ਸਫਲਤਾ

ਕਈ ਦਿਨ ਹੋ ਗਏ ਉਸ ਨੂੰ ਸੋਚਦਿਆਂ ਕਿ ਅੱਜ ਗੁਰਦੁਆਰੇ ਜਾਂਦੇ ਹਾਂ, ਕੱਲ ਜਾਂਦੇ, ਇਸ ਤਰਾਂ ਕਰਦਿਆਂ ਕਾਫੀ ਦਿਨ ਨਿਕਲ ਗਏ।ਅੱਜ ਸਵੇਰੇ ਅਜੇ ਉਹ ਉੱਠੀ ਸੀ ਕਿ ਗਵਾਢੋਂ ਮਾਤਾ ਜੀ ਦਾ ਫੋਨ ਆ ਗਿਆ,
“ ਮਨਦੀਪ ਪੁੱਤ, ਕਿਦਾਂ ਉੱਠ ਖੜੇ।”
“ ਹਾਂ ਜੀ, ਮਾਤਾ ਜੀ ਹੁਣੇ ਹੀ ਉੱਠੀ ਹਾਂ।”  ਮਨਦੀਪ ਨੇ ਅਵਾਸੀ ਲੈਂਦੇ ਕਿਹਾ, “ ਅੱਜ ਸ਼ਨੀਵਾਰ ਕਰਕੇ ਸੌਣ ਦਾ ਲਾਲਚ ਕਰ ਲਿਆ।
“ ਇਸ ਲਈ ਮੈ ਪਹਿਲਾਂ ਫੋਨ ਨਹੀ ਕੀਤਾ ਕਿ ਇਕ –ਅੱਧਾ ਦਿਨ ਹੀ ਨਿਆਣਿਆਂ ਨੇ ਘੜੀ ਸੌਣਾ ਹੁੰਦਾ, ਉਦਾ ਤਾਂ ਸਾਰਾ ਹਫਤਾ ਤੜਕੇ ਤੋਂ ਚਲ ਸੋ ਚਲ।”
“ ਹੈ ਤਾਂ ਏਦਾ ਈ ਮਾਤਾ ਜੀ, ਇਹਨੂੰ ਹੀ ਕਨੈਡਾ ਕਹਿੰਦੇ ਨੇ।”
“ ਮੈ ਹੋਰ ਹੀ ਗੱਲਾਂ ਲੈ ਤੁਰੀ, ਮੈ ਤਾਂ ਫੋਨ ਕੀਤਾ ਸੀ ਕਿ ਜੇ ਅੱਜ ਤੁਸੀਂ ਗੁਰਦੁਆਰੇ ਜਾਣਾ ਹੋਵੇ ਤਾਂ ਮੈਨੂੰ ਲੈ ਚੱਲਿਉ।” ਮਾਤਾ ਜੀ ਨੇ ਫੋਨ ਕਰਨ ਦਾ ਕਾਰਣ ਦੱਸਿਆ, “ ਅੱਗੇ ਤਾਂ ਕਾਕਾ ਹਰ ਐਤਵਾਰ ਗੁਰੂ ਦੇ ਦਰਸ਼ਨ ਕਰਵਾ ਦਿੰਦਾ ਸੀ, ਹੁਣ ਉਹਦੀ ਸ਼ਿਫਟ ਬਦਲ ਗਈ, ਤੜਕੇ ਆ ਕੇ ਕਿਤੇ ਸੁੱਤਾ।”
“ ਤੁਸੀ ਤਿਆਰ ਹੋਵੋ, ਮੈ ਨਹਾ ਕੇ ਹੁਣੇ ਤਹਾਨੂੰ ਚੁੱਕਦੀ ਹਾਂ। ਬੱਚਿਆਂ ਦੇ ਸੁੱਤੇ ਸੁੱਤੇ ਆਪਾਂ ਮੁੜ ਵੀ ਆਉਣਾ ਆ।”
“ ਗੁਰੂ ਤੇਰਾ ਭਲਾ ਕਰੇ।”
ਮਨਦੀਪ ਜਲਦੀ ਜਲਦੀ ਨਾਹਉਣ ਲੱਗ ਪਈ, ਨਾਲ ਹੀ ਉਸ ਨੇ ‘ਜੁਪਜੀ ਸਾਹਿਬ’ ਦਾ ਪਾਠ ਸ਼ੁਰੂ ਕਰ ਲਿਆ ਜੋ ਨਹਾਉਣ ਤੱਕ ਪੂਰਾ ਹੋ ਗਿਆ। ਕਾਰ ਵਿਚ ਸ਼ਬਦਾਂ ਦੀ ਟੇਪ ਲਾ ਕੇ ਅਤੇ ਮਾਤਾ ਜੀ ਨੂੰ ਨਾਲ ਲੈ ਕੇ ਗੁਰਦੁਆਰੇ ਵੱਲ ਨੂੰ ਚੱਲ ਪਈ।
ਪਾਰਕਿੰਗ ਲਾਟ ਵਿਚ ਹੀ ਸਵਰਨ ਕੌਰ ਆਂਟੀ ਮਿਲ ਗਈ। ਮਨਦੀਪ ਨੂੰ ਦੇਖ ਕੇ ਬਹੁਤ ਖੁਸ਼ ਹੋਈ ਜੱਫੀ ਵਿਚ ਲੈਂਦੀ ਕਹਿਣ ਲੱਗੀ,
“ ਕੁੜੇ, ਮਨਦੀਪ ਤੈਨੂੰ ਦੇਖਿਆਂ ਕਿਤੇ ਜੁਗੜੇ ਹੀ ਹੋ ਗਏ। ਗੁਰਦੁਆਰੇ ਵੀ ਤੈਨੂੰ ਘੱਟ ਹੀ ਦੇਖਿਆ।”।
“ ਹਾਂ ਜੀ, ਗੁਰਦੁਆਰੇ ਆਉਣ ਨੂੰ ਟਾਈਮ ਹੀ ਨਹੀ ਰਹਿੰਦਾ, ਇਕ –ਅੱਧੀ ਛੁੱਟੀ ਹੁੰਦੀ ਆ ਉਹ ਸਫਾਈ ਕਰਨ, ਕੱਪੜੇ ਧੋਣ ਅਤੇ ਗਰਾਉਸਰੀ ਲਿਆਉਣ ਵਿਚ ਹੀ ਨਿਕਲ ਜਾਂਦੀ ਆ।”
“ ਭਾਈ, ਗੁਰੂ ਘਰ ਲਈ ਟੈਮ ਕੱਢਿਆ ਕਰੋ, ਬਾਕੀ ਕੰਮ ਤਾਂ ਹੁੰਦੇ ਹੀ ਰਹਿਣੇ ਨੇ।”
“ ਭੈਣ ਜੀ, ਵੈਸੇ ਤਾਂ ਘਰ ਵਿਚ ਵੀ ਬਜ਼ੁਰਗਾਂ ਦੀ ਦੇਖ-ਭਾਲ ਕਰ ਲਵੇ ਤਾਂ ਉਹ ਵੀ ਗੁਰਦੁਆਰੇ ਆਉਣ ਤੋਂ ਘੱਟ ਨਹੀ।” ਮਾਤਾ ਜੀ ਨੇ ਕਿਹਾ।

ਸਵੇਰਾ ਸਵੇਰਾ ਹੋਣ ਕਾਰਣ ਗੁਰਦੁਆਰੇ ਵਿਚ ਸੰਗਤ ਅਜੇ ਘੱਟ ਹੀ ਸੀ। ਪਰ ਰਾਗੀ ਸਿੰਘ ਕੀਰਤਨ ਕਰਨ ਲੱਗ ਪਏ । ਕੀਰਤਨ ਕਰਦੇ ਨਾਲ ਨਾਲ ਵਿਆਖਿਆ ਵੀ ਕਰੀ ਜਾਂਦੇ। ਕਥਾ ਕਰਦੇ ਕਹਿਣ ਲੱਗੇ,
“ ਅਸੀ ਇੱਥੇ ਇਕ ਗੱਲ ਦੇਖੀ ਹੈ ਕਿ ਬੱਚੇ ਵੱਡਿਆਂ ਦੀ ਕਦਰ ਨਹੀ ਕਰਦੇ, ਮਾਂ-ਬਾਪ ਦੀ ਸੇਵਾ ਗੁਰੂ ਦੀ ਸੇਵਾ ਬਰਾਬਰ ਹੈ, ਨੂੰਹ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੱਸ-ਸਹੁਰੇ ਦੀ ਸੇਵਾ ਆਪਣੇ ਮਾਂ- ਬਾਪ ਸਮਝ ਕੇ ਕਰੇ।”
ਜਦੋਂ ਰਾਗੀ ਸਿੰਘਾ ਦੀ ਇਹ ਗੱਲ ਮਨਦੀਪ ਨੇ ਸੁਣੀ ਤਾਂ ਉਸ ਦਾ ਸਾਰਾ ਧਿਆਨ ਆਪਣੇ ਘਰ ਵੱਲ ਚਲਾ ਗਿਆ, ਜੋ ਪਿੱਛੋਂ ਤੋਂ ਲੈ ਕੇ ਹੁਣ ਤੱਕ ਹੋ ਰਿਹਾ ਹੈ ਸਭ ਕੁੱਝ ਮਨਦੀਪ ਦੇ ਮੱਥੇ ਵਿਚ ਚਲਣ ਲੱਗਾ। ਮਨਦੀਪ ਨੇ ਆਪਣੇ ਸੱਸ-ਸਹੁਰੇ ਨੂੰ ਮਾਂ-ਬਾਪ ਸਮਝਣ ਦੀ ਪੂਰੀ ਕੋਸ਼ਿਸ਼ ਕੀਤੀ,ਪਰ ਉਸ ਨੂੰ ਲੱਗਿਆ ਕਿ ਉਹ ਸਫਲ ਨਹੀ ਹੋ ਸਕੀ।
“ ਤੁਸੀ ਤਰੱਕੀ ਵਾਲੇ ਦੇਸ਼ਾਂ ਵਿਚ ਹੋ।” ਪੰਥ ਦੇ ਮਸ਼ਹੂਰ ਰਾਗੀ ਸਿੰਘ ਨੇ ਅਗਾਂਹ ਗੱਲ ਕਰਦੇ ਕਿਹਾ, “ ਜਿੱਥੇ ਖਾਣ-ਪੀਣ ਅਤੇ ਪਹਿਨਣ ਪਚਰਣਿ ਦੀ ਕੋਈ ਕਮੀ ਨਹੀ, ਪਰ ਇੱਥੇ ਵੀ ਮਾਤਾ ਪਿਤਾ ਨੂੰ ਪੂਰਾ ਸਤਿਕਾਰ ਨਹੀ ਦਿੱਤਾ ਜਾਂਦਾ।”
ਇਹ ਗੱਲ ਸੁਣਦਿਆਂ ਹੀ ਮਨਦੀਪ ਨੇ ਆਪਣੇ ਮਨ ਨਾਲ ਫੈਂਸਲਾ ਕੀਤਾ ਕਿ ਕੀਰਤਨ ਤੋਂ ਬਾਅਦ ਉਹ ਰਾਗੀ ਸਿੰਘ ਨਾਲ ਇਸ ਬਾਰੇ ਜ਼ਰੂਰ ਵਿਚਾਰ ਕਰੇਗੀ। ਅਰਦਾਸ ਤੋਂ ਬਾਅਦ ਰਾਗੀ ਸਿੰਘ ਲੰਗਰ ਹਾਲ ਵੱਲ ਗਏ ਤਾਂ ਮਨਦੀਪ ਨੇ ਮਾਤਾ ਜੀ ਨੂੰ ਪੁੱਛਿਆ, “ ਮਾਤਾ ਜੀ, ਮੈ ਲੰਗਰ ਹਾਲ ਵਿਚ ਜਾ ਰਹੀ, ਰਾਗੀ ਸਿੰਘ ਨਾਲ ਕੋਈ ਵਿਚਾਰ-ਵਟਾਂਦਰਾ ਕਰਨਾ ਆ।”
“ ਮੈ ਵੀ ਤੇਰੇ ਨਾਲ ਹੀ ਚੱਲਦੀ ਹਾਂ।” ਮਾਤਾ ਜੀ ਨੇ ਆਪਣੀ ਸ਼ਾਲ ਚੁੱਕਦਿਆਂ ਕਿਹਾ, “ ਮੈ ਵੀ ਉਹਨਾਂ ਨਾਲ ਗੱਲ ਕਰਨੀ ਆ, ਤੇਰੀ ਮੇਰੀ ਇਕੋ ਕਹਾਣੀ ਲੱਗਦੀ ਆ।”
ਮਨਦੀਪ ਨੇ ਆਪਣੇ ਮਨ ਵਿਚ ਸੋਚਿਆ ਮਾਤਾ ਜੀ ਬਜ਼ੁਰਗ ਨੇ ਉਹਨਾਂ ਨੂੰ ਇਹ ਗੱਲਾਂ ਪਸੰਦ ਆਈਆਂ ਹੋਣਗੀਆਂ, ਇਸ ਲਈ ਉਹ ਤਾਂ ਰਾਗੀ ਸਿੰਘਾਂ ਦਾ ਧੰਨਵਾਦ ਹੀ ਕਰਨਗੇ।
ਲੰਗਰ ਹਾਲ ਵਿਚ ਜਾ ਕੇ ਦੇਖਿਆ ਕਿ ਅਜੇ ਰਾਗੀ ਸਿੰਘ ਪਰਸ਼ਾਦਾ ਛੱਕ ਰਹੇ ਨੇ। ਦੋਨੋ ਇਕ ਖੂੰਜੇ  ਉਹਨਾਂ ਦੀ ਉਡੀਕ ਵਿਚ ਬੈਠ ਗਈਆਂ।
ਜਿਉਂ ਹੀ ਰਾਗੀ ਸਿੰਘ ਹੱਥ ਧੋਣ ਲਈ ਸਿੰਕ ਵੱਲ ਵਧੇ, ਮਨਦੀਪ ਉੱਠ ਕੇ ਉਹਨਾਂ ਕੋਲ ਚਲੀ ਗਈ।
“ ਸਤਿ ਸ੍ਰੀ ਅਕਾਲ, ਭਾਈ ਸਾਹਿਬ ਜੀ।” ਮਨਦੀਪ ਨੇ ਹੱਥ ਜੋੜਦਿਆਂ ਕਿਹਾ, “ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਹਾਡੇ ਨਾਲ ਕੁੱਝ ਵਿਚਾਰਾਂ ਕਰਨੀਆਂ ਚਾਹੁੰਦੀ ਹਾਂ।”
“ ਦੱਸੋ ਜੀ।” ਰਾਗੀ ਜੀ ਨੇ ਨਿਮਰਤਾ ਸਹਿਤ ਕਿਹਾ, “ ਅਸੀ ਸੰਗਤ ਦੇ ਸੇਵਾਦਾਰ ਹਾਂ, ਤੁਸੀ ਹੁਕਮ ਕਰੋ।”
ਮਨਦੀਪ ਰਾਗੀ ਸਿੰਘ ਨੂੰ ਉੱਥੇ ਹੀ ਲੈ ਆਈ ਜਿੱਥੇ ਮਾਤਾ ਜੀ ਬੈਠੇ ਸਨ। ਫਤਿਹ ਬਲਾਉਣ ਤੋਂ ਬਾਅਦ ਮਾਤਾ ਜੀ ਨੇ ਗੱਲ ਸ਼ੁਰੂ ਕੀਤੀ, “ ਜਿੱਥੇ ਤੁਸੀਂ ਸੁਹਣਾ ਕੀਰਤਨ ਕਰਦੇ ਹੋ ਉੱਥੇ ਕਥਾ ਵੀ ਵਧੀਆ ਕਰਦੇ ਹੋ।”
“ ਧੰਨਵਾਦ ਜੀ।” ਰਾਗੀ ਸਿੰਘ ਨੇ ਕਿਹਾ, “ ਕੀਰਤਨ ਕਥਾ ਸਭ ਪਰਮਾਤਮਾ ਦੀ ਹੀ ਦੇਣ ਹੈ।”
“ ਬਹੁਤ ਸਾਰੇ ਕਥਾ ਵਾਚਕ, ਰਾਗੀ ਸਿੰਘ ਜਾਂ ਪਰਚਾਰਕ ਇਹ ਗੱਲ ਤਾਂ ਵਾਰ ਵਾਰ ਕਹਿੰਦੇ ਨੇ ਕਿ ਬੱਚਿਆਂ ਨੂੰ ਆਪਣੇ ਮਾਂ- ਬਾਪ ਦੀ ਦੇਖਭਾਲ ਚੰਗੀ ਤਰਾਂ ਕਰਨੀ ਚਾਹੀਦੀ ਆ।” ਮਾਤਾ ਜੀ ਨੇ ਅਗਾਂਹ ਗੱਲ ਤੋਰੀ, “ ਉੱਥੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਮਾਤਾ ਪਿਤਾ  ਨੂੰ ਵੀ ਆਪਣੇ  ਬੱਚਿਆਂ ਨਾਲ ਕਿਸ ਤਰਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ।”
ਮਾਤਾ ਜੀ ਦੀ ਇਹ ਗੱਲ ਸੁਣ ਕੇ ਮਨਦੀਪ ਨੂੰ ਹੈਰਾਨੀ ਹੋਈ ਕਿ ਮਾਤਾ ਜੀ ਨੇ ਤਾਂ ਉਸ ਦੇ ਦਿਲ ਦੀ ਗੱਲ ਬੁੱਝ ਲਈ, ਪਰ ਨਾਲ ਹੀ ਉਸ ਨੂੰ ਚੇਤਾ ਆ ਗਿਆ, ਗੁਵਾਂਢ ਵਿਚ ਰਹਿੰਦੇ ਹੋਣ ਕਾਰਣ ਮਾਤਾ ਜੀ ਉਹਨਾਂ ਦੇ ਘਰ ਦੇ ਵੀ ਭੇਤੀ ਨੇ,ਹੋ ਸਕਦਾ ਹੈ ਮਾਤਾ ਜੀ ਇਸ ਕਰਕੇ ਰਾਗੀ ਸਿੰਘ  ਨੂੰ ਕਹਿ ਰਹੇ ਨੇ, “ ਪੁੱਤਰ ਜੀ ਅੱਜਕਲ ਕੱਲਯੁਗ ਦਾ ਪਹਿਰਾ ਹੈ, ਜਿੱਥੇ ਬੱਚੇ ਮਾਂ-ਬਾਪ ਨਾਲ ਮਾੜਾ ਵਰਤਾਉ ਕਰਦੇ ਨੇ, ਉੱਥੇ ਮਾਂ ਬਾਪ ਵੀ ਘੱਟ ਨਹੀ।”
“ਮਾਤਾ ਜੀ, ਗੱਲ ਤਾਂ ਤੁਹਾਡੀ ਠੀਕ ਹੈ ।” ਰਾਗੀ ਸਿੰਘ ਨੇ ਕਿਹਾ, “ ਆਪਾਂ ਸਾਰੇ ਹੀ ਬਹੁਤ ਖੁਦਗਰਜ਼ ਹੋ ਗਏ ਹਾਂ,ਦੂਜੇ ਦਾ ਸੁੱਖ ਘੱਟ ਹੀ ਸੋਚਦੇ ਹਾਂ।”
“ ਆਪਣਾ ਸੁੱਖ ਤਿਆਗ ਕੇ ਹੀ ਦੂਜੇ ਨੂੰ ਸੁੱਖ ਦੇ ਹੁੰਦਾ ਆ।” ਮਾਤਾ ਜੀ ਨੇ ਕਿਹਾ, “ ਪਰ ਹੁਣ ਤਾਂ ਇਹ ਗੱਲ ਕੋਈ ਘੱਟ ਹੀ ਸੋਚਦਾ ਆ।
“ ਜੇ ਇਕ ਪਾਸਾ ਆਪਣਾ ਸੁੱਖ ਤਿਆਗ ਵੀ ਦੇਵੇ ਤਾਂ ਦੂਜਾ ਆਪਣਾ ਸੁੱਖ ਤਿਆਗਣ ਦੀ ਥਾਂ ਇਹ ਸੋਚੇਗਾ ਕਿ ਇਹ ਤਾਂ ਕਮਲਾ ਆ। ਇਹਦਾ ਫਾਇਦਾ ਉਠਾਈ ਜਾਵੋ।” ਮਨਦੀਪ ਨੇ ਆਪਣੇ ਘਰ ਵਿਚ ਹੋ ਰਹੇ ਵਰਤਾਰੇ ਦੀ ਗੱਲ ਕੀਤੀ, “ ਜੇ ਮਾਂ-ਬਾਪ ਆਪਣੇ ਬੱਚਿਆਂ ਦੇ ਸੁੱਖ-ਦੁੱਖ ਦਾ ਅਹਿਸਾਸ ਨਹੀ ਰੱਖਦੇ ਤਾਂ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਕਿਵੇ ਕਰਨਗੇ?”
“ ਬੀਬੀ ਜੀ,  ਮੈ ਤੁਹਾਡੀ ਗੱਲ ਨਾਲ ਸਹਿਮਤ ਹਾਂ।” ਕਿਸਨੇ ਜਿੰਨਾ ਗੁੜ ਪਾਉਣਾ ਮਿੱਠਾ ਤਾਂ ਉਹਨਾਂ ਨੂੰ ਉਨਾ ਹੀ ਮਿਲਣਾ।” ਰਾਗੀ ਸਿੰਘ ਨੇ ਕਿਹਾ, “ਘਰਾਂ ਵਿਚ ਬਹੁਤੀਆਂ ਪਰੇਸ਼ਾਨੀਆਂ ਇਨਸਾਨਾ ਦੇ ਸੁਭਾਵਾਂ ਕਰ ਕੇ ਪੈਦਾ ਹੁੰਦੀਆਂ ਨੇ।”
ਰਾਗੀ ਸਿੰਘ ਨੂੰ ਗੱਲ-ਬਾਤ ਕਰਦਿਆਂ ਦੇਖ ਹੋਰ ਵੀ ਜ਼ਨਾਨੀਆਂ ਇਕੱਠੀਆਂ ਹੋ ਗਈਆਂ।
“ ਗਿਆਨੀ ਜੀ, ਮੇਰੀ ਨਹੂੰ ਘਰ ਦਾ ਕੋਈ ਕੰਮ ਨਹੀ ਕਰਦੀ।” ਵਿਚੋਂ ਹੀ ਇਕ ਮੱਧਰੇ ਜਿਹੇ ਕੱਦ ਦੀ ਜ਼ਨਾਨੀ ਕਹਿਣ ਲੱਗੀ, “ ਉਹਦੇ ਬੱਚੇ ਵੀ ਸਾਂਭਦੀ ਹਾਂ, ਪਰ ਜਦੋਂ ਮੈ ਉਸ ਨੂੰ ਬੁਲਾਉਂਦੀ ਹਾਂ ਬੋਲਦੀ ਨਹੀ।”
ਰਾਗੀ ਸਿੰਘ ਦੇ ਜ਼ਵਾਬ ਦੇਣ ਤੋਂ ਪਹਿਲਾਂ ਹੀ ਇਕ ਜ਼ਵਾਨ ਔਰਤ ਬੋਲ ਉੱਠੀ, “ ਮੇਰੀ ਸੱਸ ਗੁਰਦੁਆਰੇ ਜਾਣ ਤੋਂ ਕਦੀ ਨਾਗਾ ਤਾਂ ਨਹੀਂ ਪਾਉਂਦੀ ਇੱਥੇ ਆ ਕੇ ਦੂਸਰੀਆਂ ਜ਼ਨਾਨੀਆਂ ਦੇ ਹੱਥਾਂ ਵਿਚੋਂ ਵੀ ਭਾਂਡੇ ਖੋਈ ਜਾਊ ਕਿ ਸੇਵਾ ਮੈ ਹੀ ਕਰਨੀ ਆ, ਘਰੇ ਭਾਂਵੇ ਮੈਨੂੰ  ਤਾਪ ਚੜਿਆ ਹੋਵੇ,ਉਥੇ ਕੰਮ ਕਰਨਾ ਤਾਂ ਇਕ ਪਾਸੇ ਕਦੇ ਜੁਆਕ ਨੂੰ ਵੀ ਘੰਟੇ ਲਈ ਨਹੀ ਫੜਿਆ ਕਿ ਕਿਤੇ ਨਹੂੰ ਨੂੰ ਅਰਾਮ ਨਾ ਮਿਲ ਜਾਵੇ, ਗੁਰਦੁਆਰੇ ਫਿਰ ਵੀ ਜ਼ਰੂਰ ਜਾਣਾ।”
“ ਮੇਰੀ ਸੱਸ ਸਵੇਰੇ ਹੀ ਡਰਾਮੇ ਦੇਖਣ ਟੀ.ਵੀ ਦੇ ਅੱਗੇ ਬੈਠ ਜਾਂਦੀ ਹੈ।” ਇਕ ਹੋਰ ਬੋਲੀ, “ ਜਦੋਂ ਮੈ ਕੰਮ ਤੋਂ ਵਾਪਸ ਆਉਂਦੀ ਹਾਂ, ਫਿਰ ਵੀ ਟੀ.ਵੀ ਦੇ ਅੱਗੇ ਹੀ ਬੈਠੀ ਹੁੰਦੀ ਹੈ, ਸਿੰਕ ਭਾਂਡਿਆਂ ਨਾਲ ਭਰਿਆ ਹੁੰਦਾ ਆ, ਕੰਮ ਤੇ ਅੱਠ ਘੰਟੇ ਲਾ ਕੇ ਫਿਰ ਘਰ ਦਾ ਸਾਰਾ ਕੰਮ ਆ ਕੇ ਕਰਦੀ ਹਾਂ, ਭਾਈ ਜੀ ਹੁਣ ਤੁਸੀ ਦੱਸੋ ਉਸ ਸੱਸ ਦੀ ਸੇਵਾ ਕਰਿਆਂ ਕਰਾਂ?
ਰਾਗੀ ਸਿੰਘ ਅਜੇ ਇਹਨਾਂ ਗੱਲਾਂ ਦਾ ਜ਼ਵਾਬ ਦੇਣ ਦਾ ਸੋਚ ਹੀ ਰਹੇ ਸਨ ਕਿ ਇਕ ਬਜ਼ੁਰਗ ਔਰਤ ਬੋਲ ਪਈ, “ ਮੇਰੀ ਨੂੰਹ ਦਾ ਕੋਈ ਪੇਕਿਆਂ ਦਾ ਆ ਜਾਵੇ ਤਾਂ , ਉਹਨਾਂ ਦੇ ਅੱਗੇ-ਪਿੱਛੇ ਸੇਵਾ ਕਰਦੀ ਦੌੜੀ ਫਿਰੂ, ਮੇਰਾ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਚਾਹ ਦਾ ਕੱਪ ਪਿਲਾ ਕੇ ਵੀ ਰਾਜ਼ੀ ਨਹੀ ਹੁੰਦੀ॥”
“ ਮੇਰੀ ਸੱਸ ਵੀ ਇਦਾ ਕਰਦੀ ਆ।” ਬੱਚੇ ਨੂੰ ਗੋਦੀ  ਚੁੱਕੀ ਪਰੇ ਖੜੋਤੀ ਇੱਕ ਹੋਰ ਬੋਲੀ, “ ਉਹਦੀ ਧੀ ਹੀ ਉਹਦੇ ਲਈ ਸਭ ਕੁੱਝ ਆ, ਮੈ ਜਿੰਨਾ ਮਰਜ਼ੀ  ਉਸ ਦਾ ਅੱਗਾ-ਤਗਾ ਕਰੀ ਜਾਵਾਂ,ਉਸ ਨੂੰ ਕੰਮ ਨੂੰ ਹੱਥ ਨਹੀ ਲਾਉਣ ਦਿੱਤਾ, ਪਰ ਉਸ ਨੇ ਫੋਨ ਉੱਪਰ ਲੋਕਾਂ ਨਾਲ ਧੀ ਦੀਆਂ ਅਤੇ ਉਸ ਦੇ ਜੁਆਕਾਂ ਦੀਆਂ ਸਿਫਤਾਂ ਦੇ ਪੁੱਲ ਬੰਨੀ ਜਾਣੇ ਅਤੇ ਮੈਂਨੂੰ ਨਿੰਦੀ ਜਾਣਾ ਆ, ਮੇਰਾ  ਫਿਰ ਦਿਲ ਕਿਸ ਤਰਾਂ ਉਸ ਦੀ ਸੇਵਾ ਕਰਨ ਨੂੰ ਮੰਨੇ?”
“ ਮੇਰੇ ਸੱਸ-ਸਹੁਰੇ ਨੂੰ ਪੈਨਸ਼ਨ ਲੱਗੀ ਆ, ਉਹਨਾਂ ਦਾ ਖਰਚਾ ਸਾਰਾ ਅਸੀ ਕਰਦੇ ਹਾਂ।” ਇਕ ਹੋਰ ਨੇ ਦੱਸਿਆ, “ ਉਹਨਾਂ ਕਦੀ ਸਾਡੀ ਕੋਈ ਹੈਲਪ ਨਹੀ ਕੀਤੀ , ਕਦੀ ਨਿਆਣੇ ਨੂੰ ਸਕੂਲ ਤੱਕ ਵੀ ਛੱਡਣ ਨਹੀ ਗਏ, ਹੁਣ ਤੁਸੀ ਦੱਸੋ ਹੋਰ ਕੀ ਉਹਨਾਂ ਦੀ ਸੇਵਾ ਕਰੀਏ।”
“ ਮੇਰੀ ਨੂੰਹ ਜੁਆਕਾਂ ਨੂੰ ਚੁੱਕਣ ਹੀ ਨਹੀ ਦਿੰਦੀ।” ਕਿਸੇ ਹੋਰ ਨੇ ਦੱਸਿਆ, “ ਕਹਿੰਦੀ ਮੇਰੀ ਮਾਂ ਤੁਹਾਡੇ  ਨਾਲੋਂ ਮੇਰੇ ਬੱਚੇ ਵਧੀਆ ਸਾਂਭਦੀ ਆ।”
ਹਰ ਔਰਤ ਇਕ ਦੂਜੀ ਤੋਂ ਅੱਗੇ ਹੋ ਕੇ ਆਪਣੀ ਘਰੇਲੂ ਮੁਸ਼ਕਿਲ  ਦੱਸਣ ਦਾ ਯਤਨ ਕਰ ਰਹੀ ਸੀ। ਪਤਾ ਨਹੀ ਕਦੋਂ ਤਕ ਇਹ ਸਿਲਸਲਾ ਲਗਾਤਾਰ  ਚਲੱਦਾ ਰਹਿੰਦਾ, ਪਰ ਰਾਗੀ ਸਿੰਘ ਨੇ ਛੇਤੀ ਹੀ ਮੌਕਾ ਸੰਭਾਲਦੇ ਕਿਹਾ, “ ਮੇਰੀਉ ਭੈਣੋ ਅਤੇ ਮਤਾਵੋ, ਜੋ ਵੀ ਤੁਸੀਂ ਕਿਹਾ ਮੈ ਤੁਹਾਡੇ ਨਾਲ ਸਹਿਮਤ ਹਾਂ, ਜ਼ਿਆਦਾ ਭੈਣਾਂ ਦੀ ਸ਼ਕਾਇਤ ਇਹ ਹੀ ਹੈ ਕਿ ਅਸੀ ਪ੍ਰਚਾਰਕ ਲੋਕ ਇਸ ਗੱਲ ਤੇ ਹੀ ਜ਼ੋਰ ਦਿੰਦੇ ਰਹਿੰਦੇ ਹਾਂ ਕਿ ਮਾ-ਬਾਪ ਦੀ ਸੇਵਾ ਕਰੋ, ਮੈ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅੱਗੋ ਤੋਂ ਜਿੱਥੇ ਮਾਪਿਆਂ ਦੀ ਸੇਵਾ ਨੂੰ ਮਹੱਤਵ ਦੇਵਾਂਗਾ, ਉੱਥੇ ਮਾਪਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਬੱਚਿਆਂ ਦੀ ਸੁੱਖ- ਸਹੂਲਤ ਨੂੰ ਧਿਆਨ ਵਿਚ ਰੱਖ ਕੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿਚ ਸਹਾਈ ਹੋਣ, ਕੱਲ੍ਹ ਦੇ ਕੀਰਤਨ ਦੀਵਾਨ ਵਿਚ ਇਹ ਗੱਲ ਸਾਹਮਣੇ ਆ ਜਾਵੇਗੀ।” ਇਹ ਕਹਿ ਕੇ ਰਾਗੀ ਸਿੰਘ ਜ਼ਨਾਨੀਆਂ ਦੇ ਝੁੰਡ ਵਿਚੋਂ ਨਿਕਲਨ ਹੀ ਲੱਗੇ ਸਨ ਕਿ ਇਕ ਹੋਰ ਬੋਲ ਪਈ,“ ਭਾਈ ਸਾਹਿਬ, ਅਸੀ ਛੁੱਟੀ ਵਾਲੇ ਦਿਨ ਹੀ ਸੌਣਾ ਹੁੰਦਾ ਆ। ਮੇਰੇ ਸਹੁਰਾ ਸਾਹਿਬ ਤੜਕੇ ਹੀ ਤੁਹਾਡੇ ਸ਼ਬਦਾਂ ਦੀ ਸੀ.ਡੀ ਉੱਚੀ ਉੱਚੀ ਲਾ ਲੈਣਗੇ।” ਇਹ ਗੱਲ ਸੁਣ ਕੇ ਰਾਗੀ ਸਿੰਘ ਨੇ ਹੱਸਦੇ ਹੋਏ ਕਿਹਾ, “ ਤੁਹਾਡੇ ਸਹੁਰਾ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਸਾਡੇ ਸ਼ਬਦਾਂ ਦੀ ਸੀ.ਡੀ ਹੌਲੀ ਲਾ ਕੇ ਸੁਣ ਲਿਆ ਕਰਨ ਜਾਂ ਜਦੋਂ ਤੁਸੀ ਸਭ ਜਾਗਦੇ ਹੋਵੋਂ ੳਦੋਂ ਸੁਣਿਆ ਕਰਨ।”
ਇਕ ਹੋਰ ਬਜ਼ੁਰਗ ਜ਼ਨਾਨੀ ਬੋਲਣ ਲੱਗੀ ਤਾਂ ਮਾਤਾ ਜੀ ਨੇ ਕਿਹਾ, “ ਭਾਈ ਸਾਹਿਬ ਨੂੰ ਜਾ ਲੈਣ ਦਿਉ ਜਾ ਕੇ ਅਰਾਮ ਕਰਨ, ਤੁਸੀਂ ਸਾਰੀਆਂ ਕੱਲ ਨੂੰ ਹੋਣ ਵਾਲੇ ਦੀਵਾਨ ਵਿਚ ਜ਼ਰੂਰ ਪਹੁੰਚਿਉ, ਨਾਲ ਆਪਣੇ ਪਰਿਵਾਰਾਂ ਨੂੰ ਵੀ ਲੈ ਕੇ ਆਉਣਾ।”
“ ਮਾਤਾ ਜੀ ਦੀ ਬੇਨਤੀ ਜ਼ਰੂਰ ਪਰਵਾਨ ਕਰਨੀ।” ਜਾਂਦੇ ਹੋਏ ਰਾਗੀ ਸਿੰਘ ਨੇ ਕਿਹਾ, “ ਕੱਲ੍ਹ ਨੂੰ ਸਮੇਂ ਸਿਰ ਕੀਰਤਨ-ਕਥਾ ਸੁੱਨਣ ਲਈ ਪਰਿਵਾਰਾਂ ਸਮੇਤ ਪਹੁੰਚਣਾ।”
ਮਨਦੀਪ ਨੇ ਘਰ ਜਾ ਕੇ ਆਪਣੇ ਸੱਸ- ਸਹੁਰੇ ਨੂੰ ਦੱਸ ਦਿੱਤਾ, “ ਪਿਤਾ ਜੀ, ਕੱਲ੍ਹ ਨੂੰ ਸਵੇਰੇ ਹੀ ਤਿਆਰ ਹੋ ਜਾਇਉ, ਗੁਰੂ ਘਰ ਨੂੰ ਚੱਲਣਾ ਹੈ।”
“ ਕੋਈ ਸਪੈਸ਼ਲ ਪ੍ਰੋਗਰਾਮ ਹੈ।” ਕੋਲ ਬੈਠੇ ਉਸ ਦੇ ਪਤੀ ਨੇ ਪੁੱਛਿਆ, “ ਕਿਸੇ ਰਿਸ਼ਤੇਦਾਰ ਵਲੋਂ ਲੰਗਰ ਆ?”
“ ਰਾਗੀ ਸਿੰਘ ਬਹੁਤ ਸੁਹਣਾ ਕੀਰਤਨ ਕਰਦੇ ਨੇ।” ਸਾਰੀ ਗੱਲ ਦੱਸਣ ਦੀ ਥਾਂ ਮਨਦੀਪ ਨੇ ਇੰਨਾ ਹੀ ਕਿਹਾ, “ ਉਹਨਾਂ ਬੇਨਤੀ ਕੀਤੀ ਕਿ ਸਾਰੇ ਪ੍ਰੀਵਾਰ ਐਤਵਾਰ ਨੂੰ ਤਾਂ ਗੁਰਦੁਆਰੇ ਜ਼ਰੂਰ ਆਉਣ।”
“ ਮਾਤਾ ਜੀ ਨੇ ਵੀ ਆਪਣੇ ਨਾਲ ਹੀ ਜਾਣਾ ਹੈ।” ਪਤੀ ਨੇ ਪੁੱਛਿਆ, “ ਜੇ ਉਹਨੀ ਜਾਣਾ ਹੈ ਤਾਂ ਵੈਨ ਹੀ ਲੈ ਚੱਲਾਂਗੇ।”

“ ਮਾਤਾ ਜੀ ਵੀ ਸਾਡੇ ਨਾਲ ਹੀ ਜਾਣਗੇ।” ਮਨਦੀਪ ਨੇ ਕਿਹਾ, “ ਉਹਨਾ ਦੇ ਪੁੱਤਰ ਦੀ ਗਰੇਵ ਜਾਰਡ ਸ਼ਿਫਟ ਹੋ ਗਈ ਆ।”
“ ਆਹੋ ਕਾਕਾ, ਵੈਨ ਹੀ ਲੈ ਚੱਲੀ।” ਪਿਤਾ ਜੀ ਨੇ ਗੁਰੂ ਘਰ ਜਾਣ ਲਈ ਹਾਮੀ ਭਰਦੇ ਕਿਹਾ, “ਬੱਚਿਆਂ ਨੂੰ ਵੀ ਉਠਾਲ ਲਿਉ।”
ਮਨਦੀਪ ਨੇ ਆਪਣੇ ਨੇਮ ਅਨੁਸਾਰ ਸਵੇਰੇ ਹੀ ਉੱਠ ਕੇ ਘਰ ਦਾ ਕੰਮ ਮੁਕਾ ਲਿਆ ਨਾਲ ਬੱਚਿਆਂ ਨੂੰ ਵੀ ਤਿਆਰ ਕਰ ਲਿਆ। ਮਾਤਾ ਜੀ ਨੂੰ ਨਾਲ ਲੈ ਸਾਰਾ ਪ੍ਰੀਵਾਰ ਗੁਰਦੁਆਰੇ ਨੂੰ ਰਵਾਨਾ ਹੋ ਗਿਆ।

ਗੁਰਦੁਆਰੇ ਦੀ ਡਿਊੜੀ ਵਿਚ ਬਣੇ ਜੋੜੇ ਘਰ ਤੋਂ ਹੀ ਮਨਦੀਪ ਨੇ ਅੰਦਾਜ਼ਾ ਲਾ ਲਿਆ ਕਿ ਸੰਗਤ ਦਾ ਵਾਹਵਾ ਇਕੱਠ ਲੱਗਦਾ ਹੈ। ਸੰਗਤ ਨਾਲ ਭਰੇ ਦਰਬਾਰ ਵਿਚ ਮਨਦੀਪ ਆਪਣੀ ਸੱਸ ਅਤੇ ਮਾਤਾ ਜੀ ਨਾਲ ਬੈਠੀ ਹੀ ਸੀ ਕਿ ਰਾਗੀ ਸਿੰਘ ਵੀ ਸਟੇਜ਼ ਤੇ ਬਿਰਾਜ਼ਮਾਨ ਹੋਏ ਅਤੇ ਕੀਰਤਨ ਕਰਨਾ ਸ਼ੁਰੂ ਕੀਤਾ ‘ ਹਰਿ ਮੰਗਲ ਗਾਉ ਸਖੀ, ਗ੍ਰਹਿ ਮੰਦਰ ਬਣਿਆ’ ਛੇਤੀ ਹੀ ਕੀਰਤਨ ਵਿਚ ਕਥਾ ਕਰਨੀ ਸ਼ੁਰੂ ਕਰ ਦਿੱਤੀ, “ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ, ਉਸ ਦੇ ਗੁਣ ਗਾਉਣ ਨਾਲ ਸੁੱਖਾ ਦੀ ਪ੍ਰਾਪਤੀ ਹੁੰਦੀ ਆ, ਗ੍ਰਹਿ ਮੰਦਰ ਬਣ ਜਾਂਦਾ ਹੈ। ਘਰ ਵਿਚ ਰਹਿਣ ਵਾਲੇ ਜੀਅ ਆਪਣੇ ਸੁਹਣੇ ਸੁਭਾਵਾਂ ਨਾਲ ਘਰ ਦਾ ਮਾਹੌਲ ਵਧੀਆ ਉਸਾਰ ਸਕਦੇ ਨੇ।
ਪਿਆਰੀ ਸਾਧ-ਸੰਗਤ ਜੀਉ, ਅਸੀਂ ਹਮੇਸ਼ਾਂ ਹੀ  ਬੇਨਤੀ ਕਰਦੇ ਹਾਂ ਕਿ ਘਰਾਂ ਵਿਚ ਸਤ-ਸੰਤੋਖ ਨਾਲ ਜੀਵਨ ਬਸਰ ਕਰੋ, ਭਾਵ ਪ੍ਰੀਵਾਰ ਮਿਲ-ਜੁਲ ਕੇ,ਪ੍ਰਮਾਤਮਾ ਵਲੋਂ ਮਿਲੀ ਜ਼ਿੰਦਗੀ ਦਾ ਅਨੰਦ ਉਠਾਵੇ, ਜਿੱਥੇ ਛੋਟੇ ਵੱਡਿਆਂ ਦਾ ਸਤਿਕਾਰ ਕਰਨ, ਉੱਥੇ ਵੱਡੇ ਵੀ ਆਪਣੇ ਵੱਡੇ ਹੋਣ ਦੀ ਹਊਮੇ ਨੂੰ ਤਿਆਗ ਕੇ ਛੋਟਿਆਂ ਨੂੰ ਪਿਆਰ ਕਰਨ, ਸੁਭਾਵਾਂ ਵਿਚ ਫਰਕ ਜ਼ਰੂਰ ਹੁੰਦਾ ਹੈ,  ‘ ਮੇਰੇ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਇ ਨ ਕਿਸੀ ਜੇਹਾ ਉਪਾਇਆ॥ ਪਰ ਪਿਆਰ ਨਾਲ ਰਹੋਗੇ  ਤਾਂ ਸਭ ਦੇ ਸੁਭਾਅ ਸੁਹਣੇ ਲੱਗਣਗੇ । ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਵਿਆਹ ਕੇ ਲਿਆਂਦੀ ਨੂੰਹ ਨੂੰ ਧੀ ਸਮਝਣ, ਜਦੋਂ ਤੁਸੀ ਢਿੱਲੇ-ਮੱਠੇ ਹੁੰਦੇ ਹੋ ਤਾਂ ਨੂੰਹ ਹੀ ਤੁਹਾਡੇ ਕੋਲ ਹੁੰਦੀ ਹੈ, ਧੀ ਤਾਂ ਆਪਣੇ ਘਰ ਹੁੰਦੀ ਆ, ਜੇ ਤੁਸੀ ਨੂੰਹ ਨੂੰ ਧੀਆਂ ਵਰਗਾ ਪਿਆਰ ਦੇਵੋਗੇ ਤਾਂ ਉਹ ਵੀ ਤੁਹਾਨੂੰ ਆਪਣੇ ਮਾਪੇ ਜਾਣੇਗੀ, ਗੁਰੂ ਪਿਆਰੀ ਸਾਧ-ਸੰਗਤ ਜੀ, ਗ੍ਰਹਿਸਥੀ ਧਰਮ ਸਿੱਖਾਂ ਲਈ ਵੱਡਾ ਧਰਮ ਹੈ, ਜੇ ਘਰ ਵਿਚ ਕੋਈ ਬਿਮਾਰ- ਠੁਮਾਰ ਹੋ ਜਾਂਦਾ ਹੈ ਤਾਂ ਦੋਹਾਂ ਪਾਸਿਆਂ ਦਾ ਫਰਜ਼ ਹੈ ਇਕ-ਦੂਜੇ ਦੀ ਦੇਖ-ਭਾਲ ਕਰਨ,  ਹਮੇਸ਼ਾ ਹੀ ਇਕ- ਦੂਜੇ ਨੂੰ ਸੁੱਖ ਦੇਣ ਦਾ ਸੋਚੋਂਗੇ ਤਾਂ ਘਰ ਵਿਚ ਬਹਾਰਾਂ ਆਪਣੇ- ਆਪ ਆ ਜਾਣਗੀਆਂ। ਕਥਾ ਵਾਚਕ, ਅਖਬਾਰਾਂ ਵਿਚਲੇ ਲੇਖ ਆਮ ਹੀ ਗੱਲ ਕਰਦੇ ਨੇ ਬੱਚਿਆਂ ਦੇ ਮਾਪਿਆਂ ਪ੍ਰਤੀ ਕੀ ਫਰਜ਼ ਹਨ। ਮਾਪਿਆਂ ਨੂੰ ਬੱਚਿਆਂ ਪ੍ਰਤੀ ਕਿਹੋ ਜਿਹਾ ਰੱਵਈਆ ਅਪਨਾਉਣਾ ਚਾਹੀਦਾ ਹੈ, ਉਸ ਦਾ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ। ਘਰ ਵਿਚ ਮਹਿਮਾਨ ਆ ਜਾਵੇ ਚਾਹੇ ਉਹ ਸੱਸ ਦਾ ਰਿਸ਼ਤੇਦਾਰ ਹੈ ਜਾਂ ਨੂੰਹ ਦਾ ਉਸ ਦੀ ਸੇਵਾ ਵਿਚ ਭੇਦ-ਭਾਵ ਨਹੀ ਹੋਣਾ ਚਾਹੀਦਾ। ਘਰ ਦੇ ਖਰਚੇ ਮਿਲ-ਜੁਲ ਕੇ ਉਠਾਉ, ਇਕ ਦੇ ਸਿਰ ਤੇ ਭਾਰ ਪਵੇਗਾ ਤਾਂ ਉਹ ਭਾਰ ਥੱਲੇ ਹੀ ਦੱਬ ਕੇ ਰਹਿ ਜਾਵੇਗਾ।
ਰਾਗੀ ਸਿੰਘ ਨੇ ਹੋਰ ਵੀ ਬਹੁਤ ਇਸ ਤਰਾਂ ਦੀਆਂ ਗੱਲਾਂ ਕੀਤੀਆਂ ਜੋ ਸਾਰੀ ਸੰਗਤ ਨੇ ਧਿਆਨ ਨਾਲ ਸੁਣੀਆਂ। ਬੀਬੀਆਂ ਦੇ ਮੁਸਕ੍ਰਾਉਂਦੇ ਚਿਹਰੇ ਇਸ ਗੱਲ ਦੀ ਗਵਾਹੀ ਭਰ ਰਹੇ ਸਨ ਕਿ ਉਹਨਾਂ ਨੇ ਕਥਾ ਦਾ ਅਨੰਦ ੳਠਾਇਆ। ਬਹੁਤ ਸਾਰੀ ਸੰਗਤ ਨੇ ਪਿਆਰ ਨਾਲ ਰਾਗੀ ਸਿੰਘ ਨੂੰ ਕੀਰਤਨ ਭੇਟਾ ਅਰਪਣ ਕੀਤੀ।
ਮਨਦੀਪ ਨੂੰ ਲੰਗਰ ਹਾਲ ਵਿਚ ਜਿੱਥੇ  ਸਭ ਸੰਗਤਾਂ ਖਿੜੇ ਚਿਹਰਿਆਂ ਵਿਚ ਸ਼ਰਧਾ ਨਾਲ ਲੰਗਰ ਛੱਕਦੀਆਂ ਨਜ਼ਰ ਆਈਆਂ, ਉੱਥੇ ਉਸ ਨੂੰ ਆਪਣੀ ਸੱਸ ਦਾ ਚਿਹਰਾ ਮੁਸਕ੍ਰਾਟ ਤੋਂ ਬਿਨਾਂ ਦਿਸਿਆ।
ਲੰਗਰ ਛੱਕ ਕੇ ਘਰ ਨੂੰ ਜਾਣ ਲਈ ਮਨਦੀਪ ਦਾ ਪ੍ਰੀਵਾਰ ਅਜੇ ਵੈਨ ਵਿਚ ਬੈਠਿਆ ਹੀ ਸੀ ਕਿ ਉਸ ਦੀ ਸੱਸ ਨੇ ਗੱਲ ਛੇੜ ਲਈ, “ ਰਾਗੀ ਸਿੰਘ ਦਾ ਭਾਸ਼ਨ ਸਨਾਉਣ ਲਈ ਹੀ ਸਾਨੂੰ ਗੁਰਦੁਆਰੇ ਲੈ ਕੇ ਆਈ ਸੀ।” ਮਨਦੀਪ ਦੇ ਬੋਲਣ ਤੋਂ ਪਹਿਲਾਂ ਹੀ ਉਸ ਦੇ ਸਹੁਰੇ ਨੇ ਜ਼ਵਾਬ ਦਿੱਤਾ, “ ਪਿੱਛਲੀ ਵਾਰੀ ਜਦੋਂ ਆਪਾਂ ਗੁਰਦੁਆਰੇ ਆਏ ਸੀ ਤਾਂ ਕਥਾ ਵਾਚਕ ਭਾਈ ਅਵਤਾਰ ਸਿੰਘ ਨੇ ਸਾਰੀ ਕਥਾ ਨੂੰਹਾਂ ਪੁੱਤਾਂ ਤੇ ਹੀ ਕੀਤੀ ਸੀ। ਉਸ ਦਿਨ ਗੁਰੂ ਘਰ ਜਾਣ ਨੂੰ ਕਿਹਾ ਵੀ ਤੂੰ ਹੀ ਸੀ, ਪਰ ਮਨਦੀਪ ਪੁੱਤਰ ਨੇ ਤੈਨੂੰ ਪੁੱਛਿਆ ਨਹੀ ਸੀ ਕਿ ਤੂੰ ਉਸ ਨੂੰ ਜਾਣ ਕੇ ਲਿਆਈ ਆ। ਉਹ ਵੀ ਇਤਫਾਕ ਸੀ ਅਤੇ ਇਹ ਵੀ ਇਤਫਾਕ ਆ,ਰਾਗੀ ਸਿੰਘ ਦੀਆਂ ਗੱਲਾਂ ਨੂੰ ਪੱਲੇ ਬੰਨ, ਆ ਨੀ ਲੜਾਈਏ ਮੇਰੇ ਵਿਹੜੇ ਵਿਚ ਦੀ ਲੰਘ ਕੇ ਜਾਹ, ਵਾਲੀਆਂ ਗੱਲਾਂ ਛੱਡ ਦੇਹ।”
ਆਪਣੇ ਸਹੁਰੇ ਸਾਹਿਬ ਦੇ ਮੂੰਹ ਵਿੱਚੋਂ ਪਹਿਲੀ ਵਾਰੀ ਆਪਣੇ ਆਪ ਨੂੰ ਪੁੱਤ ਸੁਣ ਕੇ ਮਨਦੀਪ ਨੂੰ ਚਾਅ ਚੜ੍ਹ ਗਿਆ।
“ ਵੀਰਾ, ਤੇਰੀ ਗੱਲ ਸੋਲਾਂ ਆਨੇ ਠੀਕ ਆ।” ਮਾਤਾ ਜੀ ਨੇ ਪਹਿਲੇ ਦਿਨ ਵਾਲੀ ਗੱਲ-ਬਾਤ ਨੂੰ ਲੁਕੋਉਂਦਿਆਂ ਆਖਿਆ, “ ਜੋ ਕੁੱਝ ਵੀ ਹੋਇਆ ਸਭ ਰੱਬ ਦੇ ਹੁਕਮ ਵਿਚ ਹੀ ਹੋਇਆ।”
“ ਪਿਤਾ ਜੀ ਤੁਸੀ ਅੱਜ ਪਹਿਲੀ ਵਾਰੀ ਮੇਰੇ ਵੱਲ ਦੀ ਗੱਲ ਇੰਨੇ ਪਿਆਰ ਨਾਲ ਕੀਤੀ, ਮੈਨੂੰ ਤਾਂ ਇਹ ਹੀ ਬਹੁਤ ਖੁਸ਼ੀ ਹੈ।” ਮਨਦੀਪ ਨੇ ਕਿਹਾ, “ ਉਮੀਦ ਹੈ ਹੌਲੀ ਹੌਲੀ ਤੁਸੀ ਬੀਬੀ ਜੀ ਨੂੰ ਬਦਲ ਲਉਗੇਂ।”
“ ਨਾਲੇ ਚੋਪੜੀਆਂ ਨਾਲੇ ਦੋ ਦੋ ਭਾਲਦੀ ਏ।” ਮਨਦੀਪ ਦੇ ਪਤੀ ਨੇ ਹੱਸਦੇ ਹੋਏ ਕਿਹਾ, “ ਵੈਸੇ ਬੀਬੀ ਵੀ ਬਦਲ ਗਈ ਲੱਗਦੀ ਆ, ਜਿਹੜੀ ਅਜੇ ਤੱਕ ਕੁੱਝ ਬੋਲੀ ਨਹੀ, ਨਹੀ ਤਾਂ ਹੁਣ ਨੂੰ…।”
ਮਨਦੀਪ ਦੀ ਗੱਲ ਸੁਣ ਕੇ ਜਿੱਥੇ ਬਾਕੀ ਹੱਸੇ ਉੱਥੇ ਉਸ ਦੀ ਸੱਸ ਵੀ ਨਾਲ ਹੀ ਹੱਸੀ। ਉਸ ਨੂੰ ਹੱਸਦੇ ਦੇਖ ਕੇ ਮਨਦੀਪ ਨੂੰ ਲੱਗਾ ਜਿਸ ਮੰਤਵ ਵਿਚ ਉਹ ਇੰਨੇ ਸਾਲਾਂ ਵਿਚ ਅਸਫਲ ਰਹੀ ਅੱਜ ਉਸੇ ਹੀ ਮਾਮਲੇ ਵਿਚ ਉਸ ਨੂੰ ਸਫਲਤਾ ਮਿਲ ਗਈ ਹੋਵੇ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>