ਕੁੱਝ ਪੜ੍ਹੇ ਲਿਖੇ ਵੀ ਅਨਪੜ੍ਹ ਲੋਕ..!

ਤੁਸੀਂ ਹੈਰਾਨ ਹੋਵੋਗੇ ਕਿ ਪੜ੍ਹੇ ਲਿਖੇ ਅਨਪੜ੍ਹ ਕਿਵੇਂ ਹੋ ਸਕਦੇ ਹਨ? ਪਰ ਮੇਰਾ ਇਸ ਤਰ੍ਹਾਂ ਦੇ ਕੁੱਝ ਕੁ ਲੋਕਾਂ ਨਾਲ ਵਾਹ ਪਿਆ ਹੈ। ਸੋ ਮੈਂ ਆਪਣੇ ਤਜਰਬੇ ਦੇ ਅਧਾਰ ਤੇ ਇਹ ਗੱਲ ਠੋਕ ਵਜਾ ਕੇ ਕਹਿ ਸਕਦੀ ਹਾਂ ਕਿ ਕਈ ਲੋਕ ਪੜ੍ਹ ਲਿਖ ਕੇ ਵੀ ਅਨਪੜ੍ਹ ਹੀ ਰਹਿੰਦੇ ਹਨ ਜਦ ਕਿ ਕਈ ਅਨਪੜ੍ਹ ਹੁੰਦੇ ਹੋਏ ਵੀ ਇੰਨੇ ਸੂਝਵਾਨ ਹੁੰਦੇ ਹਨ ਕਿ ਪੜ੍ਹੇ ਲਿਖੇ ਵੀ ਉਹਨਾਂ ਦੀ ਸ਼ਬਦਾਵਲੀ ਅਤੇ ਸੂਝ ਸਿਆਣਪ ਦੇ ਕਾਇਲ ਹੁੰਦੇ ਹਨ। ਮੇਰਾ ਖਿਆਲ ਹੈ ਕਿ ਬਹੁਤੀਆਂ ਡਿਗਰੀਆਂ ਕਰਨ ਨਾਲ ਬੰਦਾ ਪੜ੍ਹਿਆ ਲਿਖਿਆ ਕਹਾਉਣ ਤਾਂ ਲੱਗ ਜਾਂਦਾ ਹੈ ਪਰ ਉਹ ਕਿੰਨਾ ਕੁ ਸਿਆਣਾ ਹੋ ਗਿਆ ਹੈ ਜਾਂ ਉਸ ਦੀ ਬੁੱਧੀ ਕਿੰਨੀ ਕੁ ਵਿਕਸਿਤ ਹੋਈ ਹੈ ਇਹ ਤਾਂ ਉਸ ਨਾਲ ਵਾਹ ਪੈਣ ਤੇ ਹੀ ਪਤਾ ਲਗਦਾ ਹੈ।

ਇੱਕ ਦਿਨ ਮੈਂਨੂੰ ਵਟਸਐਪ ਤੇ ਕਿਸੇ ਨੇ ਮੈਸਜ ਕੀਤਾ ਕਿ- ਤੁਹਾਡੀ ਕਹਾਣੀ ਪੜ੍ਹੀ ਬਹੁਤ ਚੰਗੀ ਲੱਗੀ। ਮੈਂ ਹੈਰਾਨ ਹੋਈ ਤੇ ਉਸ ਸ਼ਖਸ ਨੂੰ ਪੁੱਛਿਆ ਕਿ- ਤੁਸੀਂ ਕੌਣ ਹੋ.. ਕਿਹੜੀ ਕਹਾਣੀ..ਕਿਸ ਪੇਪਰ ਜਾਂ ਰਸਾਲੇ ‘ਚ ਪੜ੍ਹੀ ਹੈ? ਤਾਂ ਉਸ ਨੇ ਆਪਣਾ ਨਾਮ ਦੱਸਦੇ ਹੋਏ ਇਹ ਵੀ ਦੱਸਿਆ ਕਿ –‘ਮੈਂ ਐਮ. ਬੀ. ਏ. ਦਾ ਸਟੂਡੈਂਟ ਹਾਂ ਤੇ ਇੱਕ ਨਰਸਿੰਗ ਹੋਮ ਵਿੱਚ ਆਪਣੀ ਮਦਰ ਨੂੰ ਦਿਖਾਣ ਆਇਆ ਸੀ। ਉਥੇ ਵੇਟਿੰਗ ਰੂਮ ‘ਚ ਬੈਠਿਆਂ ਪੇਪਰ ਵਿੱਚ ਤੁਹਾਡੀ ਕਹਾਣੀ ਪੜ੍ਹੀ’ ਤੇ ਨਾਲ ਹੀ ਵਟਸਐਪ ਤੇ ਉਸ ਰਚਨਾ ਦੀ ਫੋਟੋ ਭੇਜ ਦਿੱਤੀ। ਉਹ ਇੱਕ ਮੈਗਜ਼ੀਨ ‘ਚ ਛਪੀ ਮੇਰੀ ਇੱਕ ਕਵਿਤਾ ਸੀ। ਮੈਂ ਹੈਰਾਨ ਹੋਈ ਇਹ ਦੇਖ ਕੇ ਕਿ- ਇੰਨਾ ਪੜ੍ਹੇ ਲਿਖੇ ਲੜਕੇ ਨੂੰ ਕਹਾਣੀ ਤੇ ਕਵਿਤਾ ਦਾ ਫਰਕ ਨਹੀਂ ਪਤਾ? ਸਾਡੇ ਬੱਚੇ ਡਿਗਰੀਆਂ ਲੈ ਕੇ ਵੀ ਸਾਹਿਤ ਤੋਂ ਬਿਲਕੁੱਲ ਕੋਰੇ ਕਿਉਂ ਹਨ? ਕੀ ਇਹਨਾਂ ਨੇ ਕਦੇ ਕੋਈ ਕਵਿਤਾ ਕਹਾਣੀ ਨਹੀਂ ਪੜ੍ਹੀ ਹੋਏਗੀ? ਇਹ ਪੜ੍ਹੇ ਲਿਖੇ ਹਨ ਜਾਂ ਅਨਪੜ੍ਹ? ਇਹ ਜ਼ਿੰਦਗੀ ਦੇ ਇਮਤਿਹਾਨ ਕਿਵੇਂ ਪਾਸ ਕਰਨਗੇ? ਇਸ ਤਰ੍ਹਾਂ ਦੇ ਕਈ ਸਵਾਲ ਮੇਰੇ ਅੰਦਰ ਖੌਰੂ ਪਾਉਣ ਲੱਗੇ।

ਪੁਰਾਣੇ ਸਮੇਂ ਦੀ ਪੜ੍ਹਾਈ ਤੇ ਅੱਜਕਲ ਦੀ ਪੜ੍ਹਾਈ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮੇਰੇ ਪਿਤਾ ਜੀ ਹਾਲਾਤ ਵੱਸ ਕੇਵਲ ਉਸ ਸਮੇਂ ਦੀ ਮਿਡਲ ਪਾਸ ਕਰਨ ਬਾਅਦ ਹੋਰ ਨਹੀਂ ਸੀ ਪੜ੍ਹ ਸਕੇ। ਪਰ ਉਹਨਾਂ ਦੀ ਇੰਗਲਿਸ਼, ਉਰਦੂ ਤੇ ਪੰਜਾਬੀ ਤੇ ਪੂਰੀ ਪਕੜ ਸੀ। ਸ਼ਾਇਰੋ ਸ਼ਾਇਰੀ ਸੁਣਨ ਦਾ ਤੇ ਚੰਗੀਆਂ ਕਿਤਾਬਾਂ ਪੜ੍ਹਨ ਦੇ ਸ਼ੌਕ ਕਾਰਨ, ਖੇਤੀ ਬਾੜੀ ਕਰਦੇ ਹੋਏ ਵੀ ਉਹਨਾਂ ਦਾ ਗਿਆਨ ਭੰਡਾਰ ਸਾਡੇ ਤੋਂ ਵੱਧ ਸੀ। ਉਹਨਾਂ ਨੂੰ ਬਹੁਤ ਸਾਰੇ ਨਾਮਵਰ ਸ਼ਾਇਰਾਂ ਦੇ ਸ਼ੇਅਰ ਜ਼ੁਬਾਨੀ ਯਾਦ ਸਨ ਜੋ ਉਹ ਮਰਦੇ ਦਮ ਤੱਕ ਸਾਨੂੰ ਸੁਣਾਉਂਦੇ ਰਹੇ। ਇਸੇ ਤਰ੍ਹਾਂ ਮੇਰੇ ਸਹੁਰਾ ਸਾਹਿਬ ਵੀ ਆਪਣੇ ਸਮੇਂ ਦੇ ਗਿਆਨੀ ਟੀਚਰ ਸਨ ਪਰ ਉਹਨਾਂ ਦੇ ਹੁੰਦਿਆਂ ਪਰਿਵਾਰ ਦੇ ਕਿਸੇ ਜੀਅ ਨੂੰ ਕਦੇ ਇੰਗਲਿਸ਼ ਦੀ ਡਿਕਸ਼ਨਰੀ ਖੋਲ੍ਹਣ ਦੀ ਲੋੜ ਨਹੀਂ ਸੀ ਪੈਂਦੀ। ਉਹ ਪਾਠਕ ਇੰਨੇ ਵੱਡੇ ਸਨ ਕਿ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚੋਂ ਅੰਗਰੇਜ਼ੀ ਦੀਆਂ ਚੰਗੀਆਂ ਪੁਸਤਕਾਂ ਮੰਗਵਾ ਕੇ ਅਕਸਰ ਹੀ ਪੜ੍ਹਦੇ ਰਹਿੰਦੇ। ਪੁਰਾਣੇ ਪੜ੍ਹੇ ਹੋਏ ਕਿਸੇ ਬਜ਼ੁਰਗ ਦੀ ਮਿਸਾਲ ਲੈ ਲਵੋ, ਉਹਨਾਂ ਦੀ ਵਿਦਵਤਾ ਦਾ ਮੁਕਾਬਲਾ ਅੱਜ ਦੇ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਬੱਚੇ ਵੀ ਨਹੀਂ ਕਰ ਸਕਦੇ। ਸਾਡੀ ਵਿਦਿਆ ਦਾ ਮਿਆਰ ਕਿਉਂ ਇੰਨਾ ਗਿਰ ਗਿਆ ਹੈ? ਇਹ ਵਿਚਾਰਨ ਦੀ ਲੋੜ ਹੈ।

ਹੋਰ ਤਾਂ ਹੋਰ, ਮਨ ਨੂੰ ਸਭ ਤੋਂ ਵੱਧ ਠੇਸ ਉਦੋਂ ਪਹੁੰਚਦੀ ਹੈ ਜਦੋਂ ਇਹ ਦੇਖਦੇ ਹਾਂ ਕਿ ਸਾਡੇ ਬੱਚਿਆਂ ਨੂੰ ਮਾਂ- ਬੋਲੀ ਵੀ ਨਹੀਂ ਚੱਜ ਨਾਲ ਆਉਂਦੀ। ਪਿਛਲੇ ਸਾਲ ਮੈਂ ਇੰਡੀਆਂ ਗਈ ਤਾਂ ਸਾਡੇ ਮੁਹੱਲੇ, ਚੌਂਕ ਵਿੱਚ ਇੱਕ ਬੋਰਡ ਲੱਗਾ ਹੋਇਆ ਸੀ- ਜਿਸ ਤੇ ਲਿਖਿਆ ਹੋਇਆ ਸੀ- ‘ਨਵੇਂ ਸਾਲ ਦੀਆਂ ਲੱਖ ਲੱਖ ਵਧਾਇਆਂ’। ਮੈਂ ਜਦੋਂ ਉਥੋਂ ਲੰਘਾਂ- ਮਨ ਨੂੰ ‘ਵਧਾਈਆਂ’ ਦੇ ਲਿਖੇ ਗਲਤ ਸਪੈਲਿੰਗ ਬਹੁਤ ਦੁਖੀ ਕਰਨ। ਸੋਚਾਂ- ਪੇਂਟਰ ਦੀ ਗਲਤੀ ਹੋਏਗੀ। ਪਰ ਕੀ ਅਸੀਂ ਬੋਰਡ ਲਵਾਉਣ ਤੋਂ ਪਹਿਲਾਂ ਚੈੱਕ ਨਹੀਂ ਕਰਦੇ। ਇਸ ਚੌਂਕ ਵਿਚੋਂ ਲੰਘ ਕੇ ਕਿੰਨੇ ਬੱਚੇ ਸਕੂਲਾਂ ਨੂੰ ਪੜ੍ਹਨ ਜਾਂਦੇ ਹਨ। ਸੋ ਉਹਨਾਂ ਸਾਰਿਆਂ ਦੇ ਦਿਮਾਗ ਵਿੱਚ ਇਹੀ ਗਲਤ ਸਪੈਲਿੰਗ ਹੀ ਬੈਠ ਜਾਣਗੇ। ਦੋ ਚਾਰ ਦਿਨਾਂ ਬਾਅਦ ਮੈਂ ਪਤਾ ਕੀਤਾ ਕਿ- ਬੋਰਡ ਕਿਸ ਨੇ ਲਵਾਇਆ ਹੈ? ਉਸ ਘਰ ਜਾ ਕੇ ਪੁੱਛਿਆ ਤਾਂ ਉਹਨਾਂ ਬੜੇ ਮਾਣ ਨਾਲ ਦੱਸਿਆ ਕਿ- ‘ਸਾਡੇ ਕਾਲਜ ਵਿੱਚ ਬੀ. ਏ. ਦੇ ਤੀਜੇ ਸਾਲ ਵਿੱਚ ਪੜ੍ਹਦੇ ਮੁੰਡੇ ਨੇ ਕੋਲ ਖੜ੍ਹ ਕੇ ਪੇਂਟਰ ਤੋਂ ਲਿਖਵਾਇਆ ਹੈ’। ਪਰਿਵਾਰ ਪੜ੍ਹਿਆ ਲਿਖਿਆ ਸੀ ਪਰ ਮੈਂ ਹੈਰਾਨ ਸਾਂ ਕਿ ਕਿਸੇ ਨੂੰ ਵੀ ਉਸ ਗਲਤੀ ਦੀ ਸੁੱਧ- ਬੁੱਧ ਨਹੀਂ ਸੀ। ਇਸ ਤੋਂ ਬਿਨਾ ਸਰਕਾਰੀ ਬੋਰਡਾਂ ਦਾ ਹਾਲ ਵੀ ਸੁਣ ਲਵੋ। ਲੁਧਿਆਣੇ ਵਰਗੇ ਸ਼ਹਿਰ ਵਿੱਚ ਵੀ ਇੱਕ ਸੜਕ ਤੇ ਕੁੜੀਆਂ ਦੇ ਸਕੂਲ ਵੱਲ ਇਸ਼ਾਰਾ ਕਰਦਾ ਇੱਕ ਬੋਰਡ ਲੱਗਾ ਹੋਇਆ ਹੈ- ਜਿਸ ਤੇ ਲਿਖਿਆ ਹੋਇਆ-“ਸਰਕਾਰੀ ਸੀਨੀਅਰ ਸੈਕੰਡਰੀ ਸਕੂਲ-ਲੜਕਿਆਂ”। ਭਾਈ ਇਹ ਉਸ ਸਰਕਾਰ ਦਾ ਹਾਲ ਹੈ ਜੋ ਹਰ ਸਾਲ ਪੰਜਾਬੀ ਸੂਬੇ ਦੀ ਵਰ੍ਹੇ ਗੰਢ ਬੜੇ ਵੱਡੇ ਪੱਧਰ ਤੇ ਮਨਾਉਂਦੀ ਹੈ।

ਮੈਂਨੂੰ ਲਗਦਾ ਕਿ ਅੰਗਰੇਜ਼ੀ ਸਕੂਲਾਂ ਵੱਲ ਵਧ ਰਹੀ ਦੌੜ ਕਾਫ਼ੀ ਹੱਦ ਤੱਕ ਇਸ ਲਈ ਜ਼ਿੰਮੇਵਾਰ ਹੈ। ਜਦ ਬੱਚੇ ਦੀ ਮਾਂ ਬੋਲੀ ਸਿੱਖਣ ਦੀ ਉਮਰ ਸੀ- ਅਸੀਂ ਅੰਗਰੇਜ਼ ਬਨਾਉਣ ਲੱਗ ਪਏ। ਉਹ ਵਿਚਾਰੇ ਕੋਈ ਭਾਸ਼ਾ ਵੀ ਪੂਰੀ ਤਰ੍ਹਾਂ ਸਿੱਖ ਨਹੀਂ ਸਕੇ। ਬਾਕੀ ਸਰਕਾਰੀ ਸਕੂਲਾਂ ਵਿੱਚ ਸਟਾਫ ਪੁਰਾ ਕਰਨ ਜਾਂ ਸਹੂਲਤਾਂ ਦੇਣ ਦੀ ਬਜਾਏ, ਸਰਕਾਰ ਨੇ ਅੰਕੜੇ ਦਿਖਾਣ ਲਈ 14 ਸਾਲ ਤੱਲ ਲਾਜ਼ਮੀ ਸਿੱਖਿਆ ਕਰ ਦਿੱਤੀ। ਜਿਸ ਨੇ ਸਰਕਾਰੀ ਅਧਿਆਪਕਾਂ ਤੇ ਐਸਾ ਡੰਡਾ ਚਾੜ੍ਹਿਆ ਕਿ ਉਹਨਾਂ ਨੂੰ ਵੀ ਗਿਣਤੀ ਪੂਰੀ ਕਰਨ ਲਈ, ਘਰ ਬੈਠੇ ਬੱਚੇ ਵੀ ਰਜਿਸਟਰ ਕਰਨੇ ਪਏ। ਫਿਰ ਹੁਕਮ ਆਇਆ ਕਿ ਪੰਜਵੀਂ ਤੱਕ ਕੋਈ ਫੇਲ੍ਹ ਨਹੀਂ ਕਰਨਾ ਤੇ ਅੱਠਵੀਂ ਤੱਕ ਨਾਮ ਨਹੀਂ ਕੱਟਣਾ। ਬੱਚਿਆਂ ਦਾ ਪੜ੍ਹਾਈ ਦਾ ਫਿਕਰ ਬਿਲਕੁੱਲ ਹੀ ਚੁੱਕਿਆ ਗਿਆ। ਬਿਨਾਂ ਸਕੂਲ ਆਏ ਤੇ ਬਿਨਾ ਪੜ੍ਹੇ, ਪਾਸ ਹੋਏ ਬੱਚਿਆਂ ਦੇ ਪੱਲੇ ਕੀ ਹੋਏਗਾ- ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ।

ਬਾਕੀ ਪ੍ਰਾਈਵੇਟ ਸਕੂਲ ਮੋਟੀਆਂ ਫੀਸਾਂ ਲੈਂਦੇ ਹਨ ਪਰ ਬੱਚੇ ਫਿਰ ਟਿਊਸ਼ਨਾਂ ਦੇ ਸਿਰ ਤੇ ਪੜ੍ਹਦੇ ਹਨ। ਇੰਡੀਆ ਵਿੱਚ ਕੁੱਝ (ਸਾਰੇ ਨਹੀਂ) ਐਸੇ ਸਕੂਲ ਕਾਲਜ ਵੀ ਸੁਣੇ ਹਨ ਜੋ ਕਹਿੰਦੇ ਹਨ ਕਿ ਹਰ ਰੋਜ਼ ਕਾਲਜ ਆਉਣ ਦੀ ਲੋੜ ਨਹੀਂ। ਫੀਸ ਦੇਈ ਜਾਓ ਤੇ ਡਿਗਰੀ ਲੈ ਜਾਣਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕਿ- ਇਹ ਡਿਗਰੀਆਂ ਪ੍ਰਾਪਤ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਕਿ ਅਨਪੜ੍ਹ? ਕੁੱਝ ਪ੍ਰੋਫੈਸ਼ਨਲ ਜਾਂ ਮੈਡੀਕਲ ਕਾਲਜ ਐਸੇ ਵੀ ਹਨ ਜੋ ਡੋਨੇਸ਼ਨ ਤੇ ਮੋਟੀਆਂ ਫੀਸਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਾਸ ਕਰਨ ਜਾਂ ਸਪਲੀ ਕਲੀਅਰ ਕਰਨ ਦੇ ਫਿਰ ਹਜ਼ਾਰਾਂ ਲੈਂਦੇ ਹਨ। ਮਾਪੇ ਵਿਚਾਰੇ ਆਪਣੇ ਬੱਚਿਆਂ ਦੀ ਖਾਤਿਰ ਸਭ ਜਰੀ ਜਾ ਰਹੇ ਹਨ। ਹੁਣ ਸੋਚਣ ਵਾਲੀ ਇੱਕ ਹੋਰ ਗੱਲ ਇਹ ਵੀ ਹੈ ਕਿ ਜਿਸ ਬੱਚੇ ਨੇ ਬਿਨਾਂ ਲਿਆਕਤ ਦੇ, ਕੇਵਲ ਪੈਸੇ ਦੇ ਜ਼ੋਰ ਨਾਲ ਡਿਗਰੀ ਲਈ ਹੋਏਗੀ, ਉਸ ਨੇ ਸਮਾਜ ਦਾ ਤਾਂ ਕੀ ਸੁਆਰਨਾ ਸਗੋਂ ਉਹ ਉਸ ਤੋਂ ਕਈ ਗੁਣਾ ਵੱਧ ਜਾਇਜ਼ ਨਜਾਇਜ਼ ਢੰਗ ਨਾਲ ਕਮਾਉਣ ਦੀ ਹੀ ਸੋਚੇਗਾ ਨਾ!

ਇਸ ਤੋਂ ਸਾਨੂੰ ਇਸ ਨਤੀਜੇ ਤੇ ਨਹੀਂ ਪੁੱਜ ਜਾਣਾ ਚਾਹੀਦਾ ਕਿ ਸਾਰੇ ਵਿਦਿਅਕ ਅਦਾਰੇ ਹੀ ਐਸੇ ਹਨ। ਸਾਥੀਓ- ਜੇ ਬੁਰਾਈ ਹੈ ਤਾਂ ਚੰਗਿਆਈ ਦਾ ਬੀਜ ਵੀ ਕਦੇ ਨਾਸ ਨਹੀਂ ਹੁੰਦਾ। ਕੁੱਝ ਸੁਹਿਰਦ ਪੁਰਸ਼ਾਂ ਨੇ ਉਪਰਾਲੇ ਕਰਕੇ ਅਜੇਹੇ ਵਿਦਿਅਕ ਅਦਾਰੇ ਵੀ ਖੋਹਲੇ ਹਨ ਜਿੱਥੇ ਬਹੁਤ ਘੱਟ ਫੀਸ ਤੇ ਸਟੈਂਡਰਡ ਦੀ ਪੜ੍ਹਾਈ ਹੁੰਦੀ ਹੈ। ਜਿੱਥੇ ਪੜ੍ਹਾਈ ਦੇ ਨਾਲ ਨਾਲ ਇਨਸਾਨੀ ਕਦਰਾਂ ਕੀਮਤਾਂ ਵੀ ਸਿਖਾਈਆਂ ਜਾਂਦੀਆਂ ਹਨ। ਭਾਵੇਂ ਉਹ ਗਿਣਤੀ ਵਿੱਚ ਅਜੇ ਬਹੁਤੇ ਨਹੀਂ ਪਰ ਆਸ ਕਰਦੇ ਹਾਂ ਨੇੜ ਭਵਿੱਖ ਵਿੱਚ ਉਹ ਮਾਨਵਤਾ ਲਈ ਇੱਕ ਚਾਨਣ ਮੁਨਾਰਾ ਸਿੱਧ ਹੋਣਗੇ। ਇਹਨਾਂ ਵਿੱਚ ‘ਬਾਬਾ ਆਇਆ ਸਿੰਘ ਰਿਆੜਕੀ- ਕਾਲਜ, ਤੁਗਲਾਂਵਾਲਾ- ਗੁਰਦਾਸਪੁਰ’ ਦਾ ਨਾਮ ਲਿਆ ਜਾ ਸਕਦਾ ਹੈ। ਜਿੱਥੇ ਬਹੁਤ ਘੱਟ ਸਟਾਫ ਨਾਲ ਮਿਆਰੀ ਵਿਦਿਆ ਦਿੱਤੀ ਜਾ ਰਹੀ ਹੈ। ਵੱਡੀਆਂ ਜਮਾਤਾਂ ਦੇ ਹੁਸ਼ਿਆਰ ਬੱਚੇ ਛੋਟੀਆਂ ਜਮਾਤਾਂ ਨੂੰ ਪੜ੍ਹਾ ਦਿੰਦੇ ਹਨ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਵੀ ਆਧੁਨਿਕ ਸਹੂਲਤਾਂ ਨਾਲ ਲੈਸ ‘ਨਿਸ਼ਾਨ-ਇ-ਸਿੱਖੀ’ ਬਣਾ ਕੇ, ਵਿਦਿਆਰਥੀਆਂ ਨੂੰ ਕੰਪੀਟੀਸ਼ਨਾਂ ਲਈ ਤਿਆਰ ਕਰਨ ਦਾ ਬੀੜਾ ਚੁੱਕਿਆ ਹੈ ਜਿਸ ਦੇ ਬਹੁਤ ਸਾਰਥਕ ਨਤੀਜੇ ਨਿਕਲ ਰਹੇ ਹਨ। ਯਾਦ ਰਹੇ ਕਿ ਖਡੂਰ ਸਾਹਿਬ ਵਿਖੇ ਹਰ ਵਿਦਿਆਰਥੀ ਦੀ ਰਿਹਾਇਸ਼ ਫਰੀ ਹੈ।

ਜੇਕਰ ਸੋਚ ਦੀ ਗੱਲ ਕਰੀਏ ਤਾਂ ਕੁੱਝ ਪੜ੍ਹੇ ਲਿਖੇ ਲੋਕਾਂ ਦੀ ਸੋਚ ਅਨਪੜ੍ਹਾਂ ਤੋਂ ਵੀ ਨੀਵੀਂ ਹੁੰਦੀ ਹੈ। ਕੁੱਝ ਐਸੇ ਪੜ੍ਹੇ ਲਿਖੇ ਪਰਿਵਾਰਾਂ ਨੂੰ ਵੀ ਮੈਂ ਜਾਣਦੀ ਹਾਂ, ਜਿਹਨਾਂ ਵਿੱਚ ਨੂੰਹਾਂ ਨੂੰ ਬੇਵਜ੍ਹਾ ਹੀ ਪਰੇਸ਼ਾਨ ਕੀਤਾ ਜਾਂਦਾ ਹੈ। ਜਿੱਥੇ ਮੁੰਡੇ ਕੁੜੀ ਵਿੱਚ ਫਰਕ ਸਮਝਿਆ ਜਾਂਦਾ ਹੈ। ਕਈ ਵਾਰੀ ਔਰਤ ਨੂੰ ਭਰੂਣ ਹੱਤਿਆ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਕਿਤੇ ਘੱਟ ਦਾਜ ਲਿਆਉਣ ਦੇ ਮਿਹਣੇ ਮਾਰੇ ਜਾਂਦੇ ਹਨ। ਕਈ ਪੜ੍ਹੇ ਲਿਖੇ ਲੋਕਾਂ ਦੇ ਮੂੰਹੋਂ ਭੱਦੀ ਸ਼ਬਦਾਵਲੀ ਵੀ ਸੁਨਣ ਨੂੰ ਮਿਲਦੀ ਹੈ। ਜੇ ਸਾਡੀ ਸੋਚ ਦਾ ਪੱਧਰ ਇਸ ਦਰਜੇ ਦਾ ਰਿਹਾ- ਤਾਂ ਲੱਖ ਲਾਹਨਤ ਹੈ ਅਜੇਹੀ ਪੜ੍ਹਾਈ ਦੇ!

ਹੁਣ ਆਪਾਂ ਆਪਣੀ ਉਮਰ ਦੇ ਬੰਦਿਆਂ ਦੀ ਯਾਨੀ ਸੀਨੀਅਰ ਸਿਟੀਜ਼ਨ ਦੀ ਗੱਲ ਕਰਦੇ ਹਾਂ। ਆਹ ਜਿਹੜੀ ਨਵੀਂ ਟੈਕਨੌਲੌਜੀ ਆਈ ਹੈ ਸਾਨੂੰ ਇਹ ਸਹਿਜੇ ਕੀਤੇ ਸਮਝ ਨਹੀਂ ਆਉਂਦੀ ਜੋ ਕਿ ਇਸ ਯੁੱਗ ਦੇ ਬੱਚੇ ਝੱਟ ਸਮਝ ਲੈਂਦੇ ਹਨ। ਇਹ ਬੱਚੇ ‘ਦੋ ਦੂਣੀ ਚਾਰ’ ਤਾਂ ਭਾਵੇਂ ਕੈਲਕੁਲੇਟਰਾਂ ਤੇ ਹੀ ਕਰਦੇ ਹਨ ਕਿਉਂਕਿ ਸਾਡੇ ਵਾਂਗ ਇਹਨਾਂ ਨੂੰ ਪਹਾੜੇ ਨਹੀਂ ਆਉਂਦੇ, ਪਰ ਇਹਨਾਂ ਦੇ ਦਿਮਾਗ ਕੰਪਿਊਟਰ ਤੇ ਕੰਪਿਊਟਰ ਵਾਂਗ ਹੀ ਚਲਦੇ ਹਨ। ਸੋ ਪਹਿਲੇ ਪਹਿਲ ਤਾਂ ਆਪਾਂ ਵੀ ਆਪਣੇ ਬੱਚਿਆਂ ਸਾਹਮਣੇ ਆਪਣੇ ਆਪ ਨੂੰ ਅਨਪੜ੍ਹ ਹੀ ਸਮਝਣ ਲੱਗੇ। ਹੁਣ ਕੁੱਝ ਕੁ ਪੱਲੇ ਪਈ ਹੈ। ਪਰ ਕਈ ਸੀਨੀਅਰਜ਼ ਤਾਂ ਹੁਣ ਸੋਸ਼ਲ ਸਾਈਟਾਂ ਤੇ ਬੱਚਿਆਂ ਨੂੰ ਵੀ ਮਾਤ ਕਰੀ ਜਾਂਦੇ ਹਨ। ਭਾਈ- ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਨਾਲੇ ਸਾਰੀ ਉਮਰ ਸਿੱਖਦੇ ਰਹਿਣ ਵਾਲਾ ਬੰਦਾ ਬੁੱਢਾ ਨਹੀਂ ਹੁੰਦਾ।

ਸਾਥੀਓ- ਮੈਂਨੂੰ ਲਗਦਾ ਕਿ ਜੇ ਇਹਨਾਂ ਮੁਲਕਾਂ ਦੀ ਗੱਲ ਨਾ ਕੀਤੀ ਜਾਵੇ ਤਾਂ ਆਪਣੀ ਵਿਚਾਰ ਚਰਚਾ ਅਧੂਰੀ ਰਹੇਗੀ। ਏਥੇ ਵੀ ਪਹਿਲਾਂ ਪਹਿਲ ਆ ਕੇ ਸਾਨੂੰ ਭਾਸ਼ਾ ਦੀ ਬੜੀ ਦਿੱਕਤ ਆਉਂਦੀ ਹੈ। ਇੱਕ ਵਾਰੀ ਇਕਬਾਲ ਰਾਮੂੰਵਾਲੀਆ ਦੱਸ ਰਹੇ ਸੀ ਕਿ- ‘ਮੈਂ ਕੈਨੇਡਾ ਬੜੀ ਟੌਹਰ ਨਾਲ ਉਤਰਿਆ ਕਿ ਮੈਂ ਤਾਂ ਅੰਗਰੇਜ਼ੀ ਦੀ ਐਮ. ਏ. ਕੀਤੀ ਹੋਈ ਹੈ ਤੇ ਮੈਂਨੂੰ ਤਾਂ ਇੰਗਲਿਸ਼ ਦੇ ਬੋਲਣ ਸਮਝਣ ਵਿੱਚ ਕੋਈ ਦਿੱਕਤ ਹੀ ਨਹੀਂ ਆਉਣੀ’। ਪਰ ਕਹਿਣ ਲੱਗੇ ਕਿ- ‘ਇੱਥੇ ਆ ਕੇ ਮੈਂ ਅੰਗਰੇਜ਼ਾਂ ਦੇ ਮੂੰਹ ਵੱਲ ਤੱਕਾਂ। ਮੈਂਨੂੰ ਉਹਨਾਂ ਦਾ ਬੋਲਿਆ ਸਮਝ ਹੀ ਨਾ ਆਵੇ ਜਿਵੇਂ ਮੈਂ ਅਨਪੜ੍ਹ ਹੋਵਾਂ’ ਕਿਉਂਕਿ ਅੰਗਰੇਜ਼ੀ ਇਹਨਾਂ ਲੋਕਾਂ ਦੀ ਮਾਤ ਭਾਸ਼ਾ ਹੋਣ ਕਾਰਨ ਇਹਨਾਂ ਦਾ ਉਚਾਰਣ ਵੱਖਰਾ ਹੈ ਜੋ ਹੌਲੀ ਹੌਲੀ ਸਮਝ ਆਉਂਦਾ ਹੈ। ਹੁਣ ਮੇਰੇ ਵਰਗੇ ਕਈ ਲੋਕਾਂ ਦਾ ਤਾਂ ਸਰੀ ਜਾਂਦਾ ਹੈ ਜਿਹਨਾਂ ਦਾ ਵਾਹ ਬਹੁਤਾ ਪੰਜਾਬੀ ਲੋਕਾਂ ਨਾਲ ਹੀ ਪੈਂਦਾ ਹੈ। ਪਰ ਜਿਹਨਾਂ ਨੂੰ ਬਾਹਰ ਕੰਮਾਂ ਕਾਰਾਂ ਤੇ ਜਾਣਾ ਪੈਂਦਾ ਹੈ ਉਹਨਾਂ ਦਾ ਵਾਹ ਤਾਂ ਕਈ ਕਮਿਊਨਿਟੀਜ਼ ਨਾਲ ਪੈਂਦਾ ਹੈ। ਸੋ ਉਥੇ ਮੇਰੀਆਂ ਅਨਪੜ੍ਹ ਭੈਣਾਂ ਵੀ ਬੜੀ ਸੁਹਣੀ ਇੰਗਲਿਸ਼ ਬੋਲਣੀ ਤੇ ਸਮਝਣੀ ਸਿੱਖ ਜਾਂਦੀਆਂ ਹਨ। ਕਿਉਂਕਿ ਲੋੜ ਕਾਢ ਦੀ ਮਾਂ ਹੈ।

ਕਈ ਵਾਰੀ ਕੁੱਝ ਐਸੇ (ਸਾਰੇ ਨਹੀਂ) ਪੜ੍ਹੇ ਲਿਖੇ ਵਿਦਵਾਨਾਂ ਨਾਲ ਵੀ ਵਾਹ ਪੈ ਜਾਂਦਾ ਹੈ, ਜੋ ਕੇਵਲ ਸੁਨਾਉਣਾ ਹੀ ਜਾਣਦੇ ਹਨ। ਉਹ ਕਿਸੇ ਦੂਜੇ ਨੂੰ ਸੁਣਨ ਲਈ ਤਿਆਰ ਨਹੀਂ ਹੁੰਦੇ। ਜਾਂ ਕਹਿ ਲਵੋ ਕਿ ਹਰ ਕਿਸੇ ਦੀ ਗੱਲ ਨੂੰ ਕੱਟਣਾ, ਨੁਕਤਾਚੀਨੀ ਕਰਨੀ ਜਾਂ ਬਹਿਸ ਕਰਨੀ ਉਹਨਾਂ ਦੀ ਆਦਤ ਬਣ ਚੁੱਕੀ ਹੁੰਦੀ ਹੈ। ਉਹਨਾਂ ਨੂੰ ਆਪਣੀ ਅਕਲ ਸਭ ਤੋਂ ਵੱਡੀ ਲਗਦੀ ਹੈ। ਅਜੇਹੇ ਲੋਕਾਂ ਦੇ ਲੰਬੇ ਚੌੜੇ ਭਾਸ਼ਣ ਤੋਂ ਅੱਕ ਕੇ, ਲੋਕ ਉਹਨਾਂ ਦੀ ਸੰਗਤ ਤੋਂ ਕੰਨੀ ਕਤਰਾਉਣ ਲੱਗ ਜਾਂਦੇ ਹਨ- ਖਾਸ ਕਰਕੇ ਨਵੀਂ ਪੀੜ੍ਹੀ। ਅਜੇਹੇ ਗਿਆਨ ਦਾ ਵੀ ਕੀ ਫਾਇਦਾ ਜੋ ਜਬਰਦਸਤੀ ਸਰੋਤਿਆਂ ਤੇ ਠੋਸਿਆ ਜਾਵੇ?

ਆਓ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ, ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਵੀ ਸਿਖਾਈਏ- ਤਾਂ ਕਿ ਉਹਨਾਂ ਦੀ ਵਿਦਿਆ, ਕੇਵਲ ਡਿਗਰੀਆਂ ਤੱਕ ਹੀ ਸੀਮਤ ਨਾ ਹੋ ਕੇ, ਉਹਨਾਂ ਦੀ ਬੋਲ ਚਾਲ, ਉਹਨਾਂ ਦੇ ਚਰਿੱਤਰ ਅਤੇ ਵਤੀਰੇ ਵਿੱਚੋਂ ਵੀ ਝਲਕੇ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>