ਕਰਮਾਂ ਵਾਲੀਆਂ ਮਾਵਾਂ

ਮਾਂ ਇਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਅੱਜ ਤੱਕ ਲੱਖਾਂ ਹੀ ਵਿਦਵਾਨਾਂ ਨੇ ਵੱਖ- ਵੱਖ ਭਾਸ਼ਾਵਾਂ ਵਿਚ ਕਰੋੜਾਂ ਵਾਰ ਕੀਤੀ ਹੈ ਅਤੇ ਸਭ ਨੇ ਇਕ ਗੱਲ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ। ਇਸ ਸੰਸਾਰ ਵਿਚ ਮਾਂ ਤੋਂ ਉੱਚਾ ਦਰਜ਼ਾ ਕਿਸੇ ਦਾ ਨਹੀਂ ਹੈ। ਮਾਂ ਪੂਜਾ ਹੈ, ਮਾਂ ਇਬਾਦਤ ਹੈ ਅਤੇ ਮਾਂ ਦਾ ਪਿਆਰ ਅਮੁੱਲ ਹੈ।

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਇਹ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਗੁਰਮਤਿ ਕਾਵਿ ਦੇ ਆਦਿ ਕਵੀ ਜਗਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਾਂ/ਇਸਤਰੀ ਦੀ ਤਾਰੀਫ਼ ਕਰਦਿਆਂ ਬਾਣੀ ਵਿਚ ਕਿਹਾ ਹੈ;

“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ।।” (ਸ਼੍ਰੀ ਗੁਰੂ ਗ੍ਰੰਥ ਸਾਹਿਬ)

ਗੁਰੂ ਸਾਹਿਬ ਬਾਣੀ ਵਿਚ ਆਖਦੇ ਹਨ ਕਿ ਉਸ ਇਸਤਰੀ/ਮਾਂ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ?, ਜਿਸ ਨੇ ਰਾਜਿਆਂ ਨੂੰ ਜਨਮ ਦਿੱਤਾ ਹੈ। ਮਾਂ ਦੀ ਕੁੱਖ ਤੋਂ ਜਨਮ ਲੈ ਕੇ, ਰਾਜੇ, ਪੀਰ- ਫ਼ਕੀਰ, ਸੰਤ, ਭਗਤ, ਗੁਰੂ ਅਤੇ ਦੇਵਤਾ ਵੀ ਆਪਣੇ- ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਹਨ।

ਮਾਂ ਆਪਣੇ ਬੱਚੇ ਲਈ ਜਿੱਥੇ ਪਿਆਰ ਦਾ ਸੋਮਾ ਹੈ ਉੱਥੇ ਉਹ ਆਪਣੇ ਬੱਚੇ ਦੇ ਜੀਵਨ ਵਿਚ ਅਜਿਹੀ ਪੈੜ ਉਸਾਰਨ ਦੇ ਸਮਰੱਥ ਵੀ ਹੈ ਜਿਹੜੀ ਤਮਾਮ ਉੱਮਰ ਬੱਚੇ ਦਾ ਮਾਰਗ- ਦਰਸ਼ਨ ਕਰਦੀ ਰਹਿੰਦੀ ਹੈ। ਬੱਚਾ ਸਭ ਤੋਂ ਜਿਆਦਾ ਪ੍ਰਭਾਵ ਆਪਣੀ ਮਾਂ ਦਾ ਹੀ ਕਬੂਲਦਾ ਹੈ, ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਰੋਂਦਾ ਹੈ ਪਰ ਮਾਂ ਜਦੋਂ ਆਪਣਾ ਹੱਥ ਨਵਜੰਮੇ ਬੱਚੇ ਉੱਪਰ ਰੱਖਦੀ ਹੈ ਤਾਂ ਉਹ ਚੁੱਪ ਹੋ ਜਾਂਦਾ ਹੈ। ਕੀ ਬੱਚੇ ਨੂੰ ਆਪਣੀ ਮਾਂ ਦੀ ਪਛਾਣ ਹੈ? ਇਸ ਦਾ ਜੁਆਬ ਹਾਂ ਵਿਚ ਹੈ ਕਿਉਂਕਿ ਬੱਚਾ ਭਾਵੇਂ ਇਕ ਮਿਨਟ ਪਹਿਲਾਂ ਹੀ ਪੈਦਾ ਕਿਉਂ ਨਾ ਹੋਇਆ ਹੋਵੇ, ਉਸਨੂੰ ਆਪਣੀ ਮਾਂ ਦੀ ਸਮਝ ਹੁੰਦੀ ਹੈ। ਬੱਚੇ ਨੂੰ ਆਪਣੀ ਮਾਂ ਦੀ ਛੁਹ ਦੀ ਪਛਾਣ ਹੁੰਦੀ ਹੈ।

ਭਾਰਤੀ ਇਤਿਹਾਸ ਵਿਚ ਅਜਿਹੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਵਿਚ ਮਾਂਵਾਂ ਨੇ ਆਪਣੇ ਪੁੱਤਰਾਂ ਦੇ ਜੀਵਨ ਵਿਚ ਇਨਕਲਾਬੀ ਪਰਿਵਰਤਨ ਲਿਆਂਦਾ ਹੈ। ਸੂਫ਼ੀ ਪਰੰਪਰਾ ਦੇ ਪ੍ਰਸਿੱਧ ਫ਼ਕੀਰ ਬਾਬਾ ਫ਼ਰੀਦ ਜੀ ਨੂੰ ਉਹਨਾਂ ਦੀ ਮਾਂ ਨੇ ਹੀ ਅੱਲ੍ਹਾ ਦੀ ਇਬਾਦਤ ਵਾਲੇ ਪਾਸੇ ਜੋੜਿਆ। ਬਾਬਾ ਫ਼ਰੀਦ ਜੀ ਦੀ ਮਾਤਾ ਜੇਕਰ ਉਹਨਾਂ ਦੇ ਸੁਮੱਲੇ ਹੇਠਾਂ ਸ਼ੱਕਰ ਨਾ ਰੱਖਦੀ ਤਾਂ ਸ਼ਾਇਦ ਬਾਬਾ ਫ਼ਰੀਦ ਸੂਫ਼ੀ ਪਰੰਪਰਾ ਵਿਚ ਇਤਨੇ ਜਿਆਦਾ ਮਕਬੂਲ ਨਾ ਹੁੰਦੇ। ਮਹਾਂਰਾਸ਼ਟਰ ਦੇ ਸਿ਼ਵਾਜੀ ਮਰਾਠਾ ਦੀ ਮਾਤਾ ਜੀ, ਜੀਜਾ ਬਾਈ ਨੇ ਹੀ ਸਿ਼ਵਾ ਜੀ ਨੂੰ ਬਹਾਦਰ ਅਤੇ ਜ਼ੋਰਾਵਰ ਬਣਾਇਆ। ਭਗਵਾਨ ਸ਼੍ਰੀ ਕ੍ਰਿਸ਼ਨ ਆਪਣੀ ਮਾਤਾ ਯਸ਼ੋਦਾ ਜੀ ਦਾ ਪ੍ਰਭਾਵ ਸਭ ਤੋਂ ਜਿਆਦਾ ਕਬੂਲਦੇ ਸਨ।

ਗੁਰੂ ਗੋਬਿੰਦ ਸਿੰਘ ਜੀ ਨੂੰ ਅਣਖ਼, ਗ਼ੈਰਤ, ਬਹਾਦਰੀ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣ ਵਾਲੀ ਉਹਨਾਂ ਦੀ ਮਾਤਾ ਜੀ, ਗੂਜਰੀ ਜੀ ਸਨ। ਕੋਈ ਪੁੱਤਰ ਜਿਸ ਵੇਲੇ ਆਪਣੇ ਫ਼ਰਜ਼ ਤੋਂ ਮੁੱਖ ਮੋੜ ਕੇ ਵਾਪਸ ਘਰ ਆ ਜਾਂਦਾ ਹੈ ਤਾਂ ਉਸ ਨੂੰ ਵੰਗਾਰ ਪਾਉਣ ਵਾਲੀ ਸਿਰਫ਼ ਉਸਦੀ ਮਾਂ ਹੀ ਹੁੰਦੀ ਹੈ। ਮਾਂ ਆਪਣੇ ਪੁੱਤਰ ਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ;

“ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨੁ ਕੇ ਹੇਤ।।
ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ।।”(ਗੁਰੂ ਗ੍ਰੰਥ ਸਾਹਿਬ)

ਪੰਜਾਬੀ ਸੰਗੀਤ ਜਗਤ ਦੇ ਬਾਦਸ਼ਾਹ ਜਨਾਬ ਗੁਰਦਾਸ ਮਾਨ ਨੇ ਵੀ ਆਪਣੇ ਇਕ ਗੀਤ ਵਿਚ ਮਾਂ ਦੀ ਤਾਰੀਫ਼ ਕਰਦਿਆਂ ਕਿਹਾ ਹੈ;

“ਮਾਂ ਦੀ ਹੱਲਾਸ਼ੇਰੀ, ਸ਼ੇਰ ਬਣਾ ਦੇਂਦੀ।” (ਗੁਰਦਾਸ ਮਾਨ)

ਪੰਜਾਬੀ ਲੋਕਗੀਤਾਂ ਵਿਚ ਵੀ ਮਾਂ- ਪੁੱਤ ਬਾਰੇ ਵਾਰ- ਵਾਰ ਜਿ਼ਕਰ ਆਇਆ ਹੈ। ਮਾਂ ਦਾ ਆਪਣੇ ਪੁੱਤ ਨਾਲ ਅੰਤਾਂ ਦਾ ਮੋਹ ਹੈ। ਇਸ ਲਈ ਮਾਂ ਦੀ ਅਹਿਮੀਅਤ ਨੂੰ ਬਿਆਨ ਕਰਦਿਆਂ ਪ੍ਰਸਿੱਧ ਪੰਜਾਬੀ ਗੀਤਕਾਰ ਦੇਵ ਥਰੀਕੇ ਨੇ ਲਿਖਿਆ ਅਤੇ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਨੇ ਗਾਇਆ ਹੈ;

“ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
ਮਾਂ ਹੈ ਠੰਡੜੀ ਛਾਂ ਓ ਦੁਨੀਆਂ ਵਾਲਿਓ।” (ਕੁਲਦੀਪ ਮਾਣਕ)

ਪਰਦੇਸਾਂ ਵਿਚ ਕਮਾਈ ਕਰਨ ਗਏ ਪੁੱਤਰਾਂ ਨੂੰ ਸਭ ਤੋਂ ਜਿਆਦਾ ਚੇਤੇ ਆਪਣੀ ਮਾਂ ਹੀ ਆਉਂਦੀ ਹੈ। ਮਾਂ ਦੇ ਹੱਥਾਂ ਦੀ ਰੋਟੀ, ਪਿਆਰ, ਲਾਡ, ਦੁਲਾਰ ਅਤੇ ਲੋਰੀਆਂ ਦੀ ਕੀਮਤ ਵਤਨੋਂ ਦੂਰ ਗਏ ਪੁੱਤ ਨੂੰ ਹੀ ਪਤਾ ਲੱਗਦੀ ਹੈ;

“ਤੇਰੀ ਯਾਦ ਅੰਮੀਏ ਨੀਂ ਬੜੀ ਆਵੇ, ਵਿਚ ਪਰਦੇਸਾਂ ਦੇ।” (ਗੁਰਬਖਸ਼)

ਇਸ ਤਰ੍ਹਾਂ ਪਰਦੇਸਾਂ ਵਿਚ ਵੰਨ- ਸੁਵੰਨੇ ਖਾਣੇ ਖਾ ਕੇ ਵੀ ਪੁੱਤ ਨੂੰ ਆਪਣੀ ਮਾਂ ਦੇ ਹੱਥਾਂ ਦੀ ਰੋਟੀ ਦਾ ਸੁਆਦ ਹੀ ਚੇਤੇ ਆਉਂਦਾ ਹੈ;

“ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ
ਖਾਣ ਨੂੰ ਬੜਾ ਚਿੱਤ ਕਰਦੈ।”(ਮਲਕੀਤ ਸਿੰਘ)

ਮਾਂ- ਪੁੱਤ ਦਾ ਪਿਆਰ ਜਿੱਥੇ ਪੰਜਾਬੀ ਸਾਹਿਤ ਵਿਚ ਪ੍ਰਸਿੱਧ ਹੈ, ਬਿਆਨ ਕੀਤਾ ਗਿਆ ਹੈ, ਉੱਥੇ ਮਾਂ- ਧੀ ਦਾ ਰਿਸ਼ਤਾ ਵੀ ਬਹੁਤ ਵਡਿਆਇਆ ਗਿਆ ਹੈ। ਮਾਂ- ਧੀ ਦੇ ਰਿਸ਼ਤੇ ਨੂੰ ਸਹੇਲੀਆਂ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ। ਧੀ ਆਪਣੇ ਮਨ ਦੀ ਹਰ ਗੱਲ ਆਪਣੀ ਮਾਂ ਨੂੰ ਦੱਸਦੀ ਹੈ। ਸਹੁਰਿਆਂ ਦੇ ਘਰ ਵਿਚ ਕਿਸੇ ਦੁੱਖ ਬਾਰੇ ਸਾਂਝ ਕੇਵਲ ਮਾਂ ਨਾਲ ਹੀ ਪਾਈ ਜਾ ਸਕਦੀ ਹੈ। ਬਾਬੁਲ ਜਦੋਂ ਜਵਾਨ ਹੋਈ ਧੀ ਨੂੰ ਵਿਆਹ ਕੇ ਸਹੁਰੇ ਘਰ ਭੇਜਦਾ ਹੈ ਤਾਂ ਧੀ ਆਪਣੀ ਮਾਂ ਨੂੰ ਕਹਿੰਦੀ ਹੈ;

“ਐ ਲੈ ਮਾਏਂ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ।” (ਲੋਕਗੀਤ)

ਸਾਹਿਤ ਤੋਂ ਇਲਾਵਾ ਜੇਕਰ ਵਿਗਿਆਨ ਦੀ ਗੱਲ ਕੀਤੀ ਜਾਵੇ ਤਾਂ ਮਨੋਵਿਗਿਆਨੀਆਂ ਦਾ ਕਥਨ ਹੈ ਕਿ ਮਨੁੱਖੀ ਮਨ ਦਾ 20 ਫੀਸਦੀ ਹਿੱਸਾ ਹੀ ਕ੍ਰਿਆਸ਼ੀਲ/ਸੁਚੇਤ ਅਵਸਥਾ ਵਿਚ ਰਹਿੰਦਾ ਹੈ ਅਤੇ ਬਾਕੀ 80 ਫੀਸਦੀ ਹਿੱਸਾ ਅਚੇਤ ਅਵਸਥਾ ਵਿਚ ਰਹਿੰਦਾ ਹੈ। ਮਨੁੱਖੀ ਮਨ ਦੇ ਇਸ 80 ਫੀਸਦੀ ਹਿੱਸੇ ਵਿਚ ਪੂਰੀ ਜਿੰਦਗੀ ਦੀਆਂ ਯਾਦਾਂ ਧੁੰਦਲੀਆਂ ਹੋਈਆਂ ਪਈਆਂ ਰਹਿੰਦੀਆਂ ਹਨ। ਮਾਂ ਇਕ ਅਜਿਹੀ ਸ਼ਕਲ/ਮੂਰਤ ਹੈ ਜੋ ਅਚੇਤ ਮਨ ਵਿਚ ਰਹਿੰਦਿਆਂ ਵੀ ਸੁਚੇਤ ਮਨ ਦੇ ਵਾਂਗ ਕੰਮ ਕਰਦੀ ਹੈ, ਭਾਵ ਕੋਈ ਇਨਸਾਨ ਆਪਣੀ ਮਾਂ ਤੋਂ ਭਾਵੇਂ ਕਿੰਨੇ ਸਾਲ ਦੂਰ ਕਿਉਂ ਨਾ ਰਿਹਾ ਹੋਵੇ, ਉਹ ਆਪਣੀ ਮਾਂ ਦੀ ਸ਼ਕਲ ਨਹੀਂ ਭੁੱਲ ਸਕਦਾ।

ਮਨੁੱਖ ਦੇ ਅਚੇਤ ਮਨ ਵਿਚ ਹੋਣ ਕਾਰਨ ਮਾਂ ਸ਼ਬਦ ਕਈ ਵਾਰ ਨਾ ਚਾਹੁੰਦੇ ਹੋਏ ਵੀ ਮੂੰਹੋਂ ਨਿਕਲ ਜਾਂਦਾ ਹੈ। ਕਿਸੇ ਮਨੁੱਖ ਨੂੰ ਜਦੋਂ ਕੋਈ ਸੱਟ ਲੱਗਦੀ ਹੈ, ਬਹੁਤ ਵੱਡੀ ਖੁਸ਼ੀ ਦੀ ਖਬਰ ਮਿਲਦੀ ਹੈ ਤਾਂ ਮਾਂ ਸ਼ਬਦ ਅਚਾਨਕ ਹੀ ਮੂੰਹੋਂ ਨਿਕਲ ਪੈਂਦਾ ਹੈ। ਇਹ ਮਾਂ ਦੇ ਦੁੱਧ ਦੀ ਸ਼ਕਤੀ ਹੀ ਹੈ ਕਿ ਜਨਮ ਤੋਂ ਮੌਤ ਤੱਕ ਹਰ ਮਨੁੱਖ ਆਪਣੀ ਮਾਂ ਨੂੰ ਯਾਦ ਰੱਖਦਾ ਹੈ।

ਮਾਂ ਆਪਣੇ ਪੁੱਤਰ/ਧੀ ਨੂੰ ਗਰਭ ਵਿਚ ਆਉਣ ਤੋਂ ਲੈ ਕੇ ਅੰਤਿਮ ਸੁਵਾਸ ਤੱਕ ਪਿਆਰ ਕਰਦੀ ਹੈ, ਲਾਡ ਕਰਦੀ ਹੈ। ਮਾਂ ਦੀਆਂ ਨਜ਼ਰਾਂ ਵਿਚ ਉਸਦਾ ਪੁੱਤਰ ਪੂਰੇ ਸੰਸਾਰ ਨਾਲੋਂ ਸੋਹਣਾ ਅਤੇ ਪਿਆਰਾ ਹੁੰਦਾ ਹੈ;

“ਮੇਰੀਆਂ ਅੱਖੀਆਂ ਦਾ ਤਾਰਾ
ਸਾਰੇ ਜੱਗ ਤੋਂ ਪਿਆਰਾ,
ਚੰਨ ਜਿਹਾ ਇਹਦਾ ਮੁੱਖ
ਲੱਗੇ ਨਾ ਕੋਈ ਗ਼ਮ- ਦੁੱਖ,
ਚੁੰਮਦੀ ਮੈਂ ਇਹਦਾ ਮੁੱਖ
ਬਾਪੂ ਦਾ ਵੀ ਰਾਜ- ਦੁਲਾਰਾ,
ਮੇਰੀਆਂ ਅੱਖੀਆਂ ਦਾ ਤਾਰਾ
ਸਾਰੇ ਜੱਗ ਤੋਂ ਪਿਆਰਾ।” (ਡਾ. ਨਿਸ਼ਾਨ)

ਮਾਂ ਆਪਣੇ ਪੁੱਤਰ ਕੋਲੋਂ ਹੋਏ ਕਿਸੇ ਗੱਲਤ ਕੰਮ ਤੇ ਪਰਦਾ ਪਾਉਂਦੀ ਹੈ ਅਤੇ ਗੁੱਸੇ ਹੋਏ ਪਿਤਾ ਨੂੰ ਸਮਝਾਉਂਦੀ ਹੈ, ਆਪਣੇ ਪੁੱਤਰ ਨੂੰ ਪਿਓ ਦੀਆਂ ਝਿੜਕਾਂ ਤੋਂ ਬਚਾਉਂਦੀ ਹੈ। ਮਾਂ ਦੇ ਦਿਲ ਵਿਚ ਰੀਝ ਹੁੰਦੀ ਹੈ ਕਿ ਉਹ ਆਪਣੇ ਪੁੱਤਰ ਲਈ ਚੰਨ ਜਿਹੀ ਸੋਹਣੀ ਨੂੰਹ ਲੈ ਕੇ ਆਵੇ। ਮਾਂ ਆਪਣੇ ਘਰ ਦੇ ਵਿਹੜੇ ਵਿਚ ਪੋਤਰੇ ਖੇਡਦੇ ਦੇਖਣਾ ਚਾਹੁੰਦੀ ਹੈ। ਮਾਂ ਆਪਣੇ ਪੁੱਤ ਦਾ ਜਿਸ ਦਿਨ ਵਿਆਹ ਕਰਦੀ ਹੈ ਤਾਂ ਉਹ ਦਿਨ ਉਸਦੇ ਲਈ ਸਭ ਤੋਂ ਵੱਧ ਖੁਸ਼ੀਆਂ ਵਾਲਾ ਹੁੰਦਾ ਹੈ।

ਇਸ ਤਰ੍ਹਾਂ ਮਾਂ ਦਾ ਪਿਆਰ, ਮੋਹ ਅਤੇ ਲੋਰੀਆਂ ਸੰਸਾਰਿਕ ਮੁੱਲ ਦੇ ਕੇ ਖਰੀਦੀਆਂ ਨਹੀਂ ਜਾ ਸਕਦੀਆਂ। ਅੱਲ੍ਹਾ ਕਰੇ ਸਾਰੇ ਸੰਸਾਰ ਦੇ ਪੁੱਤਰਾਂ/ਧੀਆਂ ਦੇ ਨਸੀਬਾਂ ਵਿਚ ਉਹਨਾਂ ਦੀਆਂ ਮਾਂਵਾਂ ਦਾ ਪਿਆਰ ਹੋਵੇ ਅਤੇ ਉਹ ਇਸ ਰੱਬੀ ਅਮਾਨਤ ਦਾ ਆਨੰਦ ਮਾਣ ਸਕਣ। ਇਹੀ ਅਰਦਾਸ ਹੈ ਮੇਰੀ…

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>