ਗੁਣਾਂ ਦੀ ਗੁਥਲੀ ‘ਸੁਹੰਜਣਾ’ ਰੁੱਖ

ਡੇਰਾ ਕਾਰ ਸੇਵਾ ਖਡੂਰ ਸਾਹਿਬ ਵਿਚ ਲੱਗੇ ਸੁਹੰਜਣੇ ਰੁੱਖ ਦਾ ਦ੍ਰਿਸ਼

ਮਨੁੱਖ ਦਾ ਆਰੰਭ, ਵਿਕਾਸ ਅਤੇ ਅੰਤ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਮਨੁੱਖ ਅਤੇ ਪ੍ਰਕਿਰਤੀ ਦੀ ਸਾਂਝ ਆਰੰਭਲੇ ਦੌਰ ਤੋਂ ਹੀ ਚੱਲੀ ਆ ਰਹੀ ਹੈ। ਪ੍ਰਕਿਰਤੀ ਦੀ ਗੋਦ ਵਿਚ ਵਿਚਰਨ ਕਰਕੇ ਮਨੁੱਖ ਦਾ ਪਹਿਲਾ ਨਾਂ ਵੀ ਇਸ ਨਾਲ ਸੰਬਧਿਤ ਹੈ। ਅਰੰਭਲੇ ਦੌਰ  ਮਨੁੱਖ ਨੂੰ ਜਾਂ ਆਦਿ  ਮਨੁੱਖ ਨੂੰ ਬਨਵਾਸੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਭਾਵ ਜੋ ਵਣਾਂ (ਜੰਗਲਾਂ) ਵਿਚ ਰਹਿੰਦਾ ਸੀ। ਮਨੁੱਖ ਨੇ ਆਪਣੀ ਹਰ ਲੋੜ ਦੀ ਪੂਰਤੀ ਪ੍ਰਕਿਰਤੀ ਵਿਚੋਂ ਹੀ ਕੀਤੀ। ਵੱਖ-ਵੱਖ ਰੁੱਖਾਂ ਤੋਂ ਫਲ-ਫੁੱਲ ਤੋੜ ਕੇ ਉਹਨਾਂ ਨੂੰ ਭੋਜਨ ਬਣਾਇਆ। ਰੁੱਖਾਂ ਦੇ ਪੱਤਿਆਂ ਅਤੇ ਛਿੱਲੜਾਂ ਨਾਲ ਤਨ ਢੱਕਿਆ ਅਤੇ ਸੰਘਣੀ ਰੁੱਖਾਂ ਦੀ ਛਾਂ ਹੇਠ ਰਹਿਕੇ ਘਰ ਦੀ ਲੋੜ ਨੂੰ ਪੂਰਾ ਕੀਤਾ। ਇਸ ਪ੍ਰਕਾਰ ਮਨੁੱਖ ਨੇ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਰੁੱਖਾਂ ਤੋਂ ਹੀ ਕੀਤੀ। ਗੁਰਬਾਣੀ ਵਿਚ ਵੀ ਰੁੱਖ ਨੂੰ ਖਾਸ ਸਥਾਨ ਦਿੱਤਾ ਗਿਆ ਅਤੇ ਦਰਵੇਸ਼ ਨੂੰ ਰੁੱਖਾਂ ਵਰਗਾ ਜਿਗਰਾ ਰੱਖਣ ਲਈ ਕਿਹਾ ਗਿਆ ।

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ॥
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1381

ਇਹ ਰੁੱਖ ਹੀ ਮਨੁੱਖੀ ਜੀਵਨ ਵਿਚ ਕਈ ਪੱਖਾਂ ਤੋਂ ਉਪਯੋਗੀ  ਹੁੰਦੇ  ਹਨ। ਪ੍ਰਕਿਰਤੀ ਨੇ ਮਨੁੱਖ ਦੀ ਝੋਲੀ ਵਿਚ ਇਕ  ਸੁਹੰਜਣਾ ਨਾਂ ਦਾ ਰੁੱਖ ਪਾਇਆ ਜੋ ਅਤਿ ਗੁਣਕਾਰੀ ਹੈ। ਇਹ ਕਿ ਚੰਗੇ ਕੱਦ ਕਾਠ ਵਾਲਾ ਰੁੱਖ ਹੈ। ਜੋ ਕਾਫੀ ਲੰਮਾ ਹੁੰਦਾ ਹੈ । ਇਸਦੇ ਪੱਤੇ ਬਹੁਤ ਛੋਟੇ-ਛੋਟੇ ਗੋਲ ਬਿੰਦੀਆਂ ਵਰਗੇ ਹੁੰਦੇ ਹਨ। ‘ਸੁਹੰਜਣਾ’ ਦੀਆਂ ਟਹਿਣੀਆਂ ਅਤੇ ਪੱਤੇ ਬਹੁਤ ਲਾਹੇਵੰਦ ਹੁੰਦੇ ਹਨ। ਸੁਹੰਜਣਾ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਵੀ ਦੂਰ ਹੋ ਜਾਂਦੀ ਹੈ। ਇਸ ਲਈ ਸੁਹੰਜਣਾ ਨੂੰ ਖਾਂਸੀ ਦਾ ‘ਰਾਮਬਾਣ’ ਕਿਹਾ ਜਾਂਦਾ ਹੈ। ਸੁਹੰਜਣਾ ਇੱਕ ਬਹੁਤ ਗੁਣਕਾਰੀ ਰੁੱਖ ਹੈ। ਘੱਟ ਉਪਜਾਊ ਭੂਮੀ ਅਤੇ ਘੱਟ ਪਾਣੀ ਵਾਲੀ ਭੋਏਂ ‘ਤੇ ਵੀ ਸੌਖਾ ਪਲ ਸਕਦਾ ਹੈ ਸੁਹੰਜਣੇ ਨੂੰ ਅੰਗਰੇਜ਼ੀ ਵਿਚ Drum Stick ਆਖਦੇ ਹਨ। ਇੰਟਰਨੈੱਟ ‘ਤੇ Moringa ਸਿਰਲੇਖ ਹੇਠ ਇਸ ਦੇ ਗੁਣਾਂ ਅਤੇ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੁਹੰਜਣਾ ਬਹੁਤ ਸਾਰੇ ਵਿਟਾਮਿਨਜ਼ ਅਤੇ Minerals (ਖਣਿਜ ਪਦਰਾਥਾਂ) ਨਾਲ ਭਰਪੂਰ ਹੈ। ਇਸ ਦੇ ਪੱਤੇ, ਫ਼ੁੱਲ, ਫ਼ਲੀਆਂ ਅਤੇ ਜੜ੍ਹਾਂ ਤੱਕ ਕਿਸੇ ਨਾ ਕਿਸੇ ਰੂਪ ਵਿਚ ਵਰਤੇ ਜਾਂਦੇ ਹਨ। ਇਸ ਦੀਆਂ ਜੜ੍ਹਾਂ ਦਾ ਆਚਾਰ ਪਾਇਆ ਜਾਂਦਾ ਹੈ। ਇਸਦੇ ਫ਼ੁੱਲਾਂ ਦੀ ਸਬਜ਼ੀ ਬਹੁਤ ਹੀ ਸੁਆਦਲੀ ਬਣਦੀ ਹੈ। ਸੁਹੰਜਣੇ ਦੀਆਂ ਫ਼ਲੀਆਂ ਦਾਲ ਅਤੇ ਸਾਂਬਰ ਵਿਚ ਵੀ ਪਾਈਆਂ ਜਾਂਦੀਆਂ ਹਨ। ਇਸ ਦੇ ਪੱਤਿਆਂ ਦੀ ਭੁਰਜੀ ਵੀ ਬਣਾਈ ਜਾਂਦੀ ਹੈ। ਇਸ ਦੇ ਪੱਤੇ ਰੋਟੀ ਵਿਚ ਅਤੇ ਸਬਜ਼ੀ ਵਿਚ ਵੀ ਪਾਏ ਜਾ ਸਕਦੇ ਹਨ। ਇਹ ਵਿਟਾਮਿਨਜ਼ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਜਿਸ ਕਾਰਨ ਸਰੀਰ ਦੇ ਜੋੜਾਂ ਦੇ ਦਰਦਾਂ ਵਿਚ ਰਾਹਤ ਮਿਲਦੀ ਹੈ। ਇਸ ਦੇ ਸੇਵਨ ਨਾਲ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਸਰੀਰ ਨਿਰੋਗ ਹੋ ਜਾਂਦਾ ਹੈ। ਪਹਿਲੇ ਸਾਲ ਸੁਹੰਜਣੇ ਦੇ ਬੂਟੇ ਨੂੰ ਹਫ਼ਤੇ ਵਿਚ ਇਕ ਵਾਰ ਪਾਣੀ ਦੇਣ ਦੀ ਲੋੜ ਹੈ, ਫਿਰ ਪੰਦਰਾਂ ਦਿਨਾਂ ਪਿਛੋਂ ਅਤੇ ਇੱਕ ਦਰੱਖਤ ਬਣ ਜਾਣ ’ਤੇ ਇਸ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਕਿਉੇਕਿ ਇਹ ਇਕ ਸਖ਼ਤ ਅਤੇ ਸੋਕਾ ਸਹਾਰਣ ਵਾਲਾ ਰੁੱਖ ਹੈ। ਇਹ ਆਪਣੇ ਪੱਤਿਆਂ ਰਾਹੀਂ ਵੀ ਹਵਾਂ ਵਿਚੋਂ ਪਾਣੀ ਚੂਸ ਸਕਦਾ ਹੈ । ਸੁਹੰਜਣਾ ਕਿਸੇ ਵੀ ਭਿਆਨਕ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦਾ ਫੇਰ ਵੀ Caterpilla ਕੀੜੇ ਤੋਂ ਬਚਾ ਲਈ ਕਿਸੇ ਵੀ ਕੀਟ ਨਾਸ਼ਕ ਦੀ ਵਰਤੋਂ ਕੀੜਿਆਂ ਨੂੰ ਮਾਰ ਦਿੰਦੀ ਹੈ।

ਇਸ ਵਿਚ ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ, ਪੋਟਾਸ਼ੀਅਮ,  ਪ੍ਰੋਟੀਨ, ਫਾਈਬਰ,     ਜ਼ਿੰਕ, ਫਾਸਫੋਰਸ, ਮੈਗਨੇਸ਼ਿਅਮ, ਤਾਂਬਾ, ਸੋਡੀਅਮ, ਸਲਫਰ, ਆਇਓਡੀਨ, ਲੋਹਾ, ਕਾਰਬੋਹਾਈਡਰੇਟ ਦੇ ਤੱਤਾਂ ਨਾਲ ਭਰਪੂਰ ਹੈ।
ਸੁਹੰਜਣੇ ਦੇ ਗੁਣਾਂ ਨੂੰ ਦੇਖਦੇ ਹੋਏ ਅਸੀਂ ਇਹ ਪ੍ਰਣ ਕਰੀਏ ਇਹ ਰੁੱਖ ਨੂੰ  ਘਰ ਵਿੱਚ ਜਰੂਰ ਲਗਾਇਆ ਜਾ ਸਕੇ  ਤਾਂ ਜੋ ਅਸੀਂ ਰੱਬ ਦੀ ਵਡਮੁੱਲੀ ਦਾਤ ਤੋਂ ਲਾਭ ਲੈ ਸਕੀਏ। ਇਹ ਬੂਟਾ ਆਪ ਵੀ ਲਗਾਓੁ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੋ ਤਾਂ ਜੋ ਧਰਤੀ ਹਰੀ ਭਰੀ ਅਤੇ ਵਾਤਾਵਰਨ ਸ਼ੁੱਧ ਹੋ ਸਕੇ।

ਅਤਿ ਗੁਣਕਾਰੀ ਰੁੱਖ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਵੱਡੇ ਪੱਧਰ ਤੇ ਲਗਾਏ ਜਾ ਰਹੇ ਹਨ। ਬੂਟਾ ਲਗਾਉਣ ਦਾ  ਚਾਹਵਾਨ ਵਿਅਕਤੀ ਖਡੂਰ ਸਾਹਿਬ ਨਰਸਰੀ ਤੋਂ ਸੁਹੰਜਣਾ ਦਾ ਰੁੱਖ ਲੈ ਕੇ ਸਕਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>