ਅੱਜ ਮੈਂਨੂੰ ਯਾਦ ਬੜੀ ਬਾਪ ਦੀ ਸਤਾਏ ਨੀ..!

ਕਹਿੰਦੇ ਹਨ ਕਿ- ਬੱਚੇ ਦਾ ਪਹਿਲਾ ਅਧਿਆਪਕ ਉਸ ਦੀ ਮਾਂ ਹੁੰਦੀ ਹੈ। ਮਾਂ ਦੇ ਕਿਰਦਾਰ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਨਿਰਸੰਦੇਹ ਮਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਪਰ ਜਿੱਥੇ ਬੱਚੇ ਦੀ ਪਰਵਰਿਸ਼ ਅਤੇ ਸ਼ਖਸੀਅਤ ਦੇ ਵਿਕਾਸ ਵਿੱਚ ਮਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ, ਉਥੇ ਬਾਪ ਦੇ ਰੋਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ। ਹੋ ਸਕਦਾ ਹੈ ਕਿ ਕੁੱਝ ਬਾਪ (ਸਾਰੇ ਨਹੀਂ) ਬੱਚਿਆਂ ਪ੍ਰਤੀ ਲਾ-ਪਰਵਾਹ ਹੋਣ, ਪਰ ਇਸ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਕਈ ਮਾਵਾਂ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੰਜੀਦਾ ਨਹੀਂ ਹੁੰਦੀਆਂ। ਮੇਰੇ ਖਿਆਲ ਅਨੁਸਾਰ- ਬੱਚਾ ਮਾਂ- ਬਾਪ ਦੋਹਾਂ ਤੋਂ ਹੀ ਸੰਸਕਾਰ ਹਾਸਲ ਕਰਦਾ ਹੈ। ਹਾਂ- ਇਹ ਤਾਂ ਹੋ ਸਕਦਾ ਹੈ ਕਿ ਦੋਹਾਂ ਵਿੱਚੋਂ ਕਿਸੇ ਇੱਕ ਦਾ ਪ੍ਰਭਾਵ ਬੱਚੇ ਤੇ ਵੱਧ ਪੈ ਜਾਵੇ, ਪਰ ਜੋ ਸੰਸਕਾਰ ਉਸ ਨੂੰ ਵਿਰਸੇ ਵਿੱਚ ਕੁਦਰਤੀ ਤੌਰ ਤੇ ਮਿਲਦੇ ਹਨ ਉਹ ਦੋਹਾਂ ਦੇ ਮਿਲੇ ਜੁਲੇ ਹੀ ਹੁੰਦੇ ਹਨ।

ਬਹੁਤ ਸਾਰੇ ਹੋਰ ਪਾਠਕਾਂ ਵਾਂਗ, ਮੈਂਨੂੰ ਵੀ ਹਰ ਸਾਲ ਪਿਤਾ ਦਿਵਸ ਤੇ, ਆਪਣੇ ਪਿਤਾ ਜੀ ਦੀ ਮਿੱਠੀ ਪਿਆਰੀ ਯਾਦ ਆ ਘੇਰਦੀ ਹੈ। ਮੈਂਨੂੰ ਲਗਦਾ ਹੈ ਕਿ- ਮੈਂ ਅੱਜ ਜੋ ਕੁੱਝ ਵੀ ਹਾਂ, ਆਪਣੇ ਪਿਤਾ ਜੀ ਦੀ ਬਦੌਲਤ ਹੀ ਹਾਂ। ਤੁਸੀਂ ਸੋਚਦੇ ਹੋਵੋਗੇ ਕਿ- ਸ਼ਾਇਦ ਉਹ ਬਹੁਤ ਪੜ੍ਹੇ ਲਿਖੇ ਜਾਂ ਵਿਦਵਾਨ ਹੋਣਗੇ। ਨਹੀਂ- ਮੇਰੇ ਪਿਤਾ ਜੀ ਇੱਕ ਸਧਾਰਨ ਕਿਰਸਾਨ ਸਨ ਅਤੇ ਉਸ ਜ਼ਮਾਨੇ ਦੀ ਮਿਡਲ ਪਾਸ ਸਨ। ਪਰ ਉਹ ਇੱਕ ਸੱਚੇ- ਸੁੱਚੇ, ਨੇਕ ਦਿੱਲ, ਇਮਾਨਦਾਰ ਤੇ ਮਿਹਨਤੀ ਇਨਸਾਨ ਹੋਣ ਤੋਂ ਇਲਾਵਾ ਅਗਾਂਹ-ਵਧੂ ਵਿਚਾਰਾਂ ਦੇ ਵੀ ਮਾਲਕ ਸਨ। ਉਹਨਾਂ ਦਾ ਜਨਮ, ਅਜ਼ਾਦੀ ਤੋਂ ਵੀਹ ਵਰ੍ਹੇ ਪਹਿਲਾਂ, ਲਾਇਲਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ (ਲਹਿੰਦੇ ਪੰਜਾਬ) ਵਿੱਚ ਹੋਇਆ। ਉਹਨਾਂ ਦੇ ਦਾਦਾ ਜੀ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਨਿੱਝਰਾਂ ਤੋਂ ਜਾ ਕੇ, ਉਹ ਰੇਤਲਾ ਬਾਰ ਦਾ ਇਲਾਕਾ ਵਸਾਇਆ ਸੀ। ਕਹਿੰਦੇ ਸੀ ਕਿ- ਅੰਗਰੇਜ਼ਾਂ ਨੇ ਉਹ ਇਲਾਕਾ ਅਬਾਦ ਕਰਨ ਲਈ ਪੰਜਾਬੀਆਂ ਨੂੰ ਖੁਲ੍ਹੀਆਂ ਜ਼ਮੀਨਾਂ ਦੇ ਦਿੱਤੀਆਂ ਸਨ ਤੇ ਇਸ ਮਿਹਨਤੀ ਕੌਮ ਦੀਆਂ ਇੱਕ ਦੋ ਪੁਸ਼ਤਾਂ ਨੇ ਹੀ ਮਿਹਨਤ ਕਰਕੇ ਜੰਗਲ ਵਿੱਚ ਮੰਗਲ ਕਰ ਦਿੱਤਾ ਸੀ। ਨਹਿਰਾਂ ਦੇ ਨਿਕਲਣ ਨਾਲ ਵੀ ਉਹ ਜਮੀਨ ਉਪਜਾਊ ਹੋ ਗਈ ਸੀ। ਪਿਤਾ ਜੀ ਦੇ ਦਾਦਾ ਜੀ ਨੂੰ ਪਿੰਡ ਦਾ ਮੁਖੀ ਭਾਵ ਨੰਬਰਦਾਰ ਬਣਾ ਕੇ ਇੱਕ ਮੁਰੱਬਾ ਨੰਬਰਦਾਰੀ ਦਾ ਵੀ ਦੇ ਦਿੱਤਾ ਗਿਆ। ਪਿਤਾ ਜੀ ਦੇ ਦੱਸਣ ਮੁਤਾਬਕ- ਉਹਨਾਂ ਦਾ ਪਿੰਡ ਤਹਿਸੀਲ ਜੜ੍ਹਾਂਵਾਲੀ ਵਿੱਚ, ਭਗਤ ਸਿੰਘ ਦੇ ਪਿੰਡ ਦੇ ਨੇੜੇ ਸੀ।

ਬਚਪਨ ਵਿੱਚ ਹੀ ਉਹਨਾਂ ਦੇ ਸਿਰ ਤੋਂ ਪਿਓ, ਦਾਦੇ ਤੇ ਚਾਚਿਆਂ ਦਾ ਸਾਇਆ ਉੱਠ ਗਿਆ ਸੀ। ਇਹਨਾਂ ਨੇ ਆਪਣੀ ਮਾਸੀ ਕੋਲ ਰਹਿ ਕੇ ਮਿਡਲ ਪਾਸ ਕੀਤਾ। ਪਰ ਮਜਬੂਰੀ ਵੱਸ ਉਹਨਾਂ ਦੇ ਮਾਂਜੀ, ਚਾਹੁੰਦੇ ਹੋਏ ਵੀ ਆਪਣੇ ਇੱਕਲੌਤੇ ਪੁੱਤਰ ਨੂੰ ਹੋਰ ਨਾ ਪੜ੍ਹਾ ਸਕੇ। ਸਾਂਝੇ ਪਰਿਵਾਰ ਵਿੱਚ ਕੁੱਲ ਦਸ ਕੁੜੀਆਂ ਸਨ ਤੇ ਇੱਹ ਤਿੰਨ ਲੜਕੇ। ਇੱਕ ਪਿਤਾ ਜੀ, ਤੇ ਦੋ ਇਹਨਾਂ ਦੇ ਚਚੇਰੇ ਭਰਾ। ਤਿੰਨਾਂ ਵਿਚੋਂ ਪਿਤਾ ਜੀ ਹੀ ਸਭ ਤੋਂ ਵੱਡੇ ਸਨ। ਕੇਵਲ 14 ਸਾਲ ਦੀ ਉਮਰ ਵਿੱਚ, ਇੰਨੀ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਪਈ, ਕਿਉਂਕਿ ਇੰਨੀ ਜਮੀਨ ਤੇ ਪਰਿਵਾਰ ਨੂੰ ਦੇਖਣ ਵਾਲਾ ਕੋਈ ਨਾ ਰਿਹਾ।

ਵੀਹ ਸਾਲ ਦੀ ਉਮਰ ਵਿੱਚ, ਸੰਨ ਸੰਤਾਲੀ ਵਿੱਚ, ਮਾਂਜੀ ਨੇ ਉਹਨਾਂ ਦੀ ਸ਼ਾਦੀ ਇੱਕ ਪੜ੍ਹੇ ਲਿਖੇ ਪਰਿਵਾਰ ਦੀ ਸੁਘੜ ਸਿਆਣੀ, ਪੰਜਵੀਂ ਪਾਸ ਲੜਕੀ ਨਾਲ ਜਲਦੀ ਹੀ ਇਹ ਸੋਚ ਕੇ ਕਰ ਦਿੱਤੀ ਤਾਂ ਕਿ- ਮੇਰਾ ਪੁੱਤਰ ਇਕੱਲਾ ਹੈ ਇਸ ਨੂੰ ਸਹੁਰੇ ਪਰਿਵਾਰ ਦਾ ਕੋਈ ਆਸਰਾ ਹੋਏਗਾ। ਅਜੇ ਮੇਰੇ ਬੀਜ਼ੀ ਦਾ ਮੁਕਲਾਵਾ ਵੀ ਨਹੀਂ ਸੀ ਆਇਆ ਕਿ- ਉਜਾੜਾ ਪੈ ਗਿਆ। ਮੇਰੇ ਨਾਨਾ ਜੀ ਨੇ ਆ ਕੇ ਮੇਰੇ ਦਾਦੀ ਜੀ ਨੂੰ ਕਿਹਾ ਕਿ- ‘ਰੌਲ਼ੇ ਪੈ ਜਾਣੇ ਹਨ ਤੇ ਪਾਕਿਸਤਾਨ ਬਣ ਜਾਣਾ ਹੈ- ਸੋ ਆਪਾਂ ਦੇਸ (ਹਿੰਦੋਸਤਾਨ) ਨੂੰ ਚਲੇ ਚਲੀਏ’। ਪਰ ਮਾਂਜੀ ਕਹਿਣ ਲੱਗੇ ਕਿ- “ਮੈਂ ਭਰਿਆ ਭਰਾਇਆ ਘਰ ਛੱਡ ਕੇ ਕਿਵੇਂ ਚਲੀ ਜਾਵਾਂ? ਘਰ ਵਿੱਚ ਲਵੇਰੀਆਂ ਹਨ, ਡੰਗਰ ਪਸ਼ੂ ਹਨ, ਅਜੇ ਤਾਂ ਮੇਰੀ ਨੂੰਹ ਨੇ ਆਪਣਾ ਸੰਦੂਕ ਵੀ ਖੋਹਲ ਕੇ ਨਹੀਂ ਵੇਖਿਆ..ਤੁਸੀਂ ਏਦਾਂ ਕਰੋ- ਜੇ ਰੌਲ਼ਿਆਂ ਦਾ ਡਰ ਹੈ ਤਾਂ ਮੇਰੇ ਬੱਚੇ ਲੈ ਜਾਓ ਦੇਸ ਨੂੰ..ਰੌਲ਼ੇ ਹਟਿਆਂ ਤੇ ਛੱਡ ਜਾਣਾ..ਰਾਜੇ ਬਦਲਦੇ ਹੁੰਦੇ ਆ..ਪਰਜਾ ਥੋੜ੍ਹੀ ਬਦਲਦੀ ਹੈ..ਜੇ ਅੰਗਰੇਜ਼ ਚਲੇ ਗਏ ਤਾਂ ਹਿੰਦੂ ਜਾਂ ਮੁਸਲਮਾਨ ਰਾਜੇ ਆ ਜਾਣਗੇ..ਸਾਡੇ ਵੱਡਿਆਂ ਨੇ ਇਹ ਜਮੀਨਾਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਬਣਾਈਆਂ..ਅਸੀਂ ਇਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ”। ਮੇਰੀਆਂ ਦੋ ਭੂਆ ਤਾਂ ਵਿਆਹੀਆਂ ਹੋਈਆਂ ਸਨ ਪਰ ਇੱਕ ਪਿਤਾ ਜੀ ਤੋਂ ਛੋਟੀ 18 ਕੁ ਸਾਲ ਦੀ ਅਜੇ ਕੁਆਰੀ ਸੀ। ਸੋ ਮੇਰੇ ਨਾਨਾ ਜੀ ਨਾਲ ਦੋਹਾਂ ਭੈਣ ਭਰਾ ਨੂੰ ਤੋਰ, ਮੇਰੇ ਦਾਦੀ ਜੀ ਰੌਲ਼ੇ ਮੁੱਕਣ ਦਾ ਇੰਤਜ਼ਾਰ ਕਰਨ ਲੱਗੇ।

ਮੇਰੇ ਵੱਡੇ ਮਾਮਾ ਜੀ ਮੁਲਤਾਨ ਡਾਕਟਰ ਸਨ। ਜਦੋਂ ਮੁਲਤਾਨ ਵਿੱਚ ਅੱਗਾਂ ਭੜਕ ਪਈਆਂ ਤਾਂ ਉਹ ਰਾਤ ਨੂੰ ਖਾਲੀ ਹੱਥ, ਜਾਨ ਬਚਾ ਕੇ ਨਿਕਲੇ। ਛੋਟੇ ਮਾਮਾ ਜੀ, ਫਿਲੌਰ ਕਿਲੇ ਵਿੱਚ ਪੁਲਿਸ ਇੰਸਪੈਕਟਰ ਸਨ- ਸੋ ਮੇਰੇ ਨਾਨਕਿਆਂ ਦਾ ਸਾਰਾ ਪਰਿਵਾਰ, ਅਤੇ ਬੀਜ਼ੀ, ਪਿਤਾ ਜੀ, ਭੂਆ ਜੀ- ਸਾਰੇ ਫਿਲੌਰ ਉਹਨਾਂ ਦੇ ਕੁਆਰਟਰ ਵਿੱਚ ਹੀ ਸਾਲ ਭਰ ਰਹੇ। ਜਲਦੀ ਹੀ ਦੋਹਾਂ ਪੰਜਾਬਾਂ ਵਿੱਚ ਫਿਰਕੂ ਫਸਾਦ ਸ਼ੁਰੂ ਹੋ ਗਏ। ਮੇਰੇ ਦਾਦੀ ਜੀ ਦੋ ਕੁ ਮਹੀਨੇ ਤਾਂ ਡਟੇ ਰਹੇ- ਪਰ ਜਿਸ ਦਿਨ ਪਤਾ ਲੱਗਾ ਕਿ ਅੱਜ ਰਾਤ ਉਹਨਾਂ ਦੇ ਪਿੰਡ ਨੂੰ ਅੱਗ ਲਾ ਦਿੱਤੀ ਜਾਏਗੀ, ਤਾਂ ਮਜਬੂਰ ਹੋ ਕੇ, ਸਭ ਨੇ ਰਾਤੋ ਰਾਤ ਭਰੇ ਮਨ ਨਾਲ, ਭਰੇ ਭਰਾਏ ਘਰ ਛੱਡ, ਪਿੰਡ ਖਾਲੀ ਕਰ ਦਿੱਤਾ। ਇੱਕ ਪੁਰਾਣੇ ਨੌਕਰ ਨਾਲ, ਗੱਡੇ ਤੇ ਕੁੱਝ ਚਾਹ ਪਾਣੀ ਦਾ ਸਮਾਨ ਰੱਖ, ਸ਼ਰਨਾਰਥੀ ਬਣ ਤੁਰ ਪਏ ਕਾਫਲੇ ਨਾਲ ਮੇਰੇ ਦਾਦੀ ਜੀ ਵੀ, ਆਪਣੇ ਹੀ ਦੇਸ ਨੂੰ। ਰਸਤੇ ਦਾ ਹਾਲ ਜੋ ਮੈਂ ਦਾਦੀ ਜੀ ਤੋਂ ਸੁਣ ਰੱਖਿਆ ਸੀ- ਕਿ ਕਿਵੇਂ ਲੋਕਾਂ ਆਪਣੀਆਂ ਜਵਾਨ ਧੀਆਂ ਨੂੰ ਆਪ ਖੂਹਾਂ ‘ਚ ਧੱਕੇ ਦਿੱਤੇ..ਕਿਵੇਂ ਛੱਪੜਾਂ ਚੋਂ ਪਾਣੀ ਪੀਤੇ..ਉਹ ਹੁਣ ਮੈਥੋਂ ਸੁਣਾਇਆ ਨਹੀਂ ਜਾਣਾ। ਅਖੀਰ ਤਿੰਨ ਮਹੀਨੇ ਬਾਅਦ ਕਾਫਲਾ, ਅੰਮ੍ਰਿਤਸਰ ਪਹੁੰਚਾ। ਉੱਧਰ ਪਿਤਾ ਜੀ ਹੋਰਾਂ ਨੂੰ ਪਤਾ ਨਾ ਲੱਗੇ ਕਿ ਮਾਂਜੀ ਕਿੱਥੇ ਹਨ? ਕਈ ਮਹੀਨਿਆਂ ਬਾਅਦ ਕਾਫਲਿਆਂ ਦੀ ਪੁਣ ਛਾਣ ਕਰਦਿਆਂ ਮਾਂ ਪੁੱਤਰ ਦਾ ਮੇਲ ਹੋਇਆ।

ਹੁਣ ਇਹਨਾਂ ਲੋਕਾਂ ਦੇ ਮੁੜ ਵਸੇਬੇ ਲਈ ਪਾਕਿਸਤਾਨ ਤੋਂ ਰਿਕਾਰਡ ਮੰਗਵਾਇਆ ਗਿਆ ਤਾਂ ਜਾ ਕੇ ਸਾਲ ਬਾਅਦ, ਪੰਡੋਰੀ ਨਿੱਝਰਾਂ ਦੇ ਕੋਲ ਪਿੰਡ ਨਾਜਕਾ-ਜੋ ਕਿ ਮੁਸਲਮਾਨ ਇਸੇ ਤਰ੍ਹਾਂ ਖਾਲੀ ਕਰਕੇ ਗਏ ਸਨ- ਵਿਖੇ ਕੁੱਝ ਬੇਅਬਾਦ ਜਿਹੀ ਜਮੀਨ ਅਲਾਟ ਹੋਈ। ਜਿਸ ਵਿੱਚ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ। ਜਿਹਨਾਂ ਪਰਿਵਾਰਾਂ ਵਿੱਚ ਬੰਦਿਆਂ ਦਾ ਜ਼ੋਰ ਸੀ ਉਹਨਾਂ ਚੰਗੀਆਂ ਜ਼ਮੀਨਾਂ ਅਲਾਟ ਕਰਵਾ ਲਈਆਂ ਤੇ ਵਧੀਆ ਬਣੇ ਘਰ ਸਾਂਭ ਲਏ। ਪਰ ਪਿਤਾ ਜੀ ਨੂੰ ਜੋ ਮਿਲਿਆ ਉਸੇ ਨੂੰ ਸਬਰ ਸ਼ੁਕਰ ਕਰ, ਪਰਵਾਨ ਕਰ ਲਿਆ। ਮਾਮਾ ਜੀ ਨੇ ਘਰ ਦੇ ਭਾਂਡੇ ਟੀਂਡੇ ਤੇ ਕੁੱਝ ਸਮਾਨ ਲੈ ਕੇ ਦਿੱਤਾ। ਉਹਨਾਂ ਦੀ ਮਦਦ ਨਾਲ ਹੀ ਪਿਤਾ ਜੀ ਨੇ, ਜਮੀਨ ਵਿੱਚ ਟਿਊਬਵੈਲ ਲਾਇਆ ਅਤੇ ਮਾਂ- ਪੁੱਤਰ ਉਸ ਜਮੀਨ ਨੂੰ ਉਪਜਾਊ ਬਨਾਉਣ ਵਿੱਚ ਜੁੱਟ ਪਏ। 1948 ‘ਚ ਮੇਰੇ ਵੱਡੇ ਭਰਾ ਦਾ ਜਨਮ ਹੋਇਆ। ਉਸ ਤੋਂ ਦੋ ਕੁ ਸਾਲ ਬਾਅਦ ਮੇਰਾ ਅਤੇ ਮੇਰੇ ਤੋਂ ਦੋ ਸਾਲ ਬਾਅਦ ਛੋਟੇ ਭਰਾ ਦਾ ਅਤੇ ਉਸ ਤੋਂ 8 ਸਾਲ ਬਾਅਦ ਮੇਰੀ ਛੋਟੀ ਭੈਣ ਦਾ ਜਨਮ ਹੋਇਆ। ਬੀਜੀ, ਬੱਚੇ ਤੇ ਘਰ ਬਾਰ ਸਾਂਭਦੇ, ਮਾਂਜੀ ਤੇ ਪਿਤਾ ਜੀ ਦੇਰ ਰਾਤ ਤੱਕ ਖੇਤਾਂ ਵਿੱਚ ਹੀ ਰਹਿੰਦੇ। ਇਸੇ ਗਰੀਬੀ ਦੀ ਹਾਲਤ ਵਿੱਚ ਹੀ, ਬੀਜ਼ੀ ਦੇ ਗਹਿਣੇ ਅਤੇ ਦਾਜ ‘ਚ ਮਿਲੀ ਘੋੜੀ ਆਦਿ ਵੇਚ ਕੇ, ਖੇਤੀ ਦੇ ਸੰਦ ਖਰੀਦਣ ਤੋਂ ਇਲਾਵਾ, ਮੇਰੀ ਛੋਟੀ ਭੂਆ ਦਾ ਵਿਆਹ ਵੀ ਪਿਤਾ ਜੀ ਨੇ ਕੀਤਾ।

ਅਜੇਹੇ ਹਾਲਾਤ ਵਿੱਚ ਵੀ, ਮੇਰੇ ਪਿਤਾ ਜੀ ਨੂੰ, ਚੰਗਾ ਸਾਹਿਤ ਪੜ੍ਹਨ ਤੇ ਸੁਨਣ ਦਾ ਸ਼ੌਕ  ਸੀ। ਜਦੋਂ ਘਰ ਵਿੱਚ ਅਜੇ ਪੂਰੇ ਭਾਂਡੇ ਵੀ ਨਹੀਂ ਸਨ ਤਾਂ ਉਹ ਪਹਿਲੀ ਫਸਲ ਵੇਚ ਕੇ ਹੀ, ਰੇਡੀਓ ਖਰੀਦ ਲਿਆਏ। ਰਾਤ ਨੂੰ ਥਕੇਵਾਂ ਲਾਹੁਣ ਲਈ, ਉਹ ਦਿਹਾਤੀ ਪ੍ਰੋਗਰਾਮ ਤੋਂ ਇਲਾਵਾ- ਪੱਕੇ ਰਾਗ, ਕਵੀ ਦਰਬਾਰ, ਮੁਸ਼ਹਿਰੇ ਆਦਿ ਅਕਸਰ ਸੁਣਦੇ ਰਹਿੰਦੇ। ਬਾਬੂ ਫਿਰੋਜ਼ਦੀਨ ਸ਼ਰਫ ਦੀ ‘ਸੁਨਹਿਰੀ ਕਲੀਆਂ’ ਉਹ ਪਾਕਿਸਤਾਨ ਤੋਂ ਆਪਣੇ ਨਾਲ ਸਾਂਭ ਕੇ ਲਿਆਏ ਹੋਏ ਸਨ। ਉਸ ਦੀਆਂ ਕਈ ਕਵਿਤਾਵਾਂ ਉਹਨਾਂ ਨੂੰ ਜ਼ਬਾਨੀ ਯਾਦ ਸਨ, ਜੋ ਉਹ ਅਕਸਰ ਹੀ ਸਾਨੂੰ ਸੁਣਾਉਂਦੇ ਰਹਿੰਦੇ। ਮਿਰਜ਼ਾ ਗ਼ਾਲਿਬ ਤੇ ਸਾਹਿਰ ਲੁਧਿਆਣਵੀ ਦੇ ਕਈ ਸ਼ੇਅਰ ਉਹਨਾਂ ਨੂੰ ਬਹੁਤ ਪਸੰਦ ਸਨ- ਜੋ ਸਾਰੀ ਜ਼ਿੰਦਗੀ ਹੀ ਅਸੀਂ ਉਹਨਾਂ ਦੇ ਮੂੰਹੋਂ ਸੁਣਦੇ ਰਹੇ। ਇੱਥੋਂ ਤੱਕ ਕਿ ਆਪਣੀ ਮੌਤ ਤੋਂ ਹਫਤਾ ਪਹਿਲਾਂ ਵੀ, ਜਦ ਮੈਂ ਉਹਨਾਂ ਨੂੰ ਮਿਲਣ ਇੰਡੀਆ ਗਈ ਤਾਂ ਉਹਨਾਂ ਪੁਰਾਣਾ ਸ਼ੇਅਰ ਫਿਰ ਦੁਹਰਾਇਆ-

‘ਮਿਟਾ ਦੇ ਅਪਨੀ ਹਸਤੀ ਕੋ ਅਗਰ ਕੁੱਛ ਮਰਤਬਾ ਚਾਹੇ,
ਕਿ ਦਾਨਾ ਖਾਕ ਮੇਂ ਮਿਲ ਕਰ ਗੁਲੋ- ਗੁਲਜ਼ਾਰ ਹੋਤਾ ਹੈ।’

ਜਦੋਂ ਮੈਂ ਆਪਣੀ ਕਲਮ ਦਾ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ, ਤਾਂ ਪਿਤਾ ਜੀ ਨੇ ਉਹ ਸਾਂਭ ਕੇ ਰੱਖੀ ‘ਸੁਨਹਿਰੀ ਕਲੀਆਂ’ ਮੈਂਨੂੰ ਦੇ ਕੇ ਕਿਹਾ ਕਿ- ਇਸ ਪੁਸਤਕ ਤੋਂ ਸੇਧ ਲੈ ਕੇ ਕਵਿਤਾ ਲਿਖੀਂ। ਪਿਤਾ ਜੀ ਦੀ ਉਹ ਸੌਗਾਤ, ਫਟੀ ਪੁਰਾਣੀ ਹੋਣ ਦੇ ਬਾਵਜੁਦ, ਮੈਂ ਹੁਣ ਸਾਂਭ ਕੇ ਕਨੇਡਾ ਵਿਖੇ ਨਾਲ ਲੈ ਆਈ ਹਾਂ।

ਮੇਰੇ ਪਿਤਾ ਜੀ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ। ਉਹਨਾਂ ਦੀ ਪੰਜਾਬੀ, ਉਰਦੂ ਤੇ ਅੰਗਰੇਜ਼ੀ ਦੀ ਲਿਖਾਈ ਹੀ ਬੜੀ ਖੁਸ਼ਕੱਤ ਸੀ। ਸ਼ਾਇਦ ੳਹਨਾਂ ਨੂੰ ਇਸ ਗੱਲ ਦਾ ਝੋਰਾ ਸੀ ਕਿ- ਜੇ ਉਹਨਾਂ ਦੇ ਸਿਰ ਤੇ ਵੀ ਬਾਪ ਦਾ ਸਾਇਆ ਹੁੰਦਾ ਤਾਂ ਉਹ ਹੋਰ ਪੜ੍ਹ ਸਕਦੇ। ਸੋ ਉਚੇਰੀ ਪੜ੍ਹਾਈ ਦਾ ਸੁਪਨਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਪੁਰਾ ਕੀਤਾ। ਬਿਨਾ ਕੁੱਝ ਪੱਲੇ ਹੁੰਦੇ ਹੋਏ ਵੀ, ਤੇ ਆਪ ਔਖੇ ਹੋ ਕੇ ਵੀ, ਉਹਨਾਂ ਸਾਨੂੰ ਚਾਰੇ ਭੈਣ ਭਰਾਵਾਂ ਨੂੰ, ਬੀ.ਐਸ.ਸੀ., ਬੀ.ਐਡ ਜਾਂ ਐਮ. ਏ. ਤੱਕ ਦੀ ਪੜ੍ਹਾਈ ਕਰਵਾਈ। ਪਰ ਇਸ ਦਾ ਸਿਹਰਾ ਮੇਰੇ ਬੀਜ਼ੀ ਤੇ ਮਾਂਜੀ (ਦਾਦੀ ਜੀ) ਨੂੰ ਵੀ ਜਾਂਦਾ ਹੈ। ਇਹਨਾਂ ਦੋਹਾਂ ਔਰਤਾਂ ਦੇ ਪ੍ਰੇਮ, ਪਿਆਰ, ਇਤਫਾਕ ਅਤੇ ਮਿਹਨਤੀ ਸੁਭਾਉੇ ਨੇ, ਔਖੇ ਸਮਿਆਂ ਵਿੱਚ ਵੀ, ਪਿਤਾ ਜੀ ਨੂੰ ਕਦੇ ਡੋਲਣ ਨਹੀਂ ਸੀ ਦਿੱਤਾ।

ਉਹਨਾਂ ਸਮਿਆਂ ਵਿੱਚ ਮਾਪੇ, ਕੁੜੀਆਂ ਨੂੰ ਵਾਧੂ ਜਿਹਾ ਬੋਝ ਸਮਝਦੇ ਸਨ। ਕੁੜੀਆਂ ਤੇ ਮੁੰਡਿਆਂ ਦੀ ਪਰਵਰਿਸ਼ ਵਿੱਚ ਵੀ ਵਿਤਕਰਾ ਕਰਦੇ। ਮੁੰਡਿਆਂ ਨੂੰ ਦੁੱਧ ਘਿਉ ਵੱਧ ਦਿੱਤਾ ਜਾਂਦਾ ਤੇ ਨਰੋਈ ਖੁਰਾਕ ਦਿੱਤੀ ਜਾਂਦੀ ਜਦ ਕਿ ਕੁੜੀਆਂ ਦੇ ਹਿੱਸੇ ਬਚਿਆ ਖੁਚਿਆ ਭੋਜਨ ਆਂਦਾ। ਕਾਲਜ ਪੜ੍ਹਨ ਲਈ ਵੀ ਕੇਵਲ ਮੁੰਡਿਆਂ ਨੂੰ ਹੀ ਭੇਜਿਆ ਜਾਂਦਾ ਜਦ ਕਿ ਕੁੜੀਆਂ ਨੂੰ ਕੇਵਲ ਅੱਠਵੀਂ ਜਾਂ ਦਸਵੀਂ ਤੋਂ ਬਾਅਦ ਘਰ ਦਾ ਕੰਮ ਕਾਰ ਸਿਖਾ ਕੇ ਵਿਆਹ ਦਿੱਤਾ ਜਾਂਦਾ। ਪਰ ਮੈਂ ਆਪਣੇ ਪਰਿਵਾਰ ਦੀ ਅਗਾਂਹ-ਵਧੂ ਸੋਚ ਦੀ ਦਾਦ ਦਿੰਦੀ ਹਾਂ ਕਿ- ਉਹਨਾਂ ਨੇ ਨਾ ਤਾਂ ਸਾਡੇ ਪਾਲਣ- ਪੋਸ਼ਣ ਵਿੱਚ ਹੀ ਕੋਈ ਫਰਕ ਰੱਖਿਆ ਤੇ ਨਾ ਹੀ ਵਿਦਿਆ ਵਿੱਚ। ਮੈਂ ਆਪਣੇ ਪਿਤਾ ਜੀ ਦੀ ਰਿਣੀ ਹਾਂ ਕਿ- ਉਹਨਾਂ ਮੈਂਨੂੰ ਕਾਲਜ ਦਾਖਲ ਕਰਵਾ ਕੇ, ਪਿੰਡ ਵਿੱਚ ਇਹ ਨਵੀਂ ਪਿਰਤ ਪਾਈ ਸੀ ਇਹ ਕਿ- ਕੁੜੀਆਂ ਲਈ ਵੀ ਉਚੇਰੀ ਵਿਦਿਆ ਉਨੀ ਹੀ ਜਰੂਰੀ ਹੈ ਜਿੰਨੀ ਮੁੰਡਿਆਂ ਲਈ। ਪੜ੍ਹਾਈ ਵਿੱਚ ਹੁਸ਼ਿਆਰ ਹੋਣਾ ਤੇ ਵਜੀਫੇ ਲੈ ਕੇ ਪੜ੍ਹਨਾ- ਇਹ ਕੁਦਰਤੀ ਗੁਣ ਸਾਨੂੰ ਸਾਰੇ ਭੈਣ ਭਰਾਵਾਂ ਨੂੰ- ਸ਼ਾਇਦ ਵਿਰਸੇ ਵਿੱਚ ਹੀ ਮਿਲਿਆ ਸੀ, ਜਿਸ ਤੋਂ ਸਾਰੇ ਪਿੰਡ ਵਾਲੇ ਵੀ ਹੈਰਾਨ ਸਨ। ਕਿਉਂਕਿ ਪਿੰਡ ਦਾ ਕੋਈ ਵੀ ਮੁੰਡਾ, ਦਸਵੀਂ ਵਿੱਚੋਂ ਪਹਿਲੀ ਵਾਰੀ ਪਾਸ ਨਹੀਂ ਸੀ ਹੁੰਦਾ। ਮੇਰੇ ਦੋਹਾਂ ਭਰਾਵਾਂ ਨੇ ਸਾਇੰਸ ਨਾਲ ਗਰੈਜੂਏਸ਼ਨ ਕੀਤੀ ਤੇ ਮੈਂ ਮੈਥ ਨਾਲ। ਮੈਂ ਵੀ ਮਿਹਨਤ ਕਰਕੇ ਅੱਠਵੀਂ ਤੋਂ ਬੀ.ਏ. ਤੱਕ ਵਜੀਫਾ ਲੈ ਕੇ, ਪਿਤਾ ਜੀ ਦਾ ਸਿਰ ਮਾਣ ਨਾਲ ਉੱਚਾ ਕੀਤਾ। ਫਿਰ ਪਿਤਾ ਜੀ ਨੇ ਮੈਂਨੂੰ ਬੀ.ਐਡ ਕਰਨ ਲਈ ਹੋਸਟਲ ਭੇਜ ਦਿੱਤਾ।

ਬੀ.ਐਡ. ਕਰਦਿਆਂ ਸਾਰ, ਜਿਸ ਸਕੂਲ ਵਿਚੋਂ ਮੈਂ ਦਸਵੀਂ ਵਿਚੋਂ ਟੌਪਰ ਰਹਿ ਕੇ ਦਸਵੀਂ ਪਾਸ ਕੀਤੀ ਸੀ, ਉਸੇ ਸਕੂਲ ਵਿੱਚ ਮੈਂਨੂੰ ਮੈਥ- ਮਿਸਟ੍ਰੈਸ ਦੀ ਸਰਕਾਰੀ ਨੌਕਰੀ ਮਿਲ ਗਈ। ਇਹ ਸਭ ਪਿਤਾ ਜੀ ਦੀ ਸੋਚ ਤੇ ਸਖਤ ਮਿਹਨਤ ਸਦਕਾ ਹੀ ਸੰਭਵ ਹੋਇਆ। ਉਹ ਬੜੇ ਮਾਣ ਨਾਲ ਦਸਦੇ ਕਿ- ਲੋਕਾਂ ਨੇ ਕੋਠੀਆਂ ਪਾ ਲਈਆਂ ਤੇ ਮੈਂ ਆਪਣੇ ਬੱਚੇ ਪੜ੍ਹਾ ਲਏ। ਹੁਣ ਜੇਕਰ ਮੇਰੇ ਲੇਖਕ ਬਨਣ ਦਾ ਜ਼ਿਕਰ ਕਰੀਏ ਤਾਂ, ਇਸ ਪਿੱਛੇ ਵੀ ਪਿਤਾ ਜੀ ਦੀ ਕਾਵਿ-ਮਈ ਸੋਚ ਦਾ ਹੀ ਹੱਥ ਹੈ। ਸਾਡੇ ਖਾਨਦਾਨ ਵਿੱਚ ਮੈਥੋਂ ਪਹਿਲਾਂ ਕੋਈ ਲੇਖਕ ਨਹੀਂ ਹੋਇਆ। ਪਿਤਾ ਜੀ ਦੇ ਨਾਲ ਰੇਡੀਓ ਤੋਂ, ਬਚਪਨ ਵਿੱਚ ਹੀ ਕਵੀ ਦਰਬਾਰ ਜਾਂ ਮੁਸ਼ਹਿਰੇ ਸੁਣਦਿਆਂ ਹੋਇਆਂ, ਕਦੋਂ ਮੇਰੇ ਅੰਦਰ ਇਹ ਬੀਜ ਬੀਜਿਆ ਗਿਆ- ਇਹ ਮੈਂਨੂੰ ਵੀ ਪਤਾ ਨਹੀਂ ਲੱਗਾ। ਭਾਵੇਂ ਇਸ ਨੂੰ ਪੁੰਗਰ ਕੇ ਪੌਦਾ ਬਨਣ ਵਿੱਚ  ਕਈ ਦਹਾਕੇ ਲੱਗ ਗਏ-ਪਰ ਇਹ ਮੁਰਝਾਇਆ ਨਹੀਂ।

ਪੜ੍ਹਾਈ ਪੂਰੀ ਹੋਣ ਤੇ, 1973 ਵਿੱਚ, ਨੌਕਰੀ ਦੇ ਨਾਲ ਹੀ, ਮੇਰੀ ਕਲਮ ਦਾ ਸਫਰ ਵੀ ਕਵਿਤਾ ਤੋਂ ਸ਼ੁਰੂ ਹੋ ਗਿਆ। ਪਿਤਾ ਜੀ ਮੇਰੀ ਕਵਿਤਾ ਸੁਣ ਕੇ ਬਹੁਤ ਖੁਸ਼ ਹੁੰਦੇ। ਜਦੋਂ 2011 ਵਿੱਚ ਮੇਰੀ ਪਹਿਲੀ ਪੁਸਤਕ ਛਪੀ ਤਾਂ ਉਹ ਫੁਲ੍ਹੇ ਨਹੀਂ ਸੀ ਸਮਾਉਂਦੇ। ਉਹਨਾਂ ਨੇ ਉਸ ਦੀ ਹਰ ਕਵਿਤਾ, ਘਰ ਆਉਣ ਵਾਲੇ ਪਿੰਡ ਦੇ ਲੋਕਾਂ ਨੂੰ ਸੁਣਾਈ।

ਪਿਤਾ ਜੀ ਨੇ, ਪਿਤਾ ਹੋਣ ਤੋਂ ਇਲਾਵਾ, ਇਸ ਦੁਨੀਆਂ ਦੇ ਰੰਗ ਮੰਚ ਤੇ, ਬਾਕੀ ਕਿਰਦਾਰ ਵੀ ਬਹੁਤ ਵਧੀਆ ਨਿਭਾਏ। ਉਹ ਇੱਕ ਸਰਵਣ ਪੁੱਤਰ, ਇੱਕ ਜ਼ਿੰਮੇਵਾਰ ਬਾਪ, ਇੱਕ ਵਫਾਦਾਰ ਪਤੀ, ਭੈਣਾਂ ਦਾ ਪਿਆਰਾ ਵੀਰ, ਪੋਤੇ ਪੋਤੀਆਂ ਦਾ ਪਿਆਰਾ ਦਾਦਾ ਹੋਣ ਤੋਂ ਇਲਾਵਾ- ਪਿੰਡ ਵਾਲਿਆਂ ਦਾ ਹਰਮਨ ਪਿਆਰਾ ਨੰਬਰਦਾਰ ਵੀ ਸੀ। ਜਦੋਂ ਬੀਜ਼ੀ ਦਾ ਚੂਲ੍ਹਾ ਟੁੱਟ ਗਿਆ ਤੇ ਗਠੀਏ ਕਾਰਨ ਹੱਥ ਪੈਰ ਵੀ ਕੰਮ ਕਰਨੋਂ ਹਟ ਗਏ, ਤਾਂ ਪਿਤਾ ਜੀ ਵੀਲ੍ਹ ਚੇਅਰ ਤੇ ਬਿਠਾ, ਆਪ ਚਮਚਿਆਂ ਨਾਲ ਖਾਣਾ ਖੁਆਉਂਦੇ। ਜੇ ਕੋਈ ਦੇਖਣ ਵਾਲਾ ਉਹਨਾਂ ਦੀ ਇਸ ਸੇਵਾ ਤੋਂ ਹੈਰਾਨ ਹੁੰਦਾ, ਤਾਂ ਉਹ ਕਹਿੰਦੇ- ‘ਭਾਈ ਇਸ ਨੇ ਮੇਰਾ ਔਖੇ ਸਮੇਂ ਵਿੱਚ ਬਹੁਤ ਸਾਥ ਦਿੱਤਾ ਹੈ- ਹੁਣ ਮੇਰਾ ਵੀ ਫਰਜ਼ ਹੈ ਇਸ ਦੀ ਸੇਵਾ ਕਰਨ ਦਾ’। ਪਰ ਅਗਸਤ 2010 ਵਿੱਚ ਜਦ ਬੀਜ਼ੀ ਟੁਰ ਗਏ ਤਾਂ ਪਿਤਾ ਜੀ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੇ। ਉਹਨਾਂ ਦੀਆਂ ਗੱਲਾਂ ਦਾ ਹੁੰਗਾਰਾ ਭਰਨ ਵਾਲੀ ਜੁ ਤੁਰ ਗਈ ਸੀ। ਉਹ ਉਦਾਸ ਬੈਠੇ ਰਹਿੰਦੇ ਅਤੇ ਬਿਨਾ ਕਿਸੇ ਬੀਮਾਰੀ ਤੋਂ ਕਮਜ਼ੋਰ ਹੁੰਦੇ ਗਏ। ਬੀਜ਼ੀ ਤੋਂ ਤਿੰਨ ਕੁ ਸਾਲ ਬਾਅਦ ਹੀ ਉਹ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।

ਅੱਜ ਭਾਵੇਂ ਮੇਰੇ ਪਿਤਾ ਜੀ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ ਰਹੇ ਪਰ ਉਹਨਾਂ ਦੇ ਪਾਏ ਪੂਰਨਿਆਂ ਤੇ ਚਲ ਕੇ, ਉਹਨਾਂ ਦੀ ਮਿੱਠੀ ਪਿਆਰੀ ਯਾਦ ਨੂੰ, ਆਪਣੇ ਸੀਨੇ ਵਿੱਚ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹਾਂ। ਉਹਨਾਂ ਦੀ ਮੌਤ ਤੋਂ ਬਾਅਦ ਹੀ, ਮੇਰੇ ਅੰਦਰੋਂ ਇਹ ਗੀਤ ਫੁੱਟਿਆ ਸੀ-

ਅੱਜ ਮੈਂਨੂੰ ਯਾਦ ਬੜੀ ਬਾਪ ਦੀ ਸਤਾਏ ਨੀ,
ਸੁਰਗਾਂ ‘ਚ ਬੈਠੀ ਅੱਜ ਮਾਂ ਵੀ ਯਾਦ ਆਏ ਨੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>