ਬਾਬਾ ਨਾਨਕ ਤੇ ਅਸੀਂ…!

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਉਦੋਂ ਅਵਤਾਰ ਧਾਰਿਆ, ਜਦੋਂ ਇਸ ਧਰਤੀ ਤੇ ਚਾਰੇ ਪਾਸੇ ਕੂੜ੍ਹ ਦਾ ਪਸਾਰਾ ਸੀ। ਲੋਕਾਈ ਜਾਤ ਪਾਤ ਤੇ ਵਹਿਮਾਂ ਭਰਮਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਉਲਝੀ ਪਈ ਸੀ। ਅਖੌਤੀ ਉੱਚ ਜਾਤੀ ਕਹਾਉਣ ਵਾਲੀ ਬ੍ਰਾਹਮਣ ਜਾਤ ਨੇ ਲੋਕਾਂ ਨੂੰ ਕਰਮ ਕਾਡਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸਾਇਆ ਹੋਇਆ ਸੀ। ਇੱਕ ਰੱਬ ਦੀ ਹਸਤੀ ਨੂੰ ਮੰਨਣ ਦੀ ਬਜਾਏ, ਅਨੇਕਾਂ ਦੇਵੀ ਦੇਵਤਿਆਂ, ਮੜ੍ਹੀਆਂ ਮਸਾਣਾਂ, ਪਿੱਤਰਾਂ, ਦਰੱਖਤਾਂ, ਸੱਪਾਂ..ਆਦਿ ਦੀ ਪੂਜਾ ਕੀਤੀ ਜਾਂਦੀ। ਸ਼ੂਦਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਰਾਜੇ ਅਤੇ ਅਮੀਰ ਲੋਕ, ਗਰੀਬਾਂ ਦਾ ਲਹੂ ਚੂਸ ਰਹੇ ਸਨ। ਚਾਰੇ ਪਾਸੇ ਅਗਿਆਨਤਾ ਦਾ ਹਨ੍ਹੇਰਾ ਪਸਰਿਆ ਹੋਇਆ ਸੀ। ਇਸ ਕੂੜ੍ਹ ਦੇ ਪਸਾਰੇ ਵਿੱਚ ਗੁਰੂੁ ਨਾਨਕ ਦੇਵ ਜੀ ਗਿਆਨ ਦਾ ਚਿਰਾਗ ਲੈ ਕੇ ਆਏ। ਭਾਈ ਗੁਰਦਾਸ ਜੀ ਅਨੁਸਾਰ-

ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ॥
ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ॥

ਜਦੋਂ ਗੁਰੂ ਨਾਨਕ ਦੇਵ ਜੀ ਵੇਂਈਂ ਨਦੀ ਵਿੱਚ ਚੁੱਭੀ ਮਾਰ ਕੇ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਰੱਬੀ ਪੈਗਾਮ ਸੁਣਾਇਆ- “ਨਾ ਕੋ ਹਿੰਦੂ ਨਾ ਮੁਸਲਮਾਨ॥” ਤਾਂ ਮੁਸਲਮਾਨ ਹੈਰਾਨ ਹੋਏ ਕਿ ਤੇ ਕਿਹਾ ਕਿ- “ਜੇ ਤੁਸੀਂ ਹਿੰਦੂ ਮੁਸਲਮਾਨ ਵਿੱਚ ਫਰਕ ਨਹੀਂ ਸਮਝਦੇ ਤਾਂ ਸਾਡੇ ਨਾਲ ਚਲ ਕੇ ਮਸੀਤ ਵਿੱਚ ਨਮਾਜ਼ ਪੜ੍ਹੋ।” ਗੁਰੂ ਸਾਹਿਬ ਦੀ ਕਹਿਣੀ ਤੇ ਕਥਨੀ ਵਿੱਚ ਕੋਈ ਫਰਕ ਨਹੀਂ ਸੀ ਹੁੰਦਾ। ਸੋ ਉਹ ਬਿਨਾ ਝਿਜਕ ਉਹਨਾਂ ਦੇ ਨਾਲ ਤੁਰ ਪਏ। ਉਥੇ ਪਹੁੰਚ ਕੇ ਉਹ ਅੰਤਰ ਧਿਆਨ ਹੋ ਕੇ ਖੜੇ ਰਹੇ ਤੇ ਕਾਜ਼ੀ ਤੇ ਮੌਲਵੀ ਨਮਾਜ਼ ਪੜ੍ਹਦੇ ਰਹੇ। ਬਾਅਦ ਵਿੱਚ ਜਦੋਂ ਦੋਹਾਂ ਨੇ ਵਾਰੀ ਵਾਰੀ ਗੁਰੂ ਸਾਹਿਬ ਤੋਂ ਨਮਾਜ਼ ਨਾ ਪੜ੍ਹਨ ਦਾ ਕਾਰਨ ਪੁਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ- “ਜੇ ਤੁਸੀਂ ਨਮਾਜ਼ ਪੜ੍ਹਦੇ ਹੁੰਦੇ ਤਾਂ ਹੀ ਮੈਂ ਤੁਹਾਡੇ ਨਾਲ ਸ਼ਾਮਲ ਹੁੰਦਾ। ਪਰ ਤੁਹਾਡੇ ਵਿੱਚੋਂ ਇੱਕ ਤਾਂ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀ ਤੇ ਦੂਜੇ ਦਾ ਧਿਆਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਵਛੇਰੀ ਵਿੱਚ ਸੀ।” ਸੋ ਇਸ ਤਰ੍ਹਾਂ ਉਹਨਾਂ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਨੂੰ, ਦਿਖਾਵੇ ਦੇ ਧਰਮ ਕਰਮ ਕਰਨ ਵਾਲਿਆਂ ਨੂੰ, ਮਨ ਕਰਕੇ ਨਾਮ ਜਪਣ ਦੀ ਪ੍ਰੇਰਣਾ ਦਿੱਤੀ।

ਗੁਰੂ ਸਾਹਿਬ ਨੇ ਚਾਰ ਉਦਾਸੀਆਂ ਰਾਹੀਂ, ਬਹੁਤ ਸਾਰੇ ਮੰਦਰਾਂ ਮਸਜਿਦਾਂ, ਮੱਠਾਂ, ਸਭਾਵਾਂ, ਸਿੱਧਾਂ, ਮੇਲਿਆਂ ਵਿੱਚ ਜਾ ਕੇ ਤਰਕ ਦੇ ਆਧਾਰ ਤੇ- ਆਪਣੇ ਦ੍ਰਿੜ ਵਿਚਾਰਾਂ ਰਾਹੀਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦਾ ਜਤਨ ਕੀਤਾ। ਪਹਾੜਾਂ ਦੀਆਂ ਕੁੰਦਰਾਂ ਵਿੱਚ ਬੈਠੇ ਸਿੱਧਾਂ ਨਾਲ ਵੀ ਸਿੱਧ ਗੋਸ਼ਟਿ ਰਚਾ ਕੇ ਕਿਹਾ ਕਿ- ਗ੍ਰਹਿਸਤ ਵਿਚ ਰਹਿ ਕੇ ਤੇ ਕਿਰਤ ਕਰਦਿਆਂ ਹੋਇਆਂ ਵੀ ਰੱਬ ਨੂੰ ਪਾਇਆ ਜਾ ਸਕਦਾ ਹੈ। ਉਹਨਾਂ, ਚੰਗੇ ਮਾੜੇ ਦਿਨਾਂ ਦੇ ਵਿਚਾਰ- ਮੱਸਿਆਂ, ਸੰਗਰਾਂਦ, ਪੁੰਨਿਆਂ, ਵਰਤ, ਰੋਜ਼ੇ, ਗ੍ਰਹਿ..ਆਦਿ ਦੇ ਵਹਿਮਾਂ ਨੂੰ ਮੂਲੋਂ ਹੀ ਨਕਾਰ ਕੇ, ਇੱਕ ਸਰਲ ਤੇ ਸੱਚੇ ਸੁੱਚੇ ਧਰਮ ਦੀ ਨੀਂਹ ਰੱਖੀ। ਜਿਸ ਵਿੱਚ ਚੰਦ- ਸੂਰਜ, ਪਛੂ- ਪੰਛੀ, ਭੇਖੀ ਸਾਧ- ਸੰਤ, ਪੱਥਰ ਦੀਆਂ ਮੂਰਤੀਆਂ ਆਦਿ ਦੀ ਪੂਜਾ ਅਤੇ ਜੰਤਰ ਮੰਤਰ ਤੇ ਗਿਣਤੀ ਮਿਣਤੀ ਦੇ ਰਸਮੀ ਪਾਠ ਕਰਨ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ। ਉਹਨਾਂ ਇਸ ਧਰਮ ਤੇ ਤਿੰਨ ਸਰਲ ਨੁਕਤੇ ਲੋਕਾਈ ਨੂੰ ਦਿੱਤੇ- ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਸਾਹਿਬ ਦੇ ਇਸ ਸਿਧਾਂਤ ਦੀ ਮਿਸਾਲ, ਉਹਨਾਂ ਦੇ ਆਪਣੇ ਜੀਵਨ ਤੋਂ ਬਾਖ਼ੂਬੀ ਮਿਲਦੀ ਹੈ। 70 ਸਾਲ ਦੀ ਉਮਰ ਵਿੱਚ ਉਹਨਾਂ ਆਪ ਹਲ ਵਾਹਿਆ, ਅੰਨ ਉਗਾਇਆ, ਕਾਰ ਵਿਹਾਰ ਕਰਦਿਆਂ ਹੋਇਆਂ ਨਾਮ ਜਪਿਆ ਤੇ ਸਰਬ ਸਾਂਝੇ ਲੰਗਰ ਦੀ ਰਸਮ ਵੀ ਚਾਲੂ ਕੀਤੀ। ਮੋਦੀਖਾਨੇ ਵਿੱਚ ਨੌਕਰੀ ਕਰਦਿਆਂ ਹੋਇਆਂ, ਮੱਝੀਆਂ ਚਾਰਦਿਆਂ ਹੋਇਆਂ ਵੀ ਉਹਨਾਂ ਦੀ ਲਿਵ, ਪ੍ਰਮਾਤਮਾ ਨਾਲ ਜੁੜ ਜਾਂਦੀ।

ਉਹਨਾਂ ਥਾਂ ਥਾਂ ਜਾ ਕੇ ਭੁੱਲੜਾਂ ਨੂੰ ਰਾਹੇ ਪਾਇਆ। ਮੱਕੇ ਜਾ ਕੇ, ਚਾਰੇ ਪਾਸੇ ਰੱਬ ਦੀ ਹੋਂਦ ਪ੍ਰਗਟ ਕਰਕੇ, ਧਰਮੀ ਲੋਕਾਂ ਦਾ ਇਹ ਵਹਿਮ ਕੱਢਿਆ। ਹੰਕਾਰੀਆਂ ਦੇ ਹੰਕਾਰ ਤੋੜਨ ਲਈ- ਕਿਤੇ ਉਹਨਾਂ ਨੂੰ ਪੰਜੇ ਨਾਲ ਪੱਥਰ ਰੋਕਣੇ ਪਏ, ਕਿਤੇ ਠੰਢੇ ਮਿੱਠੇ ਪਾਣੀ ਦੇ ਚਸ਼ਮੇ ਵਗਾੳੇੁਣੇ ਪਏ। ਪਾਪੀਆਂ ਨੂੰ ਪਾਪ ਕਰਨ ਤੋਂ ਵਰਜਣ ਲਈ- ਕਿਸੇ ਸੱਜਣ ਨੂੰ ਬਾਣੀ ਰਾਹੀਂ ਉਪਦੇਸ਼ ਦਿੱਤਾ, ਕਿਸੇ ਕੌਡੇ ਨੂੰ ਤਾਰਿਆ, ਕਿਸੇ ਦੁਨੀ ਚੰਦ ਵਰਗੇ ਮਾਇਆਧਾਰੀ ਨੂੰ ਸੂਈ ਰਾਹੀਂ ਉਪਦੇਸ਼ ਦਿੱਤਾ। ਕੁਰੂਕਸ਼ੇਤਰ ਦੇ ਮੇਲੇ ਤੇ ਪਿੱਤਰਾਂ ਤੇ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ, ਉਲਟੇ ਪਾਸੇ ਆਪਣੇ ਕਰਤਾਰਪੁਰ ਵਿਖੇ ਖੇਤਾਂ ਵੱਲ ਪਾਣੀ ਸੁੱਟ ਕੇ ਸਮਝਾਇਆ ਕਿ- ਤੁਹਾਡੇ ਪਿੱਤਰਾਂ ਤੱਕ ਕੁੱਝ ਨਹੀਂ ਪਹੁੰਚਦਾ। ਇਸੇ ਤਰ੍ਹਾਂ ਸਰਾਧ ਕਰਨ ਦਾ ਵੀ ਖੰਡਨ ਕੀਤਾ। ਗੁਰੂ ਸਾਹਿਬ ਦਾ ਸਮਝਾਉਣ ਦਾ ਤਰੀਕਾ ਬੜਾ ਹੀ ਨਿਆਰਾ ਸੀ। ਉਹ ਆਪਣੇ ਤਰਕ ਸੰਗਤ ਵਿਚਾਰਾਂ ਨਾਲ, ਆਪਣੇ ਵਿਰੋਧੀਆਂ ਨੂੰ ਵੀ ਕਾਇਲ ਕਰ ਲੈਂਦੇ।
ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਸਮਾਜ ਸੁਧਾਰਕ ਸਨ ਜਿਹਨਾਂ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ। ਜਿਸ ਜਗਤ ਜਨਣੀ ਲਈ ਤੁਲਸੀ ਦਾਸ ਨੇ ਕਿਹਾ ਸੀ- “ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ, ਪਾਂਚਹਿ ਤਾੜਨ ਕੇ ਅਧਿਕਾਰੀ।” ਉਸੇ ਲਈ ਗੁਰੂ ਸਾਹਿਬ ਨੇ ਕਿਹਾ-

ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥

ਗੁਰੂ ਸਾਹਿਬ ਨੇ, ਮਲਕ ਭਾਗੋ ਦੇ ਪੂੜੇ ਠੁਕਰਾ ਕੇ, ਭਾਈ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰ ਕਰਕੇ, ਕਿਰਤ ਕਰਨ ਵਾਲੇ ਨੂੰ ਵਡਿਆਇਆ। ਉਹਨਾਂ ਬਾਲੇ ਮਰਦਾਨੇ ਨੂੰ ਸਾਥੀ ਬਣਾ ਕੇ ਜਾਤ ਪਾਤ ਦਾ ਖੰਡਨ ਕੀਤਾ। ਉਹਨਾਂ- “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥” ਦਾ ਸੰਦੇਸ਼ ਦਿੱਤਾ। ਉਹਨਾਂ ਅਨੁਸਾਰ- ਮਨੁੱਖ ਆਪਣੇ ਕਰਮਾਂ ਜਾਂ ਵਿਚਾਰਾਂ ਕਾਰਨ ਵੱਡਾ ਛੋਟਾ ਹੁੰਦਾ ਹੈ ਨਾ ਕਿ ਜਾਤ ਜਾਂ ਧਰਮ ਕਾਰਨ। ਉਹਨਾਂ ਬਾਹਰਲੇ ਭੇਖ ਪਹਿਰਾਵੇ ਤੇ ਧਰਮ ਦੇ ਨਾਂ ਤੇ ਜੀਵਾਂ ਦੀਆਂ ਬਲੀਆਂ ਦੇਣ ਦਾ ਵੀ ਖੰਡਨ ਕੀਤਾ। ਜਾਬਰ ਰਾਜਿਆਂ ਨੂੰ- “ਰਾਜੇ ਸ਼ੀਂਹ ਮੁਕਦਮ ਕੁਤੇ..॥” ਕਹਿਣ ਦੀ ਜੁਰਅਤ ਬਾਬੇ ਨਾਨਕ ਨੇ ਹੀ ਕੀਤੀ, ਜਿਹੜੀ ਉਸ ਸਮੇਂ ਹੋਰ ਕੋਈ ਨਹੀਂ ਸੀ ਕਰ ਸਕਦਾ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਵਿਲੱਖਣ ਤੇ ਵਿਗਿਆਨਕ ਧਰਮ ਦੀ ਨੀਂਹ ਰੱਖੀ। “ਧਰਤੀ ਇੱਕ ਬਲਦ ਦੇ ਸਿੰਗ ਤੇ ਖੜ੍ਹੀ ਹੈ” ਵਰਗੀਆਂ ਮਿੱਥਾਂ ਜੋ ਸਮੇਂ ਦੇ ਪਰੋਹਿਤਾਂ ਵਲੋਂ ਪਾਈਆਂ ਗਈਆਂ ਸਨ ਤੇ ਜੋ ਲੋਕ- ਮਨਾਂ ਵਿੱਚ ਘਰ ਕਰ ਚੁੱਕੀਆਂ ਸਨ- ਉਹਨਾਂ ਨੂੰ ਤੋੜਨ ਦਾ ਹੌਸਲਾ ਬਾਬਾ ਨਾਨਕ ਹੀ ਕਰ ਸਕਦਾ ਸੀ, ਕੋਈ ਹੋਰ ਨਹੀਂ। ਉਹਨਾਂ ਅਨੁਸਾਰ-

ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥

ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ- ਅੱਜ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਪੈਰੋਕਾਰ ਤਾਂ ਅਖਵਾਉਂਦੇ ਹਾਂ- ਪਰ ਕੀ ਅਸੀਂ ਉਹਨਾਂ ਦੀ ਫਿਲਾਸਫੀ ਤੋਂ ਕੁੱਝ ਸਿਖਿਆ  ਵੀ ਹੈ? ਚਾਰ ਉਦਾਸੀਆਂ ਸਮੇਂ ਗੁਰੂ ਸਾਹਿਬ- ਕਾਬਲ, ਕੰਧਾਰ, ਸਿੰਧ, ਅਫਗਾਨਿਸਤਾਨ, ਲੰਕਾ, ਚੀਨ, ਤਿੱਬਤ, ਨੇਪਾਲ, ਬਰਮਾ, ਬੰਗਾਲ, ਬਿਹਾਰ, ਜੰਮੂ ਕਸ਼ਮੀਰ..ਤੇ ਹੋਰ ਕਈ ਦੂਰ ਦੇਸ਼ਾਂ ਵਿੱਚ ਵੀ ਗਏ। ਜਿੱਥੇ ਵੀ ਉਹ ਗਏ- ਉਥੇ ਹੀ ਸੱਚ ਦੇ ਮਾਰਗ ਦਾ ਪ੍ਰਚਾਰ ਕੀਤਾ। ਅੱਜ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ। ਭਾਈ ਗੁਰਦਾਸ ਜੀ ਅਨੁਸਾਰ- “ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਹੋਆ॥” ਸੋ ਜਿੱਥੇ ਵੀ ਉਹ ਗਏ ਉਥੇ ਹੀ ਉਹਨਾਂ ਦੀ ਯਾਦ ਨਾਲ ਜੁੜੇ ਗੁਰਦੁਆਰੇ ਸੰਗਤ ਨੇ ਸਥਾਪਤ ਕੀਤੇ। ਪਰ ਅਫਸੋਸ! ਕਿ ਗੁਰੂ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਸਾਡੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਤੇ ਲਾ ਦਿੱਤੀ, ਪਰ ਅਸੀਂ ਉਸੇ ਦਲਦਲ ਵਿੱਚ ਹੀ ਹੁਣ ਵੀ ਫਸੀ ਬੈਠੇ ਹਾਂ।

ਆਓ ਵਿਚਾਰੀਏ ਕਿ- ਕੀ ਅਸੀਂ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦਿੱਤਾ ਹੈ? ਅੱਜ ਅਸੀਂ ਜਾਤਾਂ ਪਾਤਾਂ ਦੇ ਨਾਮ ਤੇ ਵੱਖਰੇ ਵੱਖਰੇ ਗੁਰੂ ਘਰ, ਬਣਾਈ ਬੈਠੇ ਹਾਂ- ਜੱਟਾਂ ਦਾ ਗੁਰਦੁਆਰਾ, ਰਾਮਗੜ੍ਹੀਆਂ ਦਾ, ਰਵੀਦਾਸੀਆਂ ਦਾ, ਪੋਠੋਹਾਰਾਂ ਦਾ, ਨਾਨਕਸਰੀਆਂ ਦਾ…। ਅਸੀਂ ਥਾਂ ਥਾਂ ਮੱਥੇ ਟੇਕੀ ਜਾਂਦੇ ਹਾਂ, ਦੇਹਧਾਰੀ ਪਖੰਡੀਆਂ ਨੂੰ ਗੁਰੂ ਮੰਨੀ ਜਾਂਦੇ ਹਾਂ। ਮੜ੍ਹੀਆਂ ਮਸਾਣਾ ਨੂੰ ਵੀ ਪੂਜਦੇ ਹਾਂ.. ਧਾਗੇ ਤਵੀਤਾਂ ਨਾਲ ਮਨ ਭਰਮਾਉਂਦੇ ਹਾਂ। ਜੋਤਸ਼ੀਆਂ, ਬਾਬਿਆਂ ਤੋਂ ਪੁੱਛਾਂ ਲੈਣ ਵੀ ਜਾਂਦੇ ਹਾਂ। ਹੈਰਾਨ ਹੋਈਦਾ ਹੈ ਦੇਖ ਕੇ- ਕਿ ਇਹਨਾਂ ਵਿਕਸਿਤ ਮੁਲਕਾਂ ਵਿੱਚ ਵੀ ਅਖਬਾਰਾਂ ਜੋਤਸ਼ੀਆਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਪਈਆਂ ਹਨ। ਕਿਥੇ ਗਿਆ ਬਾਬੇ ਨਾਨਕ ਦਾ “ਏਕ ਓਂਕਾਰ” ਦਾ ਸੰਦੇਸ਼?

ਅਸੀਂ ਤਾਂ ਬਾਬੇ ਨਾਨਕ ਦਾ ਨਾਂ ਵਰਤਦੇ ਹਾਂ- ਦੁਕਾਨਾਂ ਲਈ, ਵਪਾਰ ਲਈ, ਕਾਰੋਬਾਰਾਂ ਲਈ.. ਤੇ ਉਸ ਵਿੱਚ ਕਰਦੇ ਹਾਂ ਕੂੜ੍ਹ ਦੀ ਕਮਾਈ। ਬਾਬੇ ਵਾਂਗ ‘ਸੱਚਾ ਸੌਦਾ’ ਵੇਚ ਕੇ ਸਾਡਾ ਗੁਜ਼ਾਰਾ ਹੀ ਨਹੀਂ ਚਲਦਾ। ਸਾਨੂੰ ਪੈਰ ਪੈਰ ਤੇ ਝੂਠ ਬੋਲਣਾ ਪੈਂਦਾ ਹੈ, ਮਾਇਆ ਇਕੱਠੀ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੀ ਵੇਲਣੇ ਪੈਂਦੇ ਹਨ। ਉਂਜ ਅਸੀਂ ਬਾਬੇ ਨਾਨਕ ਦੇ ਸਿੱਖ ਜਰੂਰ ਹਾਂ- ਪਰ ਅਸੀਂ ਉਸ ਦੇ ‘ਕਿਰਤ ਕਰੋ’ ਦੇ ਸਿਧਾਂਤ ਨੂੰ ਵੀ ਛਿੱਕੇ ਟੰਗ ਦਿੱਤਾ ਹੈ। ਕੀ ਕਰੀਏ ਅਸੀਂ ਆਪਣਾ ਹੀ ਨਹੀਂ, ਆਪਣੀਆਂ ਕਈ ਪੁਸ਼ਤਾਂ ਬਾਰੇ ਵੀ ਸੋਚਣਾ ਹੁੰਦਾ ਹੈ। ਪਰ ਬਾਬਾ ਜੀ, ਤੁਹਾਡੇ ‘ਵੰਡ ਛਕੋ’ ਦੇ ਸਿਧਾਂਤ ਤੇ ਅਸੀਂ ਹੂ-ਬ- ਹੂ ਅਮਲ ਕਰਦੇ ਹਾਂ। ਇਹ ਜੋ ਉਪਰਲੀ ਕਮਾਈ ਹੁੰਦੀ ਹੈ ਇਹ ਅਸੀਂ ਹੇਠੋਂ ਉਪਰ ਤੱਕ ਵੰਡ ਕੇ ਹੀ ਛਕਦੇ ਹਾਂ। ਬਾਕੀ ਰਹੀ ਗੱਲ ‘ਨਾਮ ਜਪਣ ਦੀ’। ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਰੁਝੇਵੇਂ ਹੀ ਇੰਨੇ ਹਨ ਕਿ ਨਾਮ ਜਪਣ ਲਈ ਸਮਾਂ ਹੀ ਨਹੀਂ ਮਿਲਦਾ। ਬੱਸ ਗੁਰੂ ਘਰ ਮੱਥਾ ਟੇਕ ਲੈਂਦੇ ਹਾਂ ਸਵੇਰੇ- ਸ਼ਾਮ। ਪਰ ਹਾਂ- ਕਦੇ ਸਾਲ ਛੇ ਮਹੀਨੇ ਬਾਅਦ, ਖੁਸ਼ੀ ਗਮੀ ਦੇ ਮੌਕਿਆਂ ਤੇ ਮਾਇਆ ਦੇ ਕੇ ਪਾਠੀਆਂ ਪਾਸੋਂ ਪਾਠ ਕਰਵਾ ਕੇ, ਆਪਣੀ ਕਿਰਤ ਕਮਾਈ ਵਿੱਚੋਂ ਖੁਲ੍ਹਾ ਲੰਗਰ ਲਾ ਦਿੰਦੇ ਹਾਂ। ਸੋ ਲੋਕ ਆਪੇ ਹੀ ਸਾਨੂੰ ਧਰਮੀ ਸਮਝਣ ਲੱਗ ਜਾਂਦੇ ਹਨ। ਹਾਂ ਸੱਚ ਬਾਬਾ ਜੀ- ਤੁਸੀਂ ਤਾਂ ਭੁੱਖਿਆਂ ਨੂੰ ਰਜਾਉਣ ਲਈ ਲੰਗਰ ਪ੍ਰਥਾ ਦਾ ਮੁੱਢ ਬੰਨ੍ਹਿਆਂ ਸੀ ਪਰ ਅਸੀਂ ਤਾਂ ਰੱਜਿਆਂ ਨੂੰ ਰਜਾਉਂਦੇ ਹਾਂ। ਨਾਲੇ ਬਾਬਾ ਜੀ ਅੱਜਕਲ ਇੱਕੋ ਜਿਹਾ ਲੰਗਰ ਬਣਾ ਕੇ ਕਿੱਥੇ ਸਰਦਾ? ਸਾਨੂੰ ਤਾਂ ਵਿਸ਼ੇਸ਼ ਵਿਅਕਤੀਆਂ ਲਈ ਵਿਸ਼ੇਸ਼ ਲੰਗਰ ਬਨਾਉਣਾ ਪੈਂਦੈ!
ਬਾਬਾ ਜੀ, ਤੁਸੀਂ ਤਾਂ ਕਿਹਾ ਸੀ-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਪਰ ਅਸੀਂ ਤਾਂ ਆਪਣੀ ਬਰਾਦਰੀ ਵਿੱਚ ਵੀ, ਆਪਣੇ ਤੋਂ ਨੀਵਿਆਂ ਨਾਲ ਨਹੀਂ ਵਰਤਦੇ। ਆਪਣੇ ਸਟੇਟਸ ਵਾਲਿਆਂ ਨਾਲ ਹੀ ਵਰਤੋਂ ਰੱਖਦੇ ਹਾਂ। ਪਰਿਵਾਰ ਦੀ ਸੁੱਖ ਸ਼ਾਂਤੀ ਲਈ, ਪੰਡਤਾਂ ਵਲੋਂ ਦੱਸੇ ਓਹੜ ਪੋਹੜ ਵੀ ਕਰਦੇ ਰਹਿੰਦੇ ਹਾਂ। ਸਾਨੂੰ ਤੁਹਾਡੇ ਵਾਂਗ ਸਾਰੇ ਦਿਨ ਇੱਕੋ ਜਿਹੇ ਨਹੀਂ ਲਗਦੇ- ਅਸੀਂ ਤਾਂ ਮੱਸਿਆ ਸੰਗਰਾਂਦਾਂ ਵੀ ਮਨਾਉਂਦੇ ਹਾਂ, ਤੇ ਗੁਰਪੁਰਬ ਵੀ ਗੱਜ ਵੱਜ ਕੇ ਮਨਾਉਂਦੇ ਹਾਂ। ਭਾਵੇਂ ਤੁਸੀਂ ਕਿਹਾ ਸੀ-”ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” ਪਰ ਅਸੀਂ ਤਾਂ ਜ਼ਹਿਰੀ ਗੈਸਾਂ ਛੱਡ ਛੱਡ ਕੇ- ਪੌਣ ਵੀ ਸ਼ੁਧ ਨਹੀਂ ਰਹਿਣ ਦਿੱਤੀ, ਪਾਣੀ ਵੀ ਗੰਧਲਾ ਕਰ ਛੱਡਿਆ ਤੇ ਧਰਤੀ ਦਾ ਹਾਲ ਤਾਂ ਨਾ ਹੀ ਪੁੱਛੋ ਜੀ। ਹੋਰ ਬਾਬਾ ਜੀ ਤੁਸੀਂ ਤਾਂ ਔਰਤ ਨੂੰ ‘ਜੱਗ ਜਨਣੀ’ ਕਹਿ ਕੇ ਵਡਿਆਇਆ ਪਰ ਅਸੀਂ ਤਾਂ ਔਰਤ ਨੂੰ ਜਨਮ ਹੀ ਨਹੀਂ ਲੈਣ ਦਿੰਦੇ। ਤੁਸੀਂ ਤਾਂ ਬਾਬਾ ਜੀ ਆਪਣੇ ਵਿਰੋਧੀਆਂ ਨਾਲ ਵੀ ‘ਗੋਸ਼ਟਿ’ ਕਰਦੇ ਰਹੇ- ਉਹਨਾਂ ਦੀ ਸੁਣੀ ਤੇ ਆਪਣੀ ਸੁਣਾਈ। ਪਰ ਅਸੀਂ ਤਾਂ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ। ਹੋਰ ਬਾਬਾ ਜੀ ਤੁਸੀਂ ਪਤਾ ਨਹੀਂ ਕਿਵੇਂ ਮੰਦਰ, ਮਸਜਿਦ ਸਾਰੇ ਹੀ ਘੁੰਮਦੇ ਰਹੇ, ਪਰ ਅਸੀਂ ਤਾਂ ਦੂਜੀ ਜਾਤ ਵਾਲੇ ਦੇ ਗੁਰੂ ਘਰ ਨ੍ਹੀ ਵੜਦੇ। ਹੋਰ ਤਾਂ ਹੋਰ- ਕਈ ਵਾਰੀ ਤਾਂ ਅਸੀਂ, ਚੌਧਰ ਤੇ ਗੋਲਕ ਪਿੱਛੇ, ਆਪਣੇ ਗੁਰੂ ਘਰਾਂ ਵਿੱਚ ਵੀ ਪੱਗਾਂ ਲੁਹਾ ਲੈਂਦੇ ਹਾਂ।

ਬਾਬਾ ਜੀ- ਅਸੀਂ ਭੁੱਲੜ ਹੀ ਸਹੀ, ਪਰ ਹਾਂ ਤਾਂ ਤੇਰੇ ਸਿੱਖ ਹੀ! ਕੀ ਕਰੀਏ- ਦੁਨੀਆਂਦਾਰੀ ਵਿਚ ਵਿਚਰਦਿਆਂ, ਕੁੱਝ ਮਨ ਦੇ ਆਖੇ ਲੱਗ ਤੇ ਕੁੱਝ ਲੋਕਾਂ ਦੇ ਕਹਿਣ ਤੇ ਕਰੀ ਜਾ ਰਹੇ ਹਾਂ। ਸੋ ਅੱਜ ਤੇਰੇ ਆਗਮਨ ਪੁਰਬ ਤੇ, ਤੇਰੇ ਅੱਗੇ ਭੁੱਲ ਚੁੱਕ ਦੀ ਖਿਮਾਂ ਮੰਗਦੇ ਹੋਏ, ਅਰਦਾਸ ਕਰਦੇ ਹਾਂ ਕਿ ਸਾਨੂੰ ਸੁਮੱਤ ਬਖਸ਼ੋ- ਭੁਲੜਾਂ ਨੂੰ ਆਪ ਹੀ ਸੋਝੀ ਬਖਸ਼ ਕੇ ਰਾਹੇ ਪਾਓ ਤਾਂ ਕਿ ਅਸੀਂ ਤੇਰੇ ਦੱਸੇ ਮਾਰਗ ਤੇ ਚੱਲ ਸਕੀਏ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>