ਥਾਂ ਥਾਂ ਤੇ ਬੈਠੇ ਨੇ ਰਾਵਣ….!

ਅੱਜ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਉਹ ਵਕੀਲ ਵੀ ਹੈ ਤੇ ਜੱਜ ਵੀ, ਪੁਲਿਸ ਅਫਸਰ ਵੀ ਹੈ ਤੇ ਪਾਇਲਟ ਵੀ, ਖਿਡਾਰੀ ਵੀ ਹੈ ਤੇ ਲਿਖਾਰੀ ਵੀ, ਪੱਤਰਕਾਰ ਵੀ ਹੈ ਤੇ ਸੰਪਾਦਕ ਵੀ, ਨਰਸ ਵੀ ਹੈ ਤੇ ਡਾਕਟਰ ਵੀ, ਪ੍ਰੋਫੈਸਰ ਵੀ ਹੈ ਤੇ ਇੰਜਨੀਅਰ ਵੀ..। ਰਾਜਨੀਤੀ ਵਿੱਚ ਵੀ ਉਹ ਮਰਦ ਤੋਂ ਪਿੱਛੇ ਨਹੀਂ ਰਹੀ। ਮੈਂਬਰ ਪਾਰਲੀਮੈਂਟ ਤੋਂ ਲੈ ਕੇ ਰਾਸ਼ਟਰਪਤੀ ਦੇ ਅਹੁੱਦੇ ਤੱਕ ਪਹੁੰਚ ਗਈ ਹੈ ਉਹ। ਗੱਲ ਕੀ ਹਰ ਖੇਤਰ ਵਿੱਚ ਉਹ ਮਰਦ ਦੇ ਬਰਾਬਰ ਹੀ ਨਹੀਂ ਪਹੁੰਚੀ ਸਗੋਂ ਕਈ ਖੇਤਰਾਂ ਵਿੱਚ ਤਾਂ ਉਹ ਮਰਦ ਤੋਂ ਕਾਫੀ ਅੱਗੇ ਨਿਕਲ ਗਈ ਹੈ। ਪਰ ਇਹ ਕੁੱਝ ਗਿਣੀਆਂ ਚੁਣੀਆਂ ਔਰਤਾਂ ਹੀ ਹਨ, ਆਮ ਔਰਤ ਦੀ ਹਾਲਤ ਅਜੇ ਜਿਉਂ ਦੀ ਤਿਉਂ ਹੀ ਹੈ।

ਅੱਜ ਵੀ ਮਰਦ (ਕੁੱਝ ਕੁ ਨੂੰ ਛੱਡ ਕੇ) ਔਰਤ ਨੂੰ ਬਰਾਬਰ ਦਾ ਦਰਜਾ ਦੇਣ ਲਈ ਤਿਆਰ ਨਹੀਂ। ਸ਼ਾਇਦ ਇਸ ਨਾਲ ਉਸ ਦੇ ਮਰਦਊਪੁਣੇ ਨੂੰ ਸੱਟ ਵੱਜਦੀ ਹੈ। ਇਹ ਮਰਦ ਅਜੇ ਤੱਕ ਉਸ ਨੂੰ ਇੱਕ ਭੋਗ ਵਿਲਾਸ ਦੀ ਵਸਤੂ ਹੀ ਸਮਝੀ ਬੈਠਾ ਹੈ। ਇਹ ਆਪਣੀ ਮਾਂ, ਭੈਣ ਜਾਂ ਧੀ ਨੂੰ ਛੱਡ ਕੇ, ਸਭ ਔਰਤਾਂ ਨੂੰ ਲਲਚਾਈਆਂ ਨਜ਼ਰਾਂ ਨਾਲ ਤੱਕਦਾ ਹੈ। ਕਿਤੇ ਕਿਤੇ ਤਾਂ ਇਸ ਦਾ ਹਵਸ ਇੰਨਾ ਭਾਰੂ ਹੋ ਜਾਂਦਾ ਹੈ ਕਿ ਇਹ ਆਪਣੀ ਧੀ ਜਾਂ ਭੈਣ ਨੂੰ ਵੀ ਨਹੀਂ ਬਖਸ਼ਦਾ। ਪਿੱਛੇ ਜਿਹੇ ਖਬਰ ਪੜ੍ਹੀ ਸੀ- ਕਿ ਇੱਕ ਜਵਾਨ ਭੈਣ ਭਰਾ, ਬਾਹਰਲੇ ਮੁਲਕ ਵਿੱਚ ਸਟੱਡੀ ਬੇਸ ਤੇ ਗਏ ਤੇ ਇੱਕ ਬੇਸਮੈਂਟ ਲੈ ਕੇ ਰਹਿਣ ਲੱਗ ਪਏ ਤੇ ਫਿਰ- ਇੱਕ ਦਿਨ ਉਹਨਾਂ ਕਾਮ ਵੱਸ ਹੋ ਕੇ ਇਸ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ। ਕਿਤੇ ਪਿਓ ਨੇ ਜਵਾਨ ਧੀ ਨਾਲ ਹੀ ਮੂੰਹ ਕਾਲਾ ਕਰ ਲਿਆ। ਕਿੱਥੇ ਮਹਿਫੂਜ਼ ਹੈ ਅੱਜ ਦੀ ਔਰਤ?

ਇੱਕ ਸਮਾਂ ਸੀ ਕਿ ਪਿੰਡ ਦੀ ਧੀ ਭੈਣ ਸਾਰੇ ਪਿੰਡ ਦੀ ਇੱਜ਼ਤ ਹੁੰਦੀ ਸੀ। ਕਿਸੇ ‘ਕੱਲੀ ਕਾਰੀ ਖੜ੍ਹੀ ਔਰਤ ਨੂੰ ਜੇ ਕਿਧਰੇ ‘ਨ੍ਹੇਰਾ ਸਵੇਰਾ ਹੋ ਜਾਣਾ ਤਾਂ ਪਿੰਡ ਦਾ ਕੋਈ ਸ਼ਖਸ ਦੇਖ ਕੇ ਹੌਸਲਾ ਹੋ ਜਾਂਦਾ ਸੀ ਕਿ- “ਹੁਣ ਕੋਈ ਡਰ ਨਹੀਂ ਮੇਰੇ ਪਿੰਡ ਦਾ ਫਲਾਣਾ ਆਦਮੀ ਮੇਰੇ ਕੋਲ ਖੜਾ ਹੈ”। ਪਰ ਹੁਣ ਤਾਂ ਪਿੰਡ, ਸ਼ਹਿਰ, ਮੁਹੱਲਾ ਛੱਡ- ਉਹ ਤਾਂ ਆਪਣੇ ਘਰ ਦੀ ਚਾਰ ਦੀਵਾਰੀ ਵਿੱਚ ਵੀ ਸੁਰੱਖਿਅਤ ਨਹੀਂ। ਲੜਕੀਆਂ ਨੇ ਸਕੂਲਾਂ ਵਿੱਚ ਪੜ੍ਹਨ ਜਾਣਾ ਹੈ, ਕਾਲਜ ਪੜ੍ਹਨਾ ਹੈ, ਉਚੇਰੀ ਪੜ੍ਹਾਈ ਲਈ ਯੂਨੀਵਰਸਿਟੀ ਜਾਂ ਪ੍ਰੌਫੈਸ਼ਨਲ ਡਿਗਰੀਆਂ ਲਈ ਦੂਜੇ ਸ਼ਹਿਰ, ਦੂਜੀ ਸਟੇਟ ਜਾਂ ਦੂਜੇ ਮੁਲਕ ਵੀ ਜਾਣਾ ਪੈ ਸਕਦਾ ਹੈ। ਮਾਂ ਬਾਪ ਬੱਚਿਆਂ ਦਾ ਸਾਥ ਕਿੱਥੇ ਕੁ ਤੱਕ ਦੇ ਸਕਦੇ ਹਨ? ਉਹਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਹਨ। ਉਹਨਾਂ ਬੱਚਿਆਂ ਦੇ ਖਰਚੇ ਪੂਰੇ ਕਰਨ ਲਈ ਕਮਾਈਆਂ ਵੀ ਕਰਨੀਆਂ ਹੁੰਦੀਆਂ ਹਨ। ਹਰ ਮੋੜ ਤੇ ਔਰਤ ਦਾ ਮਰਦ ਨਾਲ ਵਾਹ ਪੈਂਦਾ ਹੈ ਤੇ ਪਤਾ ਨਹੀਂ ਕਿ ਕਿਸ ਮੋੜ ਤੇ ਕੋਈ ਮਰਦ ਰਾਖਸ਼ ਦਾ ਰੂਪ ਧਾਰ ਲਵੇ। ਇਹ ਮਰਦ ਤਾਂ ਚਾਰ ਸਾਲ ਦੀ ਮਾਸੂਮ ਬਾਲੜੀ ਤੋਂ ਲੈ ਕੇ ਸੱਠ ਸਾਲ ਦੀ ਔਰਤ ਨੂੰ ਵੀ ਨਹੀਂ ਬਖਸ਼ਦਾ। ਮਨੁੱਖ ਦੇ ਵਿਕਾਸ ਦੀ ਕਹਾਣੀ ਵਿੱਚ ਪੜ੍ਹਦੇ ਹੁੰਦੇ ਸੀ ਕਿ ਮਨੁੱਖ ਦੀ ਨਸਲ ਜਾਨਵਰਾਂ ਤੋਂ ਹੋਂਦ ਵਿੱਚ ਆਈ। ਪਰ ਲਗਦਾ ਹੈ ਕਿ ਇਹ ਅੱਜ ਦਾ ਮਨੁੱਖ ਫਿਰ ਜਾਨਵਰ ਦਾ ਰੂਪ ਧਾਰ, ਕਾਮ ਦੀ ਭੁੱਖ ਵਿੱਚ ਅੰਨ੍ਹਾ ਹੋਇਆ ਫਿਰਦਾ ਹੈ। ਇਸ ਨੇ ਤਾਂ ਭੇੜੀਏ ਦਾ ਰੂਪ ਧਾਰ, ਸਹਾਰਾ ਘਰਾਂ ਤੇ ਅਨਾਥ ਆਸ਼ਰਮ ਦੀਆਂ ਮਾਸੂਮ ਬਾਲੜੀਆਂ ਨੂੰ ਵੀ ਨਹੀਂ ਬਖਸ਼ਿਆ!

ਜਿਸਮਾਨੀ ਛੇੜ ਛਾੜ ਦੇ ਕੇਸ ਤਾਂ ਆਏ ਦਿਨ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦੇ ਹਨ। ਇਸ ਵਿੱਚ ਕੇਵਲ ਨੀਚ ਦਰਜੇ ਦੇ ਲੋਕ ਹੀ ਨਹੀਂ ਹੁੰਦੇ, ਸਗੋਂ ਆਪਣੇ ਆਪ ਨੂੰ ਇੱਜ਼ਤਦਾਰ ਕਹਿੰਦੇ ਕਹਾਉਂਦੇ ਤੇ ਉੱਚ ਅਹੁਦਿਆਂ ਤੇ ਬੈਠੇ ਲੋਕ ਵੀ ਸ਼ਾਮਲ ਹੁੰਦੇ ਹਨ। ਇਸ ਸ਼੍ਰੇਣੀ ਵਿੱਚ ਵਕੀਲ, ਉੱਚ ਦਰਜੇ ਦੇ ਅਫਸਰ, ਚੋਟੀ ਦੇ ਸਿਆਸਤਦਾਨ, ਸਿਲੈਕਸ਼ਨ ਕਮੇਟੀਆਂ ਦੇ ਮੈਂਬਰ..ਆਦਿ ਸਭ ਦੇ ਕਿੱਸੇ, ਆਪਾਂ ਸੁਣ ਹੀ ਚੁੱਕੇ ਹਾਂ। ਹੋਰ ਤਾਂ ਹੋਰ ਅਧਿਆਤਮਕ ਆਗੂਆਂ ਬਾਰੇ ਵੀ ਜੋ ਤੱਥ ਸਾਹਮਣੇ ਆ ਰਹੇ ਹਨ, ਉਹ ਵੀ ਕਿਸੇ ਤੋਂ ਗੁੱਝੇ ਨਹੀਂ ਰਹੇ। ਪਿੱਛੇ ਜਿਹੇ ਇੱਕ ਖਬਰ ਪੜ੍ਹੀ ਸੀ ਕਿ ਇੱਕ ਚੋਟੀ ਦੀ ਖਿਡਾਰਨ ਨੂੰ, ਪਹਿਲਾਂ ਉਸ ਦੇ ਕੋਚ ਵਲੋਂ, ਤੇ ਫਿਰ ਕਿਸੇ ਕਮੇਟੀ ਮੈਂਬਰ ਵਲੋਂ- ਜਿਨਸੀ ਸ਼ੋਸ਼ਣ ਲਈ ਮਜਬੂਰ ਕੀਤਾ ਗਿਆ। ਹੁਣ ਤੁਸੀਂ ਆਪ ਹੀ ਸੋਚੋ ਕਿ- ਹੁਣ ਔਰਤ ਨੂੰ ਆਪਣੇ ਕੈਰੀਅਰ ਖਾਤਿਰ ਜਾਂ ਰੋਜ਼ਗਾਰ ਖਾਤਿਰ ਇੱਜ਼ਤ ਦਾ ਸੌਦਾ ਵੀ ਕਰਨਾ ਪਏਗਾ? ਇਹ ਸਾਡੇ ਉਹਨਾਂ ਮੁਲਕਾਂ ਦਾ ਹਾਲ ਹੈ ਜਿੱਥੇ ਔਰਤ ਦੀ ਅਜ਼ਾਦੀ ਦੀ ਦੁਹਾਈ ਦਿੱਤੀ ਜਾ ਰਹੀ ਹੈ।

ਤੁਸੀਂ ਸੋਚਦੇ ਹੋਵੋਗੇ ਕਿ- ਪੀੜਿਤ ਧਿਰ ਨੂੰ ਪੁਲਿਸ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ ਤੇ ਫਿਰ ਪੁਲਿਸ ਇਹਨਾਂ ਗੁੰਡਾ ਅਨਸਰਾਂ ਨੂੰ ਨੱਥ ਪਾਏਗੀ। ਭਾਈ, ਪੁਲਿਸ ਵੀ ਇਹਨਾਂ ਲੋਕਾਂ ਨੂੰ ਹੱਥ ਪਾਉਣ ਤੋਂ ਡਰਦੀ ਹੈ। ਉਸ ਦਾ ਜ਼ੋਰ ਵੀ ਮਾੜੇ ਤੇ ਹੀ ਚਲਦਾ ਹੈ। ਨਾਲੇ ਸਾਡੇ ਦੇਸ਼ ਦੀ ਪੁਲਿਸ ਕਿਹੜੀ ਦੁੱਧ ਧੋਤੀ ਹੈ, ਉਹ ਤਾਂ ਪਹਿਲਾਂ ਹੀ ਤਾਕ ਵਿੱਚ ਰਹਿੰਦੀ ਹੈ ਕਿ- ਕੋਈ ਸ਼ਿਕਾਰ ਉਹਨਾਂ ਦੇ ਜਾਲ ਵਿੱਚ ਫਸੇ ਤੇ ਫਿਰ ਪੁੱਛ ਗਿੱਛ ਦੇ ਬਹਾਨੇ, ਉਸ ਦਾ ਬਾਕੀ ਬਚਿਆ ਮਾਸ ਉਹ ਨੋਚ ਲੈਣ। ਇਸੇ ਡਰ ਤੋਂ ਜਾਂ ਆਪਣੀ ਬਦਨਾਮੀ ਦੇ ਡਰ ਤੋਂ, ਬਹੁਤੇ ਲੋਕ ਤਾਂ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ। ਜੋ ਕਰਵਾਉਂਦੇ ਹਨ, ਉਹਨਾਂ ਨੂੰ ਕਿਹੜਾ ਇਨਸਾਫ ਮਿਲ ਜਾਂਦਾ ਹੈ। ਵਿਚਾਰੇ ਸਾਲਾਂ ਬੱਧੀ ਕਚਹਿਰੀਆਂ ਦੇ ਚੱਕਰ ਕੱਟਦੇ ਰਹਿੰਦੇ ਹਨ। ਜੇ ਕਿਤੇ ਅੱਖਾਂ ਪੂੰਝਣ ਲਈ ਕੋਈ ਫੜਿਆ ਵੀ ਜਾਂਦਾ ਹੈ ਤਾਂ ਉਹ ਚਾਰ ਦਿਨ ਵਿੱਚ ਹੀ ਬਾਹਰ ਆ ਕੇ, ਫਿਰ ਪੀੜਿਤ ਧਿਰ ਨੂੰ ਧਮਕੀਆਂ ਦੇਣ ਲੱਗ ਜਾਂਦਾ ਹੈ।

ਮੇਰੇ ਘਰ ਵਿੱਚ ਇੱਕ ਕੰਮ ਵਾਲੀ ਕੰਮ ਕਰਦੀ ਸੀ। ਉਹ ਆਪਣੀ ਕਮਾਈ ਨਾਲ ਘਰ ਚਲਾਉਂਦੀ ਤੇ ਬੱਚੇ ਪਾਲਦੀ। ਘਰ ਵਾਲਾ ਸ਼ਰਾਬੀ ਸੀ- ਜਿੰਨੀ ਕਮਾਈ ਕਰਦਾ ਉਸ ਦੀ ਰਾਤ ਨੂੰ ਸ਼ਰਾਬ ਪੀ ਛੱਡਦਾ ਤੇ ਆਏ ਦਿਨ ਉਸ ਨੂੰ ਕੁੱਟਦਾ ਵੀ ਸੀ। ਮੈਂਨੂੰ ਉਸ ਤੇ ਬੜਾ ਤਰਸ ਆਉਂਦਾ। ਇੱਕ ਦਿਨ ਮੇਰੇ ਮੂੰਹੋਂ ਅਚਾਨਕ ਨਿਕਲਿਆ, “ਕੀ ਥੁੜਿਆ ਇਹੋ ਜਿਹੇ ਮਰਦ ਤੋਂ- ਤੂੰ ਇਹਨੂੰ ਛੱਡ ਕਿਉਂ ਨਹੀਂ ਦਿੰਦੀ? ਇਕੱਲੀ ਰਹਿ ਕੇ ਬੱਚੇ ਪਾਲ ਲੈ- ਰੋਜ਼ ਕੁੱਟ ਖਾਂਦੀ ਏਂ” ਉਹ ਇਕ ਦਮ ਬੋਲੀ, “ਅਬ ਮੇਰੇ ਸਰ ਊਪਰ ਮੇਰੇ ਮਰਦ ਕੀ ਛੱਤ ਤੋ ਹੈ ਬੀਬੀ ਜੀ। ਅਗਰ ਇਸ ਸੇ ਬਾਹਰ ਆ ਗਈ ਤੋ ਦੂਸਰੇ ਮਰਦ ਨੋਚ ਖਾਏਂਗੇ ਮੁਝੇ!” ਮੈਂ ਉਸ ਦਾ ਜਵਾਬ ਸੁਣ ਕੇ ਸੋਚਾਂ ਵਿੱਚ ਪੈ ਗਈ- ਕਿ ਔਰਤ ਘਰ ਅੰਦਰ ਵੀ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਜੇ ਬਾਹਰ ਨਿਕਲੇ ਤਾਂ ਬਾਹਰ ਵੀ ਗਿਰਝਾਂ ਮਾਸ ਨੋਚਣ ਲਈ ਤਿਆਰ ਬੈਠੀਆਂ ਹਨ। ਆਖਰ ਉਹ ਕਰੇ ਤਾਂ ਕੀ ਕਰੇ?

ਮੇਰੀ ਇੱਕ ਪਾਠਕ ਦਾ ਇੱਕ ਦਿਨ ਫੋਨ ਆਇਆ- ਉਸ ਨੂੰ ਮੇਰੀ ਕੋਈ ਰਚਨਾ ਵਧੀਆ ਲੱਗੀ ਸੀ। ਉਸ ਦੱਸਿਆ ਕਿ ਉਹ ਵੀ ਕਵਿਤਾ ਲਿਖਦੀ ਹੈ, ਤੇ ਕਿਤਾਬ ਛਪਵਾਉਣਾ ਚਾਹੁੰਦੀ ਹੈ। ਮੈਂ ਉਸ ਨੂੰ ਕਿਹਾ ਕਿ- ਤੁਸੀਂ ਆਪਣੇ ਸ਼ਹਿਰ ਦੀਆਂ ਸਾਹਿਤ ਸਭਾਵਾਂ ਵਿੱਚ ਜਾਇਆ ਕਰੋ- ਤੁਹਾਨੂੰ ਹੋਰ ਸੇਧ ਮਿਲ ਜਾਏਗੀ। “ਪਹਿਲਾਂ ਜਾਂਦੀ ਸੀ, ਪਰ ਹੁਣ ਮੇਰੇ ਪਤੀ ਦੇਵ ਜਾਣ ਦੀ ਇਜਾਜ਼ਤ ਨਹੀਂ ਦਿੰਦੇ” ਉਹ ਕਹਿਣ ਲੱਗੀ। “ਕੀ ਗੱਲ ਹੋ ਗਈ?” ਮੈਂ ਪੁੱਛਿਆ। “ਇੱਕ ਦਿਨ ਉਹ ਮੈਂਨੂੰ ਸਾਹਿਤ ਸਭਾ ਵਿੱਚ ਛੱਡਣ ਚਲੇ ਗਏ.. ਵਾਪਿਸ ਆਉਣ ਵੇਲੇ ਉਹਨਾਂ, ਦੋ ਸਾਹਿਤਕਾਰਾਂ ਨੂੰ ਔਰਤ ਲੇਖਕਾਂ ਬਾਰੇ ਭੱਦੀਆਂ ਟਿੱਪਣੀਆਂ ਕਰਦੇ ਸੁਣ ਲਿਆ… ਬੱਸ ਫੇਰ ਕੀ ਸੀ- ਕਹਿਣ ਲੱਗੇ ਅੱਗੋਂ ਤੋਂ ਕਿਸੇ ਸਭਾ ਵਿੱਚ ਨਹੀਂ ਜਾਣਾ- ਬੱਸ ਘਰ ਬੈਠ ਕੇ ਲਿਖੀ ਜਾ, ਤੇ ਮੈਂ ਕਿਸੇ ਪੇਪਰ ਵਿੱਚ ਛਪਣਾ ਭੇਜ ਦਿਆ ਕਰਾਂਗਾ। ਉਸ ਦਿਨ ਤੋਂ ਉਹਨਾਂ ਦਾ ਸੁਭਾਅ ਇੰਨਾ ਸ਼ੱਕੀ ਹੋ ਗਿਆ ਹੈ ਕਿ- ਉਹ ਮੇਰੇ ਪਾਠਕਾਂ ਦੇ ਫੋਨ ਵੀ ਆਪ ਹੀ ਸੁਣਦੇ ਹਨ।” ਉਹ ਇਕੋ ਸਾਹੇ ਸਾਰਾ ਕੁੱਝ ਦੱਸ ਗਈ। ਮੈਂ ਬੁੱਧੀਜੀਵੀ ਮਰਦਾਂ ਦੀ ਫਿਤਰਤ, ਅਤੇ ਔਰਤ ਦੀ ਆਜ਼ਾਦੀ ਬਾਰੇ ਕਿੰਨਾ ਚਿਰ ਬੈਠੀ ਸੋਚਦੀ ਰਹੀ।

ਉਹ ਰਾਵਣ ਤਾਂ ਵਿਦਵਾਨ ਪੰਡਤ ਸੀ, ਜਿਸ ਨੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਸੀਤਾ ਨੂੰ ਚੁੱਕ ਲਿਆ। ਸੀਤਾ ਉਸ ਦੀ ਗ੍ਰਿਫਤਾਰੀ ਵਿੱਚ ਜਰੂਰ ਸੀ, ਪਰ ਉਸ ਨੇ ਸੀਤਾ ਦਾ ਸਤ ਭੰਗ ਨਹੀਂ ਕੀਤਾ। ਉਸ ਰਾਵਣ ਨੂੰ ਅਸੀਂ ਬੁਰਾਈ ਦਾ ਪ੍ਰਤੀਕ ਮੰਨ ਕੇ, ਹਰ ਸਾਲ ਉਸ ਦੇ ਪੁਤਲੇ ਸਾੜਦੇ ਹਾਂ। ਪਰ ਆਹ ਜਿਹੜੇ ਰਾਵਣ ਅੱਜ ਥਾਂ ਥਾਂ ਤੇ ਬੈਠੇ ਹਨ, ਕਈ ਤਰ੍ਹਾਂ ਦੇ ਮਖੌਟੇ ਪਹਿਨ ਕੇ- ਇਹਨਾਂ ਦਾ ਕੀ ਕਰੋਗੇ? ਜੋ ਦਾਮਿਨੀ ਵਰਗੀਆਂ ਧੀਆਂ ਭੈਣਾਂ ਨੂੰ ਚਲਦੀਆਂ ਬੱਸਾਂ ‘ਚ ਵੀ ਨਹੀਂ ਬਖਸ਼ਦੇ! ਜੋ ਜਾਨਵਰਾਂ ਦੀ ਤਰ੍ਹਾਂ ਰਾਹਾਂ ‘ਚ ਖੜ੍ਹੇ ਸ਼ਿਕਾਰ ਭਾਲਦੇ ਰਹਿੰਦੇ ਹਨ! ਇਹਨਾਂ ਦੀ ਸ਼ਿਕਾਰ ਇੱਕ ਵੀਹ ਸਾਲਾ ਨਰਸ, 42 ਸਾਲ ‘ਕੌਮਾਂ’ ‘ਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਰਹੀ- ਤੇ ਇਹ ਦਰਿੰਦੇ ਥੋੜ੍ਹੀ ਜਿਹੀ ਸਜ਼ਾ ਕੱਟ, ਫਿਰ ਸਮਾਜ ਵਿੱਚ ਉਸੇ ਤਰ੍ਹਾਂ ਦਨਦਨਾਉਂਦੇ ਫਿਰਦੇ ਹਨ। ਮੋਗਾ ਕਾਂਡ, ਦਿੱਲੀ ਕਾਂਡ ਤੋਂ ਬਾਅਦ ਇਹ ਹੁਣ ਇਹ ਸਭ ਤੋਂ ਖੌਫਨਾਕ ਕਾਂਡ ਸਾਹਮਣੇ ਆਇਆ ਹੈ- ਸਰਸਾ ਕਾਂਡ..! ਅਜੇ ਰੁਕਣ ਦਾ ਨਾਮ ਨਹੀਂ ਲੈ ਰਹੇ ਇਹ ਕਾਂਡ!

ਮੈਂ ਮੰਨਦੀ ਹਾਂ ਕਿ- ਸਾਰੇ ਮਰਦ ਬੁਰੇ ਨਹੀਂ ਹੁੰਦੇ। ਬਹੁਤ ਸਾਰੇ ਮਰਦ, ਔਰਤਾਂ ਦੀ ਅਤੇ ਉਹਨਾਂ ਦੀ ਕਾਬਲੀਅਤ ਦੀ ਬਹੁਤ ਇੱਜ਼ਤ ਕਰਦੇ ਹਨ। ਦੇਸ਼ ਵਿਦੇਸ਼ ਵਿੱਚ ਮੇਰਾ ਹਜ਼ਾਰਾਂ ਮਰਦਾਂ ਨਾਲ ਵਾਹ ਪਿਆ ਹੈ। ਬੜੇ ਸੁਹਿਰਦ ਪੁਰਸ਼ ਵੀ ਮਿਲੇ ਹਨ ਜ਼ਿੰਦਗੀ ‘ਚ- ਜਿਹਨਾਂ ਨਿਰਸੁਆਰਥ ਹੋ ਕੇ ਮੇਰੀ ਮਦਦ ਵੀ ਕੀਤੀ ਤੇ ਹੌਸਲਾ ਹਫ਼ਜ਼ਾਈ ਵੀ। ਕਈ ਸਾਹਿਤਕਾਰਾਂ ਤੋਂ ਮੇਰੀ ਕਲਮ ਨੂੰ ਸੇਧ ਵੀ ਮਿਲੀ। ਪਰ ਕਈ ਉਪਰੋਂ ਬੀਬੇ ਰਾਣੇ ਦਿਸਣ ਵਾਲੇ, ਪੜ੍ਹੇ ਲਿਖੇ ਇੱਜ਼ਤਦਾਰ ਤੇ ਉਮਰ ਦੇ ਤੀਜੇ ਪੜ੍ਹਾਅ ਤੇ ਪਹੁੰਚੇ ਹੋਏ, ਮਰਦਾਂ ਦੀ ਫਿਤਰਤ ਦੇਖ ਸੁਣ ਕੇ, ਹੈਰਾਨ ਹੋਈਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਕਰਾਰੇ ਜਵਾਬ ਦੇ ਕੇ ਹੀ ਸੁਧਾਰਿਆ ਜਾ ਸਕਦਾ ਹੈ। ਕਿਸੇ ਦਫ਼ਤਰ ਜਾਂ ਸਭਾ ਸੁਸਾਇਟੀ ਵਿੱਚ ਇੱਕ ਬੰਦਾ ਵੀ ਐਸਾ ਠਰਕ ਭੋਰਨ ਵਾਲਾ ਆ ਜਾਵੇ, ਤਾਂ ਉਹ ਸਾਰੀ ਸਭਾ ਹੀ ਬਦਨਾਮ ਹੋ ਜਾਂਦੀ ਹੈ- ਕਿਉਂਕਿ ਇੱਕ ਮਛਲੀ ਸਾਰੇ ਜਲ ਨੂੰ ਗੰਦਾ ਕਰ ਦੇਂਦੀ ਹੈ। ਪਰ ਮੇਰਾ ਖਿਆਲ ਹੈ ਕਿ ਇਹਨਾਂ ਲੋਕਾਂ ਤੋਂ ਡਰ ਕੇ ਘਰ ਬੈਠ ਜਾਣਾ ਵੀ ਠੀਕ ਨਹੀਂ। ਅਗਰ ਕੋਈ ਐਸੀ ਹਰਕਤ ਕਰਦਾ ਹੈ- ਤਾਂ ਉਸ ਦੀ ਸ਼ਿਕਾਇਤ ਸਭਾ ਜਾਂ ਦਫ਼ਤਰ ਦੇ ਕਰਤੇ ਧਰਤੇ ਕੋਲ ਕਰਨੀ ਚਾਹੀਦੀ ਹੈ। ਉਹ ਕੋਈ ਕਾਰਵਾਈ ਤਾਂ ਕਰਨਗੇ ਹੀ ਉਸ ਨੂੰ ਸੁਧਾਰਨ ਲਈ!

ਮੇਰੀ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਆਪ ਵਿੱਚ ਸਵੈ ਵਿਸ਼ਵਾਸ ਪੈਦਾ ਕਰੋ। ਅਜੇਹੇ ਮਰਦਾਂ ਦੀ ਨਬਜ਼ ਪਛਾਣ ਕੇ, ਉਹਨਾਂ ਤੋਂ ਕੁੱਝ ਦੂਰੀ ਬਣਾਈ ਰੱਖੋ। ਜੇ ਲੋੜ ਪਵੇ ਤਾਂ ਕਿਸੇ ਦੇ ਸਾਹਮਣੇ ਉਸ ਦੀ ਗਲਤ ਹਰਕਤ ਦਾ ਭਾਂਡਾ ਭੰਨੋ। ਆਪਣੇ ਆਪ ਨੂੰ ਕਦੇ ਵੀ ਅਬਲਾ ਨਾ ਸਮਝੋ- “ਕੋਮਲ ਹੈ ਕਮਜ਼ੋਰ ਨਹੀਂ ਤੂੰ, ਸ਼ਕਤੀ ਕਾ ਨਾਮ ਹੀ ਨਾਰੀ ਹੈ”। ਜੇਕਰ ਇੱਕ ਔਰਤ ਨਾਲ ਕੋਈ ਘਟਨਾ ਵਾਪਰਦੀ ਹੈ, ਤਾਂ ਬਾਕੀ ਔਰਤਾਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ। ਏਕੇ ਵਿੱਚ ਬਰਕਤ ਹੈ। ਜੇ ਸਾਰੀ ਨਾਰੀ ਸ਼ਕਤੀ ਇਕੱਠੀ ਹੋ ਜਾਵੇ ਤਾਂ ਇਹ ਗਲਤ ਅਨਸਰ ਥਰ ਥਰ ਕੰਬਣ ਲੱਗ ਜਾਏਗਾ। ਔਰਤਾਂ ਵੀ ਆਪਣੇ ਬਾਹਰੀ ਸੁਹੱਪਣ ਨਾਲੋਂ, ਆਪਣੀ ਸੇਹਤ ਵੱਲ ਵੱਧ ਧਿਆਨ ਦੇਣ। ਆਪਣੀ ਖੁਰਾਕ, ਕਸਰਤ, ਯੋਗਾ ਤੇ ਸ਼ੁਧ ਵਿਚਾਰਾਂ ਰਾਹੀਂ ਤਕੜਾ ਜੁੱਸਾ ਪੈਦਾ ਕਰਕੇ- ਜੁੱਡੋ ਕਰਾਟੇ ਗੱਤਕਾ ਆਦਿ ਵੀ ਸਿੱਖਣ ਦੀ ਕੋਸ਼ਿਸ਼ ਕਰਨ ਤਾਂ ਜੋ ਆਪਣੀ ਸਵੈ ਰੱਖਿਆ ਕਰਨ ਦੇ ਨਾਲ ਦੂਜਿਆਂ ਦੀ ਮਦਦ ਵੀ ਕਰ ਸਕਣ।

ਮੁੱਕਦੀ ਗੱਲ ਤਾਂ ਇਹ ਹੈ ਕਿ ਅਗਰ ਲੜਕਿਆਂ ਨੂੰ ਵੀ ਇਹ ਸਿਖਿਆ ਦਿੱਤੀ ਜਾਵੇ ਕਿ- “ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ” ਤਾਂ ਰਾਵਣ ਬਿਰਤੀ ਨੂੰ ਰੋਕਿਆ ਜਾ ਸਕਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>