ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਖਡੂਰ ਸਾਹਿਬ (ਤਰਨ ਤਾਰਨ) ਦੀ ਧਰਤੀ ਬੜੀ ਪਾਵਨ-ਪਵਿੱਤਰ ਅਤੇ ਭਾਗਾਂ ਵਾਲੀ ਹੈ, ਜਿਥੇ ਅੱਠ ਗੁਰੂ ਸਾਹਿਬਾਨ ਨੇ ਆਪਣੇ ਮੁਬਾਰਕ ਚਰਨ ਪਾਏ। ਇੱਥੇ ਸੱਚਖੰਡ ਵਾਸੀ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ ਅਤੇ ਸਮੂਹ ਮਹਾਂਪੁਰਸ਼ਾਂ ਦੀ ਯਾਦ ‘ਚ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ।

ਇਸੇ ਹੀ ਧਰਤੀ ਤੋਂ ਸੰਪਰਦਾਇ ਕਾਰ ਸੇਵਾ ਦੇ ਬਾਨੀ  ਸੰਤ ਬਾਬਾ ਗੁਰਮੁਖ ਸਿੰਘ ਜੀ ਤੇ ਉਹਨਾਂ ਦੇ ਨਾਲ ਸੰਤ ਬਾਬਾ ਸਾਧੂ ਸਿੰਘ ਜੀ ਅਤੇ ਸੰਤ ਬਾਬਾ ਝੰਡਾ ਸਿੰਘ ਜੀ ਨੇ ਕਈ ਦਹਾਕੇ ਪਹਿਲਾਂ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੀਆਂ ਇਮਾਰਤਾਂ ਦੀ ਕਾਰ ਸੇਵਾ ਦਾ ਆਰੰਭ ਕੀਤਾ ਅਤੇ ਸਿੱਖ ਇਮਾਰਤ ਕਲਾ ਦਾ ਜੋ ਮੁੱਢ ਬੰਨਿਆ ਸੀ, ਉਸ ਨੂੰ ਉਸੇ ਭਾਵਨਾ ਮੁਤਾਬਕ ਕਾਇਮ ਰੱਖਿਆ। ਇਹੀ ਨਹੀਂ ਕਾਰ ਸੇਵਾ ਵਾਲੇ ਇਹਨਾਂ ਮਹਾਂਪੁਰਖਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਮਹਾਨ ਪੂਰਨੇ ਪਾਏ। ਸੇਵਾ ਤੇ ਸਿਮਰਨ ਦੀਆਂ ਇਹਨਾਂ ਸਾਕਾਰ ਮੂਰਤਾਂ ਨੇ ਸਿੱਖੀ ਵਿਚਲੇ ਸੇਵਾ ਦੇ ਸੰਕਲਪ ਨੂੰ  ਹੋਰ ਮੂਰਤੀਮਾਨ ਕੀਤਾ। ਜੇਕਰ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਇਥੇ ਉਹਨਾਂ ਨੇ ਗੁਰਦੁਆਰਾ ਤਪਿਆਣਾ ਸਾਹਿਬ (ਪਾਤਸ਼ਾਹੀ ਪਹਿਲੀ), ਗੁਰਦੁਆਰਾ ਅੰਗੀਠਾ ਸਾਹਿਬ (ਦਰਬਾਰ ਸਾਹਿਬ) ਪਾਤਸ਼ਾਹੀ ਦੂਜੀ, ਗੁਰਦੁਆਰਾ ਮੱਲ ਅਖਾੜਾ ਸਾਹਿਬ ਤੇ ਗੁਰਦੁਆਰਾ ਮਾਈ ਭਰਾਈ ਜੀ ਆਦਿ ਗੁਰਧਾਮਾਂ ਦੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਕਰਵਾਈ। ਇਸ ਤੋਂ ਇਲਾਵਾ ਉਹਨਾਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ, ਜਿਸ ਰਾਹ ’ਤੇ ਗੁਰੂ ਸਾਹਿਬਾਨ ਦਿਨ-ਰਾਤ ਵਿਚਰਦੇ ਰਹੇ, ਉਸ 9 ਕਿਲੋਮੀਟਰ ਲੰਮੇ ਰਸਤੇ ਨੂੰ ਵੀ ਪੱਕਾ ਕਰਵਾਇਆ। ਵੇਂਈ ਪੂਈ ਤੋਂ ਖਡੂਰ ਸਾਹਿਬ ਆਉਣ ਵਾਲਾ ਰਸਤਾ ਵੀ ਪੱਕਾ ਕਰਵਾਇਆ।

ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਗੁਰਮੁਖ ਸਿੰਘ ਅਤੇ ਸੰਤ ਬਾਬਾ ਝੰਡਾ ਸਿੰਘ ਦੇ ਅਕਾਲ ਚਲਾਣੇ ਪਿਛੋਂ 1961 ’ਚ ਕਾਰ ਸੇਵਾ ਦੀ ਜਿੰਮੇਵਾਰੀ ਸੰਤ ਬਾਬਾ ਉੱਤਮ ਸਿੰਘ ਜੀ ਨੂੰ ਸੌਂਪੀ ਗਈ। ਉਨ੍ਹਾਂ ਨੇ ਗੁਰਧਾਮਾਂ ਦੀ ਕਾਰ ਸੇਵਾ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਭਾਂਪਦਿਆਂ ਇਲਾਕੇ ਵਿਚ ਵਿੱਦਿਆ ਦੇ ਪ੍ਰਸਾਰ ਨੂੰ ਮੁੱਖ ਰੱਖ ਕੇ ਸਾਲ 1970 ਵਿੱਚ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੀ ਅਰੰਭਤਾ ਕੀਤੀ। ਸਾਲ 1984 ਵਿਚ ਬਾਬਾ ਗੁਰਮੁਖ ਸਿੰਘ ਉਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ, 1992 ਵਿਚ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ (ਜਲੰਧਰ), ਖੋਲਿਆ। ਬਾਬਾ ਉੱਤਮ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਉਪਰੰਤ ਸੇਵਾ ਦੀ ਜ਼ਿੰਮੇਵਾਰੀ ਬਾਬਾ ਸੇਵਾ ਸਿੰਘ ਜੀ ਨੂੰ ਮਿਲੀ । ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਖਡੂਰ ਸਾਹਿਬ ਦੀ ਕਾਰ ਸੇਵਾ ਸੰਪਰਦਾ ਨੇ ਇੱਕ ਤੋਂ ਬਾਅਦ ਇੱਕ ਮਹਾਨ ਕਾਰਜ਼ ਕਰਦੇ ਹੋਏ, ਕਾਰ ਸੇਵਾ ਸ਼ਬਦ ਦਾ ਘੇਰਾ ਹੋਰ ਵਿਸ਼ਾਲ ਕਰ ਦਿੱਤਾ।

ਇਹਨਾਂ ਨੇ 2004 ਵਿੱਚ ਮਨਾਈ ਜਾਣ ਵਾਲੀ ਸ਼ਤਾਬਦੀ ਨੂੰ ਸਮਰਪਿਤ 1999 ਤੋਂ ਹੀ ਵਾਤਾਵਰਨ ਅਤੇ ਹੋਰ ਕਾਰਜ਼ ਆਰੰਭ ਕਰ ਦਿੱਤੇ । ਜਿਸ ਵਿੱਚ ਦੇਸ਼ ਪੱਧਰ ਦੇ ਇਮਤਿਹਾਨਾਂ ਦੀ ਤਿਆਰੀ ਲਈ ਨਿਸ਼ਾਨ-ਏ-ਸਿੱਖੀ, ਸਿੱਖ ਧਰਮ ਦੀ ਸਾਰੀ ਜਾਣਕਾਰੀ ਲਈ ਮਲਟੀਮੀਡੀਆ ਸਿੱਖ ਮਿਊਜ਼ਅੀਮ, ਗੁਰਧਾਮਾਂ ਨੂੰ ਆਉਦੇ ਸਾਰੇ ਛੋਟੇ ਰਸਤੇ ਖੁੱਲੇ ਕੀਤੇ ਗਏ ਅਤੇ ਮਾਤਾ ਖੀਵੀ ਜੀ ਦੇ ਨਾਮ ਲੰਗਰ ਹਾਲ ਦੀ ਉਸਾਰੀ ਵੀ ਕਰਾਈ। ਇਸ ਦੇ ਨਾਲ ਹੀ 2005 ਵਿਚ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ, ਖਡੂਰ ਸਾਹਿਬ (ਬੀ.ਐੱਡ ਕਾਲਜ) ਦੀ ਸਥਾਪਨਾ ਕੀਤੀ।

ਖਡੂਰ ਸਾਹਿਬ ਸੰਸਥਾ ਵੱਲੋਂ ਗੁਰਦੁਆਰਾ ਤਪਿਆਣਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਦਰਬਾਰ ਸਾਹਿਬ), ਗੁਰਦੁਆਰਾ ਮੱਲ ਅਖਾੜਾ ਸਾਹਿਬ ਆਦਿ ਦੀਆਂ ਇਮਾਰਤਾ ਨੂੰ ਅਤਿ ਸੁੰਦਰ ਅਤੇ ਕੁਦਰਤੀ ਦਿੱਖ ਦਿੱਤੀ ਗਈ ਹੈ । ਗੁਰਦੁਆਰਾ ਦਾਤਾ ਬੰਦੀ ਛੋੜ (ਪਾਤਸ਼ਾਹੀ ਛੇੱਵੀ) ਕਿਲ੍ਹਾ ਗਾਵਲੀਅਰ ਮੱਧ ਪ੍ਰਦੇਸ਼,ਇਹਨਾਂ ਗੁਰਧਾਮਾਂ ਦੀ ਕਾਰ ਸੇਵਾ ਵੀ ਕੀਤੀ ਹੈ ।

ਸੰਸਥਾ ਵੱਲੋਂ ਨਗਰ ਖਡੂਰ ਸਾਹਿਬ ਵਿਖੇ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜ਼ੂਕੇਸ਼ਨ, ਸ੍ਰੀ ਗੁਰੂ ਅੰਗਦ ਦੇਵ ਕਾਲਜ ਤੋਂ ਇਲਾਵਾ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਚਲਾਈ ਜਾ ਰਹੀ ਹੈ। ਇਲਾਕੇ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਦਿਆਂ, ਇਸੇ ਸਾਲ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ (ਸੀ.ਬੀ.ਐੱਸ.ਈ.) ਨਵੀ ਦਿੱਲੀ ਤੋਂ ਮਾਨਤਾ ਪ੍ਰਾਪਤ ਦੀ ਸ਼ੁਰੂਆਤ ਕੀਤੀ ਗਈ ਹੈ।  ਮੱਧ ਪ੍ਰਦੇਸ਼ ਵਿਚ ਪੰਜਾਬੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਚਾਰ ਸਕੂਲ ਚਲਾਏ ਜਾ ਰਹੇ ਹਨ। ਉਹਨਾਂ ਵਿੱਚ ਪੰਜਾਬੀ ਵਿਸ਼ੇ ਲਈ ਐਮ.ਪੀ ਬੋਰਡ ਵੱਲੋਂ ਮਨਜ਼ੂਰੀ ਲਈ ਗਈ ਹੈ, ਅਤੇ ਧਾਰਮਿਕ ਵਿਸ਼ੇ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ।

ਸੰਪਰਦਾ ਵੱਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਲੀਸ਼ਾਨ ਅੱਠ ਮੰਜ਼ਿਲਾ ਇਮਾਰਤ ਵਿੱਚੋਂ ਚਲਾਏ ਜਾ ਰਹੇ ‘ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦਾ ਮੁੱਖ ਟੀਚਾ ਸਿੱਖੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਿਸਾਲ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ  ਹੈ ।

ਨਿਸ਼ਾਨ-ਏ-ਸਿੱਖੀ ਟਰੱਸਟ ਚੈਰੀਟੇਬਲ ਸੰਸਥਾ ਦਾ ਮੁੱਖ ਮੰਤਵ ਉੱਚ ਪੱਧਰ ਦੀ ਵਿਦਿਆ ਦੇਣਾ ਹੈ । ਇਥੋਂ ਧਾਰਮਿਕ ਸਿੱਖਿਆ ਦੇਣ ਲਈ ਗੁਰੂ ਅੰਗਦ ਇੰਸਟਚਿਊਟ ਆਫ਼ ਰਿਲੀਜਅਸ ਸਟੱਡੀਜ਼ ਕੰਮ ਕਰ ਰਿਹਾ ਹੈ । ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਮੈਡੀਕਲ, ਇੰਜ਼ਨੀਅਰਿੰਗ ਜਿਹੇ ਮਿਆਰੀ ਕੋਰਸਾਂ ਵਿਚ ਦਾਖਲਾ ਲੈਣ ਦੇ ਯੋਗ ਬਣਾਉਣ ਲਈ ਅਗਵਾਈ ਦੇਣ ਵਾਸਤੇ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਕੰਪੀਟੀਸ਼ਨਜ਼ ਸਮੇਤ ਗੁਰੂ ਅੰਗਦ ਦੇਵ ਇੰਸੀਚਿਊਟ ਆਫ਼ ਕੈਰੀਅਰ ਐਂਡ ਕੋਰਸਿਸ, ਗੁਰੂ ਅੰਗਦ ਦੇਵ ਇੰਸੀਚਿਊਟ ਆਫ਼ ਕੰਪੀਟੀਟਿਵ ਐਗਜ਼ਾਮੀਨੇਸ਼ਜ਼, ਫੌਜੀ ਸੇਵਾਵਾਂ ‘ਚ ਕਮਿਸ਼ਨਡ ਅਫ਼ਸਰ ਭਰਤੀ ਹੋਣ ਲਈ ਕੋਚਿੰਗ ਦੇਣ ਵਾਸਤੇ ਨੈਸ਼ਨਲ ਡਿਫੈਂਸ ਅਕੈਡਮੀ ਸਮੇਤ ਹੋਰ ਵਿਦਿਅਕ ਪ੍ਰਜੈਕਟ ਇਸ ਟਰੱਸਟ ਵੱਲੋਂ ਚਲਾਏ ਜਾ ਰਹੇ ਹਨ ।
ਇਥੋਂ ਅਗਵਾਈ ਲੈ ਕੇ 467 ਦੇ ਲਗਭਗ ਲੜਕੀਆਂ ਫੌਜੀ ਅਤੇ ਨੀਮ ਫੌਜੀ ਬਲਾਂ ‘ਚ ਭਰਤੀ ਹੋਣ ਵਿੱਚ ਕਾਮਯਾਬ ਰਹੀਆਂ ਹਨ, ਇਹਨਾਂ ਵਿੱਚੋਂ 8 ਲੜਕੀਆਂ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਭਰਤੀ ਹੋਈਆਂ ਹਨ । ਇਸ ਦੇ ਨਾਲ ਹੀ ਅਨੇਕਾਂ ਵਿਦਿਆਰਥੀ ਮੈਡੀਕਲ/ਇੰਜ਼ਨੀਅਰਿੰਗ ਕੋਰਸਾਂ ‘ਚ ਦਾਖਲਾ ਲੈ ਸਕੇ ਹਨ । ਹੁਣ ਤੱਕ ਕਈ ਵਿਦਿਆਰਥੀ ਦੇਸ਼ ਦੀਆਂ ਨਾਮਵਰ ਆਈ.ਆਈ.ਟੀ ਵਿਚ ਦਾਖਲਾ ਲੈ ਚੁੱਕੇ ਹਨ । ਐਨ.ਡੀ.ਏ ਦੀ 2016 ਵਿੱਚ ਹੋਈ ਲਿਖਤੀ ਪ੍ਰੀਖਿਆ ਵਿੱਚੋਂ 23 ਵਿਦਿਆਰਥੀਆਂ ਨੇ ਟੈਸਟ ਪਾਸ ਕੀਤਾ। ਜਿੰਨਾਂ ਵਿਚੋਂ ਹੁਣ ਦੋ ਵਿਦਿਆਰਥੀ ਇੰਟਰਵਿਊ ਪਾਸ ਕਰਕੇ ਐਨ.ਡੀ.ਏ ਵਿੱਚ ਭਰਤੀ ਹੋ ਚੁੱਕੇ ਹਨ ।

ਕਾਰ ਸੇਵਾ, ਖਡੂਰ ਸਾਹਿਬ ਨੇ ਵਾਤਾਵਰਨ ਦੀ ਸ਼ੁੱਧਤਾ ਲਈ 365 ਕਿਲੋਮੀਟਰ ਤੋਂ ਜ਼ਿਆਦਾ ਲੰਮੀਆਂ ਸੜਕਾਂ ‘ਤੇ ਤਿੰਨ ਲੱਖ ਪੰਜ਼ਾਹ ਹਜ਼ਾਰ ਦੇ ਕਰੀਬ ਫ਼ਲਦਾਰ ਅਤੇ ਛਾਂ ਦਾਰ ਬੂਟੇ/ਦਰਖ਼ਤ ਲਗਾ ਕੇ ਪੰਛੀਆਂ ਨੂੰ ਰੈਣ ਬਸੇਰਾ ਦਿੱਤਾ ਹੈ । ਫ਼ਲਦਾਰ ਬਾਗ਼ ਬਾਬਾ ਸਾਧੂ ਸਿੰਘ ਜੀ ਦੇ ਨਾਮ ਤੇ ਲਗਾਇਆ, ਜਿਸ ਵਿਚ 36 ਪ੍ਰਕਾਰ ਦੇ ਮੌਸਮੀ ਫ਼ਲ ਲੱਗਦੇ ਹਨ ।ਉਹ ਫਲ਼ ਸੰਗਤਾਂ ਨੂੰ ਵੀ ਪ੍ਰਸ਼ਾਦ ਰੂਪ ਵਿੱਚ ਦਿੱਤੇ ਜਾਂਦੇ ਹਨ ।

ਮੌਜੂਦਾ ਸਮੇਂ ਬਾਬਾ ਸੇਵਾ ਸਿੰਘ ਜੀ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ 1999 ਤੋਂ  ਚਲਾਈ ਸਫ਼ਲ ਮੁਹਿੰਮ ਕਰਕੇ ਸਾਲ 2010 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਨ੍ਹਾਂ ਨੂੰ ਯੂ.ਐਨ ਦੇ ਸਕੱਤਰ ਬਾਨ ਕੀ ਮੂਨ ਅਤੇ ਬਰਤਾਨੀਆ ਦੇ ਪ੍ਰਿੰਸ ਫਿਲਿਪਸ ਵੱਲੋਂ ਵੀ  ਸਨਮਾਨਤ ਕੀਤਾ ਗਿਆ ਹੈ ।

ਕਾਰ ਸੇਵਾ ਵੱਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ, ਵਿੱਦਿਅਕ ਕਾਰਜ਼ਾ ਆਦਿ ਨਾਲ ਇਹ ਸੰਪਰਦਾ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਹੋਰ ਵੀ ਹਰਮਨ ਪਿਆਰੀ ਬਣੀ ਹੈ । ਦੂਜੇ ਪਾਸੇ ਇਸ ਨੇ ਸਿੱਖ ਧਰਮ ਦੀ ਸਮੁੱਚੀ ਮਾਨਵਵਾਦੀ ਪਹੁੰਚ ਦਾ ਵੀ ਪ੍ਰਚਾਰ ਕੀਤਾ ਹੈ ।

 

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>