ਬਜੁਰਗ ਸਾਡਾ ਸਰਮਾਇਆ ਜਾਂ…?

ਪੁਰਾਣਿਆਂ ਸਮਿਆਂ ਵਿੱਚ ਅਸੀਂ ਜਦ ਵੀ ਕਿਸੇ ਪਿੰਡ ਵੜਦੇ ਸਾਂ ਤਾਂ ਸਾਨੂੰ ਦੂਰੋਂ ਹੀ ਬਜੁਰਗਾਂ ਦਾ ਟੋਲਾ ਪਿੰਡ ਦੇ ਮੁੱਖ ਮੋੜ, ਚੌਰਾਹੇ, ਬੰਬੀਆਂ, ਬੋਹੜ, ਫਿਰਨੀਆਂ ਤੇ ਵੱਡੇ ਵੱਡੇ ਮੰਜੇ-ਤਖਤਪੋਸ਼ਾਂ ਉੱਤੇ ਬੈਠਾ ਦਿਸਦਾ ਸੀ ਤਾਸ਼ਾਂ, ਬਾਰਾਂ-ਟਾਣੀਆਂ ਖੇਡਦੇ ਦੁਪਹਿਰਾਂ ਲੰਘਦੀਆਂ ਸਨ। ਤੇ ਇਨਾਂ ਦਾ ਮੁੱਖ ਵਿਸ਼ਾ ਪਿੰਡ ਅਤੇ ਇਸ ਦੇ ਘਰ-ਘਰ ਦੀਆਂ ਚਰਚਾਵਾਂ, ਸਿਆਸਤ-ਵਿਰਾਸਤ ਤੇ ਇਤਿਹਾਸ ਦੀਆਂ ਗੱਲਾਂ, ਚਹਿਲ ਪਹਿਲ ਤੇ ਹਾਸੇ ਠੱਠੇ ਹੁੰਦੇ ਸਨ, ਕੀ ਅਮਲੀ, ਬਜੁਰਗ, ਅਧਖੜ੍ਹ, ਨੌਜੁਆਨ, ਸੱਤਰੇ-ਬਹੱਤਰੇ। ਇਹ ਬਜੁਰਗਾਂ ਦੇ ਟੋਲੇ, ਖੁੰਢ ਚਰਚਾ ਦੇ ਅੱਡੇ, ਸਾਰੇ ਪਿੰਡ ਦੀ ਸ਼ਾਨ ਹੁੰਦੇ ਸਨ ਜੋ ਅੱਜ ਕੱਲ੍ਹ ਵਿਰਾਨ ਤੇ ਬੇਜਾਨ ਦਿਸਦੇ ਹਨ। ਨਾ ਉਹ ਬਜੁਰਗ ਰਹੇ ਹੁਣ, ਨਾ ਉਹ ਪੁਰਾਣੇ ਕੀਮਤੀ ਸਮੇਂ, ਸਥਾਨ ਤੇ ਸਮਾਨ। ਪੁਰਾਣਿਆਂ ਸਮਿਆਂ ਵੇਲੇ ਜਦੋਂ ਵੀ ਕੋਈ ਘਰ-ਪਰਿਵਾਰ ਵਿੱਚ ਵੱਡਾ ਕੰਮ-ਕਾਜ, ਜੰਮਣ-ਮਰਨ, ਵਿਆਹ-ਧਮਾਨ ਆਦਿ ਦਾ ਵੇਲਾ ਹੁੰਦਾ ਹੈ ਤਾਂ ਅਕਸਰ ਘਰ ਪਰਿਵਾਰ ਦੇ ਸਾਰੇ ਮੈਂਬਰ ਬਜੁਰਗ ਮਾਤਾ-ਪਿਤਾ ਦੀ ਅਗਵਾਈ ਅਤੇ ਸਲਾਹ ਲੈ ਕੇ ਚੱਲਦੇ ਸਨ। ਹਰ ਕੰਮ-ਉਤਸਵ ਉਨਾ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਸੀ।  ਅੱਜ ਵੀ ਹਾਲਾਤ ਭਾਵੇਂ ਕੁਝ ਹੋਰ ਨੇ ਪਰ ਹਮੇਸ਼ਾਂ ਹੀ ਘਰਵਾਲੇ ਕਹਿੰਦੇ ਸੁਣੀਂਦੇ ਹਨ ਕਿ ਕਿਸੇ ਬਜੁਰਗ ਜਾਂ ਵੱਡੇ ਬੰਦੇ ਦੀ ਸਲਾਹ ਲੈ ਲਓ ਕੋਈ ਵੀ ਕਾਜ ਕੰਮ ਜਾ ਮੁਸ਼ਕਿਲ ਦਾ ਨਿਵਾਰਣ ਤੇ ਨਿਪਟਾਰਾ ਜਲਦੀ ਤੇ ਸਹੀ ਹੋ ਜਾਵੇਗਾ। ਕਿਉੱਕਿ ਸਾਡੇ ਬਜੁਰਗਾਂ ਨੇ ਉਮਰ ਹੰਢਾਈ ਹੁੰਦੀ ਹੈ, ਉਨਾ ਦਾ ਤਜੁਰਬਾ ਤੇ ਉਨਾਂ ਦੀ ਅਗਵਾਈ ਬੜੀ ਕੀਮਤੀ ਤੇ ਅਸਰਦਾਰ ਹੁੰਦੀ ਹੈ। ਪੁਰਾਣਿਆਂ ਵੇਲਿਆਂ ਵਿੱਚ ਜੰਝਾਂ ਦਾ ਢੁਕਾਅ ਕਰਨ ਵੇਲੇ ਬਜੁਰਗਾਂ ਨੂੰ ਅਕਸਰ ਨਾਲ ਲਿਜਾਇਆ ਜਾਂਦਾ ਸੀ। ਤਾਂ ਕਿ ਦੁਲਹਨ ਵਾਲੇ ਪਾਸੇ ਤੋਂ ਮਿਲਣ ਵਾਲੀਆਂ ਸਿੱਠਣੀਆਂ ਤੇ ਹੋਰ ਮਖੌਲ ਬੁਝਾਰਤਾਂ ਦਾ ਸਾਹਮਣਾ ਤੇ ਹੱਲ ਕਰਨ ਵਿੱਚ ਬਜੁਰਗਾਂ ਤੇ ਮਾਈਆਂ ਦੀ ਮੱਦਦ ਲਈ ਜਾ ਸਕੇ। ਘਰਾਂ ਵਿੱਚ ਵੀ ਛੋਟੀ ਮੋਟੀ ਦਵਾ ਦਾਰੂ ਜਾਂ ਦਰਦਾਂ ਦਾ ਇਲਾਜ ਇਨਾਂ ਬਜੁਰਗ ਬਾਬੇ-ਮਾਈਆਂ ਦੀ ਸਲਾਹ ਮਸ਼ਵਰੇ ਤੇ ਦੇਸੀ ਘਰੋਗੀ ਇਲਾਜਾਂ ਨਾਲ ਹੀ ਸੰਭਵ ਹੋ ਜਾਂਦੇ ਸਨ। ਪੁਰਾਣੇ ਸਮਿਆਂ ਵਿੱਚ ਖੁਰਾਕਾਂ ਤੇ ਆਦਤਾਂ ਬੜੀਆਂ ਸਹੀ ਤੇ ਸਿਹਤਵਰਧਕ ਖਾਣ ਪੀਣ ਦੇ ਕਾਰਨ ਸਾਡੀ ਪੁਰਾਣੀ ਪੀੜ੍ਹੀ ਦੀ ਨਵੀਂ ਪੀੜ੍ਹੀ ਨਾਲ ਹੰਢਣਸਾਰਤਾ ਬੜੀ ਲੰਮੇਰੀ ਹੋਇਆ ਕਰਦੀ ਸੀ। ਨਵੀਂ ਪੀੜ੍ਹੀ ਪੁਰਾਣੇ ਬਜੁਰਗਾਂ ਜਾਂ ਕਹਿ ਲਵੋ ਕਿ ਗੁਣਾਂ ਦੀ ਖਾਣਾਂ ਤੋਂ ਭਰ ਭਰ ਝੋਲੀਆਂ ਤਜੁਰਬੇ ਤੇ ਅਗਵਾਈ ਦੀ ਧੰਨ ਦੌਲਤ ਹਾਸਿਲ ਕਰਦੇ ਸਨ ਤੇ ਆਪਣੀ ਲਿਆਕਤ ਤੇ ਤਾਕਤ ਨੂੰ ਨਿਪੁੰਨਤਾ ਨਾਲ ਭਰਦੇ ਸਨ। ਬਜੁਰਗਾਂ ਸਾਡੇ ਘਰਾਂ ਦੇ ਜਾਇਦਾਦਾਂ ਦੇ ਜਿੰਦਰੇ ਸਮਾਨ ਰਾਖੇ ਕਹੇ ਜਾਂਦੇ ਸਨ। ਉਨਾਂ ਦੀ ਹਾਜਰੀ ਵਿੱਚ ਮਾਪੇ ਬੱਚਿਆਂ ਨੂੰ ਬੇਫਿਕਰ ਹੋ ਕੇ ਛੱਡ ਕੇ ਆਪਣੀ ਦੁਨੀਆਂ ਦਾਰੀ ਦੇ ਕੰਮ ਕਾਰ ਨਿਪਟਾ ਛੱਡਦੇ ਸਨ।

ਪਰ ਅੱਜ ਸਮਾਂ ਬਹੁਤ ਹੱਦ ਤੱਕ ਬਦਲ ਚੁੱਕਾ ਹੈ। ਸਭਿਅਤਾ ਦੇ ਪੈਰ ਪਸਾਰਨ ਨਾਲ ਭੀੜ ਵਧੀ, ਤਕਨੀਕ ਦੇ ਪਸਰਨ ਨਾਲ ਸੁੱਖ ਸੁਵਿਧਾ ਦੇ ਸਾਧਨ ਵਧਣ ਨਾਲ ਤਕ-ਨੀਝ ਵਿੱਚ ਘਾਟ ਸਾਹਮਣੇ ਆਈ ਹੈ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਚੰਗਾ ਤੇ ਮਾੜਾ। ਸਾਡੀ ਬਦਨਸੀਬੀ ਹੀ ਕਹੀ ਜਾ ਸਕਦੀ ਹੈ, ਜਾਂ ਫਿਰ ਕੁਝ ਹੋਰ , ਅੱਜ ਬਹੁਤ ਘੱਟ ਘਰਾਂ ਵਿੱਚ ਬਜੁਰਗ ਦਿਸਦੇ ਹਨ, ਸਾਡੇ ਜੀਵਨ ਦਾ ਪੱਧਰ ਤੇ ਅਵਧੀ ਛੋਟੀ ਹੁੰਦੀ ਜਾ ਰਹੀ ਹੈ, ਸਾਡੇ ਜੀਵਨ ਖਾਣ ਪਾਣ ਦੇ ਤੌਰ ਤਰੀਕੇ ਤੇ ਮੁੱਜਸਮੇਂ ਹੀ ਮਿਲਾਵਟਾਂ, ਖਾਂਦਾਂ-ਕੈਮੀਕਲਾਂ ਦੀ ਬਹੁਤਾਤ ਨਾਲ ਝੰਬੇ ਤੇ ਦੂਸ਼ਿਤ ਹੋਏ ਪਏ ਹਨ। ਜਿਹੜੇ ਵਿਚਾਰੇ ਬਜੁਰਗ ਇਕਾ ਦੁੱਕਾ ਹਨ ਉਹ ਵੀ ਅੰਦਰੇ ਅੰਦਰੇ ਹੀ ਦੁੱਖ ਸੰਤਾਪ, ਔਲਾਦ ਦੇ ਵਿਛੋੜੇ ਕਾਰਨ ਬਾਹਰ ਨਿਕਲਣਾ-ਵਿਚਰਨਾ ਪਸੰਦ ਨਹੀ ਕਰਦੇ ਕਿਉਂਕਿ ਖੁੰਢ ਚਰਚਾਵਾਂ, ਬੋਹੜਾਂ ਦੀ ਛਾਂ, ਬੰਬੀਆਂ ਦੀ ਰੌਣਕ ਹੀ ਖਤਮ ਹੋ ਚੁੱਕੀ ਹੈ ਜੋ ਕਿ ਸਾਡੇ ਸਭਿਆਚਾਰ ਦੀ ਇਕ ਰੰਗੀਨ ਵੰਨਗੀ ਸੀ। ਇਨਾਂ ਸਭ ਚੀਜਾਂ ਲਈ ਕਿਸੇ ਕੋਲ ਸਮਾਂ ਨਹੀਂ ਸਭ ਲੋਕ ਕਿਸੇ ਅਣਕਿਆਸੀ, ਅਣਮਿੱਥੀ, ਤੇ ਅਦਿਸਹੱਸਦਿਆਂ ਭਰੀ ਦੌੜ ਵਿੱਚ ਇੱਕ ਦੂਜੇ ਤੋ ਬਸ ਅੱਗੇ ਹੀ ਅੱਗੇ ਨਿਕਲਣ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

ਤਰੱਕੀ ਦੇ ਹਾਣ ਦੇ ਹੋ ਕੇ ਚੱਲਣ ਵਿੱਚ ਕੋਈ ਹਰਜ ਨਹੀ ਪਰ ਜੇ ਇਸ ਦਾ ਮੁੱਲ ਰਿਸ਼ਤਿਆਂ ਵਿੱਚਲੇ ਵਿਛੋੜੇ ਨੂੰ ਚੁਕਾਉਣਾ ਪਵੇ ਤਾਂ ਬਹੁਤ ਦੁੱਖਦਾਈ ਤੇ ਪੀੜ ਭਰਿਆ ਹੋਵੇਗਾ। ਅੱਜ ਕਾਫੀ ਹੱਦ ਤੱਕ ਨੌਕਰੀਪੇਸ਼ਾ ਤੇ ਪੜਿਆ ਲਿਖਿਆ ਵਰਗ ਸ਼ਹਿਰ ਵੱਸਣ-ਰਸਣ ਨੂੰ ਮਹੱਤਤਾ ਦੇਂਦਾ ਹੈ, ਵੱਸਣਾ ਵੀ ਚਾਹੀਦਾ ਹੈ ਕੋਈ ਗੱਲਤ ਗੱਲ ਨਹੀਂ ਪਰ ਜੇ ਇਸ ਦਾ ਮੁੱਲ ਬਜੁਰਗ ਮਾਪਿਆਂ ਦੀ ਖੁਸ਼ੀ ਤੇ ਚਾਵਾਂ ਨੂੰ ਰੌਂਦ ਕੇ ਚੁਕਾਇਆ ਜਾਵੇ ਤਾਂ ਬਹੁਤ ਵੱਡੇ ਦੁੱਖ, ਪੀੜ ਤੇ ਸੰਤਾਪ ਦੀ ਗੱਲ ਹੋਵੇਗੀ। ਅੱਜ ਬਹੁਤ ਸਾਡੇ ਪੜੇ ਲਿਖੇ ਸਿਆਣੇ ਵੀਰ ਬਜੁਰਗ ਮਾਪਿਆਂ ਨੂੰ ਆਪਣੇ ਸਿਰ ਭਾਰ ਸਮਝਦੇ ਹਨ, ਆਪ ਤਾਂ ਸ਼ਹਿਰੀ ਮਹੱਲ ਨੁਮਾ ਮਕਾਨਾਂ-ਕੋਠੀਆਂ ਚ ਰਹਿੰਦੇ ਨੇ, ਫਿਰ ਮਾਪਿਆਂ ਨੇ ਕੀ ਵਿਗਾੜਿਆ ਹੈ ਜੋ ਉਹਨਾਂ ਨੂੰ ਨਾਲ ਨਹੀ ਰੱਖ ਸਕਦੇ, ਬਜੁਰਗਾਂ ਨੂੰ ਪੁੱਤਾਂ-ਨੂੰਹਾਂ ਤੇ ਪੁੱਤ-ਪੋਤਰਿਆਂ ਦੀਆਂ ਸ਼ਕਲਾਂ ਤੇ ਹਾਸੇ-ਚਾਵਾਂ ਵਿਹੂਣੇ ਰਾਹਾਂ ਤੱਕਦੇ ਅੰਨੇ ਹੋਣ ਤੇ ਰੋਣ ਕੁਰਲਾਵਣ ਲਈ ਕਿਉਂ ਛੱਡਿਆ ਜਾਂਦਾ ਹੈ। ਮਾਂ ਬਾਪ ਬਿਰਧ ਘਰ ਹੀ ਕਿਉਂ ਅਸਲ ਘਰ ਬਣਾ ਦਿੱਤੇ ਜਾਂਦੇ ਹਨ। ਮਾਂ ਬਾਪ ਨੂੰ ਘਰਾਂ ਦੇ ਜਿੰਦਰੇ ਕਿਉਂ ਸਮਝਿਆ ਜਾਂਦਾ ਹੈ। ਮਾਂ ਪਿਓ ਨੂੰ ਤਿਰਸਕਾਰੀ ਤੇ ਨਫਰਤ ਭਰੇ ਰੱਵਈਏ ਨਾਲ ਕਿਉਂ ਨਿਵਾਜਿਆ ਜਾਂਦਾ ਹੈ। ਮਾਂ ਬਾਪ ਦੀਆਂ ਹਦਾਇਤਾਂ-ਸਲਾਹਾਂ ਨੂੰ ਨਜ਼ਰਅੰਦਾਜ ਕਿਉਂ ਕੀਤਾ ਜਾਂਦਾ ਹੈ। ਬਜੁਰਗ ਮਾਪਿਆਂ ਦਿਆਂ ਚੇਹਰਿਆਂ ਦੀਆਂ ਝੁਰੜੀਆਂ ਤੇ ਅੱਖਾਂ ਦੇ ਹੰਝੂਆਂ ਦੇ ਸੈਲਾਭ ਸਾਨੂੰ ਨਜ਼ਰ ਕਿਉਂ  ਨਹੀ ਆਉਂਦੇ। ਉਹਨਾਂ ਨੂੰ ਇਕੱਲਤਾ ਤੇ ਵਿਛੋੜੇ ਦੇ ਨਾਗਾਂ ਵਲੋਂ ਡੱਸਣ ਲਈ ਕਿਉਂ ਛੱਡ ਦਿੱਤਾ ਜਾਂਦਾ ਹੈ। ਸਾਡੇ ਘਰ ਵਿਚੋਂ ਉਹਨਾਂ ਲਈ ਦੋ ਵਕਤ ਦੀ ਰੋਟੀ ਵੀ ਕਿਉਂ ਨਹੀ ਹੁੰਦੀ। ਛੋਟੇ ਬੱਚਿਆਂ ਨੂੰ ਜੋ ਦਾਦੇ ਦਾਦੀਆਂ ਦੀ ਜਿੰਦ ਜਾਨ ਹੁੰਦੇ ਨੇ, ਉਨਾਂ ਦੀ ਬੁੱਕਲ ਦੇ ਨਿੱਘ ਤੇ ਕਹਾਣੀਆਂ-ਬਾਤਾਂ ਦੀ ਸ਼ਹਿਦ ਨੁਮਾਂ ਮਿਠਾਸਾਂ ਤੋਂ ਕਿਉਂ ਦੂਰ ਰੱਖਿਆ ਜਾਂਦਾ ਹੈ। ਨਾ ਜਾਨੇ ਹੋਰ ਕਿੰਨੇ ਹੀ ਸਵਾਲ ਹਨ ਜੋ ਬਜੁਰਗਾਂ ਦੀ ਆਖਰੀ ਸਾਹਾਂ ਨੂੰ ਵੀ ਔਖਾ ਕਰ ਜਾਂਦੇ ਹਨ।

ਅਸੀਂ ਕਿੰਨੇ ਕੁ ਸਿਆਣੇ ਹਾਂ ਜੋ ਅਸੀਂ ਘਰ ਨੁਮਾ ਬਹਿਸ਼ਤੀ-ਬਾਗ ਨੂੰ ਪੈਦਾ ਕਰਨ, ਪਾਲਣ-ਸਿੰਜਣ ਤੇ ਮਿਹਨ਼ਤ ਮੁਸ਼ਕੱਤ ਤੇ ਚਾਵਾਂ ਰੀਝਾਂ ਨਾਲ ਜਵਾਂ-ਤਰਾਂ, ਤਰੋ ਤਾਜਾ ਕਰਨ, ਵਧਾਵਣ ਵਾਲੇ ਬਾਗਬਾਨ-ਮਾਲੀ ਨੂੰ ਬਾਹਰ ਕੱਢ ਦਿੰਦੇ ਹਾਂ, ਲਾਹਨਤ ਹੈ ਸਾਡੇ ਸੰਸਕਾਰਾਂ ਤੇ ਸੋਚ-ਲੋਚ ਤੇ ਜੋ ਆਪਣੇ ਪਾਲਣਹਾਰ ਤੇ ਰੱਬ ਰੂਪੀ ਮਾਪਿਆਂ ਨੂੰ ਬਿਰਧ-ਘਰਾਂ ਦਾ ਰਸਤਾ ਵਿਖਾਉਂਦੇ ਹਨ। ਰੱਬ ਨੂੰ ਤਾਂ ਅਸੀਂ ਆਪਣਾ ਪਾਲਣਹਾਰ ਕਹਿ ਨਿਵਾਜ਼ਦੇ ਹਾਂ, ਕਿ ਸਾਡੇ ਮਾਂ ਬਾਪ ਸਾਡੇ ਪਾਲਣ ਹਾਰ ਨਹੀ ਹਨ, ਕੀ ਉਹਨਾਂ ਸਾਨੂੰ ਰੱਬ ਦੀ ਤਰਾਂ ਪਾਲਿਆ ਨਹੀ, ਸਾਡੇ ਗੰਦ-ਮਲ ਸਾਫ ਨਹੀ ਕੀਤੇ, ਸਾਨੂੰ ਸੁੱਕੀ ਥਾਂ ਪਾ ਕੇ ਆਪ ਗਿੱਲੀ ਥਾਂ ਤੇ ਨਹੀ ਸੌਂਦੇ ਰਹੇ, ਸਾਡੀ ਸਵੇਰੇ ਕੀਤੀ ਮੰਗ ਨੂੰ ਕਦੇ ਸ਼ਾਮ ਨਹੀ ਪੈਣ ਦਿੱਤੀ, ਸਾਡੇ ਜਿੱਦ ਅੱਗੇ ਕਦੇ ਨਹੀ ਜਿੱਤੇ। ਸਾਨੂੰ ਬੱਚਪਨ ਵਿੱਚ ਉਗਲੀਂ ਪਕੜ ਕੇ ਜਿੰਦਗੀ ਦੀਆਂ ਟੇਡੀਆਂ ਮੇਢੀਆਂ ਰਾਹਾਂ ਤੇ ਚੱਲਣਾ ਸਿਖਾਉਣ ਵਾਲਿਆਂ ਨੂੰ ਅਸੀਂ ਬਿਰਧ ਘਰਾਂ ਦਾ ਰਾਹ ਕਿਉਂ ਵਿਖਾ ਦਿੰਦੇ ਹਾਂ ? ਸਾਡੇ ਪਸੰਦ ਦੀ ਹਰ ਚੀਜ ਲੈ ਕੇ ਦੇਣ ਨੂੰ ਮਾਣ ਨਹੀ ਸਮਝਿਆ। ਫੇਰ ਅਸੀਂ ਆਪਣੇ ਫਰਜ ਤੇ ਸੇਵਾ ਤੋਂ ਕਿਵੇਂ ਭੱਜ ਸਕਦੇ ਹਾਂ ? ਜਦੋਂ ਉਨਾਂ ਨੂੰ ਸਾਡੀ ਸਭ ਤੋਂ ਵੱਧ ਲੋੜ ਹੁੰਦੀ ਹੈ ਉਦੋਂ ਅਸੀਂ ਕਿਉਂ ਹਾਰ ਜਾਂਦੇ ਹਾਂ? ਸਾਡੇ ਲਈ ਸਾਡੇ ਮਾਪੇ ਸਾਰੇ ਜੱਗ ਨਾਲ ਲੜ ਜਾਂਦੇ ਹਨ ਤਾਂ ਅਸੀਂ ਉਹਨਾਂ ਦੀ ਸੇਵਾ ਵਿੱਚ ਇਕ ਪਲ ਵਿੱਚ ਹੀ ਕਿਉਂ ਥੱਕ ਜਾਂਦੇ ਹਾਂ ? ਅੱਜ ਕਈ ਮਾਪੇ ਆਪਣੇ ਬੱਚਿਆਂ ਨੂੰ ਸ਼ਹਿਰੀ ਸਭਿਅਤਾ ਵਿਚ ਵਿਚਰਨਾ ਤਾਂ ਬਾਖੂਬੀ ਦੱਸਦੇ ਹਨ ਪਰ ਬਜੁਰਗ ਮਾਪਿਆਂ ਦੇ ਕੱਪੜਿਆਂ, ਚੁੰਮਣਾਂ, ਤੇ ਪਲੋਸਣ ਨੂੰ ਮੈਲਾ ਤੇ ਨਫਰਤ ਭਰਿਆ ਸਮਝਦੇ ਹਨ, ਜਦਕਿ ਇਨਾਂ ਦੇ ਸਾਥ ਨਾਲ ਹੀ ਉਹ ਖੁਦ ਵੱਡੇ ਹੋਏ ਹੁੰਦੇ ਹਨ। ਪਰ ਉਨਾਂ ਬਦਕਿਸਮਤੇ ਲੋਕਾਂ ਨੂੰ ਕੀ ਪਤਾ, ਕਿ ਵਿਆਜ ਨਾਲੋਂ ਹਮੇਸ਼ਾਂ ਹੀ ਮੂਲ ਪਿਆਰਾ ਹੁੰਦਾ ਹੈ, ਛੋਟੇ ਪੋਤੇ-ਪੋਤੀਆਂ ਤਾਂ ਬਜੁਰਗਾਂ ਦੀਆਂ ਦਵਾਈਆਂ ਹੁੰਦੀਆਂ ਹਨ। ਜਿੰਨਾਂ ਨੂੰ ਹਸਦੇ ਖੇਡਦੇ ਦੇਖ ਤੇ ਗਲੇ ਲਗਾ ਕੇ ਉਨਾਂ ਦੇ ਦੁੱਖ-ਪੀੜਾ ਤੇ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਉਹ ਫੇਰ ਤੋਂ ਜਿੰਦਗੀ ਦੀ ਹੁਸੀਨਤਾ ਤੇ ਤਰੋ ਤਾਜਗੀ ਨਾਲ ਲਬਰੇਜ ਹੋ ਜਾਂਦੇ ਹਨ। ਜਰਾ ਤੁਸੀਂ ਬਜੁਰਗ ਮਾਂ ਬਾਪ ਨੂੰ ਦੋ ਪਲ ਲਈ ਉਨਾਂ ਦੇ ਕੋਲ ਬੈਠ ਕੇ ਉਨਾਂ ਦੀ ਪਸੰਦ ਦੀ ਚੀਜ, ਦੁੱਖ ਪੀੜਾਂ, ਲੋੜ ਬਾਰੇ ਹੀ ਪੁੱਛ ਲਓ ਉਨਾਂ ਨੂੰ ਅਪਾਰ ਤੇ ਅੰਤਾਂ ਦੀ ਖੁਸ਼ੀ ਹੋਵੇਗੀ, ਉਨਾਂ ਨੂੰ ਸਾਰੇ ਦਰਦ ਭੁੱਲ ਜਾਣਗੇ, ਬਜੁਰਗਾਂ ਦੀ ਸੇਵਾ ਤੇ ਸਤਿਕਾਰ ਨਾਲ ਹੀ ਪੀੜੀਓ ਪੀੜੀ ਦੇ ਪਿਆਰ ਤੇ ਸਾਥ ਦੀਆਂ ਨੀਹਾਂ ਹੋਰ ਮਜਬੂਤ ਤੇ ਡੂੰਘੇਰੀਆਂ ਹੋ ਜਾਂਦੀਆਂ ਹਨ। ਬਜੁਰਗਾਂ ਨੂੰ ਅਖੀਰੀ ਸਮੇਂ ਬਸ ਸਿਰਫ ਸਾਡੀ ਖੁਸ਼ੀ, ਸਲਾਮਤੀ ਤੇ ਕਾਮਯਾਬੀ ਦੀ,  ਸਾਡਾ ਸਾਥ, ਪੁੱਤ ਪੋਤਰਿਆਂ ਦੀ ਗਲਵਕੜੀ ਦੀ ਲੋੜ ਹੁੰਦੀ ਜਿਸ ਤੋਂ ਉਨਾਂ ਨੂੰ ਮਹਿਰੂਮ ਨਹੀ ਕਰਨਾ ਚਾਹੀਦਾ। ਇਹ ਉਨਾਂ ਦਾ ਅਧਿਕਾਰ ਤੇ ਸਾਡਾ ਫਰਜ਼ ਹੁੰਦਾ ਹੈ।

ਹਮੇਸ਼ਾਂ ਯਾਦ ਰੱਖੋ, ਹਰ ਇਨਸਾਨ ਬਾਲਕ ਦੇ ਰੂਪ ਵਿੱਚ ਪੈਦਾ ਹੁੰਦਾ , ਫੇਰ ਜੁਆਨ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਬਾਪ ਬਣਦਾ ਹੈ, ਬਜੁਰਗ ਹੁੰਦਾ ਹੈ, ਜੋ ਅੱਜ ਅਸੀਂ ਆਪਣੇ ਬਜੁਰਗਾਂ ਨਾਲ ਸਲੂਕ ਕਰਦੇ ਹਾਂ ਉਹੀ ਸਾਨੂੰ ਆਪਣੇ ਬੱਚਿਆਂ ਤੋਂ ਕੱਲ੍ਹ ਸਹਿਣਾ ਪਵੇਗਾ, ਕਮਾਈ ਤਾਂ ਬੰਦਾ ਹਮੇਸ਼ਾਂ ਹੀ ਕਰਦਾ ਹੈ ਧੰਨ ਦੌਲਤ ਵੀ ਪ੍ਰਾਪਤ ਕਰ ਲਵੇਗਾ ਪਰ ਮਾਂ ਬਾਪ ਦਾ ਸਾਥ ਦੁਬਾਰਾ ਕਦੇ ਨਹੀ ਮਿਲਦਾ। ਜੋ ਅਸੀਂ ਅੱਜ ਆਪਣੇ ਬੱਚਿਆਂ ਲਈ ਕਮਾਇਆ ਹੈ ਇਹ ਸਾਡੇ ਬਜੁਰਗਾਂ ਦੀ ਹੀ ਦਿੱਤੀ ਜਿੰਦਗੀ ਤੇ ਤਾਲੀਮ ਤੇ ਅਸ਼ੀਰਵਾਦ ਸਦਕਾ ਹੀ ਹੈ। ਜੋ ਅਸੀਂ ਅੱਜ ਬੀਜਿਆ ਹੈ ਉਹੀ ਸਾਨੂੰ ਕੱਲ੍ਹ ਨੂੰ ਵੱਢਣਾ ਪੈਣਾ ਹੈ, ਜੇਕਰ ਅਸੀਂ ਆਪਣੇ ਅੱਜ ਨੂੰ ਨਾ ਸੰਵਾਰਿਆ ਸੰਭਾਲਿਆ ਤਾਂ ਅਸੀਂ ਆਪਣੀ ਅਗਲੀ ਪੀੜੀ ਨੂੰ ਕੱਲ੍ਹ ਦੇ ਹਨੇਰੇ ਤੇ ਦੁੱਖਾਂ ਵਿੱਚ ਹਮੇਸਾਂ ਲਈ ਗੁਆ ਦੇਵਾਂਗੇ ਕਿਉਂਕਿ ਕੱਲ ਦੀ ਜਿੰਦਗੀ ਦੀ ਰਹਿਤਲ ਤੇ ਨੀਂਹ ਸਾਡੇ ਅੱਜ ਦੇ ਬਜੁਰਗਾਂ ਦੇ ਪਿਆਰ, ਸਤਿਕਾਰ ਤੇ ਸੰਸਕਾਰਾਂ ਉੱਪਰ ਅਧਾਰਤ ਹੋਵੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>