ਭਗਤ ਸਿੰਘ ਦੇ ਵਾਰਸ ਕਿੱਧਰ ਨੂੰ..?

ਅੱਜ ਸਵੇਰੇ ਨਿੱਤ ਨੇਮ ਤੋਂ ਵਿਹਲੀ ਹੋ, ਮੈਂ ਰੋਜ਼ਾਨਾ ਦੀ ਤਰ੍ਹਾਂ ਵਟਸਐਪ ਦੇ ਮੈਸਜ ਦੇਖਣ ਲਗ ਪਈ। ਵੱਖ ਵੱਖ ਗਰੁੱਪਾਂ ‘ਚੋਂ ਆਏ ਢੇਰ ਸਾਰੇ ਮੈਸਜ ਦੇਖਣ ਬਾਅਦ, ਡਲੀਟ ਕਰਕੇ, ਹਰ ਰੋਜ਼ ਫੋਨ ਨੂੰ ਹੌਲ਼ਾ ਕਰਨਾ ਪੈਂਦਾ ਹੈ, ਤਾਂ ਕਿ ਅਗਲੇ ਦਿਨ ਲਈ ਜਗ੍ਹਾ ਬਣਾਈ ਜਾ ਸਕੇ। ‘ਦੁਖਦਾਈ ਖਬਰ- ਪੰਜਾਬ ‘ਚ ਕੁੜੀ ਦੇ ਵਿਆਹ ਮੌਕੇ, ਪਿਉ ਦੇ ਦੋਸਤ ਵਲੋਂ ਸ਼ੁਗਲ ਵਜੋਂ ਚਲਾਈ ਗੋਲੀ ਨਾਲ, 22 ਸਾਲਾ ਮੁਟਿਆਰ ਦੀ ਮੌਤ’ ਦਾ ਮੈਸਜ ਪੜ੍ਹਦਿਆਂ ਮੇਰਾ ਦਿੱਲ ਵਲੂੰਧਰਿਆ ਗਿਆ। ਮੈਂ ਸੋਚਣ ਤੇ ਮਜਬੂਰ ਹੋ ਗਈ ਕਿ- ਅਸੀਂ ਪੰਜਾਬੀ ਜੋ ਆਪਣੇ ਆਪ ਨੂੰ ਭਗਤ ਸਿੰਘ ਤੇ ਸਰਾਭੇ ਵਰਗਿਆਂ ਦੇ ਵਾਰਸ ਮੰਨਦੇ ਹਾਂ- ਕਿਧਰ ਨੂੰ ਜਾ ਰਹੇ ਹਾਂ ਆਖਿਰ? ਕਿਉਂ ਸਾਡੀ ਮੱਤ ਤੇ ਪੜਦਾ ਪੈ ਗਿਆ? ਸਾਡੀ ਸੋਚ ਹਥਿਆਰਾਂ ਤੱਕ ਹੀ ਸੀਮਤ ਕਿਉਂ ਰਹਿ ਗਈ?

ਇਹ ਪਹਿਲਾ ਕੇਸ ਨਹੀਂ ਹੈ ਪੰਜਾਬ ਵਿੱਚ। ਆਪਾਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਜਾਣਦੇ ਹਾਂ। ਕਦੇ ਇਹਨਾਂ ਸ਼ੁਗਲਾਂ ਨਾਲ, ਕਿਸੇ ਡਾਂਸਰ ਲੜਕੀ ਦੀ ਜਾਨ ਚਲੀ ਜਾਂਦੀ ਹੈ- ਕਦੇ ਵਿਆਹ ਦੇਖਣ ਆਇਆ ਕੋਈ ਨੌਜਵਾਨ ਮਾਰਿਆ ਜਾਂਦਾ ਹੈ- ਕਦੇ ਕਿਸੇ ਹੋਰ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਤੇ ਵਿਆਹ ਦੀ ਥਾਂ ਘਰ ਵਿੱਚ ਸੋਗ ਪੈ ਜਾਂਦਾ ਹੈ। ਇਹ ਹਥਿਅਰ ਕੋਈ ਬਚਿਆਂ ਦੇ ਖਿਡੌਣੇ ਨਹੀਂ ਕਿ ਸ਼ੁਗਲ ਲਈ ਵਿਆਹ ਵਿੱਚ ਲਿਜਾਏ ਜਾਣ। ਕਿਉਂ ਨਹੀਂ ਮਨ੍ਹਾਹੀ ਹੁੰਦੀ, ਹਥਿਆਰਾਂ ਦੇ ਪੈਲਿਸ ਵਿੱਚ ਲਿਜਾਣ ਤੇ? ਜਦੋਂ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਚਾਰ ਦਿਨ ਰੌਲ਼ਾ ਪੈਂਦਾ ਹੈ ਫਿਰ ਪਰਨਾਲਾ ਉਥੇ ਦਾ ਉਥੇ। ਸਰਕਾਰਾਂ ਪੈਲਸ ਵਾਲਿਆਂ ਨੂੰ ਕਹਿ ਛੱਡਦੀਆਂ ਹਨ ਤੇ ਉਹ ਲੋਕਾਂ ਨੂੰ ਕਸੂਰਵਾਰ ਦੱਸ ਕੇ- ਗੋਂਗਲੂਆਂ ਤੋਂ ਮਿੱਟੀ ਝਾੜ ਛੱਡਦੇ ਹਨ। ਅਸਲ ਵਿੱਚ ਜੇ ਸੋਚਿਆ ਜਾਵੇ ਤਾਂ ਕਸੂਰਵਾਰ ਤਾਂ ਸਾਰੇ ਹੀ ਹਨ। ਜੇ ਸਰਕਾਰ ਪੈਲਸਾਂ ਤੇ ਸ਼ਿਕੰਜਾ ਕੱਸੇ ਤੇ ਜਿੱਥੇ ਕੋਈ ਅਜਿਹੀ ਘਟਨਾ ਵਾਪਰੇ, ਉਸ ਦਾ ਲਾਇਸੈਂਸ ਰੱਦ ਕਰ ਦੇਵੇ ਤਾਂ ਉਹ ਆਪੇ ਹੀ ਪਹਿਰਾ ਦੇਣਗੇ ਗੇਟ ਤੇ ਕਿ- ਕੋਈ ਬੰਦਾ ਹਥਿਆਰ ਲੈ ਕੇ ਅੰਦਰ ਨਾ ਆਵੇ- ਤੇ ਫਿਰ ਆਪੇ ਸਾਡੇ ਲੋਕਾਂ ਨੂੰ ਵੀ ਸਮਝ ਆ ਜਾਏਗੀ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਸਾਡੇ ਸ਼ਹੀਦਾਂ ਨੇ ਇਹ ਹਥਿਆਰਾਂ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ ਸਨ? ਉਹਨਾਂ ਤਾਂ ਸਾਡੇ ਉੱਜਲੇ ਭਵਿੱਖ ਦੇ ਸੁਪਨੇ ਸਿਰਜੇ ਸਨ- ਜਿੱਥੇ ਹਰ ਕੋਈ ਬਰਾਬਰ ਹੋਵੇ, ਲੁੱਟ ਖਸੁੱਟ ਖਤਮ ਹੋਵੇ, ਮਨੁਖੀ ਅਧਿਕਾਰਾਂ ਦੀ ਰਾਖੀ ਹੋਵੇ, ਤੇ ਬੇਹਤਰ ਸਮਾਜ ਦੀ ਸਿਰਜਣਾ ਹੋਵੇ। ਪਰ ਕੀ ਅਸੀਂ ਉਸ ਸੋਚ ਤੇ ਪਹਿਰਾ ਦਿੱਤਾ ਹੈ? ਸਾਡੇ ਕਈ ਨੌਜਵਾਨ ਭਗਤ ਸਿੰਘ ਦੀ ਪਿਸਤੌਲ ਵਾਲੀ ਫੋਟੋ ਨੂੰ ਹੀ ਆਪਣਾ ਰੋਲ ਮਾਡਲ ਬਣਾ, ਉਸੇ ਤਰ੍ਹਾਂ ਟੋਪੀ ਪਾ ਕੇ ਤੇ ਹੱਥ ਵਿੱਚ ਪਿਸਤੌਲ ਫੜਕੇ- ਭਗਤ ਸਿੰਘ ਵਰਗਾ ਹੋਣ ਦਾ ਭਰਮ ਪਾਲ਼ ਲੈਂਦੇ ਹਨ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਭਗਤ ਸਿੰਘ ਇੱਕ ਸੋਚ ਦਾ ਨਾਂ ਹੈ। ਉਸਦਾ ਭੇਸ ਬਦਲਨਾ- ਸਮੇਂ ਦੀ ਲੋੜ ਅਨੁਸਾਰ, ਉਸ ਦੇ ਮਿਸ਼ਨ ਦੀ ਪੂਰਤੀ ਲਈ, ਸ਼ਾਇਦ ਉਸ ਦੀ ਮਜਬੂਰੀ ਸੀ। ਉਸ ਦੀ ਫਾਂਸੀ ਤੋਂ ਪਹਿਲਾਂ ਦੀ ਜੇਲ੍ਹ ਵਿੱਚ ਮੰਜੀ ਤੇ ਬੈਠੇ ਦੀ ਫੋਟੋ ਦੇਖੋ- ਤੁਹਾਨੂੰ ਉਸ ਦੇ ਸਿਰ ਤੇ ਜੂੜਾ ਵੀ ਨਜ਼ਰ ਆਏਗਾ।

ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਸਭਾ ਸੁਸਾਇਟੀਆਂ ਨੂੰ ਵੀ ਮੇਰੀ ਅਪੀਲ ਹੈ ਕਿ- ਉਸ ਦੀ ਸੋਚ ਦਾ ਪ੍ਰਚਾਰ ਕਰਨ ਲਈ, ਉਸ ਦੀ ਪਿਸਤੌਲ ਵਾਲੀ ਫੋਟੋ ਦੀ ਥਾਂ ਤੇ- ਉਸ ਦੀ ਦਸਤਾਰ ਵਾਲੀ ਜਾਂ ਪੁਸਤਕ ਪੜ੍ਹਦੇ ਦੀ ਜਾਂ ਕੁੱਝ ਲਿਖਦੇ ਦੀ ਫੋਟੋ ਵਰਤੀ ਜਾਵੇ। ਨੌਜਵਾਨਾਂ ਨੂੰ ਇਹ ਸਭ ਕੁੱਝ ਦੱਸਣ ਦੀ ਲੋੜ ਹੈ ਕਿ- ‘ਉਸ ਨੇ ਇੰਨੀ ਛੋਟੀ ਉਮਰ ਵਿੱਚ ਕਿੰਨਾ ਸਾਹਿਤ ਪੜ੍ਹਿਆ ਸੀ’ ‘ਉਹ ਹਰ ਗੱਲ ਦਲੀਲ ਨਾਲ ਕਰਦਾ ਸੀ’ ‘ਉਸ ਨੇ ਆਪਣੇ ਕੇਸ ਦੀ ਜੱਜ ਸਾਹਿਬਾਨ ਨਾਲ ਆਪੇ ਬਹਿਸ ਕੀਤੀ- ਕਿਸੇ ਵਕੀਲ ਦੀ ਜਰੂਰਤ ਨਹੀਂ ਸਮਝੀ’ ਆਦਿ। ਉਸ ਨੇ ਤਾਂ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਵਿਚਾਰ ਦਾ  ਖੰਡਨ ਕਰਦਿਆਂ ਹੋਇਆਂ ਵੀ ਕਿਹਾ ਸੀ ਕਿ- ਕੇਵਲ ਅਹਿੰਸਾ ਨਾਲ ਅਜ਼ਾਦੀ ਨਹੀਂ ਮਿਲਣੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਿਸਾਲ ਦਿੰਦਿਆਂ ਕਿਹਾ ਸੀ ਕਿ- ਜਦੋਂ ਸਾਰੇ ਹੀਲੇ ਫੇਲ੍ਹ ਹੋ ਜਾਣ ਤਾਂ ਹਿੰਸਾ ਦਾ ਸਹਾਰਾ ਲੈਣਾ ਜਾਇਜ਼ ਹੈ। ਸੋ ਇਸ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਸਿੱਖ ਇਤਿਹਾਸ ਦਾ ਵੀ ਪੂਰਾ ਗਿਆਨ ਸੀ। ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਲਈ ਪੁਸਤਕਾਂ, ਤੇ ਖੇਡਾਂ ਨਾਲ ਜੋੜਿਆ ਜਾਵੇ ਤਾਂ ਕਿ ਇਸ ਹਥਿਆਰਾਂ ਦੇ ਰੁਝਾਨ ਨੂੰ ਨੱਥ ਪਾਈ ਜਾ ਸਕੇ।

ਕਈ ਲੋਕ ਲਿਖਣ ਬੋਲਣ ਦੀ ਆਜ਼ਾਦੀ ਦੀ ਵੀ ਗੱਲ ਕਰਦੇ ਹਨ। ਇਹ ਬਿਲਕੁੱਲ ਠੀਕ ਹੈ ਕਿ- ਭਗਤ ਸਿੰਘ ਵਰਗੇ ਸਭ ਆਜ਼ਾਦੀ ਦੇ ਪਰਵਾਨਿਆਂ ਦਾ ਇਹ ਵੀ ਸੁਪਨਾ ਸੀ। ਸੋ ਜੇ ਸਾਡੇ ਮੁਲਕ ਵਿੱਚ ਕੁੱਝ ਗਲਤ ਹੋ ਰਿਹਾ, ਕਿਧਰੇ ਜ਼ੁਲਮ ਹੋ ਰਿਹਾ ਜਾਂ ਕੋਈ ਬੁਰਾਈ ਫੈਲ ਰਹੀ ਹੈ ਤਾਂ ੳੇੁਸ ਦੇ ਵਿਰੁੱਧ ਆਵਾਜ਼ ਉਠਾਉਣ ਦੀ ਆਜ਼ਾਦੀ ਹੋਣੀ ਲਾਜ਼ਮੀ ਹੈ ਤੇ ਹੋਣੀ ਵੀ ਚਾਹੀਦੀ ਹੈ। ਸਚਾਈ ਨੂੰ ਉਜਾਗਰ ਕਰਨ ਵਾਲਿਆਂ ਦੇ ਕਤਲ ਹੋਣੇ- ਆਜ਼ਾਦ ਮੁਲਕ ਦੀ ਨਿਸ਼ਾਨੀ ਨਹੀਂ। ਪਰ ਇਸ ਦਾ ਮਤਲਬ ਇਹ ਨਹੀਂ ਕਿ ਲਿਖਣ, ਬੋਲਣ ਜਾਂ ਗਾਉਣ ਵਾਲੇ ਦੀ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਕਈ ਲੇਖਕ (ਸਾਰੇ ਨਹੀਂ) ਇਸ ਆਜ਼ਾਦੀ ਦਾ ਨਜ਼ਾਇਜ ਫਾਇਦਾ ਉਠਾਉਂਦੇ ਹੋਏ, ਆਪਣੇ ਆਪ ਨੂੰ ਅਗਾਂਹ-ਵਧੂ ਸਿੱਧ ਕਰਨ ਲਈ- ਆਪਣੀਆਂ ਲਿਖਤਾਂ ਵਿੱਚ ਸਤਿਕਾਰਯੋਗ ਪੀਰਾਂ ਫਕੀਰਾਂ ਨਾਲ ਨਿੰਦਣਯੋਗ ਟਿੱਪਣੀਆਂ ਲਾ ਕੇ ਆਪਣੀਆਂ ਲਿਖਤਾਂ ਵਿੱਚ ਪ੍ਰੋ ਦਿੰਦੇ ਹਨ, ਤੇ ਕਈਆਂ ਨੂੰ ਆਪਣੇ ਗੀਤਾਂ ਵਿੱਚ ਹਥਿਆਰਾਂ ਤੇ ਕੁੜੀਆਂ ਤੋਂ ਬਿਨਾ ਲਿਖਣ ਲਈ ਹੋਰ ਕੁੱਝ ਸੁੱਝਦਾ ਹੀ ਨਹੀਂ। ਭਾਈ, ਜੇ ਸਾਨੂੰ ਲੇਖਕਾਂ ਨੂੰ ਕਲਮ ਦੀ ਦਾਤ ਮਿਲੀ ਹੈ ਤਾਂ ਸਾਡੇ ਮੋਢਿਆਂ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਵੀ ਹੈ। ਸਾਨੂੰ ਸਮਾਜ ਪ੍ਰਤੀ ਜਵਾਬਦੇਹ ਵੀ ਹੋਣਾ ਪਵੇਗਾ। ਸਾਡੀਆਂ ਲਿਖਤਾਂ ਦਾ ਮਨੋਰਥ ਬੇਹਤਰ ਸਮਾਜ ਦੀ ਸਿਰਜਣਾ ਹੋਣਾ ਚਾਹੀਦਾ ਹੈ ਨਾ ਕਿ ਆਪਣੀ ਫੋਕੀ ਸ਼ੋਹਰਤ ਲਈ ਊਟ-ਪਟਾਂਗ ਲਿਖੀ ਜਾਣਾ, ਬੋਲੀ ਜਾਣਾ ਜਾਂ ਗਾਈ ਜਾਣਾ। ਇਸ ਤਰ੍ਹਾਂ ਦੇ ਸਮਾਜਵਾਦ ਦਾ ਨਾਅਰਾ ਨਹੀਂ ਸੀ ਲਾਇਆ ਭਗਤ ਸਿੰਘ ਨੇ।

ਮੈਂ ਕਿਸੇ ਮਹਾਨ ਲੇਖਕ ਦੀ ਜੀਵਨੀ ਪੜ੍ਹ ਰਹੀ ਸੀ। ਉਹ ਲਿਖਦੇ ਹਨ ਕਿ- ਮੈਂ ਸਕੂਲ ਪੜ੍ਹਦਿਆਂ ਆਪਣੇ ਅਧਿਆਪਕ ਦਾ ਮੌਜੂ ਬਨਾਉਣ ਲਈ ਇੱਕ ਕਵਿਤਾ ਲਿਖੀ ਤੇ ਸਾਥੀਆਂ ਨੂੰ ਸੁਣਾਈ। ਬੱਚੇ ਬੜੇ ਖੁਸ਼ ਹੋਏ ਤੇ ਮੈਂਨੂੰ ਸ਼ਬਾਸ਼ ਦੇਣ ਲੱਗੇ। ਦੂਜੇ ਦਿਨ ਇੱਕ ਸ਼ਰਾਰਤੀ ਲੜਕੇ ਨੇ ਮੇਰੀ ਕਿਤਾਬ ਵਿਚੋਂ ਉਹ ਕਵਿਤਾ ਵਾਲਾ ਕਾਗਜ਼ ਚੋਰੀ ਕਰਕੇ ਮਾਸਟਰ ਜੀ ਨੂੰ ਦੇ ਦਿੱਤਾ। ਉਹਨਾਂ ਪੜ੍ਹਿਆ ਤੇ ਮੈਂਨੂੰ ਸਟਾਫ ਰੂਮ ਵਿੱਚ ਸੱਦ ਲਿਆ। ਮੈਂ ਡਰ ਨਾਲ ਕੰਬਣ ਲੱਗਾ ਕਿ- ‘ਹੁਣ ਮੇਰੀ ਸ਼ਾਮਤ ਆ ਗਈ’। ਪਰ ਉਹਨਾਂ ਮੈਂਨੂੰ ਕਿਹਾ-‘ਤੇਰੇ ਤੇ ਖ਼ੁਦਾ ਦੀ ਬੜੀ ਰਹਿਮਤ ਹੈ- ਉਸ ਨੇ ਤੇਰੀ ਝੋਲੀ ਸ਼ਾਇਰੀ ਦੀ ਦਾਤ ਪਾਈ ਹੈ ਪਰ ਇਸ ਨੂੰ ਕਾਲੇ ਲੇਖ ਲਿਖਣ ਲਈ ਨਾ ਵਰਤ। ਸਮਾਜ ਨੂੰ ਬੇਹਤਰ ਬਨਾਉਣ ਲਈ ਸ਼ਾਇਰੀ ਲਿਖ’। ਤੇ ਉਹਨਾਂ ਮੈਂਨੂੰ ਕਈ ਸ਼ਾਇਰਾਂ ਦੀਆਂ ਕਿਤਾਬਾਂ ਲਾਇਬ੍ਰੇਰੀ ਵਿਚੋਂ ਲਿਆ ਕੇ ਦਿੱਤੀਆਂ। ਉਹ ਕਹਿੰਦੇ ਹਨ ਕਿ- ‘ਮੈਂ ਜੋ ਕੁੱਝ ਵੀ ਹਾਂ ਆਪਣੇ ਉਸ ਗੁਰੂ ਦੀ ਬਦੌਲਤ ਹਾਂ’।
ਬਾਬਾ ਫਰੀਦ ਜੀ ਵੀ ਸਾਨੂੰ ਸਮਝਾ ਰਹੇ ਹਨ- ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥(ਅੰਗ 1378)
ਸੋ ਮੈਂਨੂੰ ਲਗਦਾ ਕਿ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਣ ਵਾਲੇ ਮੇਰੇ ਵੀਰ ਵੀ, ਕਿਸੇ ਹਾਲਾਤ ਵੱਸ ਭਟਕ ਗਏ ਹਨ ਜਿਹਨਾਂ ਨੂੰ ਸਮਝਾਉਣ ਵਾਲਾ ਅਜੇ ਤੱਕ ਕੋਈ ਨਹੀਂ ਮਿਲਿਆ। ਪਰ ਕਹਿੰਦੇ ਹਨ ਕਿ- ਉਹੀ ਚੀਜ਼ ਮਾਰਕਿਟ ਵਿੱਚ ਵਿਕਦੀ ਹੈ ਜਿਸ ਦੀ ਪਬਲੀਸਿਟੀ ਹੋਵੇ ਜਾਂ ਮੰਗ ਹੋਵੇ। ਜੇ ਪਾਠਕ ਜਾਂ ਸਰੋਤੇ ਇਹ ਕੁੱਝ ਪੜ੍ਹਨਾ ਜਾਂ ਸੁਣਨਾ ਬੰਦ ਕਰ ਦੇਣ ਤਾਂ ਇਹ ਘਟੀਆ ਕਵਿਤਾਵਾਂ, ਲੱਚਰ ਗੀਤ ਜਾਂ ਘਟੀਆ ਸਾਹਿਤ ਆਪੇ ਹੀ ਬੰਦ ਹੋ ਜਾਏਗਾ।

ਇਥੇ ਹੀ ਬੱਸ ਨਹੀਂ- ਸਾਡੇ ਛੈਲ ਛਬੀਲੇ ਗੱਭਰੂ ਅੱਜ ਨਸ਼ਿਆਂ ਦੇ ਵਗਦੇ ਦਰਿਆ ਵਿੱਚ ਵੀ ਰੁੜ੍ਹਦੇ ਜਾ ਰਹੇ ਹਨ। ਸ਼ਾਇਦ ਹੀ ਪੰਜਾਬ ਦਾ ਕੋਈ ਕਰਮਾਂ ਵਾਲਾ ਘਰ ਹੋਏਗਾ ਜੋ ਨਸ਼ਿਆਂ ਦੀ ਮਾਰ ਤੋਂ ਬਚਿਆ ਹੋਵੇ। ਘਰਾਂ ਦੇ ਘਰ ਕੰਗਾਲ ਹੋ ਗਏ ਹਨ। ਨੌਜਵਾਨ ਮੁੰਡੇ ਕੁੜੀਆਂ ਕਾਲਜਾਂ ਵਿੱਚ ਪੜ੍ਹਦਿਆਂ ਹੀ ਇਸ ਅਲਾਮਤ ਦਾ ਸ਼ਿਕਾਰ ਹੋ ਜਾਂਦੇ ਹਨ। ਨਸ਼ੇ ਵੀ ਇੱਕ ਅਫੀਮ ਸ਼ਰਾਬ ਦੇ ਹੀ ਨਹੀਂ- ਬਹੁਤ ਕਿਸਮਾਂ ਦੇ ਆ ਗਏ ਹਨ- ਜੋ ਸਾਡੀ ਜੁਆਨੀ ਨੂੰ ਘੁਣ ਵਾਂਗ ਦਿਨੋ-ਦਿਨ ਖਾ ਰਹੇ ਹਨ। ਬਾਲ-ਬੱਚੇ ਰੁਲ਼ ਰਹੇ ਹਨ, ਬਾਪ ਕਰਜ਼ੇ ਦੇ ਬੋਝ ਥੱਲੇ ਫਸੇ ਖੁਦਕਸ਼ੀਆਂ ਕਰ ਰਹੇ ਹਨ- ਮਾਵਾਂ, ਭੈਣਾਂ ਵੈਣ ਪਾ ਰਹੀਆਂ ਹਨ। ਇਹ ਸਾਰਾ ਕੁੱਝ ਦੇਖ ਸੁਣ, ਜੇ ਸਾਡੇ ਮਨ ਦੁਖੀ ਹੋ ਰਹੇ ਹਨ- ਤਾਂ ਕੀ ਭਗਤ ਸਿੰਘ ਦੀ ਰੂਹ ਨਾ ਕੁਰਲਾਉਂਦੀ ਹੋਏਗੀ?

ਸਾਡੇ ਦੇਸ਼ ਵਿੱਚ ਦਿਨੋ-ਦਿਨ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਪਤਾ ਨਹੀਂ ਕਿਉਂ ਮਨੁੱਖ ਭੇੜੀਆ ਬਣ ਗਿਆ ਹੈ- ਜੋ ਨੌਂ ਮਹੀਨੇ ਦੀ ਬੱਚੀ ਤੋਂ ਲੈ ਕੇ ਸੱਠ-ਸੱਤਰ ਦੀ ਔਰਤ ਨੂੰ ਵੀ ਨਹੀਂ ਬਖਸ਼ਦਾ? ਕੋਈ ਸਮਾਂ ਸੀ- ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਸੀ। ਪਰ ਅੱਜ ਸਾਡੀਆਂ ਕੁੜੀਆਂ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਰਹੀਆਂ। ਮਾਪੇ ਵਿਚਾਰੇ ਕਿੱਥੇ ਕਿੱਥੇ ਹਿਫਾਜ਼ਤ ਕਰਨ ਆਪਣੀਆਂ ਬੱਚੀਆਂ ਦੀ? ਇੱਕ ਪਾਸੇ ਅਸੀਂ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ- ਤੇ ਦੂਜੇ ਪਾਸੇ ਇਕੱਲੀ ਦੁਕੱਲੀ ਔਰਤ ਨੂੰ ਜਿਸਮਾਨੀ ਛੇੜ-ਛਾੜ ਤੋਂ ਲੈ ਕੇ, ਹਵਸ ਦਾ ਸ਼ਿਕਾਰ ਬਨਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਕੁੱਝ ੳੁੱਧਰ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਵਾਪਰਦਾ ਹੈ। ਮਰਦ ਇਹ ਕਿਉਂ ਭੁੱਲ ਜਾਂਦੇ ਹਨ ਕਿ- ਇਹ ਕੁੱਝ ਕੱਲ੍ਹ ਨੂੰ ਉਹਨਾਂ ਦੀ ਧੀ-ਭੈਣ ਨਾਲ ਵੀ ਹੋ ਸਕਦਾ ਹੈ। ਆਖਿਰ ਕੀ ਹੋ ਗਿਆ ਸਾਡੀ ਮੱਤ ਨੂੰ? ਓਏ ਬਹਾਦਰ ਸ਼ਹੀਦਾਂ ਦੇ ਵਾਰਸੋ- ਕਿਹੜਾ ਇਤਿਹਾਸ ਸਿਰਜ ਰਹੇ ਹੋ ਤੁਸੀਂ? ਮੈਂ ਪੁੱਛਦੀ ਹਾਂ ਸਰਕਾਰ ਪਾਸੋਂ ਕਿ- ਇਹੋ ਜਹਿਆਂ ਨੂੰ ਫਾਂਸੀ ਕਿਉਂ ਨਹੀਂ

ਦਿੱਤੀ ਜਾਂਦੀ? ਜੇ ਸਜਾਵਾਂ ਸਖਤ ਹੋਣ ਤਾਂ ਮੁੜ ਕੋਈ ਜੁਰਅਤ ਨਾ ਕਰੇ ਅਜੇਹੇ ਕੁਕਰਮ ਕਰਨ ਦੀ।
ਇਹਨਾਂ ਬੁਰਾਈਆਂ ਲਈ ਕਾਫੀ ਹੱਦ ਤੱਕ, ਸਰਕਾਰਾਂ ਵੀ ਜ਼ਿੰਮੇਵਾਰ ਹਨ- ਕਿਉਂਕਿ ਪਿਛਲੇ ਦਸ ਕੁ ਸਾਲਾਂ ਵਿੱਚ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਨਸ਼ੇ ਇੰਨੇ ਫੈਲੇ ਹਨ। ਇਹ ਨਸ਼ੇ ਕੇਵਲ, ਜ਼ਿੰਦਗੀ ਹੀ ਨਹੀਂ ਗਾਲ਼ਦੇ ਸਗੋਂ- ਲੁੱਟਾਂ, ਖੋਹਾਂ, ਗੁੰਡਾਗਰਦੀ, ਕਤਲ ਤੇ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਨੂੰ ਵੀ ਜਨਮ ਦਿੰਦੇ ਹਨ। ਪਰ ਜੇ ਸੋਚਿਆ ਜਾਵੇ ਤਾਂ ਸਰਕਾਰਾਂ ਵੀ ਤਾਂ ਆਪਣੀਆਂ ਹੀ ਬਣਾਈਆਂ ਹੋਈਆਂ ਹਨ। ਜੇ ਉਹ ਕੋਈ ਕਦਮ ਨਹੀਂ ਚੁੱਕਦੀਆਂ ਤਾਂ ਕੀ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ? ਪੁਤਰਾਂ ਦਾ ਮੰਦਾ ਹਾਲ ਦੇਖ, ਮਾਪੇ ਵਿਚਾਰੇ ਕਰਜ਼ੇ ਚੁੱਕ ਚੁੱਕ, ਏਜੰਟਾਂ ਹੱਥੋਂ ਖੁਆਰ ਹੋ, ਕੌੜਾ ਘੁੱਟ ਭਰ- ਉਹਨਾਂ ਨੂੰ ਵਿਦੇਸ਼ਾਂ ਵੱਲ ਤੋਰ ਰਹੇ ਹਨ। ਭੋਲ਼ੇ ਮਾਪੇ ਨਹੀਂ ਜਾਣਦੇ ਕਿ ਏਧਰ ਵੀ ‘ਸਭ ਹੱਛਾ’ ਨਹੀਂ। ਇੱਧਰ ਵੀ ਨਸ਼ਿਆਂ ਦੇ ਗੈਂਗ ਹਨ, ਜੋ ਡਾਲਰਾਂ ਦਾ ਲਾਲਚ ਦੇ ਕੇ ਭੋਲ਼ੇ ਪੰਛੀਆਂ ਨੂੰ ਆਪਣੇ ਜਾਲ਼ ਵਿੱਚ ਫਸਾ ਲੈਂਦੇ ਹਨ।

ਸਾਥੀਓ- ਸਮੱਸਿਆ ਇੱਕ ਨਹੀਂ, ਬਹੁਤ ਹਨ- ਕਿਸ ਕਿਸ ਦਾ ਜ਼ਿਕਰ ਕਰਾਂ? ਮੇਰੇ ਪੰਜਾਬੀ ਵੀਰੋ, ਬੱਚਿਓ- ਕਿਹੜੇ ਕੰਡਿਆਲੇ ਰਾਹਾਂ ਤੇ ਤੁਰ ਪਏ ਹੋ? ਕਿਊਂ ਸਮਾਜ ਦਾ ਗਲਿਆ ਸੜਿਆ ਅੰਗ ਬਣ ਗਏ ਹੋ ਤੁਸੀਂ? ਕਦੇ ਇਕੱਲੇ ਬਹਿ ਕੇ ਵਿਚਾਰੋ।
ਸੰਭਲੋ- ਭਗਤ ਸਿੰਘ ਦੇ ਵਾਰਸੋ! ਅਜੇ ਵੀ ਵੇਲਾ ਹੈ- ਸੰਭਲ ਜਾਓ! ਆਪਣੀ ਜਵਾਨੀ ਦੀ ਤਾਕਤ ਨੂੰ ਕਿਸੇ ਉਸਾਰੂ ਕੰਮ ‘ਚ ਲਾਓ। ਸਰਕਾਰਾਂ ਵੱਲ ਹੀ ਨਾ ਝਾਕੋ- ਆਪਣੇ ਅੰਦਰ ਛੁਪੇ ਹੋਏ ਗੁਣਾਂ ਨੂੰ ਪਛਾਣੋ। ਕੋਈ ਵਧੀਆਂ ਲਿਖਾਰੀ ਬਣ ਸਕਦਾ ਹੈ- ਕੋਈ ਸੁਰੀਲਾ ਗਾਇਕ ਬਣ ਸਕਦਾ ਹੈ। ਜਿਸ ਕੋਲ ਥੋੜ੍ਹੀ ਜਮੀਨ ਹੈ- ਉਹ ਔਰਗੈਨਿਕ ਖੇਤੀ ਕਰ ਸਕਦਾ ਹੈ। ਕੋਈ ਚੰਗਾ ਖਿਡਾਰੀ ਬਣ ਦੇਸ਼ ਕੌਮ ਦਾ ਨਾਂ ਚਮਕਾ ਸਕਦਾ ਹੈ। ਕੋਈ ਧਰਮ ਦੇ ਖੇਤਰ ਵਿੱਚ- ਰਾਗੀ, ਢਾਡੀ ਜਾਂ ਚੰਗਾ ਪ੍ਰਚਾਰਕ ਬਣ ਸਕਦਾ ਹੈ। ਪੜ੍ਹੇ ਲਿਖੇ ਹੋ ਤਾਂ ਆਪਣੇ ਪਿੰਡ ਦੇ, ਮੁਹੱਲੇ ਦੇ ਬੱਚੇ ਪੜ੍ਹਾਉਣਾ ਸ਼ੁਰੂ ਕਰ ਦਿਓ। ਜੋ ਕੁਝ ਵੀ ਕਰ ਸਕਦੇ ਹੋ, ਕਰੋ। ਘਰ ਦੇ ਕੰਮਾਂ ਵਿੱਚ ਹੱਥ ਵਟਾਓ- ਵਿਹਲੇ ਨਾ ਫਿਰੋ- ਕੋਈ ਵੋਲੰਟੀਅਰ ਸੇਵਾ ਸ਼ੁਰੂ ਕਰ ਦਿਓ- ਬਜ਼ੁਰਗਾਂ ਲਈ, ਗਰੀਬਾਂ ਲਈ, ਬੇਸਹਾਰਿਆਂ ਲਈ। ਭਗਤ ਪੂਰਨ ਸਿੰਘ ਵਰਗਿਆਂ ਨੂੰ ਆਪਣੇ ਰੋਲ ਮਾਡਲ ਬਣਾਓ। ਤੁਹਾਨੂੰ ਨਵੀਂ ਜ਼ਿੰਦਗੀ ਮਿਲੇਗੀ- ਨਵਾਂ ਉਤਸ਼ਾਹ ਮਿਲੇਗਾ- ਸਮਾਜ ‘ਚ ਇੱਜ਼ਤ ਮਾਣ ਮਿਲੇਗਾ। ਮਾਨਸ- ਜਨਮ ਅਜਾਈਂ ਨਾ ਗੁਆਓ-ਦੂਜਿਆਂ ਲਈ ਜਿਊਣਾ ਸਿੱਖੋ। ਇਹੀ ਭਗਤ ਸਿੰਘ ਤੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਫੈਸਲਾ ਤੁਹਾਡੇ ਆਪਣੇ ਹੱਥ ਹੈ!

This entry was posted in ਲੇਖ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>