ਖਾਲਸਾ ਮੇਰੋ ਰੂਪ ਹੈ ਖਾਸ॥

‘ਖਾਲਸਾ’ ਤੋਂ ਭਾਵ ਹੈ- ‘ਖ਼ਾਲਸ’ ਜਾਂ ‘ਸ਼ੁਧ’। ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ, ਗੁਰੂੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਇੱਕ ਖ਼ਾਲਸ ਤੇ ਨਿਆਰੀ ਕੌਮ ਤਿਆਰ ਕੀਤੀ ਸੀ-  ਜਿਸ ਦੀ ਸ਼ਖ਼ਸੀਅਤ ਵਿੱਚ ਕੋਈ ਖੋਟ ਨਾ ਹੋਵੇ। ਜੋ ਲੋੜ ਪੈਣ ਤੇ ਮਜ਼ਲੂਮਾਂ ਦੀ ਰੱਖਿਆ ਕਰ ਸਕੇ। ਇਹ ਕੋਈ ਇੱਕ ਦਿਨ ਦੀ ਤਿਆਰੀ ਨਹੀਂ ਸੀ- ਇਸ ਲਈ ਤਕਰੀਬਨ ਢਾਈ ਸੌ ਸਾਲ ਲੱਗੇ ਸਨ। ਗੁਰੂੁ ਨਾਨਕ ਦੇਵ ਜੀ ਨੂੰ ਅਜੇਹੀ ਕੌਮ ਤਿਆਰ ਕਰਨ ਲਈ ਦਸ ਜਾਮੇ ਧਾਰਨ ਕਰਨੇ ਪਏ। ਸਦੀਆਂ ਤੋਂ ਚਲੀ ਆ ਰਹੀ ਵਰਣ- ਵੰਡ ਕਾਰਨ, ਲੋਕ ਵਹਿਮਾਂ- ਭਰਮਾਂ ਵਿੱਚ ਗ੍ਰੱਸੇ ਹੋਏ ਸਨ। ਕੁੱਝ ਧਰਮਾਂ ਦੇ ਪੁਜਾਰੀਆਂ ਨੇ ਉਹਨਾਂ ਨੂੰ ਦੇਵੀ- ਦੇਵਤਿਆਂ ਦੀ ਪੂਜਾ, ਸੱਪ ਦੀ ਪੂਜਾ, ਦਰੱਖਤਾਂ ਦੀ ਪੂਜਾ, ਸੂਰਜ-ਚੰਦ੍ਰਮਾ ਤੇ ਗ੍ਰਹਿਆਂ ਦੀ ਪੂਜਾ, ਵਰਤ ਨੇਮ, ਸ਼ਗਨ-ਅਪਸ਼ਗਨ ਦੇ ਚੱਕਰਵਿਊ ਐਸਾ ਫਸਾ ਰੱਖਿਆ ਸੀ- ਕਿ ਆਮ ਆਦਮੀ ਦੀ ਹਾਲਤ ਤਰਸਯੋਗ ਹੋ ਚੁੱਕੀ ਸੀ। ਸੋ ਸਭ ਤੋਂ ਪਹਿਲਾਂ ਲੋਕਾਈ ਨੂੰ ਅਜੇਹੇ ਅੰਧ-ਵਿਸ਼ਵਾਸਾਂ ਵਿੱਚੋਂ ਕੱਢ ਕੇ ਸਿੱਧੇ ਰਾਹੇ ਪਾਉਣਾ ਜਰੂਰੀ ਸੀ।

ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਰਾਹੀਂ, ਲੋਕਾਂ ਨੂੰ ‘ਇਕ ਓਂਕਾਰ’ ਦੀ ਅਰਾਧਨਾ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਮੇਲਿਆਂ ਤੇ, ਇਕੱਠਾਂ ਤੇ ਜਾ ਜਾ ਕੇ, ਲੋਕਾਂ ਨੂੰ ਤਰਕ ਨਾਲ ਸਮਝਾਇਆ। ਸਿੱਧ-ਜੋਗੀਆਂ ਤੱਕ ਵੀ ਪਹੁੰਚ ਕੇ ਉਹਨਾਂ ਨਾਲ ਸੰਵਾਦ ਰਚਾਏ। ਉਹਨਾਂ ਕਿਹਾ- ਕਿ ਰੱਬ ਨੂੰ ਪਾਉਣ ਲਈ ਘਰ ਬਾਰ ਛੱਡ ਕੇ ਪਹਾੜਾਂ ਜਾਂ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਮਨ ਦੀਆਂ ਇਛਾਵਾਂ ਨੂੰ ਕਾਬੂ ਕਰੋ। ਉਹਨਾਂ ਸੰਗਤ-ਪੰਗਤ ਦੀ ਰੀਤ ਚਲਾਈ, ਜਾਤ ਪਾਤ ਦਾ ਖੰਡਨ ਕੀਤਾ। ਉਹਨਾਂ ਲੋਕਾਈ ਨੂੰ, ‘ਕਿਰਤ ਕਰੋ- ਨਾਮ ਜਪੋ- ਵੰਡ ਛਕੋ’ ਦਾ ਸਰਲ ਸਿਧਾਂਤ ਦੇ ਕੇ ਇੱਕ ਨਵੇਂ ਵਿਗਿਆਨਕ ਧਰਮ ਦੀ ਨੀਂਹ ਰੱਖੀ। ਲੋਕ ਇਸ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਗੁਰੂੁ ਸਾਹਿਬ ਦੀਆਂ ਚਾਰ ਉਦਾਸੀਆਂ ਦੌਰਾਨ- ਕਾਬਲ, ਕੰਧਾਰ, ਅਫਗਾਨਿਸਤਾਨ ਤੋਂ ਲੈ ਕੇ, ਅਸਾਮ, ਨੈਪਾਲ, ਚੀਨ, ਤਿੱਬਤ ਤੇ ਸ੍ਰੀ ਲੰਕਾ ਤੱਕ ਲੋਕਾਂ ਨੇ ਸਿੱਖੀ ਧਾਰਨ ਕਰ ਲਈ।
ਹੌਲੀ ਹੌਲੀ ਬਾਬੇ ਨਾਨਕ ਦਾ ਬੀਜਿਆ ਸਿੱਖੀ ਦਾ ਬੀਜ, ਪੌਦਾ ਬਨਣ ਲੱਗਾ। ਗੁਰੂ ਸਾਹਿਬ ਨੇ ਆਪਣੇ ਦੂਜੇ, ਤੀਜੇ ਤੇ ਚੌਥੇ ਜਾਮੇ ਵਿੱਚ, ਇਸ ਪੌਦੇ ਦੀ ਗੋਡੀ ਕੀਤੀ, ਪਾਣੀ ਪਾਇਆ ਤੇ ਇਸ ਨੂੰ ਛਾਂਦਾਰ ਰੁੱਖ ਬਨਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਇਸ ਸਿੱਖੀ ਦੇ ਬੂਟੇ ਨੂੰ ਸਮੇਂ ਦੇ ਹਾਕਮਾਂ ਨੇ, ਜ਼ੁਲਮ ਦੀ ਹਨ੍ਹੇਰੀ ਨਾਲ ਜੜ੍ਹੋਂ ਪੁੱਟਣ ਦੀ ਕੋਸ਼ਿਸ਼ ਵੀ ਕੀਤੀ, ਪਰ ਸ਼ਹੀਦਾਂ ਦੇ ਸਰਤਾਜ- ਪੰਚਮ ਪਾਤਸ਼ਾਹ ਨੇ ਸਿਦਕ ਦਿਲੀ ਨਾਲ ਆਪਣੇ ਸਰੀਰ ਤੇ ਤਸ਼ੱਦਦ ਸਹਿ ਕੇ, ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ- ਅਤੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ, ਇਸ ਪੌਦੇ ਦੀ ਰੱਖਿਆ ਕੀਤੀ। ਸੱਤਵੇਂ ਤੇ ਅੱਠਵੇਂ ਜਾਮੇ ਵਿੱਚ ਗੁਰੂੁ ਸਾਹਿਬ ਨੇ ਫਿਰ ਇਸ ਦੀ ਸੇਵਾ ਸੰਭਾਲ ਕੀਤੀ ਤੇ ਇਸ ਨੂੰ ਹਰਾ- ਭਰਾ ਰੱਖਣ ਦੇ ਯਤਨ ਕੀਤੇ। ਨੌਵੇਂ ਪਾਤਸ਼ਾਹ ਤੇ ਹੋਰ ਸਿਦਕੀ ਸਿੱਖਾਂ ਨੇ ਇਸ ਦੀ ਜੜ੍ਹ ਨੂੰ ਆਪਣੇ ਖੂਨ ਨਾਲ ਸਿੰਜਿਆ। ਤੇ ਇਸ ਤਰ੍ਹਾਂ ਜਦੋਂ ਇਹ ਬੂਟਾ ਆਪਣੇ ਭਰ ਜੋਬਨ ਤੇ ਆਇਆ, ਤਾਂ ਦਸਮੇਂ ਜਾਮੇ ਵਿੱਚ  ਪਹੁੰਚੇ ਗੁਰੂ ਨਾਨਕ ਭਾਵ ਗੁਰੂੁ ਗੋਬਿੰਦ ਸਿੰਘ ਜੀ ਨੇ ਇਸ ਨੂੰ ‘ਅੰਮ੍ਰਿਤ ਦੀ ਦਾਤ’ ਦੀ ਪਿਉਂਦ ਦੇ ਕੇ- ਇੱਕ ਵੱਖਰੀ ਪਹਿਚਾਣ ਦੇ ਦਿੱਤੀ। ਜੋ ਇਸ ਦੁਨੀਆਂ ਦੇ ਬਾਗ ਵਿੱਚ, ਆਪਣੇ ਸੁੰਦਰ ਸਰੂਪ ਤੇ ਗੁਣਾਂ ਕਾਰਨ ਦੂਰੋਂ ਹੀ ਪਛਾਣਿਆਂ ਜਾ ਸਕੇ।

ਗੁਰੂ ਗੋਬਿੰਦ ਸਿੰਘ ਜੀ ਇੱਕ ਵਿਦਵਾਨ, ਸੁਹਿਰਦ, ਦੂਰ-ਅੰਦੇਸ਼, ਦਰਵੇਸ਼, ਯੋਧੇ, ਸੈਨਾਪਤੀ, ਮਹਾਨ ਕਵੀ ਤੇ ਲੇਖਕ ਹੀ ਨਹੀਂ ਸਨ ਸਗੋਂ ਉਹਨਾਂ ਦੀ ਸੋਚ ਵੀ ਬਹੁਤ ਸੈਕੂਲਰ ਸੀ। ਖਾਲਸਾ ਪੰਥ ਦੀ ਸਾਜਨਾ ਵੇਲੇ- ਪੰਜ ਪਿਆਰਿਆਂ ਦੀ ਚੋਣ ਵੀ, ਦੇਸ਼ ਦੇ ਵੱਖੋ ਵੱਖ ਕੋਨਿਆਂ ਤੋਂ ਆਏ, ਵੱਖੋ ਵੱਖ ਜਾਤਾਂ ਦੇ ਪ੍ਰਾਣੀਆਂ ਦੀ ਕਰਨੀ ਤੇ ਫਿਰ ਉਹਨਾਂ ਪੰਜਾਂ ਨੂੰ ਇੱਕੋ ਬਾਟੇ ‘ਚੋਂ ਅੰਮ੍ਰਿਤ ਦੀ ਦਾਤ ਦੇਣ ਉਪਰੰਤ- ਆਪ ਵੀ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਣਾ- ਇਸੇ ਸੋਚ ਦਾ ਹੀ ਨਤੀਜਾ ਸੀ। ‘ਆਪੇ ਗੁਰ ਚੇਲਾ’ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਗੁਰੂੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਿਖਰ ਤੇ ਪਹੁੰਚਾਉਂਦਿਆਂ ਹੋਇਆਂ, ਮਨੂੰ ਦੀ ਵਰਣ ਵੰਡ ਨੂੰ ਮੁੱਢੋਂ ਨਕਾਰਦਿਆਂ, ਉਹਨਾਂ- ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਨੂੰ ਅੰਤਿਮ ਛੋਹ ਪ੍ਰਦਾਨ ਕੀਤੀ।

ਇਨਹੀ ਕੀ ਕ੍ਰਿਪਾ ਕੇ ਸਜੇ ਹਨ ਹੈਂ, ਨਹੀਂ ਮੋ ਸੇ ਗਰੀਬ ਕ੍ਰੋਰ ਪਰੇ॥

-ਦੇ ਬੋਲਾਂ ਰਾਹੀਂ ਪੰਜ ਪਿਆਰਿਆਂ ਨੂੰ ਮਾਣ ਦੇਣਾ! ਕਿੰਨੀ ਨਿਰਮਾਣਤਾ ਸੀ ਸਰਬ-ਕਲਾ ਸਮਰੱਥ ਗੁਰੂ ਗੋਬਿੰਦ ਸਿੰਘ ਜੀ ਵਿੱਚ- ਇਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ।

ਦਸ਼ਮੇਸ਼ ਪਿਤਾ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਕੇ- ਇਹ ਖਾਲਸਾ ਪੰਥ ਸਾਜਿਆ ਸੀ, ਜੋ ਗੁਰੂ ਸਾਹਿਬ ਵਾਂਗ ਹੀ ਸੰਤ- ਸਿਪਾਹੀ ਹੋਵੇ। ਖਾਲਸੇ ਲਈ ਦਸ਼ਮੇਸ਼ ਪਿਤਾ ਦੇ ਬੋਲ ਹਨ-

ਜਾਗਤ ਜੋਤਿ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮੱਟ ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ॥
ਪੂਰਨ ਜੋਤ ਜਗੈ ਘਟ ਮੈਂ, ਤਬ ਖ਼ਾਲਸ ਤਾਹਿ ਨਖ਼ਾਲਸ ਜਾਨੈ॥

‘ਖਾਲਸਾ’ ਉਹ- ਜੋ ਉੱਚੇ ਸੁੱਚੇ ਆਚਰਣ ਦਾ ਮਾਲਕ ਹੋਵੇ। ਜੋ ਨਾ ਕਿਸੇ ਤੋਂ ਡਰੇ ਤੇ ਨਾ ਡਰਾਵੇ। ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੋਵੇ- ਭਾਵ ਮੜ੍ਹੀ ਮਸਾਨਾਂ ਜਾਂ ਦੇਵੀ ਦੇਵਤਿਆਂ ਨੂੰ ਨਾ ਪੂਜੇ। ਜੋ ਸਾਹਿਬ ਸ੍ਰੀ ਗੁਰੂੁ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਸੀਸ ਨਾ ਝੁਕਾਵੇ। ਜੋ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ। ਜੋ ਮਜ਼ਲੂਮਾਂ ਤੇ ਜ਼ੁਲਮ ਹੁੰਦਾ ਵੇਖ ਚੁੱਪ ਨਾ ਬੈਠੇ- ਸਗੋਂ ਉਹਨਾਂ ਦੀ ਮਦਦ ਕਰੇ। ਜੋ ਸੁੱਚੀ ਕਿਰਤ ਕਮਾਈ ਕਰੇ ਤੇ ਦਸਵੰਧ ਨੂੰ ਲੋੜਵੰਦਾਂ ਦੇ ਲੇਖੇ ਲਾਵੇ। ਜੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ, ਬਾਣੀ ਪੜ੍ਹੇ, ਵਿਚਾਰੇ ਅਤੇ ਬਾਣੀ ਅਨੁਸਾਰ ਜੀਵਨ ਜਾਚ ਅਪਨਾਏ। ਜੋ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਹੋਵੇ। ਜੋ ਕਿਸੇ ਨਾਲ ਵੈਰ ਵਿਰੋਧ ਜਾਂ ਈਰਖਾ ਕਰਨ ਤੋਂ ਕੋਹਾਂ ਦੂਰ ਰਹੇ। ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਪੰਜੇ ਵਿਕਾਰਾਂ ਤੇ ਕਾਬੂ ਪਾ ਕੇ ਰੱਖੇ। ਜੋ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬਾਣੀ ਤੇ ਬਾਣੇ ਦਾ ਸਤਿਕਾਰ ਕਰੇ- ਪਰ ਧਰਮ ਨੂੰ ਧੰਦਾ ਨਾ ਬਣਾਏ। ਉਸ ਵਿੱਚ- ਨਿਮਰਤਾ, ਮਿਠਾਸ, ਨੇਕੀ, ਪਰਉਪਕਾਰ, ਭਲਾਈ ਵਰਗੇ ਗੁਣ ਵੀ ਬਿਰਾਜਮਾਨ ਹੋਣ। ਹਰ ਔਰਤ ਦਾ ਸਤਿਕਾਰ ਕਰੇ। ਅਕਾਲ ਪੁਰਖ ਦਾ ਸ਼ੁਕਰਾਨਾ ਤੇ ਉਸ ਅੱਗੇ ਹੀ ਅਰਦਾਸ ਕਰੇ।

ਗੁਰੂ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ, ਅੰਮ੍ਰਿਤ ਦੀ ਦਾਤ ਦੇ ਕੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ। ਉਹਨਾਂ ਨੂੰ ਸਵੈਮਾਣ ਤੇ ਅਣਖ ਨਾਲ ਜੀਉਣ ਦੀ ਜਾਚ ਸਿਖਾ ਦਿੱਤੀ। ਉਹਨਾਂ ਗੁਰੂੁ ਨਾਨਕ ਨਾਮ ਲੇਵਾ ਸਿੱਖਾਂ ਨੂੰ ਸਮੁੱਚੇ ਤੌਰ ਤੇ ‘ਖਾਲਸਾ ਪੰਥ’ ਦਾ ਨਾਮ ਦਿੱਤਾ। ਇੱਕ ਦੂਜੇ ਨੂੰ ਮਿਲਣ ਤੇ-

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ॥

ਕਹਿਣ ਦੀ ਹਤਾਇਤ ਕੀਤੀ। ਉਹਨਾਂ ਉਸ ਦਿਨ ਤੋਂ ਇਹ ਐਲਾਨ ਕਰ ਦਿੱਤਾ ਕਿ- ਖਾਲਸਾ ਗੁਰੂੁ ਹੈ ਤੇ ਗੁਰੂੁ ਖਾਲਸੇ ਵਿੱਚ ਵੱਸਦਾ ਹੈ। ਕੋਈ ਵੀ ਸਿੱਖ ਗੁਰੂੁ ਤੇ ਖਾਲਸੇ ਵਿੱਚ ਕੋਈ ਵੀ ਫਰਕ ਨਾ ਸਮਝੇ। ਉਹਨਾਂ ਦਾ ਫੁਰਮਾਨ ਹੈ-

ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮਹਿ ਹਉ ਕਰਉ ਨਿਵਾਸ॥
ਖਾਸਲਾ ਮੇਰੋ ਪਿੰਡ ਪਰਾਨ॥ ਖਾਲਸਾ ਮੇਰੀ ਜਾਨ ਕੀ ਜਾਨ॥
ਖਾਲਸਾ ਮੇਰੋ ਸਤਿਗੁਰ ਪੂਰਾ॥ ਖਾਲਸਾ ਮੇਰੋ ਸੱਜਣ ਸੂਰਾ॥
ਯਾ ਮੈਂ ਰੰਚ ਨ ਮਿਥਿਆ ਭਾਖੀ॥ ਪਾਰਬ੍ਰਹਮ ਗੁਰੁ ਨਾਨਕ ਸਾਖੀ॥

ਖਾਸਲਾ ਪੰਥ ਦੀ ਸਾਜਨਾ ਨਾਲ, ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕੀ ਗਈ। ਇੱਕ ਇੱਕ ਸਿੰਘ ਸ਼ਸਤਰਧਾਰੀ ਹੋ ਕੇ, ਜ਼ੁਲਮ ਜਬਰ ਵਿਰੁੱਧ ਜੂਝਣ ਲਈ ਤਿਆਰ-ਬਰ ਤਿਆਰ ਹੋ ਗਿਆ। ਸਿੱਖ ਪੰਜ ਕਕਾਰਾਂ- ਕੇਸ, ਕੰਘਾ, ਕੜਾ, ਕਿਰਪਾਨ ਤੇ ਕੱਛ- ਦੇ ਧਾਰਨੀ ਹੋ ਕੇ, ‘ਸਿੰਘ’ ਸਜ ਗਏ ਤੇ ਸਿੰਘਣੀਆਂ ‘ਕੌਰ’ ਬਣ ਗਈਆਂ। ‘ਸਿੰਘ’ ਦਾ ਮਤਲਬ ਸ਼ੇਰ ਤੇ ‘ਕੌਰ’ ਤੋਂ ਭਾਵ ਸ਼ਹਿਜ਼ਾਦੀ ਹੁੰਦਾ ਹੈ। ਇਹਨਾਂ ਪੰਜ ਕਕਾਰਾਂ ਦੇ ਨਾਲ ਹੀ ਖਾਲਸੇ ਨੂੰ ਚਾਰ ਬਜਰ ਕੁਰਹਿਤਾਂ ਤੋਂ ਵੀ ਵਰਜਿਆ ਗਿਆ। ਇਹ ਕੁਰਹਿਤਾਂ ਸਨ- ਪਰ ਇਸਤ੍ਰੀ ਦਾ ਸੰਗ, ਕੁੱਠਾ ਮਾਸ, ਤਮਾਕੂ, ਕੇਸਾਂ ਦੀ ਬੇਅਦਬੀ।

ਇਹ ਅੰਮ੍ਰਿਤ ਦੀ ਸ਼ਕਤੀ ਦੀ ਕਰਾਮਾਤ ਸੀ ਕਿ ਇੱਕ ਇੱਕ ਸਿੰਘ ਲੱਖਾਂ ਨਾਲ ਜੂਝਣ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਦੇ ਕਥਨ ਅਨੁਸਾਰ-

ਚਿੜੀਓ ਸੇ ਮੈਂ ਬਾਜ ਤੁੜਾਊਂ॥
ਸਵਾ ਲਾਖ ਸੇ ਏਕ ਲੜਾਊ॥
ਤਬੈ ਗੋਬਿੰਦ ਸਿੰਘ ਨਾਮ ਕਹਾਊ॥

ਚਮਕੌਰ ਦੀ ਜੰਗ ਵਿੱਚ ਕੇਵਲ ਚਾਲੀ ਸਿੰਘਾਂ ਨੇ, ਦਸ ਲੱਖ ਦੁਸ਼ਮਣ ਦੀ ਫੌੋਜ ਦਾ ਮੁਕਾਬਲਾ ਕੀਤਾ। ਜਿੰਨੀਆਂ ਜੰਗਾਂ ਵੀ ਗੁਰੂੁ ਸਾਹਿਬ ਤੇ ਥੋਪੀਆਂ ਗਈਆਂ, ਸਭ ਵਿੱਚ ਜਿੱਤ ਖਾਲਸੇ ਦੀ ਹੀ ਹੁੰਦੀ। ਮੁੱਠੀ ਭਰ ਸਿੰਘ, ਮੁਗਲ ਸੈਨਾ ਤੇ ਪਹਾੜੀ ਰਾਜਿਆਂ ਦੀ ਅਥਾਹ ਸ਼ਕਤੀ ਅੱਗੇ ਡੱਟ ਜਾਂਦੇ। ਇੱਥੇ ਇਹ ਵੀ ਜਾਣਕਾਰੀ ਦੇ ਦਿਆਂ ਕਿ ਗੁਰੂ ਸਾਹਿਬ ਨੂੰ ਬਿਆਲੀ ਸਾਲ ਦੀ ਆਯੂ ਦੌਰਾਨ, ਇੱਕ ਦਰਜਣ ਤੋਂ ਵੱਧ ਜੰਗਾਂ ਦਾ ਸਾਹਮਣਾ ਕਰਨਾ ਪਿਆ। ਜੇ ਕਿਧਰੇ ਉਹਨਾਂ ਨੂੰ ਸ਼ਾਂਤ ਮਹੌਲ ਮਿਲਦਾ, ਤਾਂ ਸਾਡੀ ਕੌਮ ਦੇ ਹਾਲਾਤ ਕੁੱਝ ਹੋਰ ਹੁੰਦੇ।

ਗੁਰੂੁ ਸਾਹਿਬ ਨੇ ਖਾਲਸੇ ਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰ ਦਿੱਤਾ। ਚਮਕੌਰ ਦੀ ਜੰਗ ਵੇਲੇ, ਜਦੋਂ ਸਿੰਘਾਂ ਨੇ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ‘ਚੋਂ ਨਿਕਲ ਜਾਣ ਦੀ ਸਲਾਹ ਦਿੱਤੀ ਤਾਂ ਉਹਨਾਂ ਇਨਕਾਰ ਕਰਦੇ ਹੋਏ ਕਿਹਾ ਕਿ- ‘ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ’। ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ, ਸਿੰਘਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਲਈ ਭੇਜਣਾ, ਤੇ ਪੁੱਤਰਾਂ ਦੀਆਂ ਲਾਛਾਂ ਤੇ ਬਿਨਾ ਕੱਫਨ ਪਾਏ ਤੁਰ ਜਾਣਾ- ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਖਾਲਸੇ ਤੇ ਪੁੱਤਰਾਂ ਵਿੱਚ ਕਦੇ ਕੋਈ ਫਰਕ ਨਹੀਂ ਸਮਝਿਆ।

ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਨੂੰ ‘ਖ਼ਾਲਸ’ ਰਹਿਣ ਲਈ, ਸਾਵਧਾਨ ਕਰਦੇ ਫੁਰਮਾਨ ਜਾਰੀ ਕੀਤਾ-

ਜਬ ਲਗ ਖਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋਂ ਇਨ ਕੀ ਪ੍ਰਤੀਤ॥

ਇਹ ਖਾਲਸੇ ਦੇ ‘ਨਿਆਰੇਪਨ’ ਤੇ ਗਰੂ ਸਾਹਿਬ ਦੇ ‘ਤੇਜ’ ਦਾ ਹੀ ਨਤੀਜਾ ਸੀ ਕਿ- ਖਾਲਸੇ ਨੇ ਜ਼ੁਲਮ ਜਬਰ ਅੱਗੇ ਕਦੇ ਗੋਡੇ ਨਾ ਟੇਕੇ। ਜ਼ਕਰੀਆ ਖਾਨ ਵੇਲੇ ਵੀ, ਤੇ ਵਿਦੇਸ਼ੀ ਧਾੜਵੀਆਂ ਵੇਲੇ ਵੀ ਖਾਲਸਾ, ਜੰਗਲਾਂ ‘ਚ ਘੋੜਿਆਂ ਦਿਆਂ ਕਾਠੀਆਂ ਤੇ ਰਹਿੰਦਾ ਹੋਇਆ ਵੀ, ਵਿਦੇਸ਼ੀ ਧਾੜਵੀਆਂ ਤੋਂ ਹਿੰਦੁਸਤਾਨੀਆਂ ਦੀਆਂ ਬਹੂ ਬੇਟੀਆਂ ਛੁਡਾ ਲਿਆਉਂਦਾ ਤੇ ਵਾਰਸਾਂ ਦੇ ਹਵਾਲੇ ਕਰਦਾ। ਜਿੱਥੇ ਸਿੰਘ ਨਿਡਰ ਹੋ ਕੇ ਮੌਤ ਨੂੰ ਮਖੌਲਾਂ ਕਰਨ ਲੱਗੇ ਉਥੇ ਸਿੰਘਣੀਆਂ ਵੀ ਪਿੱਛੇ ਨਹੀਂ ਰਹੀਆਂ। ਮੀਰ ਮੰਨੂ ਦੇ ਸਮੇਂ ਸਿਦਕੀ ਸਿੰਘਣੀਆਂ ਦੇ ਸਿਦਕ ਦੇ ਇਮਤਿਹਾਨ ਦੀ ਮਿਸਾਲ ਵੀ ਸ਼ਾਇਦ ਸਿੱਖ ਇਤਿਹਾਸ ਤੋਂ ਬਿਨਾ ਹੋਰ ਕਿਤੇ ਨਹੀਂ ਮਿਲ ਸਕਦੀ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਜਿਸ ਸਿੱਖੀ ਦੇ ਮਹਿਲ ਨੂੰ ਉਸਾਰਨ ਲਈ ਦਸ਼ਮੇਸ਼ ਪਿਤਾ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ- ਕੀ ਅਸੀਂ ਉਸ ਮਹਿਲ ਦੀ ਸਾਂਭ ਸੰਭਾਲ ਕਰ ਰਹੇ ਹਾਂ? ਕੀ ਖਾਲਸੇ ਦਾ ਨਿਆਰਾਪਨ ਕਿਤੇ ਗੁਆਚਦਾ ਤਾਂ ਨਹੀਂ ਜਾ ਰਿਹਾ? ਕਿਤੇ ਅਸੀਂ ‘ਬਿਪਰਨ ਕੀ ਰੀਤ’ ਵੱਲ ਤਾਂ ਨਹੀਂ ਤੁਰ ਪਏ? ਕਿਤੇ ਅਸੀਂ ਗੁਰੂੁ ਸਾਹਿਬ ਨਾਲ ਕੀਤੇ ‘ਬਜਰ ਕੁਰਹਿਤਾਂ’ ਦੇ ਪ੍ਰਣ ਤਾਂ ਨਹੀਂ ਭੁੱਲ ਗਏ? ਅੱਜ ਲੋੜ ਹੈ- ਆਪਣੇ ਅੰਦਰ ਝਾਤ ਮਾਰਨ ਦੀ। ਬੜਾ ਦੁੱਖ ਹੁੰਦਾ ਹੈ ਖਾਲਸਾ ਜੀ- ਜਦੋਂ ਅਸੀਂ ਬਾਣੇ ਪਹਿਨ ਕੇ, ਸਿੱਖੀ ਨੂੰ ਲਾਜ ਲਾਉਣ ਵਾਲੇ ਕੁਕਰਮ ਕਰ ਬੈਠਦੇ ਹਾਂ- ਤੇ ਦੂਜਿਆਂ ਲਈ ਮਜ਼ਾਕ ਦੇ ਪਾਤਰ ਬਣਦੇ ਹਾਂ।
ਅਜੇ ਵੀ ਵੇਲਾ ਹੈ ਸੰਭਲ ਜਾਈਏ। ‘ਖਾਲਸਾ ਸਾਜਨਾ ਦਿਵਸ’ ਤੇ ਕੇਵਲ ਸਟਾਲ ਲਾ ਕੇ, ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦਾ ਤੇ ਮੇਲੇ ਦਾ ਅਨੰਦ ਮਾਣ ਕੇ ਹੀ ਨਾ ਚਲੇ ਜਾਈਏ- ਦਸ਼ਮੇਸ਼ ਪਿਤਾ ਨਾਲ ਕੀਤੇ ਕੌਲ ਕਰਾਰ ਵੀ ਯਾਦ ਕਰੀਏ। ਆਪਣੀ ਕੌਮ ਦਾ ਨਿਆਰਾਪਨ ਬਰਕਰਾਰ ਰੱਖੀਏ। ਭਾਵੇਂ ਸਾਡੀ ਕੌਮ ਵਿੱਚ ਕਾਫੀ ਨਿਘਾਰ ਆ ਗਿਆ ਹੈ- ਪਰ ਅੱਜ ਵੀ ‘ਖਾਲਸਾ ਏਡ’ ਵਰਗੀਆਂ ਕੁੱਝ ਇੱਕ ਸੰਸਥਾਵਾਂ, ਸਿੱਖੀ ਪਰੰਪਰਾਵਾਂ ਤੇ ਪਹਿਰਾ ਦੇ ਰਹੀਆਂ ਹਨ। ਧੰਨ ਨੇ ਉਹ ਵੀਰ- ਜੋ ਵਰ੍ਹਦੀਆਂ ਗੋਲੀਆਂ ਵਿੱਚ ਜਾ ਕੇ ਭੁੱਖਿਆਂ ਨੂੰ ਖਾਣੇ ਦੇ ਨਾਲ ਨਾਲ ਲੋੜਵੰਦਾਂ ਨੂੰ ਦਵਾਈਆਂ, ਕੱਪੜੇ ਵੰਡ ਕੇ- ਸਿੱਖ ਕੌਮ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਕਰ ਰਹੇ ਹਨ। ਅਜੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ- ਜੋ ਆਪਣੇ ਉੱਚੇ ਸੁੱਚੇ ਕਿਰਦਾਰ, ਇਮਾਨਦਾਰੀ ਤੇ ਨਿਸ਼ਕਾਮ ਸੇਵਾ ਕਾਰਨ, ਦੇਸ਼-ਵਿਦੇਸ਼ ‘ਚ ਇੱਕ ਵੱਖਰੀ ਪਛਾਣ ਬਣਾਈ ਬੈਠੇ ਹਨ।

ਆਓ ਸਾਥੀਓ- ਅਜੇਹੇ ਲੋਕਾਂ ਨੂੰ ਆਪਣੇ ਰੋਲ-ਮਾਡਲ ਬਣਾਈਏ- ਤੇ ਮੁੜ ‘ਖਾਲਸ’ ਬਣ, ਦਸ਼ਮੇਸ਼ ਪਿਤਾ ਤੇ ਮਾਤਾ ਸਾਹਿਬ ਕੌਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>