ਹੱਕ ਲਈ ਲੜਿਆ ਸੱਚ – (ਭਾਗ – 19)

ਐਤਵਾਰ ਦੀ ਦੁਪਹਿਰ ਦਾ ਵੇਲਾ ਸੀ ਧੁੱਪ ਸੋਹਣੀ ਨਿਕਲੀ ਹੋਈ ਸੀ। ਦੀਪੀ ਸਿਰ ਨਹਾ ਕੇ ਅਤੇ ਕਿਤਾਬਾਂ ਲੈ ਕੇ ਕੋਠੇ ਤੇ ਚਲੀ ਗਈ ਤਾਂ ਜੋ ਉਸ ਦੇ ਵਾਲ ਵੀ ਸੁੱਕ ਜਾਣਗੇ ਅਤੇ ਉਹ ਪੜ੍ਹ ਵੀ ਸਕੇ ਚੁਬਾਰੇ ਦੀ ਕੰਧ ਨਾਲ ਧੁੱਪੇ ਮੰਜਾ ਡਾਹ ਕੇ ਪੜ੍ਹਨ ਲਗ ਪਈ। ਅਜੇ ਕਿਤਾਬ ਖੋਲ੍ਹੀ ਵੀ ਨਹੀ ਸੀ ਘਰ ਦੇ ਪਿਛਵਾਰੇ ਨਾਲ ਲੱਗਦੇ ਘਰ ਵਿਚੋਂ ਜੋਰ ਜੋਰ ਦੀ ਚੀਖਾਂ ਸੁਣਾਈ ਦਿੱਤੀਆ। ਦੀਪੀ ਨੇ ਉੱਠ ਕੇ ਕੰਧ ਦੀ ਮੋਰੀ ਵਿਚੋਂ ਦੇਖਿਆਂ ਕਿ ਬਾਲਮੀਕ ਕੇ ਗੂੁਰੇ ਦੇ ਘਰੋਂ ਚੀਖਾਂ ਦੀ ਅਵਾਜ਼ ਆ ਰਹੀ ਹੈ। ਗੂਰੇ ਦੀ ਵਹੁਟੀ ਵਾਲ ਖਿਲਾਰੀ ਵਿਹੜੇ ਵਿਚ ਖੇਡ ਰਹੀ ਹੈ, ਕੋਲੋ ਇਕ ਭਗਵੇ ਕਪੜਿਆਂ ਵਾਲਾ ਸਾਧ ਚਿਮਟਾ ਲੈ ਕੇ ਬੈਠਾ ਹੈ। ਉਹ ਗੂਰੇ ਦੀ ਵਹੁਟੀ ਦੇ ਚਿਮਟੇ ਮਾਰ ਕੇ ਪੁੱਛ ਰਿਹਾ ਹੈ ਕਿ ਤੂੰ ਇਸ ਘਰੋਂ ਕਦੋਂ ਨਿਕਲਣਾ ਹੈ। ਜਦੋਂ ਉਹ ਜੋਰ ਦੀ ਚਿਮਟਾ ਮਾਰਦਾ ਤਾਂ ਵਹੁਟੀ ਦਰਦ ਨਾਲ ਚੀਖ ਮਾਰਦੀ। ਦੀਪੀ ਉਹਨੀ ਪੈਰੀ ਹੀ ਥੱਲੇ ਨੂੰ ਭਜੀ ਆਪਣੀ ਦਾਦੀ ਕੋਲ ਗਈ ਜੋ ਦਾਰੋ ਨਾਲ ਧੁੱਪੇ ਬੈਠੀ ਰਜਾਈਆਂ ਨਗੰਦ( ਸੂਈ ਨਾਲ ਸਿਊਣਾ) ਰਹੀਆਂ ਸੀ।

“ਬੀਜੀ, ਗੂਰੇ ਦੀ ਵਹੁਟੀ ਨੂੰ ਇਕ ਸਾਧ ਚਿਮਟਿਆਂ ਨਾਲ ਕੁੱਟ ਰਿਹਾ ਹੈ।”

“ਆਹੋ, ਪੁੱਤ, ਗੂਰੇ ਦੀ ਵਹੁਟੀ ਨੂੰ ਬਾਹਰਲੀ ਕਸਰ ਆ।” ਹਰਨਾਮ ਕੌਰ ਦੀਪੀ ਨੂੰ ਸਮਝਾਉਣ ਲੱਗੀ, “ਉਹ ਕੋਈ ਸਿਆਣਾ ਬੁਲਾ ਕੇ ਲਿਆਏ ਨੇ।”

“ਇਹ ਬਾਹਰਲੀ ਕਸਰ ਕੀ ਹੁੰਦੀ ਆ।”

“ਭੂਤ ਪ੍ਰੇਤ ਹੁੰਦੇ ਆ।” ਹਰਨਾਮ ਕੌਰ ਨੇ ਰਜਾਈ ਵਿਚੋਂ ਦੀ ਘੰਦੂਈ (ਵੱਡੀ ਸੂਈ) ਕੱਢਦੇ ਆਖਿਆ, “ਕਈ ਵਾਰੀ ਬੰਦਿਆਂ ਨੂੰ ਚੜੇਲਾਂ-ਚੜੂਲਾਂ ਚੰਬੜ ਜਾਂਦੀਆਂ।”

“ਬੀਬੀ, ਕਹਿੰਦੇ ਨੇ ਗੂਰੇ ਦੀ ਪਹਿਲੀ ਮਰ ਚੁੱਕੀ ਵਹੁਟੀ ਇਹਨਾਂ ਨੂੰ ਤੰਗ ਕਰਦੀ ਆ।”

ਦਾਰੋ ਨੇ ਚੁੜੇਲ ਹੋਣ ਦੀ ਪੱਕੀ ਮੋਹਰ ਲਾਂਦਿਆਂ ਕਿਹਾ, “ਗੂਰਾ ਵਿਚਾਰਾ ਤਾਂ ਦੂਜਾ ਵਿਆਹ ਕਰਵਾ ਕੇ ਪਹਿਲੇ ਨਾਲੋ ਵੀ ਜ਼ਿਆਦਾ ਤੰਗ ਹੋ ਗਿਆ।”

“ਗੂਰਾ ਵਹੁਟੀ ਨੂੰ ਡਾਕਟਰ ਦੇ ਕੋਲ ਕਿਉਂ ਨਹੀ ਲੈ ਕੇ ਜਾਂਦਾ।” ਦੀਪੀ ਨੇ ਹੈਰਾਨ ਹੁੰਦੇ ਕਿਹਾ, “ਸਿਆਣਾ ਤਾਂ ਉਸ ਨੂੰ ਚਿਮਟਿਆਂ ਨਾਲ ਕੁੱਟ ਕੁੱਟ ਕੇ ਹੋਰ ਵੀ ਬਿਮਾਰ ਕਰ ਦੇਵੇਗਾ।”

“ਇਕ ਤਾਂ ਬੀਬੀ ਤੇਰੀ ਪੜ੍ਹੀ ਲਿਖੀ ਪੋਤੀ ਨੂੰ ਸਮਝ ਹੀ ਨਹੀ ਲੱਗਦੀ ਕਿਸੇ ਗੱਲ ਦੀ।” ਦਾਰੋ ਨੇ ਰਜਾਈ ਛੱਡ ਕੇ ਦੀਪੀ ਨੂੰ ਸਮਝਾਉਂਦਿਆਂ ਆਖਿਆ, “ਦੀਪੀ, ਬਾਹਰਲੀਆਂ ਕਸਰਾਂ ਦੀ ਦਵਾਈ ਡਾਕਟਰਾਂ ਕੋਲ ਨਹੀ ਹੁੰਦੀ।”

“ਚਾਚੀ, ਕੋਈ ਬਾਹਰਲੀਆਂ ਕਸਰਾਂ- ਕੁਸਰਾਂ ਨਹੀ ਹੁੰਦੀਆਂ।” ਦੀਪੀ ਨੇ ਦਾਰੋ ਨੂੰ ਦੱਸਿਆ, “ਤੁਸੀ ਸਭ ਭਰਮਾਂ ਵਿਚ ਫਸੇ ਹੋਏ ਹੋ।”

ੳਦੋਂ ਹੀ ਫਿਰ ਇਕ ਜੋਰ ਦੀ ਲੇਰ ਸੁਣਾਈ ਦਿੱਤੀ ਜੋ ਗੂਰੇ ਵਹੁਟੀ ਨੇ ਹੀ ਮਾਰੀ ਸੀ। ਉਸ ਦੀ ਲੇਰ ਸੁਣ ਕੇ ਦੀਪੀ ਦਾ ਮਨ ਗੂਰੇ ਦੀ ਵਹੁਟੀ ਨੂੰ ਚਿਮਟਿਆਂ ਤੋਂ ਬਚਾਉਣ ਲਈ ਕਾਹਲਾ ਪੈ ਗਿਆ। ਉਹ ਆਪਣੀ ਦਾਦੀ ਨੂੰ ਮਿੰਨਤ ਕਰਦੀ ਹੋਈ ਬੋਲੀ,

“ਬੀਜੀ, ਜਾਉ ਤੁਸੀਂ ਉਸ ਸਾਧ ਨੂੰ ਰੋਕੋ, ਨਹੀ ਤਾਂ ਉਸ ਨੇ ਚਿਮਟੇ ਮਾਰ ਮਾਰ ਕੇ ਗੂਰੇ ਦੀ ਵਹੁਟੀ ਮਾਰ ਦੇਣੀ ਆ।”

“ਪੁੱਤ, ਗੂਰੇ ਦੀ ਵਹੁਟੀ ਚਿਮਟਿਆਂ ਨਾਲ ਨਹੀਂ ਮਰੇਗੀ ਉਹ ਤਾ ਸਗੋਂ ਠੀਕ ਹੋ ਜਾਵੇਗੀ।”

ਹਰਨਾਮ ਕੋਰ ਨੇ ਦੀਪੀ ਨੂੰ ਦਿਲਾਸਾ ਦਿੱਤਾ, “ਇਹ ਸਾਧ ਬਹੁਤ ਕਰਨੀ ਵਾਲੇ ਹੁੰਦੇ ਆ।”

“ਚਿਮਟੇ ਦੀ ਸੱਟ ਵਹੁਟੀ ਨੂੰ ਨਹੀ ਲੱਗਦੀ।” ਦਾਰੋ ਕਹਿਣ ਲੱਗੀ, “ਉਹ ਸੱਟ ਤਾਂ ਉਹਦੇ ਵਿਚਲੀ ਚੁੜੇਲ ਨੂੰ ਲੱਗਦੀ ਆ।”

“ਜੇ ਸੱਟ ਨਹੀ ਲੱਗਦੀ ਤਾਂ ਗੂਰੇ ਦੀ ਵਹੁਟੀ ਦੀ ਦਰਦ ਨਾਲ ਚੀਕਾਂ ਕਿਉਂ ਮਾਰਦੀ ਆ।”

“ਵਹੁਟੀ ਨਹੀ ਚੀਕਾਂ ਮਾਰਦੀ।” ਦਾਰੋ ਨੇ ਪੂਰੇ ਵਿਸ਼ਵਾਸ ਨਾਲ ਕਿਹਾ, “ਚੀਖਾਂ ਤਾ ਚੁੜੇਲ ਮਾਰ
ਰਹੀ ਆ।”

ਇਹ ਸਾਰੀਆਂ ਗੱਲਾਂ ਰਸੋਈ ਵਿਚ ਬੈਠੀ ਸੁਰਜੀਤ ਵੀ ਸੁਣ ਰਹੀ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਦੀਪੀ ਠੀਕ ਗੱਲਾਂ ਕਰ ਰਹੀ ਆ। ਪਰ ਉਸ ਨੂੰ ਇਹ ਵੀ ਪਤਾ ਸੀ ਕਿ ਇਹਨਾ ਗੱਲਾਂ ਬਾਰੇ ਹਰਨਾਮ ਕੌਰ ਅਤੇ ਦਾਰੋ ਨੂੰ ਸਮਝਾਉਣਾ, ਝੋਟੇ ਅੱਗੇ ਬੀਨ ਵਜਾਉਣਾ ਸੀ। ਇਹ ਸੋਚ ਕੇ ਉਸ ਨੇ ਦੀਪੀ ਨੂੰ ਅਵਾਜ਼ ਮਾਰੀ, “ਦੀਪੀ, ਜਾ ਤੂੰ ਆਪਣਾ ਜਾ ਕੇ ਪੜ੍ਹ।”

“ਮੈ ਪੜ੍ਹਾਂ ਕਿਵੇ?” ਦੀਪੀ ਨੇ ਕਿਹਾ, ਠਕੋਠੇ ਤੇ ਜਾ ਕੇ ਦੇਖੋਂ ਤਾਂ ਸਹੀ, ਉਹ ਵਿਚਾਰੀ ਜ਼ਨਾਨੀ ਦੀ ਸਾਧ ਨੇ ਕੁੱਟ ਕੁੱਟ ਕੇ ਹਾਲਤ ਕੀ ਬਣਾ ਦਿੱਤੀ।”

ਥੋੜ੍ਹਾਂ ਚਿਰ ਚੀਕਾਂ ਰੁੱਕ ਗਈਆਂ। ਦੀਪੀ ਨੇ ਛੱਤ ਉੱਪਰ ਆ ਕੇ ਦੇਖਿਆਂ ਤਾਂ ਵਹੁਟੀ ਮੂਧੇ ਮੂੰਹ ਜ਼ਮੀਨ ਵੱਲ ਨੂੰ ਝੁੱਕੀ ਹੋਈ ਸੀ ਤੇ ਸਾਧ ਕੋਈ ਧੂਣੀ ਧੁਖਾ ਕੇ ਕੋਈ ਮੰਤਰ ਪੜ੍ਹ ਰਿਹਾ ਸੀ। ਬਹੁਤ ਸਾਰੇ ਬੱਚੇ ਗੂਰੇ ਦੇ ਘਰ ਦੀ ਕੱਚੀ ਕੰਧ ’ਤੇ ਬੈਠ ਕੇ ਇਹ ਸਾਰਾ ਤਮਾਸ਼ਾ ਦੇਖ ਰਹੇ ਸਨ। ਦੀਪੀ ਦੇ ਛੋਟੀ ਭੈਣ ਅਤੇ ਭਰਾ ਵੀ ਚੁਬਾਰੇ ਦੀ ਕੰਧ ਦੀਆਂ ਮੋਰੀਆਂ ਵਿਚ ਦੀ ਗੂਰੇ ਦੇ ਘਰ ਵੱਲ ਨੂੰ ਦੇਖ ਰਹੇ ਸਨ। ੳਦੋਂ ਹੀ ਫਿਰ ਦੁਬਾਰਾ ਚਿਮਟੇ ਵਜਨ ਲੱਗੇ ਅਤੇ ਚੀਕਾਂ ਦੀ ਦਹਾਈ ਸਾਰੇ ਪਾਸੇ ਫੈਲਣ ਲੱਗੀ। ਦੀਪੀ ਦਾ ਦਿਲ ਕਰੇ ਕੇ ਉਹ ਦੌੜ ਕੇ ਜਾ ਕੇ ਸਾਧ ਕੋਲੋ ਚਿਮਟਾ ਖੋ ਕੇ ਉਸੇ ਚਿਮਟੇ ਨਾਲ ਸਾਧ ਨੂੰ ਮਾਰੇ ਅਤੇ ਪੁੱਛੇ ਕਿ ਤੂੰ ਸਾਡਾ ਪਿੰਡ ਛੱਡ ਕੇ ਜਾਣਾ ਹੈ ਜਾਂ ਨਹੀ। ਇਹ ਸੋਚ ਕੇ ਉਹ ਆਪਣੀ ਮਾਂ ਸੁਰਜੀਤ ਨੂੰ ਕਹਿਣ ਲੱਗੀ, “ਮੰਮੀ, ਮੈਂ ਚੱਲੀ ਗੂਰੇ ਦੇ ਘਰ ਨੂੰ। ਮੇਰੇ ਕੋਲੋ ਨਹੀ ਦੇਖ ਹੁੰਦਾ ਇਹ ਪਖੰਡ ਦਾ ਤਮਾਸ਼ਾ।”

“ਨਹੀਂ ਤੂੰ ਨਹੀਂ ਜਾਣਾ।” ਸੁਰਜੀਤ ਨੇ ਉਸ ਨੂੰ ਟੋਕਿਆ, “ਜੇ ਤੇਰੇ ਡੈਡੀ ਨੂੰ ਪਤਾ ਲੱਗਾ ਗਿਆ ਕਿ ਤੂੰ ਬਾਲਮੀਕਾਂ ਦੇ ਮੁਹੱਲੇ ਗਈ ਸੀ, ੳਹਨੀ ਤਾਂ ਮੈਨੂੰ ਨਹੀ ਛੱਡਣਾ।”

“ਗੂਰਾ ਕੱਲ ਪਹਿਲਾਂ ਵਹੁਟੀ ਨੂੰ ਲੈ ਕੇ ਸਿਆਣੇ ਦੇ ਪਿੰਡ ਗਿਆ ਸੀ।” ਦਾਰੋ ਨੇ ਦੱਸਿਆ, “ਕਹਿੰਦੇ ਉੱਥੇ ਵੀ ਸਿਆਣੇ ਨੇ ਬਹੁਤ ਇਲਾਜ ਕੀਤਾ।”

“ਜੇ ਇਸ ਸਿਆਣੇ ਕੋਲ ਨਹੀਂ ਫ਼ਰਕ ਪੈਂਦਾ ਤਾਂ ਕਿਸੇ ਹੋਰ ਨੂੰ ਸੱਦ ਲੈਣ।” ਹਰਨਾਮ ਕੌਰ ਨੇ ਸਲਾਹ ਦਿੱਤੀ, “ਖਾਨਾ ਪੁਰ ਵੀ ਇਕ ਸਾਧ ਹੈਗਾ ਆ, ਉਹ ਤਾਂ ਜੁਤੀ ਸੁੰਘਾ ਕੇ ਹੀ ਮਰੀਜ਼ ਨੂੰ ਠੀਕ ਕਰ ਦਿੰਦਾਂ ਏ।”

“ਬੀਬੀ, ਗੂਰੇ ਨੇ ਦੱਸਿਆ ਕਿ ਪਈ ਸਿਆਣਾ ਕਹਿੰਦਾ ਸੀ, ਚੁੜੇਲ ਤੁਹਾਡੇ ਘਰ ਵਿਚ ਹੀ ਲੁਕੀ ਪਈ ਆ, ਤਾਂ ਕਰਕੇ ਉਹ ਗੂਰੇ ਦੇ ਨਾਲ ਹੀ ਘਰ ਆ ਗਿਆ।”

ਦੀਪੀ ਨੂੰ ਇਹ ਸਾਰੀਆਂ ਗੱਲਾਂ ਸੁਣ ਕੇ ਬਹੁਤ ਗੁੱਸਾ ਚੜ੍ਹ ਰਿਹਾ ਸੀ। ਕਿਵੇ ਇਹਨਾ ਲੋਕਾਂ ਨੂੰ ਸਮਝਾਇਆ ਜਾਵੇ ਕਿ ਕੋਈ ਭੂਤ-ਭਾਤ ਨਹੀ ਹੁੰਦੇ। ਗੂਰੇ ਦੇ ਘਰ ਜਾਣ ਦੀ ਗੱਲ ਉਸ ਨੇ ਇਸ ਕਰਕੇ ਵੀ ਤਿਆਗ ਦਿੱਤੀ ਕਿੁੳ ਕਿ ਉਸ ਦੀ ਦਾਦੀ ਅਤੇ ਦਾਰੋ ਹੀ ਉਸ ਦੀ ਗੱਲ ਨਹੀ ਮੰਨ ਰਹੀਆਂ ਤੇ ਗੂਰੇ ਦਾ ਪ੍ਰੀਵਾਰ ਕਿਵੇਂ ਉਸ ਦੀ ਗੱਲ ਸੁਣੇਗਾ। ਦੀਪੀ ਫਿਰ ਮੰਜੇ ਤੇ ਬੈਠ ਕੇ ਪੜ੍ਹਨ ਦਾ ਜਤਨ ਕਰਨ ਲੱਗੀ। ਪੜ੍ਹਦੀ ਪੜ੍ਹਦੀ ਨੂੰ ਨੀਂਦ ਦੇ ਗੁਲਾਟ ਆਉਣ ਲੱਗੇ ਤਾਂ ਉਹ ਆਪਣਾ ਸ਼ਾਲ ਉੱਪਰ ਤਾਣ ਕੇ ਥੋੜ੍ਹੀ ਦੇਰ ਲਈ ਪੈ ਗਈ। ਦੀਪੀ ਦੀਆਂ ਛੋਟੀਆਂ ਭੈਣਾਂ ਅਤੇ ਗੁਵਾਂਢ ਵਿਚੋਂ ਆਈਆਂ ਦੋ ਤਿੰਨ ਕੁੜੀਆਂ ਕੋਲ ਹੀ ਗੇਂਦ ਅਤੇ ਗਿਟਿਆਂ ਨਾਲ ਖੇਡ ਰਹੀਆਂ ਸਨ। ਦੀਪੀ ਦਾ ਭਰਾ ਵੀ ਆਪਣੇ ਇਕ ਦੋਸਤ ਨੂੰ ਲੈ ਕੇ ਪਤੰਗ ਨੂੰ ਗੂੰਦ ਨਾਲ ਜੋੜਨ ਵਿਚ ਮਸਤ ਸੀ। ਇਸ ਦੇ ਦੌਰਾਨ ਕਦੀ ਚੀਕਾਂ ਦੀ ਅਵਾਜ਼ ਆ ਜਾਂਦੀ ਅਤੇ ਕਦੀ ਬੰਦ ਹੋ ਜਾਂਦੀ। ਇਸ ਤਰ੍ਹਾਂ ਲੱਗਦਾ ਸੀ ਕਿ ਸਾਰਾ ਪਿੰਡ ਜਿਵੇ ਬੋਲ੍ਹਾ ਹੋਵੇ ਜਾਂ ਲੋਕਾਂ ਨੂੰ ਚੀਕਾਂ ਦੀ ਕੋਈ ਪ੍ਰਵਾਹ ਨਹੀ ਸੀ।

ਜੇ ਪ੍ਰਵਾਹ ਸੀ ਤਾਂ ਗਿਆਨ ਕੌਰ ਦੇ ਆਦਮੀ ਵੇਲਾ ਸਿੰਘ ਨੂੰ। ਉਸ ਨੇ ਗਿਆਨ ਕੌਰ ਨੂੰ ਕਿਹਾ, “ਇਹਨਾਂ ਚੂਹੜਿਆਂ ਸਾਲਿਆਂ ਨੇ ਸਾਧ ਕੋਲੋਂ ਕੁੜੀ ਮਰਵਾ ਦੇਣੀ ਆ।”

“ਤੂੰ ਨਾਂ ਫਿਕਰ ਕਰ।” ਗਿਆਨ ਕੌਰ ਨੇ ਕਿਹਾ, “ਸਾਧ ਜਾਣੇ ਜਾਂ ਚੂਹੜੇ ਜਾਨਣ।”

ਉਹ ਗੱਲਾਂ ਕਰ ਹੀ ਰਹੇ ਸਨ ਕਿ ਗਿਆਨ ਕੌਰ ਦੀ ਭਤੀਜੀ ਮਿੰਦੀ ਆ ਗਈ। ਜਦੋਂ ਦਾ ਵੇਲਾ ਸਿੰਘ ਬਿਮਾਰ ਰਹਿਣ ਲੱਗ ਪਿਆ ਸੀ ਮਿੰਦੀ ਉਸ ਨੂੰ ਦੇਖਣ ਲਈ ਛੇਤੀ ਹੀ ਗੇੜਾ ਮਾਰ ਲੈਂਦੀ। ਉਸ ਦਾ ਇਕ ਹੋਰ ਵੀ ਮਤਲਬ ਸੀ ਉਹ ਦੀਪੀ ਦੇ ਰਿਸ਼ਤੇ ਬਾਰੇ ਵੀ ਗੱਲ ਕਰਨ ਦਾ। ਅੱਜ ਉਸ ਨੇ ਪੂਰਾ ਮਨ ਬਣਾਇਆ ਹੋਇਆ ਸੀ ਕਿ ਉਹ ਦੀਪੀ ਦੀ ਰਿਸ਼ਤੇ ਦੀ ਹਾਂ ਜਾਂ ਨਾ ਲੈ ਕੇ ਹੀ ਜਾਵੇਗੀ।

“ਸਾਸਰੀਕਾਲ ਭੂਆ ਜੀ।” ਆਉਂਦੀ ਨੇ ਦਰਵਾਜ਼ੇ ਵਿਚੋਂ ਹੀ ਆਖਿਆ, “ਫੁੱਫੜ ਜੀ ਠੀਕ ਹੋ।”

“ਕਾਂ ਸਵੇਰ ਦਾ ਬਨੇਰੇ ਉੱਪਰ ਬੋਲਦਾ ਸੀ।” ਗਿਆਨ ਕੌਰ ਨੇ ਆਖਿਆ, “ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਪਈ ਅੱਜ ਮਿੰਦੀ ਆਵੇਗੀ।”

“ਪਰਾਹੁਣਾ ਨਹੀਂ ਆਇਆ।” ਵੇਲਾ ਸਿੰਘ ਨੇ ਉਸ ਦੇ ਸਿਰ ਤੇ ਪਿਆਰ ਦੇਂਦੇ ਪੁੱਛਿਆ, “ਤੇਰੀ ਸੱਸ ਰਾਜ਼ੀ ਆ।”

“”ਫੁਫੜ ਜੀ, ਉਹ ਵੀ ਤੁਹਾਡੇ ਵਾਂਗ ਢਿੱਲੀ ਹੀ ਰਹਿੰਦੀ ਆ।”

“ਧੀਏ, ਉਹਦੀ ਸੇਵਾ ਕਰਿਆ ਕਰ।” ਗਿਆਨ ਕੌਰ ਨੇ ਕਿਹਾ, “ਸੇਵਾ ਨੂੰ ਹੀ ਮੇਵਾ ਮਿਲਦਾ ਆ। ਹਾ ਸੱਚ ਪ੍ਰਹਾਉਣਾ ਕ੍ਹਾਤੇ ਨਾ ਆਇਆ।”

“ਨਹਿਰ ਵਾਲੀ ਮੋਟਰ (ਟਿਊਬਲ) ਤੇ ਬੰਦੇ ਆਲੂ ਪੁੱਟਣ ਲਾਏ ਹੋਏ ਆ।” ਮਿੰਦੀ ਨੇ ਜਵਾਬ ਦਿੱਤਾ, “ਮੈ ਤਾਂ ਹੁਸ਼ਿਆਰ ਪੁਰ ਡਾਕਟਰ ਕੋਲ ਆਈ ਸੀ, ਸੋਚਿਆ ਜਾਂਦੀ ਹੋਈ ਫੁੱਫੜ ਜੀ ਨੂੰ ਵੀ ਮਿਲ੍ਹ ਜਾਂਵਾਂ।”

ਗਿਆਨ ਕੌਰ ਮਿੰਦੀ ਲਈ ਚਾਹ ਰੱਖਣ ਹੀ ਲੱਗੀ ਸੀ ਕਿ ਸੁਰਜੀਤ ਨੇ ਕੰਧ ਉੱਪਰ ਦੀ ਕਿਹਾ, “ਭੈਣ ਜੀ, ਸਤਿ ਸ੍ਰੀ ਅਕਾਲ।”

“ਕੀ ਹਾਲ-ਚਾਲ ਆ ਭਾਬੀ?”

“ਸਭ ਠੀਕ ਆ।” ਸੁਰਜੀਤ ਨੇ ਕਿਹਾ, “ਤਾਈ ਜੀ ਚਾਹ ਨਾ ਬਣਾਇਉ, ਇਧਰ ਚਾਹ ਬਣੀ ਪਈ ਆ, ਇਧਰ ਨੂੰ ਆ ਜਾਉ।” ਨਾਲ ਹੀ ਉਸ ਨੇ ਵੇਲਾ ਸਿੰਘ ਲਈ ਚਾਹ ਕੰਧ ੳੱਹੱਕਤੋਂ ਦੀ ਫੜ੍ਹਾ ਦਿੱਤੀ। ਚਾਹ ਨਾਲ ਆਈਆਂ ਅਲ੍ਹਸੀ ਦੀਆਂ ਪਿੰਨੀਆਂ ਦੇਖ ਕੇ ਵੇਲਾ ਸਿੰਘ ਖੁਸ਼ ਹੁੰਦਾ ਬੋਲਿਆ ਮਿੰਦੀ ਨੂੰ ਕਹਿਣ ਲੱਗਾ, “ਮੈ ਕਈ ਵਾਰੀ ਤੇਰੀ ਭੂਆ ਨੂੰ ਕਿਹਾ ਪਈ ਮੈਨੂੰ ਅਲ੍ਹਸੀ ਦੀਆਂ ਪਿੰਨੀਆਂ ਬਣਾ ਦੇ, ਪਰ ਇਸ ਨੇ ਨਹੀਂ ਬਣਾਈਆਂ।”

“ਮੈ ਅੱਗੇ ਵੀ ਤੈਨੂੰ ਦੱਸਿਆ ਸੀ ਪਈ ਮੇਥੋਂ ਚੱਕੀ ਨਾਲ ਅਲ੍ਹਸੀ ਨਹੀਂ ਪੀਠੀ ਜਾਂਦੀ।”

“”ਜੇ ਤੇਰਾ ਪਿੰਨੀਆਂ ਬਣਾਉਣ ਦਾ ਇਰਾਦਾ ਹੁੰਦਾ ਤਾਂ ਚਰਨੋ ਝੀਰੀ ਕੋਲੋ ਅਲ੍ਹਸੀ ਪਿਠਾ ਸਕਦੀ ਸੀ।”

“ਫੁੱਫੜ ਜੀ, ਕੋਈ ਨਹੀ ਮੈਂ ਕਲ੍ਹ ਨੂੰ ਮੁੜਨਾ ਆ, ਮੈਂ ਤੁਹਾਡੇ ਲਈ ਅਲ੍ਹਸੀ ਦੀਆਂ ਪਿੰਨੀਆਂ ਬਣਾ ਕੇ ਜਾਵਾਂਗੀ।” ਇਹ ਕਹਿ ਕੇ ਮਿੰਦੀ ਗਿਆਨ ਕੌਰ ਨਾਲ ਦੀਪੀ ਦੀ ਘਰ ਨੂੰ ਚੱਲ ਪਈਆਂ। ਗੁਆਂਡੀਆਂ ਦੇ ਘਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਮਿੰਦੀ ਨੇ ਗਿਆਨ ਕੌਰ ਨੂੰ ਕਿਹਾ, “ਭੂਆ ਜੀ, ਮੇਰਾ ਇਰਾਦਾ ਹੈ ਕਿ ਅੱਜ ਮੈਂ ਦੀਪੀ ਦੇ ਰਿਸ਼ਤੇ ਬਾਰੇ ਹਾਂ ਜਾਂ ਨਾ ਲੈ ਕੇ ਹੀ ਜਾਵਾਂ।”

“ਦੇਖ ਲਈਂ, ਭਾਈ, ਗੱਲ ਕਰਕੇ।”

ਮਿੰਦੀ ਆਈ ਦਾ ਸੁਣ ਕੇ ਦੀਪੀ ਵੀ ਕੋਠੇ ਤੋਂ ਥੱਲੇ ਆ ਗਈ। ਸਾਰੇ ਚਾਹ ਪੀ ਹੀ ਰਹੇ ਸਨ ਕਿ ਗੂਰੇ ਦੇ ਘਰੋਂ ਇਕੱਠੀਆਂ ਚੀਕਾਂ ਦੀ ਅਵਾਜ਼ ਆਈ। ਇਹ ਚੀਕਾਂ ਪਹਿਲੀਆਂ ਚੀਕਾਂ ਨਾਲੋ ਵੱਖਰੀਆਂ ਸਨ। ਦੀਪੀ ਨੇ ਦੌੜ ਕੇ ਜਾ ਕੇ ਪੌੜ੍ਹੀਆਂ ਤੇ ਚੜ੍ਹ ਕੇ ਦੇਖਿਆ ਤਾਂ ਗੁਰੇ ਦੇ ਘਰ ਕਈ ਜ਼ਨਾਨੀਆਂ ਵਿਰਲਾਪ ਕਰਦੀਆਂ ਚੀਕਾਂ ਮਾਰ ਕੇ ਰੋ ਰਹੀਆਂ ਸਨ ਕਿਉਂਕਿ ਗੂਰੇ ਦੀ ਵਹੁਟੀ ਮਰ ਚੁੱਕੀ ਸੀ। ਇਹ ਸਭ ਦੇਖ ਕੇ ਦੀਪੀ ਦਾ ਮਨ ਬਹੁਤ ਦੁਖੀ ਹੋਇਆ ਰੋ ਉਠਿਆ, “ਬੀ ਜੀ, ਮੈਂ ਕਿਹਾ ਸੀ ਨਾ ਕਿ ਸਾਧ ਨੇ ਵਹੁਟੀ ਮਾਰ ਦੇਣੀ ਆ, ਉਹ ਹੀ ਗੱਲ ਹੋਈ।”

ਗਿਆਨ ਕੌਰ ਨੇ ਦੀਪੀ ਨੂੰ ਗਲ੍ਹ ਨਾਲ ਲਾ ਲਿਆ ਅਤੇ ਕਿਹਾ, “ਤੇਰਾ ਤਾਇਆ ਵੀ ਇਹੋ ਕਹਿੰਦਾ ਸੀ।”

ਗੂਰੇ ਦੀ ਵਹੁਟੀ ਦੀ ਖਬਰ ਸੁਣ ਕੇ ਸਾਰੇ ਘਰ ਵਿਚ ਉਦਾਸੀ ਦਾ ਪ੍ਰਛਾਵਾ ਢਲ ਗਿਆ। ਦਾਰੋ ਨੇ ਆਪਣੀ ਚਾਹ ਚੁੱਕ ਕੇ ਨਲ੍ਹਕੇ ਕੋਲ ਡੋਲ ਦਿੱਤੀ ਅਤੇ ਗਿਲਾਸ ਧੋ ਕੇ ਇਕ ਪਾਸੇ ਰੱਖ ਕੇ ਗੁੂਰੇ ਦੇ ਘਰ ਵੱਲ ਨੂੰ ਚਲੀ ਗਈ। ਮਿੰਦੀ ਅਤੇ ਗਿਆਨ ਕੌਰ ਵੀ ਚਾਹ ਪੀ ਕੇ ਛੇਤੀ ਹੀ ਮੁੜ ਗਈਆਂ। ਮਿੰਦੀ ਨੇ ਇਸ ਉਦਾਸੀ ਦੇ ਮਹੌਲ ਵਿਚ ਸ਼ਗਨਾ ਦੀ ਗੱਲ ਛੇੜਨੀ ਚੰਗੀ ਨਾ ਸਮਝੀ।
ਰਾਤ ਨੂੰ ਸੁਰਜੀਤ ਅਤੇ ਹਰਨਾਮ ਕੌਰ ਦਾਲ ਦਾ ਪਤੀਲਾ ਬਣਾ ਕੇ ਨਾਲ ਰੋਟੀਆਂ ਦੀ ਥੇਹੀ ਦਾਰੋ ਨੂੰ ਦੇਣ ਲੱਗੀਆਂ ਕਿ ਸੋਗ ਵਾਲੇ ਘਰ ਜਾ ਕੇ ਦੇ ਆਵੇ ਤਾਂ ਦੀਪੀ ਨੂੰ ਗੁੱਸਾ ਆਗਿਆ, “ਮੰਮੀ, ਪਹਿਲਾ ਜਦੋਂ ਉਹ ਸਾਧ ਵਹੁਟੀ ਨੂੰ ਚਿੰਮਟਿਆਂ ਨਾਲ ਮਾਰ ਰਿਹਾ ਸੀ ਤਾਂ ਕੋਈ ੳਸ ਨੂੰ ਬਚਾਉਣ ਨਾ ਗਿਆ, ਹੁਣ ਲੰਗਰ ਕਿਉਂ ਭੇਜਣਾ?”

“ਗਰੀਬ ਆ ਵਿਚਾਰੇ।” ਹਰਨਾਮ ਕੌਰ ਆਖਣ ਲੱਗੀ, “ਉਹਨਾਂ ਦੇ ਤਾਂ ਆਟਾ ਵੀ ਨਹੀ ਹੋਣਾ , ਜਿਹੜਾ ਵੱਗ ਮਕਾਣਾ ਦਾ ਆਇਆ, ਉਹਨਾਂ ਨੂੰ ਕਿੱਥੌਂ ਖਲਾਉਣਗੇ।”

“ਦੁਨੀਆਂ ਚੰਦ ਤੇ ਪਹੁੰਚ ਗਈ।” ਦੀਪੀ ਨੇ ਕਿਹਾ, “ਸਾਡੇ ਪਿੰਡ ਦੇ ਲੋਕੀ ਅਜੇ ਭੂਤਾਂ ਚੜੇਲਾਂ ਵਿਚੋਂ ਹੀ ਨਹੀ ਨਿਕਲੇ।”

ਦੀਪੀ ਦੀ ਗੱਲ ਸੁਰਜੀਤ, ਦਾਰੋ ਅਤੇ ਹਰਨਾਮ ਕੌਰ ਨੇ ਸੁਣ ਲਈ। ਪਰ ਉਹਨਾ ਵਿਚੋਂ ਕੋਈ ਵੀ ਦੀਪੀ ਦੇ ਗੁੱਸੇ ਤੋਂ ਡਰਦੀਆਂ ਬੋਲੀਆਂ ਨਾ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>