ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਪਿਤਾ ਦਿਵਸ ਮਨਾਉਣ ਤੋਂ ਇਲਾਵਾ ਕਈ ਅਹਿਮ ਮਸਲੇ ਵੀ ਵਿਚਾਰੇ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ, 3 ਜੂਨ ਨੂੰ, ਜੈਂਸਿਜ਼ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਵਿੱਚ ਸਭ ਤੋਂ ਪਹਿਲਾਂ, ਡਾ. ਬਲਵਿੰਦਰ ਬਰਾੜ ਨੇ ਸਭ ਨੂੰ ‘ਜੀ ਆਇਆਂ’ ਕਹਿਣ ਦੇ ਨਾਲ ਨਾਲ, ਨਵੇਂ ਆਏ ਹੋਰ 14 ਮੈਂਬਰਾਂ ਦਾ ਵੀ ਸਵਾਗਤ ਕੀਤਾ ਤੇ ਕਿਹਾ ਕਿ- ਇਸ ਸੰਸਥਾ ਦੇ ਦਰਵਾਜ਼ੇ ਹਰ ਕਮਿਊਨਿਟੀ ਦੀਆਂ ਔਰਤਾਂ ਲਈ ਹਮੇਸ਼ਾ ਹੀ ਖੁਲ੍ਹੇ ਹਨ। ਉਹਨਾਂ 21 ਮਈ ਨੂੰ, ਜੈਂਸਿਜ਼ ਸੈਂਟਰ ਦੇ ਓਪਨ ਏਰੀਆ ਵਿੱਚ ਹੋਏ ਸਮਾਗਮ ਦੀ ਸਫਲਤਾ ਦੀ ਵਧਾਈ ਦਿੰਦਿਆਂ ਹੋਇਆਂ, ਸਭ ਭੈਣਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।

ਸਭਾ ਦੀ ਬਕਾਇਦਾ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਕੈਲਗਰੀ ਦੇ ਬੁਧੀਜੀਵੀ, ਲੇਖਕ ਅਤੇ ਪੰਜਾਬੀ ਲਿਖਾਰੀ ਸਭਾ ਦੇ ਮੁੱਢਲੇ ਮੈਂਬਰ, ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਦੇ ਅਕਾਲ ਚਲਾਣੇ ਤੇ, ਸਭਾ ਵਲੋਂ ਇੱਕ ਮਿੰਟ ਦਾ ਮੌਨ ਧਾਰ ਕੇ, ਸ਼ੋਕ ਪ੍ਰਗਟ ਕੀਤਾ ਗਿਆ। ਗੁਰਚਰਨ ਥਿੰਦ ਨੇ ਕਿਹਾ ਕਿ- ਆਪਣੀ ਕਮਿਊਨਿਟੀ ਦੇ ਬੱਚਿਆਂ ਦੇ ਸਕੂਲਾਂ ਤੋਂ ਇਹ ਸ਼ਿਕਾਇਤ ਆਈ ਹੈ ਕਿ- ਸਾਡੇ ਬੱਚੇ ਸਕੂਲਾਂ ਵਿੱਚ ਆਪਣੇ ਸਾਥੀਆਂ ਨੂੰ ‘ਗੰਦੀਆਂ ਗਾਲ੍ਹਾਂ’ ਕੱਢਦੇ ਹਨ, ਜੋ ਕਿ ਬਹੁਤ ਮਾੜਾ ਰੁਝਾਨ ਹੈ। ਸਭਾ ਵਲੋਂ ਇਸ ਪ੍ਰਵਿਰਤੀ ਦੀ ਨਿੰਦਾ ਕਰਦਿਆਂ ਹੋਇਆਂ, ਨਾਨੀਆਂ ਦਾਦੀਆਂ ਰਾਹੀਂ, ਇਹ ਸੁਨੇਹਾ ਕਮਿਊਨਿਟੀ ਨੂੰ ਪੁਚਾਇਆ ਗਿਆ ਕਿ- ਬੱਚੇ  ਇਹ ਗੰਦੀ ਆਦਤ ਅਕਸਰ, ਘਰਾਂ ਵਿਚੋਂ ਹੀ ਸਿੱਖਦੇ ਹਨ। ਸੋ ਲੋੜ ਹੈ ਕਿ ਪਹਿਲਾਂ ਬੱਚਿਆਂ ਦੇ ਬਾਪ ਆਪਣੀਆਂ ਆਦਤਾਂ ਸੁਧਾਰਨ, ਤੇ ਫਿਰ ਬੱਚਿਆਂ ਨੂੰ ਵੀ ਸਮਝਾਇਆ ਜਾਵੇ। ਇਸ ਤੋਂ ਇਲਾਵਾ, ‘ਹਰਟ ਐਂਡ ਸਟਰੋਕ’ ਫਾਊਂਡੇਸ਼ਨ ਵਲੋਂ ਡੋਨੇਸ਼ਨ ਲਈ ਕੀਤੀ ਗਈ ਅਪੀਲ ਦੇ ਤਹਿਤ ਵੀ, ਸਭਾ ਦੀਆਂ ਮੈਂਬਰਾਂ ਨੇ ਵਧ ਚੜ੍ਹ ਕੇ ਹਿੱਸਾ ਪਾਇਆ। ‘ਕੈਲਗਰੀ ਕੌਂਸਲਿੰਗ ਸੈਂਟਰ’ ਤੋਂ ਆਈ ਸੋਸ਼ਲ ਵਰਕਰ, ਐਨੀ-ਸੁਰੇਸ਼ ਕੁਮਾਰ ਨੇ ਵੀ, ਸਮੂਹ ਮੈਂਬਰਾਂ ਨਾਲ, ਆਪਣੇ ਸੈਂਟਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ, ਸੇਵਾਵਾਂ ਦੀ ਪੇਸ਼ਕਸ਼ ਕੀਤੀ- ਜਿਸ ਦਾ ਸਭਾ ਵਲੋਂ ਸਵਾਗਤ ਕੀਤਾ ਗਿਆ।

ਗੁਰਮੀਤ ਮੱਲ੍ਹੀ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਹੋਇਆਂ, ਸਭ ਭੈਣਾਂ ਨੂੰ ਵਾਰੀ ਵਾਰੀ ਮੰਚ ਤੇ ਆਉਣ ਦਾ ਸੱਦਾ ਦਿੱਤਾ- ਜਿਸ ਵਿੱਚ ਨਵੇਂ ਆਏ ਮੈਂਬਰਾਂ ਨੂੰ ਪਹਿਲ ਦਿੱਤੀ ਗਈ। ਰਚਨਾਵਾਂ ਤਹਿਤ- ਜਸਮੇਲ ਕੌਰ ਨੇ ਗੀਤ ‘ਮੈਂ ਕਾਗਜ਼ ਦੀ ਬੇੜੀ ਵੇ ਰੱਬਾ, ਤੂੰ ਮੈਂਨੂੰ ਪਾਰ ਲੰਘਾਇਆ’, ਰਘਬੀਰ ਰੰਧਾਵਾ ਨੇ ‘ਅਨਮੋਲ ਬਚਨ’, ਕਰਮਜੀਤ ਚੌਹਾਨ ਨੇ-‘ਸੋਹਣਾ ਉਹ ਜੋ ਸੁਹਣੇ ਕੰਮ ਕਰੇ’, ਹਰਜੀਤ ਕੌਰ ਨੇ ਬੋਲੀ-‘ਵੇ ਟੁੱਟ ਕੇ ਨਾ ਬਹਿ ਜਾਈਂ ਵੀਰਨਾ, ਭੈਣਾਂ ਵਰਗਾ ਸਾਕ ਨਾ ਕੋਈ’ ਅਤੇ ਅਮਰਜੀਤ ਕੌਰ ਗਰੇਵਾਲ ਨੇ- ਕਨੇਡਾ ਵਿਖੇ ਕੀਤੇ ਸੰਘਰਸ਼ ਦੀ ਆਪ ਬੀਤੀ, ਸਭ ਨਾਲ ਸਾਂਝੀ ਕੀਤੀ। ਜਦ ਕਿ ਕੁੱਝ ਹੋਰ ਨਵੇਂ ਆਏ ਮੈਂਬਰਾਂ- ਇੰਦਰਜੀਤ ਕੌਰ, ਕਮਲ ਸ਼ਰਮਾ, ਸੁਰਜੀਤ ਕੌਰ ਢੱਟ, ਬਲਜਿੰਦਰ ਕੌਰ, ਬ੍ਰਿਜ ਸ਼ਰਮਾ, ਕਮਲੇਸ਼ ਸ਼ਰਮਾ, ਅਮਰਜੀਤ ਹਾਂਸ, ਚਰਨਜੀਤ ਧਾਲੀਵਾਲ ਅਤੇ ਕੁਲਦੀਪ ਕੌਰ ਧਾਲੀਵਾਲ ਨੇ ਕਿਹਾ ਕਿ- ਉਹਨਾਂ ਨੂੰ ਇਸ ਸਭਾ ਵਿੱਚ ਆ ਕੇ, ਅਤੇ ਸਭ ਦੇ ਮਨ ਦੀਆਂ ਭਾਵਨਾਵਾਂ ਸੁਣ ਕੇ, ਬਹੁਤ ਚੰਗਾ ਲੱਗਾ। ਨਾਲ ਹੀ ਉਹਨਾਂ ਅਗਲੀ ਮੀਟਿੰਗ ਵਿੱਚ ਕੁੱਝ ਨਾ ਕੁੱਝ ਤਿਆਰ ਕਰਕੇ ਆਉਣ ਦਾ ਵਾਅਦਾ ਵੀ ਕੀਤਾ। ਪ੍ਰਿੰਸੀਪਲ ਰਹਿ ਚੁੱਕੇ ਉੱਘੇ ਲੇਖਕ, ਡਾ. ਰਾਜਵੰਤ ਕੌਰ ਮਾਨ ਨੇ ਵੀ, ਇਸ ਸਭਾ ਦੇ ਮੈਂਬਰ ਬਣ ਕੇ ਸਭਾ ਦਾ ਮਾਣ ਵਧਾਇਆ। ਉਹਨਾਂ ਇਸ ਇਕੱਤਰਤਾ ਨੂੰ ਪ੍ਰੀਤ ਮਿਲਣੀ ਦੱਸਦੇ ਹੋਏ, ਆਪਣੀ ਲਿਖੀ ਹੋਈ ਸੱਜਰੀ ਕਵਿਤਾ-‘ਇਹ ਦਿਨ ਮੇਲ ਮਿਲਾਪ ਦੇ ਦਿਨ ਨੇ’ ਸੁਣਾ ਕੇ ਵਾਹਵਾ ਖੱਟੀ। ਕੁਲਦੀਪ ਘਟੌੜਾ ਨੇ, ਹਰਕੋਮਲ ਬਰਿਆਰ ਦੀ ਡੇਰਾਵਾਦ ਤੇ ਕਟਾਖਸ਼ ਕਰਦੀ ਹੋਈ ਕਵਿਤਾ-‘ਬੇਬੇ ਜੇ ਇਤਰਾਜ਼ ਨਹੀਂ ਤਾਂ ਮੈਂ ਬਣ ਜਾਵਾਂ ਬਾਬਾ’,  ਸੁਰਜੀਤ ਢਿੱਲੋਂ ਨੇ- ਭੈਣ ਭਰਾ ਦੇ ਪਿਆਰ ਦਾ ਗੀਤ, ਗੁਰਜੀਤ ਵੈਦਵਾਨ ਨੇ- ਪ੍ਰੀਤ ਵੈਦਵਾਨ ਦਾ ‘ਜੈਂਸਿਜ਼ ਪਾਰਕ ਬਚਾਓ’ ਦਾ ਸੁਨੇਹਾ ਸਭ ਨੂੰ ਦੇਣ ਤੋਂ ਇਲਾਵਾ, ਪਰਵਾਸ ਦੀ ਸਚਾਈ ਨੂੰ ਬਿਆਨਦਾ ਗੀਤ ‘ਕਾਹਦਾ ਗਿਆ ਪਰਦੇਸ, ਮੁੜ ਕੇ ਮੁੜਿਆ ਹੀ ਨਾ’ ਸੁਣਾ ਕੇ ਮਹੌਲ ਖੁਸ਼ਗਵਾਰ ਕਰ ਦਿੱਤਾ। ਜਦ ਕਿ ਗੁਰਤੇਜ ਸਿੱਧੂ ਨੇ ‘ਅਨਮੋਲ ਬਚਨ’ ਸੁਨਾਉਣ ਤੋਂ ਇਲਾਵਾ ਇੱਕ ਚੁਟਕਲਾ ਸੁਣਾ ਕੇ, ਇਸ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ।

ਇਸ ਮਹੀਨੇ 18 ਜੂਨ ਨੂੰ ਪਿਤਾ ਦਿਵਸ ਹੋਣ ਕਾਰਨ, ਕੁੱਝ ਰਚਨਾਵਾਂ, ਇਸ ਵਿਸ਼ੇ ਤੇ ਅਧਾਰਤ ਰਹੀਆਂ। ਜਿਸ ਤਹਿਤ- ਜਗੀਰ ਕੌਰ ਗਰੇਵਾਲ ਨੇ ਆਪਣੀ ਲਿਖੀ ਹੋਈ ਸਿਖਿਆਦਾਇਕ ਕਵਿਤਾ-‘ਬਾਪੂ ਦੇ ਸਿਰ ਤੇ ਜੋ ਮੌਜਾਂ ਹਨ ਮਾਣੀਆਂ, ਮੈਂ ਉਹਨਾਂ ਦਾ ਮੁੱਲ ਚੁਕਾਵਾਂਗਾ’, ਉੱਘੀ ਸ਼ਾਇਰਾ ਸੁਰਿੰਦਰ ਗੀਤ ਨੇ ਆਪਣੀਆਂ ਖੂਬਸੂਰਤ ਰਚਨਾਵਾਂ-‘ਤਪਦੀ ਰੁੱਤੇ ਚੇਤੇ ਆਉਂਦਾ, ਬੁੱਢਾ ਰੁੱਖ ਘਣਛਾਵਾਂ’ ਅਤੇ ‘ਮੇਰੀ ਹੋਂਦ ਨੂੰ ਨਾ ਕਬੂਲਦੀ, ਮੇਰੀ ਆਪਣੀ ਹੀ ਜ਼ਮੀਨ ਹੈ’, ਅਤੇ ਗੁਰਤੇਜ ਸਿੱਧੂ ਨੇ ਬਲਜੀਤ ਜਠੌਲ ਦੀ ਹਾਜ਼ਰੀ ਭਰਦੇ ਹੋਏ-‘ਮਾਵਾਂ ਠੰਢੀਆਂ ਛਾਵਾਂ, ਬਾਪੂ ਹਵਾ ਦੇ ਬੁੱਲੇ ਨੇ’ ਜਦ ਕਿ ਸੁਰਿੰਦਰ ਸੰਧੂ ਨੇ ਗੀਤ-‘ਮਾਵਾਂ ਠੰਢੀਆਂ ਛਾਵਾਂ, ਬਾਪੂ ਰੁੱਖ ਮਿੱਤਰੋ’ ਅਤੇ ਗੁਰਦੀਸ਼ ਕੋਰ ਗਰੇਵਾਲ ਨੇ ਪਿਤਾ ਦੀ ਯਾਦ ਵਿੱਚ ਲਿਖਿਆ ਆਪਣਾ ਗੀਤ-‘ਅੱਜ ਮੈਂਨੂੰ ਯਾਦ ਬੜੀ ਬਾਪ ਦੀ ਸਤਾਏ ਨੀ..’ ਸੁਣਾ ਕੇ ਮਹੌਲ ਭਾਵੁਕ ਕਰ ਦਿੱਤਾ। ਗੁਰਮੀਤ ਮੱਲ੍ਹੀ ਨੇ ਪੰਜਾਬ ਦੇ ਹਾਲਾਤ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਲੱਚਰ ਗਾਇਕੀ ਦੀ ਨਿੰਦਾ ਕੀਤੀ। ਸਤਵਿੰਦਰ ਕੌਰ ਫਰਵਾਹਾ ਨੇ- ਸ਼ਿਵ ਕੁਮਾਰ ਦੀ ਗਜ਼ਲ ‘ਰਾਤ ਚਾਨਣੀ ਮੈਂ ਟੁਰਾਂ, ਮੇਰਾ ਨਾਲ ਟੁਰੇ ਪਰਛਾਵਾਂ, ਨੀ ਜਿੰਦੇ ਮੇਰੀਏ’, ਹਰਬੰਸ ਪੇਲੀਆ ਤੇ ਦਵਿੰਦਰ ਕੌਰ (ਕੁੜਮਣੀਆਂ) ਨੇ- ਢੋਲਕੀ ਦਾ ਲੋਕ ਗੀਤ, ‘ਮੈਂ ਚੱਲੀ ਆਂ ਪੇਕੜੇ, ਤੁਸੀਂ ਮਗਰੇ ਹੀ ਆ ਜਾਇਓ’, ਰਵਿੰਦਰਜੀਤ ਨੇ-‘ਮੰਜੀਆਂ ਤੇ ਬਹਿੰਦੇ ਸੀ, ਕੋਲ ਕੋਲ ਰਹਿੰਦੇ ਸੀ..’ ਹਰਜੀਤ ਕੌਰ ਜੌਹਲ ਨੇ ਇੱਕ ਫੌਜੀ ਦੀ ਬੀਵੀ ਦੇ ਦਿੱਲ ਦੀ ਵੇਦਨਾ ਪ੍ਰਗਟ ਕਰਦਾ ਲੋਕ ਗੀਤ ਅਤੇ ਹਰਚਰਨਜੀਤ ਬਾਸੀ ਨੇ ਮਾਵਾਂ ਧੀਆਂ ਦੇ ਟੱਪੇ, ਸੁਣਾ ਕੇ ਅਮੀਰ ਵਿਰਸਾ ਯਾਦ ਕਰਵਾ ਦਿੱਤਾ।

ਸਭਾ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ, ਸੀਮਾ ਚੱਠਾ ਨੇ, ਆਪਣੀ ਬਹੁਤ ਹੀ ਪਿਆਰੀ ਨਜ਼ਮ-‘ਜੀਅ ਕਰਦਾ ਇੱਕ ਛੋਟਾ ਜਿਹਾ ਘਰ ਹੋਵੇ ਨਦੀ ਕਿਨਾਰੇ’ ਸੁਣਾਉਣ ਤੋਂ ਇਲਾਵਾ, ਕੁੱਝ ਸਾਥੀਆਂ ਦੀ ਮਦਦ ਨਾਲ, ਸਭ ਮੈਂਬਰਾਂ ਨੂੰ, ਇਸ ਗਰਮੀ ਦੇ ਮੌਸਮ ਵਿੱਚ, ਠੰਡਾ ਅਤੇ ਸਨੈਕਸ ਨਾਲ ਤਰੋ-ਤਾਜ਼ਾ ਕਰਨ ਦੀ ਡਿਊਟੀ ਵੀ ਨਿਭਾਈ। ਤਾੜੀਆਂ ਦੀ ਗੂੰਜ ਨਾਲ ਇਸ ਮੀਟਿੰਗ ਦੀ ਸਮਾਪਤੀ ਹੋਈ। ਵਧੇਰੇ ਜਾਣਕਾਰੀ ਲਈ- 403-590-9629, 403-293-2625, ਜਾਂ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>