ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ‘ਤੇ ਵਿਸ਼ੇਸ਼

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥

ਅਧਿਆਤਮਕ ਅਤੇ ਦੁਨਿਆਵੀ ਜੀਵਨ ਵਿਚ ਗੁਰੂ ਦਾ ਬਹੁਤ ਵੱਡਾ ਮਹੱਤਵ ਹੈ । ਪੰਜਾਬੀ ਲੋਕਧਾਰਾ ਵਿਚ ‘ਗੁਰੂ ਬਿਨਾ ਗੱਤ ਨਹੀਂ ਅਤੇ ਸ਼ਾਹ ਬਿਨਾ ਪੱਤ ਨਹੀਂ’ ਦੀ ਪੰਗਤੀ ਪ੍ਰਚੱਲਤ ਹੈ ਤਾਂ ਗੁਰਬਾਣੀ ਵਿਚ ਗੁਰੂ ਨੂੰ ਗਿਆਨ ਅਤੇ ਗੁੜਤੀ ਦਾ ਦਾਤਾ ਹੋਣ ਦੇ ਨਾਲ-ਨਾਲ ਗੁਰੂ ਪ੍ਰਮੇਸ਼ਰ ਤੇ ਪਾਰਬ੍ਰਹਮ ਪ੍ਰਮੇਸ਼ਰ ਹੋਣ ਦਾ ਰੁਤਬਾ ਪ੍ਰਾਪਤ ਹੈ । ‘ਗਿਆਨ ਰਤਨਿ ਸਭ ਸੋਝੀ ਹੋਇ’’ ਭਾਈ ਵੀਰ ਸਿੰਘ ਜੀ ‘ਗੁਰੂ’ ਦਾ ਅਰਥ ਅਗਿਆਨਤਾ ਹਨੇਰੇ ਨੂੰ ਕੱਟ ਕੇ ਗਿਆਨ ਰੂਪੀ ਪ੍ਰਕਾਸ਼ ਕਰ ਦੇਣ ਦੇ ਅਰਥਾਂ ਵਿਚ ਕਰਦੇ ਹਨ । ਸਿੱਖੀ ਵਿਚ ਗੁਰੂ ਅਤੇ ਗੁਰਗੱਦੀ ਦੀ ਬਖਸ਼ਿਸ਼, ਇਲਾਹੀ ਰਮਜ਼ ਦਾ ਵਰਤਾਰਾ ਹੈ । ਇਸਨੂੰ ਬੌਧਿਕ ਅਤੇ ਵਿਗਿਆਨਕ ਇਤਿਹਾਸਕਾਰੀ ਦੀਆਂ ਇਤਲਾਹਾਂ ਰਾਹੀਂ ਖਿਆਲ ਲੜੀਆਂ ਵਿਚ ਨਹੀਂ ਪ੍ਰੋਰਿਆ ਜਾ ਸਕਦਾ ।

ਗੁਰੂ ਨਾਨਕ ਦੇਵ ਜੀ ਨੇ ਇਸੇ ਇਲਾਹੀ ਫੁਰਮਾਨ ਰਾਹੀਂ ਭਾਈ ਲਹਿਣਾ ਜੀ ਨੂੰ ਸਤੰਬਰ 1539 ਈ. ਵਿੱਚ ਗੁਰਗੱਦੀ ਬਖਸ਼ੀ । ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਪੰਜਤਾਲੀ ਵੀਂ ਪਾਉੜੀ ਵਿਚ ਗੁਰਤਾ-ਗੱਦੀ ਦੀ ਮਹਾਨਤਾ ਦਰਸਾਉਦੇ ਹਨ ।

ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰਿ ਛਤ੍ਰ ਫਿਰਾਇਆ॥
ਜੋਤੀ ਜੋਤਿ ਮਿਲਾਇ ਕੈ, ਸਤਿਗੁਰ ਨਾਨਕਿ ਰੂਪ ਵਟਾਇਆ॥
ਲਖਿ ਨ ਕੋਈ ਸਕਈ, ਆਚਰਜੇ ਆਚਰਜੁ ਦਿਖਾਇਆ॥
ਕਾਇਆ ਪਲਟਿ ਸਰੂਪ ਬਣਾਇਆ॥

ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਊਂਦਿਆਂ ਭਾਈ ਲਹਿਣੇ ਨੂੰ ਗੁਰੂ ਬਣਾਇਆ ਅਤੇ ਦੀਪਕ ਤੋਂ ਦੀਪਕ ਪ੍ਰਕਾਸ਼ਿਤ ਹੋ ਜਾਣ ਵਾਂਗ ਸਤਿਗੁਰ ਨਾਨਕ ਜੀ ਨੇ ਰੂਪ ਬਣਾ ਲਿਆ । ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਜੋ ਗੁਰੂ ਨਾਨਕ ਦੇਵ ਜੀ ਨੇ ਅਸਚਰਜ ਕੌਤਕ ਕੀਤਾ ਹੈ । ਕਾਇਆ ਪਲਟ ਕੇ ਨਵਾਂ ਸਰੂਪ ਬਣਾ ਲਿਆ ਹੈ । ‘ਜੋਤਿ ਓਹਾ
ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥’

ਗੁਰੂ ਨਾਨਕ ਦੇਵ ਜੀ ਦੁਆਰਾ ਨਿਰਧਾਰਿਤ ਕੀਤੀਆਂ ਲੀਹਾਂ ਮੁਤਾਬਿਕ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ, ਲੰਗਰ, ਮੱਲ ਅਖਾੜੇ ਆਦਿ ਰਾਹੀਂ ਸਿੱਖੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ । ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦੀ ਰਸਮ ਆਪ ਹੀ ਅਦਾ ਕਰਕੇ ਖੁਦ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾ ਕੇ  ਆਪ ਮੱਥਾ ਟੇਕਿਆ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਮੱਥਾ ਟੇਕਣ ਦਾ ਆਦੇਸ਼ ਕੀਤਾ । ਇਸ ਨਾਲ ਸਿੱਖੀ ਨੂੰ ਗੁਰਿਆਈ ਪ੍ਰੰਪਰਾ ਦਾ ਗਿਆਨ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਦੀ ਸਪੱਸ਼ਟ ਪਛਾਣ ਹੋਈ । ਇਸ ਵਰਤਾਰੇ ਨੇ ਇਤਿਹਾਸਕ ਤੌਰ ‘ਤੇ ਸਿੱਖੀ ਦੇ ਅਗਲੇਰੇ ਪੰਥ ਲਈ ਮਹੱਤਵਪੂਰਨ ਭੂਮਿਕਾ ਨਿਭਾਈ ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪੁੱਤਰਾਂ ਦੇ ਸੁਭਾਅ ਤੋਂ ਪਹਿਲਾਂ ਹੀ ਜਾਣੂੰ ਸਨ ਅਤੇ ਉਹ ਸਿੱਖੀ-ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕਰਨ ਦੇ ਇੱਛੁਕ ਵੀ ਸਨ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ‘ਖਡੂਰ ਸਾਹਿਬ’ ਨੂੰ ਪ੍ਰਚਾਰ-ਕੇਂਦਰ ਬਣਾਉਣ ਬਾਰੇ ਵੀ ਕਹਿ ਗਏ ਸਨ।

ਇਥੇ ਉਹ ਕਾਫੀ ਸਮਾਂ, ਮਾਈ ਵਿਰਾਈ ਜੀ ਦੇ ਘਰ, ਸਿਮਰਨ ਵਿਚ ਲੀਨ ਰਹੇ । ਗੁਰੂ ਜੀ ਨੇ ਇਸ ਮਾਈ ਨੂੰ ਕਹਿ ਰੱਖਿਆ ਸੀ ਕਿਸੇ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਾ ਦੇਣ । ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਦੀ ਖਬਰ ਸੁਣ ਕੇ ਉਹ ਬਹੁਤ ਵੈਰਾਗ ਵਿੱਚ ਆਏ ਅਤੇ ਉਨ੍ਹਾਂ ਦੀ ਯਾਦ ਵਿੱਚ ਕਰਤਾਰ ਦੀ ਬੰਦਗੀ ਵਿਚ ਲੱਗੇ ਰਹੇ । ਸੰਗਤਾਂ ਨੇ ਆਖਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਟਿਕਾਣੇ ਦਾ ਪਤਾ ਕਰਨ । ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਨੇ ਮਾਈ ਵਿਰਾਈ ਜੀ ਦੇ ਰਾਹੀਂ ਗੁਰੂ ਅੰਗਦ ਦੇਵ ਜੀ ਨੂੰ ਗੁਰ-ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਬੇਨਤੀ ਕੀਤੀ ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ 62 ਸਲੋਕਾਂ ਦੀ ਰਚਨਾ ਕੀਤੀ ਅਤੇ ਗੁਰੂ ਜੀ ਨੇ ਖਡੂਰ ਸਾਹਿਬ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਇਥੋਂ ਹੀ ਅਗਲੇਰੇ ਕਾਰਜ ਕਰਦੇ ਰਹੇ । ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਪਹਿਲਾ ਬਾਲ ਬੋਧ ਜ਼ਾਰੀ ਕੀਤਾ ਗਿਆ ।ਇਸੇ ਅਸਥਾਨ ‘ਤੇ ਪਹਿਲਾ ਕਾਰਜ਼ ਗੁਰਮੁਖੀ ਲਿਪੀ ਨੂੰ ਤਰਬੀਤ ਦੇ ਕੇ ਵਿਕਾਸ ਕੀਤਾ ਤੇ ਬਾਲ-ਬੋਧ ਲਿਖਵਾ ਕੇ ਇਤਿਹਾਸਕ ਸਰੋਤ ਜਨਮ ਸਾਖੀ ਇਸੇ ਲਿਪੀ ਵਿਚ ਲਿਖਵਾਈ । ਗੁਰੂ ਅੰਗਦ ਦੇਵ ਸਾਹਿਬ ਆਪ ਗੁਰੂ ਸ਼ਬਦ ਦੇ ਲੰਗਰ ਨੂੰ ਵਰਤਾਇਆ ਕਰੇ ਸਨ । ਜਿਸ ਦੇ ਬਾਰੇ ਭਾਈ ਸੱਤਾ ਤੇ ਬਲਵੰਡ ‘ਰਾਮਕਲੀ ਕੀ ਵਾਰ’ ਵਿਚ ਜ਼ਿਕਰ ਕਰਦੇ ਹਨ:- “ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ”

ਗੁਰੂ ਅੰਗਦ ਜੀ, ਨਾਨਕ ਨਿੰਰਕਾਰੀ ਦੀ ਜੋਤ ਸਨ, ਜਿਸਨੇ ਸਿੱਖਾਂ ‘ਚ ਅਜਿਹੀ ਵਿਲੱਖਣ ਕੌਮ ਨੂੰ ਦਸਵੇਂ ਜਾਮੇ ਵਿਚ ਕੇਸਗੜ੍ਹ ਵਿਖੇ ਪ੍ਰਗਟ ਕਰਨਾ ਸੀ । ਇਸ ਲਈ ਨਿਰੋਏ ਤੇ ਤੰਦਰੁਸਤ ਸਰੀਰਾਂ ਦੀ ਚੇਤਨਾ ਪੈਦਾ ਕਰਨ ਲਈ ਉਹਨਾਂ ਨੇ “ਆਪੇ ਛਿੰਝ ਪਵਾਇ ਮੱਲਾਖਾੜਾ ਰਚਿਆ” ਮੱਲ ਅਖਾੜਾ ਸਥਾਪਤ ਕੀਤਾ । ਗੁਰੂ ਜੀ ਆਪਣੀ ਨਿਗਰਾਨੀ ਅਤੇ ਸਰਪ੍ਰਸਤੀ ਹੇਠ ਵਰਜ਼ਿਸ ਕਰਵਾਉੇਂਦੇ ਰਹੇ । ਗੁਰੂ ਜੀ ਦੁਆਰਾ ਨਰੋਈ ਦੇਹ ਦੀ ਪੈਦਾ ਕੀਤੀ ਚੇਤਨਾ ਵਿਚੋਂ ਹੀ ਸਿੱਖਾਂ ਵਿਚ ਇਕ ਸੱਭਿਆਚਾਰ ਪੈਦਾ ਹੋਇਆ ਜੋ ਖਾਲਸਾ ਫੌਜ ਦੇ ਵਿੱਲਖਣ ਕਾਰਨਾਮਿਆਂ ਦਾ ਆਧਾਰ ਬਣਿਆ ।

ਉਹਨਾਂ ਲੰਗਰ ਦੀ ਪ੍ਰਥਾ ਸਥਾਪਿਤ ਕੀਤੀ । ਜਿਸ ਵਿਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ । ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ । ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਿਆਈ ਦਾ ਲਗਭਗ 13 ਸਾਲ ਦਾ ਅਰਸਾ ਖਡੂਰ ਸਾਹਿਬ ਵਿਖੇ ਹੀ ਬਤੀਤ ਕੀਤਾ ਅਤੇ ਸਿੱਖੀ ਦੇ ਸੰਸਥਾਗਤ ਢਾਂਚੇ ਦੀ ਉਸਾਰੀ ਕੀਤੀ । ਇਸੇ ਸੰਸਥਾਗਤ ਢਾਂਚੇ ਕਰਕੇ ਸਿੱਖ ਕੌਮ ਦੀ ਵਿੱਲਖਣ ਹਸਤੀ ਅਤੇ ਇਸਦਾ ਸੱਭਿਆਚਾਰ ਹੋਂਦ ਵਿਚ ਆਇਆ ।

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਪੁਰਬ ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਖਡੂਰ ਸਾਹਿਬ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>