਼ੀ ਆ, ਕਿਤੇ ਲੇਟ ਨਾ ਹੋ ਜਾਈਏ।”

“ਆਪਾਂ ਲੇਟ ਨਹੀ ਹੁੰਦੀਆਂ, ਬਸ ਦੋ ਮਿੰਟ ਤਾ ਲੱਗਣੇ ਨੇ।”

ਦੋਨੋ ਗਰੂ ਜੀ ਦੇ ਚਰਨਾ ਵਿਚ ਸ਼ਰਧਾ ਨਾਲ ਮੱਥਾ ਟੇਕ ਕੇ ਕਾਲਜ ਨੂੰ ਚੱਲ ਪਈਆਂ।

ਜਦੋ ਅੱਡੇ ਤੇ ਪਹੁੰਚੀਆਂ ਤਾਂ ਕਈ ਨਜ਼ਰਾ ਨੇ ਦੀਪੀ ਨੂੰ ਘੂਰਿਆ। ਦੀਪੀ ਨੇ ਤਾਂ ਕੋਈ ਧਿਆਨ ਨਾ ਦਿੱਤਾ, ਪਰ ਸਿਮਰੀ ਨੇ ਦੀਪੀ ਨੂੰ ਕਹਿ ਦਿੱਤਾ,

“ਦੀਪੀ, ਦੇਖ ਨਾਲਦੇ ਪਿੰਡ ਦੇ ਸਰਪੰਚ ਦਾ ਮੁੰਡਾ ਅਤੇ ਉਹਦੇ ਦੋਸਤ ਕਿਵੇ ਅੱਖਾਂ ਕੱਢ ਕੇ ਤੈਨੂੰ ਦੇਖ ਰਹੇ ਨੇ।”

“ਦੇਖ ਲੈਣ ਦੇ, ਮੇਰਾ ਕੀ ਜਾਂਦਾ। ਉਲੂ ਦੇਖਦੇ ਹੀ ਹੁੰਦੇ ਨੇ।”

“ਉਹਨਾਂ ਵਿਚਾਰਿਆਂ ਦਾ ਕੀ ਕਸੂਰ, ਰੱਬ ਨੇ ਤੈਨੂੰ ਰੂਪ ਵੀ ਤਾਂ ਬਹੁਤ ਦਿੱਤਾ।”

ਦੀਪੀ ਇਹ ਗੱਲ ਸੁਣ ਕੇ ਸ਼ਰਮਾ ਗਈ। ਕਿਉਕਿ ਪਹਿਲੀ ਵਾਰੀ ਕਿਸੇ ਕੋਲੋਂ ਆਪਣੀ ਤਾਰੀਫ਼ ਸੁਣੀ ਸੀ। ਗੱਲਾਂ ਕਰਦੀਆਂ, ਹੱਸਦੀਆਂ ਅਤੇ ਗਭਰੂਆਂ ਦੀਆਂ ਨਜ਼ਰਾਂ ਨਾਲ ਨਜ਼ਰਾਂ ਟਕਰਾਉਂਦੀਆਂ ਬਚਾਉਂਦੀਆਂ ਕਾਲਜ ਜਾ ਪੁੰਹਚੀਆਂ।
ਕਾਲਜ ਵਿਚ ਮੁੰਡੇ ਕੁੜੀਆਂ ਦੀ ਬਹੁਤ ਹੀ ਚਹਿਲ-ਪਹਿਲ ਸੀ। ਕਲਾਸ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੇ ਆਪਣੇ ਨਾਮ ਦੱਸ ਕੇ ਇਕ ਦੂਜੇ ਨਾਲ ਜਾਣ-ਪਹਿਚਾਣ ਕਰਵਾਈ। ਪਹਿਲਾ ਦਿਨ ਹੋਣ ਕਾਰਨ ਪੜ੍ਹਾਈ ਤਾਂ ਹੋਈ ਨਹੀਂ। ਦੀਪੀ ਦਾ ਸੁਭਾਅ ਮਿਲਣਸਾਰ ਕਰਕੇ ਛੇਤੀ ਹੀ ਆਲੇ-ਦੁਆਲੇ ਪਿੰਡਾਂ ਦੀਆਂ ਕੁੜੀਆਂ ਵਿਚ ਰਚ-ਮਿਚ ਗਈ। ਉਸ ਨੂੰ ਸਕੂਲ ਨਾਲੋ ਕਾਲਜ ਦਾ ਮਹੌਲ ਖੁੱਲਾ-ਡੁਲਾ ਲੱਗਾ। ਬੇਸ਼ੱਕ ਉਸ ਨੂੰ ਕਈ ਘੂਰਦੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪਿਆ। ਪਰ ਉਸ ਨੂੰ ਕੋਈ ਬੁਰਾ ਨਹੀ ਲੱਗਾ, ਕਿਉਕਿ ‘ਸੈਕਿੰਡ ਈਅਰੂ ਦੀ ਕੁੜੀ ਮੀਨਾ ਜੋ ਨਾਲਦੇ ਪਿੰਡ ਦੀ ਹੀ ਹੈ। ਉਸ ਨੇ ਦੀਪੀ ਨੂੰ ਸਮਝਾ ਦਿੱਤਾ, “ਪਹਿਲਾ ਦਿਨ ਹੋਣ ਕਰਕੇ ਵੀ ਸਭ ਤੈਨੂੰ ਦੇਖਦੇ ਨੇ, ਹੌਲੀ ਹੌਲੀ ਸਭ ਕੁਝ ਆਮ ਵਰਗਾ ਹੋ ਜਾਣਾ ਹੈ।”

ਕਾਲਜ ਬੰਦ ਹੋਣ ਸਮੇਂ ਟੋਲਿਆਂ ਦੇ ਟੋਲੇ ਕੁੜੀਆਂ ਮੁੰਡੇ ਸਾਈਕਲਾਂ ਤੇ ਆਪਣੇ ਆਪਣੇ ਪਿੰਡਾਂ ਨੂੰ ਜਾਣ ਲਈ ਨਿਕਲੇ। ਦੀਪੀ ਅਤੇ ਸਿਮਰੀ ਵੀ ਪਿੰਡ ਨੂੰ ਜਾਣ ਲਈ ਜਦੋਂ ਬਜ਼ਾਰ ਵਿਚ ਦੀ ਲੰਘਣ ਲਗੀਆਂ। ਇਕ ਮਨਚਲਿਆਂ ਦੇ ਟੋਲੇ ਨੇ ਉਹਨਾ ਨੂੰ ਲਾ ਕੇ ਕਿਹਾ,

“ਸਰਕਾਰਾਂ ਨਵੀਆਂ ਆਈਆਂ ਲੱਗਦੀਆਂ ਨੇਂ।”

ਸਿਮਰੀ ਨੂੰ ਗੁੱਸਾ ਚੜ੍ਹ ਗਿਆ ਅਤੇ ਬੋਲੀ, “ਦੇਖ ਬੇਸ਼ਰਮ ਕਿਦਾਂ ਭੌਂਕਦੇ ਆ।”

“ਕੁੱਤੇ ਭੌਂਕਦੇ ਹੁੰਦੇ ਨੇ, ਪਰ ਹਾਥੀ ਚੁੱਪ ਕਰਕੇ ਲੰਘ ਜਾਂਦੇ ਨੇ।” ਦੀਪੀ ਨੇ ਗੱਲ ਟਾਲਣ ਦੇ ਹਿਸਾਬ ਨਾਲ ਕਿਹਾ, “ਕਾਲਜ ਦਾ ਮਹੌਲ ਸਕੂਲ ਨਾਲੋ ਵਧੀਆ ਹੀ ਹੈ।”

“ਵਧੀਆਂ ਤਾਂ ਆਪੇ ਆ, ਕੰਮ ਨਾ ਵੀ ਕੀਤਾ ਹੋਵੇ ਤਾਂ ਵੀ ਟੀਚਰ ਕੁੱਟਦੇ ਨਹੀਂ।” ਸਿਮਰੀ ਨੇ ਸਕੂਲ ਦੀ ਕੁੱਟ ਯਾਦ ਕਰਦਿਆਂ ਆਖਿਆ, “ਹਿਸਾਬ ਦੇ ਪੀਰਡ ਦਾ ਚੇਤਾ, ਮੈਨੂੰ ਤਾਂ ਭੁਲਦਾ ਹੀ ਨਹੀਂ, ਕਿਵੇਂ ਉਹ ਦਰੀਏ ਵਾਲੀ ਭੈਣ ਜੀ ਭੂਤਨੀ ਜਿਹੀ ਨੇ ਪਹਿਲਾਂ ਕੁੱਟਣਾ ਫਿਰ ਬੈਂਚ ਤੇ ਖੜ੍ਹੀਆਂ ਕਰ ਦੇਣਾ।”

“ਮੈਨੂੰ ਵੀ ਚੇਤਾ ਆ।” ਦੀਪੀ ਨੇ ਹੱਸਦੇ ਹੋਏ ਕਿਹਾ, “ਇਕ ਵਾਰੀ ਤੂੰ ਖੜ੍ਹੀ ਖੜ੍ਹੀ ਡਿਗ ਪਈ ਸੀ, ਸਾਰੀ ਕਲਾਸ ਕਿਵੇ ਡਰ ਗਈ ਸੀ ਨਾਲ ਹੀ ਭੈਣ ਜੀ ਵੀ।”

“ਕਲਾਸ ਤਾਂ ਐਵੇਂ ਡਰ ਗਈ ਸੀ, ਡਰਾਇਆ ਤਾਂ ਮੈਂ ਭੈਣ ਜੀ ਨੂੰ ਸੀ।”

“ਤੂੰ ਜਾਣਕੇ ਡਿਗੀ ਸੀ।”

“ਹੋਰ ਤੇਰਾ ਮਤਲਬ ਪਈ ਮੈਨੂੰ ਸੱਚੀਂ ਚੱਕਰ ਆਇਆ ਸੀ।”

“ਕਿੰਨੀ ਸ਼ੈਤਾਨ ਨਿਕਲੀ, ਮੈਨੂੰ ਵੀ ਨਾ ਦੱਸਿਆ।”

“ਹੁਣ ਦੱਸ ਤਾਂ ਦਿੱਤਾ ਆ, ਦੇਖ ਲੈ ਉਸ ਦਿਨ ਤੋਂ ਬਾਅਦ ਹਿਸਾਬ ਵਾਲੀ ਭੈਣ ਜੀ ਨੇ ਮੈਨੂੰ ਮੁੜ ਕੇ ਨਹੀਂ ਖੜ੍ਹੀ ਕੀਤਾ।”
ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਜਦੋਂ ਪਿੰਡ ਵਾਲੀ ਫਿਰਨੀ ਤੇ ਸਾਈਕਲ ਪਾਇਆ ਹੀ ਸੀ ਕਿ ਪਿਛੋਂ ਕਿਸੇ ਨੇ ਅਵਾਜ਼ ਮਾਰੀ, “ਕੁੜੇ ਕੁੜੀਉ, ਮੈਨੂੰ ਪੰਡ ਚੁਕਾ ਜਾਉੂ।”

ਉਹਨਾ ਨੇ ਪਿੱਛੇ ਮੁੜ ਕੇ ਦੇਖਿਆਂ ਤਾਂ ਝਿਊਰਾ ਦਾ ਬਾਬ ਨੱਥਾ ਘਾਹ ਖੋਤ ਕੇ ਹੱਟਿਆ ਸੀ। ਛੋਟੀ ਜਿਹੀ ਘਾਹ ਦੀ ਪੰਡ ਚੁਕਾਉਣ ਨੂੰ ਕਹਿ ਰਿਹਾ ਸੀ। ਦੋਨੋ ਜਣੀਆਂ ਆਪਣੇ ਸਾਈਕਲ ਖੜੇ ਕਰਕੇ ਉਸ ਨੂੰ ਪੰਡ ਚਕਾਉਣ ਲਈ ਚਲੀਆਂ ਗਈਆਂ।

“ਕੁੜੇ ਮਰਜਾਣੀਏ ਤੂੰ ਮੁਖਤਿਆਰ ਸਿਹੁੰ ਦੀ ਕੁੜੀ ਨੀਂ।”

“ਹਾਂ ਜੀ, ਬਾਬਾ ਜੀ।” ਦੀਪੀ ਨੇ ਕਿਹਾ

“ਕੁੜੇ ਏਡੀ ਵੱਡੀ ਹੋ ਗਈ, ਦੇਖ ਲੈ ਮੈਂ ਤੈਨੂੰ ਸਿਆਣ ਲਿਆ।”

ਦੀਪੀ ਅਤੇ ਸਿਮਰੀ ਬਾਬੇ ਨੱਥੇ ਦੀ ਗੱਲ ਸੁਣ ਕੇ ਮੁਸਕ੍ਰਾ ਪਈਆਂ। ਪਰ ਬੋਲੀਆਂ ਕੁਝ ਨਾ। ਬਾਬਾ ਪੰਡ ਚੁੱਕ ਕੇ ਖੇਤ ਦੇ ਬੰਨੇ ਬੰਨੇ ਹੋ ਗਿਆ। ਦੀਪੀ ਤੇ ਸਿਮਰੀ ਆਪਣੇ ਸਾਈਕਲਾਂ ਵੱਲ ਨੂੰ ਚਲ ਪਈਆਂ।

ਪਿੰਡ ਦੀ ਫਿਰਨੀ ਉਤਰ ਕੇ ਆਪਣੇ ਆਪਣੇ ਘਰਾਂ ਨੂੰ ਮੁੜ ਪਈਆਂ।

ਦੀਪੀ ਨੇ ਘਰ ਦੀ ਡਿਊੜੀ ਵਿਚ ਸਾਈਕਲ ਖੜ੍ਹਾ ਹੀ ਕੀਤਾ ਸੀ ਕਿ ਉਸ ਦੀ ਦਾਦੀ ਹਰਨਾਮ ਕੌਰ ਨੇ ਇੱਕਦਮ ਪੁੱਛਿਆ,

“ਪੁੱਤ, ਤੈਨੂੰ ਨਵਾਂ ਸਕੂਲ ਕਿਵੇਂ ਲੱਗਿਆ?”

“ਬੀਬੀ ਜੀ, ਉਹ ਸਕੂਲ ਨਹੀ ਹੈ, ਕਾਲਜ ਹੈ।” ਦੀਪੀ ਦੀ ਛੋਟੀ ਭੈਣ ਰੱਜਵੀਰ ਹੱਸਦੀ ਹੋਈ ਕਹਿਣ ਲੱਗੀ।

“ਹਾਂ ਜੀ, ਬੀਬੀ ਜੀ, ਕਾਲਜ ਸਕੂਲ ਨਾਲੋ ਵੱਡਾ ਹੁੰਦਾ ਹੈ, ਅੱਜ ਸਾਰਾ ਦਿਨ ਤਾਂ ਝੱਟ ਹੀ ਲੰਘ ਗਿਆ।” ਦੀਪੀ ਨੇ ਆਪਣੀ ਦਾਦੀ ਨੂੰ ਜੱਫੀ ਪਾਉਂਦੇ ਆਖਿਆ।

ਦੀਪੀ ਦੀ ਅਵਾਜ਼ ਸੁਣ ਕੇ ਗਿਆਨ ਕੌਰ ਨੇ ਕੰਧ ਉੱਪਰ ਦੀ ਅਵਾਜ਼ ਮਾਰੀ,

“ਦੀਪੀ, ਪੁੱਤ ਆਪਣੀ ਮਾਂ ਨੂੰ ਪੁੱਛ ਤਾਂ ਵਾਧੂ ਦੁੱਧ ਦਾ ਗਿਲਾਸ ਹੈਗਾ, ਚਾਹ ਬਣਾ ਲਈ ਦੁੱਧ ਪਾਉਣ ਲੱਗੀ ਤਾਂ ਦੇਖਾਂ ਦੁੱਧ ਖਟਾ ਹੋਇਆ ਨਿਕਲਿਆ।”

“ਤਾਈ ਜੀ, ਦੁੱਧ ਕੱਚਾ ਤਾਂ ਹੈ ਨਹੀ ਕਾੜ੍ਹਨੇ ਵਾਲਾ ਹੈਗਾ।” ਸੁਰਜੀਤ ਨੇ ਗਿਆਨ ਕੌਰ ਦੀ ਅਵਾਜ਼ ਸੁਣ ਕੇ ਆਪ ਹੀ ਜ਼ਵਾਬ ਦਿੱਤਾ, “ਕੰਧ ੳਤੋਂ ਦੀ ਫੜੋਂਗੇ ਜਾਂ ਦੀਪੀ ਦੂਜੇ ਪਾਸੇ ਦੀ ਲੈ ਕੇ ਆਵੇ।”

“ਲਿਆ ਫੜਾ, ਮੈਂ ਕੰਧ ੳਤੋਂ ਫੜ੍ਹਦੀ ਆਂ।”

ਜਦੋਂ ਸੁਰਜੀਤ ਦੁੱਧ ਫੜਾਉਣ ਲੱਗੀ ਤਾਂ ਉਸ ਨੇ ਸੁਣਿਆ, ਵੇਲਾ ਸਿੰਘ ਕਹਿ ਰਿਹਾ ਸੀ, “ਕਾੜਨੇ ਦੇ ਦੁੱਧ ਦੀ ਕੋਈ ਚਾਹ ਹੁੰਦੀ ਆ, ਪਤਲੀ ਜਿਹੀ? ਸਵੇਰੇ ਤੂੰ ਜਾਣ ਲੱਗੀ ਆਹ ਦੁੱਧ ਨੂੰ ਪਾਣੀ ਵਿਚ ਰੱਖ ਕੇ ਕਿਤੇ ਠੰਡੇ ਥਾਂ ਟੰਗ ਕੇ ਜਾਣਾ ਸੀ।”

“ਖਿਝਿਆ ਤਾਂ ਤੂੰ ਕੁੜਮਾਂ ਤੇ’ ਮੇਰੇ ਨਾਲ ਕਾਤੇ ਢਿੱਡ ਅੜਿੱਕੇ ਲੈਣ ਡਿਆਂ ਆਂ।” ਗਿਆਨ ਕੌਰ ਖਿੱਝ ਕੇ ਬੋਲੀ, “ਚਾਹ ਪੀਣੀ ਆ ਤਾਂ ਪੀ ਲੈ ਨਹੀਂ ਤਾਂ ਤੇਰੀ ਮਰਜ਼ੀ।”

“ਕੀ ਗੱਲ ਹੋ ਗਈ ਤਾਈ ਜੀ?” ਸੁਰਜੀਤ ਨੇ ਪੁੱਛਿਆ, “ਬਲਬੀਰ ਦੇ ਗਏ ਸੀ, ਕੀ ਹਾਲ ਆ ਉਹਨਾਂ ਦਾ?”

“ਕੀ ਦੱਸੀਏ ਧੀਏ, ਭੁੱਖਿਆ ਨਾਲ ਵਾਹ ਪੈ ਗਿਆ।”

ਗਿਆਨ ਕੌਰ ਅਜੇ ਬੋਲ ਹੀ ਰਹੀ ਸੀ ਕਿ ਵੇਲਾ ਸਿੰਘ ਵਿਚੋਂ ਹੀ ਬੋਲ ਪਿਆ, “ਭੈਣ ਦੇ ਜਾਰ, ਏਡੇ ਭੈੜੇ ਬੰਦੇ ਮੈਂ ਨਹੀਂ ਜ਼ਿੰਦਗੀ ਵਿਚ ਦੇਖੇ।”

ੳਦੋਂ ਹੀ ਹਰਨਾਮ ਕੌਰ ਵੀ ਕੰਧ ਕੋਲ ਆ ਕੇ ਆ ਗਈ ਤੇ ਗੱਲਾਂ ਕਰਨ ਲੱਗ ਪਈ, “ਮੈ ਤਹਾਨੂੰ ਉਦਣ ਵੀ ਕਿਹਾ ਸੀ, ਉਹਨਾ ਦੇ ਮੂੰਹ ਨੂੰ ਲਾਲਚ ਲੱਗ ਗਿਆ, ਜਿੰਨਾ ਤੁਸੀ ਉਨਾ ਦਾ ਘਰ ਭਰੀ ਜਾਦੇਂ? ੳੁੱਨਾਂ ਹੀ ਉਹ ਤਹਾਨੂੰ ਦਬੱਲੀ ਜਾਂਦੇ?।”

“ਜੇ ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਕੁਤੇ ਨੂੰ ਸ਼ਰਮ ਕਰ ਲੈਣੀ ਚਾਹੀਦੀ ਏ।” ਵੇਲਾ ਸਿੰਘ ਨੇ ਕਿਹਾ, “ਪਰ ਉਹ ਤਾਂ ਕੁੱਤਿਆਂ ਤੋਂ ਵੀ ਗਏ ਗੁਜ਼ਰੇ ਆ।”

“ਚੱਲ ਹੁਣ ਬਸ ਵੀ ਕਰ।” ਗਿਆਨ ਕੌਰ ਨੇ ਗੱਲ ਮੁਕਾਉਣ ਦੇ ਹਿਸਾਬ ਨਾਲ ਕਿਹਾ, “ਮੁਖਤਿਆਰ ਆਉਂਦਾ ਤਾਂ ਕਰਦੇ ਆ ਗੱਲ ਉਸ ਨਾਲ।”

“ਚੁੱਪ ਕਰਕੇ ਪੰਚਾਇਤ ਨਾਲ ਲੈ ਜਾਵੋ ਤੇ ਕੁੜੀ ਨੂੰ ਲੈ ਆਵੋੂ ਸੁਰਜੀਤ ਨੇ ਸਲਾਹ ਦਿੱਤੀ, ਠਆਪਣਾ ਦਿੱਤਾ ਸਮਾਨ ਵੀ ਵਾਪਸ ਲੈ ਆਉ।”

“ਮੁਖਤਿਆਰ ਜਦੋਂ ਵੀ ਖੇਤਾਂ ਵਿਚੋਂ ਮੁੜੇ ਸਾਡੇ ਵੱਲ ਭੇਜੀ।” ਇਹ ਕਹਿ ਕੇ ਗਿਆਨ ਕੋਰ ਚਾਹ ਵਿਚ ਦੁੱਧ ਪਾਉਣ ਲੱਗ ਪਈ।
ਦੀਪੀ ਮੱਖਣ ਲੱਗੀ ਲੂਣ ਮਿਰਚਾ ਵਾਲੀ ਜਵਾਰ ਦੀ ਰੋਟੀ ਚਾਹ ਨਾਲ ਖਾ ਰਹੀ ਸੀ ਅਤੇ ਨਾਲ ਨਾਲ ਉਹਨਾ ਦੀਆਂ ਗੱਲਾਂ ਵੀ ਸੁਣ ਰਹੀ ਸੀ। ਉਸ ਨੂੰ ਆਪਣੀ ਮੰਮੀ ਸੁਰਜੀਤ ਦੀ ਸਲਾਹ ਜੋ ਉਸ ਨੇ ਵੇਲਾ ਸਿੰਘ ਅਤੇ ਗਿਆਨ ਕੌਰ ਨੂੰ ਦਿੱਤੀ ਸੀ ਚੰਗੀ ਲੱਗੀ। ਰੋਟੀ ਵਾਲੀ ਖਾਲੀ ਪਲੇਟ ਮੰਜੇ ਦੇ ਥੱਲੇ ਰੱਖਦੀ ਬੋਲੀ,

“ਮੰਮੀ ਜੀ, ਤੁਹਾਡੀ ਗੱਲ ਠੀਕ ਹੈ, ਜਾ ਕੇ ਬਲਬੀਰ ਭੂਆ ਨੂੰ ਲੈ ਆਉ, ਮੁੜ ਕੇ ਨਾ ਭੇਜਿਓ।”

“ਪੁੱਤ, ਧੀਆਂ ਵਾਲਿਆਂ ਨੂੰ ਕਈ ਕੁਛ ਸੋਚਣਾ ਪੈਂਦਾ ਆ।” ਹਰਨਾਮ ਕੌਰ ਬੋਲੀ ਜੋ ਸੁਕਣੀਆਂ ਪਾਈਆਂ ਮਹਾਂ ਦੇ ਆਟੇ ਦੀਆਂ ਬੜੀਆਂ ਇਕੱਠੀਆਂ ਕਰ ਰਹੀ ਸੀ। ਦੀਪੀ ਕਿਤਾਬਾ ਚੁੱਕ ਕੇ ਸਾਹਮਣੇ ਵਾਲੇ ਕਮਰੇ ਨੂੰ ਤੁਰ ਪਈ। ਉਦੋਂ ਹੀ ਦਾਰੋ ਪਾਥੀਆਂ ਦਾ ਟੋਕਰਾ ਚੁੱਕੀ ਡਿਊੜੀ ਵਿਚ ਦੀ ਹੁੰਦੀ ਹੋਈ ਵਿਹੜੇ ਵਿਚ ਆ ਗਈ। ਹਰਨਾਮ ਕੌਰ ਨੇ ਅੱਗੇ ਹੋ ਕੇ ਹੱਥ ਪਵਾ ਕੇ ਟੋਕਰਾ ਥੱਲੇ ਲੁਹਾ ਲਿਆ।

“ਦਾਰੋ, ਮੁਖਤਿਆਰ ਦਾ ਕਿੰਨਾ ਕੁ ਥਾਂ ਰਹਿ ਗਿਆਂ ਪਾਣੀ ਲਾਉਣ ਵਾਲਾ।” ਹਰਨਾਮ ਕੌਰ ਨੇ ਪੁੱਛਿਆ।

“ਮੈ ਤਾਂ ਉਧਰ ਨੂੰ ਗਈ ਨਹੀਂ, ਖੂਹ ਤੋਂ ਹੀ ਮੁੜ ਆਈ ਆਂ।” ਦਾਰੋ ਨੇ ਇਕ ਦਮ ਜ਼ਵਾਬ ਦਿੱਤਾ ਅਤੇ ਅਗਾਂਹ ਗੱਲ ਸ਼ੁਰੂ ਕੀਤੀ, “ਬੀਬੀ ਮੈਨੂੰ ਪਤਾ ਲੱਗਾ ਕਿ ਬਲਬੀਰੋ ਦੇ ਸਹੁਰੇ ਬਾਹਲ੍ਹੇ ਹੀ ਲਾਲਚੀ ਨਿਕਲ੍ਹੇ।”

“ਤੈਨੂੰ ਕਿਸ ਨੇ ਦੱਸਿਆ?”

“ਲੈ, ਇਹ ਤਾਂ ਸਾਰੇ ਪਿੰਡ ਨੂੰ ਪਤਾ।”

“ਆਹੋ ਦਾਰੋ, ਹੈ ਤਾਂ ਇਹੀ।”

ੳਦੋਂ ਹੀ ਸੁਰਜੀਤ ਨੇ ਦਾਰੋ ਨੂੰ ਅਵਾਜ਼ ਮਾਰੀ ਤਾਂ ਉਹ ਰਸੋਈ ਵੱਲ ਨੂੰ ਚਲੀ ਗਈ। ਹਰਨਾਮ ਕੌਰ ਵੀ ਬੜੀਆਂ ਵਾਲਾ ਭਾਂਡਾ ਚੁੱਕ ਕੇ ਉਸ ਦੇ ਪਿੱਛੇ ਚਲ ਪਈ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>