ਹੱਕ ਲਈ ਲੜਿਆ ਸੱਚ – (ਭਾਗ-17)

ਅੱਜ ਦੀਪੀ ਤੇ ਸਿਮਰੀ ਚਾਂਈ ਚਾਂਈ ਕਾਲਜ ਨੂੰ ਜਾ ਰਹੀਆਂ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੱਜ ਉਹਨਾਂ ਦੇ ਗਿੱਧੇ ਦੀ ਟੀਮ ਲੋਹੜੀ ਦਾ ਤਿਉਹਾਰ ਮਨਾਉਣ ਲਈ ਨਾਲ ਵਾਲੇ ਕਸਬੇ ਕਾਲਜ ਵਿਚ ਜਾ ਰਹੀ ਆ ਦੋਨੋਂ ਸਹੇਲੀਆਂ ਕਾਲਜ ਪਾਹੁੰਚੀਆਂ ਤਾਂ ਸਾਰੀ ਟੀਮ ਪਹਿਲਾਂ ਤੋਂ ਹੀ ਤਿਆਰ ਹੋਈ ਖੜੀ ਸੀ। ਨਿਸ਼ੀ ਮੈਡਮ ਆਪਣੇ ਨਵੇਂ ਮੈਰੂਨ ਸੂਟ ਵਿਚ ਕੁੜੀਆਂ ਦੇ ਵਿਚਾਲੇ ਖੜ੍ਹੀ ਕੁਝ ਦੱਸ ਰਹੀ ਸੀ। ਛੇਤੀ ਹੀ ਬੱਸ ਵਿਚ ਬੈਠ ਕੇ ਸਾਰੀਆਂ ਕੁੜੀਆਂ ਉਸ ਕਾਲਜ ਵਿਚ ਪਹੁੰਚ ਗਈਆਂ ਜਿੱਥੇ ਲੋਹੜੀ ਮਨਾਉਣ ਲਈ ਸਾਰੇ ਵਿਦਿਆਰਥੀ ਬਹੁਤ ਹੀ ਉਤਾਵਲੇ ਨਜ਼ਰ ਆ ਰਹੇ ਸਨ। ਭਾਵੇਂ ਸਾਰੇ ਵਿਦਿਆਰਥੀ ਜਾਣਦੇ ਸਨ ਕਿ ਲੋਹੜੀ ਦੇ ਤਿਉਹਾਰ ਦਾ ਕੋਈ ਖਾਸ ਮੱਹਤਵ ਨਹੀਂ ਹੁੰਦਾ, ਫਿਰ ਵੀ ਇਸ ਨੂੰ ਸ਼ੁਗਲ ਵਜੋਂ ਵਧੀਆ ਸਮਝਦੇ ਸਨ।
ਸਟੇਜ ਦੇ ਪਿਛਲੇ ਕਮਰੇ ਵਿਚ ਦੀਪੀ ਅਤੇ ਉਸ ਦੀ ਟੀਮ ਹੌਲੀ ਹੌਲੀ ਬੋਲ ਕੇ ਬੋਲੀਆਂ ਦੀ ਪ੍ਰੈਕਟਿਸ ਕਰਨ ਲੱਗੀਆਂ। ਮਾਨਪੁਰ ਵਾਲੀ ਗੋਗੀ ਆਪਣੀ ਬੋਲੀ ਬੋਲਦੀ ਵਿਚ ਹੀ ਅਟਕ ਜਾਵੇ।

“ਲਿਆ ਪੇਪਰ ਫੜਾ, ਮੈਂ ਤੈਨੂੰ ਲਿਖ ਕੇ ਦੇਵਾਂ।” ਦੀਪੀ ਨੇ ਕਿਹਾ, “ਇਕ ਦੋ ਵਾਰੀ ਚੰਗੀ ਤਰ੍ਹਾਂ ਪੜ੍ਹ ਲੈ, ਫਿਰ ਨਹੀ ਤੂੰ ਬੋਲੀ ਭੁੱਲਦੀ।”

ਬੋਲੀ ਲਿਖਣ ਲੱਗੀ ਤਾਂ ਪੈਨ ਹੀ ਨਾ ਲੱਭੇ। ਸਾਹਮਣੇ ਹੀ ਚਾਰ ਕੁ ਮੁੰਡਿਆ ਦਾ ਟੋਲਾ ਖੜ੍ਹਾ ਸੀ। ਉਹਨਾਂ ਵਿਚ ਇਕ ਮੁੰਡੇ ਦੀ ਕਮੀਜ਼ ਦੀ ਜੇਬ ਨਾਲ ਪੈਨ ਟੰਗਿਆ ਹੋਇਆ ਸੀ। ਦੀਪੀ ਦੀ ਨਜ਼ਰ ਉਸ ਤੇ ਪਈ। ਉਹਨਾ ਦੇ ਕੋਲ ਜਾ ਕੇ ਦੀਪੀ ਨੇ ਕਿਹਾ, “ਐਕਸਕਿਊਜ ਮੀ, ਪਲੀਜ਼, ਜਰਾ ਮੈਨੂੰ ਆਪਣਾ ਪੈਨ ਦਿਉਂਗੇ।”

ਲੜਕੇ ਨੇ ਪੈਨ ਲਾਹ ਕੇ ਦੇ ਦਿੱਤਾ ਅਤੇ ਨਾਲ ਹੀ ਧਿਆਨ ਨਾਲ ਦੀਪੀ ਵੱਲ ਦੇਖਿਆ, ਪਰ ਦੀਪੀ ਦਾ ਧਿਆਨ ਤਾਂ ਸਿਰਫ ਪੈਨ ਤੇ ਸੀ। ਦੀਪੀ ਨੇ ਬੋਲੀ ਲਿਖ ਕੇ ਪੈਨ ਮੋੜਨ ਲਈ ਮੁੰਡਿਆ ਵੱਲ ਦੇਖਿਆ ਤਾਂ ਉਹ ਲੜਕਿਆਂ ਦਾ ਟੋਲਾ ਜਾ ਚੁੱਕਾ ਸੀ।

“ਕਿੱਧਰ ਗਏ?” ਦੀਪੀ ਨੇ ਹੈਰਾਨੀ ਨਾਲ ਪਿੱਛੇ ਮੁੜਦਿਆਂ ਦੇਖ ਕੇ ਆਖਿਆ, “ਆਪਣਾ ਪੈਨ ਤਾਂ ਲੈ ਜਾਂਦਾ।”

“ਪੈਨ ਤਾਂ ਉਹ ਜਾਣ ਕੇ ਛੱਡ ਕੇ ਗਿਆ, “ਕੋਲ ਖੜ੍ਹੀ ਬਿਲੋ ਨੇ ਹੱਸ ਕੇ ਕਿਹਾ, ਠਤੈਨੂੰ ਨਿਸ਼ਾਨੀ ਦੇ ਗਿਆ।”

“ਵੈਸੇ ਮੁੰਡਾ ਹੈ ਸੋਹਣਾ।” ਗੋਗੀ ਨੇ ਵੀ ਨਾਲ ਹੀ ਟੋਣਾ ਲਾ ਦਿੱਤਾ, “ਅਜੇ ਤਾਂ ਕਿਸੇ ਨੇ ਤੇਰਾ ਗਿੱਧਾ ਨਹੀ ਦੇਖਿਆ, ਫਿਰ ਪਤਾ ਨਹੀ ਕੀ ਕੀ ਛੱਡ ਕੇ ਜਾਣਗੇ।” ਇਸ ਨਾਲ ਸਾਰੀਆਂ ਕੁੜੀਆਂ ਹੀ ਹੱਸ ਪਈਆਂ।

“ਇੱਥੇ ਕਿਤੇ ਹੀ ਹੋਵੇਗਾ।” ਦੀਪੀ ਨੇ ਕੁੜੀਆਂ ਦੀ ਟਿਚਰਾਂ ਤੋਂ ਬਚਣ ਲਈ ਕਿਹਾ, “ਜਦੋਂ ਵੀ ਮਿਲਿਆ ਮੈਂ ਪੈਨ ਵਾਪਸ ਕਰ ਦੇਵਾਂਗੀ।”

ਜਦੋਂ ਕੁੜੀਆਂ ਇਧਰ-ਉਧਰ ਖਿਲਰ ਗਈਆਂ ਤਾਂ ਸਿਮਰੀ ਦੀਪੀ ਦੇ ਕੋਲ ਜਾ ਕੇ ਕਹਿਣ ਲੱਗੀ, “ਦੀਪੀ, ਲੱਗਦਾ ਹੈ ਉਹ ਪੈਨ ਜਾਣ ਕੇ ਹੀ ਛੱਡ ਗਿਆ।”

“ਤੂੰ ਵੀ ਬਾਕੀਆਂ ਦੇ ਨਾਲ ਹੀ ਰਲ ਗਈ।”

“ਤੂੰ ਬੋਲੀ ਲਿਖਣ ਵਿਚ ਹੀ ਗੁਆਚੀ ਰਹੀ, ਪਰ ਉਹ ਤੇਰੇ ਵੱਲ ਬਹੁਤ ਹੀ ਧਿਆਨ ਨਾਲ ਦੇਖ ਰਿਹਾ ਸੀ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਨਾਲ।”

“ਅੱਛਾ ਅੱਛਾ, ਬਸ ਕਰ।”

ਦੀਪੀ ਨੇ ਟੀਮ ਨਾਲ ਸਟੇਜ ਤੇ ਪਹੁੰਚ ਕੇ ਜਦੋਂ ਦਰਸ਼ਕਾਂ ਵੱਲ ਧਿਆਨ ਮਾਰਿਆ ਤਾਂ ਬਹੁਤ ਸਾਰੇ ਦਰਸ਼ਕਾਂ ਵਿਚ ਬਿਲਕੁਲ ਦੀਪੀ ਦੇ ਸਾਹਮਣੇ ਉਹ ਪੈਨ ਵਾਲਾ ਲੜਕਾ ਬੈਠਾ ਦਿਸਿਆ। ਅਚਾਨਕ ਹੀ ਦੋਹਾਂ ਦੀ ਨਜ਼ਰਾਂ ਮਿਲ ਗਈਆਂ। ਦੀਪੀ ਨੂੰ ਉਸ ਦੀਆਂ ਵੱਡੀਆਂ ਖਾਕੀ ਅੱਖਾਂ ਬਹੁਤ ਹੀ ਸੁਹਣੀਆਂ ਲੱਗੀਆਂ, ਪਰ ਦੀਪੀ ਨੇ ਛੇਤੀ ਹੀ ਆਪਣੀਆਂ ਅੱਖਾਂ ਨੂੰ ਥੱਲੇ ਝੁਕਾ ਲਿਆ। ਜਦੋਂ ਵੀ ਸਟੇਜ ਤੋਂ ਦਰਸ਼ਕਾਂ ਵੱਲ ਦੇਖਣ ਦਾ ਜਤਨ ਕਰਦੀ ਤਾਂ ਹਰ ਵਾਰੀ ਉਹ ਹੀ ਲੜਕਾ ਨਿਹਾਰ ਰਿਹਾ ਨਜ਼ਰ ਆਉਂਦਾ। ਦੀਪੀ ਨੇ ਚੱਕਰ ਕੱਢ ਕੇ ਐਕਟਿੰਗ ਕਰਦੀ ਨੇ ਬੋਲੀ ਪਾਈ,

“ਗਭਰੂ ਜੱਟਾਂ ਦਾ ਪੁੱਤ ਛੈਲ ਛਬੀਲਾ,
ਲੰਘ ਗਿਆ ਕੋਲ ਦੀ ਚੁੱਪ ਕਰਕੇ।
ਨੀ ਮੇਰਾ ਲੈ ਗਿਆ, ਲੈ ਗਿਆ, ਕਲ੍ਹੇਜੇ ਦਾ ਰੁੱਗ ਭਰਕੇ।”

ਬੇਸ਼ੱਕ ਇਹ ਬੋਲੀ ਸਬੱਬੀਂ ਹੀ ਦੀਪੀ ਦੀ ਵਾਰੀ ਤੇ ਆਈ ਸੀ, ਪਰ ਉਹ ਲੜਕਾ ਮਹਿਸੂਸ ਕਰ ਰਿਹਾ ਸੀ ਕਿ ਬੋਲੀ ਉਸ ਦੇ ਲਈ ਹੀ ਪਾਈ ਗਈ ਆ। ਹੋਰ ਵੀ ਕਈ ਬੋਲੀਆਂ ਗਿੱਧੇ ਵਿਚ ਪੈ ਰਹੀਆਂ ਸਨ, ਪਰ ਦੀਪੀ ਦੀ ਹਰ ਬੋਲੀ ਉਸ ਮੁੰਡੇ ਨੁੂੰ ਆਪਣੇ ਤੇ ਢੁੱਕਦੀ ਲੱਗਦੀ। ਇਸ ਵਾਰੀ ਦੀਪੀ ਨੇ ਜਦੋਂ ਬੋਲੀ ਪਾਈ,

“ਰੰਗ ਸੱਪਾਂ ਦੇ ਵੀ ਕਾਲੇ, ਰੰਗ ਸਾਧਾਂ ਦੇ ਵੀ ਕਾਲੇ,
ਸੱਪ ਕੀਲ ਕੇ ਪਟਾਰੀ ਵਿਚ ਬੰਦ ਹੋ ਗਿਆ,
ਮੁੰਡਾ, ਗੋਰਾ ਰੰਗ, ਹਾਏ, ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ।”

ਮੁੰਡੇ ਨੇ ਮੁਸਕ੍ਰਾ ਕੇ ਦੀਪੀ ਵੱਲ ਦੇਖਿਆ, ਪਰ ਦੀਪੀ ਗੰਭੀਰ ਹੀ ਰਹੀ। ਵਾਰੀ ਵਾਰੀ ਸਾਰੀਆਂ ਕੁੜੀਆਂ ਗਿੱਧੇ ਦੇ ਪਿੜ ਵਿਚ ਬੋਲੀਆਂ ਦੀ ਧਾਂਕ ਜਮਾ ਰਹੀਆਂ ਸਨ। ਅਖੀਰ ਵਿਚ ਫਿਰ ਦੀਪੀ ਦੀ ਵਾਰੀ ਆ ਗਈ। ਬੋਲੀ ਦੇ ਨਾਲ ਹੀ ਦੂਹਰੀ -ਤੇਹਰੀ ਹੁੰਦੀ ਦੀਪੀ ਗਾ ਰਹੀ ਸੀ,

“ਚੰਨਾ ਵੇ ਚੰਨਾ, ਤੇਰੀ ਰੋਟੀ ਮੈਂ ਬੰਨਾਂ,
ਵਿਚ ਲੱਸੀ ਦਾ ਛੰਨਾ, ਅੱਗੇ ਖਾਲ੍ਹ ਦਾ ਬੱਨਾਂ,
ਖਾਲ ਟੱਪਾਂ ਛਲਕਦੀ ਏ ਲੱਸੀ, ਉੱਚਾ ਤੇਰਾ ਖਾਲ੍ਹ ਦਾ ਬੱਨਾਂ,
ਪੁਲ ਬੰਨ ਵੈਰੀਆ, ਵੇ ਮੈਂ ਕਿਥੋਂ ਦੀ ਲੰਘਾਂ।”

ਪ੍ਰੋਗਰਾਮ ਤੋਂ ਬਾਅਦ ਆਪਸ ਵਿਚ ਵਿਦਿਆਰਥੀ ਇਕ ਦੂਜੇ ਨੂੰ ਮਿਲ ਰਹੇ ਸਨ, ਬਹੁਤ ਸਾਰੇ ਕੰਟੀਨ ਤੇ ਦੁਆਲੇ ਖਾਣ ਲਈ ਇਕੱਠੇ ਹੋ ਗਏ ਸਨ। ਦੀਪੀ ਤੇ ਨਾਲ ਦੀਆਂ ਕੁੜੀਆਂ ਵੀ ਕੰਟੀਨ ਵੱਲ ਨੂੰ ਹੋ ਤੁਰੀਆਂ।

“ਦੀਪੀ, ਉਹ ਦੇਖ ਪੈਨ ਵਾਲਾ ਮੁੰਡਾ ਖੜ੍ਹਾ।” ਗੋਗੀ ਨੇ ਦੀਪੀ ਨੂੰ ਕਿਹਾ।

ਦੀਪੀ ਨੇ ਉੱਧਰ ਦੇਖਿਆ ਤਾਂ ਨਾ ਚਾਹੁੰਦਿਆਂ ਹੋਇਆ ਵੀ ਦੀਪੀ ਦੀਆਂ ਅੱਖਾਂ ਸਾਹਮਣੇ ਵਾਲੇ ਮੁੰਡੇ ਨਾਲ ਮਿਲ ਕੇ ਇਕ ਹੋ ਗਈਆਂ।

“ਸਿਮਰੀ, ਲਿਆ ਪੈਨ ਫੜਾ।” ਦੀਪੀ ਨੇ ਕਿਹਾ, “ਮੈ ਮੋੜ ਕੇ ਆਵਾਂ।”

ਸਿਮਰੀ ਨੇ ਪੈਨ ਉਸ ਬੈਗ ਵਿਚ ਸੁੱਟ ਦਿੱਤਾ ਸੀ, ਜਿਸ ਦੇ ਵਿਚ ਕੁੜੀਆਂ ਦੇ ਗਿੱਧੇ ਵਾਲੇ ਘੱਗਰੇ ਅਤੇ ਚੁੰਨੀਆਂ ਸਨ। ਸਿਮਰੀ ਬੈਠ ਕੇ ਬੈਗ ਫਰੋਲਣ ਲੱਗ ਪਈ। ਦੀਪੀ ਉਸ ਦੇ ਕੋਲ ਹੀ ਰੁੱਕ ਗਈ ਅਤੇ ਨਾਲ ਦੀਆਂ ਬਾਕੀ ਕੁੜੀਆਂ ਅੱਗੇ ਲੰਘ ਗਈਆਂ। ਜਦੋਂ ਨੂੰ ਪੈਨ ਲੱਭਾ ਤਾਂ ਉਹ ਮੁੰਡਾ ਉੱਥੋਂ ਜਾ ਚੁੱਕਿਆ ਸੀ।

“ਆ ਪੈਨ ਨੇ ਚੰਗਾ ਪੁਆੜਾ ਪਾਇਆ।” ਦੀਪੀ ਬੁੜਬੜਾਈ, “ਪੈਨ ਮਿਲਿਆ ਤਾਂ ਪੈਨ ਦਾ
ਮਾਲਕ ਗੁਆਚ ਗਿਆ।”

ਸਿਮਰੀ ਨੇ ਦੀਪੀ ਅਤੇ ਉਸ ਲੜਕੇ ਨੂੰ ਇਕ ਦੂਜੇ ਨਾਲ ਨਜ਼ਰਾਂ ਮਿਲਾਉਂਦੇ ਦੇਖ ਲਿਆ ਸੀ। ਉਸ ਨੇ ਦੀਪੀ ਨੂੰ ਲਾ ਕੇ ਕਿਹਾ,
“ਪੁਆੜਾ ਅੱਜ ਹੀ ਖਤਮ ਹੋ ਜਾਏ ਤਾਂ ਚੰਗਾ ਆ। ਜੇ ਵੱਧ ਗਿਆਂ ਤਾ ਪਤਾ ਨਹੀ ਕਿਦਾਂ ਨਿੱਬੜੂ।”

“ਤੂੰ ਜੋ ਬੁਝਾਰਤਾਂ ਪਾਉਂਦੀ ਏਂ।” ਦੀਪੀ ਨੇ ਜ਼ਵਾਬ ਦਿੱਤਾ, “ਉਹ ਗੱਲ ਨਹੀਂ ਹੈ।”

“ਵੈਸੈ ਮੈਂ ਵੀ ਤੈਨੂੰ ਬਚਪਨ ਤੋਂ ਜਾਣਦੀ ਆਂ।” ਸਿਮਰੀ ਨੇ ਫਿਰ ਕਿਹਾ, “ਤੇਰੀ ਰਗ ਰਗ ਤੋਂ ਜਾਣੂੰ ਆਂ। ਅੱਜ ਪਹਿਲੀ ਵਾਰ ਤੇਰੇ ਮੂੰਹ ਦੀ ਲਾਲੀ ਦਾ ਰੰਗ ਬਦਲਦਾ ਨਜ਼ਰ ਆ ਰਿਹਾ ਹੈ।”

“ਤੂੰ ਪੈਨ ਮੈਨੂੰ ਹੱਥ ਵਿਚ ਹੀ ਫੜਾ ਦੇ।” ਦੀਪੀ ਨੇ ਸਿਮਰੀ ਕੋਲੋਂ ਪੈਨ ਫੜ੍ਹਦੇ ਕਿਹਾ, “ਮੈ ਇਸ ਨੂੰ ਵਾਪਸ ਕਰਕੇ ਅੱਜ ਹੀ ਤੇਰੇ ਮਨ ਦਾ ਸ਼ੱਕ ਦੂਰ ਕਰਨਾ ਹੈ।”

“ਮੇਰੇ ਮਨ ਦਾ ਸ਼ੱਕ ਤਾਂ ਦੂਰ ਹੋ ਜਾਊ।” ਸਿਮਰੀ ਨੇ ਫਿਰ ਕਿਹਾ, “ਪਰ ਤੇਰੇ ਮਨ ਦੀ ਹਲਚਲ ਸਹਿਜੇ ਕੀਤੇ ਦੂਰ ਨਹੀ ਹੋਣ ਵਾਲੀ।”

“ਅੱਛਾ, ਬੇਬੇ ਮੇਰੀਏ।” ਦੀਪੀ ਨੇ ਬੇਪ੍ਰਵਾਹੀ ਨਾਲ ਕਿਹਾ, “ਅਗਾਂਹ ਤੁਰ ਪਾ, ਕੁਝ ਖਾ ਲਈਏ।”

“ਆ ਬੈਗ ਤਾਂ ਕਿਤੇ ਰੱਖ ਲਈਏ, ਫਿਰ ਹੀ ਕੁਝ ਖਾਵਾਂਗੇ।”

“ਜਾ ਦੌੜ ਕੇ ਸਟੇਜ ਦੇ ਨਾਲ ਵਾਲੇ ਕਮਰੇ ਵਿਚ ਰੱਖ ਆ।”

“ਉਹ ਦੇਖ, ਆਪ ਮੈਡਮਾਂ ਜਾ ਕੇ ਖਾਣ ਵੀ ਲੱਗ ਪਈਆਂ।” ਸਿਮਰੀ ਨੇ ਨਾਲ ਦੀਆਂ ਕੁੜੀਆਂ ਵੱਲ ਇਸ਼ਾਰਾ ਕਰਦੇ ਕਿਹਾ, “ਇਹਨਾਂ ਨੂੰ ਹੈ ਕੋਈ ਆਪਣੇ ਕੱਪੜਿਆਂ ( ਗਿੱਧੇ ਵਾਲੇ ਘੱਗਰੇ ਅਤੇ ਚੁੰਨੀਆਂ) ਦਾ ਫਿਕਰ।”

“ਚੱਲ ਤੂੰ ਜਾ ਕੇ ਲਾਈਨ ਵਿਚ ਲੱਗ।” ਦੀਪੀ ਨੇ ਸਲਾਹ ਦਿੱਤੀ, “ਮੈ ਰੱਖ ਕੇ ਆਉਂਦੀ ਹਾਂ। ਟਿੱਕੀ ਛੋਲਿਆਂ ਦੀ ਪਲੇਟ ਮੇਰੇ ਲਈ ਵੀ ਲੈ ਲਈਂ।”

ਦੀਪੀ ਜਦੋਂ ਸਟੇਜ ਦੇ ਨਾਲ ਵਾਲੇ ਕਮਰੇ ਵਿਚ ਪਹੁੰਚੀ ਤਾਂ ਦੇਖਿਆ ਉਹੀ ਮੁੰਡਾ ਕਿਸੇ ਆਪਣੇ ਦੋਸਤ ਨਾਲ ਕੋਨੇ ਵਿਚ ਖੜ੍ਹਾ ਕੋਈ ਗੱਲ-ਬਾਤ ਕਰ ਰਿਹਾ ਸੀ। ਉਸ ਨੁੰ ਦੇਖ ਕੇ ਦੀਪੀ ਨੂੰ ਸੁੱਖ ਦਾ ਸਾਹ ਆ ਗਿਆ ਕਿ ਹੁਣ ਪੈਨ ਵਾਪਸ ਕਰਨ ਦਾ ਚੰਗਾ ਮੌਕਾ ਹੈ। ਉਸ ਨੇ ਬੈਗ ਬਿਨਾਂ ਦਰਵਾਜ਼ੇ ਵਾਲੀ ਅਲਮਾਰੀ ਵਿਚ ਰੱਖ ਦਿੱਤਾ ਅਤੇ ਆਪ ਸਿੱਧੀ ਉਸ ਲੜਕੇ ਕੋਲ ਚਲੀ ਗਈ ਅਤੇ ਪੈਨ ਵਾਪਸ ਕਰਦੀ ਕਹਿਣ ਲੱਗੀ, “ਥੈਂਕਯੂੁ, ਆ ਲਉ ਆਪਣਾ ਪੈਨ।”

ਉਸ ਲੜਕੇ ਨੇ ਪੈਨ ਤਾਂ ਫੜ੍ਹ ਲਿਆ, ਪਰ ਨਾਲ ਹੀ ਕਹਿ ਦਿੱਤਾ, “ਪੈਨ ਭਾਵੇਂ ਰਹਿਣ ਦਿੰਦੇਂ ਪਰ ਸਾਡਾ ਦਿਲ ਵਾਪਸ ਕਰ ਦਿੰਦੇ।”

ਦੀਪੀ ਲੜਕੇ ਦੀ ਸਪੱਸ਼ਟ ਗੱਲ ਸੁਣ ਕੇ ਖੜੀ- ਖੜੋਤੀ ਹੀ ਰਹਿ ਗਈ। ਉਸ ਦੇ ਸਾਰੇ ਸਰੀਰ ਵਿਚ ਇਕ ਸੀਤ ਲਹਿਰ ਦੌੜ ਗਈ। ਉਸ ਦਾ ਕਾਲ੍ਹਜਾ ਜਿਵੇ ਸੁੰਘੜ ਗਿਆ ਹੋਵੇ। ਉਹ ਇਹ ਗੱਲ ਸੁਣ ਕੇ ਇੰਨੀ ਹੈਰਾਨ ਹੋ ਗਈ ਕਿ ਜਿਵੇਂ ਉਸ ਵਿਚ ਕੁਝ ਬੋਲਣ ਦੀ ਹਿੰਮਤ ਹੀ ਨਾਂ ਰਹਿ ਗਈ ਹੋਵੇ। ਲੜਕਾ ਪੈਨ ਲੈ ਕੇ ਜਾ ਚੁੱਕਾ ਸੀ। ਉਹ ਅਜੇ ਵੀ ਉੱਥੇ ਹੀ ਖਲੋਤੀ ਸੀ। ਫਿਰ ਉਹ ਇਕਦਮ ਕੰਟੀਨ ਵੱਲ ਨੂੰ ਚੱਲ ਪਈ। ਅੱਗੇ ਸਿਮਰੀ ਪਲੇਟਾਂ ਚੁੱਕੀ ਉਸ ਦੀ ਉਡੀਕ ਕਰ ਰਹੀ ਸੀ। ਦੀਪੀ ਨੇ ਉਸ ਕੋਲੋ ਪਲੇਟ ਫੜ੍ਹਦਿਆਂ ਕਿਹਾ, “ਮੈ ਉਸ ਦਾ ਪੈਨ ਵਾਪਸ ਕਰ ਦਿੱਤਾ ਹੈ।”

“ਅੱਛਾ।” ਸਿਮਰੀ ਨੇ ਉਤਸੁਕਤਾ ਨਾਲ ਪੁੱਛਿਆ, “ਕਿੱਥੇ ਸੀ, ਕੀ ਕਹਿੰਦਾ ਸੀ?”

“ਕੁੱਝ ਨਹੀ ਕਹਿੰਦਾ ਸੀ।” ਦੀਪੀ ਨੇ ਸ਼ਰਮਾਉਂਦੀ ਨੇ ਕਿਹਾ, “ਮੈ ਪੈਨ ਦਿੱਤਾ ਅਤੇ ਕਹਿੰਦਾ ਥੈਂਕਯੂ (ਸ਼ੁਕਰੀਆ)।”

ਸਿਮਰੀ ਨੇ ਅੱਗੇ ਤਾਂ ਕੁਝ ਨਹੀਂ ਕਿਹਾ, ਪਰ ਦੀਪੀ ਦੇ ਹਾਵ-ਭਾਵ ਦੇਖ ਕੇ ਉਸ ਨੂੰ ਆਪਣਾ ਸ਼ੱਕ ਯਕੀਨ ਵਿਚ ਬਦਲਦਾ ਲੱਗਾ। ਉਹਨਾਂ ਦੇ ਪਿਛੱਲੇ ਪਾਸੇ ਇਕ ਕੁੜੀਆਂ ਮੁੰਡਿਆਂ ਦਾ ਗੁੱਰਪ ਖਲੋਤਾ ਸੀ ਜੋ ਆਪਸ ਵਿਚ ਲੋਹੜੀ ਦੇ ਵਿਸ਼ੇ ਤੇ ਹੀ ਗੱਲ-ਬਾਤ ਕਰ ਰਹੇ ਸਨ। ਕੁੜੀਆਂ ਕਹਿ ਰਹੀਆਂ ਸਨ ਕਿ ਕੁੜੀਆਂ ਦੀ ਲੋਹੜੀ ਵੀ ਜ਼ਰੂਰ ਮਨਾਉਣੀ ਚਾਹੀਦੀ ਹੈ। ਮੁੰਡੇ ਕਹਿ ਰਹੇ ਸਨ ਕਿ ਸ਼ੁਰੂ ਤੋਂ ਹੀ ਲੜਕੇ ਦੇ ਜੰਮਣ ਦੀ ਖੁਸ਼ੀ ਵਿਚ ਹੀ ਲੋਹੜੀ ਮਨਾਈ ਜਾਂਦੀ ਹੈ ਕੁੜੀਆਂ ਦੀ ਲੋਹੜੀ ਪਾਉਣ ਲਈ ਆਪਣਾ ਸਮਾਜ ਕਦੇ ਵੀ ਸਹਿਮਤ ਨਹੀ ਹੋਵੇਗਾ।

“ਸਮਾਜ ਨੂੰ ਸਹਿਮਤ ਕਰਾਉਣਾ ਵੀ ਸਾਡਾ ਹੀ ਫਰਜ਼ ਹੈ।” ਇਕ ਵੱਖਰੀ ਅਤੇ ਜਾਣੀ-ਪਹਿਚਾਣੀ ਅਵਾਜ਼ ਗੁੱਰਪ ਵਿਚੋਂ ਉਭਰਦੀ ਹੋਈ ਦੀਪੀ ਦੇ ਕੰਨਾਂ ਤਕ ਪੁਜੀ, “ਸਮਾਜ ਵੀ ਤਾਂ ਸਾਡੇ ਆਪਣੇ ਮਾਂ ਬਾਪ ਹੀ ਹਨ।”

ਦੀਪੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਪੈਨ ਵਾਲਾ ਲੜਕਾ ਹੀ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਦੀਪੀ ਉਸ ਦੇ ਬੋਲਾਂ ਤੋਂ ਪ੍ਰਭਾਵਿਤ ਹੋਈ ਸੀ, ਪਰ ਬੋਲੀ ਕੁਝ ਨਾ। ਸਿਮਰੀ ਨੇ ਵੀ ਉਸ ਦੀ ਗੱਲ ਸੁਣ ਲਈ ਸੀ ਅਤੇ ਦੀਪੀ ਨੂੰ ਛੇੜਦੀ ਹੋਈ ਫਿਰ ਬੋਲੀ, “ਦੀਪੀ, ਸੋਚ ਲੈ, ਪੈਨ ਵਾਲੇ ਕੋਲ ਚੰਗੀ ਸ਼ਕਲ ਹੀ ਨਹੀਂ ਅਕਲ ਵੀ ਹੈ।”

“ਮੈਨੂ ਕੀ ਲੋੜ ਪਈ ਹੈ ਕਿਸੇ ਦੇ ਬਾਰੇ ਕੁਝ ਸੋਚਣ ਦੀ।”

“ਸੋਚ ਤਾਂ ਆਪਣੇ ਆਪ ਹੀ ਹੋ ਜਾਂਦਾ ਹੈ, ਚਾਹੇ ਲੋੜ ਹੋਵੇ ਜਾਂ ਨਾ ਹੋਵੇ।”

ਛੇਤੀ ਕੰਟੀਨ ਦੇ ਅੱਗੋਂ ਭੀੜ ਘੱਟ ਗਈ ਤਾਂ ਸਾਰੇ ਵਿਦਿਆਰਥੀ ਇਧਰ-ਉਧਰ ਖਿੰਡ-ਪੁੰਡ ਗਏ।
ੳਦੋਂ ਹੀ ਨਿਸ਼ੀ ਮੈਡਮ ਕੁੜੀਆਂ ਨੂੰ ਅਵਾਜ਼ਾ ਮਾਰ ਕੇ ਬਸ ਵਿਚ ਚੜ੍ਹਨ ਲਈ ਕਹਿ ਰਹੀ ਸੀ ਤਾਂ ਜੋ ਹਨੇਰਾ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਕਾਲਜ ਵਾਪਸ ਪਹੁੰਚਿਆ ਜਾਵੇ। ਸਾਰੀਆਂ ਕੁੜੀਆਂ ਬਸ ਵੱਲ ਨੂੰ ਤੇਜ਼ ਤੇਜ਼ ਤੁਰਨ ਲੱਗੀਆਂ। ਗੋਗੀ ਨੂੰ ਫਿਰ ਪਤਾ ਨਹੀ ਕਿਵੇ ਘੱਗਰਿਆਂ ਵਾਲੇ ਥੈਲੇ ਦਾ ਚੇਤਾ ਆ ਗਿਆ,

“ਹਾਅ, ਕੁੜੇ, ਉਹ ਥੈਲਾ ਕਿੱਥੇ ਆ?”

“ਆ ਗਿਆ ਤਹਾਨੂੰ ਹੁਣ ਥੈਲੇ ਦਾ ਚੇਤਾ।” ਸਿਮਰੀ ਨੇ ਖਿੱਝ ਕੇ ਕਿਹਾ, “ਤੁਸੀਂ ਪ੍ਰਧਾਨ ਬਣ ਕੇ ਤੁਰਦੀਆਂ ਫਿਰਦੀਆਂ ਰਹੀਆਂ ਤੇ ਅਸੀ ਨੌਕਰਾਂ ਵਾਂਗ ਤੁਹਾਡੇ ਘੱਗਰੇ ਸਾਂਭਦੀਆਂ ਰਹੀਆਂ।”

“ਐਨੀ ਔਖੀ ਕਾਹਤੇ ਹੁੰਨੀ ਆਂ।” ਧੀਰੋ ਬੋਲੀ, “ਤੁਸੀਂ ਦਸ ਦਿੰਦੀਆਂ ਅਸੀ ਆਪ ਸਾਂਭ ਲੈਂਦੀਆਂ।”

“ਤੁਸੀ ਆਪਸ ਵਿਚ ਹੀ ਉਲਝੀ ਜਾਉਂਗੀਆਂ ਜਾਂ ਕੋਈ ਥੈਲਾ ਲੈ ਕੇ ਵੀ ਆਵੇਗੀ।” ਨਿਸ਼ੀ ਮੈਡਮ ਨੇ ਦਬਕਾ ਮਾਰਿਆ, “ਕਿੱਥੇ ਹੈ ਉਹ ਥੈਲਾ।”

“ਮੈਡਮ, ਮੈਂ ਲੈ ਕੇ ਆਉਂਦੀ ਹਾਂ।” ਇਹ ਕਹਿ ਕੇ ਦੀਪੀ ਉਸ ਕਮਰੇ ਵੱਲ ਦੌੜਦੀ ਚਲੀ ਗਈ ਜਿਸ ਵਿਚ ਉਸ ਨੇ ਥੈਲਾ ਰੱਖਿਆ ਸੀ। ਅੱਗੇ ਕਮਰੇ ਵਿਚ ਪੈਨ ਵਾਲਾ ਲੜਕਾ ਫਿਰ ਉੇਸ ਅਲਮਾਰੀ ਕੋਲ ਖਲੋਤਾ ਸੀ ਜਿਸ ਵਿਚ ਦੀਪੀ ਨੇ ਥੈਲਾ ਰੱਖਿਆ ਸੀ। ਇਹ ਨਹੀ ਪਤਾ ਕੇ ਉਹ ਅਚਾਨਕ ਹੀ ਉੱਥੇ ਸੀ ਜਾਂ ਫਿਰ ਉਹ ਜਾਣਦਾ ਸੀ ਕਿ ਕੁੜੀਆਂ ਵਾਪਸ ਜਾਣ ਲੱਗੀਆਂ ਹਨ ਅਤੇ ਥੈਲਾ ਲੈਣ ਦੀਪੀ ਹੀ ਆਵੇਗੀ। ਪਰ ਦੀਪੀ ਨੇ ਉਸ ਨੂੰ ਕੁਝ ਨਹੀ ਕਿਹਾ, ਪਰ ਇਕ ਉਦਾਸ ਅਤੇ ਮੋਹ ਭਰੀ ਨਜ਼ਰ ਨਾਲ ਉਸ ਵੱਲ ਵੇਖਿਆ ਜਰੂਰ। ਥੈਲਾ ਚੁੱਕਣ ਲਈ ਹੱਥ ਵਧਾਇਆ ਹੀ ਸੀ ਕਿ ਲੜਕਾ ਉਸ ਦੇ ਕੋਲ ਆ ਗਿਆ ਅਤੇ ਦੀਪੀ ਦੀ ਹੀ ਪਾਈ ਹੋਈ ਬੋਲੀ ਦੇ ਅਧਾਰ ਤੇ ਕਹਿਣ ਲੱਗਾ, “ਪੁੱਲ ਤਾਂ ਅਸੀ ਬੰਨ ਦੇਵਾਂਗੇ, ਪਰ ਤੁਸੀ ਲੰਘਣ ਵਾਲੇ ਬਣਿਉ। ਪਰ ਇੰਨਾ ਕੁ ਜ਼ਰੂਰ ਦਸ ਦੇਵੋ ਕਿ ਪੁਲ ਬੰਨਣਾ ਕਿੱਥੇ ਕੁ ਪੈਣਾ ਹੈ।”

“ਅਸੀ ਹਰਿਆਣੇ ਕਾਲਜ ਪੜ੍ਹਦੀਆਂ ਹਾਂ।” ਦੀਪੀ ਦੇ ਮੂਹੋਂ ਪਤਾ ਨਹੀ ਇਕਦਮ ਕਿਵੇ ਨਿਕਲ ਗਿਆ, “ਪਰ ਮੁਆਫ ਕਰਨਾ, ਮੈਨੂੰ ਤੁਹਾਡੇ ਵਿਚ ਕੋਈ ਦਿਲਚਸਪੀ ਨਹੀ।”

“ਹਾਂ ਜੀ, ਉਹ ਤਾਂ ਤੁਹਾਡੀ ਤਕਣੀ ਹੀ ਦੱਸ ਰਹੀ ਕਿ ਤੁਹਾਡੇ ਹੋਠਾਂ ਤੇ ਨਾਂਹ ਅਤੇ ਦਿਲ ਵਿਚ ਹਾਂ।”

ਦੀਪੀ ਕੁਝ ਵੀ ਅਗਾਂਹ ਨਹੀਂ ਬੋਲੀ ਅਤੇ ਥੈਲਾ ਲੈ ਕੇ ਉਹਨੀਂ ਪੈਰੀਂ ਹੀ ਵਾਪਸ ਚਲੀ ਗਈ। ਬਸ ਵਿਚ ਜਾਂਦੀ ਦੀਪੀ ਕਿਸੇ ਨਾਲ ਵੀ ਹੱਸ ਕੇ ਨਾ ਬੋਲੀ। ਸਿਰਫ ਆਪਣੇ ਮਨ ਨਾਲ ਆਪ ਹੀ ਗੱਲਾਂ ਕਰ ਰਹੀ ਸੀ, “ਮੈ ਉਸ ਨੂੰ ਐਵੇ ਹੀ ਆਪਣੇ ਕਾਲਜ ਦਾ ਨਾਮ ਦੱਸਿਆ, ਮੈਨੂੰ ਕੀ ਲੋੜ ਪਈ ਸੀ ਉਸ ਨਾਲ ਨਜ਼ਰਾ ਮਲਾਉਣ ਦੀ।”

ਦੀਪੀ ਅਤੇ ਸਿਮਰੀ ਜਦੋਂ ਪਿੰਡ ਪਹੁੰਚੀਆਂ ਤਾਂ ਸੂਰਜ ਛੁੱਪ ਚੁੱਕਾ ਸੀ। ਬਾਬੂ ਦੀ ਹੱਟੀ ਅੱਗੇ ਕਿੰਨੇ ਸਾਰੇ ਮੁੰਡੇ ਖੇਸਾਂ ਅਤੇ ਚਾਦਰਾਂ ਦੀਆਂ ਬਕੁਲਾਂ ਮਾਰੀ ਖੜੋਤੇ ਸਨ। ਹੱਟੀ ਦੇ ਕੋਲ ਦੀ ਲੰਘਣ ਲੱਗੀਆਂ ਤਾਂ ਕਈਆ ਨੇ ਉਹਨਾਂ ਵੱਲ ਝਾਕਿਆ। ਭੂਆ ਬੰਸੋਂ ਵੀ ਉੱਥੇ ਹੀ ਖੜੋਤੀ ਸੀ। ਜਵਾਨੀ ਵਿਚ ਹੀ ਉਸ ਦਾ ਪਤੀ ਪੂਰਾ ਹੋ ਗਿਆ ਸੀ। ਉਹ ੳਦੋਂ ਦੀ ਆਪਣੇ ਪੇਕੇ ਪਿੰਡ ਹੀ ਰਹਿੰਦੀ ਆ। ਹੁਣ ਉਹ ਸਾਰੇ ਪਿੰਡ ਦੀ ਭੂਆ ਹੈ। ਭਾਵੇਂ ਭੂਆ ਬੰਸੋਂ ਦਾ ਘਰ ਪਿੰਡ ਦੇ ਲਹਿੰਦੇ ਪਾਸੇ ਵੱਲ ਹੈ, ਪਰ ਜਦੋਂ ਪਿੰਡ ਵਿਚ ਕੋਈ ਦਿਨ-ਦਿਹਾਰ ਹੁੰਦਾ ਹੈ ਤਾਂ ਭੂਆ ਮੂਹਰੇ ਹੁੰਦੀ ਹੈ। ਦੀਪੀ ਨੇ ਵੀ ਸਾਈਕਲ ਤੋਂ ਉੱਤਰ ਕੇ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ। ਸਿਮਰੀ ਨੇ ਵੀ ਨਾਲ ਹੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ। ਭੂਆ ਨੇ ਉਸ ਦੇ ਸਿਰ ਤੇ ਪਿਆਰ ਦਿੱਤਾ ਅਤੇ ਨਾਲ ਹੀ ਅਸੀਸ ਦਿੱਤੀ, “ਜਿਊਂਦੀ ਰਹਿ ਧੀਏ।”

“ਮੁੰਨੀਏ, ਹੁਣ ਕਿਹੜੀ ਜਮਾਤ ਵਿਚ ਪੜ੍ਹਦੀ ਏ।”

“ਭੂਆ ਜੀ, ਬੀ:ਏ ਵਿਚ ਪੜ੍ਹਦੀ ਆਂ।”

“ਅੱਛਾ, ਫਿਰ ਤਾਂ ਧੀ ਰਾਣੀ ਜੱਜ ਬਣੇਗੀ।”

ਦੀਪੀ ਨੂੰ ਭੂਆ ਦੀ ਇਹ ਗੱਲ ਸਮਝ ਨਹੀ ਲੱਗੀ ਕਿ ਭੂਆ ਨੇ ਕਿਹੜੇ ਹਿਸਾਬ ਨਾਲ ਉਸ ਨੂੰ ਜੱਜ ਬਣਾ ਦਿੱਤਾ, ਪਰ ਉਹ ਚੁੱਪ ਹੀ ਰਹੀ ਅਤੇ ਚੰਗਾ ਭੂਆ ਜੀ ਕਹਿ ਕੇ ਦੋਨੋ ਫਿਰ ਆਪਣੇ ਰਾਹ ਪੈ ਗਈਆਂ।

“ਜਦੋਂ ਮੈਂ ਭੂਆ ਨੂੰ ਦੇਖਦੀ ਹਾਂ ਤਾਂ ਮੇਰੇ ਦਿਲ ਵਿਚ ਬਹੁਤ ਉਸ ਲਈ ਬਹੁਤ ਪਿਆਰ ਆ ਜਾਂਦਾ ਹੈ।” ਦੀਪੀ ਨੇ ਸਿਮਰੀ ਨੂੰ ਕਿਹਾ, “ਵਿਚਾਰੀ ਸਾਰੀ ਉਮਰ ਇਕੱਲੀ ਕਿਵੇ ਲੰਘਾਈ ਜਾ ਰਹੀ ਹੈ।”

“ਵੈਸੇ ਸਾਰਾ ਪਿੰਡ ਹੀ ਭੂਆ ਦੀ ਬਹੁਤ ਇੱਜ਼ਤ ਕਰਦਾ ਆ।” ਸਿਮਰੀ ਨੇ ਕਿਹਾ, “ਭੂਆ ਦਾ ਕਹਿਣਾ ਕੋਈ ਵੀ ਨਹੀ ਮੋੜਦਾ।”

“ਇੱਜ਼ਤ ਭਾਵੇਂ ਸਾਰਾ ਪਿੰਡ ਕਰਦਾ ਹੈ।” ਦੀਪੀ ਨੇ ਅਸਲੀਅਤ ਦੱਸੀ, “ਪਰ ਜਦੋਂ ਕਿਸੇ ਦੀ ਭੈਣ ਧੀ ਦਾ ਵਿਆਹ ਹੁੰਦਾ ਤਾਂ ਕੋਈ ਵੀ ਭੂਆ ਨੂੰ ਸ਼ਗਨਾਂ ਦੇ ਕੰਮਾਂ ਵਿਚ ਲਾਗੇ ਨਹੀ ਆਉਣ ਦਿੰਦਾਂ।”

“ਭੂਆ ਵਿਧਵਾ ਹੋਣ ਕਾਰਨ ਲੋਕੀ ਵਹਿਮ ਕਰ ਲੈਂਦੇ ਆ।”

“ਵਹਿਮ ਨਹੀਂ ਕਰਦੇ ਸਗੋਂ ਭੂਆ ਨੂੰ ਜਿਤਾਂਉਂਦੇ ਨੇ ਕਿ ਉਹ ਵਿਧਵਾ ਆ।”

“ਦੀਪੀ, ਤੈਨੂੰ ਪਤਾ ਹੀ ਹੈ ਲੋਕਾਂ ਦਾ।”

ੳਦੋਂ ਹੀ ਦੀਪੀ ਦਾ ਦਾਦਾ ਜੀ ਇੰਦਰ ਸਿੰਘ ਸਾਹਮਣੇ ਆਉਂਦਾ ਦਿਖਾਈ ਦਿੱਤਾ ਅਤੇ ਕਹਿਣ ਲੱਗਾ, “ਪੁੱਤ, ਆ ਗਈਆਂ, ਮੈਂ ਤਹਾਨੂੰ ਹੀ ਦੇਖਣ ਆਇਆਂ ਸਾਂ। ਅੱਜ ਤੇ ਕੁਵੇਲਾ ਕਰ ਦਿੱਤਾ, ਦਾਦੀ ਤੇਰੀ ਫਿਕਰ ਕਰਦੀ ਸੀ।”

“ਭਾਪਾ ਜੀ, ਅਸੀਂ ਅੱਜ ਕਿਸੇ ਦੂਸਰੇ ਕਾਲਜ ਲੋਹੜੀ ਦਾ ਪ੍ਰੋਗਰਾਮ ਕਰਨ ਗਈਆਂ ਸੀ।”

“ਸੁਰਜੀਤ ਨੇ ਦੱਸਿਆ ਤਾਂ ਸੀ।” ਇੰਦਰ ਸਿੰਘ ਨੇ ਕਿਹਾ, “ਪਰ ਤੇਰੀ ਦਾਦੀ ਕਿਤੇ ਚੈਨ ਨਾਲ ਬੈਠਣ ਦੇਂਦੀ ਏ, ਰਟ ਲਾਈ ਸੀ, ਕੁੜੀਆਂ ਨੂੰ ਦੇਖ ਕੇ ਆਉ, ਹਨੇਰਾ ਹੋ ਗਿਆ।”

“ਬਾਬਾ ਜੀ, ਦਿਨ ਛੋਟੇ ਹੋਣ ਕਾਰਨ ਹਨੇਰਾ ਤਾਂ ਝੱਟ ਹੋ ਜਾਂਦਾ ਏ।” ਸਿਮਰੀ ਨੇ ਕਿਹਾ, “ਦੀਪੀ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਸਾਡੇ ਘਰ ਦੇ ਫਿਕਰ ਕਰਦੇ ਹੋਣੇ ਆ।”

ਸਿਮਰੀ ਦੇ ਘਰ ਦਾ ਮੋੜ ਆ ਗਿਆ ਤੇ ਉਹ ਆਪਣੇ ਘਰ ਵੱਲ ਨੂੰ ਮੁੜ ਗਈ। ਦੀਪੀ ਤੇ ਇੰਦਰ ਸਿੰਘ ਗੱਲਾਂ ਕਰਦੇ ਘਰ ਪਹੁੰਚ ਗਏ।

ਰਾਤ ਨੂੰ ਜਦੋਂ ਦੀਪੀ ਪੜ੍ਹਨ ਬੈਠੀ ਤਾਂ ਕਿਤਾਬ ਖੋਲ਼੍ਹਦਿਆਂ ਹੀ ਉਸ ਦੇ ਕੰਨਾਂ ਵਿਚ ਸ਼ਬਦ ਸੁਣਾਈ ਦਿੱਤੇ, “ਪੈਨ ਭਾਵੇਂ ਰਹਿਣ ਦਿੰਦੇ, ਪਰ ਸਾਡਾ ਦਿਲ ਮੋੜ ਦਿੰਦੇ।” ਕੰਨਾਂ ਤੋਂ ਬਾਅਦ ਦੀਪੀ ਦੀਆਂ ਅੱਖਾਂ ਵੀ ਉਸ ਪੈਨ ਵਾਲੇ ਗੱਭਰੂ ਦੀ ਸ਼ਕਲ ਦੇਖਣ ਲੱਗੀਆਂ। ਫਿਰ ਆਪਣੇ ਮਨ ਨਾਲ ਹੀ ਲੜਾਈ ਕਰਨ ਲੱਗੀ, ਤੂੰ ਕਿਉਂ ਸੋਚਦਾ ਹੈ ਉਸ ਬਾਰੇ। ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਹੈ, ਕਿਵੇਂ ਮੈਨੂੰ ਕਹਿਣ ਲੱਗਾ। ਜਦੋਂ ਦੀਪੀ ਦਾ ਮਨ ਫਿਰ ਵੀ ਉਸ ਦੇ ਬਾਰੇ ਸੋਚਣ ਲੱਗਾ ਤਾਂ ਦੀਪੀ ਨੇ ਕਿਤਾਬ ਰੱਖ ਦਿੱਤੀ ਅਤੇ ਮੂੰਹ ਲਪੇਟ ਕੇ ਰਜ਼ਾਈ ਵਿਚ ਵੜ ਗਈ। ਦਿਨ ਵਾਲੀਆਂ ਵਾਪਰੀਆਂ ਗੱਲਾਂ ਬਾਰੇ ਸੋਚਦੀ ਨੂੰ ਪਤਾ ਨਹੀ ਕਦੋਂ ਨੀਂਦ ਆ ਗਈ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>