ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ‘ਤੇ ਵਿਸ਼ੇਸ਼

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਚਪਨ ਤੋਂ ਹੀ ਗੁਰੂ ਘਰ ਦੇ ਦੋਖੀਆਂ ਦੀਆਂ ਗਤੀਵਿਧੀਆਂ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਉਨ੍ਹਾਂ ਦੇ ਤਾਇਆ, ਪ੍ਰਿੰਥੀਚੰਦ ਅਤੇ ਤਾਈ ਕਰਮੋ ਨੇ ਉਨ੍ਹਾਂ ਨੂੰ ਸਰੀਰਕ ਤੌਰ ਤੇ ਮਾਰ ਦੇਣ ਦੀਆਂ ਚਾਰ ਗੋਂਦਾਂ ਗੁੰਦੀਆਂ ਪਰ ਹਰ ਵਾਰ ਅਸਫਲਤਾ ਅਤੇ ਬਦਨਾਮੀ ਹੀ ਮਿਲੀ । ਗੁਰੂ ਜੀ ਅਜੇ 11 ਸਾਲ ਦੇ ਹੀ ਸਨ ਕਿ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਤਸੀਹੇ ਦਿਵਾ ਕੇ  ਸ਼ਹੀਦ ਕਰਵਾ ਦਿੱਤਾ ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਜ਼ਾਰੀ ਕੀਤੇ  ਕਿ ਅੱਜ ਤੋਂ ਬਾਅਦ ਗੁਰੂ ਘਰ ਨੂੰ ਦਿੱਤੀ ਭੇਟਾ ਵਿਚ ਚੰਗੇ ਹਥਿਆਰ, ਚੰਗੇ ਘੋੜੇ ਅਤੇ ਨੌਜਵਾਨ ਸ਼ਾਮਿਲ ਕੀਤੇ ਜਾਣ। ਇਸ ਵਾਸਤੇ ਸਿੱਖਾਂ ਨੂੰ  ਵਰਜ਼ਿਸ਼, ਕੁਸ਼ਤੀਆਂ ਅਤੇ ਘੋੜ ਸਵਾਰੀ ਕਰਨ ਦੇ ਨਾਲ-ਨਾਲ ਗਤਕਾ ਖੇਡਣ ਦੀ ਹਦਾਇਤ ਕੀਤੀ ਗਈ । ਗੁਰੂ ਸਾਹਿਬ ਨੇ ਸਿੱਖਾਂ ਨੂੰ ਅਕਾਲ ਪੁਰਖ ਉੱਤੇ ਭਰੋਸਾ ਰੱਖਦੇ ਹੋਏ ਜ਼ੁਲਮ ਦਾ ਟਾਕਰਾ ਕਰਨ ਦਾ ਉਪਦੇਸ਼ ਦਿੱਤਾ  । ਇਸ ਤਰ੍ਹਾਂ ਸਿੱਖ ਫੌਜ ਦੀ ਨੀਂਹ ਰੱਖੀ ਗਈ । ਉਪਰੰਤ 1609 ਈ. ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਲੋਹਗੜ੍ਹ ਕਿਲ੍ਹਾ ਵੀ ਉਸਾਰੇ ਗਏ ।

ਚੰਦੂ ਮਿਹਰਬਾਨ ਅਤੇ ਹੋਰ ਗੁਰੂ ਵਿਰੋਧੀ ਅਨਸਰਾਂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ  ਨਿਸ਼ਾਨ ਸਾਹਿਬ ਬਣਾ ਲਿਆ ਹੈ, ਨਗਾਰਾ ਵਜਾਉਂਦੇ ਹਨ, ਤਖ਼ਤ ਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਅਖਵਾਉੇਂਦੇ ਹਨ  ਪਰ ਅਸਲ ਵਿੱਚ ਗੁਰੂ ਦਾ ਮਨਸ਼ਾ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ। ਬਾਦਸ਼ਾਹ ਕੰਨਾਂ ਦਾ ਬਹੁਤ ਕੱਚਾ ਸੀ। ਉਹ ਗੁਰੂ ਘਰ ਦੇ ਵਿਰੋਧੀਆਂ ਦੀਆਂ ਗੱਲਾਂ ਵਿੱਚ ਆ ਗਿਆਂ। ਉਸਨੇ ਗੁਰੂ ਜੀ ਨੂੰ ਵਾਰਤਾਲਾਪ ਵਾਸਤੇ ਦਿੱਲੀ ਬੁਲਾਇਆ ਅਤੇ ਗੱਲ ਬਾਤ ਕੀਤੀ । ਇਕ ਦਿਨ ਜਹਾਂਗੀਰ ਬਾਦਸ਼ਾਹ ਸ਼ਿਕਾਰ ਖੇਡਣ ਦੌਰਾਨ ਗੁਰੂ ਜੀ ਨੂੰ ਆਪਣੇ ਨਾਲ ਲੈੇ ਗਿਆ। ਰਸਤੇ ਵਿਚ ਤਾਕ ਲਗਾ ਕੇ ਬੈਠਾ ਇੱਕ ਸ਼ੇਰ ਅਚਾਨਕ ਬਾਦਸ਼ਾਹ ਦੇ ੳੁੱਤੇ ਟੁੱਟ ਪਿਆ। ਗੁਰੂ ਜੀ ਨੇ ਸ਼ੇਰ ਨੂੰ ਤੁਰੰਤ ਆਪਣੀ ਢਾਲ ਤੇ ਰੋਕਿਦਿਆਂ ਤਲਵਾਰ ਦੇ ਇਕੋ ਵਾਰ ਨਾਲ ਮਾਰ ਦਿੱਤਾ। ਬਾਦਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਕੀਤਾ ।

ਪਰੰਤੂ ਬਾਅਦ ਵਿੱਚ ਬਾਦਸ਼ਾਹ ਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਾਹਦਤ ਨੇ ਸਿੱਖਾਂ ਨੂੰ ਭੈ-ਭੀਤ ਨਹੀਂ ਕੀਤਾ ਸਗੋਂ ਵਧੇਰੇ ਤਾਕਤਵਾਰ ਅਤੇ ਨਿਡਰ ਬਣਾ ਦਿੱਤਾ ਹੈ । ਸੋ, ਉਸਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਲਈ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ।

ਜਹਾਂਗੀਰ ਬਾਦਸ਼ਾਹ 1612 ਈ. ਵਿਚ ਬੀਮਾਰ ਹੋ ਗਿਆ। ਜਦੋਂ ਹਕੀਮਾਂ, ਆਦਿ ਦੇ ਇਲਾਜ ਤੋਂ ਠੀਕ ਨਾ ਹੋਇਆ ਤਾਂ ਨੂਰਜਹਾਨ ਹਜ਼ਰਤ ਨਿਜ਼ਾਮੁੱਦੀਨ ਔਲੀਆ ਪਾਸ ਲੈ ਕੇ ਗਈ, ਜਿਥੇ ਸਾਈਂ ਮੀਆਂ ਮੀਰ ਅਤੇ ਫਖਰੁੱਦੀਨ ਵੀ ਬੈਠੇ ਸਨ । ਉਥੇ ਹੋ ਰਹੀਂ ਗੱਲ ਬਾਤ ਵਿਚ ਜਹਾਂਗੀਰ ਨੇ ਪੁੱਛਿਆ ਕਿ ਕੋਈ ਐਸਾ ਆਦਮੀ ਵੀ ਹੈ ਜਿਸਨੂੰ ਪੂਰਾ ਬ੍ਰਹਮ ਗਿਆਨ ਪ੍ਰਾਪਤ ਹੈ ? ਸਾਈਂ ਮੀਆਂ ਮੀਰ ਨੇ ਜਵਾਬ ਦਿੱਤਾ “ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਦੇ ਕੈਦ ਕੀਤਾ ਹੋਇਆ ਹੈ । ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਵੀ ਪੂਰੇ ਬ੍ਰਹਮ ਗਿਆਨੀ ਸਨ, ਜਿਨ੍ਹਾਂ ਨੂੰ ਤੁਹਾਡੀ ਭੈੜੀ ਨੀਤੀ ਨੇ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ ।ਜਹਾਂਗੀਰ ਨੇ ਪਛਤਾਵਾ ਕਰਦਿਆ ਪੁੱਛਿਆ ਕਿ ਉਸਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ? ਹਜ਼ਰਤ ਮੀਆਂ ਮੀਰ ਦਾ ਉੱਤਰ ਸੀ, “ਤੂੰ ਉਸ ਵੇਲੇ ਸੁਣਦਾ ਕਦੋਂ ਸੀ” ਨੂਰਜਹਾਨ ਤੇ ਇੰਨ੍ਹਾਂ ਗੱਲਾਂ ਦਾ ਡੂੰਘਾ ਅਸਰ ਹੋਇਆ ਅਤੇ ਉਸਨੇ ਜਹਾਂਗੀਰ ਨੂੰ ਕਿਹਾ  ਸਿੱਖਾ ਦੇ ਗੁਰੂ ਨੂੰ ਕੈਦ ਵਿਚ ਰੱਖਣਾ ਠੀਕ ਨਹੀਂ ਹੈ । ਤੈਨੂੰ ਇਸ ਗੁਨਾਹ ਦੀ ਮਾਰ ਤੋਂ ਕੌਮ ਵੀ ਨਹੀਂ ਬਚਾ ਸਕਦੀ । ਇਸ ਵਾਰਤਾ ਦੇ ਫਲਸਰੂਪ ਜਹਾਂਗੀਰ ਨੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਜ਼ਾਰੀ ਕਰ ਦਿੱਤੇ ।

ਗੁਰੂ ਜੀ ਲਗਭਗ 2 ਸਾਲ 3 ਮਹੀਨੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਰਹੇ। ਬੰਦੀਆਂ ਨਾਲ ਰਹਿੰਦਿਆਂ ਆਪ ਜੀ ਨੇ ਸਦੀਆਂ ਤੋਂ ਦੱਬੇ ਅਤੇ ਗੁਲਾਮੀ ਵਿਚ ਜੀਉਣ ਵਾਲੇ ਲੋਕਾਂ ਲਈ ਅਜ਼ਾਦੀ ਦੀ ਮਸ਼ਾਲ ਜਗਾਈ ਅਤੇ ਕਿਲ੍ਹੇ ਅੰਦਰ ਕੈਦ ਦਾ ਸੰਤਾਪ ਭੁਗਤ ਰਹੇ ਰਾਜੇ  ਗੁਰੂ ਜੀ ਦੇ ਸ਼ਰਧਾਲੂ ਬਣ ਚੁੱਕੇ ਸਨ। ਪਰੰਤੂ ਗੁਰੂ ਜੀ ਆਖਿਆ ਜਿੰਨ੍ਹਾਂ ਚਿਰ ਉਨ੍ਹਾਂ ਦੇ ਨਾਲ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜੇ ਅਤੇ ਹੋਰ ਰਾਜਸੀ ਕੈਦੀ ਜੋ ਰਿਹਾ ਨਹੀਂ ਕੀਤੇ ਜਾਂਦੇ । ਉਹ ਕਿਲ੍ਹੇ ‘ਚੋ ਬਾਹਰ ਨਹੀਂ ਆਉਣਗੇ । ਬਾਦਸ਼ਾਹ ਨੇ ਆਖਿਆ ਕਿ ਜਿਹੜੇ ਗੁਰੂ ਦੀ ਕੰਨੀ ਜਾਂ ਹੱਥ ਫੜ੍ਹ ਕੇ ਆ ਜਾਣ ਉਨ੍ਹਾਂ ਨੂੰ ਰਿਹਾ ਕੀਤਾ ਜਾਵੇ । ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ । ਪ੍ਰਿੰਸੀਪਲ ਸਤਿਬੀਰ ਸਿੰਘ ਆਪਣੀ ਰਚਨਾ ਵਿੱਚ ਲਿਖਦੇ ਹਨ ਕਿ 1612 ਈ. ਗੁਰੂ ਸਾਹਿਬ ਦੀ ਰਿਹਾਈ ਹੋਈ । ਗੁਰੂ ਜੀ ਦੇ ਨਾਲ 52 ਰਾਜੇ ਚੋਲੇ ਦੀਆਂ ਕਲੀਆਂ ਅਤੇ ਦੋਵੇਂ ਹੱਥ ਫੜ ਕੇ ਬਾਹਰ ਆ ਗਏ । ਕਿਲ੍ਹੇ ਤੋਂ ਬਾਹਰ ਆਉਂਦੇ ਸਮੇਂ ਰਾਜਿਆਂ ਨੇ ਜੈ ਦਾਤਾ ਬੰਦੀ ਛੋੜ ਦੇ ਜੈਕਾਰੇ ਲਗਾਏ । ਉਸੇ ਦਿਨ ਤੋਂ ਹੀ ਗੁਰੂ ਜੀ ਨੂੰ ਦਾਤਾ ਬੰਦੀ ਛੋੜ ਕਿਹਾ ਜਾਂਦਾ ਹੈ ।

ਉਸੇ ਸਮੇਂ ਤੋਂ ਹੀ ਸੰਗਤਾਂ ਗੁਰੂ ਸਾਹਿਬ ਦੀ ਰਿਹਾਈ ਦੀ ਖੁਸ਼ੀ ਵਿੱਚ ਪ੍ਰੰਮਪਰਾ ਗੱਤ ਚੱਲੀ ਆ ਰਹੀ ਅੱਸੂ ਦੀ ਮੱਸਿਆ ਮਨਾਉਂਦੀਆਂ ਹਨ ।   ਇਤਿਹਾਸਕ ਸਥਾਨ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ ਗਿਆ। ਅੱਜ ਕੱਲ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਸੇਵਾ ਕਰਵਾ ਰਹੇ ਹਨ । ਇਸ ਅਸਥਾਨ ਤੇ ਗੁਰੂ ਜੀ ਦੀ ਰਿਹਾਈ ਵਾਲੀ ਅੱਸੂ ਦੀ ਮੱਸਿਆ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ । ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਨਗਰ ਕੀਰਤਨ ਕਰਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਪੜਾਅ ਕਰਦੇ ਹੋਏ ਮਹੀਨੇ ਬਾਅਦ ਕੱਤਕ ਦੀ ਮੱਸਿਆ ਵਾਲੇ ਦਿਨ ਅੰਮ੍ਰਿਤਸਰ ਪੁੱਜੇ ਸਨ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>