ਅੰਨ੍ਹੀ ਸ਼ਰਧਾ ਸਾਨੂੰ ਲੈ ਡੁਬੇਗੀ..!

ਸਾਡੇ ਦੇਸ਼ ਵਿੱਚ ਬਾਬਿਆਂ ਦੇ ਡੇਰੇ ਖੁੰਬਾਂ ਦੀ ਤਰ੍ਹਾਂ ਵੱਧ ਗਏ ਹਨ। ਹਰੇਕ ਡੇਰੇ ਤੇ ਸੰਗਤ ਦਾ ਅਥਾਹ ਸਮੁੰਦਰ ਦੇਖਣ ਨੂੰ ਮਿਲਦਾ ਹੈ। ਕਹਿਣ ਨੂੰ ਤਾਂ ਇਹ ਬਾਬੇ ਆਪਣੇ ਆਪ ਨੂੰ ਅਧਿਆਤਮਿਕ ਆਗੂ ਕਹਿੰਦੇ ਹਨ, ਪਰ ਨਾਲ ਹੀ ਆਏ ਦਿਨ ਇਹ ਬਾਬੇ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਹਨ। ਪਰ ਤਾਂ ਵੀ ਇਹਨਾਂ ਦੇ ਡੇਰੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚ ਗਲਤ ਕਾਰੋਬਾਰ ਕਿਸ ਦੀ ਸ਼ਹਿ ਤੇ ਚਲਦੇ ਹਨ? ਕਾਰਨ ਸਾਡੇ ਸਭ ਦੇ ਸਾਹਮਣੇ ਹੈ ਕਿ- ਇਹ ਸਿਆਸੀ ਲੋਕਾਂ ਦੇ ਵੋਟ ਬੈਂਕ ਹਨ। ਆਮ ਤੌਰ ਤੇ ਸਾਡੇ ਸਿਆਸੀ ਲੀਡਰ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ- ਅਕਸਰ ਹੀ ਇਹਨਾਂ ਡੇਰਿਆਂ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹਦੇ ਦੇਖੇ ਜਾਂਦੇ ਹਨ। ਭਾਈ- ਜੇ ਕਿਸੇ ਬਾਬੇ ਦੀ ਪ੍ਰਸ਼ੰਸਾ ਵਿੱਚ ਚਾਰ ਸ਼ਬਦ ਬੋਲਣ ਨਾਲ, ਉਸ ਦੇ ਸ਼ਰਧਾਲੂਆਂ ਦੀਆਂ ਹਜ਼ਾਰਾਂ ਲੱਖਾਂ ਵੋਟਾਂ ਹੱਥ ਲੱਗ ਜਾਣ- ਤਾਂ ਇਸ ਵਿੱਚ ਹਰਜ਼ ਹੀ ਕੀ ਹੈ? ਨਾਲੇ ਸਿਆਸਤ ਵਿੱਚ ਜ਼ਮੀਰ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਕੀ ਸਾਡੀ ਭੋਲੀ ਭਾਲੀ ਜਨਤਾ- ਪਤਾ ਨਹੀਂ ਇਹਨਾਂ ਦੇ ਕਿਰਦਾਰ ਨੂੰ ਕਦੋਂ ਸਮਝੇਗੀ?

ਹਿੰਦੁਸਤਾਨ ਵਿੱਚ ਹਰ ਬਾਬਾ ਕੁੱਝ ਹੀ ਸਮੇਂ ਵਿੱਚ ਮਸ਼ਹੂਰ ਹੋ ਜਾਂਦਾ ਹੈ- ਕ੍ਰੋੜਾਂ ਦੀ ਜਾਇਦਾਦ ਬਣਾ ਲੈਂਦਾ ਹੈ। ਨਾਲ ਕੁੱਝ ਕੁ ਕਾਰਜ (ਦਿਖਾਵੇ ਵਾਸਤੇ) ਲੋਕ ਭਲਾਈ ਦੇ ਵੀ ਕਰਦਾ ਹੈ ਤਾਂ ਕਿ ਉਸ ਦੇ ਕੁਕਰਮਾਂ ਤੇ ਪੜਦਾ ਪਿਆ ਰਹੇ। ਸਾਡੇ ਲੋਕਾਂ ਨੂੰ ਆਪਣੀ  ਅੰਨੀ ਸ਼ਰਧਾ ਕਾਰਨ ਕੇਵਲ ਭਲਾਈ ਦੇ ਕਾਰਜ ਹੀ ਨਜ਼ਰ ਆਉਂਦੇ ਹਨ ਜਾਂ ਕਹਿ ਲਵੋ ਕਿ ਅਜੇਹੇ ਕਾਰਜਾਂ ਦਾ ਰੱਜ ਕੇ ਪ੍ਰਚਾਰ ਕੀਤਾ ਜਾਂਦਾ ਹੈ। ਪਰ ਤਾਂ ਵੀ ਕਈ ਵਾਰੀ ਇਹਨਾਂ ਬਾਬਿਆਂ ਨਾਲ ਕਈ ਤਰ੍ਹਾਂ ਦੇ ਕਾਂਡ ਜੁੜ ਜਾਂਦੇ ਹਨ ਜੋ ਇਹਨਾਂ ਦੇ ਸਫੈਦ ਚੋਲਿਆਂ ਨੂੰ ਦਾਗਦਾਰ ਕਰ ਦਿੰਦੇ ਹਨ। ਮੇਰੀਆਂ ਭੈਣਾਂ (ਸਾਰੀਆਂ ਨਹੀਂ) ਦੀ ਅੰਨ੍ਹੀ ਸ਼ਰਧਾ ਇਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਜਨਮ ਦਿੰਦੀ ਹੈ। ਅਸੀਂ ਆਪਣੀਆਂ ਜੁਆਨ ਜਹਾਨ ਧੀਆਂ ਭੈਣਾਂ ਨੂੰ ਨਾਲ ਲੈ ਕੇ, ਇਹਨਾਂ ਬਾਬਿਆਂ ਕੋਲ ਆਸ਼ੀਰਵਾਦ ਲੈਣ ਪਹੁੰਚ ਜਾਂਦੇ ਹਾਂ, ਤੇ ਕਈ ਵਾਰੀ ਆਪ ਹੀ ਬਾਬਾ ਜੀ ਦੇ ਸਪੁਰਦ ਵੀ ਕਰ ਆਉਂਦੇ ਹਾਂ। ਫਿਰ ਬਾਬੇ ਵਿਚਾਰੇ ਕਦ ਤੱਕ ਆਪਣੇ ਆਪ ਤੇ ਕਾਬੂ ਰੱਖ ਸਕਣਗੇ? ਕਦੇ ਕਦਾਈਂ ਜੇ ਡੇਰੇ ਦਾ ਕੋਈ ਮੈਂਬਰ ਇਸ ਸਬੰਧੀ ਮੂੰਹ ਖੋਲ੍ਹਣ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਮਾਇਆ ਦੇ ਬੋਲ ਬਾਲੇ ਤੇ ਲੀਡਰਾਂ ਦੀ ਸ਼ਹਿ ਕਾਰਨ ਪੁਲਿਸ ਇਹਨਾਂ ਨੂੰ ਸਹਿਜੇ ਕੀਤੇ ਹੱਥ ਨਹੀਂ ਪਾਉਂਦੀ। ਕਿਉਂਕਿ ਸ਼ਰਧਾਵਾਨਾਂ ਦੀ ਇੰਨੀ ਵੱਡੀ ਭੀੜ ਵੀ ਤਾਂ ਇਹਨਾਂ ਦੀ ਮੁੱਠੀ ਵਿੱਚ ਹੁੰਦੀ ਹੈ, ਜਿਸ ਨੂੰ ਇਹ ਲੋੜ ਪੈਣ ਤੇ ਹੱਥਕੰਡੇ ਵਜੋਂ ਵਰਤ ਲੈਂਦੇ ਹਨ। ਇਸੇ ਕਰਕੇ ਸਰਕਾਰਾਂ ਇਹਨਾਂ ਨਾਲ ਸਹਿਜੇ ਕੀਤੇ ਪੰਗਾ ਨਹੀਂ ਸਹੇੜਦੀਆਂ, ਸਗੋਂ ਪੀੜਿਤ ਧਿਰ ਨੂੰ ਹੀ ਡਰਾਉਣ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਹਰਿਆਣਾ ਵਿੱਚ ਪੈਂਦੇ ਡੇਰੇ ਦੀ ਤਾਜ਼ਾ ਮਿਸਾਲ ਸਾਡੇ ਸਾਹਮਣੇ ਹੈ। ਜਿਥੇ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦਾ ਕੇਸ 15 ਸਾਲ ਦਬਾਈ ਰੱਖਿਆ। ਇਸ ਸਮੇਂ ਦੌਰਾਨ ਕਿੰਨੇ ਕਤਲ ਕਰਵਾਏ ਗਏ- ਕਰੋੜਾਂ ਦੇ ਕਾਰੋਬਾਰ ਸਥਾਪਿਤ ਕੀਤੇ ਗਏ। ਪਰ ਸਭ ਸਰਕਾਰਾਂ ਉਸ ਨਾਲ ਹੱਥ ਮਿਲਾਉਣ ਵਿੱਚ ਹੀ ਆਪਣੀ ਬੇਹਤਰੀ ਸਮਝਦੀਆਂ ਰਹੀਆਂ। ਤੇ ਹੁਣ ਜਦੋਂ ਪਾਣੀ ਸਿਰੋਂ ਲੰਘਣ ਲੱਗਾ ਤਾਂ ਜਾ ਕੇ ਉਸ ਵਿਰੁੱਧ ਕਾਰਵਾਈ ਹੋਈ। ਜਿਸ ਦੀ ਪਾਲ਼ੀ ਹੋਈ ਗੁੰਡਿਆਂ ਦੀ ਫੋਰਸ ਅਤੇ ਸ਼ਰਧਾਲੂਆਂ ਨੂੰ ਕਾਬੂ ਕਰਨ ਲਈ ਫੌਜ ਸੱਦਣੀ ਪਈ। ਬੜੀ ਮੁਸ਼ਕਿਲ ਇਸ ਬਾਬੇ ਨੂੰ ਸੀਖਾਂ ਪਿੱਛੇ ਡੱਕਿਆ ਗਿਆ। ਇਸ ਤੋਂ ਪਹਿਲਾਂ ਹੋਰ ਕਈ ਅਧਿਆਤਮਿਕ ਆਗੂ ਕਹਾਉਣ ਵਾਲੇ ਵੀ ਜੇਲ੍ਹ ਦੀ ਹਵਾ ਖਾ ਰਹੇ ਹਨ ਜਦ ਕਿ ਕਈ ਅਜੇ ਖੁਲ੍ਹੇਆਮ ਘੁੰਮ ਵੀ ਰਹੇ ਹਨ। ਇਹ ਆਪਣੇ ਆਪ ਨੂੰ ਰੱਬ ਦੇ ਦੂਤ ਕਹਿ ਕੇ ਮੱਥੇ ਟਿਕਾਉਂਦੇ ਹਨ, ਆਸ਼ੀਰਵਾਦ ਦਿੰਦੇ ਹਨ। ਤੇ ਜੇ ਕੋਈ ਮਾੜੀ ਘਟਨਾ ਉਥੇ ਵਾਪਰਦੀ ਹੈ ਤਾਂ ਉਸ ਵਿੱਚ ਕਸੂਰ ਕੇਵਲ ਉਸ ਡੇਰੇਦਾਰ ਦਾ ਹੀ ਨਹੀਂ- ਸਾਡਾ ਆਪਣਾ ਵੀ ਹੈ।

ਸਾਡੇ ਕੋਲ ਤਾਂ ਬਾਬੇ ਨਾਨਕ ਦਾ ਬੜਾ ਹੀ ਸਰਲ ਸਿਧਾਂਤ ਹੈ- ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਸਿਧਾਂਤ ਸਾਨੂੰ ਮੁਕਤੀ ਦੇ ਦੁਆਰ ਤੱਕ ਪੁਚਾ ਸਕਦਾ ਹੈ। ਫਿਰ ਪਤਾ ਨਹੀਂ ਕਿਉਂ ਅਸੀਂ ਲੋਕ ਇਹਨਾਂ ਡੇਰਿਆਂ ਤੇ ਭਟਕਦੇ ਫਿਰਦੇ ਹਾਂ? ਸਿੱਖ ਧਰਮ ਵਿੱਚ ਤਾਂ ਗ੍ਰਹਿਸਤ ਆਸ਼ਰਮ ਨੂੰ ਉੱਤਮ ਆਸ਼ਰਮ ਕਿਹਾ ਗਿਆ ਹੈ। ਸਾਰੇ ਗੁਰੂ ਸਾਹਿਬਾਨ ਵੀ ਗ੍ਰਹਿਸਥੀ ਸਨ। ਗੁਰਬਾਣੀ ਸਾਨੂੰ ਕਿਤੇ ਵੀ ਘਰ ਬਾਰ ਤਿਆਗ ਕੇ ਭਗਤੀ ਕਰਨ ਦਾ ਸੰਦੇਸ਼ ਨਹੀਂ ਦਿੰਦੀ। ਛੇਵੇਂ ਪਾਤਸ਼ਾਹ ਨੂੰ ਗ੍ਰਹਿਸਥੀ ਜੀਵਨ ਤੇ ਸ਼ਾਹੀ ਠਾਠ ਬਾਠ ਵਿੱਚ ਤੱਕ ਕੇ ਗੁਜਰਾਤ ਦੇ ਫਕੀਰ ਸ਼ਾਹ ਦੌਲਾ ਨੇ ਚਾਰ ਪ੍ਰਸ਼ਨ ਕੀਤੇ ਜਿਹਨਾਂ ਦੇ ਜਵਾਬ ਵਿੱਚ ਗੁਰੂ ਸਾਹਿਬ ਨੇ ਫੁਰਮਾਇਆ- ‘ਔਰਤ- ਈਮਾਨ, ਪੁੱਤਰ- ਨਿਸ਼ਾਨ, ਦੌਲਤ-ਗੁਜ਼ਰਾਨ, ਫਕੀਰ- ਹਿੰਦੂ ਨਾ ਮੁਸਲਮਾਨ’। ਇਹ ਸਭ ਕੁੱਝ ਜਾਣਦੇ ਹੋਏ ਵੀ- ਪਤਾ ਨਹੀਂ ਕਿਉਂ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਇਹਨਾਂ ਡੇਰਿਆਂ ਤੇ ‘ਸਾਧਵੀਆਂ’ ਬਨਣ ਲਈ ਭੇਜ ਦਿੰਦੇ ਹਾਂ?

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ-‘ਦੇਖ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ॥’ ਦਾ ਉਪਦੇਸ਼ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ- ਜੋ ਲੋਕ ਆਪ ਹੀ ਗੁਰਬਾਣੀ ਤੇ ਅਮਲ ਨਹੀਂ ਕਰਦੇ, ਉਹ ਭਲਾ ਲੋਕਾਂ ਨੂੰ ਕੀ ਤਾਰਨਗੇ? ਅਪਣੀ ਮਿਹਨਤ ਦੀ ਕਮਾਈ ਨੂੰ ਇਹਨਾਂ ਵਿਹਲੜ ਬਾਬਿਆਂ ਦੇ ਹਵਾਲੇ ਕਰਕੇ, ਗਰੀਬੀ ਨੂੰ ਆਸ਼ੀਰਵਾਦ ਨਾਲ ਛੂ ਮੰਤਰ ਕਰਨ ਬਾਰੇ ਸੋਚਣਾ- ਭਲਾ ਕਿੱਥੋਂ ਦੀ ਸਿਆਣਪ ਹੈ? ਪ੍ਰਸਿੱਧ ਕਥਾ ਵਾਚਕ ਮਸਕੀਨ ਜੀ ਕਹਿੰਦੇ ਹੁੰਦੇ ਹਨ ਕਿ-ਜਿਵੇਂ ਬੇੜੀ ਨੂੰ ਤਰਨ ਲਈ ਵੀ ਤੇ ਡੁੱਬਣ ਲਈ ਵੀ ਪਾਣੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਜ਼ਿੰਦਗੀ ਰੂਪੀ ਬੇੜੀ ਮਾਇਆ ਰੂਪੀ ਪਾਣੀ ਦੇ ਉੱਪਰ ਰਹਿੰਦੀ ਹੈ ਤਾਂ ਤਰਦੀ ਹੈ- ਪਰ ਜੇ ਮਾਇਆ ਜ਼ਿੰਦਗੀ ਦੇ ਉੱਪਰ ਛਾ ਗਈ ਤਾਂ ਜ਼ਿੰਦਗੀ ਮਾਇਆ ਵਿੱਚ ਡੁੱਬ ਜਾਏਗੀ। ਸੋ ਅਸੀਂ ਲੋਕ ਤਾਂ ਆਪ ਹੀ ਇਹਨਾਂ ਡੇਰਿਆਂ ਤੇ ਮਾਇਆ ਦੇ ਅੰਬਾਰ ਲਾ ਕੇ, ਇਹਨਾਂ ਲੋਕਾਂ ਨੂੰ ਮਾਇਆ ਰੂਪੀ ਸਮੁੰਦਰ ਵਿੱਚ ਗੋਤੇ ਖਾਣ ਲਈ ਸੁੱਟ ਦਿੰਦੇ ਹਾਂ।

ਭਾਵੇਂ ਸਾਰੇ ਸੰਤ ਬਾਬੇ ਢੌਂਗੀ ਨਹੀਂ- ਪਰ ਬਹੁ ਗਿਣਤੀ ਆਪਣੇ ਆਪ ਨੂੰ ਮੱਥੇ ਟਿਕਾਉਣ ਵਾਲਿਆਂ ਦੀ ਹੋਣ ਕਾਰਨ, ਅਸਲੀ ਸੰਤ ਦੀ ਪਛਾਣ ਕਰਨੀ, ਆਮ ਲੋਕਾਂ ਲਈ ਔਖੀ ਹੋ ਗਈ ਹੈ। ਕਈ ਛੋਟੇ ਛੋਟੇ ਡੇਰਿਆਂ ਦੇ ਮਾਲਕ ਵੀ ਆਪਣੇ ਆਪ ਨਾਲ ‘ਬ੍ਰਹਮ ਗਿਆਨੀ’ ਦਾ ਲੇਬਲ ਲਾ ਲੈਂਦੇ ਹਨ, ਜਦ ਕਿ ਪੰਚਮ ਪਾਤਸ਼ਾਹ ਵਲੋਂ ਸੁਖਮਨੀ ਸਾਹਿਬ ਦੀ ਅੱਠਵੀਂ ਅਸ਼ਟਪਦੀ ਵਿੱਚ ਦਿੱਤੇ ਗਏ ਬ੍ਰਹਮ ਗਿਆਨੀ ਦੇ ਗੁਣਾਂ ਵਿੱਚੋਂ ਇੱਕ ਵੀ ਇਹਨਾਂ ਵਿੱਚ ਨਜ਼ਰ ਨਹੀਂ ਆਉਂਦਾ। ਇਸੇ ਕਰਕੇ ਕਈ ਵਿਦਵਾਨਾਂ ਨੇ ‘ਸੰਤ ਦੀ ਪਛਾਣ’ ਬਾਰੇ ਆਪਣੇ ਕੀਮਤੀ ਵਿਚਾਰ ਪ੍ਰਗਟ ਕੀਤੇ ਹਨ।ਗੁਰਬਾਣੀ ਵਿੱਚ ਸੰਤ ਸ਼ਬਦ ਦੀ ਵਰਤੋਂ ਭਗਤਾਂ ਲਈ ਵੀ ਕੀਤੀ ਗਈ ਹੈ। ਜਿਸ ਅਨੁਸਾਰ- ਸੰਤਾਂ ਦੇ ਬੋਲ ਸੱਚੇ ਹਨ ਜੋ ਸੁਨਣੇ ਚਾਹੀਦੇ ਹਨ ਕਿਉਂਕਿ ਸੱਚਾ ਸੰਤ ਜੀਵਾਂ ਨੂੰ ਅਕਾਲ ਪੁਰਖ ਨਾਲ ਜੋੜਨ ਲਈ ਇੱਕ ਪੁਲ਼ ਦਾ ਕੰਮ ਕਰਦਾ ਹੈ- ‘ਸੰਤਨ ਕੀ ਸੁਣ ਸਾਚੀ ਸਾਖੀ॥ ਜੋ ਬੋਲਹਿ ਸੋ ਪੇਖਹਿ ਆਖੀ॥’ ਸੰਤ ਦੀ ਵਰਤੋਂ ਗੁਰੂ ਲਈ ਵੀ ਕੀਤੀ ਗਈ ਹੈ। ਪੰਚਮ ਪਾਤਸ਼ਾਹ ਵਲੋਂ, ਸ੍ਰੀ ਗੁਰੂੁ ਰਾਮ ਦਾਸ ਜੀ ਵੱਲ ਲਿਖੀਆਂ ਚਿੱਠੀਆਂ ਇਸ ਦਾ ਸਬੂਤ ਹਨ-

ਹਊ ਘੋਲੀ ਜੀਉ ਘੋਲਿ ਘੁਮਾਈ॥ ਗੁਰ ਦਰਸਨ ਸੰਤ ਪਿਆਰੇ ਜੀਉ॥

ਸ੍ਰੀ ਗੁਰੂੁ ਗ੍ਰੰਥ ਸਾਹਿਬ ਵਿੱਚ ਜਿੱਥੇ ਅਸਲੀ ਸੰਤ ਦੀ ਸੰਗਤ ਕਰਨ ਲਈ ਕਿਹਾ ਗਿਆ ਹੈ ਉਥੇ ਪਖੰਡੀ ਸਾਧੂਆਂ ਤੋਂ ਵੀ ਸਾਵਧਾਨ ਕੀਤਾ ਗਿਆ ਹੈ। ਸੋ ਇਹਨਾਂ ਅਖੌਤੀ ਬਾਬਿਆਂ ਤੇ ਤਾਂ, ਗੁਰਬਾਣੀ ਦੀ ਤੁਕ- ‘ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥’ ਹੀ ਢੁੱਕਦੀ ਹੈ।

ਇਸ ਝੂਠਿਆਂ ਦੇ ਬੋਲ ਬਾਲੇ ਵਿੱਚ ਅੱਜ ਵੀ ਕੁੱਝ ਇੱਕ ਅਸਲੀ ਸੰਤ ਮੌਜੁਦ ਹਨ- ਜੋ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਹਨ ਅਤੇ ਸੰਗਤ ਨੂੰ ਗੁਰਬਾਣੀ ਦੇ ਹੀ ਲੜ ਲਾਉਂਦੇ ਹਨ। ਜਿਸ ਵਿੱਚ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਅਤੇ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦਾ ਨਾਮ ਲਿਆ ਜਾ ਸਕਦਾ ਹੈ। ਇਹ ਦੋਵੇਂ ਸੰਤ ਧਰਮ ਪ੍ਰਚਾਰ ਤੋਂ ਇਲਾਵਾ, ਹੋਰ ਬਹੁਤ ਸਾਰੇ ਸਮਾਜਕ ਕਾਰਜਾਂ ਵਿੱਚ ਵੀ ਰੁੱਝੇ ਹੋਏ ਹਨ। ਇਹਨਾਂ ਨੇ ਪ੍ਰਦੂਸ਼ਣ, ਨਸ਼ਿਆਂ ਤੇ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਰੋਕਣ ਤੋਂ ਇਲਾਵਾ, ਕਈ ਪਿੰਡਾਂ ਦੀ ਕਾਇਆ ਕਲਪ ਵੀ ਕੀਤੀ ਹੈ। ਹਜ਼ਾਰਾਂ ਰੁੱਖ ਸੜਕਾਂ ਤੇ ਲਵਾਏ ਹਨ। ਕਈ ਪਿੰਡਾਂ ਨੂੰ ਲਿੰਕ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੋੜਨ ਤੋਂ ਇਲਾਵਾ, ਸੜਕਾਂ ਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਹੈ। ਗਰੀਬ ਵਿਦਿਆਰਥੀਆਂ ਲਈ ਵਿਦਿਆ ਦੀ ਸਹੂਲਤ, ਬਜ਼ੁਰਗਾਂ ਲਈ ਬ੍ਰਿਧ ਆਸ਼ਰਮ ਦੇ ਪ੍ਰਬੰਧ ਤੋਂ ਇਲਾਵਾ, ਫਰੀ ਡਿਸਪੈਂਸਰੀਆਂ ਖੋਲ੍ਹ ਕੇ ਮੁਫਤ ਇਲਾਜ ਦੀ ਸਹੂਲਤ ਵੀ ਪਿੰਡਾਂ ਨੂੰ ਦਿੱਤੀ ਹੈ। ਖਡੁਰ ਸਾਹਿਬ ਵਿੱਚ ਤਾਂ ਐਨ.ਆਈ.ਆਰ ਦੀ ਮਦਦ ਨਾਲ ਨਿਸ਼ਾਨ-ਏ-ਸਿੱਖੀ ਕਾਇਮ ਕੀਤਾ ਗਿਆ ਹੈ, ਜਿੱਥੇ ਗਰੀਬ ਹੁਸ਼ਿਆਰ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਮਤਿਹਾਨਾਂ ਲਈ ਫਰੀ ਕੋਚਿੰਗ ਦਿੱਤੀ ਜਾ ਰਹੀ ਹੈ। ਉਥੇ ਇੱਕ ਨਰਸਰੀ ਵੀ ਸਥਾਪਿਤ ਕੀਤੀ ਗਈ ਹੈ ਜਿੱਥੋਂ ਸੰਗਤ ਨੂੰ ਪੌਦਿਆਂ ਦਾ ਪ੍ਰਸ਼ਾਦ ਵੀ ਵਰਤਾਇਆ ਜਾਂਦਾ ਹੈ। ਰਾਮਪੁਰ ਖੇੜਾ ਵਾਲੇ ਬਾਬਾ ਜੀ ਵੀ ਨਰੋਆ ਸਮਾਜ ਸਿਰਜਣ ਲਈ, ਉਸਾਰੂ ਸਾਹਿਤ ਦੀ ਸਿਰਜਣਾ ਕਰਕੇ, ਸੰਗਤ ਨੂੰ ਫਰੀ ਵਰਤਾ ਰਹੇ ਹਨ।

ਦੂਜੇ ਪਾਸੇ ਜੇ ਅਖੌਤੀ ਬਾਬਿਆਂ ਦੇ ਕਿਰਦਾਰ ਤੇ ਝਾਤੀ ਮਾਰੀਏ ਤਾਂ- ਇਹ ਲੋਕ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਵਿੱਚ ਘੁੰਮਦੇ, ਬਾਰ ਬਾਰ ਵਿਦੇਸ਼ਾਂ ਦੇ ਦੌਰੇ ਕਰਦੇ ਅਤੇ ਆਪਣੇ ਡੇਰਿਆਂ ਨੂੰ ਐਸ਼-ਪ੍ਰਸਤੀ ਦੇ ਅੱਡਿਆਂ ਵਜੋਂ ਹੀ ਵਰਤ ਰਹੇ ਹਨ। ਇੱਕ ਹੋਰ ਗੱਲ ਵੀ ਦੇਖਣ ਵਿੱਚ ਆਈ ਹੈ ਕਿ- ਇਹਨਾਂ ਡੇਰਿਆਂ ਤੇ ਆਦਮੀਆਂ ਦੀ ਬਜਾਏ ਔਰਤਾਂ ਦੀ ਗਿਣਤੀ ਵੱਧ ਹੁੰਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ- ਔਰਤਾਂ ਵਿੱਚ ਵਿਦਿਆ ਦੀ ਘਾਟ, ਘਰੇਲੂ ਪ੍ਰੇਸ਼ਾਨੀਆਂ, ਤਰਕ ਦੀ ਘਾਟ ਜਾਂ ਭੇਡ-ਚਾਲ ਦਾ ਹੋਣਾ। ਸਮਾਜ ਵਿੱਚ ਪੜ੍ਹੀਆਂ ਲਿਖੀਆਂ ਤੇ ਸੂਝਵਾਨ ਔਰਤਾਂ ਦਾ ਫਰਜ਼ ਬਣਦਾ ਹੈ ਕਿ- ਉਹ ਘਰੇਲੂ ਔਰਤਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਇਹਨਾਂ ਡੇਰਿਆਂ ਦੇ ਕਾਲੇ ਕਾਰਨਾਮਿਆਂ ਤੋਂ ਵੀ ਸੁਚੇਤ ਕਰਦੀਆਂ ਰਹਿਣ। ਅੱਜ ਦੀ ਪੜ੍ਹੀ ਲਿਖੀ ਔਰਤ, ਆਪਣੀ ਵਿਦਵਤਾ, ਮਿਹਨਤ ਤੇ ਲਗਨ ਸਦਕਾ- ਅੰਬਰੀਂ ਉਡਾਣਾਂ ਭਰ ਰਹੀ ਹੈ, ਮਾਊਂਟ ਐਵਰੈਸਟ ਸਰ ਕਰ ਚੁੱਕੀ ਹੈ। ਔਰਤ ਦੇ ਅੰਦਰ ਅਥਾਹ ਸ਼ਕਤੀ ਹੈ- ਉਹ ਚਾਹੇ ਤਾਂ ਕੀ ਨਹੀਂ ਕਰ ਸਕਦੀ। ਆਪਾਂ ਔਰਤਾਂ- ਮਾਈ ਭਾਗੋ ਤੇ ਰਾਣੀ ਝਾਂਸੀ ਦੀਆਂ ਵਾਰਿਸ ਹਾਂ- ਸਰਾਭੇ, ਉਧਮ ਸਿੰਘ ਤੇ ਭਗਤ ਸਿੰਘ ਜਿਹੇ ਸੂਰਮਿਆਂ ਦੀਆਂ ਭੈਣਾਂ ਹਾਂ। ਆਪਣੇ ਆਪ ਨੂੰ ਅਬਲਾ ਨਾ ਸਮਝੋ- ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਪਛਾਣੋ ਅਤੇ ਭੇਡ ਚਾਲ ਦੀ ਬਜਾਏ, ਇਹਨਾਂ ਢੌਂਗੀ ਬਾਬਿਆਂ ਦੇ ਪਰਦੇ ਫਾਸ਼ ਕਰਨ ਵਿੱਚ ਮਦਦ ਕਰੋ। ਗੁਰੂ ਦੀਆਂ ਸਿੰਘਣੀਆਂ ਬਣ ਮੈਦਾਨ ‘ਚ ਨਿੱਤਰੋ। ਕਿਸੇ ਦੀ ਜੁਰਅਤ ਹੀ ਨਾ ਪਵੇ ਤੁਹਾਡੇ ਵੱਲ ਮੈਲ਼ੀ ਅੱਖ ਨਾਲ ਤੱਕਣ ਦੀ। ਲੋੜ ਪੈਣ ਤੇ ਕਿਸੇ ਅਬਲਾ ਦੀ ਮਦਦ ਕਰਨ ਵਿੱਚ ਸੰਕੋਚ ਨਾ ਕਰੋ। ਪਿੱਛੇ ਜਿਹੇ ਇੱਕ ਮੁਹੱਲੇ ਦੀ ਖਬਰ ਆਈ ਸੀ ਕਿ- ਇੱਕ ਅੰਮ੍ਰਿਤਧਾਰੀ ਲੜਕੀ ਨੇ ਆਪਣੀ ਜਾਨ ਤੇ ਖੇਡ ਕੇ ਕਿੰਨੇ ਗੁੰਡਿਆਂ ਤੋਂ ਇੱਕ ਹਿੰਦੂ ਭੈਣ ਦੀ ਪੱਤ ਬਚਾਈ ਸੀ। ਸਲਾਮ ਹੈ ਇਹੋ ਜਿਹੀਆਂ ਦਲੇਰ ਬੱਚੀਆਂ ਨੂੰ!

ਆਓ ਸਾਥੀਓ- ਕਲਯੁੱਗ ਦੇ ਇਸ ਜ਼ਮਾਨੇ ਵਿੱਚ ਪੁਰਨ ਸੰਤ ਦੀ ਪਛਾਣ ਕਰੀਏ। ਸ਼ਬਦ ਗੁਰੂੁ ਦੇ ਲੜ ਲੱਗ ਕੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀਏ। ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਡੇਰਿਆਂ ਤੇ ਲੁਟਾਉਣ ਦੀ ਬਜਾਏ, ਕਿਸੇ ਲੋੜਵੰਦ ਦੀ ਮਦਦ ਕਰੀਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਅਜੇ ਵੀ ਵੇਲਾ ਹੈ ਸੰਭਲ ਜਾਈਏ- ਕਿਤੇ ਦੇਰ ਨਾ ਹੋ ਜਾਵੇ ਅਤੇ ਸਾਡੀ ਅੰਨ੍ਹੀ ਸ਼ਰਧਾ ਕਿਤੇ ਪੂਰੀ ਕੌਮ ਨੂੰ ਹੀ ਨਾ ਲੈ ਡੁੱਬੇ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>