ਨਿਮੌਂਲੀਆਂ

ਦਸਾਂ ਸਾਲਾਂ ਬਾਦ ਸੁਖਦੇਵ, ਅਮਰੀਕਾ ਤੋਂ, ਵਾਪਸ ਪਿੰਡ ਚੱਕਰ ਲਗਾਉਣ ਚਲਾ ਹੀ ਗਿਆ। ਪੈਸੇ ਦੀ ਕਿੱਲਤ ਨੇ ਕਦੇ ਸਾਥ ਨਹੀਂ ਛੱਡਿਆ। ਪਿੰਡ ਦੀ ਯਾਦ ਕਿਵੇਂ ਭੁਲਾਈ ਜਾ ਸਕਦੀ ਐ। ਅਸੰਭਵ ਹੈ। ਪਿੰਡ ਵਾਲੇ ਜੱਦੀ ਘਰ ਦੀ ਹਾਲਤ ਰਹਿਣ ਯੋਗ ਨਹੀਂ ਸੀ ਰਹੀ। ਨੇੜਲੇ ਸ਼ਹਿਰ ਵਿੱਚ ਰਿਹਾਇਸ਼ ਦਾ ਇੰਤਜ਼ਾਮ ਕਰ ਕੇ ਰਾਤੀਂ ਸ਼ਹਿਰ ਅਤੇ ਦਿਨੇਂ ਪਿੰਡ ਦਾ ਚੱਕਰ ਲਗਾਉਂਦਾ।

ਅੱਜ ਉਹ ਅਪਣੇ ਗਾਈਆਂ ਬੰਨ੍ਹਣ ਵਾਲੇ ਘਰ ਦੀ ਦਿਵਾਰ ਦੇ ਨਾਲ਼ ਨਾਲ਼ ਬਣੀ ਖੁਰ੍ਹਲੀ ਦੇ ਇੱਕ ਕੋਣੇ ਤੇ ਬੈਠਾ ਚੁਫੇਰੇ ਨਿਗਾਹਾਂ ਘੁਮਾ ਰਿਹਾ ਸੀ। ਕੁੱਝ ਦੂਰੀ ਤੇ ਉਹਨਾਂ ਦੀ ਕਿੱਕਰ ਖਲੋਤੀ ਸੀ। ਕਦੇ ਸਮਾਂ ਸੀ ਜਦੋਂ ਬਾਬਾ ਜੀ ਦੀ ਬੱਕਰੀ ਮੂੰਹ ਵਿੱਚ ਤੁੱਕੇ ਫਸਾਈ ਹੀ ਰੱਖਦੀ ਸੀ। ਓਥੇ ਹੁਣ ਬਾਬਾ ਨਹੀਂ, ਬੱਕਰੀ ਨਹੀਂ ਅਤੇ ਕਿੱਕਰ ਸੁੱਕੀ ਹੋਈ ਖਲੋਤੀ ਸੀ। ਗਵਾਂਢੀਆਂ ਦੇ ਡੰਗਰਾਂ ਵਾਲੇ ਘਰ ਦੇ ਵਿਹੜੇ ਵਿੱਚ  ਘਣੀ ਛਾਂ ਵਾਲੀਆਂ ਦੋ ਨਿੰਮਾਂ, ਟਹਿਣੀਆਂ ਵਿੱਚ ਟਹਿਣੀਆਂ ਫਸਾਈਂ ਸੁਸ਼ੋਭਿਤ ਸਨ। ਬਹੁਤ ਕੁੱਝ ਬਦਲ ਗਿਆ। ਨਿੰਮ ਕੋਈ ਨਜ਼ਰ ਨਹੀਂ ਆਈ। ਬੁਢਾ ਹੋਇਆ ਸ਼ਰੀਰ ਵੀ ਕਿਸੇ ਦਿਨ ਨਿੰਮ ਦੇ ਪੇੜਾਂ ਵਾਂਗ ਅਲ਼ੋਪ ਹੋ ਸਕਦਾ ਹੈ। ਕਿੱਕਰ ਵਾਂਗ ਬੇਜਾਨ ਹੋ ਸਕਦਾ ਹੈ। ਖਿਆਲ ਆਇਆ ਪਰ ਛੇਤੀ ਹੀ ਚਲਾ ਵੀ ਗਿਆ ਜਦੋਂ ਉਸ ਦੇ ਮਨ ਨੇ ਨਿੰਮ ਨਾਲ ਜੁੜੇ ਇੱਕ ਘਟਨਾ ਕਰਮ ਨੂੰ ਚਿਤਵਿਆ। ਸੋਚਿਆ ਮਿੱਤਰ ਹੁਣ ਤੱਕ ਨਹੀਂ ਮਿਲਿਆ। ਹੁਣ ਕੀ ਲੈਣਾਂ ਅਜੇਹੀਆਂ ਘਟਨਾ ਕਰਮਾਂ ਤੋਂ।

ਸ਼ਹਿਰ ਵਿੱਚ, ਮੰਜੇ ਤੇ ਲੇਟਿਆ, ਸੁਖਦੇਵ ਅਪਣੇ ਮਿੱਤਰ ਨੂੰ ਯਾਦ ਕਰਨ ਲਗਾ। ਜਮਾਤੀ ਸੀ। ਪ੍ਰੇਮ ਸੀ। ਨਿੰਮ ਦੀ ਦੂਜੀ ਜਾਂ ਤੀਜੀ ਉਚੀ ਟਹਿਣੀ ਤੇ ਉਹ ਦੂਰ ਝਾਕਦਾ ਅਕਸਰ ਨਜ਼ਰ ਆ ਜਾਂਦਾ ਸੀ। ਦਿਨ ਯਾਦ ਆਇਆ ਜਦੋਂ ਸੁਖਦੇਵ ਨੇ ਉਤਸੁਕ ਹੋ ਕੇ ਕਾਰਨ ਪੁੱਛ ਲਿਆ।

“ ਓਏ, ਨਿੰਮ ਤੋਂ ਡਿੱਗੇਂਗਾ ਤਾਂ ਮਰੇਂਗਾ। ਤੂੰ ਕੀ ਕਰਨ ਚੜ੍ਹਦਾ ਏਂ। ਨਿਮੌਲੀਆਂ ਖਾਂਦਾ ਏਂ?”

“ ਨਹੀਂ ਓਏ ਬੁਧੂਆ। ਉਹ ਪਰੇ ਵੇਖ ਆ ਕੇ। ਐਸ ਵੇਲ਼ੇ ਬਹੁਤ ਸੁੰਦਰ ਕੁੜੀਆਂ ਆਉਂਦੀਆਂ ਨੇ ਵੇਖ ਕੇ ਮਜ਼ਾ ਆ ਜਾਂਦਾ ਐ। ਪੜ੍ਹਾਕੁਆ ਤੂੰ ਕੀ ਜਾਣੇ ਅਜੇਹੇ ਸੁਆਦ।” ਦੋਸਤ ਬੋਲਿਆ। ਮਿੱਤਰ ਦਾ ਜੁਆਬ ਪਸੰਦ ਨਹੀਂ ਸੀ ਆਇਆ, ਯਕੀਨਨ ਝੂਠਾ ਲਗਿਆ।

“ ਸਾਲਿਆ ਬਕਦਾ ਏਂ। ਹਗਣਗਾਹ ਵੱਲੋਂ ਤਾਂ ਮੂੰਹ ਪਰੇ ਕਰਕੇ ਵੀ ਨਹੀਂ ਤੁਰਿਆ ਜਾਂਦਾ ਤੂੰ ਉੱਚੇ ਚੜ੍ਹ ਕੇ ਝਾਕਦਾ ਏਂ। ਸੱਚ ਦੱਸ ਸਹੀ ਕੀ ਐ?” ਉਸ ਨੇ ਉੱਤਰ ਨਾਂ ਸੀ ਦਿੱਤਾ।

ਸੁਖਦੇਵ ਨੂੰ ਯਾਦ ਆਇਆ ਕਿ ਉਹ, ਅਪਣੀ ਚਾਰਾ ਕੱਟਣ ਵਾਲੀ ਮਸ਼ੀਨ ਦੇ ਓਹਲੇ ਖਲੋ ਕੇ, ਵੇਖਦਾ ਰਿਹਾ, ਮਿੱਤਰ ਦੀ ਇਹ ਖੇਢ ਕਲਾ। ਉਹ ਹੱਥਾਂ ਬਾਹਾਂ ਨਾਲ ਕਿਸੇ ਨੂੰ ਇਸ਼ਾਰੇ ਕਰਦਾ, ਫੇਰ ਨਿੰਮ ਤੋਂ ਉਤਰ , ਫੌਜੀ ਦੇ ਘਰ ਜਾ ਵੜਦਾ। ਫੌਜੀ ਦੀ ਧੀ ਨੂੰ ਪੰਜਾਬੀ ਵੀ ਪੜ੍ਹਾਉਂਦਾ ਸੀ, ਅਜੇਹਾ ਉਸ ਦੀ ਬੇਬੇ ਕਹਿੰਦੀ ਹੁੰਦੀ ਸੀ। ਪੜ੍ਹਾਉਣ ਲਈ ਜਾਣ ਵਾਸਤੇ ਨਿੰਮ ਤੇ ਲਟਕਣ ਦਾ ਕੋਈ ਤੁਕ ਨਹੀਂ ਸੀ। ਯਕੀਨ ਕਿਵੇਂ ਹੋ ਸਕਦਾ ਸੀ, ਨਹੀਂ ਸੀ ਹੋਇਆ।

ਇੱਕ ਦਿਨ ਇਸ਼ਾਰਿਆਂ ਵਿੱਚ ਨਵਾਂ ਇਸ਼ਾਰਾ ਆ ਵੜਿਆ। ਇਸ਼ਾਰੇ ਅਜੀਬ ਜਿਹੇ ਲਗੇ। ਥੋੜ੍ਹੀ ਥ੍ਹੋੜੀ ਦੇਰ ਬਾਦ ਉਹ ਘਸੁੱਨ ਵਿਖਾ ਦਿੰਦਾ। ਉਤਸੁਕ ਮਨ ਜਾਣਨਾ ਚਾਹੁੰਦਾ ਸੀ ।  ਜਾ ਕੇ ਮਿੱਤਰ ਨੂੰ ਆਵਾਜ ਦੇ ਪੇੜੋਂ ਥੱਲੇ ਲਾਹ ਲਿਆ।

ਪੁੱਛਿਆ,“ ਅੱਜ ਕੁਟਾਪਾ ਕਿਸ ਤੇ ਚੜ੍ਹਾਇਆ ਜਾ ਰਿਹਾ ਸੀ। ਫੌਜੀ ਦੀ ਧੀ ਤਾਂ ਲਾਲਿਆਂ ਦੇ ਘਰੇ ਖੇਡ ਰਹੀ ਐ। ਪੰਜਾਬੀ ਪੜ੍ਹਨ ਵਾਲੀ ਤਾਂ ਘਰ ਹੈ ਨਹੀਂ।”

ਯਾਰ ਤੂੰ ਮੇਰਾ ਖਹਿੜਾ ਨਹੀਂ ਛੱਡਣਾ। ਦਸਣਾ ਹੀ ਪਵੇਗਾ। “ਕੀ ਦੱਸਾਂ। ਫੌਜੀ ਦੀ ਭੱਈਅਣ, ਜਿਸ ਨੂੰ ਬੇਬੇ ਬਾਗੜਨੀ ਵੀ ਕਹਿੰਦੀ  ਐ, ਵਧੀਆ ਪਰੌਂਠੇ ਖੁਆ ਦਿੰਦੀ ਐ। ਅੱਜ ਦਿਲ ਕਰਦਾ ਸੀ ਪਰ ਤਰਖਾਣਾਂ ਦਾ ਮੁੰਡਾ ਬੈਠਾ ਛਕ ਰਿਹਾ ਐ। ਬਹੁਤ ਦਿਲ ਕਰਦਾ ਸੀ। ਸੁਆਦ ਆ ਜਾਂਦਾ ਐ। ਕਦੇ ਖਾ ਕੇ ਤਾਂ ਵੇਖੀਂ। ਪਹਿਲਾਂ ਤਾਂ ਇਸ਼ਾਰਾ ਕਰਕੇ ਬੁਲਾ ਲੈਂਦੀ ਸੀ ਪਰ ਅੱਜ ਮੇਰੇ ਵੱਲ ਘੂਰ ਘੂਰ ਕੇ ਵੇਖਦੀ ਐ।”

“ਤਦ ਕੀ ਹੋਇਆ। ਦਿਹਾੜੀਆ ਬੰਦਾ ਐੈ ਕੋਈ ਚੀਜ਼ ਠੀਕ ਕਰਵਾਉਣੀ ਹੋਵੇਗੀ। ਉਸ ਦਾ ਹੱਕ ਤਾਂ ਭਾਈ ਪਹਿਲਾਂ ਬਣਦਾ ਹੈ। ਦਿਹਾੜੀਏ ਭੁੱਖੇ ਕਿੱਥੇ ਕਰਦੇ ਨੇ ਕੰਮ। ਅਸੀਂ ਦਿਹਾੜੀਆਂ ਦੀਆਂ ਰੋਟੀਆ ਢੋਂਹੰਦੇ ਥੱਕ ਜਾਂਦੇ ਆਂ, ਜਦੋਂ ਖੇਤਾਂ ਵਿੱਚ ਕੰਮਾ ਦਾ ਤਾੜ ਹੁੰਦਾ ਐ।”

“ ਤੂੰ ਨਹੀਂ ਸਮਝੇਂਗਾ।” ਮਿੱਤਰ ਬੋਲਿਆ ਸੀ।

“ ਜਾ ਕੇ ਨੇੜੇ ਬਹਿ ਜਾ। ਇੱਕ ਪਰੌਂਠਾ ਤੇਰੇ ਹੱਥ ਵੀ ਟਿਕਾ ਦੇਵੇਗੀ।”

“ ਨਹੀਂ ਤੂੰ ਨਹੀਂ ਸਮਝ ਸਕਦਾ। ਇਹ ਖਾਸ ਕਿਸਮ ਦੇ ਅਨੰਦਮਈ ਪਰੌਂਠੇ ਨੇ। ਤੂੰ ਕਿਤੇ ਸਮਾਂ ਪਾ ਕੇ ਮੰਗ ਖਾਈਂ। ਤਦੇ ਆਏਗਾ ਯਕੀਨ।” ਮਿੱਤਰ ਨੇ ਬੁਝਾਰਤ ਜਿਹੀ ਪਾ ਦਿੱਤੀ। ਉਹ ਅਜੀਬ ਜਿਹੀ ਖੁਸ਼ੀ ਮਹਿਸੂਸ ਕਰ ਰਿਹਾ ਸੀ।  ਜਿ਼ੱਦ ਕਰਨ ਨਾਲ ਪਰੌਂਠਿਆਂ ਦਾ ਵੇਰਵਾ ਥੋੜ੍ਹਾ ਅਗਾਹਾਂ ਵਧਿਆ।

“ ਕੇਵਲ ਦੋ ਪਰੌਂਠੇ ਖਾਣ ਨਾਲ ਹੀ ਘੁਮੇਰ ਆਉਣ ਲਗ ਪੈਂਦੀ ਐ। ਉਹ ਮੈਨੂੰ ਅੰਦਰ ਪਈ ਪੁਰਾਣੀ ਮੰਜੀ ਤੇ ਲੇਟ ਜਾਣ ਲਈ ਆਖਦੀ ਐ। ਫੇਰ ਦਰਵਾਜ਼ਾ ਬੰਦ ਕਰਦੀ ਐ ਅਤੇ ਆਪ ਵੀ ਮੇਰੇ ਨਾਲ ਹੀ ਆ ਕੇ ਆਰਾਮ ਨਾਲ ਲੇਟ ਜਾਂਦੀ ਐ। ਮੇਰੇ ਪਿੰਡੇ ਦੇ ਹਰ ਅੰਗ ਨੂੰ ਛੋਹੰਦੀ ਐ। ਹਰ ਅੰਗ ਹਰਕਤ ਵਿੱਚ ਆ ਜਾਂਦਾ ਹੈ। ਅਜੀਬ ਖੇਡ ਖੇਡਦੀ ਐ। ਨਸ਼ਾ ਹੋਰ ਅਸਰ ਕਰ ਜਾਂਦਾ ਐ। ਕੀ ਦੱਸਾਂ, ਸੁਆਦ ਕਹਾਂ ਜਾਂ ਘੁਮੇਰ। ਨੀਂਦ ਪਤਾ ਨਹੀਂ ਕਿਉਂ ਆ ਜਾਂਦੀ ਐ। ਥੋਹੜੀ ਦੇਰ ਮਗਰੋਂ ਜਗਾ ਕੇ ਜਾਣ ਲਈ ਹਦਾਇਤ ਦੇਂਦੀ ਐ। ਤੂੰ ਕਿਸੇਹੋਰ  ਨੂੰ ਦੱਸ ਨਾ ਦੇਵੀਂ ਮਿੱਤਰਾ। ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੀ ਐ। ਮੈਂ ਜੀਣਾ ਚਾਹੁੰਦਾ ਹਾਂ।” ਮਿੱਤਰ ਨੇ ਦਿਲ ਦੀ ਗੁੰਝਲ ਫਰੋਲ ਦਿੱਤੀ।

ਜਿਸ ਖੁਰਲ੍ਹੀ ਤੇ ਅੱਜ ਬੈਠਾ ਹਾਂ ਉਸ ਦਿਨ ਵੀ ਇਸੇ ਤੇ ਬੈਠਾ ਸਾਂ। ਮਿੱਤਰ ਭੱਜਿਆ ਆ ਰਿਹਾ ਸੀ। ਪਸੀਨੇ ਨਾਲ਼ ਮੂੰਹ ਨੁੱਚੜ ਰਿਹਾ ਸੀ। ਕਮੀਜ਼ ਅੱਗਿਓਂ, ਪਿਛਿਓਂ ਭਿੱਜਿਆ ਹੋਇਆ ਸੀ।

ਪੁੱਛਣ ਤੇ ਉਹ ਬੋਲਿਆ,“ ਅੱਜ ਤਾਂ ਬਹੁਤ ਬੁਰੀ ਬੀਤੀ। ਮੈਂ ਮੰਜੀ ਤੇ ਲੇਟਿਆ ਹੀ ਸੀ ਕਿ ਫੌਜੀ ਦੇ ਆ ਜਾਣ ਦੀ ਹਲ ਚਲ ਨੇ ਘਬਰਾਹਟ ਪੈਦਾ ਕਰ ਦਿੱਤੀ। ਬਾਗੜਨੀ ਨੇ ਮੈਨੂੰ ਉਠਾ, ਧੱਕਾ ਦੇ ਕੇ ਸੰਦੂਖ ਵਿੱਚ ਹੜੁਬ ਦਿੱਤਾ ਤੇ ਕਿਹਾ ਕੁਸਕਣਾ ਨਹੀਂ ਜਦੋਂ ਤੀਕ ਮੈਂ ਆ ਕੇ ਬਾਹਰ ਨਾ ਕੱਢਾਂ ਨਹੀਂ ਤਾਂ ਫੋਜੀ ਤੇਰੀ ਜਾਨ ਲੈ ਲਵੇਗਾ। ਚੁੱਪ ਚਾਪ ਰਹਿਣ ਦੀ ਸਖ਼ਤ ਹਦਾਇਤ ਸੀ। ਗਰਮੀ, ਹੁੱਸੜ, ਡਰ, ਘਬਰਾਹਟ ਸਾਰਾ ਇਕੱਠਾ ਹੀ ਚਿੰਬੜ ਗਿਆ।”

“ ਫੇਰ ਫੌਜੀ ਮੰਜੀ ਤੇ ਜ਼ਰੂਰ ਆ ਲੇਟਿਆ ਹੋਣਾ ਐ।”

“ ਨਹੀਂ ਓਏ। ਫੌਜੀ ਨੂੰ ਚਾਹ ਪਿਲਾਈ ਅਤੇ ਪੰਜ ਸੱਤ ਗਾਲਾਂ ਕੱਢ ਘਰੋਂ ਬਾਹਰ ਤੋਰ ਦਿੱਤਾ। ਸ਼ਾਇਦ ਚਾਹ ਪੀਣ ਹੀ ਆਇਆ ਹੋਵੇ।” ਮਿੱਤਰ ਨੇ ਬੋਲ ਕੇ ਸੁਖ ਦਾ ਸਾਹ ਲਿਆ।

“ ਤਦ ਜਾ ਕੇ ਸੰਦੂਖ ਦਾ ਮੂੰਹ ਖੁਹਲਿਆ!”

“ ਹੁਣ ਮੈਂ ਜਲਦੀ ਜਾ ਕੇ ਇਸ਼ਨਾਨ ਕਰਨਾ ਹੈ। ਕਿਤੇ ਹੋਰ ਦਿਨ ਕਰਾਂਗੇ ਬਾਕੀ ਦੀਆਂ ਗੱਲਾਂ।” ਮਿੱਤਰ ਬੋਲ ਕੇ ਫੇਰ ਭੱਜ ਲਿਆ।

ਸੁਖਦੇਵ ਦੇ ਸਾਹਮਣੇ ਮਿੱਤਰ ਦਾ ਚਿਹਰਾ, ਪੂਰੇ ਦਾ ਪੂਰਾ, ਭੂਤ ਬਣ ਕੇ ਆ ਖਲੋਤਾ। ਸੁਖਦੇਵ ਚਲ ਰਹੇ ਵਿਚਾਰਾਂ ਚੋਂ ਫਾਰਗ ਹੋ ਖਲੋ ਗਿਆ। ਹਵਾ ਵਿੱਚ ਘਸੁੱਨ ਘੁਮਾਏ ਅਤੇ ਬੋਲਿਆ “ ਸਾਲੀ ਹਰਾਮਜ਼ਾਦੀ ਬਲਾਤਕਾਰ! ਡੈਮ ਬਿੱਚ। ਕੁਤੀ ਬਦਤਮੀਜ਼ ਰੇਪਿਸਟ! ਬਹੁਤ ਅੰਡ ਸੰਡ ਉਸ ਦੇ ਮੂੰਹੋਂ ਆਪ ਮੁਹਾਰਾ ਨਿੱਕਲਿਆ। ਅਫਸੋਸ ਜੋ ਅੱਜ ਪਤਾ ਹੈ ਓਦੋਂ ਕਿਉਂ ਨਹੀਂ ਸੀ। ਸ਼ਾਇਦ ਬਾਲ ਅਵਸਥਾ ਅਜੇ ਪੂਰੀ ਤਰਹਾਂ ਨਹੀਂ ਸੀ ਛੱਡੀ।”

ਅਚਾਨਕ ਸੁਖਦੇਵ ਦਾ ਦੋਸਤ ਆ ਟਪਕਿਆ। ਦੂਰੋਂ ਹੀ ਬੋਲਿਆ,“ ਬਾਈ ਏਸ ਉਜਾੜ ਚੋਂ ਕੀ ਲੱਭ ਰਿਹਾ ਏਂ? ”

ਉਜਾੜ ਸ਼ਬਦ ਸੁਣ ਕੇ ਸੁਖਦੇਵ ਦਾ ਦਿਲ ਹਿੱਲ ਗਿਆ ਪਰ ਸਚਾਈ ਕਿਵੇਂ ਲੁਕਦੀ। ਘਰ ਖੰਡਰ ਤਾਂ ਹੋ ਹੀ ਗਿਆ ਸੀ। ਮਿੱਤਰ ਨੇੜੇ ਆਇਆ, ਹੱਥ ਮਿਲਾ ਗਲ ਵੱਕੜੀ ਪਾਈ ਅਤੇ ਬੋਲਿਆ,“ ਬਾਈ, ਕੀ ਸੋਚ ਰਿਹਾ ਏਂ? ਥੋੜ੍ਹਾ ਪ੍ਰੇਸ਼ਾਨ ਵੀ ਲਗ ਰਿਹਾ ਏਂ।”

“ ਯਾਰਾ ਫੌਜੀ ਦੀ ਭੱਈਅਣ ਦਾ ਕੀ ਹਾਲ ਐ। ਕਿਤੇ ਨਜ਼ਰ ਨਹੀਂ ਆਈ।” ਸੁਖਦੇਵ ਨੇ ਝੱਟ ਸਿੱਧਾ ਸਵਾਲ ਪੁੱਛ ਲਿਆ।

“ ਉਹ ਤਾਂ ਤਿੰਨ ਚਾਰ ਸਾਲ ਪਹਿਲਾਂ ਕਿਸੇ ਹੋਰ ਯਾਰ ਨਾਲ, ਕਿਸੇ ਹੋਰ ਪਿੰਡ ਚਲੀ ਗਈ। ਫੌਜੀ ਰੱਬ ਨੂੰ ਪਿਆਰਾ ਹੋ ਗਿਆ।”

“ ਬਾਈ ਸਾਡੇ ਗਵਾਂਢੀਆ ਦਾ ਮੁੰਡਾ ਅੱਜ ਕੱਲ੍ਹ ਕੀ ਕਰਦਾ ਐ, ਉਹੀ ਜਿਹੜਾ ਭੱਈਅਣ ਦੇ ਆਲੇ ਦੁਆਲੇ ਘੁੰਮਣ ਲਗ ਪਿਆ ਸੀ। ਜਨਾਨੀ ਨੇ ਬਹੁਤ ਗਾਲਾਂ ਕੱਢੀਆਂ ਸਨ।”

“ ਉਸ ਦੇ ਸਹੁਰਾ ਸਾਹਿਬ ਦੀ ਮੌਤ ਤੋਂ ਬਾਦ, ਉਹਦੀ ਵਹੁਟੀ ਅਪਣੇ ਪਿੰਡ ਲੈ ਗਈ ਸੀ। ਓਥੇ ਖੇਤੀ ਕਰਦਾ ਸੀ। ਪੁੱਤਰ ਨਾਲ ਝਗੜਾ ਹੋ ਗਿਆ ਸੀ। ਖੂਹ ਵਿੱਚ ਛਾਲ ਮਾਰ ਮਰ ਗਿਆ। ਕਹਿੰਦੇ ਸ਼ਰਾਬ ਬਹੁਤ ਪੀਣ ਲਗ ਪਿਆ ਸੀ।”

ਸੁਖਦੇਵ ਦੇ ਨੇਤਰ ਭਿੱਜ ਗਏ। ਬੋਲਿਆ,“ ਵੀਰਾ, ਜੀਵਨ ਬੱਤੀ ਕਦੋਂ ਤੇ ਕਿਵੇਂ ਬੁਝੇਗੀ, ਕਿਸੇ ਨੂੰ ਨਹੀਂ ਪਤਾ।”

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>