ਮੈਨੂੰ ਨਹੀਂ ਲੋੜ ਕਿਸੇ ਦੀ ਵੀ..!

ਮਨੁੱਖ ਇੱਕ ਸਮਾਜਿਕ ਜੀਵ ਹੈ। ਸਮਾਜ ਵਿੱਚ ਆਪਣੀ ਹੋਂਦ ਜਾਂ ਹਸਤੀ ਕਾਇਮ ਰੱਖਣ ਲਈ, ਜੀਵਨ ਵਿੱਚ ਉਸਨੂੰ ਪੈਰ ਪੈਰ ਤੇ ਦੂਜੇ ਦੇ ਸਹਾਰੇ ਜਾਂ ਮਦਦ ਦੀ ਲੋੜ ਪੈਂਦੀ ਹੈ। ਉਹ ਇਕੱਲਾ ਤੁਰ ਕੇ ਕਿਸੇ ਮੁਕਾਮ ਜਾਂ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਪਰਿਵਾਰ ਇਸ ਸਮਾਜ ਦੀ ਮੁੱਢਲੀ ਇਕਾਈ ਹੈ। ਜੇ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰੀਏ ਤਾਂ ਪਰਿਵਾਰ ਦੇ ਸਾਰੇ ਜੀਅ ਵੀ, ਇੱਕ ਦੂਜੇ ਲਈ ਕੰਮ ਕਰਕੇ ਹੀ ਪਰਿਵਾਰ ਚਲਾਊਂਦੇ ਹਨ। ਕੋਈ ਬਾਹਰੋਂ ਕਮਾ ਕੇ ਆਉਂਦਾ ਹੈ, ਕੋਈ ਘਰ ਸਾਂਭਦਾ ਹੈ, ਕੋਈ ਬੱਚਿਆਂ ਦੀ ਦੇਖ-ਭਾਲ ਕਰਦਾ ਹੈ, ਕੋਈ ਗਰੌਸਰੀ ਲਿਆਉਂਦਾ ਹੈ ਤੇ ਕੋਈ ਉਸ ਤੋਂ ਖਾਣਾ ਪਕਾ ਕੇ, ਸਭ ਦੀ ਭੁੱਖ ਮਿਟਾਉਂਦਾ ਹੈ। ਇਹ ਸਭ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਚਲਦਾ ਹੈ। ਜਿੱਥੇ ਸਹਿਯੋਗ ਦੀ ਘਾਟ ਹੁੰਦੀ ਹੈ, ਉਥੇ ਸਿਹਤਮੰਦ ਸਮਾਜ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ।

ਪੁਰਾਣੇ ਸਮੇਂ ਵਿੱਚ ਵੀ, ਜਦੋਂ ਮਨੁੱਖ ਅਜੇ ਜੰਗਲਾਂ ਵਿੱਚ ਰਹਿੰਦਾ ਸੀ, ਤਾਂ ਵੀ ਉਸ ਨੇ ਕਬੀਲੇ ਬਣਾ ਲਏ ਸਨ, ਤਾਂ ਕਿ ਇੱਕ ਦੂਜੇ ਦੀ ਮਦਦ ਕੀਤੀ ਜਾ ਸਕੇ। ਅਜੋਕੇ ਯੁੱਗ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ- ਅੱਜ ਮਨੁੱਖ ਕਾਫੀ ਹੱਦ ਤੱਕ ਆਤਮ-ਨਿਰਭਰ ਹੋ ਗਿਆ ਹੈ। ਉਸ ਨੂੰ ਲਗਦਾ ਹੈ ਕਿ- ਹੁਣ ਟੈਕਨੌਲੌਜੀ ਦੇ ਸਹਾਰੇ ਉਹ ਸਭ ਕੁੱਝ ਆਪ ਕਰ ਸਕਦਾ ਹੈ, ਹੁਣ ਉਸ ਨੂੰ ਕਿਸੇ ਦੀ ਸਲਾਹ ਜਾਂ ਕਿਸੇ ਦਾ ਸਹਿਯੋਗ ਲੈਣ ਦੀ ਜਰੂਰਤ ਨਹੀਂ। ਇਸ ਵਿਗਿਆਨਕ ਯੁੱਗ ਨੇ ਉਸ ਦੀ ‘ਈਗੋ’ ਜਾਂ ਕਹਿ ਲਓ ‘ਹਊਮੈਂ’ ਨੂੰ ਬਹੁਤ ਬੜਾਵਾ ਦਿੱਤਾ ਹੈ। ਇਸੇ ਕਾਰਨ ਹੀ ਇਨਸਾਨ ਵਿੱਚੋਂ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਇਹ ਸਭ ਪਰਿਵਾਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜੇਕਰ ‘ਟੀਨ ਏਜਰ’ ਬੱਚੇ ਨੂੰ ਮਾਪੇ ਜਾਂ ਵੱਡੇ ਕੁੱਝ ਦੱਸਣ ਜਾਂ ਸਮਝਾਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਬੱਚਾ ਝੱਟ ਅੱਗੋਂ ਕਹਿ ਦਿੰਦਾ ਹੈ-‘ਮੈਂਨੂੰ ਸਭ ਪਤਾ..ਮੈਨੂੰ ਨਹੀਂ ਲੋੜ ਤੁਹਾਡੀ..’। ਨਵੀਂ ਪੀੜ੍ਹੀ ਦੀ ਤਾਂ ‘ਈਗੋ’ ਹਰਟ ਹੁੰਦੀ ਹੈ- ਦੂਜਿਆਂ ਦੀ ਮਦਦ ਲੈਣ ਵਿੱਚ। ਉਹ ਆਪ ਠੋਕਰਾਂ ਖਾ ਕੇ ਜਾਂ ਆਪਣੀਆਂ ਗਲਤੀਆਂ ਤੋਂ ਸਿਖਿਆ ਤਾਂ ਲੈਂਦੇ ਹਨ, ਪਰ ਬਜ਼ੁਰਗਾਂ ਦੇ ਤਜ਼ਰਬੇ ਤੋਂ ਕੁੱਝ ਸਿੱਖਣ ਨੂੰ ਤਿਆਰ ਨਹੀਂ ਹੁੰਦੇ।

ਖੈਰ ਆਪਾਂ ਗੱਲ ਕਰਦੇ ਹਾਂ ਕਿ- ਕੀ ਅਸੀਂ ਕਿਸੇ ਦਾ ਸਹਿਯੋਗ ਜਾਂ ਲੋੜ ਪੈਣ ਤੇ ਮਦਦ ਲੈਣ ਨਾਲ ਛੋਟੇ ਹੋ ਜਾਂਦੇ ਹਾਂ? ਮੇਰਾ ਤਾਂ ਖਿਆਲ ਹੈ ਕਿ ਜੀਵਨ ਦੀ ਗੱਡੀ ਨੂੰ ਚਲਾਉਣ ਲਈ ਵੀ, ਘੱਟੋ ਘੱਟ ਦੋ ਪਹੀਆਂ ਦੀ ਲੋੜ ਹੁੰਦੀ ਹੈ। ਕੇਵਲ ਇੱਕੋ ਪਹੀਆਂ ਇਸ ਨੂੰ ਬੈਲੈਂਸ ਨਹੀਂ ਕਰ ਸਕਦਾ। ਸੋ ਕੋਈ ਵੀ ਇਕੱਲਾ ਵਿਅਕਤੀ ਕਿਸੇ ਵੀ ਖੇਤਰ ਵਿੱਚ ਤਰੱਕੀ ਨਹੀਂ ਕਰ ਸਕਦਾ। ਜ਼ਿੰਦਗੀ ਵਿੱਚ ਸਹਿਯੋਗ ਦੇਣਾ ਤੇ ਲੈਣਾ, ਦੋਨੋ ਹੀ ਜਰੂਰੀ ਹਨ। ਵੈਸੇ ਵੀ ਕੁਦਰਤ ਦਾ ਨਿਯਮ ਹੈ ਕਿ ‘ਜੇਹਾ ਬੀਜੋਗੇ, ਤੇਹਾ ਵੱਢੋਗੇ’। ਜੇ ਅਸੀਂ ਕਿਸੇ ਦੀ ਮਦਦ ਕਰਕੇ, ਕਿਸੇ ਦਾ ਭਲਾ ਕਰਦੇ ਹਾਂ- ਤਾਂ ਕੁਦਰਤੀ ਤੌਰ ਤੇ ਕੋਈ ਹੋਰ ਸਾਡੀ ਸਹਾਇਤਾ ਕਰਕੇ, ਸਾਡੀ ਭਲਾਈ ਕਰਦਾ ਹੈ ਅਤੇ ਇਸ ਤਰ੍ਹਾਂ ਇਹ ਭਲਾਈ ਦਾ ਬੀਜ ਵਧਦਾ ਫੁੱਲਦਾ ਹੈ। ਤਾਂ ਹੀ ਤਾਂ ਕਹਿੰਦੇ ਹਨ ਕਿ-‘ਕਰ ਭਲਾ, ਹੋ ਭਲਾ’। ਪਰ ਇਸ ਤੋਂ ਉਲਟ ਜੇ ਅਸੀਂ ਕਿਸੇ ਨਾਲ ਈਰਖਾ ਕਰ ਕੇ ਉਸ ਦੇ ਰਾਹ ਵਿੱਚ ਕੰਡੇ ਬੀਜਦੇ ਹਾਂ, ਤਾਂ ਸਾਨੂੰ ਵੀ ਆਪਣੇ ਰਾਹ ਵਿੱਚ, ਕੰਡੇ ਹੀ ਖਿਲਰੇ ਮਿਲਣਗੇ। ਸੋ ਜੇ ਆਪਾਂ ਚਾਹੁੰਦੇ ਹਾਂ ਕਿ ਸਾਡਾ ਰਾਹ ਪੱਧਰਾ ਹੋਵੇ ਤਾਂ ਸਾਨੂੰ ਵੀ ਦੂਜਿਆਂ ਦੇ ਰਾਹ ਪੱਧਰੇ ਕਰਨ ਵਿੱਚ ਸਹਾਇਤਾ ਕਰਨੀ ਪਵੇਗੀ।

ਇਸ ਦਾ ਇੱਕ ਹੋਰ ਪਹਿਲੂ ਵੀ ਹੈ ਕਿ- ਜੇ ਅਸੀਂ ਕਿਸੇ ਦੀ ਸਹਾਇਤਾ ਕਰਕੇ, ਉਸ ਤੋਂ ਵੀ ਕੋਈ ਤਵੱਕੋ ਰੱਖਦੇ ਹਾਂ ਤਾਂ ਉਹ ਭਲਾਈ ਨਹੀਂ, ਸਗੋਂ ਉਸ ਵਿੱਚ ਤਾਂ ਸਾਡਾ ਆਪਣਾ ਸੁਆਰਥ ਹੋਇਆ। ਅੱਜਕਲ ਭਲਾਈ ਜਾਂ ਨਿਸ਼ਕਾਮ ਸੇਵਾ ਤਾਂ ਕੋਈ ਵਿਰਲਾ ਕਰਦਾ ਹੈ, ਬਲਕਿ ਬਹੁਤਿਆਂ ਦੀ ਮਦਦ ਪਿਛੇ ਉਹਨਾਂ ਦਾ ਸੁਆਰਥ ਹੀ ਛੁਪਿਆ ਹੁੰਦਾ ਹੈ। ਜੋ ਇੱਕ ਦਮ ਜ਼ਾਹਿਰ ਨਹੀਂ ਹੁੰਦਾ, ਪਰ ਛੇਤੀ ਹੀ ਸਾਹਮਣੇ ਆਉਣਾ ਸ਼ੁਰੂ ਕਰ ਦਿੰਦਾ ਹੈ। ਜੇ ਆਪਾਂ ਇਹਨਾਂ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ ਤੋਂ ਸੈਟਲ ਲੋਕ, ਨਵੇਂ ਆਇਆਂ ਦਾ ਸਹਾਰਾ ਬਣ ਸਕਦੇ ਹਨ। ਕਿਸੇ ਨੂੰ ਗਾਈਡ ਕਰ ਸਕਦੇ ਹਨ। ਕਿਸੇ ਨੂੰ ਗਰੌਸਰੀ ਲਿਆਣ ਵਿੱਚ, ਜਾਂ ਨੌਕਰੀ ਲੱਭਣ ਵਿੱਚ, ਜਾਂ ਕਿਰਾਏ ਦਾ ਘਰ ਲੱਭਣ ਵਿੱਚ ਸਹਾਇਤਾ ਕਰ ਸਕਦੇ ਹਨ। ਬੱਚਿਆਂ ਦੀ ਐਜੂਕੇਸ਼ਨ ਲਈ ਨੇਕ ਸਲਾਹ ਦੇ ਸਕਦੇ ਹਨ। ਪਰ ਸਾਡੇ ਕਈ ਭੈਣ ਭਰਾ (ਸਾਰੇ ਨਹੀਂ) ਐਸੇ ਵੀ ਹਨ ਜੋ 30-40 ਸਾਲ ਪਹਿਲਾਂ ਆਉਣ ਦੇ ਗਰੂਰ ਵਿੱਚ ਹੀ, ਨਵਿਆਂ ਨੂੰ ਟਿੱਚ ਸਮਝਦੇ ਹਨ। ਪਰ ਫਿਰ ਵੀ ਜੇ ਕੋਈ ਦੋ-ਚਾਰ ਸਾਲ ਵਿੱਚ ਆਪਣੀ ਲਿਆਕਤ ਸਦਕਾ, ਵਧੀਆ ਸੈੱਟ ਹੋ ਜਾਂਦਾ ਹੈ- ਤਾਂ ਉਹਨਾਂ ਨੂੰ ਉਸ ਨਾਲ ਈਰਖਾ ਹੋਣ ਲਗਦੀ ਹੈ ਕਿ- ‘ਅਸੀਂ ਇੰਨੇ ਧੱਕੇ ਖਾ ਕੇ ਇਸ ਮੁਕਾਮ ਤੇ ਪਹੁੰਚੇ, ਤੇ ਇਹ ਹੁਣੇ ਹੀ ਆ ਕੇ ਸਾਡੀ ਰੀਸ ਕਰਨ ਲੱਗ ਪਿਆ ਹੈ’। ਏਥੇ ਹਰ ਕੋਈ ਤੁਹਾਡਾ ਪਿੰਡ ਪੁੱਛਣ ਬਾਅਦ ਪੁੱਛਦਾ ਹੈ-‘ਕਿੰਨਾ ਚਿਰ ਹੋਇਆ ਆਇਆਂ ਨੂੰ?’ ਜੇ ਕੋਈ ਮੇਰੇ ਵਰਗਾ ਕਹਿ ਦੇਵੇ ਕਿ- ‘ਦੋ ਕੁ ਸਾਲ ਹੀ ਹੋਏ ਨੇ ਮਸਾਂ’- ਤਾਂ ਅਗਲਾ ਬੜੇ ਮਾਣ ਨਾਲ ਕਹਿੰਦਾ ਹੈ-‘ਅੱਛਾ..! ਸਾਨੂੰ ਤਾਂ 20 ਸਾਲ ਜਾਂ ਤੀਹ ਸਾਲ ਹੋ ਗਏ ਆਇਆਂ’ ਤੇ ਪਾਸਾ ਵੱਟ ਕੇ ਤੁਰ ਜਾਂਦਾ ਹੈ। ਇਸ ਦੀ ਬਜਾਏ ਇਹ ਵੀ ਤਾਂ ਕਿਹਾ ਜਾ ਸਕਦਾ-‘ਭਾਈ, ਅਸੀਂ ਪਹਿਲਾਂ ਦੇ ਇੱਧਰ ਰਹਿੰਦੇ ਹਾਂ, ਤੁਸੀਂ ਅਜੇ ਨਵੇਂ ਆਏ ਹੋ, ਕਿਸੇ ਤਰ੍ਹਾਂ ਦੀ ਕੋਈ ਜਰੂਰਤ ਹੋਈ ਤਾਂ ਦੱਸ ਦੇਣਾ’। ਭਾਵੇਂ ਸਾਰੇ ਨਹੀਂ ਇਕੋ ਜਿਹੇ-ਪਰ ਅਜੇ ਕਿਸੇ ਦੇ ਨਿਰਸੁਆਰਥ ਕੰਮ ਆਉਣ  ਵਾਲਿਆਂ ਦੀ ਗਿਣਤੀ, ਆਟੇ ਵਿੱਚ ਲੂਣ ਦੇ ਬਰਾਬਰ ਹੈ।

ਸਾਡੇ ਪੀਰਾਂ ਪੈਗੰਬਰਾਂ ਨੇ ਵੀ ਲੋੜਵੰਦਾਂ ਦੀ ਮਦਦ ਕਰਨ ਦੀ ਸਾਨੂੰ ਤਾਕੀਦ ਕੀਤੀ ਹੈ। ਦੋ ਕੁ ਸਾਲ ਪਹਿਲਾਂ ਦੀ ਗੱਲ ਹੈ- ਕਿ ਬੀ. ਸੀ. ਵਿਖੇ, ਮੇਰੀ ਇੱਕ ਸਹੇਲੀ ਦੀ ਨੂੰਹ ਨੇ, ਮੇਰੇ ਨਾਲ ਇੱਕ ਆਪ ਬੀਤੀ ਘਟਨਾ ਸਾਂਝੀ ਕੀਤੀ। ਉਸ ਨੇ ਦੱਸਿਆ ਕਿ- ਇੱਕ ਵਾਰੀ ਉਹ ਆਪਣੇ ਮਾਂ-ਬਾਪ ਨੂੰ ਮਿਲ ਕੇ ਵਾਪਿਸ ਆ ਰਹੀ ਸੀ। ਸ਼ਾਮ ਪੈ ਗਈ, ਰਸਤਾ ਵੀ ਸੁੰਨ-ਮਸਾਨ ਸੀ, ਬੱਦਲਾਂ ਕਾਰਨ ਜਲਦੀ ਹਨ੍ਹੇਰਾ ਵੀ ਹੋ ਗਿਆ। ਅਚਾਨਕ ਉਸ ਦੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ। ਤਿੰਨ ਕੁ ਸਾਲ ਦਾ ਉਸਦਾ ਮੁੰਡਾ, ਗੱਡੀ ਵਿੱਚੀ ਬੈਠਾ ਹੋਇਆ ਸੀ ਤੇ ਦੂਸਰਾ ਬੱਚਾ, 7 ਕੁ ਮਹੀਨਿਆਂ ਤੋਂ ਉਸ ਦੇ ਪੇਟ ਵਿੱਚ ਸੀ। ਉਸ ਨੂੰ ਟਾਇਰ ਬਦਲਨਾ ਤਾਂ ਆਉਂਦਾ ਸੀ, ਪਰ ਉਹ ਇਸ ਹਾਲਤ ਵਿੱਚ ਜ਼ੋਰ ਨਹੀਂ ਸੀ ਲਾਉਣਾ ਚਾਹੁੰਦੀ। ਬੜੀ ਪਰੇਸ਼ਾਨ..ਅਰਦਾਸ ਕਰਨ ਲੱਗ ਪਈ ਕਿ ਕੋਈ ਮਦਦ ਲਈ ਬਹੁੜ ਪਵੇ। ਅਚਾਨਕ ਇੱਕ ਗੱਡੀ ਉਸ ਕੋਲ ਆ ਕੇ ਰੁਕੀ ਜਿਸ ਵਿਚੋਂ ਇੱਕ ਅੰਗਰੇਜ਼ ਜੋੜਾ ਨਿਕਲਿਆ- ਜਿਹਨਾਂ ਨੇ ਮਦਦ ਦੀ ਪੇਸ਼ਕਸ਼ ਕੀਤੀ। ਉਹਨਾਂ ਝੱਟ ਹੀ ਟਾਇਰ ਬਦਲ ਦਿੱਤਾ। ਉਹ ਕਹਿਣ ਲੱਗੀ ਕਿ- ‘ਮੈਂਨੂੰ ਤਾਂ ਲੱਗਾ ਕਿ ਉਹ ਮੇਰੇ ਲਈ ਰੱਬ ਬਣ ਕੇ ਬਹੁੜੇ’। ‘ਮੇਰੇ ਕੋਲ ਤਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ’- ਉਸ ਨੇ ਅੰਗਰੇਜ਼ੀ ਵਿੱਚ ਕਿਹਾ। ਪਰ ਉਹਨਾਂ ਦਾ ਉੱਤਰ ਸੁਣ ਕੇ ਉਹ ਹੈਰਾਨ ਹੋ ਗਈ-‘ਅਸੀਂ ਤੁਹਾਡੀ ਮਦਦ ਕਰਕੇ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ..ਅਸੀਂ ਤਾਂ ਕੇਵਲ ਜੀਸਸ ਨੂੰ ਖੁਸ਼ ਕਰਨ ਲਈ ਹੀ ਇਹ ਕੀਤਾ ਹੈ’। ਉਸ ਦੀ ਗੱਲ ਸੁਣ ਕੇ ਮੈਂ ਵੀ ਸੋਚਣ ਲਈ ਮਜਬੂਰ ਹੋ ਗਈ ਕਿ- ਸਾਡੇ ਗੁਰੁ ਸਾਹਿਬਾਨ ਨੇ ਵੀ ਤਾਂ ਸਾਨੂੰ ਸਰਬੱਤ ਦਾ ਭਲੇ ਦੀ ਸਿਖਿਆ ਦਿੱਤੀ ਹੈ- ਪਰ ਅਸੀਂ ਤਾਂ (ਸਾਰੇ ਨਹੀਂ) ਕਿਸੇ ਨੂੰ ਮਜਬੂਰੀ ਵੇਲੇ ਚਾਰ ਦਿਨ ਰਾਈਡ ਦੇ ਕੇ ਵੀ 10-15 ਬੰਦਿਆਂ ਨੂੰ ਸੁਣਾਉਂਦੇ ਹਾਂ ਕਿ-‘ਜਦੋਂ ਇਸ ਨੂੰ ਲੋੜ ਸੀ..ਮੈਂ ਰਾਈਡ ਦਿੰਦਾ ਜਾਂ ਦਿੰਦੀ ਰਹੀ..ਹੁਣ ਇਹ ਮੇਰੀ ਬਾਤ ਨਹੀਂ ਪੁੱਛਦਾ ਜਾਂ ਪੁੱਛਦੀ’। ਪਤਾ ਨਹੀਂ ਸਾਨੂੰ ਕਦੋਂ ਆਪਣੇ ਗੁਰੂਆਂ ਦੀ ਸਿਖਿਆ ਯਾਦ ਰਹੇਗੀ?

ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਕਿ- ਕਿਸੇ ਨਾਲ ਵੀ ਵਿਗਾੜੀਦੀ ਨਹੀਂ..ਕਈ ਬਾਰ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਹੈ। ਉਦੋਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀ, ਪਰ ਵੱਡੇ ਹੋ ਕੇ ਪਤਾ ਲੱਗਾ ਕਿ ਇਸ ਦਾ ਭਾਵ ਇਹ ਹੈ ਕਿ- ਕਈ ਵਾਰੀ ਕਿਸੇ ਨਿਮਾਣੇ  ਨਿਤਾਣੇ ਬੰਦੇ ਦੀ ਵੀ ਜੀਵਨ ਵਿੱਚ ਲੋੜ ਪੈ ਸਕਦੀ ਹੈ। ਸੋ ਇਹ ਕਦੇ ਨਾ ਸੋਚੋ ਕਿ ਮੇਰੇ ਕੋਲ ਹੁਣ ਸਭ ਸੁੱਖ ਸਹੂਲਤਾਂ ਹਨ ਤੇ ਮੈਂਨੂੰ ਕਿਸੇ ਦੀ ਲੋੜ ਨਹੀਂ। ਸਿਆਣੇ ਕਹਿੰਦੇ ਹੁੰਦੇ ਸਨ ਕਿ-‘ਬੰਦਾ ਬੰਦੇ ਦਾ ਦਾਰੂ ਹੁੰਦਾ ਹੈ’। ਮੰਨ ਲਓ ਅਸੀਂ ਸੜਕ ਤੇ ਇਕੱਲੇ ਕਿਧਰੇ ਜਾ ਰਹੇ ਹਾਂ। ਅਚਾਨਕ ਸਾਨੂੰ ਕੋਈ ਅਟੈਕ ਆ ਜਾਂਦਾ ਹੈ..ਪਰਿਵਾਰਕ ਮੈਂਬਰ ਕੋਈ ਕੋਲ ਨਹੀਂ..ਬੇਹੋਸ਼ ਹੋ ਗਏ ਹਾਂ..ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੇ..। ਤਾਂ ਉਸ ਵੇਲੇ ਜੇ ਕੋਈ ਰੱਬ ਦਾ ਪਿਆਰਾ, ਸੀਨੇ ਵਿੱਚ ਦਰਦ ਰੱਖਣ ਵਾਲਾ- ਜੇ ਸਾਨੂੰ ਚੁੱਕ ਕੇ ਹਸਪਤਾਲ ਪੁਚਾ ਦੇਵੇ ਤਾਂ ਸਾਡੀ ਜਾਨ ਬਚ ਸਕਦੀ ਹੈ। ਪਰ ਇਹ ਕ੍ਰਿਸ਼ਮਾ ਤਾਂ ਹੀ ਹੋਵੇਗਾ ਜੇ ਅਸੀਂ ਕਦੇ ਕਿਸੇ ਤੇ ਰਹਿਮ ਕਰਕੇ, ਕਿਸੇ ਦੀ ਜਾਨ ਬਚਾਈ ਹੋਵੇ। ਜੇ ਅਸੀਂ ਅਜੇ ਤੱਕ ਭਲਾਈ ਦਾ ਖਾਤਾ ਹੀ ਨਹੀਂ ਖੋਲ੍ਹਿਆ, ਤਾਂ ਰੱਬ ਸਾਡੀ ਜਾਨ ਬਚਾਉਣ ਲਈ ਕਿਉਂ ਕਿਸੇ ਨੂੰ ਪ੍ਰੇਰਣਾ ਦੇ ਕੇ ਭੇਜੇਗਾ ਭਲਾ?

ਮੇਰੇ ਪਿਤਾ ਜੀ ਬਾਰ ਬਾਰ ਸਾਨੂੰ ਇਹੀ ਸਬਕ ਪੜ੍ਹਾਉਂਦੇ-‘ਨੇਕੀ ਕਰ ਔਰ ਕੂੰਏਂ ਮੇਂ ਡਾਲ’। ਜੇ ਆਪਾਂ ਨੇਕ ਕੰਮਾਂ ਦੀ ਗਿਣਤੀ ਹੀ ਕਰਦੇ ਰਹੇ ਤਾਂ ਵੀ ਉਸ ਦਾ ਫਲ਼ ਨਹੀਂ ਮਿਲਦਾ। ਕ੍ਰਿਸ਼ਨ ਜੀ ਨੇ ਵੀ ਅਰਜੁਨ ਨੂੰ ਉਪਦੇਸ਼ ਦਿੱਤਾ ਸੀ ਕਿ- ‘ਕਰਮ ਕਰੋ ਪਰ ਫਲ਼ ਦੀ ਇੱਛਾ ਨਾ ਰੱਖੋ’। ਸਾਰੇ ਧਰਮ ਹੀ ਸਾਨੂੰ ਪਰਉਪਕਾਰ ਕਰਨ ਦੀ ਸਿਖਿਆ ਦਿੰਦੇ ਹਨ। ਪਰ ਆਧੁਨਿਕ ਵਿਅਕਤੀ ਹਰ ਕਰਮ ਦਾ ਤੁਰੰਤ ਫਲ਼ ਚਾਹੁੰਦਾ ਹੈ। ਹਰ ਕੰਮ ਵਿਚੋਂ  ਆਪਣਾ ਫਾਇਦਾ ਭਾਲਦਾ ਹੈ। ਬਹੁਤ ਸੁਆਰਥੀ ਹੋ ਗਏ ਹਾਂ..ਅਸੀਂ ਲੋਕ। ਇਸੇ ਕਰਕੇ ਹੀ ਅਸੀਂ ਬੇਚੈਨ ਹਾਂ..ਮਾਨਸਿਕ ਰੋਗੀ ਹਾਂ। ਹਰ ਵੇਲੇ ਮਨ ਭਟਕਦਾ ਹੈ। ਏ. ਸੀ. ਕਮਰਿਆਂ ਵਿੱਚ..ਮਖਮਲੀ ਗੱਦਿਆਂ ਤੇ ਵੀ.. ਸਾਰੀ ਰਾਤ ਨੀਂਦ ਨਹੀਂ ਆਉਂਦੀ ਸਾਨੂੰ।

ਸਾਥੀਓ- ਕੋਈ ਨਿਰਸੁਆਰਥ ਜਾਂ ਵਲੰਟੀਅਰ ਕਾਰਜ ਕਰਕੇ ਤਾਂ ਦੇਖੋ..ਕਿੰਨਾ ਸਕੂਨ ਮਿਲਦਾ ਹੈ ਰੂਹ ਨੂੰ! ਕਿਸੇ ਸੀਨੀਅਰ ਹੋਮ ‘ਚ ਜਾਓ..ਕਿਸੇ ਹਸਪਤਾਲ ‘ਚ ਜਾਓ..ਕਿਸੇ ਅਨਾਥ ਆਸ਼ਰਮ ‘ਚ ਕੁਝ ਪਲ ਬਿਤਾਓ..ਤੁਸੀਂ ਅੰਦਰੋਂ ਭਰੇ ਭਕੁੰਨੇ ਹੋ ਜਾਓਗੇ। ਤੁਸੀਂ ਜਿਸ ਮੁਕਾਮ ਤੇ ਪਹੁੰਚ ਚੁੱਕੇ ਹੋ, ਤੁਹਾਡੇ ਏਥੇ ਤੱਕ ਪਹੁੰਚਣ ਵਿੱਚ, ਪਤਾ ਨਹੀਂ ਕਿੰਨੇ ਲੋਕ ਸਹਾਈ ਹੋਏ ਹੋਣਗੇ। ਹੁਣ ਤੁਹਾਡੇ ਕੋਲ ਸਮਾਂ ਹੈ..ਵਸੀਲੇ ਹਨ.. ਤਾਂ ਤੁਸੀਂ ਵੀ ਕਿਸੇ ਲੋੜਵੰਦ ਦੀ, ਕਿਸੇ ਪ੍ਰਕਾਰ ਦੀ ਸਹਾਇਤਾ ਕਰਕੇ, ਆਪਣਾ ਜੀਵਨ ਸਫਲਾ ਕਰ ਸਕਦੇ ਹੋ। ਫੈਸਲਾ ਤੁਹਾਡੇ ਹੱਥ ਹੈ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>