ਗੁਰਦੁਆਰਾ ਚਰਨ ਕੰਵਲ ਸਾਹਿਬ ਸਲਾਨਾ ਗੁਰਮਤਿ ਸਮਾਗਮ ਤੇ ਵਿਸ਼ੇਸ਼

ਇਹ ਪਵਿੱਤਰ ਅਸਥਾਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਰਾਜਸਥਾਨ ਦੇ ਜ਼ਿਲ੍ਹੇ ਜੈਪੁਰ ਵਿੱਚ ਨਰੈਣਾ ਕਸਬੇ ਵਿੱਚ ਸੁਸ਼ੋਭਿਤ ਹੈ। ਜੈਪੁਰ ਤੋਂ ਅਜਮੇਰ ਵੱਲ ਜਾਂਦੀ ਸੜਕ ਤੇ ਜੈਪੁਰ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ ’ਤੇ ਦੂਦੂ ਨਾਮ ਦਾ ਇੱਕ ਪਿੰਡ ਹੈ, ਜਿਸ ਤੋਂ ਸੱਜੇ ਪਾਸੇ ਲਗਭਗ 12 ਕਿਲੋਮੀਟਰ ਦੀ ਦੂਰੀ ’ਤੇ ਨਰੈਣਾ ਨਾਮੀ ਇੱਕ ਕਸਬਾ ਹੈ। ਇਥੇ ਪ੍ਰਸਿੱਧ ਸੂਫੀ ਸੰਤ ਬਾਬਾ ਦੂਦੂ ਜੀ ਦੀ ਸਮਾਧ ਹੈ। ਤਲਵੰਡੀ ਸਾਬ੍ਹੋ ਤੋਂ ਦੱਖਣ ਵੱਲ ਜਾਂਦੇ ਸਮੇਂ ਮਾਰਚ 1707 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੇ ਚਰਨ ਪਾਏ ਸਨ।

ਇਤਿਹਾਸਿਕ ਜ਼ਿਕਰ ਹੈ ਕਿ ਗੁਰੂ ਜੀ ਜਦੋਂ ਨਰੈਣਾ ਪਹੁੰਚੇ, ਉਸ ਸਮੇਂ ਡੇਰੇ ਦਾ ਮਹੰਤ ਭਾਈ ਜੈਤਰਾਮ ਸੀ। ਉਹ ਖੁਦ ਬੜੇ ਉੱਚੇ ਜੀਵਨ ਅਤੇ ਬੰਦਗੀ ਵਾਲਾ ਵਿਅਕਤੀ ਸੀ। ਗੁਰੂ ਜੀ ਨੇ ਬਾਹਰ ਹੀ ਇੱਕ ਬੋਹੜ ਦੇ ਦਰੱਖਤ ਥੱਲੇ ਡੇਰਾ ਲਾ ਲਿਆ ਕਿਸੇ ਸਾਧੂ ਨੇ ਜੈਤਰਾਮ ਜੀ ਨੂੰ ਖ਼ਬਰ ਕਰ ਦਿੱਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਗੱਦੀ ਨਸ਼ੀਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰੇ ਲਾਮ ਲਸ਼ਕਰ ਸਮੇਤ ਪਧਾਰੇ ਹਨ। ਮਹੰਤ ਸੋਚਾਂ ਵਿੱਚ ਪੈ ਗਿਆ । ਉਹ ਸੰਤ ਦਾਦੂ ਜੀ ਦੀ ਗੱਦੀ ਦਾ ਮਹੰਤ ਸੀ, ਜਿਸ ਦੀ ਪੂਰੀ ਪਰੰਪਰਾ ਵਿੱਚ ਹਿੰਸਾ ਦਾ ਨਾਮ ਨਿਸ਼ਾਨ ਨਹੀਂ ਸੀ । ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰੂ ਜੀ ਸ਼ਸਤਰਧਾਰੀ ਹਨ। ਪਰ ਮਹੰਤ ਜੈਤ ਰਾਮ ਨੂੰ ਇੰਝ ਵੀ ਲੱਗਿਆ, ਜਿਵੇਂ ਖੁਦ ਸ੍ਰੀ ਗੁਰੂ ਨਾਨਕ ਦੇਵ ਜੀ ਦੂਦੂ ਦੇ ਮਹਿਮਾਨ ਬਣਕੇ ਆਏ ਹਨ ਤੇ ਦੂਦੂ ਜੀ ਦੇ ਪ੍ਰਮੁੱਖ ਸੇਵਾਦਾਰ ਦਾ ਫਰਜ਼ ਬਣਦਾ ਹੈ ਕਿ ਆਪਣੇ ਘਰ ਆਏ ਮਹਿਮਾਨ ਨੂੰ ਜੀ ਆਇਆਂ ਆਖੇ। ਜਦ ਉਸ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ, ਉਹ ਨਿਹਾਲ ਹੋ ਗਿਆ। ਗੁਰੂ ਜੀ ਨੇ ਪਿਆਰ ਨਾਲ ਉਸ ਨੂੰ ਕੋਲ ਬਿਠਾਇਆ ਤੇ ਵਿਚਾਰ ਵਟਾਂਦਰਾ ਕੀਤਾ।

ਹੁਣ ਖਾਣੇ ਦਾ ਸਮਾਂ ਹੋਣ ਵਾਲਾ ਸੀ। ਮਹੰਤ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ! ਅੱਜ ਭੋਜਨ ਸਾਡੇ ਨਾਲ ਛਕੋ। ਗੁਰੂ ਜੀ ਨੇ ਪ੍ਰਤਾਉਣ ਲਈ ਕਿਹਾ, ਮਹੰਤ ਜੀ ਤੁਹਾਡਾ ਨਿਉਤਾ ਸਵੀਕਾਰ ਹੈ। ਪਰ ਸਾਡੇ ਨਾਲ ਬਾਜ਼ ਵੀ ਹਨ, ਇਹਨਾਂ ਨੇ ਅਜੇ ਕੁਝ ਨਹੀਂ ਛਕਿਆ। ਪਹਿਲਾਂ ਇਹਨਾਂ ਨੂੰ ਰਜਾ ਲਵੋ, ਫਿਰ ਸਾਨੂੰ ਰਸਦ ਦੇ ਦੇਣੀ। ਸਾਡੇ ਲਾਂਗਰੀ ਭੋਜਨ ਤਿਆਰ ਕਰ ਲੈਣਗੇ। ਸੁਣ ਕੇ ਮਹੰਤ ਸੋਚਾਂ ਵਿੱਚ ਪੈ ਗਿਆ ਕਿ ਬਾਜ਼ ਤਾਂ ਮਾਸਾਹਾਰੀ ਪੰਛੀ ਹੈ ਤੇ ਉਹ ਨਿਰੋਲ ਵੈਸ਼ਨੋ ਹਨ। ਇਸ ਡੇਰੇ ਵਿੱਚ ਮਾਸ ਦਾ ਕੋਈ ਕੰਮ ਨਹੀਂ। ਬਾਜ਼ ਦੀ ਤ੍ਰਿਪਤੀ ਕਿਵੇਂ ਹੋਵੇਗੀ । ਜੇ ਬਾਜ਼ਾਂ ਨੂੰ ਭੋਜਨ ਨਾ ਮਿਲਿਆ ਤਾਂ ਗੁਰੂ ਜੀ ਵੀ ਨਹੀਂ ਛਕਣਗੇ। ਮਹੰਤ ਜੈਤਰਾਮ ਵੀ ਭਗਤੀ ਭਾਵ ਵਾਲਾ ਸੰਤ ਸੀ, ਉਸ ਦਾ ਹਿਰਦਾ ਅਰਦਾਸ ਵਿੱਚ ਜੁੜ ਗਿਆ, ਹੱਥ ਬੰਨ ਕੇ ਆਖਣ ਲੱਗਾ ਹੇ ਪਾਤਸ਼ਾਹ ! ਅੱਜ ਅਸੀਂ ਆਪ ਦੀ ਦੇ ਬਾਜ਼ਾਂ ਅੱਗੇ ਬੇਨਤੀ ਕਰਾਂਗੇ ਕਿ ਇਹ ਡੇਰਾ ਗਰੀਬ ਸ਼ਾਕਾਹਾਰੀ ਸਾਧਾਂ ਦਾ ਹੈ, ਇਥੇ ਮਾਸ ਨਹੀ ਮਿਲਣਾ। ਅੱਜ ਆਪ ਸਾਡੀ ਭਾਉ ਸਵੀਕਾਰ ਕਰਕੇ ਜਵਾਰ ਬਾਜਰੇ ਦਾ ਭੋਜਨ ਹੀ ਸਵੀਕਾਰ ਕਰੋ। ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਆਪ ਇਹਨਾਂ ਬਾਜ਼ਾਂ ਨੂੰ ਆਗਿਆ ਦਿਉ ਕਿ ਉਹ ਅੱਜ ਸਾਡਾ ਜਵਾਰ ਬਾਜਰੇ ਦਾ ਭੋਜਨ ਹੀ ਛਕ ਲੈਣ।

ਗੁਰੂ ਜੀ ਮੁਸਕਰਾ ਪਏ ਤੇ ਸਵੀਕਾਰਤਾ ਦੀ ਬਖਸ਼ੀਸ਼ ਕਰ ਦਿੱਤੀ। ਮਹੰਤ ਨੇ ਗਦ-ਗਦ ਹੋ ਕੇ ਰਸਦ ਲਿਆਂਦੀ ਤੇ ਗੁਰੂ ਜੀ ਦੇ ਲਾਂਗਰੀਆਂ ਨੂੰ ਲੰਗਰ ਤਿਆਰ ਕਰਨ ਲਈ ਦੇ ਦਿੱਤੀ। ਉਸ ਨੇ ਜਵਾਰ ਬਾਜਰਾ ਲਿਆਂਦਾ ਤੇ ਬਾਜ਼ਾਂ ਅੱਗੇ ਰੱਖ ਕੇ ਛਕਣ ਲਈ ਬੇਨਤੀ ਕੀਤੀ। ਸਾਰੇ ਸਾਧੂ ਅਤੇ ਸਿੱਖ ਦੇਖ ਕੇ ਹੈਰਾਨ ਰਹਿ ਗਏ ਕਿ ਬਾਜ਼ਾਂ ਨੇ ਤੁਰੰਤ ਭੋਜਨ ਛਕਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਲਾਂਗਰੀਆਂ ਨੇ ਭੋਜਨ ਤਿਆਰ ਕਰ ਲਿਆ। ਸਭ ਨੇ ਪ੍ਰੇਮ ਨਾਲ ਛਕਿਆ। ਤੀਜੇ ਪਹਿਰ ਗੁਰੂ ਜੀ ਮਹੰਤ ਦੀ ਬੇਨਤੀ ’ਤੇ ਦਾਦੂ ਜੀ ਦੇ ਡੇਰੇ ਅੰਦਰ ਗਏ। ਉਹਨਾਂ ਨੇ ਦਾਦੂ ਜੀ ਦੀ ਸਮਾਧ ਵੱਲ ਤੱਕ ਤੇ ਤੀਰ ਨਾਲ ਨਮਸਕਾਰ ਕੀਤੀ। ਇਸ ਕੌਤਕ ਨੂੰ ਨਾਲ ਗਏ ਸਿੰਘਾਂ ਨੇ ਬੜੀ ਅਸਚਰਜਤਾ ਨਾਲ ਵੇਖਿਆ। ਗੁਰੂ ਜੀ ਤਾਂ ਆਪਣੇ ਸਿੱਖਾਂ ਨੂੰ ਮੜ੍ਹੀਆਂ ਮਸਾਣਾਂ ਨੂੰ ਪੂਜਣ ਤੋਂ ਰੋਕਦੇ ਹਨ, ਫਿਰ ਖੁਦ ਉਹਨਾਂ ਦੇ ਦਾਦੂ ਜੀ ਦੀ ਸਮਾਧ ਨੂੰ ਨਮਸਕਾਰ ਕਿਉਂ ਕੀਤੀ? ਦਾਦੂ ਜੀ ਦੇ ਡੇਰੇ ਚਰਨ ਪਾ ਕੇ ਗੁਰੂ ਜੀ ਆਪਣੇ ਤੰਬੂ ਵਿੱਚ ਆ ਗਏ ’ਤੇ ਆਰਾਮ ਕਰਨ ਲੱਗੇ। ਇਨੇ ਨੂੰ ਸਿੰਘ ਵੀ ਆ ਗਏ ਅਤੇ ਬਿਨੇ ਕਰਨ ਲੱਗੇ ਕਿ ਮਹਾਰਾਜ ! ਆਪ ਤਾਂ ਅਭੁੱਲ ਹੋ, ਅਸੀਂ ਭੁੱਲਣਹਾਰ ਹਾਂ, ਪਰ ਆਪ ਜੀ ਨੇ ਦਾਦੂ ਜੀ ਦੀ ਸਮਾਧ ਨੂੰ ਨਮਸਕਾਰ ਕਰਕੇ ਆਪਣੇ ਹੀ ਦਰਸਾਏ ਹੋਏ ਅਸੂਲਾਂ ਦੀ ਉਲੰਘਣਾ ਕੀਤੀ ਹੈ। ਇਸ ਲਈ ਆਪ ਤਨਖ਼ਾਹ ਦੇ ਭਾਗੀਦਾਰ ਹੋ। ਗੁਰੂ ਜੀ ਕਹਿਣ ਲੱਗੇ ਮੇੈ ਇਹ ਅਵੱਗਿਆ ਜਾਣ ਬੁੱਝ ਕੇ ਖ਼ਾਲਸੇ ਨੂੰ ਪਰਖਣ ਵਾਸਤੇ ਕੀਤੀ ਸੀ। ਪਰ ਅਵੱਗਿਆ, ਅਵੱਗਿਆ ਹੀ ਹੈ। ਮੈਂ ਤਨਖ਼ਾਹ ਲਵਾਉਣ ਲਈ ਤਿਆਰ ਹਾਂ। ਸਿੰਘਾਂ ਨੇ ਦੀਵਾਨ ਸਜਾਇਆ ਤੇ ਤਨਖ਼ਾਹ ਲਗਾਉਣ ਬਾਰੇ ਵਿਚਾਰ ਕੀਤੀ। ਤਨਖ਼ਾਹ ਦੀ ਰਕਮ ਬਾਰੇ ਇਤਿਹਾਸਕਾਰਾਂ ਦੀਆਂ ਵੱਖ-ਵੱਖ ਰਾਵਾਂ ਹਨ। ਭਾਈ ਵੀਰ ਸਿੰਘ ਜੀ ਅਨੁਸਾਰ ਸਵਾ ਸੌ ਰੁਪਏ ਦੀ ਤਨਖ਼ਾਹ ਲਗਾਈ ਗਈ, ਜੋ ਗੁਰੂ ਜੀ ਉਸ ਸਮੇਂ ਦੇ ਦਿੱਤੇ। ਸਿੰਘਾਂ ਨੇ ਇਸ ਰਕਮ ਨਾਲ ਲੰਗਰ ਵਾਸਤੇ ਤੰਬੂ ਬਣਵਾਇਆ। “ਸੂਰਜ ਪ੍ਰਕਾਸ਼” ਅਨੁਸਾਰ ਤਨਖ਼ਾਹ ਦੀ ਰਕਮ ਪੰਜ ਸੌ ਰੁਪਏ ਸੀ, ਜੋ ਗੁਰੂ ਜੀ ਨੇ ਹੱਸ ਕੇ ਦੇ ਦਿੱਤੇ। ਇਸ ਰਕਮ ਦਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਗਿਆ ਤੇ ਸਾਰੀ ਸੰਗਤ ਵਿੱਚ ਖੁੱਲਾ ਵਰਤਾਇਆ ਗਿਆ।

ਕੁਝ ਸਮਾਂ ਪਹਿਲਾਂ ਜੈਪੁਰ ਦੀ ਸੰਗਤ ਨੇ ਨਰੈਣਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਾਉਣ ਦਾ ਉਪਰਾਲਾ ਕੀਤਾ। ਇਹ ਸ਼ਹਿਰ ਤੋਂ ਬਾਹਰ ਨਰੈਣਾ ਦੂਦੂ ਸੜਕ ਤੇ ਸਥਿਤ ਹੈ। ਇਥੇ ਜੈਪੁਰ ਦੀ ਸੰਗਤ ਨੇ ਉਸਾਰੀ ਆਰੰਭ ਕੀਤੀ। ਇੱਕ ਕਮਰਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਵੱਡੇ ਗੁਰਦੁਆਰੇ ਦੀ ਉਸਾਰੀ ਲਈ 1990 ਵਿੱਚ ਕਾਰ ਸੇਵਾ, ਖਡੂਰ ਸਾਹਿਬ ਵਾਲੇ ਸੰਤ ਬਾਬਾ ਉੱਤਮ ਸਿੰਘ ਜੀ ਤੇ ਬਾਬਾ ਅਮਰ ਸਿੰਘ ਜੀ, ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਐਮ.ਪੀ.) ਨੇ ਸੇਵਾ ਸੰਭਾਲੀ ਤੇ ਨਵੇਂ ਗੁਰਦੁਆਰੇ ਦੀ ਉਸਾਰੀ ਆਰੰਭ ਕਰਵਾਈ । ਉਹਨਾਂ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਨੇ ਸੇਵਾ ਸੰਭਾਲ ਕੀਤੀ ਤੇ ਗੁਰਦੁਆਰਾ ਸਾਹਿਬ ਵਿਖੇ ਸ਼ਾਨਦਾਨ ਦਰਬਾਰ ਹਾਲ ਤਿਆਰ ਕੀਤਾ। ਇਸ ਇਤਿਹਾਸਕ ਸਥਾਨ ਦੀ ਯਾਤਰਾ ਲਈ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਯਾਤਰੂਆਂ ਦੇ ਆਉਣ ਸੰਭਾਵਨਾ ਸੀ, ਇਸ ਲਈ ਸੰਗਤਾਂ ਦੀ ਸਹੂਲਤ ਲਈ 30 ਕਮਰਿਆਂ ਦੀ ਇੱਕ ਸਰਾਂ ਤਿਆਰ ਕਰਵਾਈ ਗਈ । ਇੱਕ ਵਿਸ਼ਾਲ ਲੰਗਰ ਹਾਲ ਵੀ ਤਿਆਰ ਹੋ ਗਿਆ ਹੈ। ਜੈਪੁਰ ਤੋਂ ਅਜਮੇਰ ਜਾਣ ਵਾਲੀ ਰੇਲਵੇ ਲਾਈਨ ’ਤੇ ਨਰੈਣਾ ਸਟੇਸ਼ਨ ਵੀ ਹੈ, ਜੋ ਫੁਲੈਹਰਾ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਹੈ। ਰੇਲ ਰਾਹੀਂ ਸਫ਼ਰ ਦੀ ਸਹਲੂਤ ਨੇ ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਸੰਗਤਾਂ ਵਿੱਚ ਵਧੇਰੇ ਉਤਸ਼ਾਹ ਪੈਦਾ ਕਰ ਦਿੱਤਾ ਹੈ। ਵਰਤਮਾਨ ਸਮੇਂ ਵਿੱਚ ਬਾਬਾ ਸੇਵਾ ਸਿੰਘ ਜੀ ਵਲੋਂ ਨਰੈਣੇ ਤੋਂ ਦੂਦੂ ਤੱਕ ਜਾਂਦੀ ਸੜਕ ਤੇ ਦੋਵੇਂ ਪਾਸੇ ਨਿੰਮ ਦੇ ਦਰੱਖਤ ਲਗਵਾਏ ਗਏ ਹਨ ਅਤੇ ਹੋਰ ਬੂਟੇ ਲਗਾਉਣ ਦਾ ਕਾਰਜ਼ ਜ਼ਾਰੀ ਹੈ, ਜਿਨਾਂ ਦੀ ਸੇਵਾ ਸੰਭਾਲ ਲਈ ਹਰ ਤਰ੍ਹਾਂ ਦੇ ਯਤਨ ਹੋ ਰਹੇ ਹਨ। ਸਮੂਹ ਸਾਧ ਸੰਗਤ  ਦੇ ਸਹਿਯੋਗ ਨਾਲ ਕਾਰ ਸੇਵਾ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ 26 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ ਅਤੇ ਕਥਾਵਾਚਕ ਪਹੁੰਚ ਰਹੇ ਹਨ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>