ਹਾਂ ਪੱਖੀ ਸੋਚ ਰੱਖਣੀ- ਕਿੰਨੀ ਕੁ ਔਖੀ ਭਲਾ..!

ਪਰਮਾਤਮਾ ਨੇ ਹਰ ਇਨਸਾਨ ਨੂੰ ਦਿਮਾਗ ਦਿੱਤਾ ਹੈ ਸੋਚਣ ਲਈ। ਇਹ ਉਸ ਦੀ ਆਪਣੀ ਮਰਜ਼ੀ ਹੈ ਕਿ ਉਹ ਉਸ ਨਾਲ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ। ਸਾਡੀਆਂ ਸੋਚਾਂ ਦਾ ਸਾਡੇ ਕਾਰਜਾਂ ਤੇ ਅਹਿਮ ਪ੍ਰਭਾਵ ਪੈਂਦਾ ਹੈ। ਇਹ ਸੋਚਾਂ ਸਾਨੂੰ ਚੋਰ ਡਾਕੂ ਵੀ ਬਣਾ ਸਕਦੀਆਂ ਹਨ ਤੇ ਸਾਇੰਸਦਾਨ, ਵਿਦਵਾਨ ਜਾਂ ਬੁੱਧੀਜੀਵੀ ਵੀ। ਭਾਵੇਂ ਸਾਡੇ ਸੋਚਣ ਦੇ ਨਜ਼ਰੀਏ ਤੇ- ਸਾਡੀ ਵਿਰਾਸਤ, ਸਾਡੀ ਸੰਗਤ ਜਾਂ ਵਾਤਾਵਰਣ ਦਾ ਵੀ ਕਾਫੀ ਹੱਦ ਤੱਕ ਪ੍ਰਭਾਵ ਪੈਂਦਾ ਹੈ- ਪਰ ਫਿਰ ਵੀ ਅਸੀਂ ਆਪਣੇ ਦਿਮਾਗ ਦੇ ਆਪ ਮਾਲਕ ਹਾਂ। ਅਸੀਂ ਚਾਹੀਏ ਤਾਂ ਆਪਣਾ ਨਜ਼ਰੀਆ ਬਦਲ ਵੀ ਸਕਦੇ ਹਾਂ। ਸਾਡਾ ਦਿਮਾਗ ਇੱਕ ਕੰਪਿਊਟਰ ਦੀ ਤਰ੍ਹਾਂ ਕੰਮ ਕਰਦਾ ਹੈ- ਜਿਸ ਦੀ ਮੈਮਰੀ ਵਿੱਚ ਬਹੁਤ ਕੁੱਝ ਚੰਗਾ ਵੀ ਪਿਆ ਹੈ ਤੇ ਮਾੜਾ ਵੀ। ਕੁੱਝ ਸਿਰਜਣਾ ਕਰਨ ਵਾਲੇ ਉਸ ਵਿੱਚੋਂ ਚੰਗਾ ਲੱਭ ਲੈਂਦੇ ਹਨ ਤੇ ਕਰਾਈਮ ਕਰਨ ਵਾਲੇ ਆਪਣੇ ਮਤਲਬ ਦਾ। ਇਹ ਹੁਣ ਸਾਡੀ ਮਰਜ਼ੀ ਹੈ ਕਿ- ਅਸੀਂ ਇਸ ਆਪਣੇ ਕੁਦਰਤੀ ਕੰਪਿਊਟਰ ਤੋਂ ਕੀ ਕਰਾਉਣਾ ਹੈ?

ਜੇਕਰ ਸੋਚ ਦੇ ਪੱਖ ਤੋਂ ਵਿਚਾਰਿਆ ਜਾਵੇ ਤਾਂ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ- ਕੁੱਝ ਹਾਂ-ਪੱਖੀ ਤੇ ਕੁਝ ਨਾਂਹ-ਪੱਖੀ ਸੋਚ ਦੇ ਮਾਲਕ। ਚਲੋ- ਪਹਿਲਾਂ ਨਾਂਹ ਪੱਖੀ ਲੋਕਾਂ ਦੀ ਹੀ ਗੱਲ ਕਰੀਏ। ਇਹ ਲੋਕ ਹਰ ਥਾਂ ਤੇ, ਹਰ ਗੱਲ ਚੋਂ, ਹਰ ਕਾਰਜ ਚੋਂ- ਨਾਂਹ ਪੱਖੀ ਗੱਲਾਂ ਹੀ ਵੇਖਦੇ ਹਨ। ਜਾਂ ਕਹਿ ਲਵੋ ਕਿ ਉਹਨਾਂ ਦੀ ਅੱਖ ਨੂੰ ਦਿਸਦਾ ਹੀ ਉਹੀ ਹੈ। ਕੋਈ ਚੰਗਾ ਪੱਖ ਨਜ਼ਰ ਹੀ ਨਹੀਂ ਆਉਂਦਾ। ਕੈਨੇਡਾ ਵਿਖੇ, ਮੈਂਨੂੰ ਇੱਕ ਬੰਦਾ ਮਿਲਿਆ ਤੇ ਕਹਿਣ ਲੱਗਾ-

‘ਮੈਡਮ, ਇਸ ਮੁਲਕ ਵਿੱਚ ਰਹਿਣ ਦਾ ਕੋਈ ਹੱਜ ਨਹੀਂ..ਇਸ ਨਾਲੋਂ ਤਾਂ ਆਪਣਾ ਇੰਡੀਆ ਸੌ ਦਰਜੇ ਚੰਗਾ..!’

‘ਅੱਛਾ..! ਉਹ ਕਿਵੇਂ?’ ਮੇਰੀ ਉਤਸੁਕਤਾ ਵਧਣ ਲੱਗੀ।

‘ਏਥੇ ਤਾਂ ਸਾਰੇ ਘਰ, ਦਫਤਰ ਲੱਕੜ ਦੇ ਹਨ, ਇੱਕ ਤੀਲੀ ਲਾਓ- ਮਲੀਆਮੇਟ ਹੋ ਜਾਣਾ ਸਭ ਕੁੱਝ..!’

‘ਸ਼ੁਭ ਸ਼ੁਭ ਬੋਲੋ.. ਵੀਰ ਜੀ’ ਸੁਭਾਵਕ ਹੀ ਮੇਰੇ ਮੂੰਹੋਂ ਨਿਕਲਿਆ।

‘ਲਓ ਹੋਰ ਸੁਣ ਲਓ ਮੈਡਮ..ਇੰਡੀਆ ਤਾਂ ਲਾਈਟ ਗਈ ਤੇ ਮੋਮਬੱਤੀ ਬਾਲ ਕੇ ਗੈਸ ਤੇ ਰੋਟੀ ਬਣਾ ਕੇ ਖਾ ਲਈਦੀ ਸੀ..ਪਰ ਜੇ

ਏਥੇ ਲਾਈਟ ਚਲੀ ਗਈ ਤਾਂ ਅਸੀਂ ਭੁੱਖੇ ਮਰ ਜਾਵਾਂਗੇ..’
‘ਹੈਂ.. ਉਹ ਕਿਵੇਂ..? ਮੈਂ ਹੈਰਾਨ ਹੋ, ਉਸ ਵੱਲ ਤੱਕਣ ਲੱਗੀ।

ਤੁਸੀਂ ਅਜੇ ਨਵੇਂ ਆਏ ਹੋ ਮੈਡਮ..ਤੁਹਾਨੂੰ ਨਹੀਂ ਪਤਾ ਕਿ ਏਥੇ ਤਾਂ ਚੁਲ੍ਹੇ ਵੀ ਲਾਈਟ ਨਾਲ ਹੀ ਚਲਦੇ ਹਨ..’

ਤੇ ਹੋਰ ਕਈ ਕੁੱਝ ਉਹ ਗਿਣੀ ਗਿਆ.. ਸਭ ਏਥੋਂ ਦੇ ਮਾੜੇ ਪੱਖ ਹੀ। ਮੈਂ ਸੋਚਣ ਤੇ ਮਜਬੂਰ ਹੋ ਗਈ ਕਿ- ਚੰਗੇ ਮਾੜੇ ਪੱਖ ਹਰ ਥਾਂ ਤੇ ਹੀ ਹੁੰਦੇ ਹਨ, ਹਰ ਇਨਸਾਨ ਵਿੱਚ ਹੁੰਦੇ ਹਨ। ਨਾ ਸਭ ਕੁੱਝ ਓਥੇ ਚੰਗਾ ਸੀ ਤੇ ਨਾ ਸਭ ਕੁੱਝ ਏਥੇ ਮਾੜਾ। ਸ਼ਾਇਦ ਸਾਨੂੰ ਹੀ ਚੰਗਾ ਪੱਖ ਵੇਖਣ ਦੀ ਆਦਤ ਨਹੀਂ। ਇਸ ਤਰ੍ਹਾਂ ਦੇ ਲੋਕ ਜੇ ਕਿਸੇ ਸਮਾਗਮ ਤੇ ਜਾਣਗੇ ਤਾਂ ਵੀ ਉਸ ਦਾ ਅਨੰਦ ਲੈਣ ਦੀ ਬਜਾਏ, ਉਥੇ ਵੀ ਨੁਕਸ ਜਾਂ ਕਮੀਆਂ ਹੀ ਲੱਭਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿਣਗੇ..ਕਿ-‘ਉਥੇ ਮਾਈਕ ਦੀ ਆਵਾਜ਼ ਠੀਕ ਨਹੀਂ ਸੀ..ਫਲਾਨਾ ਬੁਲਾਰੇ ਨੇ ਵੱਧ ਸਮਾਂ ਲੈ ਲਿਆ..ਫਲਾਨੇ ਨੇ ਬੋਰ ਕਰ ‘ਤਾ..ਮੇਰਾ ਤਾਂ ਕਿਸੇ ਨੇ ਨਾਮ ਵੀ ਨਹੀਂ ਲਿਆ..ਜਾਂ ਮੈਂਨੂੰ ਸੱਦ ਕੇ ਮਾਣ ਸਤਿਕਾਰ ਨਹੀਂ ਦਿੱਤਾ..ਆਦਿ’। ਮੈਂਨੂੰ ਲਗਦਾ ਕਿ ਅਜੇਹੇ ਲੋਕ ਕਿਸੇ ਸਮਾਗਮ ਦੀ ਸ਼ੋਭਾ ਵਧਾਉਣ ਨਹੀਂ ਜਾਂਦੇ ਸਗੋਂ ਆਪਣੀ ਹਉਮੈਂ ਨੂੰ ਪੱਠੇ ਪਾਉਣ ਹੀ ਜਾਂਦੇ ਹਨ। ਜੇ ਕਿਸੇ ਵਿਆਹ ਸ਼ਾਦੀ ਤੇ ਜਾਣਗੇ ਤਾਂ ਵੀ 20 ਪਕਵਾਨਾਂ ਵਿਚੋਂ ਜੇ ਇੱਕ ਉਹਨਾਂ ਨੂੰ ਸੁਆਦ ਨਹੀਂ ਲੱਗਾ, ਤਾਂ ਉਸੇ ਦਾ ਜ਼ਿਕਰ ਸਭ ਕੋਲ ਕਰਨਗੇ। ਇਹਨਾਂ ਲੋਕਾਂ ਨੂੰ ਆਪਣੇ ਵਿੱਚ ਗੁਣ ਹੀ ਗੁਣ, ਤੇ ਦੂਜਿਆਂ ਵਿੱਚ ਔਗੁਣ ਹੀ ਦਿਖਾਈ ਦਿੰਦੇ ਹਨ। ਅਜੇਹੇ ਲੋਕ ਹਰ ਇੱਕ ਦੀ ਅਲੋਚਨਾ ਕਰਦੇ ਹਨ।

ਮੈਨੂੰ ਲਗਦਾ ਕਿ- ਜੇ ਇੱਕ ਵਾਰੀ ਸਾਡੀ ਸੋਚ ਇੱਧਰ ਨੂੰ ਤੁਰ ਪਈ ਤਾਂ ਸਾਨੂੰ ਸੱਚਮੁੱਚ ਚੰਗੇ ਪੱਖ ਦਿਖਾਈ ਹੀ ਨਹੀਂ ਦੇਣੇ। ਅਜੇਹੇ ਲੋਕਾਂ ਨੂੰ ਦੇਖ ਕੇ ਹੀ ਮੈਂ ਇੱਕ ਗੀਤ ਲਿਖਿਆ ਸੀ-

ਇਹ ਦੁਨੀਆਂ ਰੰਗ-ਬਰੰਗੀ ਏ,
ਨਾ ਮਾੜੀ ਏ ਨਾ ਚੰਗੀ ਏ।
ਤੇਰੀ ਦੇਖਣ ਵਾਲੀ ਅੱਖ ਬੀਬਾ,
ਕੁੱਝ ਮੈਲੀ ਕੁੱਝ ਬੇਢੰਗੀ ਏ।

ਜਦੋਂ ਮੈਂਨੂੰ ਵੀ ਘਰੇਲੂ ਜ਼ਿੰਮੇਵਾਰੀਆਂ ਤੋਂ ਕੁੱਝ ਕੁ ਰਾਹਤ ਮਿਲੀ, ਤਾਂ ਮੈਂ ਆਪਣੇ ਕਵਿਤਾ ਲਿਖਣ ਦੇ ਸ਼ੌਕ ਵੱਲ ਧਿਆਨ ਦਿੱਤਾ। ਬੱਚੇ ਪ੍ਰੌਫੈਸ਼ਨਲ ਡਿਗਰੀਆਂ ਕਾਰਨ ਹੋਸਟਲਾਂ ‘ਚ ਸਨ- ਮੈਂ ਪੰਜਾਬੀ ਭਵਨ ਸਾਹਿਤਕ ਸਭਾਵਾਂ ਵਿੱਚ ਜਾਣ ਲੱਗ ਪਈ। ਕੋਈ ਭੱਦਰ ਪੁਰਸ਼ ਸਾਡੇ ਘਰ ਆਏ ਤੇ ਮੈਂਨੂੰ ਸਲਾਹ ਦੇਣ ਲੱਗੇ-‘ਮੈਡਮ, ਘਰ ਬੈਠ ਕੇ ਕਵਿਤਾ ਲਿਖ ਲਿਆ ਕਰੋ..ਇਹ ਸ਼ਾਇਰ ਲੋਕ ਬੱਸ ਦੂਰੋਂ ਹੀ ਵਧੀਆ ਨੇ, ਇਹਨਾਂ ਦੀ ਨੀਅਤ ਠੀਕ ਨਹੀਂ ਹੁੰਦੀ..’ ਮੈਂ ਚੁੱਪ ਰਹੀ। ਪਰ ਮੈਂ ਪਿਛਲੇ ਗਿਆਰਾਂ ਸਾਲਾ ਤੋਂ ਦੇਸ਼ ਵਿਦੇਸ਼ ਦੇ ਲੇਖਕਾਂ, ਸ਼ਾਇਰਾਂ ਵਿੱਚ ਵਿਚਰਦੀ ਹਾਂ- ਸਾਰੇ ਬਹੁਤ ਇੱਜ਼ਤ ਮਾਣ ਕਰਦੇ ਹਨ। ਮੈਂਨੂੰ ਤਾਂ ਅਜੇ ਤੱਕ ਕੋਈ ਖੋਟੀ ਨੀਅਤ ਵਾਲਾ ਮਿਲਿਆ ਹੀ ਨਹੀਂ।

ਚਲੋ ਹੁਣ ਗੱਲ ਕਰੀਏ, ਹਾਂ-ਪੱਖੀ ਸੋਚ ਵਾਲਿਆਂ ਦੀ। ਇਹ ਲੋਕ ਹਰ ਮਾੜੇ ਬੰਦੇ ਵਿੱਚੋਂ ਵੀ ਗੁਣ ਤਲਾਸ਼ ਲੈਂਦੇ ਹਨ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ- ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ ਭਾਵ ਹਰ ਬੰਦੇ ਵਿੱਚੋਂ ਕਿਸੇ ਨਾ ਕਿਸੇ ਗੁਣ ਦੀ ਖੁਸ਼ਬੋਈ ਲਈ ਜਾ ਸਕਦੀ ਹੈ।

ਕਹਿੰਦੇ ਹਨ ਕਿ- ਇੱਕ ਵਾਰੀ ਸ਼ੇਖ਼ ਸਾਅਦੀ ਦੇ ਸਾਥੀ ਕਹਿਣ ਲੱਗੇ-‘ਜਨਾਬ ਤੁਹਾਡੇ ਕੋਲੋਂ ਗਲਤੀ ਬਹੁਤ ਘੱਟ ਹੁੰਦੀ ਹੈ..ਅਸੀਂ ਤਾਂ ਠੇਡੇ ਖਾ ਖਾ ਆਪਣੀਆਂ ਗਲਤੀਆਂ ਤੋਂ ਹੀ ਸਬਕ ਸਿੱਖਦੇ ਹਾਂ..ਤੁਸੀਂ ਪਤਾ ਨਹੀਂ ਕਿਵੇਂ ਸਾਰੇ ਕੰਮ ਠੀਕ ਕਰ ਲੈਂਦੇ ਹੋ?’
ਤਾਂ ਪਤਾ ਸ਼ੇਖ਼ ਸਾਅਦੀ ਨੇ ਕੀ ਜਵਾਬ ਦਿੱਤਾ-‘ਮੈਂ ਅੰਨ੍ਹਿਆਂ ਕੋਲੋਂ ਸਿੱਖਦਾ ਹਾਂ’

‘ਉਹ ਕਿਵੇਂ..?’ ਉਹਨਾਂ ਹੈਰਾਨ ਹੋ ਕੇ ਪੁੱਛਿਆ।

‘ਅੰਨ੍ਹਾਂ ਆਦਮੀ ਅੱਗੇ ਕਦਮ ਪੁੱਟਣ ਤੋਂ ਪਹਿਲਾਂ ਸੋਟੀ ਨਾਲ ਟਟੋਲਦਾ ਹੈ ਕਿ- ਜਗ੍ਹਾ ਉੱਚੀ ਨੀਂਵੀ ਤਾਂ ਨਹੀਂ ਜਿੱਥੇ ਉਸ ਪੈਰ ਧਰਨਾ ਹੈ..? ਸੋ ਮੈਂ ਵੀ ਕੰਮ ਕਰਨ ਤੋਂ ਪਹਿਲਾਂ, ਉਸ ਬਾਰੇ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਕਦਮ ਪੁੱਟਦਾ ਹਾਂ’ ਉਹ ਕਹਿਣ ਲੱਗੇ।

ਇਹ ਲੋਕ ਹਰ ਥਾਂ, ਹਰ ਵਿਅਕਤੀ ਤੇ ਹਰ ਹਾਲਾਤ ‘ਚੋਂ ਚੰਗਾ ਪੱਖ ਲੱਭ ਲੈਂਦੇ ਹਨ। ਇਹ ਲੋਕ ਬੁਰੇ ਹਾਲਾਤਾਂ ਵਿੱਚ ਵੀ ਰੀਂ ਰੀ ਨਹੀਂ ਕਰਦੇ..ਚੜ੍ਹਦੀ ਕਲਾ ‘ਚ ਰਹਿੰਦੇ ਹਨ। ਮੈਂਨੂੰ ਵੀ ਹੁਣ ਕੁੱਝ ਕੁੱਝ ਸਮਝ ਆਈ ਹੈ ਕਿ- ਦੁੱਖ ਸੁੱਖ ਜੀਵਨ ਦਾ ਹਿੱਸਾ ਹਨ ਇਹ ਸਭ ਤੇ ਆਉਣੇ ਹਨ। ਇਹ ਕੁਦਰਤ ਦਾ ਨਿਯਮ ਹੈ ਜਾਂ ਕਹਿ ਲਵੋ ਕਿ- ਇਹ ਸਾਡੇ ਪੂਰਬਲੇ ਕਰਮਾਂ ਦਾ ਫਲ ਹਨ। ਗੁਰਬਾਣੀ ਵਿੱਚ ਵੀ ਆਉਂਦਾ ਹੈ-

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥

ਸੋ ਕਿਉਂ ਨਾ ਦੁੱਖਾਂ ਦਾ ਮੁਕਾਬਲਾ ਵੀ ਚੜ੍ਹਦੀ ਕਲਾ ‘ਚ ਰਹਿ ਕੇ ਕੀਤਾ ਜਾਵੇ। ਗੁਰਬਾਣੀ ਇਹ ਵੀ ਕਹਿੰਦੀ ਹੈ ਕਿ- ਦੁੱਖ ਦਾਰੂ ਸੁਖੁ ਰੋਗੁ ਭਇਆ..॥ ਮਹਾਂ ਪੁਰਸ਼ ਕਹਿੰਦੇ ਹਨ ਕਿ ਦੁੱਖ ਦਾ ਵੀ ਧੰਨਵਾਦ ਕਰੋ- ਉਹ ਸਾਨੂੰ ਗੁਰੂ ਦੀ ਸ਼ਰਨ ‘ਚ ਲੈ ਕੇ ਆਇਆ ਹੈ। ਸੁੱਖ ਵਿੱਚ ਤਾਂ ਸਾਨੂੰ ਰੱਬ ਯਾਦ ਹੀ ਨਹੀਂ ਆਉਂਦਾ। ਵੈਸੇ ਕਹਿੰਦੇ ਹਨ ਕਿ- ਰੱਬ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ- ਉਸ ਦੀ ਰਜ਼ਾ ਵਿੱਚ ਚਲਣ ਵਾਲੇ ਮਨੁੱਖ ਕਦੇ ਦੁਖੀ ਨਹੀਂ ਹੁੰਦੇ।

ਇੱਥੇ ਮੈਂਨੂੰ ਇੱਕ ਰਾਜੇ ਤੇ ਵਜ਼ੀਰ ਦੀ ਕਹਾਣੀ ਯਾਦ ਆ ਗਈ। ਇੱਕ ਵਾਰੀ ਰਾਜਾ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ। ਸ਼ਿਕਾਰ ਕਰਦੇ, ਰਾਜੇ ਦੀ ਅਚਾਨਕ ਉਂਗਲ ਕੱਟੀ ਗਈ। ਵਜ਼ੀਰ ਹਾਂ-ਪੱਖੀ ਸੋਚ ਦਾ ਮਾਲਕ ਸੀ। ਉਹ ਹਰ ਗੱਲ ਵਿੱਚ ਇਹੀ ਕਹਿੰਦਾ-‘ਜੋ ਹੋਇਆ, ਚੰਗਾ ਹੀ ਹੋਇਆ’। ਸੋ ਬਜਾਏ ਏਸ ਦੇ ਕਿ ਉਹ ਕਹਿੰਦਾ-‘ਰਾਜਾ.. ਇਹ ਬਹੁਤ ਮਾੜਾ ਹੋਇਆ’ ਉਸ ਨੇ ਕਿਹਾ-‘ਜੋ ਰੱਬ ਕਰਦਾ ਚੰਗਾ ਹੀ ਕਰਦਾ’। ਰਾਜੇ ਨੂੰ ਬਹੁਤ ਗੁੱਸਾ ਆਇਆ- ਉਸ ਨੇ ਵਜ਼ੀਰ ਨੂੰ ਜੇਲ੍ਹ ਭੇਜ ਦਿੱਤਾ। ਜਦ ਉਂਗਲ ਕੁੱਝ ਠੀਕ ਹੋਈ ਤਾਂ ਰਾਜਾ ਆਪਣੇ ਸ਼ੌਕ ਮੁਤਾਬਕ ਫਿਰ ਆਪਣੇ ਕੁੱਝ ਸਾਥੀ ਲੈ ਕੇ, ਸ਼ਿਕਾਰ ਖੇਡਣ ਜੰਗਲ ਵੱਲ ਗਿਆ। ਉਹ ਕਿਸੇ ਸ਼ਿਕਾਰ ਦਾ ਪਿੱਛਾ ਕਰਦੇ ਕਰਦੇ ਆਪਣੇ ਸਾਥੀਆਂ ਤੋਂ ਵਿੱਛੜ ਗਿਆ ਤੇ ਸੰਗਣੇ ਜੰਗਲ ਵਿੱਚ ਇਕੱਲਾ ਰਹਿ ਗਿਆ। ਜੰਗਲ ਵਿੱਚ ਇੱਕ ਜੰਗਲੀ ਕਬੀਲਾ ਰਹਿੰਦਾ ਸੀ। ਉਹਨਾਂ ਨੇ ਆਪਣੇ ਦੇਵਤੇ ਨੂੰ ਖੁਸ਼ ਕਰਨ ਲਈ ਕਿਸੇ ਓਪਰੇ ਮਨੁੱਖ ਦੀ ਬਲੀ ਦੇਣੀ ਸੀ- ਜੋ ਕਬੀਲੇ ਨਾਲ ਨਾ ਸਬੰਧ ਰੱਖਦਾ ਹੋਵੇ। ਉਹ ਰਾਜੇ ਨੂੰ ਦੇਖ ਕੇ ਬੜੇ ਖੁਸ਼ ਹੋਏ। ਜਾ ਜੇ ਕਬੀਲੇ ਦੇ ਸਰਦਾਰ ਨੂੰ ਦਸਿਆ ਕਿ-‘ਇੱਕ ਬੰਦਾ ਮਿਲ ਗਿਆ..ਬਲੀ ਦੇਣ ਲਈ’। ਰਾਜਾ ਪਰੇਸ਼ਾਨ ਕਿ- ਹੁਣ ਤਾਂ ਕੋਈ ਬਚਾਅ ਨਹੀਂ ਹੋ ਸਕਦਾ।

ਸਰਦਾਰ ਨੇ ਕਿਹਾ- ‘ਇਸ ਨੂੰ ਚੈੱਕ ਕਰੋ- ਕੀ ਇਸ ਦੇ ਸਰੀਰ ਦੇ ਅੰਗ ਸਾਰੇ ਸਾਬਤ ਹਨ?’

ਕਬੀਲੇ ਦੇ ਇੱਕ ਬੰਦੇ ਨੇ ਰਾਜੇ ਦੇ ਸਰੀਰ ਨੂੰ ਗਹੁ ਨਾਲ ਟੋਹਿਆ ਤੇ ਕਿਹਾ- ‘ਸਰਦਾਰ ਇਸ ਦੀ ਇੱਕ ਉਂਗਲ ਨਹੀਂ ਹੈ’।

‘ਤਾਂ ਇਸ ਦੀ ਬਲੀ ਦੇਵਤੇ ਨੂੰ ਨਹੀਂ ਦਿੱਤੀ ਜਾ ਸਕਦੀ, ਛੱਡ ਦਿਓ ਏਸ ਨੂੰ’ ਉਸ ਹੁਕਮ ਸੁਣਾਇਆ।

ਰਾਜੇ ਨੇ ਸ਼ੁਕਰ ਕੀਤਾ ਕਿ ਉਸ ਦੀ ਉਂਗਲ ਕੱਟੀ ਹੋਈ ਸੀ। ਹੁਣ ਰਾਜੇ ਨੂੰ ਵਜ਼ੀਰ ਦੀ ਕਹੀ ਗੱਲ ਯਾਦ ਆਈ। ਜਾਂਦਿਆਂ ਸਾਰ ਵਜ਼ੀਰ ਨੂੰ ਰਿਹਾ ਕਰ ਦਿੱਤਾ ਗਿਆ। ਪਰ ਰਾਜੇ ਨੇ ਉਸ ਨੂੰ ਪੁੱਛਿਆ ਕਿ- ‘ਤੇਰੀ ਇੱਕ ਗੱਲ ਤਾਂ ਠੀਕ ਸਿੱਧ ਹੋ ਗਈ। ਪਰ ਤੂੰ ਤਾਂ ਜੇਲ੍ਹ ਜਾਣ ਵੇਲੇ ਵੀ ਕਿਹਾ ਸੀ-‘ਚੰਗਾ ਹੀ ਹੋਇਆ’? ਤਾਂ ਵਜ਼ੀਰ ਨੇ ਜਵਾਬ ਦਿੱਤਾ-‘ਜੇ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਜੰਗਲ ਵਿੱਚ ਤੇਰੇ ਨਾਲ ਮੈਂ ਹੀ ਹੋਣਾ ਸੀ, ਤੇ ਬਲੀ ਮੇਰੀ ਦਿੱਤੀ ਜਾਣੀ ਸੀ’। ਹੁਣ ਰਾਜੇ ਨੂੰ ਇਸ ਗੱਲ ਦੀ ਸਮਝ ਆ ਗਈ।

ਮੇਰਾ ਖਿਆਲ ਹੈ ਕਿ- ਨਕਾਰਤਮਕ ਸੋਚਣ ਵਾਲਿਆਂ ਦਾ ਵੀ ਅਸਲ ਵਿੱਚ ਕੋਈ ਕਸੁਰ ਨਹੀਂ। ਉਹਨਾਂ ਵਿਚਾਰਿਆਂ ਨੂੰ ਬਚਪਨ ਤੋਂ ਸਿਖਾਇਆ ਹੀ ਨਹੀਂ ਗਿਆ ਜਾਂ ਘਰੇਲੂ ਮਹੌਲ ਇਸ ਤਰ੍ਹਾਂ ਦਾ ਮਿਲਿਆ ਜੋ ਉਹਨਾਂ ਦੀ ਸੋਚ ਇਸ ਪਾਸੇ ਤੁਰ ਪਈ। ਹੁਣ ਤਾਂ ਮੈਡੀਕਲ ਸਾਇੰਸ ਨੇ ਵੀ ਸਿੱਧ ਕਰ ਦਿੱਤਾ ਹੈ ਕਿ- ਕਿਸੇ ਬੱਚੇ ਦੇ ਦਿਮਾਗ ਵਿੱਚ ਬਚਪਨ ਵਿੱਚ ਜੋ ਪਾ ਦਿੱਤਾ ਜਾਵੇ- ਉਹ ਇੰਨਾ ਪੱਕਾ ਹੁੰਦਾ ਹੈ ਕਿ ਉਸ ਨੂੰ ਸਾਰੀ ਉਮਰ ਲਾ ਕੇ ਵੀ ਬਦਲਿਆ ਨਹੀਂ ਜਾ ਸਕਦਾ। ਆਪਾਂ ਦੇਖਦੇ ਹਾਂ ਕਿ- ਕਈ ਵਾਰੀ ਜਦੋਂ ਕੋਈ ਬੱਚਾ, ਵੱਡਿਆਂ- ਛੋਟਿਆਂ ਜਾਂ ਆਪਣੇ ਹਾਣੀਆਂ ਨਾਲ ਬਹੁਤ ਚੰਗਾ ਵਿਵਹਾਰ ਕਰਦਾ ਹੈ ਤਾਂ ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ- ‘ਇਸ ਬੱਚੇ ਨੂੰ ਕਿੰਨੇ ਚੰਗੇ ਸੰਸਕਾਰ ਮਿਲੇ ਹਨ’। ਬੱਚੇ ਦਾ ਮਨ ਕੋਰੀ ਸਲੇਟ ਵਰਗਾ ਹੁੰਦਾ ਹੈ- ਉਸ ਤੇ ਜੋ ਪੂਰਨੇ ਪਾ ਦਿੱਤੇ ਜਾਣ, ਉਹੀ ਉਕਰੇ ਜਾਂਦੇ ਹਨ।

ਸੋ ਅੰਤ ਵਿੱਚ ਮੈਂ ਇਹੀ ਕਹਾਂਗੀ ਕਿ- ਵੱਡੇ ਹੋ ਕੇ ਆਪਣੀ ਸੋਚ ਬਦਲਣ ਲਈ ਸਾਨੂੰ ਮੇਹਨਤ ਕਰਨੀ ਪੈਂਦੀ ਹੈ। ਪਰ  ਜੇ ਅਸੀਂ ਆਪਣੇ ਬੱਚਿਆਂ ਦੇ ਬਚਪਨ ਤੋਂ ਹੀ, ਉਹਨਾਂ ਨੂੰ ਹਾਂ-ਪੱਖੀ ਸੋਚਣ ਦੀ ਆਦਤ ਪਾ ਦੇਈਏ- ਤਾਂ ਉਹ ਜ਼ਿੰਦਗੀ ਭਰ, ਆਪ ਤਾਂ ਸੁਖੀ ਰਹਿਣਗੇ ਹੀ, ਪਰ ਨਾਲ ਹੀ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਿਚਰਨਗੇ, ਆਪਣੇ ਇਸ ਗੁਣ ਦੀ ਮਹਿਕ ਨਾਲ, ਆਪਣਾ ਚੌਗਿਰਦਾ ਵੀ ਮਹਿਕਾ ਦੇਣਗੇ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>