(ਵਿਅੰਗ) ਲਓ ਜੀ- ਆ ਗਿਆ ਸੀਜ਼ਨ ਇਸ ਬੁਖਾਰ ਦਾ ਵੀ..!

ਹਰ ਤਰ੍ਹਾਂ ਦੇ ਬੁਖਾਰ ਦਾ ਇੱਕ ਸੀਜ਼ਨ ਹੁੰਦਾ ਹੈ- ਕਦੇ ਡੇਂਗੂ ਦਾ, ਕਦੇ ਮਲੇਰੀਏ ਦਾ, ਕਦੇ ਵਾਇਰਲ ਦਾ, ਤੇ ਕਦੇ ਫਲਿਊ ਦਾ ਜਾਂ ਚਿਕਨ ਗੁਨੀਆਂ ਦਾ। ਪਰ ਪੰਜਾਬ ਵਿੱਚ ਅੱਜਕਲ ਸੀਜ਼ਨ ਹੈ- ਚੋਣਾਂ ਦੇ ਬੁਖਾਰ ਦਾ। ਕਿਉਂਕਿ ਫਰਵਰੀ, 2017 ‘ਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਕਰਕੇ, ਇਸ ਬੁਖਾਰ ਨੇ ਉਥੇ ਹਰ ਬੰਦੇ ਨੂੰ ਆਪਣਾ ਸ਼ਿਕਾਰ ਬਣਾਇਆ ਹੋਇਆ ਹੈ, ਹਰ ਕਿਸੇ ਤੇ ਹਮਲਾ ਕੀਤਾ ਹੈ- ਕਿਸੇ ਤੇ ਘੱਟ ਅਤੇ ਕਿਸੇ ਤੇ ਵੱਧ। ਇਹ ਹੈ- ਚੋਣਾਂ ਦੀ ਚਿੰਤਾ ਦਾ ਬੁਖਾਰ। ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਦੀ ਤਾਂ ਇਸ ਬੁਖਾਰ ਨੇ ਮੱਤ ਹੀ ਮਾਰ ਛੱਡੀ ਹੈ। ਇਸ ਦੀ ਵਜ੍ਹਾ ਕਾਰਨ ਹੀ ਉਹ ਸਾਰੀ ਸਾਰੀ ਰਾਤ ਸੌਂ ਨਹੀਂ ਸਕਦੇ। ਕੀ ਕਰਨ ਵਿਚਾਰੇ- ਪਾਰਟੀ ਦੇ ਵਕਾਰ ਦਾ ਸੁਆਲ ਜੁ ਹੋਇਆ। ਜੋੜ- ਤੋੜ ਹੋ ਰਹੇ ਹਨ। ਬੁਖਾਰ ਸਿਰ ਨੂੰ ਚੜ੍ਹ ਗਿਆ ਹੈ ਇਸੇ ਲਈ ਲੋਕ ਛੜੱਪੇ ਮਾਰ ਰਹੇ ਹਨ ਇਕ ਪਾਰਟੀ ਤੋਂ ਦੂਜੀ ‘ਚ। ਵੋਟਰਾਂ ਨੂੰ ਵੀ ਕਿਹੜਾ ਇਸ ਬੁਖਾਰ ਨੇ ਬਖਸ਼ਿਆ ਹੈ। ਉਹ ਵੀ ਵਿਚਾਰੇ ਕਿਤੇ ਲਾਲਚ ਵੱਸ, ਕਿਤੇ ਮੂੰਹ ਮਲਾਹਜੇ ਵੱਸ ਜਾਂ ਪਾਰਟੀ ਨਾਲ ਜੁੜੇ ਹੋਣ ਕਾਰਨ, ਬੇਚੈਨ ਹਨ। ਹਰ ਬੰਦਾ ਆਪਣੀ ਮਰਜ਼ੀ ਦੇ ਉਮੀਦਵਾਰ ਦੀ ਹਮਾਇਤ ਕਰਨ ਅਤੇ ਉਸ ਨੂੰ ਹਰ ਹਾਲਤ ਵਿੱਚ ਜਤਾਉਣ ਲਈ ਛਟਪਟਾਉਂਦਾ ਹੈ। ਉਸ ਨੂੰ ਵੀ ਉਮੀਦਵਾਰ ਦੇ ਜਿੱਤਣ ਜਾਂ ਹਾਰਨ ਦੀ ਚਿੰਤਾ ਕੋਈ ਘੱਟ ਨਹੀਂ ਹੈ। ਭਾਵੇਂ ਹਰ ਬੁਖਾਰ ਦੀ ਵੱਖਰੀ ਵੱਖਰੀ ਦਵਾਈ ਹੁੰਦੀ ਹੈ- ਪਰ ਇਸ ਦੀ ਕੋਈ ਦਵਾਈ ਨਹੀਂ, ਸਗੋਂ ਇਹ ਤਾਂ ਮਿਆਦੀ ਬੁਖਾਰ ਵਾਂਗ, ਚੋਣਾਂ ਤੋਂ ਬਾਅਦ ਨਤੀਜੇ ਆਉਣ ਤੇ ਆਪੇ ਹੀ ਲੱਥ ਜਾਣਾ- ਪਰ ਹਾਂ, ਆਪਣੇ ਸਾਈਡ ਇਫੈਕਟ ਜਰੂਰ ਛਡੇਗਾ।

ਚੋਣਾਂ ਵਿੱਚ ਹਰ ਉਮੀਦਵਾਰ, ਹਰ ਹੀਲੇ ਵਸੀਲੇ ਨਾਲ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰਦਾ ਹੈ। ਜਿਨ੍ਹਾਂ ਨੇ ਪੰਜ ਸਾਲ ਕਦੇ ਸ਼ਕਲ ਨਹੀਂ ਦਿਖਾਈ ਹੁੰਦੀ- ਉਹ ਵੀ ਵੋਟਰਾਂ ਦੇ ਘਰ ਘਰ ਜਾ ਕੇ ਅਲਖ ਜਗਾਉਂਦੇ ਹਨ, ਮੈਨੀਫੈਸਟੋ ਵਿੱਚ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਹਨ। ਖੈਰ, ਮੈਨੀਫੈਸਟੋ ਨੂੰ ਦੇਖ ਕੇ ਕੌਣ ਵੋਟਾਂ ਪਾਉਂਦਾ ਹੈ। ਵੋਟਾਂ ਤਾਂ ਮਿਲਦੀਆਂ ਹਨ- ਕਿਸੇ ਦੇ ਮੂੰਹ ਮੁਲਾਹਜ਼ੇ ਨੂੰ, ਕਿਸੇ ਪਾਰਟੀ ਨੂੰ ਜਾਂ ਕੰਮ ਆਉਣ ਵਾਲੇ ਬੰਦੇ ਨੂੰ ਜਾਂ ਪੈਸੇ ਨੂੰ ਤੇ ਜਾਂ ਨਸ਼ਿਆਂ ਨੂੰ। ਵੈਸੇ ਪੰਜਾਬ ਦੇ ਹਾਲਾਤ ਤਾਂ ਕਿਸੇ ਤੋਂ ਗੁੱਝੇ ਨਹੀਂ ਰਹੇ। ਦੇਸ਼ ਵਿਦੇਸ਼ ‘ਚ ਬੈਠਾ ਹਰ ਪੰਜਾਬੀ, ਪੰਜਾਬ ਦੀ ਨਿਘਰ ਰਹੀ ਹਾਲਤ ਤੋਂ ਚਿੰਤਾਤੁਰ ਹੈ। ਕਿਰਸਾਨੀ ਨਿਘਾਰ ਵੱਲ ਜਾ ਰਹੀ ਹੈ। ਕਿਸਾਨ ਕਰਜ਼ੇ ਦੇ ਭਾਰ ਤੋਂ ਦੁਖੀ, ਖੁਦਕਸ਼ੀਆਂ ਦੇ ਰਾਹ ਪੈ ਗਏ ਹਨ। ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਉਤੋਂ ਕਿਸੇ ਯੋਜਨਾਬੱਧ ਤਰੀਕੇ ਨਾਲ ਉਹਨਾਂ ਦਾ ਰੁੱਖ ਨਸ਼ਿਆਂ ਵੱਲ ਮੋੜ ਦਿੱਤਾ ਗਿਆ ਹੈ। ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ। ਵਿਦਿਆਂ ਜਾਂ ਸਿਹਤ ਵੱਲ ਕਿਸੇ ਪਾਰਟੀ ਦਾ ਵੀ ਧਿਆਨ ਨਹੀਂ ਹੈ। ਨੌਜਵਾਨ ਦੁਖੀ ਹੋ ਕੇ ਬਾਹਰਲੇ ਮੁਲਕਾਂ ਵੱਲ ਭੱਜਦੇ ਹਨ ਤਾਂ ਏਜੰਟਾਂ ਹੱਥੋਂ ਲੁੱਟੇ ਜਾਂਦੇ ਹਨ। ਪੰਜਾਬ ਵਿੱਚ ਪਾਣੀਆਂ ਦਾ ਮਸਲਾ, ਪ੍ਰਦੂਸ਼ਣ ਦਾ ਮਸਲਾ..ਬਹੁਤ ਸਾਰੇ ਮਸਲੇ ਹਨ। ਜਿਹਨਾਂ ਨੂੰ ਹੱਲ ਕਰਨ ਲਈ ਅਜੇ ਤੱਕ ਕਿਸੇ ਪਾਰਟੀ ਨੇ ਵੀ ਕੋਈ ਸੰਜੀਦਾ ਕਦਮ ਨਹੀਂ ਪੁੱਟੇ। ਸਗੋਂ ਹਰ ਪਾਰਟੀ ਦੂਸਰੀ ਦੀ ਨੁਕਤਾਚੀਨੀ ਕਰਨ ਜਾਂ ਉਸ ਨੂੰ ਨਿੰਦਣ ਤੇ ਹੀ, ਆਪਣਾ ਸਮਾਂ ਬਰਬਾਦ ਕਰ ਰਹੀ ਹੈ। ਕਾਸ਼! ਨਵੀਂ ਚੁਣੀ ਜਾਣ ਵਾਲੀ ਸਰਕਾਰ ਵਿੱਚ ਕੁੱਝ ਲੋਕ- ਹਿਤੈਸ਼ੀ ਮੈਂਬਰ ਹੋਣ ਜੋ ਇਹਨਾਂ ਮਸਲਿਆਂ ਵੱਲ ਧਿਆਨ ਦੇਣ। ਵੈਸੇ ਜੇ ਦੇਖਿਆ ਜਾਵੇ ਤਾਂ- ਸਰਕਾਰ ਕਿਤੋਂ ਅਸਮਾਨ ਤੋਂ ਨਹੀਂ ਡਿਗਣੀ। ਲੋਕਾਂ ਦੇ ਹੱਥ ਵੱਸ ਹੈ ਸਭ ਕੁਝ- ਭਾਈ ਸੋਚ ਸਮਝ ਕੇ ਵੋਟ ਦਾ ਇਸਤਮਾਲ ਕਰਨਾ।

ਇੱਕ ਗੱਲ ਹੋਰ ਵੀ ਹੈ ਕਿ ਸਾਡੇ ਦੇਸ਼ ਦਾ ਪੜ੍ਹਿਆ ਲਿਖਿਆ ਵਰਗ ਤਾਂ ਵੋਟ ਦੇ ਹੱਕ ਤੋਂ ਹੀ ਵਾਂਝਾ ਰਹਿ ਜਾਂਦਾ ਹੈ,  ਕਿਉਂਕਿ ਹਰ ਮਹਿਕਮੇ ਦੇ ਸਰਕਾਰੀ ਕਰਮਚਾਰੀ ਤਾਂ ਦੂਰ ਦੁਰਾਡੇ ਥਾਵਾਂ ਤੇ ਇਲੈਕਸ਼ਨ ਡਿਊਟੀਆਂ ਤੇ ਤਾਇਨਾਤ ਕਰ ਦਿੱਤੇ ਜਾਂਦੇ ਹਨ। ਜਦ ਕਿ ਉਨ੍ਹਾਂ ਲਈ ਵੋਟ ਪਾਉਣ ਦੀ ਕੋਈ ਔਨ ਲਾਈਨ ਸੁਵਿਧਾ, ਮੇਰੇ ਖਿਆਲ ਵਿੱਚ, ਆਪਣੇ ਦੇਸ਼ ਵਿੱਚ ਤਾਂ ਹੈ ਨਹੀਂ ਹਾਲੇ। ਮੈਂਨੂੰ ਵੀ ਬੜੀ ਵਾਰੀ, ਸਰਵਿਸ ਦੌਰਾਨ ਇਹ ਡਿਊਟੀ ਨਿਭਾਉਣ ਦਾ ਅਵਸਰ ਮਿਲਿਆ। ਸੋ ਦਿਮਾਗੀ ਤੌਰ ਤੇ ਸੁਚੇਤ ਲੋਕਾਂ ਦਾ ਨਵੀਂ ਸਰਕਾਰ ਚੁਣਨ ਵਿੱਚ ਕੋਈ ਯੋਗਦਾਨ ਹੀ ਨਹੀਂ ਰਹਿੰਦਾ, ਜੋ ਕਿ ਸਾਡੀ ਬੜੀ ਵੱਡੀ ਤ੍ਰਾਸਦੀ ਹੈ।

ਇਸ ਬੁਖਾਰ ਦੇ ਸਾਈਡ ਇਫੈਕਟ ਦੀ ਗੱਲ ਕਰੀਏ- ਤਾਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ, ਪੰਜਾਬ ਵਿੱਚ, ਇੱਕ ਸਭ ਤੋਂ ਛੋਟੀ ਉਮਰ ਦੀ ਪਾਰਟੀ- ਜਿਸ ਕੋਲ ਹੰਢੇ ਵਰਤੇ ਸਿਆਸਤਦਾਨ ਵੀ ਨਹੀਂ, ਜਿਸ ਨੂੰ ਅਜੇ ਸਿਆਸਤ ਦੇ ਦਾਅ ਪੇਚ ਵੀ ਨਹੀਂ ਆਉਂਦੇ.. ਜਿਸ ਕੋਲ ਲੋੜੀਂਦੇ ਇਲੈਕਸ਼ਨ ਫੰਡ ਵੀ ਨਹੀਂ.. ਜਿਸ ਨੂੰ ਮੀਡੀਆ ਵੀ ਕੋਈ ਕਵਰੇਜ ਨਹੀਂ ਦੇ ਰਿਹਾ, ਜਿਸ ਦੇ ਪੋਸਟਰ ਵੀ ਘੱਟ ਹੀ ਲੱਗੇ ਦੇਖੇ, ਜਿਸ ਦੀ ਕਿਸੇ ਅਖਬਾਰ ਵਿੱਚ ਵੀ ਇਸ਼ਤਿਹਾਰਬਾਜ਼ੀ ਨਹੀਂ- ਉਸ ਦਾ ਹੰਢੀਆਂ ਹੋਈਆਂ ਪਾਰਟੀਆਂ ਦੇ ਬਰਾਬਰ ਆ ਖੜ੍ਹਨਾ, ਇਸ ਗੱਲ ਦਾ ਸੰਕੇਤ ਹੈ ਕਿ ਜਨਤਾ ਦੋਹਾਂ ਵੱਡੀਆਂ ਪਾਰਟੀਆਂ ਦੀ ਕਾਰ-ਗੁਜਾਰੀ ਤੋਂ ਖੁਸ਼ ਨਹੀਂ ਹੈ ਤੇ ਉਹ ਕੋਈ ਤੀਸਰਾ ਬਦਲ ਵੀ ਚਾਹੁੰਦੀ ਹੈ। ਸੋ ਇਸ ਪਾਰਟੀ ਨੇ ਦੂਜੀਆਂ ਪਾਰਟੀਆਂ ਨੂੰ, ਉਸੇ ਸਮੇਂ ਤੋਂ ਬੇਚੈਨੀ ਲਾਈ ਹੋਈ ਹੈ। ਭਾਵੇਂ ਇਹ ਪਾਰਟੀ ਵੀ ਹੁਣ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਗਈ ਹੈ ਪਰ ਅਜੇ ਸਾਰੀਆਂ ਹੀ ਪਾਰਟੀਆਂ ਵਿੱਚ ਜੋੜ ਤੋੜ ਹੋਣੇ ਹਨ। ਕਈ ਚੌਕੇ ਛਿੱਕੇ ਵੱਜ ਰਹੇ ਹਨ ਤੇ ਕਈ ਅਜੇ ਵੱਜਣੇ ਹਨ। ਹੁਣ ਤਾਂ ਫਰਵਰੀ, 2017 ਦੀਆਂ ਚੋਣਾਂ ਤੱਕ ਇਸ ਬੁਖਾਰ ਨੇ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਹੈ। ਕੀ ਕਹਿੰਦੇ ਹੋ- ‘ਤੁਹਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ’। ਭਾਈ ਤਾਂ ਵੀ ਤੁਸੀਂ ਬਚ ਨਹੀਂ ਸਕੋਗੇ ਇਸ ਤੋਂ! ਚੜ੍ਹੇ ਬੁਖਾਰ ਵਾਲੇ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਕੇ ਇਸ ਬੀਮਾਰੀ ਦੇ ਕੀਟਾਣੂੰ ਛੱਡ ਕੇ ਜਾਣਗੇ।

ਪਰਵਾਸੀ ਭਾਵੇਂ ਇਹਨਾਂ ਚੋਣਾਂ ਵਿੱਚ ਸਿੱਧੇ ਤੌਰ ਤੇ ਹਿੱਸਾ ਨਹੀਂ ਲੈ ਸਕਦੇ ਪਰ ਇਹ ਬੁਖਾਰ ਉਹਨਾਂ ਤੇ ਵੀ ਘੱਟ ਅਸਰ ਨਹੀਂ ਦਿਖਾਉਂਦਾ। ਕਿਉਂਕਿ ਪੰਜਾਬ ਉਹਨਾਂ ਦੀ ਜਨਮ ਭੂਮੀ ਹੈ ਤੇ ਉਸ ਦੀ ਚੰਗੀ ਮਾੜੀ ਦਾ ਫਿਕਰ ਉਹਨਾਂ ਨੂੰ ਵੀ ਘੱਟ ਨਹੀਂ। ਉਹ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਜੁੜ ਕੇ, ਉਸ ਦੀ ਹਮਾਇਤ ਵੀ ਕਰਦੇ ਹਨ ਤੇ ਫੰਡ ਵੀ ਦਿੰਦੇ ਹਨ। ਐਵੇਂ ਨਹੀਂ ਸਾਰੇ ਸਿਆਸਤਦਾਨ ਗਰਮੀਆਂ ਵਿੱਚ ਵਿਦੇਸ਼ਾਂ ਨੂੰ ਭੱਜੇ ਆਉਂਦੇ! ਉਹਨਾਂ ਨੂੰ ਪਰਵਾਸੀ ਵੀਰਾਂ ਤੋਂ ਕੁੱਝ ਆਸ ਹੁੰਦੀ ਹੈ। ਵੈਸੇ ਵੀ ਸਾਡੇ ਲੋਕ ਭਾਵੇਂ ਵਿਦੇਸ਼ੀ ਸਿਟੀਜ਼ਨ ਵੀ ਬਣ ਗਏ ਹਨ ਪਰ ਉਹਨਾਂ ਨੂੰ ਵਿਦੇਸ਼ ਨਾਲੋਂ ਵੱਧ ਚਿੰਤਾ, ਆਪਣੇ ਦੇਸ ਦੀ ਰਹਿੰਦੀ ਹੈ। ਇਸ ਦਾ ਕਾਰਨ ਮਿੱਟੀ ਦਾ ਮੋਹ ਹੈ। ਪਰ ਦੁਖਾਂਤ ਉਦੋਂ ਵਾਪਰਦਾ ਹੈ, ਜਦੋਂ ਉਹ ਆਪਣਾ ਮੁਲਕ ਉਹਨਾਂ ਨੂੰ ਸਿਆਨਣ ਤੋਂ ਵੀ ਨਾਂਹ ਕਰ ਦਿੰਦਾ ਹੈ, ਜਿਸ ਦੀ ਚਿੰਤਾ ਦਾ ਬੁਖਾਰ ਉਹਨਾਂ ਸਾਰੀ ਜ਼ਿੰਦਗੀ ਚੜ੍ਹਾਈ ਰੱਖਿਆ। ਖੈਰ ਇਹਨਾਂ ਚੋਣਾਂ ਦੇ ਬੁਖਾਰ ਦਾ ਅਸਰ, ਵਿਦੇਸ਼ਾਂ ਵਿੱਚ ਵੀ ਸਾਫ ਨਜ਼ਰ ਆਉਣ ਲੱਗ ਪਿਆ ਹੈ।

ਪਿਛਲੀਆਂ ਲੋਕ ਸਭਾ, ਚੋਣਾਂ ਦੇ ਨਤੀਜੇ ਵੀ ਤੁਹਾਡੇ ਸਾਹਮਣੇ ਹੀ ਹਨ। ਮੋਦੀ ਦਾ ਜਾਦੂ ਸਿਰ ਚੜ੍ਹ ਬੋਲਿਆ- ਪਰ ਇਸ ਦੇ ਜਾਦੂ ਦਾ ਰੰਗ ਵੀ ਹੁਣ ਫਿੱਕਾ ਪੈ ਗਿਆ ਲਗਦਾ ਹੈ। ਮੋਦੀ ਸਾਹਿਬ ਨੇ ਜਦ ਤੋਂ ਦੇਸ਼ ਦੀ ਵਾਗ ਡੋਰ ਸੰਭਾਲੀ ਹੈ ਤਦ ਤੋਂ ਦੇਸ਼ ਵਾਸੀਆਂ ਨੂੰ ਉਹਨਾਂ ਦੀ ਸਰਕਾਰ ਤੋਂ ਬਹੁਤ ਆਸਾਂ ਸਨ। ਉਹ ਆਸਾਂ ਤੇ ਕਿੰਨੇ ਕੁ ਖਰੇ ਉਤਰੇ ਹਨ- ਕਦੋਂ ‘ਅੱਛੇ ਦਿਨ’ ਆਉਂਣੇ ਹਨ- ਇਹ ਤਾਂ ਰੱਬ ਹੀ ਜਾਣੇ। ਪਰ ਹਾਲ ਦੀ ਘੜੀ ਤਾਂ ਉਹ ਦੁਨੀਆਂ ਦੇ ਦੇਸ਼ਾਂ ਦੇ ਸਭ ਤੋਂ ਵੱਧ ਦੌਰੇ ਕਰਨ ਵਾਲੇ, ਪਹਿਲੇ ਪ੍ਰਧਾਨ ਮੰਤਰੀ ਵਜੋਂ ਜਾਣੇ ਜਾਂਦੇ ਹਨ।

ਦੋ ਮਹੀਨੇ ਪਹਿਲਾਂ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਮੋਦੀ ਸਰਕਾਰ ਨੇ ਅਚਾਨਕ ਨੋਟ ਬੰਦੀ ਦਾ ਐਲਾਨ ਕਰ ਦਿੱਤਾ। ਪਤਾ ਨਹੀਂ ਇਸ ਨਾਲ ਕਾਲਾ ਧਨ ਤਾਂ ਕਿੰਨਾ ਕੁ ਬਾਹਰ ਆਇਆ ਹੋਣਾ- ਪਰ ਇਸ ਨੋਟ ਬੰਦੀ ਦੇ ਬੁਖਾਰ ਨੇ ਤਾਂ ਆਮ ਜਨਤਾ ਨੂੰ ਝੰਬ ਹੀ ਸੁਟਿਆ। ਇਸ ਨੇ ਸਭ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ। ਇਸ ਬੁਖਾਰ ਨੇ ਤਾਂ ਕਈਆਂ ਦੀ ਜਾਨ ਵੀ ਲੈ ਲਈ। ਕਾਰੋਬਾਰ ਠੱਪ ਹੋ ਗਏ। ਜਿਹਨਾਂ ਲੋਕਾਂ ਨੂੰ ਇਹ ਬੁਖਾਰ ਚੜ੍ਹਨਾ ਚਾਹੀਦਾ ਸੀ ਉਹਨਾਂ ਤੇ ਤਾਂ ਇਸ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ ਪਰ ਮਿਡਲ ਕਲਾਸ ਤੇ ਗਰੀਬ ਲੋਕ ਵਿਚਾਰੇ ਇਸ ਦੀ ਮਾਰ ਹੇਠ ਆ ਗਏ। ਇਸ ਬੁਖਾਰ ਨੇ ਤਾਂ ਸਾਰਾ ਦੇਸ਼ ਹੀ ਪਿੰਜ ਸੁੱਟਿਆ। ਇਸ ਦੇ ਸਾਈਡ ਇਫੈਕਟ ਵੀ ਸਾਲਾਂ ਬੱਧੀ ਚਲਣਗੇ।

ਸਿਆਸਤਦਾਨਾਂ ਦੇ ਨਾਲ ਹੀ ਸਾਹਿਤਕਾਰਾਂ ਨੂੰ ਵੀ ਚੋਣਾਂ ਦਾ ਬੁਖਾਰ ਹਰ ਦੋ ਸਾਲ ਬਾਅਦ ਚੜ੍ਹਦਾ ਹੈ। ਕਦੇ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੀਆਂ ਚੋਣਾਂ ਜਾਂ ਫਿਰ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਆ ਜਾਂਦੀਆਂ ਹਨ। ਇਹਨਾਂ ਦਾ ਚੋਣ ਦੰਗਲ ਵੀ ਵਾਹਵਾ ਭਖਦਾ ਹੈ। ਅਸੀਂ ਕਿਹੜੇ ਸਿਆਸਤਦਾਨਾਂ ਤੋਂ ਘੱਟ ਹਾਂ, ਅਸੀਂ ਵੀ ਗਰੁੱਪ ਬਣਾ ਲੈਂਦੇ ਹਾਂ। ਇਹ ਫਲਾਣੇ ਦਾ ਪੈਨਲ ਹੈ, ਇਸ ਨੂੰ ਜਿਤਾਉਣ ਦੀ ਅਪੀਲ ਕੀਤੀ ਜਾਂਦੀ ਹੈ। ਨਾਲ ਹੀ ਦੂਸਰੇ ਦੀ ਈਮੇਲ ਜਾਂ ਚਿੱਠੀ ਆ ਜਾਂਦੀ ਕਿ ਫਲਾਣੇ ਦੇ ਪੈਨਲ ਨੂੰ ਜਿਤਾਓ- ਫਲਾਨੇ ਵਲੋਂ ਅਪੀਲ ਹੈ। ਨਾਮਵਰ ਸਾਹਿਤਕਾਰਾਂ ਨੂੰ ਵੀ ਗਰੁੱਪਾਂ ਵਿੱਚ ਵੰਡ ਲਿਆ ਜਾਂਦਾ ਹੈ। ਸੋ ਚੋਣਾਂ ਹੋਣ ਤੱਕ ਇਹ ਬੁਖਾਰ ਵੀ ਸਾਡੇ ਸਾਹਿਤਕਾਰਾਂ ਦੀ ਮੱਤ ਮਾਰੀ ਰੱਖਦਾ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਨਾਲ ਇਹ ਬੁਖਾਰ ਉਤਰਨਾ ਸ਼ੁਰੂ ਹੋ ਜਾਂਦਾ ਹੈ। ਸਾਹਿਤਕਾਰਾਂ ਨੂੰ ਨਵੀਂ ਚੁਣੀ ਕਮੇਟੀ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿ ਮਾਂ- ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ, ਹੋਰ ਠੋਸ ਉਪਰਾਲੇ ਕੀਤੇ ਜਾਣਗੇ। ਉਧਰ ਨਾਲ ਹੀ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਦਾ ਬੁਖਾਰ ਵੀ ਗਰੈਜੁਏਟ ਲੋਕਾਂ ਨੂੰ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ.. ਖੈਰ ਸੁੱਖੀ ਸਾਂਦੀ ਲੰਘ ਜਾਣ ਇਹ ਬੁਖਾਰ ਦੇ ਸੀਜ਼ਨ..!

ਕਿੰਨਾ ਚੰਗਾ ਹੋਵੇ- ਜੇ ਅਸੀਂ ਸਾਹਿਤਕਾਰ ਇਸ ਬੁਖਾਰ ਤੋਂ ਬਚੇ ਹੀ ਰਹੀਏ। ਸਰਬ ਸੰਮਤੀ ਨਾਲ ਦੋ ਸਾਲ ਬਾਅਦ ਨਵੀਂ ਕਮੇਟੀ ਚੁਣ ਲਈ ਜਾਵੇ। ਜਿਸ ਦਾ ਸਾਰਾ ਕੰਮ ਕਾਜ ਪਾਰਦਰਸ਼ੀ ਹੋਵੇ ਤੇ ਜੋ ਅਕੈਡਮੀ ਦੇ ਹਰ ਮੈਂਬਰ ਅੱਗੇ ਜਵਾਬ ਦੇਹ ਹੋਵੇ। ਆਪਾਂ ਸਾਰੇ ਸਾਹਿਤਕਾਰ ਇੱਕ ਪਰਿਵਾਰ ਦੇ ਮੈਂਬਰ ਹਾਂ, ਪ੍ਰਮਾਤਮਾਂ ਇਸ ਪਰਿਵਾਰ ਵਿੱਚ ਪ੍ਰੇਮ, ਪਿਆਰ, ਇਤਫਾਕ ਬਣਾਈ ਰੱਖੇ, ਤੇ ਇਹ ਸਮਾਜ ਨੂੰ ਅਪਣੀ ਕਲਮ ਦੀ ਖੁਸ਼ਬੂ ਵੰਡਦਾ ਰਹੇ!

ਬਾਕੀ ਜੇ ਸਿਆਸੀ ਚੋਣਾਂ ਦੇ ਬੁਖਾਰ ਦੀ ਗੱਲ ਕਰੀਏ ਤਾਂ ਮੈਂਨੂੰ ਤਾਂ ਲਗਦਾ ਕਿ ਸਾਰੇ ਸਿਆਸਤਦਾਨ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਹਨ। ਕੇਵਲ ਪਾਰਟੀ ਦਾ ਨਾਮ ਹੀ ਬਦਲਦਾ ਹੈ, ਸਿਆਸੀ ਦਾਅ ਪੇਚ ਸਭ ਦੇ ਉਹੀ ਹਨ। ਜਨਤਾ ਨੂੰ ਬੇਵਕੂਫ ਬਨਾਉਣਾ ਸਭ ਨੂੰ ਬਾਖੂਬੀ ਆਉਂਦਾ ਹੈ। ਸਾਡੇ ਗੁਆਂਢੀ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ, ਜਿਸ ਦੀ ਹਰ ਪਾਰਟੀ ਦੀ ਸਰਕਾਰ ਵਿੱਚ ਪਹੁੰਚ ਹੁੰਦੀ ਸੀ। ਤੁਸੀਂ ਪੁੱਛੋਗੇ ਕਿਵੇਂ? ਭਾਈ ਉਸ ਘਰ ਵਿੱਚ ਪਿਓ ਅਕਾਲੀ ਸੀ, ਇੱਕ ਪੁੱਤਰ ਕਾਮਰੇਡ ਤੇ ਦੂਜਾ ਕਾਂਗਰਸੀ। ਸੋ ਘਰ ਵਿੱਚ ਹੀ ਤਿੰਨ ਪਾਰਟੀਆਂ ਕਵਰ ਕੀਤੀਆਂ ਹੋਈਆਂ ਸਨ। ਇਲਾਕੇ ਵਿੱਚ ਇਹ ਪਰਿਵਾਰ ਬੜਾ ਹਰਮਨ ਪਿਆਰਾ ਸੀ। ਕਿਉਂਕਿ ਹਰੇਕ ਸਰਕਾਰ ਵੇਲੇ ਲੋਕ ਆਪਣੇ ਕੰਮ ਕਰਵਾਉਣ ਲਈ ਇਹਨਾਂ ਦਾ ਕੋਈ ਮੈਂਬਰ ਫੜ ਲੈਂਦੇ, ਤਾਂ ਕੰਮ ਹੋ ਜਾਂਦਾ ਸੀ। ਸੋ ਇਹ ਸਿਆਸਤ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ।

ਸੋ ਸਾਥੀਓ ਇਹ ਤਿੰਨ ਕੁ ਮਹੀਨੇ, ਇਸ ਬੁਖਾਰ ਦਾ ਸੀਜ਼ਨ ਜ਼ੋਰਾਂ ਤੇ ਹੈ- ਬੱਚ ਕੇ ਰਹਿਣਾ, ਕਿਤੇ ਤੁਸੀਂ ਵੀ ਇਸ ਦੀ ਲਪੇਟ ਵਿੱਚ ਨਾ ਆ ਜਾਣਾ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>