ਹੱਕ ਲਈ ਲੜਿਆ ਸੱਚ – (ਭਾਗ-21)

ਦੂਸਰੇ ਦਿਨ ਮੁਖਤਿਆਰ ਨੇ ਦੋ ਤਿੰਨ ਬੰਦੇ ਆਪਣੇ ਨਾਲ ਲਏ ਤੇ ਚੌਕੀਦਾਰ ਨੂੰ ਭੇਜ ਕੇ ਮੁੜ ਜੰਝ ਘਰ ਪੰਚਾਇਤ ਇਕੱਠੀ ਕੀਤੀ। ਪੰਚਾਇਤ ਤੋੇ ਇਲਾਵਾ ਹੋਰ ਵੀ ਸਿਆਣੇ ਲੋਕਾਂ ਨੂੰ ਬੁਲਾਵਾ ਭੇਜਿਆ, ਚੰਗਾ ਇਕੱਠ ਹੋ ਗਿਆ। ਕਰਤਾਰਾ ਤੇ ਉਸ ਦੀ ਘਰਵਾਲੀ ਵੀ ਆਪਣਾ ਮੁੰਡਾ ਲੈ ਕੇ ਪਹੁੰਚ ਗਏ। ਸਰਪੰਚ ਤਾਂ ਪਹਿਲੇ ਫ਼ੈਸਲੇ ਨੂੰ ਹੀ ਠੀਕ ਮੰਨ ਰਿਹਾ ਸੀ, ਪਰ ਮੁਖਤਿਆਰ ਤੇ ਦੂਸਰੇ ਬੰਦਿਆਂ ਨੇ ਸਰਪੰਚ ਦੀ ਇਕ ਨਾ ਚੱਲਣ ਦਿੱਤੀ। ਕਰਤਾਰੇ ਦੇ ਨਾਲ ਸਰਪੰਚ ਨੂੰ ਵੀ ਜੁਰਮਾਨਾ ਭਰਨ ਲਈ ਆਖਿਆ ਗਿਆ। ਸਾਰਿਆਂ ਨੂੰ ਇਹ ਫੈਂਸਲਾ ਚੰਗਾ ਲੱਗਾ, ਪਰ ਚੜ੍ਹਦੇ ਪਾਸੇ ਦਾ ਬਜੁਰਗ ਮੰਗਲ ਸਿੰਘ ਕਹਿਣ ਲੱਗਾ, “ਜੁਰਮਾਨਾ ਤਾਂ ਮਾ-ਬਾਪ ਭਰ ਦੇਣ ਗੇ ਪਰ ਮੁੰਡਿਆ ਨੂ ਤਾਂ ਕੋਈ ਸਜ਼ਾ ਨਾ ਮਿਲੀ।”

“ਹਾ ਬਈ, ਮੁਖਤਿਆਰ ਸਿੰਹਾਂ, ਬਾਪੂ ਮੰਗਲ ਸਿੰਘ ਠੀਕ ਹੀ ਆਖਦਾ ਵਾ।” ਲਹੌਰੀਆ ਗੁਰਦਿਆਲ ਸਿੰਘ ਕਹਿਣ ਲੱਗਾ, “ਮੁੰਡਿਆਂ ਤੋਂ ਮੁਆਫੀ ਮੰਗਾਉ।” ਕਰਤਾਰੇ ਦੇ ਮੁੰਡੇ ਨੇ ਤਾਂ ਮੁਆਫੀ ਛੇਤੀ ਮੰਗ ਲਈ, ਪਰ ਸਰਪੰਚ ਦਾ ਮੁੰਡਾ ਮੁਆਫੀ ਮੰਗਣਾ ਆਪਣੀ ਹੱਤਕ ਸਮਝੇ, ਪਰ ਉਹ ਇਕੱਠ ਦੇ ਸਾਹਮਣੇ ਮੁਆਫੀ ਮੰਗ ਕੇ ਹੀ ਛੁੱਟਿਆ।

ਮੁਖਤਿਆਰ ਦੇ ਜਤਨ ਨਾਲ ਕੀਤਾ ਗਿਆ ਇਹ ਫ਼ੈਸਲਾ ਸਭ ਨੇ ਸਾਲਾਹਿਆ। ਦੀਪੀ ਨੂੰ ਤਾਂ ਸਭ ਤੋਂ ਵੱਧ ਖੁਸ਼ੀ ਹੋਈ ਕਿ ਉਸ ਦੇ ਡੈਡੀ ਨੇ ਕਰਤਾਰੇ ਨੂੰ ਇਨਸਾਫ ਦਵਾਇਆ ਅਤੇ ਗਰੀਬ ਮਾਰ ਨਹੀਂ ਹੋਣ ਦਿੱਤੀ। ਪਰ ਸਰਪੰਚ ਹੁਸ਼ਿਆਰ ਨਿਕਲਿਆ, ਉਸ ਨੇ ਆਪਣਾ ਜੁਰਮਾਨਾ ਮੁਆਫ ਤਾਂ ਕਰਵਾਉਣਾ ਹੀ ਸੀ ਨਾਲ ਕਰਤਾਰੇ ਦਾ ਵੀ ਕਰਵਾਉਣਾ ਪਿਆ।

ਅੱਜ ਲੋਹੜੀ ਦਾ ਦਿਨ ਹੋਣ ਕਾਰਣ ਪਿੰਡ ਵਿਚ ਕਾਫੀ ਚਹਿਲ-ਪਹਿਲ ਸੀ। ਜਿੰਨਾ ਦੇ ਘਰ ਮੁੰਡੇ ਹੋਏ ਸਨ ਜਾਂ ਮੁੰਡਿਆਂ ਦੇ ਨਵੇ ਵਿਆਹ ਹੋਏ ਸਨ ਸਭ ਲੋਹੜੀ ਵੰਡ ਰਹੇ ਸਨ। ਕੁੜੀਆਂ ਦੇ ਟੋਲੇ ਪਰਾਤਾਂ ਸਿਰਾਂ ਤੇ ਚੁੱਕੀ ਘਰ ਘਰ ਜਾ ਕੇ ਲੋਹੜੀ ਵਰਤਾ ਰਹੇ ਸਨ। ਰਸ ਵਿਚ ਰਿੱਝਦੇ ਚੌਲ ਅਤੇ ਸਰੋਂ ਦੇ ਸਾਗ ਦੀ ਵਾਸ਼ਨਾ ਪਿੰਡ ਦੇ ਚੁਗਿਰਦੇ ਵਿਚ ਫੈਲ ਰਹੀ ਸੀ।

ਰਾਤ ਨੂੰ ਛੋਟੇ ਨਿਆਣਿਆਂ ਤੋਂ ਲੈ ਕੇ ਵੱਡੇ ਮੁੰਡੇ ਤੇ ਕੁੜੀਆਂ ਸਭ ਲੋਹੜੀ ਮੰਗਣ ਲੱਗੇ। ਜਦੋਂ ਦੀਪੀ ਛੋਟੀ ਸੀ ਤਾਂ ਉਹ ਵੀ ਆਪਣੀਆਂ ਸਹੇਲੀਆਂ ਨਾਲ ਲੋਹੜੀ ਮੰਗਣ ਜਾਂਦੀ ਸੀ। ਦੀਪੀ ਦੇ ਘਰ ਦੀ ਪਰੰਪਰਾ ਵੱਡੀਆਂ ਕੁੜੀਆਂ ਨੂੰ ਘਰ ਘਰ ਜਾ ਕੇ ਲਹੋੜੀ ਮੰਗਣ ਦੀ ਇਜਾਜ਼ਤ ਨਹੀ ਸੀ ਦੇਂਦੀ। ਵੈਸੇ ਸ਼ਰੀਕੇ ਵਿਚੋਂ ਲਗਦੇ ਕਿਸ ਦੇ ਘਰ ਕਾਕਾ ਹੋਣ ਕਾਰਨ ਦੀਪੀ ਦਾ ਸਾਰਾ ਟੱਬਰ ਉੱਥੇ ਹੀ ਲੋਹੜੀ ਮਨਾ ਆਇਆ। ਜ਼ਨਾਨੀਆਂ ਨੇ ਤਾਂ ਅੱਗ ਦੀ ਧੁੂਣੀ ਵਿਚ ਹੀ ਮੂੰਗਫਲੀ ਅਤੇ ਤਿਲ ਸੁੱਟ ਕੇ ਸ਼ਗਨ ਕਰ ਲਿਆ, ਪਰ ਆਦਮੀਆਂ ਵਿਚ ਰਾਤ ਦੇਰ ਤਕ ਸ਼ਰਾਬ- ਮੀਟ ਚਲਦਾ ਰਿਹਾ ਸੀ।

ਉਸ ਰਾਤ ਤੜਕੇ ਦੇ ਤਿੰਨ ਕੁ ਵਜੇ ਦਾ ਟਾਈਮ ਹੋਵੇਗਾ, ਗਿਆਨ ਕੌਰ ਨੇ ਕੰਧ ਦੇ ਉੱਪਰ ਦੀ ਅਵਾਜ਼ ਮਾਰੀ, “ਦੀਪੀ ਪੁੱਤ, ਆਪਣੇ ਡੈਡੀ ਨੂੰ ਭੇਜੀਂ, ਤੁਹਾਡੇ ਚਾਚੇ ਦੇ ਬਹੁਤ ਜੋਰ ਦੀ ਦਰਦ ਹੁੰਦਾ ਆ।”

ਠੰਡ ਹੋਣ ਕਾਰਣ ਸਾਰੇ ਆਪਣੇ ਕਮਰਿਆਂ ਦੇ ਦਰਵਾਜ਼ੇ ਬੰਦ ਕਰਕੇ ਪਏ ਸਨ। ਜਿਸ ਕਰਕੇ ਕਿਸੇ ਨੂੰ ਵੀ ਗਿਆਨ ਕੌਰ ਦੀ ਅਵਾਜ਼ ਨਾ ਸੁਣੀ। ਗਿਆਨ ਕੌਰ ਨੇ ਫਿਰ ਕਿਹਾ, “ਸੁਰਜੀਤ ਪੁੱਤ ਆਇਉ ਜਰਾ, ਤੁਹਾਡੇ ਚਾਚੇ ਦਾ ਤਾਂ ਬੁਰਾ ਹਾਲ ਆ।”
ਹਰਨਾਮ ਕੌਰ ਗੁਸਲਖਾਨੇ ਜਾਣ ਲਈ ਉੱਠੀ ਤਾਂ ਉਸ ਨੂੰ ਅਵਾਜ਼ ਸੁਣੀ। ਉਸ ਨੇ ਮੁਖਤਿਆਰ ਦੇ ਕਮਰੇ ਦਾ ਬੂਹਾ ਖੜਕਾਇਆ, “ਮੁਖਤਿਆਰ ਉੱਠੀਂ ਜਰਾ, ਤੇਰਾ ਤਾਇਆ ਢਿੱਲਾ ਹੋਇਆ ਲਗਦਾ ਆ।”

“ਆਹੋ, ਮੁਖਤਿਆਰ ਆਈਂ ਪੁੱਤ।” ਗਿਆਨ ਕੌਰ ਨੇ ਫਿਰ ਕੰਧ ਤੋਂ ਅਵਾਜ਼ ਦਿੱਤੀ, “ਢਿੱਡ ਲਈ ਬੈਠਾ ਆ, ਕਹਿੰਦਾ ਆ, ਢਿੱਡ ਦੇ ਦਰਦ ਨਾਲ ਜਾਨ ਨਿਕਲਦੀ ਜਾਂਦੀ ਆ।”

ਮੁਖਤਿਆਰ ਨੇ ਕੰਬਲ ਦੀ ਬੁੱਕਲ ਮਾਰੀ ਤਾਂ, ਵਿਹੜੇ ਵਿਚ ਆ ਕੇ ਪੁੱਛਣ ਲੱਗਾ, “ਤਾਈ, ਇਕੱਲਾ ਦਰਦ ਹੀ ਹੁੰਦਾ ਆ, ਜਾਂ ਉੱਲਟੀਆਂ ਵੀ ਆਉਂਦੀਆਂ ਨੇਂ।”

ਉੱਲਟੀ ਤਾਂ ਇਕ ਹੀ ਆਈ, ਪਰ ਉਵੱਤ ਜਿਹੇ ਆਉਣੋ ਨਹੀਂ ਹੱਟਦੇ।”

“ਮੈ ਆਇਆ ਦਵਾਈ ਲੈ ਕੇ।” ਇਹ ਕਹਿ ਕੇ ਮੁਖਤਿਆਰ ਨੇ ਰਮ ਦੀ ਵੱਡੀ ਬੋਤਲ ਵਿਚੋਂ ਥੋੜੀ ਜਿਹੀ ਰਮ ਛੋਟੀ ਸ਼ੀਸ਼ੀ ਵਿਚ ਪਾਈ ਤੇ ਲੈ ਕੇ ਤੁਰ ਪਿਆ।

ਵੇਲਾ ਸਿੰਘ ਮੰਜੇ ਤੇ ਪਿਆ ਹਾਏ ਹਾਏ ਕਰ ਰਿਹਾ ਸੀ।

“ਤਾਇਆ, ਤੈਨੂੰ ਠੰਡ ਲੱਗੀ ਲੱਗਦੀ ਆ।” ਮੁਖਤਿਆਰ ਨੇ ਸ਼ੀਸ਼ੀ ਵਿਚੋਂ ਰਮ ਗਿਲਾਸ ਵਿਚ ਪਾਉਂਦੇ ਕਿਹਾ, “ਹੁਣੇ ਦਰਦ ਠੀਕ ਹੋ ਜਾਣਾ ਆ।”

“ਮੈ ਤਾਂ ਤੇਰੀ ਤਾਈ ਨੂੰ ਕਿਹਾ ਸੀ ਕਿ ਉੁਹਨਾਂ ਨੂੰ ਨਾ ਜਗਾ, “ਵੇਲਾ ਸਿੰਘ ਨੇ ਦੱਸਿਆ, “ਪਰ ਇਹ ਕਹਿਣ ਲੱਗੀ ਕਿ ਤੈਨੂੰ ਮੁਖਤਿਆਰ ਦੀ ਦਵਾਈ ਤੋਂ ਬਗੈਰ ਅਰਾਮ ਨਹੀ ਆਉਣਾ।”

“ਤਾਇਆ, ਤੂੰ ਸਾਡੀ ਨੀਂਦ ਦਾ ਫਿਕਰ ਨਾ ਕਰਿਆ ਕਰ।” ਮੁਖਤਿਆਰ ਨੇ ਉਸ ਦੇ ਮੂੰਹ ਨੂੰ ਗਿਲਾਸ ਲਾਉਂਦੇ ਕਿਹਾ, “ਤਾਈ, ਲੋੜ ਵੇਲੇ ਸਾਨੂੰ ਨਹੀ ਜਗਾਏਗੀ ਤਾਂ ਹੋਰ ਕਿਸ ਨੂੰ ਦੱਸੇਗੀ।”

ਵੇਲਾ ਸਿੰਘ ਦੇ ਦਰਦ ਨੂੰ ਰਮ ਨਾਲ ਛੇਤੀ ਹੀ ਫ਼ਰਕ ਪੈ ਗਿਆ।

ਇਸ ਤਰ੍ਹਾਂ ਗਿਆਨ ਕੌਰ ਅਤੇ ਵੇਲਾ ਸਿੰਘ ਦੀ ਜ਼ਿੰਦਗੀ ਦੇ ਦਿਨ ਮੁਖਤਿਆਰ ਦੇ ਟੱਬਰ ਸਹਾਰੇ ਲੰਘ ਰਹੇ ਸਨ।
ਲੋਹੜੀ ਤੋਂ ਬਾਅਦ ਦਿਨ ਵੱਡੇ ਹੋਣ ਲੱਗ ਪਏ ਸਨ ਅਤੇ ਠੰਡ ਵੀ ਥੋੜੀ ਘੱਟ ਗਈ ਸੀ। ਹੁਣ ਸਵੇਰੇ ਸ਼ਾਮ ਹੀ ਠੰਡ ਹੁੰਦੀ, ਦਿਨ ਧੁੱਪ ਨਾਲ ਨਿੱਘਾ ਹੀ ਰਹਿੰਦਾ। ਕਈ ਦਿਨ ਹੋ ਗਏ ਸੀ ਦੀਪੀ ਨੇ ਦਿਲਪ੍ਰੀਤ ਨੂੰ ਮੁੜ ਨਹੀ ਸੀ ਦੇਖਿਆ। ਇਹਨਾਂ ਦਿਨਾਂ ਵਿਚ ਦੀਪੀ ਦਾ ਧਿਆਨ ਕਈ ਵਾਰੀ ਦਿਲਪ੍ਰੀਤ ਵੱਲ ਗਿਆ। ਪਤਾ ਨਹੀ ਉਸ ਨੂੰ ਕਿਸ ਗੱਲ ਦਾ ਡਰ ਸੀ ਜਿਸ ਕਰਕੇ ਉਹ ਆਪਣੇ ਮਨ ਨੂੰ ਦਿਲਪ੍ਰੀਤ ਦੇ ਬਾਰੇ ਸੋਚਣ ਤੋਂ ਮਨਾ ਕਰਨਾ ਚਾਹੁੰਦੀ ਸੀ। ਕਾਲਜ ਜਾਂਦਿਆਂ ਉਸ ਦਿਨ ਵੀ ਜਦੋਂ ਸਿਮਰੀ ਨੇ ਦਿਲਪ੍ਰੀਤ ਬਾਰੇ ਜਿਕਰ ਕੀਤਾ, “ਦਿਲਪ੍ਰੀਤ ਮੁੜ ਆਇਆ ਨਹੀਂ।”

“ਤੂੰ ਕੀ ਲੈਣਾ ਦਿਲਪ੍ਰੀਤ ਤੋਂ।” ਦੀਪੀ ਨੇ ਓਪਰੇ ਮਨ ਨਾਲ ਕਿਹਾ, ਠਸਾਡੀ ਕੀ ਵੇਲਣੇ ਵਿਚ ਬਾਂਹ ਆਈ ਹੋਈ ਹੈ ਦਿਲਪ੍ਰੀਤ ਤੋਂ ਬਗੈਰ।

“ਤੇਰੇ ਜਵਾਬ ਤੋਂ ਲੱਗਦਾ ਹੈ ਕਿ ਮੇਰੀ ਤਾਂ ਨਹੀਂ, ਪਰ ਤੇਰੀ ਬਾਂਹ ਜ਼ਰੂਰ ਵੇਲਣੇ ਵਿਚ ਆਈ ਹੋਈ ਆ।” ਸਿਮਰੀ ਨੇ ਦੀਪੀ ਦੇ ਮਨ ਦੀ ਗੱਲ ਸਮਝਦਿਆਂ ਕਿਹਾ, “ਦੀਪੀ, ਤੂੰ ਅਦਰੋਂ ਦਿਲਪ੍ਰੀਤ ਨੂੰ ਮਿਲਣ ਲਈ ਉਤਾਵਲੀ ਹੈ, ਮਨ ਜਾ ਮੇਰੀ ਗੱਲ।
“ਨਾਮ ਹੀ ਲੈਣ ਦੀ ਦੇਰ ਸੀ ਉਹ ਦੇਖ ਆ ਗਿਆ” ਸਿਮਰੀ ਸਾਹਮਣੇ ਆਉਂਦੇ ਦਿਲਪ੍ਰੀਤ ਵੱਲ ਇਸ਼ਾਰਾ ਕਰਦੀੇ ਨੇ ਕਿਹਾ, “ਕਿੰਨੀ ਲੰਮੀ ਉਮਰ ਆ।”

“ਤੇਰੇ ਮੂੰਹ ਵਿਚ ਘੀ ਸ਼ੱਕਰ। ਤੇਰੇ ਕਹੇ ਬੋਲ ਪੂਰੇ ਹੋਣ”

“ਮੇਰੇ ਬੋਲ ਜ਼ਰੂਰ ਪੂਰੇ ਹੋਣਗੇ, ਪਹਿਲਾ ਆਪਣੇ ਦਿਲਦਾਰ ਦਾ ਹੱਸ ਕੇ ਸੁਵਾਗਤ ਕਰ।”

“ਦਿਲਪ੍ਰੀਤ ਉਹਨਾਂ ਦੇ ਕੋਲ ਆ ਕੇ ਰੁਕ ਗਿਆ। ਦੋਵੇਂ ਸਹੇਲੀਆਂ ਭਾਵੇਂ ਰੁਕ ਗਈਆਂ ਸਨ, ਪਰ ਬੋਲੀਆਂ ਕੁਝ ਨਾ।”

“ਕੀ ਗੱਲ ਨਰਾਜ਼ ਹੋ?” ਦਿਲਪ੍ਰੀਤ ਨੇ ਹਵਾ ਤੋਂ ਲਾਈਆਂ ਐਨਕਾਂ ਨੂੰ ਉਤਾਂਹ ਕਰਦੇ ਪੁੱਛਿਆ, “ਮੈਨੂੰ ਇੱਕਦਮ ਬੀਕਾਨੇਰ ਵਾਲੇ ਭੂਆ ਜੀ ਦੇ ਜਾਣਾ ਪੈ ਗਿਆ।”

“ਤਹਾਨੂੰ ਦੱਸ ਕੇ ਜਾਣਾ ਚਾਹੀਦਾ ਸੀ।” ਦੀਪੀ ਦੇ ਮੂਹੋਂ ਚਾਣਚੱਕ ਨਿਕਲ ਗਿਆ, “ਤਾਂਹੀ ਤਾਂ ਮੈਂ ਇਸ ਚੱਕਰ ਵਿਚ ਪੈਣਾ ਨਹੀ ਸੀ ਚਾਹੁੰਦੀ।”

“ਕਿਹੜੇ ਚੱਕਰ ਵਿਚ?” ਸਿਮਰੀ ਨੇ ਉਸ ਦੀ ਕਹੀ ਹੋਈ ਗੱਲ ਫਿਰ ਬੋਚ ਲਈ।

“ਚੱਕਰ ਵਿਚ ਜਾਣ-ਬੁੱਝ ਕੇ ਕੋਈ ਵੀ ਨਹੀ ਫਸਦਾ।” ਦਿਲਪ੍ਰੀਤ ਨੇ ਗੰਭੀਰ ਹੋ ਕੇ ਕਿਹਾ, “ਇਹ ਤਾਂ ਕਿਸਮਤ ਦਾ ਚੱਕਰ ਹੁੰਦਾ ਹੈ, ਜੋ ਬੰਦਿਆਂ ਦੁਵਾਲੇ ਘੁੰਮ ਜਾਂਦਾ ਹੈ।”

ਉਸ ਵੇਲੇ ਸਿਮਰੀ ਦੀ ਨਿਗਹ ਸੜਕ ਦੇ ਦੂਸਰੇ ਕਿਨਾਰੇ ਤੇ ਖੜੀ ਜੀਪ ਵੱਲ ਗਈ ਜੋ ਉਹਨਾਂ ਦੇ ਪਿੰਡ ਦੇ ਲੰਬੜਦਾਰ ਦੀ ਸੀ। ਉਸ ਨੇ ਇਕਦਮ ਡਰ ਕੇ ਦੀਪੀ ਨੂੰ ਕਿਹਾ, “ਸਾਹਮਣੇ ਆਪਣੇ ਪਿੰਡ ਦੇ ਬੰਦੇ ਖੜੇ ਹਨ ਜੇ ਕਿਸੇ ਨੇ ਆਪਾਂ ਨੂੰ ਦੇਖ ਲਿਆ ਤਾਂ ਆਪਣੀ…।” ਦੀਪੀ ਨੇ ਮੂੰਹ ਘੁੰਮਾ ਕੇ ਦੇਖਿਆ ਤਾਂ ਉਹ ਵੀ ਬਦਨਾਮੀ ਤੋਂ ਡਰਦੀ ਦਿਲਪ੍ਰੀਤ ਨੂੰ ਕਹਿਣ ਲੱਗੀ, “ਅਸੀਂ ਚਲੀਆਂ।”

ਦਿਲਪ੍ਰੀਤ ਵੀ ਦੀਪੀ ਦੇ ਮਨ ਦੀ ਸਥਿਤੀ ਨੂੰ ਸਮਝਦਾ ਹੋਇਆ ਕਹਿਣ ਲੱਗਾ, “ਚੰਗਾ ਮੈਂ ਰੀਸੈਸ ਟਾਈਮ ਕਾਲਜ ਦੀ ਪਿਛਲੀ ਗਰਾਂਊਡ ਵਿਚ ਆਵਾਂਗਾ।”

ਦਿਲਪ੍ਰੀਤ ਦੇ ਜਾਣ ਤੋਂ ਬਾਅਦ ਦੀਪੀ ਨੇ ਸਿਮਰੀ ਨੂੰ ਕਿਹਾ, “ਕਿਸੇ ਨੇ ਸਾਨੂੰ ਦੇਖ ਨਾ ਲਿਆ ਹੋਵੇ।”

“ਮੈਨੂੰ ਨਹੀਂ ਲੱਗਦਾ ਉਹ ਬੰਦਿਆਂ ਨੇ ਸਾਨੂੰ ਦੇਖਿਆ ਹੋਵੇ।” ਸਿਮਰੀ ਨੇ ਕਿਹਾ, “ਮੈ ਤਾਂ ਆਪ ਬਹੁਤ ਡਰ ਗਈ ਸਾਂ, ਜੇ ਕਿਤੇ ਮੇਰੇ ਭਰਾ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਮੈਨੂੰ ਵੱਢ ਹੀ ਛੱਡਣਾ।”

“ਆਪਾਂ ਕੁੜੀਆਂ ਕਿੰਨੀਆਂ ਮਜ਼ਬੂਰ ਹਾਂ।” ਦੀਪੀ ਨੇ ਕਿਹਾ, “ਜੇ ਸੋਚਿਆ ਜਾਵੇ ਤਾਂ ਆਪਾਂ ਕੋਈ ਗਲਤ ਗੱਲ ਤਾਂ ਨਹੀਂ ਸੀ ਕਰ ਰਹੀਆਂ, ਸਿਰਫ ਦਿਲਪ੍ਰੀਤ ਕੋਲ ਖੜ੍ਹੀਆਂ ਹੀ ਸੀ।”

“ਮੈ ਤਾਂ ਆਪ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੀ ਹੁੰਨੀ ਆਂ।” ਸਿਮਰੀ ਨੇ ਆਪਣੀ ਸੋਚ ਦੱਸੀ, “ਮੇਰਾ ਭਰਾ ਆਪ ਤਾਂ ਝੀਰਾਂ ਦੀ ਗੁੱਡੀ ਨਾਲ ਤੁਰਿਆ ਫਿਰਦਾ ਆ, ਮੈਂ ਕਿਸੇ ਕੁੜੀ ਦੇ ਘਰ ਵੀ ਜਾ ਆਵਾਂ ਤਾਂ ਆਉਂਦੀ ਨੂੰ ਗੁੱਸੇ ਨਾਲ ਭਰੀਆਂ ਅੱਖਾਂ ਕੱਢ ਕੱਢ ਦੇਖ।”

“ਮੁੰਡਿਆਂ ਨੂੰ ਇਹਨਾ ਗੱਲਾਂ ਤੋਂ ਮਾਪੇ ਵੀ ਨਹੀ ਰੋਕਦੇ।”

“ਹਾਂ, ਮਾਪਿਆਂ ਨੇ ਰੋਕਣਾ, ਜੇ ਮੈਂ ਕਿਤੇ ਕਹਿ ਦੇਵਾਂ ਕਿ ਗੁਲਸ਼ਨ ਆਪ ਤਾਂ ਸਾਰੀ ਦਿਹਾੜੀ ਅਵਾਰਾਗਰਦੀ ਕਰਦਾ ਹੈ, ਉਸ ਨੂੰ ਕੋਈ ਵੀ ਕੁਝ ਨਹੀਂ ਕਹਿੰਦਾ।” ਸਿਮਰੀ ਨੇ ਦੀਪੀ ਨੂੰ ਦੱਸਿਆ, “ਮੇਰੀ ਦਾਦੀ ਆਖ,” ਉੁਹ ਮੁੰਡਾ ਆ, ਨ੍ਹਾਤਾ ਧੋਤਾ ਇਕੋ ਜਿਹਾ।”

“ਕੀ ਕਰੀਏ ਇਦਾਂ ਦੇ ਸਮਾਜ ਵਿਚ ਹੀ ਸਾਨੂੰ ਰਹਿਣਾ ਪੈਣਾ ਹੈ।” ਦੀਪੀ ਨੇ ਕਾਲਜ ਦੇ ਸਾਈਕਲ ਸਟੈਂਡ ਵਿਚ ਸਾਈਕਲ ਖੜ੍ਹੇ ਕਰਦੇ ਕਿਹਾ, “ਹਾਂ, ਫਿਰ ਲੰਚ ਟਾਈਮ ਆਪਾਂ ਦੋਨੋ ਹੀ ਪਿਛਲੀ ਗਰਾਂਉਡ ਵਿਚ ਚਲਾਂਗੀਆਂ।”

“ਮੈ ਨਹੀਂ ਜਾਣਾਂ ਤੂੰ ਆਪ ਹੀ ਜਾ ਆਈਂ।” ਸਿਮਰੀ ਨੇ ਕਿਹਾ, “ਤੂੰ ਮੈਨੂੰ ਹਰ ਵਾਰੀ ਕਬਾਬ ਵਿਚ ਹੱਡੀ ਨਾ ਬਣਾਇਆ ਕਰ।”
ਰੀਸੈਸ ਟਾਈਮ ਦਿਲਪ੍ਰੀਤ ਪਹਿਲਾਂ ਹੀ ਉੱਥੇ ਹੱਥ ਵਿਚ ਇਕ ਲਿਫਾਫਾ ਲਈ ਖਲੋਤਾ ਸੀ। ਦੀਪੀ ਨੂੰ ਆਉਂਦਿਆ ਦੇਖ ਕੇ ਬੋਲਿਆ, “ਸ਼ੁਕਰ ਹੈ ਇਕੱਲੇ ਹੀ ਆਏ ਹੋ, ਮੈਂ ਤਾਂ ਸੋਚਿਆ ਕਿ ਉਹ ਚਾਮਚੜਿੱਕ ਵੀ ਆਪ ਦੇ ਨਾਲ ਹੀ ਹੋਵੇਗੀ।”

“ਤੁਸੀ ਉਸ ਨੂੰ ਚਾਮਚੜਿੱਕ ਨਾ ਕਹੋ।” ਦੀਪੀ ਨੇ ਕਿਹਾ, “ਉਹ ਵਿਚਾਰੀ ਤਾਂ ਨਾਲ ਹੋਣਾ ਵੀ ਨਹੀ ਚਾਹੁੰਦੀ ਹੁੰਦੀ, ਮੈਂ ਹੀ ਉਸ ਨੂੰ ਨਾਲ ਰੱਖਦੀ ਹਾਂ।”

“ਵੈਸੇ ਵੀ ਸਵੇਰੇ ਦੀ ਅਜੇ ਤੱਕ ਡਰੀ ਹੋਣੀ ਏ।” ਦਿਲਪ੍ਰੀਤ ਨੇ ਧੁੱਪ ਵਿਚ ਘਾਹ ਤੇ ਬੈਠ ਦਿਆਂ ਲਿਫਾਫਾ ਖੋਲਦਿਆਂ ਆਖਿਆ, “ਆ ਲਉ ਮੂੰਗਫਲੀ ਖਾਉ।”

ਦੀਪੀ ਵੀ ਕੋਲ ਹੀ ਘਾਹ ਤੇ ਬੈਠ ਗਈ ਤੇ ਮੂੰਗਫਲੀ ਚੁੱਕ ਕੇ ਖਾਣ ਲੱਗ ਪਈ।

“ਜੇ ਤਹਾਨੂੰ ਭੁੱਖ ਲੱਗੀ ਹੈ ਤਾਂ ਆਪਾਂ ਕੰਨਟੀਨ ਵਿਚ ਚਲੇ ਜਾਂਦੇ ਹਾਂ।” ਦਿਲਪ੍ਰੀਤ ਨੇ ਪੁੱਛਿਆ, “ਜਾਂ ਮੈਂ ਇੱਥੇ ਕੁਝ ਲੈ ਆਉਂਦਾ ਹਾਂ।”

“ਨਹੀ ਮੈਨੂ ਕੋਈ ਭੱਖ ਨਹੀ ਲੱਗੀ ਅਤੇ ਨਾ ਹੀ ਆਪਣੇ ਕੋਲ ਇੰਨਾ ਖੁੱਲ਼ਾ ਟਾਈਮ ਹੈ।”

“ਚਲੋ ਮੈਨੂੰ ਇਹ ਦੱਸੋ ਕਿ ਹੁਣ ਤੁਸੀ ਆਪਣਾ ਮਨ ਪੱਕਾ ਬਣਾ ਲਿਆ ਹੈ ਮੇਰੇ ਬਾਰੇ।”

“ਹੋਰ ਉਸੇ ਤਰ੍ਹਾਂ ਹੀ ਤੁਹਾਡੇ ਕੋਲ ਬੈਠੀ ਹਾਂ।”

“ਮੈ ਤਾ ਚਾਹੁੰਦਾ ਹਾਂ ਕਿ ਤੂੰ ਹਮੇਸ਼ਾ ਹੀ ਮੇਰੇ ਕੋਲ ਬੈਠੀ ਰਹੇਂ।” ਦਿਲਪ੍ਰੀਤ ਨੇ ਇਹ ਗੱਲ ਆਪਣੇ ਮਨ ਵਿਚ ਕਹੀ ਤੇ ਫਿਰ ਬੋਲ ਕੇ ਕਿਹਾ, “ਤੁਹਾਡਾ ਧੰਨਵਾਦ ਜੋ ਤੁਸੀ ਮੈਨੂੰ ਚੁਣ ਲਿਆ।”

“ਦੈਟਸ ਆਲ ਰਾਈਟ।” ਦੀਪੀ ਨੇ ਵੀ ਦਿਲਪ੍ਰੀਤ ਵਾਲੀ ਫਾਰਮਿਲਟੀ ਵਿਚ ਹੀ ਕਿਹਾ, “ਖੈਰ ਚੁਣਿਆ ਤਾਂ ਨਹੀ।” ਇਹ ਕਹਿ ਕੇ ਦੀਪੀ ਹੱਸ ਪਈ।

“ਕੀ ਮਤਲਬ ਤੁਹਾਡਾ।”

“ਚੋਣ ਤਾਂ ਬਹੁਤ ਸਾਰਿਆਂ ਵਿਚੋਂ ਕਰਨੀ ਪੈਂਦੀ ਹੈ।” ਦੀਪੀ ਫਿਰ ਹੱਸ ਕੇ ਬੋਲੀ, “ਮੇਰੇ ਸਾਹਮਣੇ ਤਾਂ ਤੁਸੀ ਹੀ ਸੀ।”

ਰੀਸੈਸ ਦਾ ਸਾਰਾ ਟਾਈਮ ਉਹਨਾਂ ਨੇ ਇਸ ਤਰ੍ਹਾਂ ਛੋਟੀਆਂ ਛੋਟੀਆਂ ਗੱਲਾ ਕਰਕੇ ਝੱਟ ਲੰਘਾ ਲਿਆ ਅਤੇ ਦਿਲਪ੍ਰੀਤ ਅਗਲੀ ਮੁਲਾਕਾਤ ਬਾਰੇ ਦੱਸ ਕੇ ਚਲਾ ਗਿਆ।

ਕਾਲਜ ਤੋਂ ਛੁੱਟੀ ਹੁੰਦੇ ਸਾਰ ਹੇ ਸਿਮਰੀ ਨੇ ਸਭ ਤੋਂ ਪਹਿਲਾਂ ਹੀ ਪੁੱਛਿਆ, “ਕੀ ਗੱਲਾਂ ਹੋਈਆਂ ਅੱਜ ਫਿਰ।”

“ਹਾਂ ਗੱਲਾਂ ਕੀ ਕਰਨੀਆਂ ਸੀ, ਬਸ ਐਵੇ ਬੈਠੇ ਰਹੇ।”

“ਕੁੱਝ ਗੱਲਾਂ ਤਾਂ ਜ਼ਰੂਰ ਹੋਈਆਂ ਹੋਣਗੀਆਂ।” ਸਿਮਰੀ ਨੇ ਨੱਕ ਚੜ੍ਹਾ ਕੇ ਕਿਹਾ, “ਨਹੀਂ ਦੱਸਣੀਆਂ, ਤਾਂ ਤੇਰੀ ਮਰਜ਼ੀ।”

“ਬਸ, ਉਸ ਨੇ ਆ ਹੀ ਕਿਹਾ ਕੇ ਚੰਗਾ ਕੀਤਾ ਕਿ ਤੁਸੀ ਮੈਨੂੰ ਚੁਣ ਲਿਆ।”

“ਤੇ ਹੋਰ।”

“ਹੋਰ ਕੁਝ ਖਾਸ ਨਹੀਂ, ਬਸ ਮੂੰਗਫਲੀ ਖਾਈ ਗਏ।”

“ਹੁਣ ਤਾਂ ਉਹ ਤੈਨੂੰ ਮਿਲਣ ਹੀ ਤੁਰਿਆ ਰਹੇਗਾ।”

“ਨਹੀਂ ਇਸ ਤਰ੍ਹਾਂ ਉਹ ਨਹੀ ਕਰੇਗਾ, ਵੈਸੇ ਵੀ ਉਸ ਨੂੰ ਮੇਰੀ ਇੱਜ਼ਤ ਦਾ ਖਿਆਲ ਹੈ।”

“ਮੈ ਵੀ ਤੈਨੂੰ ਇਹ ਹੀ ਕਹਿਣਾ ਸੀ।” ਸਿਮਰੀ ਨੇ ਕਿਹਾ, “ਐਂਵੇ ਨਾ ਕੋਈ ਬਦਨਾਮੀ ਕਰਵਾ ਬੈਠੀਂ।”

“ਤੇਰਾ ਕੀ ਖਿਆਲ ਆ, ਉਹ ਕਿਤੇ ਲਲੂ ਪੰਝੂ ਆਸ਼ਕ ਹੈ।”

“ਨਾਂ ਨਾਂ ਉਹ ਤਾਂ ਦੇਸ਼ਾਂ ਦਾ ਰਾਜਾ ਆ।” ਸਿਮਰੀ ਹੱਸਦੀ ਹੋਈ ਕਹਿਣ ਲੱਗੀ, “ਲੱਲੂ ਪੰਝੂ ਕਿਵੇਂ ਹੋ ਸਕਦਾ ਆ। ”
ਦੋਨੋ ਸਹੇਲੀਆਂ ਖਿੜਖੜਾ ਕੇ ਹੱਸ ਪਈਆਂ।

ਦੀਪੀ ਜਦੋਂ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਮਿੰਦੀ ਭੂਆ ਆਈ ਬੈਠੀ ਹੈ।

“ਸਤਿ ਸ੍ਰੀ ਅਕਾਲ, ਭੂਆ ਜੀ।”

“ਸਾਸਰੀ ਅਕਾਲ।” ਕਹਿ ਕੇ ਮਿੰਦੀ ਨੇ ਦੀਪੀ ਨੂੰ ਗੱਲ ਨਾਲ ਲਾ ਲਿਆ।

ਦੀਪੀ ਤੋਂ ਛੋਟੀ ਜੋ ਹੁਣ ਹਾਈ ਸਕੂਲ ਵਿਚ ਪੜ੍ਹਦੀ ਹੈ। ਦੀਪੀ ਵੱਲ ਦੇਖ ਕੇ ਮੁਸਕ੍ਰਾ ਪਈ। ਦੀਪੀ ਨੂੰ ਵੀ ਉਸ ਦੀ ਮੁਸਕ੍ਰਾਹਟ ਤੋਂ ਪਤਾ ਲੱਗ ਗਿਆ ਕਿ ਮਿੰਦੀ ਫਿਰ ਰਿਸ਼ਤੇ ਬਾਰੇ ਆਈ ਹੈ। ੳਦੋਂ ਹੀ ਦੀਪੀ ਦਾ ਭਰਾ ਵਿਕਰਮ ਲੱਕੜ ਦੀਆਂ ਘੜੀਆਂ ਹਾਕੀਆਂ ਚੁੱਕੀ ਅੰਦਰ ਆਇਆ ਤਾਂ ਮਿੰਦੀ ਉਸ ਵੱਲ ਦੇਖ ਕੇ ਕਹਿਣ ਲੱਗੀ, “ਹੈਂ ਆ ਸੁੱਖ ਨਾਲ ਵਿੱਕੀ ਤਾਂ ਬੜਾ ਲੰਮਾ ਹੋ ਗਿਆ, ਮੈਂ ਪਛਾਣਿਆ ਹੀ ਨਹੀ।”

“ਮੱਥਾ ਟੇਕਦਾ, ਭੂਆ ਜੀ, ” ਕਹਿ ਕੇ ਵਿਕਰਮ ਤਾਂ ਕੋਠੇ ਤੇ ਚੜ੍ਹ ਗਿਆ।

“ਆ ਮਸੀ ਹੁਣ ਮਾੜਾ ਜਿਹਾ ਵਧਿਆ।” ਕੋਲ ਬੈਠੀ ਹਰਨਾਮ ਕੌਰ ਬੋਲੀ ਜਿਸ ਨੂੰ ਡਰ ਸੀ ਕਿ ਕਿਤੇ ਮਿੰਦੀ ਉਸ ਦੇ ਪੋਤੇ ਨੂੰ ਨਜ਼ਰ ਹੀ ਨਾ ਲਾ ਦੇਵੇ। ਮਿੰਦੀ ਵੀ ਜੋ ਉਸ ਦੀ ਗੱਲ ਸਮਝ ਗਈ ਸੀ ਬੋਲੀ, “ਆਹੋ, ਉਦਾਂ ਕੁੜੀਆਂ ਤਾਂ ਡੇਕਾਂ ਵਾਂਗ ਵੱਧ ਜਾਂਦੀਆਂ ਆ, ਮੁੰਡੇ ਵਿਚਾਰੇ ਅੰਬਾਂ ਵਾਂਗ ਵੱਧਦੇ ਨੇ।”

ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਮੁਖਤਿਆਰ ਤੇ ਇੰਦਰ ਸਿੰਘ ਵੀ ਬਾਹਰੋਂ ਆ ਗਏ। “ਲੈ ਅੱਜ ਤਾਂ ਭੈਣ ਮਹਿੰਦਰ ਕੌਰ ਆਈ ਬੈਠੀ ਹੈ।” ਮੁਖਤਿਆਰ ਨੇ ਕਿਹਾ, “ਇਕੱਲੀ ਹੀ ਆਈ ਆਂ ਜਾਂ ਸਾਡਾ ਪਰਾਹੁਣਾ ਵੀ ਆਇਆ।”

“ਮੈ ਆਪ ਅੱਜ ਜਾਣ ਕੇ ਹੀ ਇਕੱਲੀ ਆਂਈ ਹਾਂ, ਤਾਂ ਜੋ ਤੁਸੀ ਮੈਨੂੰ ਰਿਸ਼ਤੇ ਤੋਂ ਨਾ ਵੀ ਕਰੋਂ ਤਾਂ ਮੇਰੀ ਉਸ ਦੇ ਸਾਹਮਣੇ ਬੇਇਜ਼ਤੀ ਨਹੀਂ ਹੋਵੇਗੀ।”

“ਲੈ ਅਸੀਂ ਐਂਵੇ ਤੈਨੂੰ ਨਾਂਹ ਕਰਨ ਲੱਗੇ ਆਂ।” ਇੰਦਰ ਸਿੰਘ ਨੇ ਕਿਹਾ, “ਦੀਪੀ ਅਜੇ ਪੜ੍ਹਨਾ ਚਾਹੁੰਦੀ ਆ, ਉਹਦੇ ਵੱਲ ਹੀ ਵੇਖਦੇ ਸਾਂ।”

“ਪੜ੍ਹਨ ਨੂੰ ਪੜ੍ਹੀ ਜਾਵੇ ਅਸੀ ਕਿਹੜਾ ਪੜ੍ਹਨ ਤੋ ਹਟਾਉਣ ਲੱਗੇ ਆਂ।”

“ਚੱਲ ਦਸ ਮਿੰਦੀ ਤੇਰੀ ਕੀ ਸਲਾਹ ਆ।” ਮੁਖਤਿਆਰ ਨੇ ਸਿੱਧਾ ਹੀ ਕਹਿ ਦਿੱਤਾ, “ਅਸੀ ਰਾਜ਼ੀ ਹਾਂ।”

“ਭਾਅ, ਤੁਸੀ ਇਕ ਵਾਰੀ ਮੁੰਡੇ ਨੂੰ ਝਾਤੀ ਤਾਂ ਮਾਰ ਲਵੋ।”

“ਜੇ ਮੁੰਡਾ ਤੈਨੂੰ ਪਸੰਦ ਆ ਤਾਂ ਫਿਰ ਠੀਕ ਹੀ ਹੋਵੇਗਾ।”

ਦੀਪੀ ਜੋ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਸੁੱਣ ਨਹੀ ਸੀ ਸਕਦੀ। ਚੁੱਪ ਕਰਕੇ ਉੱਠ ਕੇ ਅੰਦਰ ਚਲੀ ਗਈ। ਪਹਿਲਾਂ ਤਾਂ ਉਸ ਦਾ ਦਿਲ ਕਰੇ ਕਿ ਉਹ ਦੱਸ ਦੇਵੇ ਜੋ ਮੁੰਡਾ ਉਸ ਨੂੰ ਪਸੰਦ ਹੈ ਉਹਦੇ ਵਰਗਾ ਕੋਈ ਵੀ ਹੋਰ ਨਹੀ ਹੋ ਸਕਦਾ। ਇਹ ਤਾ ਸਿਰਫ ਉਸ ਦੀ ਸੋਚ ਹੀ ਸੀ। ਉਹ ਜਾਣਦੀ ਸੀ ਕਿ ਇਸ ਤਰ੍ਹਾਂ ਦੀ ਗੱਲ ਕੋਈ ਵੀ ਇਜ਼ੱਤ ਵਾਲੀ ਕੁੜੀ ਆਪਣੇ ਆਦਰ-ਮਾਣ ਵਾਲੇ ਮਾਪਿਆਂ ਦੇ ਸਾਹਮਣੇ ਨਹੀਂ ਕਹਿ ਸਕਦੀ। ਉਹ ਅਜੇ ਇਹ ਸੋਚ ਹੀ ਰਹੀ ਸੀ ਕਿ ਬਾਹਰ ਫ਼ੈਸਲਾ ਹੋ ਚੁੱਕਿਆ ਸੀ ਕਿ ਮੁਖਤਿਆਰ ਤੇ ਇੰਦਰ ਸਿੰਘ ਇਕ ਦਿਨ ਮਿੰਦੀ ਦੇ ਘਰ ਜਾਕੇ ਮੁੰਡੇ ਨੂੰ ਦੇਖ ਆਉਣਗੇ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>