ਮੋਬਾਇਲ- ਜਰੂਰਤ ਕਿ ਸਿਰਦਰਦੀ…?

ਅਜੋਕੇ ਯੁੱਗ ਵਿੱਚ ਮੋਬਾਇਲ ਸਾਡੀ ਜਰੁਰਤ ਬਣ ਗਿਆ ਹੈ। ਬੰਦਾ ਕਿਤੇ ਵੀ ਹੋਵੇ, ਝੱਟ ਉਸ ਨੂੰ ਦੁੱਖ ਸੁੱਖ ਦਾ ਸੁਨੇਹਾ ਪਹੁੰਚ ਜਾਂਦਾ ਹੈ। ਆਪਾਂ ਸੱਤ ਸਮੁੰਦਰੋਂ ਪਾਰ ਬੈਠੇ ਵੀ, ਆਪਣੇ ਸੱਜਣਾਂ ਨਾਲ, ਹਰ ਰੋਜ਼ ਗੱਲਾਂ ਬਾਤਾਂ ਕਰ ਸਕਦੇ ਹਾਂ। ਵੱਟਸ ਐਪ ਰਾਹੀਂ, ਕਿੰਨਾ ਕੁੱਝ ਸ਼ੇਅਰ ਕਰ ਲੈਂਦੇ ਹਾਂ- ਇੱਕ ਦੂਜੇ ਨਾਲ। ਦੁਨੀਆਂ ਦੇ ਕਿਸ ਕੋਨੇ ਵਿੱਚ ਕੀ ਹੋ ਰਿਹਾ ਹੈ, ਸਾਡਾ ਮੋਬਾਇਲ ਝੱਟ ਸਾਨੂੰ ਖਬਰ ਪੁਚਾ ਦਿੰਦਾ ਹੈ। ਪਰ ਜਿਸ ਚੀਜ਼ ਦੇ ਫਾਇਦੇ ਹਨ, ਉਸ ਦੇ ਨੁਕਸਾਨ ਵੀ ਹਨ- ਜਿਹਨਾਂ ਬਾਰੇ ਅਸੀਂ ਬਹੁਤ ਘੱਟ ਸੋਚਦੇ ਹਾਂ।

ਟੈਕਨੌਲੌਜੀ ਦੇ ਇਸ ਯੁੱਗ ਵਿੱਚ, ਅਸੀਂ ਸੈੱਲ ਫੋਨ ਦੇ ਇੰਨੇ ਗੁਲਾਮ ਹੋ ਗਏ ਹਾਂ- ਕਿ ਅਸੀਂ ਖਾਣ ਪੀਣ ਤੋਂ ਬਗੈਰ ਗੁਜ਼ਾਰਾ ਕਰ ਸਕਦੇ ਹਾਂ, ਪਰ ਇਸ ਤੋਂ ਬਿਨਾਂ ਨਹੀਂ। ਰਾਤ ਨੂੰ ਵਟਸ ਐਪ ਤੇ ਆਏ, ਸਾਰੇ ਮੈਸੇਜ ਪੜ੍ਹ ਕੇ ਸੌਂਦੇ ਹਾਂ, ਕੁਮੈਂਟਸ ਦਿੰਦੇ ਹਾਂ। ਤਰ੍ਹਾਂ ਤਰ੍ਹਾਂ ਦੀਆਂ ਵੀਡੀਓ, ਗਰੁੱਪਾਂ ਵਾਲੇ ਪਾ ਦਿੰਦੇ ਹਨ- ਜੋ ਦਿਲ ਦਿਮਾਗ ਤੇ ਕਈ ਤਰ੍ਹਾਂ ਦੇ ਅਸਰ ਕਰਦੀਆਂ ਹਨ। ਉਹ ਵੀਡੀਓ ਵੀ ਅਸੀਂ, ਅਕਸਰ ਰਾਤ ਵੇਲੇ ਦੇਖਣ ਬਹਿ ਜਾਂਦੇ ਹਾਂ। ਜਦ ਕਿ ਸੌਣ ਵੇਲੇ ਸਾਨੂੰ ਰੱਬ ਦਾ ਨਾਂ ਲੈਣਾ ਚਾਹੀਦਾ ਹੈ, ਤਾਂ ਕਿ ਦਿਮਾਗ ਸ਼ਾਂਤ ਹੋ ਜਾਵੇ ਤੇ ਚੰਗੀ ਨੀਂਦ ਆਵੇ। ਕਈ ਵਾਰੀ ਜੇ ਬੱਚਿਆਂ ਨੂੰ ਮਾਪੇ ਸੌਣ ਲਈ ਕਹਿ ਵੀ ਦੇਣ, ਤਾਂ ਉਹ ਲਾਈਟ ਬੁਝਾ ਦਿੰਦੇ ਹਨ, ਪਰ ਸੈੱਲ ਤੇ ਦੋਸਤਾਂ ਨਾਲ ਚੈਟਿੰਗ ਕਰਦੇ ਰਹਿੰਦੇ ਹਨ। ਹਨ੍ਹੇਰੇ ਵਿੱਚ ਅੱਖਾਂ ਤੇ ਕੀ ਅਸਰ ਪੈਂਦਾ ਹੈ- ਇਹ ਸੋਚਣ ਦੀ ਫੁਰਸਤ ਹੀ ਕਿੱਥੇ ਉਹਨਾਂ ਕੋਲ? ਮੋਬਾਇਲ ਸਾਨੂੰ ਸਮੇਂ ਸਿਰ ਸੌਣ ਵੀ ਨਹੀਂ ਦਿੰਦਾ। ਨੀਂਦ ਪੂਰੀ ਨਾ ਹੋਣ ਕਾਰਨ, ਅਸੀਂ ਦੂਸਰੇ ਦਿਨ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੇ, ਸਰੀਰ ਥੱਕਿਆ ਥੱਕਿਆ ਰਹਿੰਦਾ ਹੈ।

ਰਾਤ ਨੂੰ ਅਸੀਂ ਲੋਕ, ਇਸ ਨੂੰ ਸਰ੍ਹਾਣੇ ਹੇਠ ਰੱਖ ਕੇ ਸੌਂ ਜਾਂਦੇ ਹਾਂ। ਕਦੇ ਸੋਚਿਆ ਹੈ ਕਿ- ਇਸ ਵਿੱਚੋਂ ਜੋ ਰੇਡੀਏਸ਼ਨ ਨਿਕਲਦੀ ਹੈ, ਉਹ ਸਾਡੇ ਦਿਮਾਗ ਤੇ ਕੀ ਅਸਰ ਪਾਏਗੀ?  ਮੈਡੀਕਲ ਸਾਇੰਸ ਤਾਂ ਇੱਥੋਂ ਤੱਕ ਕਹਿੰਦੀ ਹੈ, ਕਿ ਸੈੱਲ ਫੋਨ ਨੂੰ ਆਪਣੇ ਬੈਗ ਜਾਂ ਪਰਸ ਵਿੱਚ ਪਾ ਕੇ ਰੱਖੋ ਨਾ ਕਿ ਜੇਬਾਂ ਜਾਂ ਹੱਥਾਂ ਵਿੱਚ। ਨਾਲੇ ਹੱਥ ਵਿੱਚ ਫੜਿਆ ਹੋਵੇ, ਤਾਂ ਹਰ ਸਮੇਂ ਗੁਆਚਣ ਦਾ ਡਰ ਲੱਗਾ ਰਹਿੰਦਾ ਹੈ।

ਮੋਬਾਇਲ ਅੱਜਕਲ ਜਰੂਰਤ ਤੋਂ ਜ਼ਿਆਦਾ ਸਿਰਦਰਦੀ ਬਣ ਗਿਆ ਹੈ। ਲਓ- ਮੇਰੇ ਆਪਣੇ ਘਰ ਦੀ ਗੱਲ ਹੀ ਸੁਣ ਲਵੋ ਪਹਿਲਾਂ। ਇੱਕ ਸਰਦ ਰੁੱਤ ਦੀ ਗੱਲ ਹੈ- ਮੈਂ ਇੰਡੀਆ ਸਾਂ। ਰਿਸ਼ਤੇਦਾਰੀ ਵਿੱਚ ਇੱਕ ਵਿਆਹ ਕਾਰਨ, ਕੁੱਝ ਦਿਨਾਂ ਲਈ ਮੇਰਾ ਬੇਟਾ ਵੀ ਇੰਡੀਆ ਆ ਗਿਆ। ਇੰਡੀਆ ਵਰਤਣ ਲਈ, ਉਸਨੂੰ ਨਵਾਂ ‘ਸਿਮ’ ਚਾਹੀਦਾ ਸੀ।

“ਮੰਮਾਂ, ਮੈਂ ਤੁਹਾਡਾ ਹੀ ਫੋਨ ਇੰਨੇ ਕੁ ਦਿਨ ਰੱਖ ਲਵਾਂ?” ਉਸ ਮੈਂਨੂੰ ਪੁਛਿਆ।

“ਹਾਂ ਬੇਟੇ, ਇੰਨੇ ਕੁ ਦਿਨਾਂ ਲਈ ਕੀ ਨਵਾਂ ਨੰਬਰ ਲੈਣਾ ਹੈ..ਤੂੰ ਏਹੀ ਰੱਖ ਲੈ। ਕੋਈ ਜਰੂਰੀ ਫੋਨ ਹੋਇਆ, ਤਾਂ ਮੈਂ ਸ਼ਾਮ ਨੂੰ ਕਰ ਲਿਆ ਕਰਾਂਗੀ।” ਮੈਂ ਸਹਿਮਤੀ ਦੇ ਦਿੱਤੀ।

ਸੋ ਮੇਰਾ ਫੋਨ, ਸਾਰਾ ਦਿਨ ਉਸ ਕੋਲ ਹੀ ਰਹਿੰਦਾ ਤੇ ਸ਼ਾਮ ਨੂੰ ਉਹ ਮੈਂਨੂੰ, ਮੇਰੀ ਕਿਸੇ ਮਿਸ ਕਾਲ ਜਾਂ ਮੈਸੇਜ ਬਾਰੇ ਦੱਸ ਦਿੰਦਾ। ਜਿਸ ਨੂੰ ਮੈਂ ਜਰੂਰੀ ਸਮਝਦੀ, ਉਸ ਕਾਲ ਦਾ ਜਵਾਬ ਦੇ ਦੇਂਦੀ। ਉੱਨੇ ਦਿਨ ਮੇਰੇ ਦਿਮਾਗ ਨੂੰ ਜਿਹੜੀ ਸ਼ਾਂਤੀ ਮਿਲੀ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਵੀਕ ਐਂਡ ਤੇ ਸਾਹਿਤ ਸਭਾ ਦੀ ਮੀਟਿੰਗ ਸੀ- ਉਸ ਵਿੱਚ ਫੋਨ ਨਾਲ ਹੋਣ ਵਾਲੀ ਰੁਕਾਵਟ ਤੋਂ ਛੁਟਕਾਰਾ ਮਿਲ ਗਿਆ ਤੇ ਸ਼ਾਂਤੀ ਨਾਲ ਸਭ ਨੂੰ ਸੁਨਣ ਦਾ ਅਨੰਦ ਮਾਣਿਆਂ। ਕੀਰਤਨ ਤੇ ਜਾਂਦਿਆਂ ਸਾਰ ਵੀ, ਪਹਿਲਾਂ ਫੋਨ ਸਾਈਲੈਂਟ ਕਰਨਾ ਪੈਂਦਾ ਸੀ। ਕਈ ਵਾਰੀ ਯਾਦ ਭੁੱਲ ਜਾਣਾ ਤੇ ਅਰਦਾਸ ਵੇਲੇ ਵੱਜਣ ਲੱਗ ਜਾਣਾ ਤਾਂ ਬੜੀ ਸ਼ਰਮ ਮਹਿਸੂਸ ਹੋਣੀ। ਕਿਉਂਕਿ ਉਥੇ ਫੋਨ ਦੇ ਵੱਜਣ ਨਾਲ, ਤੁਹਾਡੀ ਬਿਰਤੀ ਦੇ ਨਾਲ ਨਾਲ, ਆਸ ਪਾਸ ਦੀ ਸੰਗਤ ਦੀ ਬਿਰਤੀ ਵੀ ਉਖੜ ਜਾਂਦੀ ਹੈ। ਹੁਣ ਮੇਰਾ ਇਹ ਫਿਕਰ ਹੀ ਲੱਥ ਗਿਆ, ਉਥੇ ਵੀ ਦਿਮਾਗ ਹੌਲਾ ਫੁੱਲ ਰਹਿੰਦਾ। ਕਈ ਵਾਰੀ ਲਿਖਣ ਪੜ੍ਹਨ ਵੇਲੇ, ਫੋਨ ਵੱਜਣ ਲੱਗ ਜਾਂਦਾ- ਤਾਂ ਦਿਮਾਗ ਵਿਚੋਂ ਖਿਆਲਾਂ ਦੀ ਲੜੀ ਟੁੱਟ ਜਾਂਦੀ। ਕਦੇ ਕਿਸੇ ਨਾਲ ਲੰਬੀ ਗੱਲ ਹੋ ਜਾਂਦੀ ਤਾਂ ਸਿਰ ਦੁੱਖਣ ਲੱਗ ਜਾਂਦਾ। ਇਹਨਾਂ ਸਭ ਗੱਲਾਂ ਤੋਂ ਮੈਂਨੂੰ ਤਾਂ ਜਿਵੇਂ ਰਾਹਤ ਮਿਲ ਗਈ। ਦਿਮਾਗ ਨੂੰ ਬੜਾ ਸਕੂਨ ਜਿਹਾ ਮਿਲਿਆ ਇੰਨੇ ਦਿਨ।

ਤੁਸੀਂ ਦੇਖਿਆ ਹੋਏਗਾ, ਕਿ ਸੈੱਲ ਫੋਨ ਤੇ ਲੰਬੀ ਗੱਲ ਕਰਦਿਆਂ, ਅਕਸਰ ਕੰਨ ਸਾਂ ਸਾਂ ਕਰਨ ਲੱਗ ਜਾਂਦੇ ਹਨ। ਕੋਸ਼ਿਸ਼ ਕਰੋ ਕਿ ਲਗਾਤਾਰ ਲੰਬੀ ਕਾਲ ਨਾ ਕੀਤੀ ਜਾਵੇ। ਜਾਂ ਸਪੀਕਰ ਤੇ ਕਰ ਲਵੋ ਤਾਂ ਕਿ ਕੰਨ ਦੇ ਨਾਲ ਨਾ ਲਾਉਣਾ ਪਵੇ। ਮੈਡੀਕਲ ਖੋਜ ਮੁਤਾਬਕ- ਜੇਕਰ ਸੈੱਲ ਦੀ ਬੈਟਰੀ ਘੱਟ ਹੈ, ਤਾਂ ਉਸ ਵੇਲੇ ਵੀ ਸੁਨਣਾ ਜਾਂ ਕਰਨਾ ਨਹੀਂ ਚਾਹੀਦਾ। ਕਿਉਂਕਿ ਉਸ ਵੇਲੇ ਫੋਨ ਦੀ ਰੇਡੀਏਸ਼ਨ ਕਈ ਗੁਣਾ ਵੱਧ ਜਾਂਦੀ ਹੈ। ਨਾ ਹੀ ਚਾਰਜਰ ਤੇ ਲਾ ਕੇ ਗੱਲ ਕਰਨੀ ਚਾਹੀਦੀ ਹੈ- ਕਿਉਂ ਕਿ ਕਈ ਵਾਰੀ ਬੈਟਰੀ ਫਟਣ ਦਾ ਡਰ ਹੁੰਦਾ ਹੈ। ਜੇਕਰ ਘਰ ਵਿੱਚ ਲੈਂਡਲਾਈਨ ਹੋਵੇ, ਤਾਂ ਮੋਬਾਇਲ ਦੀ ਵਰਤੋਂ ਘੱਟ ਤੋਂ ਘੱਟ ਕਰੋ। ਕੋਸ਼ਿਸ਼ ਕਰੋ ਕਿ ਮੋਬਾਇਲ ਤੇ ਛੋਟੀ ਗੱਲ ਕਰੋ। ਗਰਭਵਤੀ ਮਾਵਾਂ ਨੂੰ ਖਾਸ ਤੌਰ ਤੇ, ਸੈੱਲ ਫੋਨ ਦੀ ਜ਼ਿਆਦਾ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਦੇ ਸੋਚਿਆ- ਕਿ ਜਦੋਂ ਇੱਕ ਸੁੱਤੀ ਹੋਈ ਗਰਭਵਤੀ ਮਾਂ ਕੋਲ ਪਏ ਸੈੱਲ ਫੋਨ ਦੀ ਉੱਚੀ ਆਵਾਜ਼ ਵਿੱਚ ਘੰਟੀ ਵੱਜਦੀ ਹੈ- ਤਾਂ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਤੇ ਕੀ ਅਸਰ ਪੈਂਦਾ ਹੋਏਗਾ?

ਡਰਾਈਵਿੰਗ ਸਮੇਂ ਵੀ, ਸੈੱਲ ਫੋਨ ਤੋਂ ਪਰਹੇਜ਼ ਕੀਤਾ ਜਾਵੇ ਤਾਂ ਚੰਗਾ ਹੈ। ਫੋਨ ਸੁਨਣ ਨਾਲ ਗੱਡੀ ਚਾਲਕ ਦਾ ਧਿਆਨ ਅਕਸਰ ਹੀ ਭਟਕ ਜਾਦਾ ਹੈ। ਤੁਹਾਨੂੰ ਸ਼ਾਇਦ ਯਾਦ ਹੀ ਹੋਏਗਾ ਕਿ- ਕੁੱਝ ਸਾਲ ਪਹਿਲਾਂ ਇੱਕ ਖਬਰ ਆਈ ਸੀ- ਇੱਕ ਜਵਾਨ ਬੱਚੇ ਦੇ ਐਕਸੀਡੈਂਟ ਦੀ। ਇਸ ਦੁਰਘਟਨਾ ਵਿੱਚ, ਵਿਚਾਰੇ ਉਸ ਗੱਡੀ ਚਾਲਕ ਦੀ ਗੱਡੀ, ਅੱਗੇ ਜਾ ਰਹੇ ਟਰੱਕ ਦੇ ਹੇਠਾਂ ਵੜ ਗਈ ਸੀ। ਗੌਰ ਵਾਲੀ ਗੱਲ ਤਾਂ ਇਹ ਸੀ ਕਿ- ਜਦੋਂ ਪੁਲਿਸ ਨੇ ਬੜੀ ਮੁਸ਼ਕਲ ਨਾਲ ਉਸ ਜਵਾਨ ਮੁੰਡੇ ਦੀ ਮ੍ਰਿਤਕ ਦੇਹ ਨੂੰ ਹੇਠੋਂ ਕੱਢਿਆ, ਤਾਂ ਦੇਖਿਆ ਕਿ ਉਸ ਦੇ ਹੱਥ ਵਿੱਚ ਸੈੱਲ ਫੋਨ ਸੀ, ਜਿਸ ਤੇ ਅੱਧਾ ਮੈਸੇਜ ਲਿਖਿਆ ਹੋਇਆ ਸੀ। ਵੈਸੇ ਕੀ ਘੱਟ ਜਾਣਾ ਸੀ- ਜੇ ਉਸ ਵੇਲੇ ਮੈਸੇਜ ਦਾ ਜਵਾਬ ਨਾ ਦਿੱਤਾ ਜਾਂਦਾ?

ਮੋਬਾਇਲ ਸਾਡੀ ਸੇਹਤ ਲਈ ਹੀ ਹਾਨੀਕਾਰਕ ਨਹੀਂ, ਸਗੋਂ ਇਸ ਨੇ ਸਮਾਜ ਵਿਚੋਂ ਇਨਸਾਨੀ ਕਦਰਾਂ ਕੀਮਤਾਂ ਨੂੰ ਵੀ ਢਾਅ ਲਾਈ ਹੈ। ਸਾਨੂੰ ਪੈਰ ਪੈਰ ਤੇ ਝੂਠ ਬੋਲਣ ਦੀ ਆਦਤ ਪੈ ਗਈ ਹੈ। ਬੰਦਾ ਘਰੇ ਬੈਠਾ ਹੁੰਦਾ ਹੈ ਪਰ ਸੈੱਲ ਤੇ ਕਹਿ ਦਿੰਦਾ ਹੈ- “ਮੈਂ ਤਾਂ ਅੱਜ ਚੰਡੀਗੜ੍ਹ ਗਿਆ ਹੋਇਆ ਹਾਂ” ਕਿਉਂਕਿ ਇਸ ਨੇ ਕਿਹੜਾ ਇਹ ਦੱਸਣਾ- ਕਿ ਕਿਸ ਜਗ੍ਹਾ ਤੋਂ ਬੋਲ ਰਿਹਾ ਹੈ? ਬਾਕੀ, ਘਰ ਪਰਿਵਾਰ ਨੂੰ ਤੋੜਨ ਵਿੱਚ ਵੀ, ਮੋਬਾਇਲ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਮੇਰੇ ਇੱਕ ਜਾਣੂੰ ਪਰਿਵਾਰ ਦੇ ਮੁੰਡੇ ਦੀ, ਪਿਛਲੇ ਸਾਲ ਹੀ ਸ਼ਾਦੀ ਹੋਈ ਸੀ। ਮੈਂ ਛੇ ਕੁ ਮਹੀਨੇ ਬਾਅਦ ਜਦ ਇੰਡੀਆ ਗਈ ਤਾਂ ਬਹੂ ਨੂੰ ਦੇਖਣ ਗਈ। ਜਦ ਮੈਂ ਵਧਾਈ ਦਿੱਤੀ, ਤਾਂ ਮੁੰਡੇ ਦੇ ਮਾਂ ਬਾਪ ਚੁੱਪ ਜਿਹੇ ਹੋ ਗਏ।

“ਕੀ ਗੱਲ ਭੈਣਜੀ- ਬਹੂ ਪੇਕੇ ਗਈ ਹੈ? ਸਭ ਠੀਕ ਤਾਂ ਹੈ ਨਾ?” ਮੈਂ ਹੈਰਾਨ ਹੋ ਕੇ ਪੁੱਛਿਆ।

“ਕੀ ਦੱਸੀਏ- ਬਹੂ ਤਾਂ ਤਿੰਨ ਮਹੀਨੇ ਵੀ ਨਹੀਂ ਵਸੀ ਤੇ ਹੁਣ ਤਲਾਕ ਦਾ ਕੇਸ ਚੱਲ ਰਿਹਾ ਹੈ।” ਨਿੰਮੋਝੂਣੀ ਜਿਹੀ ਹੋ ਕੇ ਮੁੰਡੇ ਦੀ ਮਾਂ ਕਹਿਣ ਲੱਗੀ।

“ਐਡੀ ਕਿਹੜੀ ਗੱਲ ਹੋ ਗਈ ਸੀ?” ਮੈਂ ਹੈਰਾਨ ਹੋ ਕੇ ਪੁੱਛਿਆ।

“ਕੀ ਦੱਸਾਂ ਭੈਣਜੀ- ਸਭ ਮੋਬਾਇਲ ਦੀ ਮੇਹਰਬਾਨੀ ਹੈ। ਇਸ ਚੰਦਰੇ ਨੇ ਮੇਰੇ ਮੁੰਡੇ ਦਾ ਘਰ ਨਹੀਂ ਵੱਸਣ ਦਿੱਤਾ” ਉਹ ਆਪਣਾ ਦੁੱਖ ਦੱਸਣ ਲੱਗੀ-

“ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਮੋਬਾਇਲ ਤਾਂ ਕੁੜੀਆਂ ਨਾਲ ਲੈ ਕੇ ਆਉਂਦੀਆਂ ਹਨ। ਸਵੇਰੇ ਉਠਦੇ ਸਾਰ ਹੀ ਮਾਪਿਆਂ ਨੂੰ ਫੋਨ ਕਰਨ ਬਹਿ ਜਾਣਾ। ਘੰਟਾ ਘੰਟਾ ਲਗਾਤਾਰ ਘਰ ਦੀ ਹਰ ਗੱਲ ਮਾਂ ਨੂੰ ਦੱਸਣੀ- ਕੀ ਖਾਧਾ..ਕੀ ਬਣਾਇਆ..ਕਿਸ ਨੇ ਬਣਾਇਆ..ਕੌਣ ਕੀ ਬੋਲਿਆ..ਮੈਂ ਕੀ ਜਵਾਬ ਦਿੱਤਾ..। ਫਿਰ ਉਸ ਨੇ ਦੱਸੀ ਜਾਣਾ ਕਿ- ਤੂੰ ਇਹ ਕਹਿਣਾ ਸੀ..। ਜਿਥੇ ਮਾਪਿਆਂ ਨੇ ਕੁੜੀਆਂ ਨੂੰ ਪਰਿਵਾਰ ਵਿੱਚ ਰਲ ਬਹਿਣ ਦਾ ਮੌਕਾ ਹੀ ਨਹੀਂ ਦੇਣਾ, ਉਥੇ ਘਰ ਕਿਵੇਂ ਵਸਣਗੇ? ਮੁੰਡੇ ਨੇ ਇੱਕ ਦੋ ਵਾਰੀ ਟੋਕਿਆ, ਤਾਂ ਗੁੱਸੇ ਹੋ ਕੇ ਪੇਕੇ ਚਲੀ ਗਈ ਤੇ ਮੁੜ ਆਈ ਹੀ ਨਹੀਂ। ਮੇਰਾ ਤਾਂ ਮਨ ਇੰਨਾ ਦੁਖੀ ਹੈ ਭੈਣਜੀ- ਕਿ ਮੁੰਡਾ ਨਾ ਵਿਆਹਿਆਂ ਵਿੱਚ ਤੇ ਨਾ ਕੁਆਰਿਆਂ ਵਿੱਚ।” ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ।

ਮੈਂਨੂੰ ਲਗਦਾ- ਇਹ ਕਹਾਣੀ ਕਿਸੇ ਇੱਕ ਘਰ ਦੀ ਨਹੀਂ ਸਗੋਂ ਕਈ ਘਰਾਂ ਦੀ ਹੈ। ਮਾੜਾ ਮੋਟਾ ਮਨ ਮੁਟਾਵ ਤਾਂ ਹਰ ਘਰ ਵਿੱਚ ਕਈ ਵਾਰੀ ਹੋ ਹੀ ਜਾਂਦਾ ਹੈ- ਪਰ ਇਹ ਸੈੱਲ, ਕਿਸੇ ਜਸੂਸ ਵਾਗੂੰ, ਸਾਡੇ ਘਰ ਦੀ ਸੀ. ਆਈ. ਡੀ. ਕਰਕੇ, ਨਾਲੋ ਨਾਲ ਰਿਪੋਰਟ ਦੂਜੇ ਘਰ ਪੁਚਾਈ ਜਾਂਦਾ ਹੈ। ਇਸੇ ਕਾਰਨ ਹੀ, ਪਰਿਵਾਰਾਂ ਵਿੱਚ ਤ੍ਰੇੜਾਂ ਵਧ ਜਾਂਦੀਆਂ ਹਨ ਤੇ ਰਿਸ਼ਤੇ ਟੁੱਟਣ ਤੱਕ ਨੌਬਤ ਆ ਜਾਂਦੀ ਹੈ। ਸਾਡੇ ਵੇਲੇ ਤਾਂ ਕਿਤੇ ਛੇ ਕੁ ਮਹੀਨੇ ਬਾਅਦ ਪੇਕੇ ਜਾਈਦਾ ਸੀ, ਤੇ ਹੱਸ ਖੇਡ ਕੇ ਵਾਪਿਸ ਆ ਜਾਈਦਾ ਸੀ- ਘਰ ਵਿੱਚ ਹੋਈ ਮਾੜੀ ਮੋਟੀ ਨੋਕ ਝੋਕ ਤਾਂ ਇੰਨੇ ਸਮੇਂ ਵਿੱਚ ਭੁੱਲ ਭੁਲਾ ਹੀ ਜਾਂਦੀ ਸੀ। ਪਰ ਅੱਜ ਤਾਂ ਅਸੀਂ, ਜੰਮਦੇ ਬੱਚੇ ਹੱਥ ਮੋਬਾਇਲ ਫੜਾ ਦਿੰਦੇ ਹਾਂ। ਫਿਰ ਬੜੀ ਸ਼ਾਨ ਨਾਲ ਦੱਸਦੇ ਹਾਂ ਕਿ- ‘ਸਾਡਾ ਤਾਂ ਛੋਟਾ ਜਿਹਾ ਬੱਚਾ, ਮੋਬਾਇਲ ਦੇ ਸਾਰੇ ਫੰਕਸ਼ਨ ਜਾਣਦਾ ਹੈ।’ ਪਰ ਇਸ ਤੋਂ ਨਿਕਲ ਰਹੀ ਰੇਡੀਏਸ਼ਨ ਦਾ ਇੰਨੇ ਛੋਟੇ ਬੱਚੇ ਦੇ ਦਿੱਲ, ਦਿਮਾਗ, ਅੱਖਾਂ ਤੇ ਕੀ ਪ੍ਰਭਾਵ ਪਏਗਾ- ਕਦੇ ਸੋਚਿਆ ਆਪਾਂ?

ਕੀ ਤੁਸੀਂ ਜਾਣਦੇ ਹੋ ਕਿ- ਬਿਲ ਗੇਟਸ ਨੇ ਸਿਆਟਲ (ਯੂ. ਐਸ. ਏ.) ਵਿੱਚ ਕਈ ਏਕੜ ਵਿੱਚ ਇੱਕ ਸਕੂਲ ਬਣਵਾਇਆ ਹੋਇਆ ਹੈ ਜਿਸ ਵਿੱਚ ਉਸ ਦੇ ‘ਮਾਈਕਰੋਸੌਫਟ ਐਗਜ਼ੈਕਟਿਵਜ਼’ ਦੇ ਬੱਚੇ ਹੀ ਪੜ੍ਹਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਥੇ ਗਿਆਰਾਂ ਸਾਲ ਦੀ ਉਮਰ ਤੱਕ (ਪੰਜਵੀਂ ਕਲਾਸ ਤੱਕ) ਕਿਸੇ ਬੱਚੇ ਨੂੰ ‘ਅਲੈਕਟਰੌਨਿਕ ਡੀਵਾਈਸਜ਼’- ਜਿਵੇਂ ਸੈੱਲ ਫੋਨ, ਆਈ ਪੈਡ, ਲੈਪ ਟੌਪ ਆਦਿ- ਕਿਸੇ ਨੂੰ ਵੀ ਹੱਥ ਵੀ ਨਹੀਂ ਲਾਉਣ ਦਿੱਤਾ ਜਾਂਦਾ। ਉਸ ਸਕੂਲ ਵਿੱਚ ਸਵਿੰਮਿੰਗ ਪੂਲ ਤੋਂ ਲੈ ਕੇ ਹੋਰ ਇੰਨੀਆਂ ਆਊਟ ਡੋਰ ਤੇ ਇੰਨਡੋਰ ਗੇਮਜ਼ ਹਨ- ਜਿਹਨਾਂ ਵਿੱਚ ਬੱਚਿਆਂ ਨੂੰ ਹਰ ਵੇਲੇ ਰੁੱਝੇ ਰਹਿਣ ਦਾ ਮੌਕਾ ਮਿਲਦਾ ਹੈ। ਏਮਜ਼ ਦੇ ਕੈਂਸਰ ਮਾਹਿਰ ਡਾਕਟਰ ਦਾ ਕਹਿਣਾ ਹੈ ਕਿ- ਇਸ ਉਮਰ ਤੱਕ ਬੱਚਿਆਂ ਦਾ ਬੋਨ ਮੈਰੋ ਕਮਜ਼ੋਰ ਹੁੰਦਾ ਹੈ। ਸੋ ਜਿਉਂ ਹੀ ਬੱਚੇ ਇਹਨਾਂ ਨੂੰ ਛੂੰਹਦੇ ਹਨ ਜਾਂ ਨੇੜੇ ਤੋਂ ਵਰਤਦੇ ਹਨ ਤਾਂ ਇਹਨਾਂ ਦੀਆਂ ਵੇਵਜ਼ ਕੈਂਸਰ ਦਾ ਕਾਰਨ ਬਣਦੀਆਂ ਹਨ। ਜਰਮਨ ਦੀ ਇੱਕ ਰੀਸਰਚ ਦਾ ਵੀ ਇਹੀ ਕਹਿਣਾ ਹੈ। ਸੋ ਭਾਈ ਹੁਣ ਸੋਚਣਾ ਤਾਂ ਅਸੀਂ ਹੈ ਕਿ- ਆਪਣੇ ਬੱਚਿਆਂ ਨੂੰ ਕਿਵੇਂ ਇਹਨਾਂ ਤੋਂ ਦੂਰ ਰੱਖਿਆ ਜਾਵੇ?

ਸਾਥੀਓ, ਸਮੇਂ ਦਾ ਹਰ ਪਲ ਬੜਾ ਕੀਮਤੀ ਹੈ। ਇਸ ਨੂੰ ਮੋਬਾਇਲ ਦੀ ਭੇਟ ਹੀ ਨਾ ਚੜ੍ਹਾਈ ਜਾਓ। ਸਾਡੇ ਬੱਚੇ ਅੱਜ  ਇਸ ਵਿੱਚ ਇੰਨੇ ਗੁਆਚ ਗਏ ਹਨ, ਕਿ ਉਹਨਾਂ ਕੋਲ ਮਾਂ ਬਾਪ ਨਾਲ ਗੱਲ ਕਰਨ ਦੀ ਵੀ ਵਿਹਲ ਨਹੀਂ। ਕੁੱਝ ਦਿਨ ਹੋਏ  ਰੈਸਟੋਰੈਂਟ ਵਿੱਚ, ਇੱਕ ਪਰਿਵਾਰ ਨੂੰ ਖਾਣਾ ਖਾਂਦੇ ਦੇਖਿਆ। ਖਾਣੇ ਦਾ ਔਡਰ ਦੇ ਕੇ, ਮਾਂ ਬਾਪ ਤੇ ਦੋਹਾਂ ਬੱਚਿਆਂ ਨੇ ਆਪੋ ਆਪਣੇ ਸੈੱਲ ਫੋਨ ਕੱਢ ਲਏ। ਬੱਸ ਦੋਸਤਾਂ ਨਾਲ ਚੈਟਿੰਗ ਸ਼ੁਰੂ। ਅੱਧਾ ਘੰਟਾ ਖਾਣਾ ਆਉਣ ਨੂੰ ਲੱਗਿਆ। ਪਰ ਮਜਾਲ ਹੈ- ਕਿ ਟੇਬਲ ਤੇ ਬੈਠੇ ਕਿਸੇ ਬੰਦੇ ਨੇ ਦੂਜੇ ਨਾਲ ਕੋਈ ਗੱਲ ਬਾਤ ਕੀਤੀ ਹੋਵੇ। “ਕਾਹਦਾ ਫੈਮਿਲੀ ਡਿੰਨਰ ਹੋਇਆ ਇਹ?” ਮੈਂ ਸੋਚਾਂ ਵਿੱਚ ਪੈ ਗਈ।
ਮੁਕਦੀ ਗੱਲ ਤਾਂ ਇਹ ਹੈ- ਕਿ ਸੈੱਲ ਤੋਂ ਬਿਨਾ ਹੁਣ ਆਪਣਾ ਗੁਜ਼ਾਰਾ ਤਾਂ ਨਹੀਂ ਹੋ ਸਕਦਾ, ਕਿਉਂਕਿ ਆਪਾਂ ਹੁਣ ਇਸ ਦੇ ਇੰਨੇ ਆਦੀ ਹੋ ਗਏ ਹਾਂ ਕਿ ਰਹਿ ਨਹੀਂ ਸਕਦੇ ਇਸ ਬਗੈਰ। ਪਰ ਇਸ ਦੀ ਵਰਤੋਂ ਲੋੜ ਅਨੁਸਾਰ ਹੀ ਕਰੀਏ, ਐਵੇਂ ਹਰ ਵੇਲੇ ਨਾ ਕੰਨਾਂ ਨੂੰ ਲਾਈ ਰੱਖੀਏ। ਸਾਡੇ ਵੱਡੇ ਵਡੇਰੇ ਕਹਿੰਦੇ ਹੁੰਦੇ ਸਨ ਕਿ- ਸਾਰਾ ਹਫਤਾ ਖਾਣਾ ਖਾਣ ਨਾਲੋਂ, ਇੱਕ ਦਿਨ ਵਰਤ ਰੱਖ ਕੇ, ਪੇਟ ਨੂੰ ਵੀ ਆਰਾਮ ਦੇਣਾ ਚਾਹੀਦਾ ਹੈ। ਠੀਕ ਇਸੇ ਤਰ੍ਹਾਂ, ਅਸੀਂ ਵੀ ਕਦੇ ਹਫਤੇ ਦਾ ਇੱਕ ਦਿਨ ਮੋਬਾਇਲ ਤੋਂ ਬਿਨਾ ਕੱਟ ਕੇ ਦੇਖੀਏ। ਤਜਰਬੇ ਦੇ ਤੌਰ ਤੇ ਹੀ ਸਹੀ- ਦੇਖੀਏ ਤਾਂ ਸਹੀ- ਦਿੱਲ ਦਿਮਾਗ ਨੂੰ ਕਿੰਨਾ ਸਕੂਨ ਮਿਲਦਾ ਹੈ। ਫੈਸਲਾ ਸਾਡੇ ਆਪਣੇ ਹੱਥ ਹੈ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>