ਇਹ ਛੋਹ, ਓਹ ਛੋਹ

( dedicated to Late Dr. Syam Chadda Ph.D )

ਪ੍ਰੋ ਸੰਜੀਵ ਸਿ਼ਕਾਗੋ ਛੱਡ ਕੇ ਨਾਲ਼ ਵਾਲੀ ਸਟੇਟ ਵਿਸਕੌਨਸਨ ਵਿੱਚ, ਇੱਕ ਚੰਗੀ ਯੁਨੀਵਰਸਟੀ ਵਿੱਚ, ਆ ਕੇ ਪੈਰ ਜਮਾਉਣ ਲਗ ਪਿਆ। ਨਵੀਂ ਥਾਂ, ਨਵੀਂ ਜੌਬ, ਥੋੜ੍ਹਾ ਡਰ ਲਗਣਾ ਸੁਭਾਵਕ ਹੀ ਹੈ। ਦਫਤਰ ਵਿੱਚ ਇੱਕ ਕੰਪਯੁਟਰ, ਕਰੈਡੈਂਜ਼ਾ, ਲਵ ਸੀਟ ਅਤੇ ਕਈ ਮਹਿੰਗੀਆਂ ਕੁਰਸੀਆਂ ਵੀ ਸੁਸ਼ੋਬਿਤ ਸਨ। ਸੰਜੀਵ ਨੂੰ ਨਾਮ ਮਾਤਰ ਹੀ ਅਦਲਾ ਬਦਲੀ ਕਰਨੀ ਪਈ। ਉਹ ਥੋੜ੍ਹੇ ਮਹੀਨਿਆਂ ਵਿੱਚ ਹੀ ਕਾਫੀ ਹਰਮਨ ਪਿਆਰਾ ਪ੍ਰੋਫੈਸਰ ਬਣ ਗਿਆ। ਵਿਦਿਆਰਥੀ ਕਮਰੇ ਵਿੱਚ ਆ ਕੇ ਅਪਣੀਆਂ ਉਲਝਣਾ ਸੁਲਝਾ ਜਾਂਦੇ ਸਨ। ਉੱਚ ਵਿਦਿਆ ਦੇ ਮੈਥ ਵਿੱਚ ਕਈ ਅੜਿਕੇ ਅੜ ਜਾਂਦੇ ਨੇ ਪਰ ਸੰਜੀਵ ਪਿਆਰ ਨਾਲ ਹਰ ਆਏ ਵਿਦਿਆਰਥੀ ਦੀਆਂ ਗੁੰਝਲਾਂ ਸੁਧਾਸਰ ਦੇਂਦੇ। ਉਸ ਦੀ ਓਪਨ ਡੋਰ ਪੌਲਿਸੀ ਵਿਦਿਆਰਥੀਆਂ ਦੇ ਮਨ ਭਾਉਂਦੀ ਸੀ। ਦੇਖਣ ਪਾਖਣ ਵਿੱਚ ਅਜੇ ਜੁਅਨੀ ਦੀ ਚਮਕ ਮੱਠੀ ਨਹੀਂ ਸੀ ਪਈ ਭਾਵੇਂ ਉਹ ਇੱਕ ਬੱਚੇ ਦਾ ਪਿਤਾ ਵੀ ਸੀ।

ਅੱਜ, ਸੰਜੀਵ, ਕਲਾਸ ਨਿਪਟਾ ਕੇ ਜਦੋਂ ਕਮਰੇ ਵਿੱਚ ਪਹੁੰਚਿਆ ਤਾਂ ਡਾ: ਸਿੰਨਥੀਆ ਅਚਾਨਕ ਆਈ, ਓਸ ਨੇ ਹੈਲੋ ਸਾਂਝੀ ਕੀਤੀ। ਉਸ ਨੇ ਕੁੱਝ ਗੱਲਾਂ ਕੀਤੀਆਂ, ਦੋਵੇਂ ਹੱਸੇ ਅਤੇ ਸਿੰਥੀਆ ਚਲੀ ਗਈ। ਸੰਜੀਵ ਸੋਚੀਂ ਪੈ ਗਿਆ। ਬੜੀ ਹੁਸੀਨ ਚੀਜ਼ ਆ ਵੜੀ ਸੀ ਕਮਰੇ ‘ਚ। ਇਹ ਮੈਨੂੰ ਜਾਣਦੀ ਤੇ ਨਹੀਂ ਸੀ ਪਰ ਮੁਲਾਕਾਤ ਸਹੀ ਹੋਈ। ਪਤਾ ਨਹੀਂ ਹੁਣ ਮੁੜ ਗੇੜਾ ਮਾਰੇਗੀ ਵੀ ਕਿ ਨਹੀਂ। ਹੋਰ ਨਹੀਂ ਤਾਂ ਪਰੀ ਦੇ ਦਰਸ਼ਨ ਹੀ ਹੁੰਦੇ ਰਹਿਣ ਤਾਂ ਕੀ ਹਰਜ਼ ਹੈ।

ਕਈ ਦਿਨਾਂ ਬਾਅਦ  ਪ੍ਰੋਫੈਸਰ ਸਿੰਥੀਆ ਨੇ ਆ ਕੇ ਹੈਲੋ ਕੀਤੀ ਅਤੇ ਗੱਲਾਂ ਕਰਨ ਲਗ ਪਈ। ਦੋਵੇਂ ਡਿਪਾਰਟਮੈਂਟ ਦੀ ਹੋਈ ਮੀਟਿੰਗ ਵਾਰੇ ਆਪੋ ਅਪਣੇ ਵਿਚਾਰ ਸਾਂਝੇ ਕਰਦੇ ਰਹੇ। ਓਹ ਚਲੀ ਗਈ। ਸੰਜੀਵ ਸੋਚੇ, ਕੀ ਕੁੜੀ ਐ ਇਹ! ਸਿਰ ਦੇ ਘਣੇ ਵਾਲ਼ ਕਦੇ ਹੱਥ ਨਾਲ ਛਟਕਦੀ ਅਤੇ ਕਦੇ ਸ਼ਰੀਰ ਦੀ ਹਲ ਚਲ ਨਾਲ਼ ਹੀ ਇੰਝ ਘੁਮਾ ਘੁਮਾ ਰੱਖਦੀ ਜਿਵੇਂ ਮਧਮ ਹਵਾ ਦੇ ਬੁਲੇ ਖੇਤ ਵਿੱਚੋਂ ਸਰ੍ਹੋਂ ਦੇ  ਫੁੱਲਾਂ ਨੂੰ ਲਹਿਰਾਉਂਦੇ ਨੇ। ਉਸ ਦੀ ਅੱਖ ਤੱਕਣੀ, ਦਿਲ ਧੜਕਣ, ਮੱਲੋ ਮੱਲੀ ਵਧਾ ਦੇਣ ਵਾਲੀ ਸੀ। ਫੇਰ ਮਨ ਵਿੱਚ ਇੱਕ ਹੋਰ ਵਿਚਾਰ ਨੇ ਧਾਵਾ ਬੋਲ ਦਿੱਤਾ। ਖਿ਼ਆਲ ਆਇਆ ਕਿ ਮਨ ਤੇ ਕਾਬੂ ਰੱਖਣਾ ਜ਼ਰੂਰੀ ਐ। ਭਾਵੇਂ ਕੁੜੀ ਦਿਲ ਖਿਚਵੀਂ ਹੈ ਪਰ ਮਨ ਵਿੱਚ ਗਲਤ ਭਾਵਨਾ ਨਹੀਂ ਸੀ ਆਉਣੀ ਚਾਹੀਦੀ। ਉਹ ਥੋਹੜਾ ਭਗਵਾਨ ਤੋਂ ਡਰਿਆ। ਫੇਰ ਦੂਜੀ ਕੁਰਸੀ ਤੇ ਬੈਠ ਅਗਲੀ ਕਲਾਸ ਦੀ ਤਿਆਰੀ ਵਿੱਚ ਮਗਨ ਹੋ ਗਿਆ।

ਲਗ ਭਗ ਹਰ ਰੋਜ਼ ਹੀ, ਸਿੰਥੀਆ, ਹੁਣ ਸੰਜੀਵ ਦੇ ਦਰਸ਼ਨ ਕਰਨ ਲਗ ਪਈ। ਕਦੇ ਕਮਰੇ ਦੇ ਅੰਦਰ ਆਉਂਦੀ ਅਤੇ ਕਦੇ ਬਾਹਰੋਂ ਹੀ ਹਾਏ, ਬਾਈ ਕਰ ਅੱਗੇ ਨਿਕਲ ਜਾਂਦੀ। ਸੰਜੀਵ ਕਾਫੀ ਸਮਾਂ ਮਨ ਦੀਆਂ ਤਰੰਗਾਂ ਇਸ ਮੋਮੀ ਮਣਕੇ ਵਰਗੀ ਗੋਰੀ ਦੇ ਅੱਗੇ ਪਿੱਛੇ ਘੁਮਾਈ ਜਾਂਦਾ। ਫੇਰ ਅਚਾਨਕ ਮਨ ਨੂੰ ਕੋਸਦਾ ਅਤੇ ਸੋਚਦਾ ਕਿ ਪੰਜ ਦਸ ਮਿੰਨਟ ਵਿਅਰਥ ਹੀ ਲੰਘਾ ਦਿੱਤੇ। ਕੋਈ ਕਰੇ ਵੀ ਕੀ ਮਨ ਤਾਂ ਐਨੇ ਵਿੱਚ ਹੁਸੀਨਾ ਦੇ, ਅੰਗ, ਢੰਗ ਸੱਭੇ ਕਿਆਸ ਲੈਂਦਾ ਹੈ। ਉਹ ਮੁੜ, ਕੁੱਝ ਅਫਸੋਸ ਅਤੇ ਕੁੱਝ ਚਾਅ ਦੇ ਮੇਲ ਜੋਲ ਤੋਂ ਛੁਟਕਾਰਾ ਪਾ ਅਪਣੇ ਕੰਮ ਲਗ ਜਾਂਦਾ। ਫੇਰ ਘਰ ਪਹੁੰਚ ਕੇ ਅਪਣੇ ਨਿੱਕੇ ਪੁੱਤਰ ਨਾਲ ਬਾਲੜੀਆਂ ਖੇਡਾਂ ਖੇਡਦਾ ਅਤੇ ਅਪਣਾ ਚੰਚਲ ਮਨ ਅਪਣੇ ਘਰੋਗੀ ਵਾਤਾਵਰਣ ਵਿੱਚ ਰੁਝਾ ਲੈਂਦਾ।

ਯੁਨੀਵਰਸਟੀ ਵਿੱਚ ਹੁਣ ਛੇ ਮਹੀਨੇ ਤੋਂ ਉੱਤੇ ਸਮਾਂ, ਹਸਦਿਆਂ ਖੇਡਦਿਆਂ ਹੀ, ਬੀਤ ਗਿਆ। ਅੱਜ ਸੰਜੀਵ ਕੰਮ ਨਿਪਟਾ ਕੇ ਲਵ ਸੀਟ ਤੇ ਲੰਮਾ ਪਿਆ ਸੀ। ਅਚਾਨਕ ਹੈਲੋ ਦੀ ਮਧੁਰ ਆਵਾਜ਼ ਸੁਣਕੇ, ਸੁਚੇਤ ਹੋ, ਬੈਠ ਗਿਆ। ਸਿੰਥੀਆ ਆਈ ਅਤੇ ਸੰਜੀਵ ਦੇ ਬਰਾਬਰ ਲਵ ਸੀਟ ਤੇ ਬੈਠਣ ਲਗੀ ਨੇ ਅਪਣਾ ਹੱਥ ਸੰਜੀਵ ਦੇ ਹੱਥ ਨਾਲ ਮਿਲਾਉਣ ਦੀ ਕੋਸਿ਼ਸ਼ ਵਿੱਚ, ਬੇਵਸ ਹੋ ਕੇ, ਅੱਧੀ ਕੁ ਸੰਜੀਵ ਤੇ ਡਿਗ ਪਈ ਅਤੇ ਅੱਧੀ  ਕੁ ਲਵ ਸੀਟ ਤੇ। ਸੌਰੀ ਬੋਲੀ ਅਤੇ ਸਹੀ ਹੋ ਕੇ ਨਾਲ ਬਿਰਾਜਮਾਨ ਹੋ ਗਈ। ਗੱਲਾਂ ਕਰਦਿਆਂ ਉਸ ਨੇ ਅਪਣੀ ਜੀਵਨ ਗਾਥਾ ਸੁਣਾਈ ਅਤੇ ਕੁੱਝ ਸੰਜੀਵ ਦਾ ਅੱਗਾ ਪਿੱਛਾ ਭਾਪਿਆ। ਵਿਛੜਨ ਵੇਲੇ ਅਗਲੇ ਦਿਨ ਲੰਚ ਇਕੱਟੇ ਕਰਨ ਦਾ ਫੈਸਲਾ ਵੀ ਸੰਜੀਵ ਤੇ ਥੋਪ ਗਈ। ਸੰਦੀਪ ਦਾ ਮਨ ਬੇਚੈਨ ਹੋਇਆ ਸੋਚੇ, ਸੁਣਿਆ ਸੀ ਕਿ ਅਮਰੀਕਨ ਕੁੜੀਆਂ ਜਿਸ ਤੇ ਫਿਦਾ ਹੋ ਜਾਣ ਉਸ ਨੂੰ ਮੱਲੋ ਮੱਲੀ ਅਪਣੇ ਵੱਲ ਖਿਚ ਲੈਂਦੀਆਂ ਨੇ। ਕਿਤੇ ਜਾਦੂ ਤਾਂ ਨਹੀਂ ਚਲ ਰਿਹਾ। ਨਹੀਂ ਨਹੀਂ, ਗਲਤ ਨਹੀਂ ਸੋਚਣਾ ਚਾਹੀਦਾ।

ਲੰਚ ਤੇ ਇਕੱਠੇ ਜਾਣ ਦਾ ਦਿਨ ਵੀ ਪਹੁੰਚ ਗਿਆ। ਦੋਵੇਂ ਸਿੰਥੀਆ ਦੀ  ਕਾਰ ਵਿੱਚ, ਮਿੱਥੇ ਰੈਸਟੋਰੈਂਟ ਵੱਲ, ਕੂਚ ਕਰ ਗਏ। ਸਿੰਥੀਆ ਨੇ ਕਈ ਵੇਰ ਮਹਿਮਾਨ ਨੂੰ ਛੁਹਿਆ ਅਤੇ ਰਾਹ ਵਿੱਚ ਪੈਂਦੇ ਦਿਲਕਸ਼ ਮਕਾਨਾ ਅਤੇ ਹੋਰ ਨਜ਼ਾਰਿਆਂ ਦਾ ਵੇਰਵਾ ਸੁਣਾਇਆ। ਸੰਜੀਵ ਵਿਚਾਰੇ ਦੇ ਮਨ ਵਿੱਚ ਇੱਕ ਹੋਰ ਹਲ ਚਲ ਘਰ ਕਰ ਗਈ। ਸੋਚੇ, ਇੱਕ ਇਸ ਕੁੜੀ ਦੀ ਛੋਹ ਅਤੇ ਇੱਕ ਕਦੇ ਸੀ ਉਸ ਕੁਆਰ ਗੰਦਲ ਕੁੜੀ ਦੀ ਛੋਹ, ਜ਼ਮੀਨ ਅਸਮਾਨ ਦਾ ਫਰਕ ਹੈ। ਉਸ ਛੋਹ ਨੇ ਤਾਂ ਦਿੱਲੀ ਨਾਲ ਵੀ ਮੋਹ ਪਾ ਦਿੱਤਾ ਸੀ। ਕਮਾਲ ਸੀ ਉਹ ਦਿੱਲੀ ਦੀ ਕੁੜੀ। ਸੰਜੀਵ ਪੁਰਾਣੀਆਂ ਯਾਦਾਂ ਵਿੱਚ ਡੁੱਬਦਾ ਜਾ ਰਿਹਾ ਸੀ ਜਦੋਂ ਸਿੰਥੀਆ ਨੇ ਕਾਰ ਪਾਰਕ ਕਰ ਕੇ ਰੈਸਟੋਰੈਂਟ ਵਿੱਚ ਜਾਣ ਦਾ ਸੰਕੇਤ ਦਿੱਤਾ। ਸੰਜੀਵ ਓਹ ਛੋਹ ਭੁੱਲ ਇਸ ਛੋਹ ਵੱਲ ਮੁੜ ਆਇਆ। ਲੰਚ ਮੁੱਕਿਆ ਅਤੇ ਦੋਵੇਂ ਯੂਨੀਵਰਸਟੀ ਪਹੁੰਚ ਆਪੋ ਅਪਣੇ ਕਮਰਿਆਂ ਵਿੱਚ ਜਾ ਵੜੇ।

ਸੰਜੀਵ ਹੁਣ ਦੋ ਕਲਾਸਾਂ ਪੜ੍ਹਾ ਕੇ, ਕਮਰੇ ਵਿੱਚ ਆ ਬੈਠਾ। ਅੱਖਾਂ ਮੀਟੀਆਂ ਤਾਂ ਵਿਚਾਰਾਂ ਦੀ ਲੜੀ ਨੇ ਧਾਵਾ ਬੋਲ ਦਿੱਤਾ। ਮਨ ਨੇ ਇਹ ਛੋਹ ਅਤੇ ਉਹ ਛੋਹ ਦੇ ਚੱਕਰ ਲਗਾਉਣੇ ਅਰੰਭ ਕਰ ਦਿੱਤੇ। ਸੋਚੇ, ਰਜਨੀ ਵੀ ਲੈਕਚਰਰ ਭਰਤੀ ਹੋਈ ਸੀ, ਉਸੇ ਯੁਨੀਵਰਸਟੀ ਵਿੱਚ ਜਿਥੇ ਮੈਂ ਪਹਿਲੋਂ ਹੀ ਪੜ੍ਹਾਉਂਦਾ ਸਾਂ। ਥੋੜ੍ਹੀ ਜਿਹੀ ਰਜਨੀ ਨਾਲ਼ ਪਰਿਵਾਰਕ ਜਾਣ ਪਹਿਚਾਣ ਸੀ।  ਕਦੇ ਕਦਾਈਂ ਮੁਲਾਕਾਤ ਹੁੰਦੀ ਤਾਂ ਗੱਲ ਬਾਤ ਨਮਸਤੇ ਤੱਕ ਹੀ ਸੀਮਤ ਰਹਿੰਦੀ। ਯੁਨੀਵਰਸਟੀ ਵਿੱਚ ਤਾਂ ਹਰ ਰੋਜ਼ ਹੀ ਮੁਲਾਕਾਤ ਹੋਣ ਲਗ ਪਈ। ਇਹ ਕੁਆਰ ਨੱਢੀ, ਕਮਲ ਫੁੱਲ, ਸੁਚੱਜੀ, ਹੋਣ ਦੇ ਨਾਲ ਨਾਲ ਚੰਚਲ ਸੁਭਾ ਦੀ ਵੀ ਸੀ। ਉਹ ਸਿ਼ੰਗਾਰ ਨਹੀਂ ਸੀ ਕਰਦੀ ਪਰ ਤਾਂ ਵੀ ਉਸ ਤੇ ਨਿਗਾਹ ਟਿਕ ਹੀ ਜਾਂਦੀ, ਟਿਕੀ ਹੀ ਰਹਿੰਦੀ। ਵਾਲਾਂ ਦੀ ਕੋਈ ਖਾਸ ਬੰਨ੍ਹ ਖੋਹਲ ਨਹੀਂ ਸੀ ਕਰਦੀ ਪਰ ਪਿੱਛੇ ਮਨ ਮਰਜ਼ੀ ਨਾਲ ਲਟਕਦੇ ਲੰਬੇ ਵਾਲਾਂ ਦੀ ਲਿਸ਼ਕ ਅੱਖਾਂ ਚੁੰਧਿਆਉਣ ਦਾ ਕ੍ਰਿਸ਼ਮਾ ਰੱਖਦੀੇ ਸੀ। ਪਹਿਲਾਂ ਥੋੜ੍ਹਾ ਸ਼ਰਮਾ ਕੇ, ਝਿਜਕ ਨਾਲ ਹੀ ਕਮਰੇ ਵਿੱਚ ਵੜਦੀ ਸੀ ਪਰ ਫੇਰ ਕੁੱਝ ਹੀ ਮਹੀਨਿਆਂ ਵਿੱਚ ਨਿਧੜਕ ਗੱਲਾਂ ਹੋਣ ਲਗ ਪੱਈਆ। ਆਪਸ ਵਿੱਚ ਅਕਰਖਣ ਵੀ ਜਨਮ ਲੈਣ ਲਗ ਪਈ।

ਉਸ ਦਿਨ ਜਦੋਂ ਅਸੀਂ ਇਕੱਠੇ ਬੱਸ ਵਿੱਚ ਚੜ੍ਹੇ, ਮੈਂ ਇੱਕ ਖਾਲੀ ਸੀਟ ਕੋਲ ਜਾ ਖਲੋਆਿ ਅਤੇ ਰਜਨੀ ਨੂੰ ਬੈਠਣ ਲਈ ਕਿਹਾ। ਦੂਜੀ ਸੀਟ ਵਿਹਲੀ ਹੋਈ ਤਾਂ ਰਜਨੀ ਨੇ ਮੈਨੂੰ ਬੈਠਣ ਲਈ ਕਿਹਾ। ਬੱਸ ਦੇ ਹਚਕੋਲੇ ਨਾਲ ਉਸ ਦਾ ਹੱਥ ਮੇਰੇ ਪੁੜੇ ਤੇ ਜ਼ੋਰ ਦੀ ਆ ਟਿਕਿਆ। ਫੇਰ ਇੱਕ ਹੋਰ ਹਲ ਚਲ ਨਾਲ ਉਸਦੀ ਬਾਂਹ ਮੇਰੀ ਬਾਂਹ ਨਾਲ ਅਤੇ ਹੱਥ ਹੱਥ ਨਾਲ ਘਿਸਰੇ। ਕੁੱਝ ਬੱਸ ਦਾ ਕਸੂਰ ਪਰ ਜਿ਼ਆਦਾ ਕੁੜੀ ਦੀ ਚੰਚਲਤਾ ਲਗਦੀ ਸੀ। ਸਪਰਸ਼ ਹੁੰਦਿਆਂ ਹੀ ਜਿਵੇਂ ਸ਼ਰੀਰ ਦੀਆਂ ਰਗਾਂ ਵਿੱਚ ਬਿਜਲੀ ਦਾ ਸੰਚਾਰ ਹੋ ਰਿਹਾ ਹੋਵੇ ਦਿਲ ਦੀ ਧੜਕਣ ਵੱਧ ਗਈ। ਛੋਹ ਬਹੁਤ ਅਨੰਦਮਈ ਸੀ। ਸਾਂਤ ਦਿਲ ਭੜਕ ਉੱਠਿਆ। ਉਹ ਛੋਹ ਐਦਾਂ ਲਗੀ ਜਿਵੇਂ ਕਿਸੇ ਅਪਸਰਾ ਨੇ ਪਿਆਰ ਦਾ ਦਰਸ਼ਾਵਾ ਕੀਤਾ ਹੋਵੇ। ਰਜਨੀ ਨਾਲ਼ ਕੀ ਬੀਤੀ ਕਹਿਣਾ ਔਖਾ ਹੈ ਪਰ ਉਸਦਾ ਗੋਹੜੇ ਵਰਗਾ ਚਿੱਟਾ ਰੰਗ ਲਾਲ ਭਾ ਮਾਰ ਰਿਹਾ ਸੀ। ਅਸੀਿਂ ਕੁੱਝ ਸਮਾਂ ਇੱਕ ਦੂਜੇ ਵੱਲ, ਚੁੱਪ ਚਾਪ ਹੀ ਝਾਕਦੇ ਰਹੇ। ਕੋਈ ਗੱਲ ਨਾ ਹੋ ਸਕੀ। ਬੋਲ ਹੀ ਜਿਵੇਂ ਖੁਸ਼ਕ ਹੋ ਗਏ। ਸਪਰਸ਼ ਨੇ ਜਿਵੇਂ ਹੋਂਠ ਹੀ ਠੋਸ ਬਣਾ ਦਿੱਤੇ ਹੋਣ।  ਦਿੱਲੀ ਦੇ ਨਾਲ ਹੁਣ ਦਿੱਲੀ ਦੀਆਂ ਬੱਸਾਂ ਵੀ ਪਿਆਰੀਆਂ ਲਗਣ ਲਗ ਪੱਈਆਂ। ਹੁਣ ਹਰ ਰੋਜ਼ ਹੀ ਮੁਲਾਕਾਤ ਹੁੰਦੀ , ਇੱਕੋ ਬੱਸ ਫੜਦੇ। ਵਿਆਹ ਕਰਵਾਉਣ ਦੀ ਮੰਨ ਮਨੌਤੀ ਤੋਂ ਗੱਲ ਕਾਫੀ ਅਗੇ ਜਾ ਚੁਕੀ ਸੀ। ਉਹ ਛੋਹ ਅਤੇ ਇੱਕ ਇਹ ਛੋਹ ਕੋਈ ਮੁਕਾਬਲਾ ਨਹੀਂ।
ਉਸ ਦਿਨ ਜਦੋਂ ਰਜਨੀ ਨੇ ਦੱਸਿਆ ਕਿ ਉਸ ਨੇ ਮਾਂ ਨਾਲ ਅਪਣੇ ਵਿਆਹ ਦੀ ਗੱਲ ਕੀਤੀ ਹੈ,ਕਿੰਨਾ ਖੁਸ਼ਗਵਾਰ ਸੀ, ਉਹ ਦਿਨ।  ਮਨ ਚਾਅ ਨਾਲ ਨੱਚਦਾ ਫਿਰਦਾ ਸੀ। ਇਕੱਠੇ ਰਹਿਣ ਦਾ ਖਿ਼ਆਲ ਠੋਸ ਹੁੰਦਾ ਨਜ਼ਰ ਆ ਰਿਹਾ ਸੀ। ਉਸ ਨੇ ਅਪਣੀ ਮਾਂ ਨੂੰ ਮੇਰੇ ਮਾਪਿਆਂ ਕੋਲ ਰਿਸ਼ਤੇ ਦੀ ਗੱਲ ਚਲਾਉਣ ਲਈ ਕਹਿ ਦਿੱਤਾ। ਹੁਣ ਕੇਵਲ ਇੰਤਜ਼ਾਰ ਕਰਨ ਦੀ ਹੀ ਲੋੜ ਸੀ। ਕਈ ਦਿਨ ਮਨ ਉਤਸੁਕ ਰਿਹਾ। ਫੇਰ ਕਈ ਮਹੀਨੇ ਕੋਈ ਗੱਲ ਬਾਤ ਨਾਂ ਚਲੀ। ਮੈਂ ਸੋਚਦਾ ਸਾਂ ਕਿ ਸ਼ੁਭ ਕੰਮ ਵਿੱਚ ਦੇਰ ਕਰਨੀ ਸਹੀ ਨਹੀਂ। ਰਜਨੀ ਵੀ ਚੁੱਪ ਹੀ ਹੋ ਗਈ ਸੀ। ਮੈਂ ਅਪਣੀ ਮਾਂ ਨੂੰ ਰਜਨੀ ਦੇ ਘਰ ਜਾਣ ਲਈ ਕਿਹਾ। ਉਹ ਮੰਨ ਤੇ ਗਈ ਪਰ ਮੈਨੂੰ ਇੱਕ ਮਹੀਨੇ ਤੱਕ ਕੋਈ ਉਘ ਸੁਘ ਨਾ ਮਿਲੀ, ਸ਼ਾਇਦ ਨਹੀਂ ਗਈ। ਮਾਂ ਨਾਲ ਗੱਲ ਬਾਤ ਵਿੱਚ ਬਹੁਤ ਘਾਟ ਹੋਣ ਕਾਰਨ ਮਾਂ ਸਮਝ ਗਈ ਮੇਰੀ ਨਰਾਜ਼ਗੀ ਦਾ ਕਾਰਨ।

ਇੱਕ ਦਿਨ ਸਮਾਂ ਕੱਢ ਕੇ ਮਾਂ ਰਜਨੀ ਦੇ ਘਰ ਗਈ। ਗੱਲਾਂ ਬਾਤਾਂ ਵਿੱਚ ਹੀ ਮਾਵਾਂ ਦੇ ਦਿਲਾਂ ਵਿੱਚ ਵੱਡਾ ਦਰਾੜ ਪੈ ਗਿਆ। ਮੇਰੀ ਮਾ ਨੇ ਕਿਹਾ, “ ਭੈਣਾ ਅਸੀਂ ਪਿਛਲੇ ਮਹੀਨੇ ਹੀ ਸੰਜੀਵ ਦੀ ਭੈਣ ਦਾ ਰਿਸ਼ਤਾ ਪੱਕਾ ਕੀਤਾ ਐ। ਅਸੀਂ ਸੋਚਦੇ ਆਂ ਹੁਣ ਸੰਜੀਵ ਦਾ ਵਿਆਹ ਵੀ ਕਰ ਦੱਈਏ। ਆਪ ਦੀ ਧੀ ਦਾ ਰਿਸ਼ਤਾ ਮੰਗਣ ਆਈ ਹਾਂ। ਅਸੀਂ ਕੁੜੀ ਦੀ ਸਗਾਈ ਪੰਜ ਹਜ਼ਾਰ ਦਮੜੇ ਅਤੇ ਪੰਜ ਸਵਰਨ ਮੋਹਰਾਂ ਨਾਲ ਕਰਕੇ ਆਏ ਸਾਂ। ਮੁੰਡੇ ਵਾਲੇ ਬਹੁਤ ਪ੍ਰਸੰਨ ਹੋਏ।” ਮਾਂ ਨੇ ਹੋਰ ਵੀ ਕੁਝ ਕਿਹਾ ਤੇ ਹੋਣਾ ਐ ਪਰ ਜੋ ਕਿਹਾ ਸੱਚ ਹੀ ਕਿਹਾ ਹੋਵੇਗਾ।

ਅਗਲੇ ਦਿਨ ਰਜਨੀ ਨੇ ਆ ਕੇ ਅਫਸੋਸ ਨਾਲ ਫੈਸਲਾ ਸੁਣਾਇਆ। “ ਮੇਰੀ ਮਾਂ ਇਸ ਰਿਸ਼ਤੇ ਨਾਲ ਸਹਿਮਤ ਨਹੀਂ। ਉਸ ਨੇ ਤਾਂ ਕੋਰੀ ਨਾਂਹ ਕਰ ਦਿੱਤੀ ਐ। ਕਹਿੰਦੀ ਸੀ ਅਸੀਂ ਗ਼ਰੀਬ ਇਹਨਾਂ ਅਮੀਰਾਂ ਨਾਲ ਪੁਗਾ ਨਹੀਂ ਸਕਦੇ। ਭੁੱਲ ਜਾ ਕੁੜੀਏ।  ਮੈਨੂੰ ਤਕਲੀਫ ਤੇ ਹੋਈ ਪਰ ਅਸਿਹ ਵੀ ਸਹਿਣਾ ਪਿਆ। ਮੇਰੀ ਦਹੇਜ਼ ਦੀ ਕੋਈ ਵੀ ਇੱਛਾ ਨਹੀਂ ਸੀ। ਰਜਨੀ ਦੀ ਮਾਂ ਸ਼ਾਇਦ ਡਰ ਗਈ। ਦਹੇਜ਼ ਨਾਲੋਂ ਦਹੇਜ਼ ਦਾ ਡਰ ਹੀ ਭਾਰੂ ਹੋ ਗਿਆ। ਰਜਨੀ ਨੂੰ ਬਹੁਤ ਸਮਝਾਇਆ ਪਰ ਉਹਨੀਂ ਦਿਨਂੀਂ ਮਾਪਿਆਂ ਦੀ ਗੱਲ ਦਾ ਉਲੰਘਣ ਕਰਨ ਦਾ ਸੁਆਲ ਨਹੀਂ ਸੀ ਪੈਦਾ ਹੁੰਦਾ। ਰਜਨੀ ਮਜਬੂਰ ਸੀ। ਆਖਿਰ ਮੇਰਾ ਵਿਆਹ ਅਮੀਰ ਘਰਾਣੇ ਵਿੱਚ, ਰਜਨੀ ਦੀ ਮਿੱਤਰ ਕੁੜੀ ਨਾਲ ਹੋ ਗਿਆ। ਰਜਨੀ ਵਿਆਹ ਤੇ ਮਿਲੀ ਪਰ ਉਸਤੌ ਮਗਰੋਂ ਕਦੇ ਨਹੀਂ।  ਸੰਜੀਵ ਦੇ ਮਨ ਵਿੱਚ ਚਲ ਰਿਹਾ ਇਹ ਪਿਛਲ਼ ਪਲਾਂ ਦਾ ਚਲ ਚਿੱਤਰ ਇੱਕ ਦਮ ਹਵਾ ਹੋ ਗਿਆ ਜਦੋਂ ਇੱਕ ਵਿਦਿਆਰਥੀ ਨੇ ਆ ਕੇ ਦਰ ਖੋਹਲਿਆ ਅਤੇ ਹੈਲੋ ਆਖੀ। ਵਿਦਿਆਰਥੀ ਅਪਣੀ ਗੱਲ ਪੂਰੀ ਕਰ ਚਲਾ ਗਿਆ। ਸੰਜੀਵ ਕੰਮ ਲਗ ਪਿਆ।

ਛੁੱਟੀ ਹੋਈ। ਸੰਜੀਵ ਘਰ ਪਹੁੰਚ, ਨਿੱਤ ਵਾਂਗ, ਅਪਣੇ ਲਾਡਲੇ ਨਾਲ ਖੇਡਣ ਲਗ ਪਿਆ। ਪੁੱਤਰ ਛਾਤੀ ਤੇ ਖੇਡਦਾ ਰਿਹਾ ਪਰ ਸੰਜੀਵ ਵੀ ਉਂਘਣ ਲਗ ਪਿਆ। ਪਤਨੀ ਚਾਹ ਤੇ ਕੁੱਝ ਸਨੈਕਸ ਦਾ ਇੰਤਜ਼ਾਮ ਕਰਨ ਕਿਚਨ ਦੇ ਅੰਦਰ ਚਲੀ ਗਈ। ਅੱਧ ਸੁੱਤਾ ਸੰ਼ਜੀਵ ਸੋਚੇ – ਕੀ ਰਜਨੀ ਵੀ ਮੇਰੀ ਵਹੁਟੀ ਵਾਂਗ ਕਿਚਨ ਸੰਭਾਲਦੀ? ਸ਼ਾਇਦ ਨਹੀਂ, ਪ੍ਰੋਫੈਸਰ ਜੋ ਸੀ। ਸੰਜੀਵ ਫੇਰ ਦਿੱਲੀ ਦੀ ਬੱਸ ਵਿੱਚ, ਬੱਸ ਵਿੱਚ ਰਜਨੀ ਦੇ ਸ਼ਰੀਰ ਦੀ ਛੋਹ ਦੀ ਕਰਾਮਾਤ ਵਿਚ ਮਸਤ ਹੋ ਗਿਆ। ਵਾਹ – ਸੋਚੇ, ਇੱਕ ਸੀ ਓਹ ਛੋਹ ਤੇ ਇੱਕ ਇਹ ਸਪਰਸ਼, ਧਰਤ ਗਗਨ ਦੀ ਵਿੱਥ! ਦਿਨ- ਸੁਪਨੇ ਮੁੱਕੇ ਜਦੋਂ ਵਹੁਟੀ ਨੇ ਚਾਹ ਦਾ ਸੱਦਾ ਦਿੱਤਾ। ਸੰਦੀਪ ਸੁਚੇਤ ਹੋ ਬੋਲਿਆ – ਆਹ ਕਾਕੇ ਨੂੰ ਕਰਿਬ ਵਿੱਚ ਸੁਲਾ ਦਿਓ।

ਪਤਨੀ ਮੁਸਕੁਰਾਈ ਤੇ ਬੋਲੀ,“ ਮੁੰਡਾ ਵੀਹ ਮਿੰਟ ਤੋਂ ਸੁੱਤਾ ਪਿਆ ਐ। ਕਿੱਥੇ ਘੁਮ ਰਹੇ ਸੀ, ਜਨਾਬ? ਕਿਤੇ, ਦਿੱਲੀ  ਦੀ ਬੱਸ ਦੀ ਸਵਾਰੀ ਤਾਂ ਨਹੀਂ ਸੀ ਕਰ ਰਹੇ।” ਪਤਨੀ ਨੇ ਪਹਿਲਾਂ ਵਾਂਗ ਵਿਅੰਗ ਕਸਿਆ। ਪਿਆਰ ਦਾ ਇਜ਼ਹਾਰ ਕੀਤਾ ਤੇ ਮੁੰਡਾ ਚੁੱਕ ਲਿਆ।

“ਜੇ ਕਹਾਂ ਹਾਂ, ਤੂੰ ਖਿਝੇਂਗੀ। ਜੇ ਕਹਾਂ ਨਾਂ ਤੂੰ ਯਕੀਨ ਨਹੀਂ ਕਰੇਂਗੀ।” ਸੰਜੀਵ ਬੋਲ ਕੇ ਚਾਹ ਪੀਣ ਲਗ ਪਿਆ।
ਹੁਣ ਸੰਜੀਵ ਨੂੰ ਮੋਮੀ ਮਣਕਾ ਵੀ ਜਿ਼ਆਦਾ ਨਜ਼ਰ ਨਹੀਂ ਆਉਂਦਾ, ਸ਼ਾਇਦ ਉਹ ਸਮਝ ਗਈ ਕਿ ਇਹਨਾਂ ਤਿਲਾਂ ਵਿੱਚ ਤੇਲ ਦੀ ਘਾਟ ਹੋ ਗਈ ਐ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>