ਨੁਕਸਾਨਦਾਇਕ ਹੋਵੇਗਾ ਸਟੇਟਸ ਸਿੰਬਲ ਬਣਾਇਆ ਜਾ ਰਿਹਾ ‘ਬੰਦੂਕ ਕਲਚਰ’

ਬਿਨ੍ਹਾਂ ਸ਼ੱਕ ਵੱਡੀ ਗਿਣਤੀ ਵਿੱਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਓ ਫਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿੱਚ ਹੋ ਰਿਹਾ ਹੈ। ਜਿਸਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ ਸਿੱਟੇ ਵੱਜੋਂ ਸਕੂਲਾਂ/ਕਾਲਜਾਂ ਵਿਚੱ ਪੜ੍ਹ ਰਹੇ ਵਿਦਿਆਰਥੀ ਵੀ ਦੇਖਾ-ਦੇਖੀ ਉਹੀ ਕੁੱਝ ਬਣਨਾ ਲੋਚਦੇ ਹਨ, ਜੋ ਕੁੱਝ ਉਹ ਟੀ.ਵੀ ਜਾਂ ਸੋਸ਼ਲ ਮੀਡੀਏ ਤੇ ਕਲਾਕਾਰਾਂ ਵੱਲੋਂ ਕੀਤਾ ਜਾਂਦਾ ਦੇਖਦੇ ਹਨ। ਇੱਥੇ ਹੀ ਬੱਸ ਨਹੀਂ ਸਿਆਣੀ ਉਮਰ ਦੇ ਲੋਕ ਵੀ ਇਸ ਸਾਰੇ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸਾਹਿਤ ਕਰਦੇ ਗੀਤਾਂ ਦਾ ਐਸਾ ਅਸਰ ਦੇਖਿਆ ਗਿਆ ਹੈ, ਕਿ ਛੋਟੀ ਉਮਰ ਦੇ ਜੁਆਕ ਵੀ ਘਰ ਪਏ ਹੋਏ ਹਥਿਆਰਾਂ ਨਾਲ ਸੈਲਫੀਆਂ ਖਿੱਚ ਕੇ ਸੋਸ਼ਲ ਸਾਈਟਾਂ ਉਤੇ ਬੜੀ ਹੀ ਬੇਫਿਕਰੀ ਨਾਲ ਅੱਪਲੋਡ ਕਰਦੇ ਹਨ, ਜਦਕਿ ਅਜਿਹੇ ਕੇਸਾਂ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ। ਗੁਰਦਾਸਪੁਰ ਇਲਾਕੇ ਵਿੱਚ ਹੀ ਦੋ ਭੈਣਾਂ ਦੇ ਭਰਾ ਰਮਨਦੀਪ ਸਿੰਘ ਨਾਂ ਦੇ ਇੱਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਜੋ ਆਪਣੇ ਪਿਤਾ ਦੇ 32-ਬੋਰ ਦੇ ਲਾਇਸੰਸੀ ਪਿਸਤੌਲ ਨਾਲ ਸੈਲਫੀ ਲੈ ਰਿਹਾ ਸੀ ਅਤੇ ਅਚਾਨਕ ਘੋੜਾ ਦੱਬ ਹੋ ਗਿਆ। ਇਹ ਕੇਵਲ ਇੱਕ ਅੱਧੀ ਘਟਨਾ ਨਹੀਂ, ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਿਆਹ ਸ਼ਾਦੀਆਂ ਦੌਰਾਨ ਦਾ ਅਸਲੇ ਦੀ ਨੁਮਾਇਸ਼ ਵਿਆਹ ਸ਼ਾਦੀ ਦਾ ਇੱਕ ਜ਼ਰੂਰੀ ਹਿੱਸਾ ਹੀ ਬਣਦਾ ਜਾ ਰਿਹਾ ਹੈ।

ਵਿਆਹ ਸ਼ਾਦੀ ਸਾਡੇ ਸੱਭਿਆਚਾਰਕ ਭਾਈਚਾਰੇ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਸਾਰੇ ਰਿਸ਼ੇਤਦਾਰਾਂ – ਸੱਜਣਾਂ ਅਤੇ ਦੋ ਨਵੇਂ ਪਰਿਵਾਰਾਂ ਦਾ ਆਪਸੀ ਮਿਲਾਪ ਦਾ ਬਹੁਤ ਹੀ ਖੂਬਸੂਰਤ ਦਿਨ-ਦਿਹਾੜਾ ਹੁੰਦਾ ਹੈ, ਪਰ ਇਸ ਖੂਬਸੂਰਤ ਸਮੇਂ ਦਿਨ ਨੂੰ, ਹਮੇਸ਼ਾਂ ਹੀ ਨਿੱਜੀ ਸੁਆਰਥਾਂ ਲਈ (ਦਾਜ/ਦਹੇਜ, ਲੋਕ ਵਿਖਾਵਾ, ਫ਼ਜ਼ੂਲਖਰਚੀ, ਆਪਣੇ ਅਖੌਤੀ ਵੱਡੇਪਣ ਦੇ ਲੋਕ ਵਿਖਾਵੇ) ਆਦਿ ਦਿਖਾਉਣ ਦਾ ਕਾਰਣ ਬਣਾ ਦਿੱਤਾ ਗਿਆ, ਜਿਸਦੇ ਵਿੱਚ ਸਹਿਜੇ ਹੀ ਇਹਨਾਂ ਬੁਰਿਆਈਆਂ ਦੇ ਨਾਲ ਫੁਕਰੇਬਾਜ਼ੀ ਅਤੇ ਲੰਡਰਪੁਣਾ ਵੀ ਆ ਵੜਿਆ, ਜਿਸਨੇ ਜਨਮ ਦਿੱਤਾ ਵਿਆਹ/ਸ਼ਾਦੀਆਂ ਵਿੱਚ ‘ਹਥਿਆਰਾਂ ਦੀ ਫੋਕੀ ਨੁਮਾਇਸ਼’ ਨੂੰ.. ਅਤੇ ਇਸਨੂੰ ਹੱਲਾਸ਼ੇਰੀ ਦਿੱਤੀ ਸਭਿਆਚਾਰ ਦੇ ਨਾਮ ਹੇਠ ਸਾਡੇ ਅਖੌਤੀ ਕਲਾਕਾਰਾਂ ਨੇ। ਜਿਸ ਤੇ ਵੇਖਾ-ਵੇਖੀ ਇਹਨਾਂ ਗੀਤਾਂ ਦੀਆਂ ਵੀਡੀਓਜ਼ ਅਤੇ ਸਮਾਜ ਵਿੱਚ ਚੱਲ ਰਹੀਆਂ ਗਲਤ ਪ੍ਰੰਪਰਾਵਾਂ ਤੋਂ ਫੂਕ ਛੱਕ ਕੇ ਕੁੱਝ ਲੋਕਾਂ ਦਾ ਮੰਗਵੇ ਹਥਿਆਰਾਂ ਨਾਲ ਵਿਆਹਾਂ ਸ਼ਾਦੀਆਂ ਵਿੱਚ ਆਉਣਾ ਸ਼ੂਗਲ ਦੇ ਨਾਲ ਨਾਲ ਆਪਣੀ ਉੱਚੀ ਜ਼ਾਤ/ਕੁੱਲ ਜਾਂ ਆਪਣੀ ਔਕਾਤ ਉੱਚੀ ਦਿਖਾਉਣ ਲਈ ਆਰੰਭੇ ਯਤਨਾਂ ਵਿੱਚ ਸ਼ਾਮਲ ਹੋਇਆ ਅਤੇ ਕਈ ਅਜਾਈਂ ਜਾਨਾਂ ਗਈਆਂ, ਜਿਸਦੇ ਸਿੱਟੇ ਵੱਜੋਂ ਪੈਲੇਸਾਂ ਵਿੱਚ ਹਥਿਆਰਾਂ ਦੇ ਪਾਬੰਦੀ ਕਾਨੂੰਨੀ ਰੂਪ ਵਿੱਚ ਲਗਾਈ ਗਈ, ਪਰ ਬਾਵਜੂਦ ਇਸਦੇ ਸਰਕਾਰੀ ਸਰਪਰਸਤੀ (ਲੁਕਵੇਂ ਰੂਪ ਵਿੱਚ ਨਜ਼ਾਇਜ਼ ਢੰਗ ਨਾਲ) ਹੇਠ ਇਹ ਕਿਤੇ ਕਿਤੇ ਪੈਲੇਸਾਂ ਵਿੱਚ ਅਸਲਾ ਦਾਖ਼ਲ ਹੋ ਹੀ ਜਾਂਦਾ ਹੈ। ਜਿਸਦੇ ਕਾਰਣ ਹਾਲ ਵਿੱਚ ਹੀ ਆਰਕੈਸਟਰਾ ਗਰੁੱਪ ਦੀ ਇੱਕ ਲੜਕੀ ਦੀ ਮੌਤ ਹੋਈ। ਜੋ ਕਿ ਚੜ੍ਹਦੇ ਦਸੰਬਰ ਦੀ ਸੱਭ ਤੋਂ  ਦੁੱਖਦਾਈ ਖ਼ਬਰ ਸੀ। ਬਿਨ੍ਹਾਂ ਸਿਖਲਾਈ ਦੇ ਯਾਰਾਂ/ਦੋਸਤਾਂ ਦੇ ਹਥਿਆਰਾਂ ਦੀ ਵਰਤੋਂ ਕਰਨ ਦੇ ਸਿੱਟੇ ਭਵਿੱਖ ਵਿੱਚ ਹੋਰ ਵੀ ਗੰਭੀਰ ਨਿਕਲ ਸਕਦੇ ਹਨ।

ਇੱਕ ਖ਼ਬਰ ਅਨੁਸਾਰ ਪੰਜਾਬ ਦੀ ਆਬਾਦੀ ਭਾਰਤ ਦੀ ਕੁਲ ਆਬਾਦੀ ਦਾ 2.3 ਫ਼ੀ ਸਦੀ ਹਿੱਸਾ ਹੈ, ਜਿਸ ਕੋਲ ਦੇਸ਼ ਦੀਆਂ 20 ਫ਼ੀਸਦੀ ਬੰਦੂਕਾਂ ਹਨ। ਭਾਰਤ ਵਿਚ ਬੰਦੂਕਾਂ ਖ਼ਰੀਦਣੀਆਂ ਬਹੁਤ ਮੁਸ਼ਕਲ ਹਨ ਅਤੇ ਭਾਰਤ ਸਰਕਾਰ ਨੇ ਇਸ ਸਾਲ ਤੋਂ ਲਾਈਸੈਂਸ ਲੈਣਾ ਜ਼ਰੂਰੀ ਕਰ ਦਿੱਤਾ ਹੈ। ਇਸ ਸਖ਼ਤੀ ਦੇ ਬਾਵਜੂਦ ਪੰਜਾਬ ਵਿਚ ਬੰਦੂਕਾਂ ਦੀ ਵਿਕਰੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।

ਪੰਜਾਬ ਵਿਚ ਇਕ ਲਾਇਸੰਸ ਤੇ ਤਿੰਨ ਬੰਦੂਕਾਂ ਰੱਖਣ ਦੀ ਮੰਜ਼ੂਰੀ ਮਿਲੀ ਹੋਈ ਹੈ ਤੇ ਪੰਜਾਬ ਨੇ 4.5 ਲੱਖ ਲਾਈਸੈਂਸ ਦਿਤੇ ਹਨ, ਜਿਸ ਦਾ ਮਤਲਬ ਲਗਭਗ 17 ਲੱਖ ਬੰਦੂਕਾਂ ਪੰਜਾਬ ਵਿਚ ਆਮ ਇਨਸਾਨਾਂ ਕੋਲ ਹਨ ਜਦਕਿ ਪੰਜਾਬ ਪੁਲੀਸ ਕੋਲ 77 ਹਜ਼ਾਰ ਬੰਦੂਕਾਂ ਹਨ। ਇਕ ਸੁਰੱਖਿਅਤ ਰਾਜ ਵਾਸਤੇ ਗ੍ਰਹਿ ਮੰਤਰਾਲੇ ਦੇ ਆਦੇਸ਼ ਹਨ ਕਿ ਜਨਤਾ ਕੋਲ ਪੁਲੀਸ ਦੇ ਅਸਲੇ ਨਾਲੋਂ 2-3 ਗੁਣਾ ਤੋਂ ਵੱਧ ਅਸਲਾ ਨਾ ਹੋਵੇ। ਪੰਜਾਬ ਵਿਚ ਆਮ ਜਨਤਾ ਕੋਲ 15-20 ਗੁਣਾ ਵੱਧ ਅਸਲਾ ਹੈ।

ਖੈਰ! ਸਮਾਂ ਰਹਿੰਦਿਆਂ ਸੰਭਲਣ ਦੀ ਲੋੜ ਹੈ, ਆਪਣੀ ਨਿੱਜੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਅਸਲੇ ਦੀ ਜਾਇਜ਼ ਵਰਤੋਂ ਅਤੇ ਅਸਲੇ ਦਾ ਰੱਖ/ਰਾਖਉ ਕਰਨਾ ਅਹਿਮ ਜਿੰਮੇਵਾਰੀ ਹੈ, ਨਹੀਂ ਤਾਂ ਅਸਲੇ ਦੀ ਨੁਮਾਇਸ਼ ਲਗਾਉਣੀ ਅਤੇ ਵਿਖਾਵੇ ਵੱਜੋਂ ਬੰਦੂਕ ਕਲਚਰ ਨੂੰ ਆਪਣਾ ‘ਸਟੇਟਸ ਸਿੰਬਲ’ ਬਣਾਉਣਾ ਪੰਜਾਬੀਆਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਵੇਗਾ।

ਇਸ ਸੱਭ ਲਈ ਲੋਕਾਂ ਨੂੰ ਜਗਾਉਣ ਦੇ ਨਾਲ-ਨਾਲ ਆਪਣ ਜਾਗਣਾ ਵੀ ਜ਼ਰੂਰੀ ਹੈ, ਕਿਉਂਕਿ ਸਵੇਰੇ ਤੜਕੇ ਉੱਠਣ ਵੇਲੇ ਆਪਣੇ ਹੱਥੀ ਲਗਾਇਆ ਅਲਾਰਮ ਦੂਜੇ ਨੂੰ ਬੰਦ ਕਰਨ ਲਈ ਕਹਿਣ ਨਾਲੋਂ, ਸਮਾਂ ਰਹਿੰਦੇ ਉੱਠ ਕੇ ਉਹ ਕੰਮ ਨਬੇੜ ਲੈਣੇ ਚਾਹੀਦੇ ਹਨ, ਜਿਨ੍ਹਾਂ ਨੂੰ ਕਰਨ ਲਈ ਅਲਾਰਮ ਲਗਾ ਕੇ ਸੁੱਤੇ ਸੀ..। ਰੱਬ ਰਾਖਾ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>