ਪੱਥਰ ਹੋਣ ਦਾ ਸਫ਼ਰ

ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!

ਦਰਿਆ ਵਾਂਗ ਖ਼ਾਮੋਸ਼
ਸ਼ਾਂਤ ਜੇਹਾ ਵਹਿੰਦਾ ਹੈ,
ਜੀਹਦੀ ਬਲਦਾਂ ਨੂੰ
ਮਾਰੀ ਟੁਚਕਰ ਨਾਲ
ਬੱਦਲ਼ ਤੱਕ ਰੁਕ ਜਾਂਦੇ ਸੀ
ਪਰ ਹੁਣ; ਜਿੱਥੇ ਵੀ ਬਹਿੰਦਾ
ਗੁੰਮ-ਸੁੰਮ ਹੀ ਬਹਿੰਦਾ ਹੈ
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!

ਤਿੱਤਰਾਂ ਬਟੇਰਿਆਂ ਦੇ ਨਾਲ
ਬੜੀ ਹੀ ਗੂੜ੍ਹੀ ਸਾਂਝ ਸੀ
ਛੋਲੇ,ਮੱਕੀਆਂ,ਬਾਜਰੇ,
ਨਰਮੇ-ਕਪਾਹਾਂ ਲਈ
ਬੜੀ ਹੀ ਡਾਢੀ ਤਾਂਘ ਸੀ;
ਕਦੇ ਸੋਕਿਆਂ ਨੇ ਡੋਬਿਆ
ਕਦੇ ਪਾਣੀਆਂ ਨੇ ਸਾੜਿਆ
ਹੁਣ ਤਾਂ . . .
ਬੁਝਿਆ-ਬੁਝਿਆ ਹੀ ਰਹਿੰਦਾ ਹੈ
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!

ਸੋਚਦਾ ਹੈ…
ਪਤਾ ਨਹੀਂ ਕਮਾਦਾਂ ਵਿੱਚ
ਜ਼ਹਿਰਾਂ ਕਿੱਥੋਂ ਆ ਗਈਆਂ?
ਪੰਜ ਪਾਣੀਆਂ ਦੇ ਦੇਸ਼ ਦੀਆਂ
ਨਹਿਰਾਂ ਕੀਹਨੇ ਖਾ ਲਈਆਂ??
ਪਤਾ ਨਹੀਂ
ਹਵਾਵਾਂ ਵਿੱਚੋਂ
ਮਹਿਕਾਂ ਕਿੱਥੇ ਮੋਈਆਂ ਨੇ???
“ਅੰਨਦਾਤਾ ਭੁੱਖਾ ਸੌਦਾਂ”
ਅਣਹੋਣੀਆਂ ਕਿੱਦਾਂ ਹੋਈਆਂ ਨੇ????
ਬੱਸ; ਸੋਚਦਿਆ-ਸੋਚਦਿਆਂ
ਇੱਕ ਲੰਮਾ ਸਾਂਹ ਲੈਂਦਾ ਹੈ
ਪੱਥਰ ਜੇਹਾ ਬਣ ਬਹਿੰਦਾ ਹੈ!!
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!!

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>