ਹੱਕ ਲਈ ਲੜਿਆ ਸੱਚ – (ਭਾਗ-12)

ਅਜੇ ਸਵੇਰਾ ਹੀ ਸੀ ਗਿਆਨ ਕੌਰ ਨੇ ਕੰਧ ਦੇ ਉੱਪਰ ਦੀ ਪੁੱਛਿਆ, “ਸੁਰਜੀਤ, ਮੁਖਤਿਆਰ ਖੂਹ ਨੂੰ ਚਲਾ ਗਿਆ।”

“ਨਹੀਂ ਤਾਈ, ਮੈਂ ਅਜੇ ਘਰੇ ਹੀ ਹਾਂ।” ਸੁਰਜੀਤ ਦੀ ਥਾਂ ਮੁਖਤਿਆਰ ਨੇ ਜਵਾਬ ਦਿੱਤਾ, “ਸੁਨੇਹਾ ਤਾਂ ਤੁਹਾਡਾ ਰਾਤੀਂ ਮਿਲ ਗਿਆ ਸੀ, ਪਰ ਹਨੇਰੇ ਹੋਏ ਖੁੂਹ ਤੋਂ ਮੁੜਿਆ ਸੀ। ਚਾਹ ਦਾ ਕੱਪ ਪੀ ਕੇ ਮੈਂ ਤੁਹਾਡੇ ਵੱਲ ਆਉਂਦਾ ਹਾਂ”

“ਚਾਹ ਤਾਂ ਮੈਂ ਵੀ ਬਣਾ ਲਈ ਭਾਵੇਂ ਇਧਰ ਆ ਕੇ ਪੀ ਲੈ।”

“ਮੈ ਛੇਤੀ ਹੀ ਆਇਆ।”

ਜਦੋਂ ਮੁਖਤਿਆਰ ਉਪਰ ਦੀ ਘੁੰਮ ਕੇ ਉਹਨਾ ਦੇ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਗਿਆਨ ਕੌਰ ਅਤੇ ਵੇਲਾ ਸਿੰਘ ਉਦਾਸ ਜਿਹੇ ਮਨਾਂ ਨਾਲ ਮੰਜੇ ਉੱਪਰ ਬੈਠੇ ਸਨ। ਪਰੇ ਪਈ ਕੁਰਸੀ ਮੁਖਤਿਆਰ ਨੇ ਖਿਚ ਕੇ ਉਹਨਾਂ ਦੇ ਮੰਜੇ ਕੋਲ ਕਰ ਲਈ।

“ਕਾਕਾ, ਹਰਨਾਮ ਕੌਰ ਨੇ ਤੈਨੂੰ ਦੱਸ ਹੀ ਦਿੱਤਾ ਹੋਵੇਗਾ, ਅਸੀ ਤੈਨੂੰ ਕਿਉਂ ਬੁਲਾਇਆ।” ਗਿਆਨ ਕੌਰ ਨੇ ਕਿਹਾ, “ਬਲਬੀਰ ਦੇ ਸਹੁਰੇ ਨਿੱਤ ਸਿਆਪਾ ਖੜ੍ਹਾ ਕਰੀ ਰੱਖਦੇ ਨੇ।”

“ਉਹ……….. ਕੀ ਆ?”

“ਕਹਿਣਾ ਕੀ ਭੁਖੜਾਂ ਨੇੂ ਵੇਲਾ ਸਿੰਘ ਬੋਲਿਆ, “ਲਾਲਚ ਬੋਲਦਾ ਉਹਨਾਂ ਦੇ ਅੰਦਰ।”

“ਤੈਨੂੰ ਪਤਾ ਹੀ ਆ, ਵਤੋਂ ਬਾਹਰਾ ਅਸੀ ਵਿਆਹ ਵਿਚ ਖਰਚ ਕੀਤਾ।” ਗਿਆਨ ਕੌਰ ਨੇ ਦੱਸਿਆ, ਹੁਣ ਕੁੜੀ ਨੂੰ ਕਹਿੰਦੇ ਆ ਪੇਕਿਆਂ ਵਾਲੀ ਜ਼ਮੀਨ ਆਪਣੇ ਨਾਮ ਕਰਵਾ ਲੈ।”

“ਉਹ ਲਾਲਚੀ ਦੇ ਨਾਲ ਬੇਵਕੂਫ਼ ਵੀ ਲੱਗਦੇ ਨੇੂ ਮੁਖਤਿਆਰ ਨੇ ਕਿਹਾ, “ਉਹਨਾ ਨੂੰ ਪਤਾ ਹੋਣਾ ਚਾਹੀਦਾ ਆ ਕਿ ਜ਼ਮੀਨ ਤਾਂ ਹੈ ਹੀ ਬਲਬੀਰ ਦੀ, ਉਹਦਾ ਕਿਹੜਾ ਕੋਈ ਹੋਰ ਭੈਣ ਭਰਾ ਆ ਜਿਸ ਕਰਕੇ ਉਹ ਹੁਣੇ ਹੀ ਜ਼ਮੀਨ ਮੰਗਣ ਡਹਿ ਪਏ।”

“ਉਹਨਾ ਤਾਂ ਕੁੜੀ ਦਾ ਜੀਣਾ ਹਰਾਮ ਕੀਤਾ ਹੋਇਆ ਆ।” ਵੇਲਾ ਸਿੰਘ ਨੇ ਦੱਸਿਆ, “ਮੈਨੂੰ ਤਾਂ ਉਹਨਾਂ ਉੱਪਰ ਕੋਈ ਯਕੀਨ ਹੀ ਨਹੀਂ ਰਿਹਾ।”

“ਤਾਇਆ ਜੀ, ਇਸ ਤਰ੍ਹਾਂ ਕਰਦੇ ਆਂ।” ਮੁਖਤਿਆਰ ਨੇ ਆਪਣਾ ਮਸ਼ਵਰਾ ਦਿੱਤਾ, “ਪਿੰਡ ਦੇ ਦੋ ਚਾਰ ਸਿਆਣੇ ਬੰਦੇ ਨਾਲ ਲੈ ਚਲਦੇ ਆਂ, ਉਹਨਾਂ ਨੂੰ ਸਮਝਾ ਕੇ ਦੇਖ ਲੈਂਨੇ ਆਂ।”

“ਸਮਝਣਾ-ਸੁਮਝਣਾ ਉਹਨਾ ਨੇ ਕੋਈ ਨਹੀਂ।” ਗਿਆਨ ਕੌਰ ਬੋਲੀ, “ਉਹਨਾ ਦੀ ਨੀਤ ਸਮਝਣ ਤੋਂ ਬਾਹਰ ਆ।”
“ਚਲੋ, ਗੱਲ ਕਰਨ ਵਿਚ ਕੀ ਹਰਜ਼ ਆ।”

ਮੁਖਤਿਆਰ ਨੇ ਉਹਨਾ ਨੂੰ ਤਸੱਲੀ ਦਿੱਤੀ, ਛੇਤੀ ਹੀ ਉਹ ਨਾਲ ਦੋ ਚਾਰ ਬੰਦੇ ਲੈ ਕੇ ਬਲਬੀਰ ਦੇ ਸਹੁਰਿਆ ਦੇ ਪਿੰਡ ਜਾ ਕੇ ਉਹਨਾ ਨਾਲ ਗੱਲ ਕਰੇਗਾ।

“ਕਾਕਾ, ਢਿੱਲ ਨਾ ਕਰੀਂ ਇਸ ਕੰਮ ਲਈ।” ਗਿਆਨ ਕੌਰ ਦੀ ਮਮਤਾ ਬੋਲੀ, “ਪਤਾ ਨਹੀਂ ਮੈਨੂੰ ਬਲਬੀਰੋ ਬਾਰੇ ਫਿਕਰ ਜਿਹਾ ਲੱਗਾ ਰਹਿੰਦਾ ਆ।”

“ਤਾਈ ਫਿਕਰ ਨਾ ਕਰ।” ਮੁਖਤਿਆਰ ਨੇ ਦੱਸਿਆ, “ਤੈਨੂੰ ਪਤਾ ਹੀ ਆ ਬਾਲਮੀਕੀਆਂ ਦੇ ਕਾਲ੍ਹੇ ਦਾ ਵਿਆਹ ਆ, ਉਹ ਹੁਣ ਪੱਠੇ ਵਡਾਉਣ ਵੀ ਨਹੀਂ ਆਉਂਦਾ, ਬਈਆ( ਭਈਆ) ਦੋ ਮਹੀਨੇ ਲਈ ਆਪਣੇ ਦੇਸ਼ ਗਿਆ।”

“ਬੇਲੀ ਵੀ ਹੁਣ ਘੱਟ ਹੀ ਦੇਖਿਆ।” ਵੇਲਾ ਸਿੰਘ ਨੇ ਪੁੱਛਿਆ, “ਉਹ ਵੀ ਕਿਤੇ ਗਿਆ ਹੋਇਆ ਆ?”

“ਉਹ ਤਾਂ ਹੁਣ ਮਨ ਮਰਜ਼ੀ ਦਾ ਹੋ ਗਿਆ, ਦਿਲ ਕਰੇ ਤਾਂ ਰੋਜ਼ ਹੀ ਆ ਕੇ ਬਥੇਰਾ ਕੰਮ ਕਰਵਾ ਜਾਂਦਾ ਏ, ਨਹੀ ਤਾਂ ਕਈ ਕਈ ਦਿਨ ਬਹੁੜਦਾ ਹੀ ਨਹੀ।”

“ਚੱਲ ਕੋਈ ਨਾ, ਪੁੱਤ, ਜਦੋਂ ਕਾਲ੍ਹਾ ਕੰਮ ਤੇ ਮੁੜ ਆਵੇ ਤਾਂ ਫਿਰ ਆਪਾਂ ਬਲਬੀਰ ਦੇ ਸਹੁਰਿਆਂ ਕੋਲ ਜਾਂਵਾਗੇ।” ਗਿਆਨ ਕੌਰ ਨੇ ਮੁਖਤਿਆਰ ਦੀ ਗੱਲ ਸਮਝਦਿਆਂ ਆਖਿਆ, “ਤੇਰੇ ਇਕੱਲੇ ਲਈ ਵੀ ਔਖਾ ਹੋ ਜਾਂਦਾ ਏ।”

“ਇੰਦਰ ਸਿੰਘ ਵੀ ਹੁਣ ਸਿਆਣਾ ਹੋ ਗਿਆ।” ਵੇਲਾ ਸਿੰਘ ਨੇ ਕਿਹਾ, “ਅੱਗੇ ਤਾਂ ਉਹ ਆਪ ਹੀ ਬਥੇਰਾ ਕੰਮ ਕਰ ਲੈਂਦਾ ਸੀ।”

“ਭਾਪਾ ਜੀ ਨੂੰ ਤਾਂ ਮੈਂ ਆਪ ਹੀ ਕਹਿੰਦਾ ਰਹਿੰਦਾ ਆਂ ਪਈ ਹੁਣ ਅਰਾਮ ਕਰਿਆ ਕਰੋ।”

ਥੋੜਾ ਚਿਰ ਮੁਖਤਿਆਰ ਉਹਨਾ ਕੋਲ ਬੈਠਾ ਰਿਹਾ ਫਿਰ ਘਰ ਨੂੰ ਵਾਪਸ ਆ ਗਿਆ। ਘਰ ਆਇਆ ਤਾਂ ਦੇਖਿਆ ਕਾਲ੍ਹਾ ਆਇਆ ਬੈਠਾ ਸੀ।

“ਸਾਸਰੀਕਾਲ ਭਾਅ।” ਕਾਲ੍ਹੇ ਨੇ ਮੁਖਤਿਆਰ ਨੂੰ ਕਿਹਾ।

“ਉਹ ਸਾਸਰੀਕਲ ਤਾਂ ਹੋਈ, “ਪਰ ਤੂੰ ਵਿਆਹ ਦੇ ਚਾਅ ਵਿਚ ਦਰਸ਼ਨ ਵੀ ਨਹੀਂ ਦਿੰਦਾ।”

“ਹਾਂ ਸਾਡੇ ਗਰੀਬਾਂ ਦੇ ਵਿਆਹ ਕਾਹਦੇ।” ਕਾਲ੍ਹੇ ਨੇ ਕਿਹਾ, “ਖੜੇ ਪੈਰ ਪੈਸੇ ਫਿਰ ਥੁੱੜ ਗਏ।”

“ਕਿੰਨੇ ਕੁ ਥੁੱੜ ਗਏ, ” ਮੁਖਤਿਆਰ ਨੇ ਖੁੱਲ੍ਹਦਿਲੀ ਨਾਲ ਕਿਹਾ, “ਦੱਸ ਕਿੰਨੇ ਚਾਹੀਦੇ ਆ?”

“ਪੰਜ ਕੁ ਸੋ ਕਰ ਦੇਵੋਂ ਤਾਂ ਚੰਗਾ ਆ।”

ਮੁਖਤਿਆਰ ਨੇ ਸੁਰਜੀਤ ਨੂੰ ਅਵਾਜ਼ ਮਾਰੀ ਅਤੇ ਉਸ ਨੂੰ ਕਾਲ੍ਹੇ ਨੂੰ ਪੈਸੇ ਦੇਣ ਲਈ ਕਿਹਾ। ਸੁਰਜੀਤ ਨੇ ਅੰਦਰੋਂ ਪੈਸੇ ਲਿਆ ਕੇ ਕਾਲ੍ਹੇ ਨੂੰ ਦੇ ਦਿੱਤੇ। ਜਾਣ ਲੱਗਾ ਕਾਲ੍ਹਾ ਬੋਲਿਆ, “ਭਾਅ, ਜਨੇਤ ਜਾਣ ਲਈ ਫਿਰ ਤਿਆਰ ਰਹੀਂ।”

“ਕਿਸੇ ਹੋਰ ਨੇ ਵੀ ਜਾਣਾਂ ਆ?” ਮੁਖਤਿਆਰ ਨੇ ਪੁੱਛਿਆ।

“ਚੜ੍ਹਦੀ ਬੰਨੀ ਦਾ ਲੰਬੜ ਤੇ ਪੰਚ ਸੋਹਣ ਸਿੰਘ ਵੀ ਤਿਆਰ ਆ।”

“ਚਲੋ ਫਿਰ ਤਾਂ ਠੀਕ ਆ।”

“ਭਾਅ, ਤੁਸੀ ਕੋਈ ਗੱਲ ਦਾ ਫਿਕਰ ਨਾ ਕਰਿਉ।” ਕਾਲ੍ਹੇ ਨੇ ਦੱਸਿਆ, “ਮੇਰੇ ਸਹੁਰੇ ਨੇ ਤੁਹਾਡਾ ਸਭ ਦਾ ਇੰਤਜਾਮ ਉੱਥੇ ਦੇ ਸਰਪੰਚ ਦੇ ਘਰ ਕੀਤਾ ਆ, ਤੁਹਾਡਾ ਖਾਣ-ਪੀਣ ਦਾ ਇੰਤਜ਼ਾਮ ਜੱਟਾਂ ਦੇ ਘਰ ਹੀ ਹੋਵੇਗਾ।”

“ਕਾਲ੍ਹਿਆ, ਤੈਨੂੰ ਪਤਾ ਹੈ ਕਿ ਮੈਨੂੰ ਇੰਨਾ ਗੱਲਾਂ ਦਾ ਕੋਈ ਫ਼ਰਕ ਨਹੀਂ।”

“ਭਾਅ, ਤਹਾਨੂੰ ਤਾਂ ਨਹੀਂ, ਪਰ ਸਾਨੂੰ ਤਾਂ ਹੈ।”

ੳਹ ਗੱਲਾਂ ਕਰ ਹੀ ਰਹੇ ਸੀ ਕਿ ਹਰਨਾਮ ਕੌਰ ਖੂਹ ਤੋਂ ਸਾਗ ਲੈ ਕੇ ਆ ਗਈ। ਉਸ ਨੂੰ ਦੇਖ ਕੇ ਦੋਵੇਂ ਹੀ
ਚੁੱਪ ਹੋ ਗਏ।

‘ਵੇ ਤੇਰਾ ਵਿਆਹ ਆ ਤੂੰ ਇੱਥੇ ਤੁਰਿਆ ਫਿਰਦਾ ਏਂ।”

“ਬੀਬੀ, ਸਾਡੇ ਕਮੀਆਂ ਦੇ ਵਿਆਹਾਂ ਦਾ ਤੈਨੂੰ ਪਤਾ ਹੀ ਆ। ਮੈਂ ਤਾਂ।”

ਅਜੇ ਕਾਲੇ ਨੇ ਇੰਨਾ ਹੀ ਕਿਹਾ ਸੀ ਕਿ ਮੁਖਤਿਆਰ ਨੇ ਉਸ ਨੂੰ ਇਸ਼ਾਰਾ ਕੀਤਾ ਕਿ ਉਹ ਕੁਝ ਦੱਸੇ ਨਾ।

“ਮੈਂ ਤਾਂ ਭਾਅ ਨੂੰ ਜਨੇਤ ਵਿਚ ਜਾਣ ਲਈ ਕਹਿਣ ਆਇਆ ਸੀ।” ਕਾਲ੍ਹੇ ਨੇ ਗੱਲ ਪਲਟਦਿਆਂ ਕਿਹਾ, “ਭਾਅ ਦੇ ਨਾਲ ਮੇਰੀ ਜੰਝ ਦੀ ਠੁੱਕ ਹੋ ਜਾਊ।”

ਹਰਨਾਮ ਕੌਰ ਨੇ ਉਸ ਨੂੰ ਹੈਰਾਨੀ ਤੇ ਘੂਰ ਦੀਆਂ ਅੱਖਾਂ ਨਾਲ ਦੇਖਿਆ, ਜਿਵੇ ਕਹਿ ਰਹੀ ਹੋਵੇ, “ਤੈਨੂੰ ਸ਼ਰਮ ਨਹੀ ਆਉਂਦੀ ਜੱਟ ਦੇ ਪੁੱਤ ਨੂੰ ਜਨੇਤ ਵਿਚ ਜਾਣ ਲਈ ਕਹਿ ਰਿਹਾ ਏ।” ਪਰ ਉਹ ਚੁੱਪ ਹੀ ਰਹੀ। ਜਿਉਂ ਹੀ ਕਾਲ੍ਹੇ ਨੇ ਬਾਹਰਲਾ ਗੇਟ ਟੱਪਿਆ। ਹਰਨਾਮ ਕੌਰ ਬੋਲਣ ਲੱਗ ਪਈ, “ਹੈ ਕੋਈ ਸ਼ਰਮ ਇਨਾ ਲੋਕਾਂ ਨੂੰ, ਅਖੇ ਮੈਂ ਤਾਂ ਜਨੇਤ ਵਿਚ ਜਾਣ ਲਈ ਕਹਿਣ ਆਇਆਂ।”

“ਬੀਬੀ, ਜੇ ਮੈਂ ਉਸ ਦੀ ਜਨੇਤ ਜਾ ਵੀ ਆਵਾਂ ਤਾਂ ਕੀ ਤੂਫ਼ਾਨ ਆ ਜਾਵੇਗਾ।”

“ਕਾਕਾ, ਕੁਝ ਸੋਚ ਕੇ ਗੱਲ ਕਰਿਆ ਕਰ।”

“ਬੀਬੀ, ਸੱਚੀ ਗੱਲ ਦਸਾਂ, ਮੈਂ ਕਾਲ੍ਹੇ ਦੀ ਜਨੇਤੀ ਜਾਣਾ ਹੀ ਆ।”

ਇਹ ਗੱਲ ਸੁਣ ਕੇ ਹਰਨਾਮ ਕੌਰ ਨੇ ਘਰ ਸਿਰ ਤੇ ਚੁੱਕ ਲਿਆ ਕਿ ਮੁਖਤਿਆਰ ਕਾਲ੍ਹੇ ਦੇ ਵਿਆਹ ਜਾ ਨਹੀਂ ਸਕਦਾ। ਦੀਪੀ ਚੁਬਾਰੇ ਵਿਚ ਬੈਠੀ ਪੜ੍ਹਾਈ ਕਰਦੀ ਨੂੰ ਇਹ ਸਾਰੀਆਂ ਗੱਲਾਂ ਸੁੱਣ ਰਹੀਆ ਸਨ। ਉਸ ਨੇ ਕਿਸੇ ਨੂੰ ਕੁਝ ਨਾ ਕਿਹਾ। ਜਦੋਂ ਉਸ ਨੇ ਦੇਖਿਆ ਕਿ ਗੱਲ ਵੱਧ ਕੇ ਲੜਾਈ ਤਕ ਪੁੱਜਣ ਵਾਲੀ ਹੈ ਤਾਂ ਉਹ ਥੱਲੇ ਆ ਕੇ ਦਾਦੀ ਨੂੰ ਪਿਆਰ ਨਾਲ ਸਮਝਾਉਣ ਦਾ ਯਤਨ ਕਰਨ ਲੱਗੀ, “ਬੀਜੀ, ਤੁਸੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੋ ਨਾ।”

“ਗੱਲ ਤਾਂ ਤੇਰੇ ਪਿਉ ਨਾਲ ਕਰ ਰਹੀ ਹਾਂ, ਤੂੰ ਕਿਧਰੋ ਆ ਗਈ।”

“ਗੱਲ ਚਾਹੇ ਤੁਸੀ ਕਿਸੇ ਨਾਲ ਵੀ ਕਰ ਰਹੇ ਹੋ, ਪਰ ਜਦੋਂ ਵੀ ਮੈਨੂੰ ਲੱਗੇ ਕਿ ਤੁਸੀ ਗਲਤ ਗੱਲ ਕਰਦੇ ਹੋ ਤਾਂ ਮੈਂ ਆ ਜਾਂਦੀ ਹਾਂ।”

“ਨਾਲੇ ਬਾਬੇ ਨਾਨਕ ਨੂੰ ਤੂੰ ਵਿਚ ਕਿਉਂ ਲੈ ਕੇ ਆਈ।” ਹਰਨਾਮ ਕੌਰ ਗੁੱਸੇ ਵਿਚ ਬੋਲੀ, “ਬਾਬੇ ਦਾ ਦਿੱਤਾ ਤਾਂ ਸਾਰਾ ਘਰ-ਬਾਰ ਆ, ਉਸ ਨੂੰ ਨਾ ਮੰਨਾਂ ਤਾਂ ਹੋਰ ਕਿਸ ਨੂੰ ਮੰਨਾਂ।”

“ਤੁਸੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੋ ਤਾਂ ਬਹੁਤ ਚੰਗੀ ਗੱਲ ਆ, ਪਰ ਜੋ ਗੁਰੂ ਜੀ ਕਰਨ ਨੂੰ ਕਹਿੰਦੇ ਨੇ, ਉਹ ਤੁਸੀ ਕਰਦੇ ਨਹੀਂ।”

“ਬਾਬਾ ਇਹ ਕਹਿੰਦਾ ਹੈ ਕਿ ਜੱਟਾਂ ਦੇ ਪੁੱਤ ਚੂਹੜਿਆਂ ਦੇ ਮੁੰਡਿਆਂ ਦੇ ਜਨੇਤੀ ਜਾਣ।” ਹਰਨਾਮ ਕੌਰ ਫਿਰ ਖਿੱਝ ਕੇ ਬੋਲੀ,

“ਤੁਸੀ ਤਾਂ ਸਾਰਾ ਟੱਬਰ ਘਰ ਵਿਚ ਪੁੱਠੀ ਲੀਹ ਪਾਉਣ ਤੇ ਤੁਲਿਆ ਲੱਗਦਾ।”

“ਬੀਜੀ, ਦੀਪੀ ਬਹੁਤ ਹੀ ਪਿਆਰ ਨਾਲ ਬੋਲੀ, “ਆਪਣੇ ਗੁਰੂ ਜੀ ਦਾ ਕਹਿਣਾ ਹੈ ਕਿ ਸਾਰਿਆਂ ਵਿਚ ਇਕ ਹੀ ਪ੍ਰਮਾਤਮਾ ਦੀ ਜੋਤ ਜਗਦੀ ਹੈ, ਕੋਈ ਉੱਚਾ, ਨੀਵਾਂ ਨਹੀਂ।”

ਹਰਨਾਮ ਕੌਰ ਦਾ ਰੌਲ੍ਹਾ ਸੁਣ ਕੇ ਸੁਰਜੀਤ ਵੀ ਰਸੋਈ ਵਿਚੋਂ ਨਿਕਲ ਕੇ ਵਿਹੜੇ ਵਿਚ ਆ ਗਈ ਸੀ। ਉਸ ਨੇ ਵੀ ਦੀਪੀ ਦੀ ਗੱਲ ਸੁਣ ਲਈ ਸੀ। ਜਿਸ ਕਰਕੇ ਉਸ ਨੇ ਗੁਰਬਾਣੀ ਦੀ ਪੂਰੀ ਤੁੱਕ ਪੜੀ, “ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ, ਕੋਣ ਭਲੇ ਕੋ ਮੰਦੇ।।” ਫਿਰ ਮੁਖਤਿਆਰ ਬੋਲਿਆ, “ਬੀਬੀ, ਤੂੰ ਤਾਂ ਖਾਮਖਾਹ ਖਪੀ ਜਾ ਰਹੀ ਏਂ, ਕਾਲ੍ਹੇ ਨੇ ਤਾਂ ਸਾਡਾ ਸਾਰਾ ਇੰਤਜਾਮ ਜੱਟਾਂ ਦੇ ਘਰ ਹੀ ਕੀਤਾ ਹੈ।”

ਹੁਣ ਹਰਨਾਮ ਕੌਰ ਧੀਰਜ ਵਿਚ ਆ ਚੁੱਕੀ ਸੀ, ਬੋਲੀ ਕੁਝ ਵੀ ਨਾ। ਇਹ ਨਹੀ ਪਤਾ ਕਿ ਉਹ ਸੁਰਜੀਤ ਦੀ ਕਹੀ ਗੁਰਬਾਣੀ ਵਾਲੀ ਤੁੱਕ ਸਮਝ ਗਈ ਸੀ ਜਾਂ ਮੁਖਤਿਆਰ ਦੀ ਗੱਲ ਸੁਣ ਕੇ ਚੁੱਪ ਕਰ ਗਈ। ੳਦੋਂ ਹੀ ਬਾਹਰਲਾ ਗੇਟ ਖੜਕਿਆ ਤਾਂ ਸਾਰਿਆਂ ਦਾ ਧਿਆਨ ਉੱਧਰ ਹੋ ਗਿਆ। ਦੀਪੀ ਤੋਂ ਛੋਟੀ ਭੈਣ ਸੋਨੀ ਅੱਠਵੀ ਦਾ ਬੋਰਡ ਦਾ ਪੇਪਰ ਦੇ ਕੇ ਆਈ ਸੀ। ਉਸ ਦੇ ਚਿਹਰੇ ਤੋਂ ਲੱਗਦਾ ਸੀ ਕਿ ਉਸ ਦਾ ਪੇਪਰ ਸੋਹਣਾ ਹੋ ਗਿਆ ਹੈ। ਸੁਰਜੀਤ ਉਸ ਨੂੰ ਖਾਣ ਦੇਣ ਲਈ ਰਸੋਈ ਵਿਚ ਚਲੀ ਗਈ ਤੇ ਦੀਪੀ ਉਸ ਦਾ ਸਵਾਲੀਆ ਪੇਪਰ ਦੇਖਣ ਲੱਗ ਪਈ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>