ਪੌਸ਼ ਕਲੋਨੀ

ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੀ ਇੱਕ ਪੌਸ਼ ਕਲੋਨੀ ਵਿੱਚ ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਮੁਹੱਲੇ ਦੀਆਂ ਸਭ ਸਹੇਲੀਆਂ ਨੂੰ ਨਿੱਘੀ ਗਲਵਕੜੀ ਪਾ ਕੇ ਮਿਲੀ। ਉਸ ਦੀਆਂ ਅੱਖਾਂ ਵਿੱਚ ਨਵੀਂ ਕੋਠੀ ਵਿੱਚ ਜਾਣ ਦੀ ਖੁਸ਼ੀ ਵੀ ਸੀ ਤੇ ਮੁਹੱਲਾ ਛੱਡਣ ਦੀ ਉਦਾਸੀ ਵੀ। ਉਸ ਦੀਆਂ ਅੱਖਾਂ ‘ਚ ਲੁਕੇ ਹੰਝੂਆਂ ਨੂੰ ਤੱਕ ਕੇ, ਉਸ ਦੀ ਕਰੀਬੀ ਸਹੇਲੀ  ਸੁਰਜੀਤ ਕਹਿ ਰਹੀ ਸੀ-

“ਲੈ ਤੁਸੀਂ ਕਿਉਂ ਉਦਾਸ ਹੁੰਦੇ ਹੋ..ਤੁਹਾਡਾ ਤਾਂ ਸੁਭਾਉੇ ਹੀ ਇੰਨਾ ਮਿਲਾਪੜਾ ਹੈ ਕਿ ਤੁਹਾਡਾ ਉਥੇ ਵੀ ਸਰਕਲ ਬਥੇਰਾ ਬਣ ਜਾਣਾ..”

ਖੈਰ ਦੂਸਰੇ ਦਿਨ ਉਹਨਾਂ ਸ਼ਿਫਟ ਕਰਨਾ ਸੀ, ਪਰ ਉਸ ਰਾਤ ਉਹ ਸੌਂ ਨਾ ਸਕੀ। ਭਰ ਜਵਾਨੀ ਤੋਂ ਬੁਢਾਪੇ ਤੱਕ ਦਾ ਸਫਰ, ਉਸ ਨੇ ਇਸ 200 ਗਜ਼ ਦੇ ਘਰ ਵਿੱਚ ਪੂਰਾ ਕੀਤਾ ਸੀ। ਬੀਤਿਆ ਸਮਾਂ ਉਸ ਦੀਆਂ ਅੱਖਾਂ ਅੱਗੇ ਇੱਕ ਫਿਲਮ ਵਾਂਗ ਘੁੰਮਣ ਲੱਗਾ। ਇਹ ਘਰ ਉਹਨਾਂ ਦੋਹਾਂ ਨੇ ਕਿਵੇਂ ਤਨਖਾਹ ਵਿੱਚੋਂ ਇੱਕ ਇੱਕ ਪੈਸਾ ਜੋੜ ਕੇ ਬਣਾਇਆ ਸੀ। ਬੱਚਿਆਂ ਦੀ ਪੜ੍ਹਾਈ ਖਾਤਿਰ ਉਹ ਪਿੰਡ ਤੋਂ ਸ਼ਹਿਰ ਆ ਵਸੇ ਸਨ। ਕੁੱਝ ਦੇਰ ਕਿਰਾਏ ਤੇ ਰਹਿਣ ਮਗਰੋਂ ਉਹਨਾਂ ਇਸ ਮੁਹੱਲੇ ਪਲਾਟ ਖਰੀਦਿਆ ਤੇ ਲੋਨ ਲੈ ਕੇ ਘਰ ਬਣਾਇਆ। ਹੁਣ ਉਸ ਨੂੰ ਪੂਰੇ ਮੁਹੱਲੇ ਬਾਬਤ ਪਤਾ ਸੀ ਕਿ- ਕਿਹੜਾ ਪਲਾਟ ਕਦੋਂ ਵਿਕਿਆ ਤੇ ਕਦ ਕਿਹੜਾ ਘਰ ਬਣਿਆਂ। ਆਪਣੇ ਸੁਭਾਉੇ ਕਾਰਨ ਉਹ ਆਪਣੀ ਗਲੀ ਹੀ ਨਹੀਂ ਸਗੋਂ ਪੂਰੇ ਮੁਹੱਲੇ ਵਿੱਚ ਰਚ ਮਿਚ ਗਈ ਸੀ। ਕਿਸੇ ਦੇ ਕੀਰਤਨ ਹੋਵੇ ਜਾਂ ਪਾਠ ਹੋਵੇ ਉਹ ਪਹਿਲਾਂ ਪਹੁੰਚ ਕੇ ਕੰਮ ਵਿੱਚ ਹੱਥ ਵਟਾਉਂਦੀ। ਗਲੀ ਵਿੱਚ ਵੱਸਦੇ ਹਰ ਪਰਿਵਾਰ ਬਾਰੇ ਉਸ ਨੂੰ ਜਾਣਕਾਰੀ ਸੀ। ਦੁੱਖ ਸੁੱਖ ਵਿੱਚ ਪੂਰਾ ਮੁਹੱਲਾ ਇਕੱਠਾ ਹੋ ਜਾਂਦਾ। ਸੋ ਅੰਤਾਂ ਦਾ ਮੋਹ ਸੀ ਉਸ ਨੂੰ ਆਪਣੇ ਹੱਥੀਂ ਬਣਾਏ ਇਸ ਘਰ ਨਾਲ ਤੇ ਗਲੀ ਮੁਹੱਲੇ ਨਾਲ।

“ਤੇਰਾ ਨੂੰਹ ਪੁੱਤਰ ਕਲਾਸ ਵੰਨ ਅਫਸਰ ਨੇ..ਉਹਨਾਂ ਕੋਲ ਵੱਡੀਆਂ ਗੱਡੀਆਂ ਹਨ..ਇੱਕ ਸਰਕਾਰੀ ਵੀ ਹੈ..ਉਹਨਾਂ ਦਾ ਸਰਕਲ ਵੱਡੇ ਲੋਕਾਂ ਨਾਲ ਹੈ..ਤੈਂਨੂੰ ਖੁਸ਼ ਹੋਣਾ ਚਾਹੀਦਾ ਕਿ ਉਹਨਾਂ ਸ਼ਹਿਰ ਦੀ ਇੱਕ ਸਾਫ ਸੁਥਰੀ ਤੇ ਵਧੀਆ ਕਲੋਨੀ ‘ਚ ਵੱਡੀ ਕੋਠੀ ਬਣਾਈ ਹੈ..ਉਥੇ ਤਾਂ ਬਹੁਤ ਸੁਲਝੇ ਹੋਏ ਲੋਕ ਰਹਿੰਦੇ ਹੋਣਗੇ..” ਉਸ ਆਪਣੇ ਮਨ ਨੂੰ ਸਮਝਾਇਆ।

ਪਰ ਅੱਜ ਉਸ ਨੂੰ ਛੇ ਮਹੀਨੇ ਤੋਂ ਉਪਰ ਹੋ ਗਏ ਇਸ ਪੱਥਰ-ਸ਼ੀਸ਼ੇ ਦੇ ਮਹੱਲ ਵਿੱਚ ਆਇਆਂ..ਉਹ ਬੰਦੇ ਦੀ ਸ਼ਕਲ ਦੇਖਣ ਨੂੰ ਤਰਸ ਗਈ..ਕੋਈ ਗਲੀ ‘ਚ ਦਿਖਾਈ ਨਹੀਂ ਦਿੰਦਾ। ਸਾਰੇ ਲੋਕ ਵੱਡੀਆਂ ਕੋਠੀਆਂ ਦੇ ਮਾਲਕ ਹਨ। ਜੇਲ੍ਹਾਂ ਵਾਂਗ ਉਚੀਆਂ ਉਚੀਆਂ ਕੰਧਾਂ..ਵੱਡੇ ਵੱਡੇ ਗੇਟ..ਵੱਡੇ ਵੱਡੇ ਗੈਰਜ..ਅੰਦਰੋਂ ਹੀ ਗੱਡੀ ‘ਚ ਚੜ੍ਹਦੇ ਤੇ ਅੰਦਰੀਂ ਜਾ ਉਤਰਦੇ। ਬੰਦ ਘਰਾਂ ਦੇ ਵਾਸੀ.. ਕਿਸੇ ਨੂੰ ਕੋਈ ਪਤਾ ਨਹੀਂ ਉਸ ਦੇ ਗੁਆਂਢ ਵਿੱਚ ਕੌਣ ਵੱਸਦਾ ਹੈ..ਬਿਨਾਂ ਮਤਲਬ ਕੋਈ ਕਿਸੇ ਨਾਲ ਬੋਲਦਾ ਨਹੀਂ। ਸਭ ਦੀਆਂ ਕੋਠੀਆਂ ਵਿੱਚ ਤੀਸਰੀ ਮੰਜਿਲ ਤੇ ਸਰਵੈਂਟ ਕੁਆਟਰ ਹਨ..ਜੋ ਘਰ ਦੀ ਸਾਂਭ ਸਫਾਈ ਤੋਂ ਲੈ ਕੇ ਖਾਣਾ ਬਨਾਉਣ ਤੱਕ ਦਾ ਸਾਰਾ ਕੰਮ ਸੰਭਾਲਦੇ ਹਨ। ਕੋਈ ਗੇਟ ਖੋਹਲ ਕੇ ਧੁੱਪ ਸੇਕਣ ਲਈ ਨਹੀਂ ਬੈਠਦਾ। ਕਿਸੇ ਦੇ ਘਰ ‘ਚੋਂ ਬੱਚਿਆਂ ਦੇ ਰੋਣ ਜਾਂ ਹੱਸਣ ਦੀ ਆਵਾਜ਼ ਨਹੀਂ ਆਉਂਦੀ। ਕੋਈ ਗੁਆਂਢਣ ਛੱਤ ਤੇ ਕੱਪੜੇ ਸੁੱਕਣੇ ਪਾਉਣ ਨਹੀਂ ਆਉਂਦੀ। ਹਾਂ- ਸ਼ਾਮ ਨੂੰ ਕਿਸੇ ਕਿਸੇ ਦਾ ਨੌਕਰ ਮਾਲਕ ਦੇ ਕੁੱਤੇ ਨੂੰ ਸੈਰ ਕਰਾਣ ਜਰੂਰ ਲਿਜਾਂਦਾ ਦਿਸਦਾ।

ਉਸ ਨੂੰ ਆਪਣੇ ਮੁਹੱਲੇ ਦੀ ਰਹਿ ਰਹਿ ਕੇ ਯਾਦ ਸਤਾਉਂਦੀ..ਜਿਥੇ ਸਾਰਾ ਦਿਨ ਰੌਣਕ ਰਹਿੰਦੀ ਸੀ। ਰਲ਼ ਕੇ ਗੁਰਦੁਆਰੇ ਜਾਣਾ..ਸ਼ਾਮ ਨੂੰ ਪਾਰਕ ‘ਚ ਸੈਰ ਕਰਨਾ। ਜੇ ਕਿਸੇ ਦੇ ਘਰ ਦੁੱਖ ਸੁੱਖ ਤੇ ਜਾਣਾ ਤਾਂ ਇੱਕ ਦੂਜੇ ਨੂ ਵਾਜਾਂ ਮਾਰ ਲੈਣੀਆਂ। ਸਬਜ਼ੀ ਵਾਲੇ ਜਾਂ ਫਰੂਟ ਵਾਲੇ ਦੀ ਰੇਹੜੀ ਆਉਂਦੀ ਤਾਂ ਇੱਕ ਜਣੀ ਖੜਾ ਲੈਂਦੀ ਤੇ ਆਸ ਪੜੋਸ ਦੀਆਂ ਸਭ ਸੁਆਣੀਆਂ ਸਬਜ਼ੀ ਫਰੂਟ ਲੈਣ ਦੇ ਬਹਾਨੇ ਸਭ ਦਾ ਹਾਲ ਚਾਲ ਵੀ ਪੁੱਛ ਲੈਂਦੀਆਂ। ਉਥੇ ਤਾਂ ਇਹ ਵੀ ਪਤਾ ਹੁੰਦਾ ਕਿ ਅੱਜ ਕਿਸ ਘਰ ਸਾਗ ਬਣਿਆਂ ਹੈ ਤੇ ਕਿਸ ਦੇ ਕੜ੍ਹੀ। ਕਦੇ ਰੱਦੀ ਵਾਲਾ..ਕਦੇ ਕੁੱਕਰ ਗੈਸ ਠੀਕ ਕਰਨ ਵਾਲਾ..ਗੱਲ ਕੀ ਕੋਈ ਨਾ ਕੋਈ ਹੋਕਾ ਸੁਣਦਾ ਹੀ ਰਹਿੰਦਾ। ਨੂੰਹ ਪੁੱਤਰ ਦੇ ਆਉਣ ਤੱਕ ਉਹ ਸਬਜ਼ੀ ਲੈ ਕੇ ਬਣਾ ਵੀ ਛੱਡਦੀ। ਆਂਢ ਗੁਆਂਢ ਲੋੜ ਵੇਲੇ ਗੈਸ ਸਲੰਡਰ ਦੇ ਵੀ ਦਿੰਦੀ ਤੇ ਲੈ ਵੀ ਲੈਂਦੀ। ਮਿਸਜ਼ ਗੁਪਤਾ, ਮਿਸਜ਼ ਚਾਵਲਾ, ਮਿਸਜ਼ ਸ਼ਰਮਾ ਨਾਲ ਤਾਂ ਉਹ ਬਨੇਰੇ ਤੋਂ ਹੀ ਗੱਲਬਾਤ ਕਰ ਲੈਂਦੀ। ਦੁਪਹਿਰੇ ਕੰਮ ਵਾਲੀ ਕੰਮ ਕਰਨ ਆਉਂਦੀ ਤਾਂ ਕਈ ਘਰਾਂ ਦਾ ਹਾਲ ਸੁਣਾ ਜਾਂਦੀ। ਨਾਲ ਹੀ ਪੁਰਾਣੀ ਹੋਣ ਕਾਰਨ, ਸਾਰਾ ਦੁੱਖ ਸੁੱਖ ਸੁਣ ਲੈਂਦੀ। ਕਦੇ ਪਿੱਠ ਤੇ ਦੁਆਈ ਮਲ ਦਿੰਦੀ ਕਦੇ ਲੱਤਾਂ ਨੂੰ ਮਾਲਿਸ਼ ਵੀ ਕਰ ਦਿੰਦੀ।

ਪਰ ਇੱਧਰ ਤਾਂ ਸੜਕ ਤੇ ਸਿਰਫ ਗੱਡੀਆਂ ਹੀ ਆਉਂਦੀਆਂ ਜਾਂਦੀਆਂ ਦਿਸਦੀਆਂ..ਕੋਈ ਰੇਹੜੀ ਤਾਂ ਕੀ.. ਕੋਈ ਪੈਦਲ ਜਾਂਦਾ ਬੰਦਾ ਹੀ ਨਹੀਂ ਦਿਸਿਆ ਕਦੇ ਕੋਈ ਸੜਕ ਤੇ। ਨੂੰਹ ਪੁੱਤਰ ਵੀ ਸਾਰਾ ਦਿਨ ਕੰਮਾਂ ਤੇ ਚਲੇ ਜਾਂਦੇ..ਪੋਤਾ ਪੋਤੀ ਹੋਸਟਲ ‘ਚ ਪੜ੍ਹਦੇ..। ਉਦਾਸ ਹੋ ਕੇ ਉਹ ਆਪਣੀਆਂ ਸਹੇਲੀਆਂ ਨੂੰ ਫੋਨ ਕਰਦੀ..ਤਾਂ ਉਹ ਅੱਗੋਂ ਕਹਿੰਦੀਆਂ-

“ਤੁਸੀਂ ਤਾਂ ਹੁਣ ਪੌਸ਼ ਕਲੋਨੀ ‘ਚ ਚਲੇ ਗਏ ਹੋ..ਕਿੰਨਾ ਕੁ ਸਰਕਲ ਬਣ ਗਿਆ ਨਵਾਂ..ਸਾਨੂੰ ਭੁੱਲ ਨਾ ਜਾਇਓ..”

“ਲੈ ਤੁਹਾਨੂੰ ਕਿਵੇਂ ਭੁੱਲ ਸਕਦੀ ਹਾਂ..” ਕਹਿ ਉਹ ਫੋਨ ਕੱਟ ਦਿੰਦੀ ਪਰ ਉਸਦਾ ਅੰਦਰ ਰੋ ਰਿਹਾ ਹੁੰਦਾ।

ਇੱਕ ਦਿਨ ਉਹ ਬੇਟੇ ਨੂੰ ਪੁੱਛਣ ਲੱਗੀ-“ਆਪਣੇ ਆਸ ਪਾਸ ਵਾਲੇ ਕਦੇ ਦਿਖਾਈ ਨਹੀਂ ਦਿੱਤੇ?”

“ਮੰਮੀ.. ਇਹ ਪੌਸ਼ ਕਲੋਨੀ ਹੈ ਮੁਹੱਲਾ ਨਹੀਂ..ਇਥੇ ਵੱਡੇ ਲੋਕ ਰਹਿੰਦੇ ਨੇ..ਐਰੇ ਗੈਰੇ ਨਹੀਂ..ਸਭ ਬਿਜ਼ੀ ਨੇ ਆਪਣੇ ਕਾਰੋਬਾਰਾਂ ਵਿੱਚ..” ਤੇ ਫਿਰ ਕੁੱਝ ਰੁਕ ਕੇ ਕਹਿੰਦਾ-“ਤੁਸੀਂ ਸਾਰੀ ਉਮਰ ਬੜਾ ਕੰਮ ਕੀਤਾ ਮੰਮੀ..ਬੱਸ ਹੁਣ ਆਰਾਮ ਕਰੋ ਪੁੱਤਰ ਦੇ ਸਿਰ ਤੇ..ਨੌਕਰ ਚਾਕਰ ਆਪੇ ਸਾਰੇ ਕੰਮ ਕਰਨਗੇ..ਪਰ ਤੁਸੀਂ ਟੋਕਾ ਟਾਕੀ ਨਾ ਕਰਿਓ..ਨੌਕਰ ਮਿਲਦੇ ਨਹੀਂ ਸਹਿਜੇ ਕੀਤੇ..” ਕਹਿੰਦਿਆਂ ਹੋਇਆਂ ਉਹ ਬਾਹਰ ਚਲਾ ਗਿਆ।

“ਪੌਸ਼ ਕਲੋਨੀ..???” ਸੋਚ ਕੇ ਉਸ ਦਾ ਦਮ ਘੁੱਟਣ ਲੱਗਾ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>