ਮਾਵਾਂ ਦੀਆਂ ਲੈਣੀਆਂ ਦੁਆਵਾਂ ਅਸੀਂ ਭੁੱਲ ਗਏ..!

ਜਦੋਂ ਬੱਚਾ ਇਸ ਦੁਨੀਆਂ ਵਿੱਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ ਕਿਉਂ ਨਾ ਹੋਵੇ- ਪਰ ਜੇਕਰ ਮਾਂ ਉਸ ਨੂੰ ਮਮਤਾ ਨਾਲ ਘੁੱਟ ਕੇ ਹਿੱਕ ਨਾਲ ਲਾ ਲਵੇ ਤਾਂ ਝੱਟ ਚੁੱਪ ਕਰ ਜਾਂਦਾ ਹੈ। ਮਾਂ ਆਪਣੇ ਬੱਚੇ ਲਈ ਹਰ ਦੁੱਖ ਸੁੱਖ ਆਪਣੇ ਤਨ ਤੇ ਜਰਦੀ ਹੈ, ਪਰ ਆਪਣੇ ਬੱਚਿਆਂ ਨੂੰ ਤੱਤੀ ਵਾ ਨਹੀਂ ਲਗਣ ਦਿੰਦੀ। ਮਾਂ ਮਮਤਾ ਦੀ ਮੂਰਤ, ਪਿਆਰ ਦਾ ਸਾਗਰ, ਦਇਆ ਤੇ ਤਿਆਗ ਦੀ ਦੇਵੀ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਤਾਂ ‘ਮਾਂ’ ਨੂੰ ਸਵਰਗ ਤੋਂ ਵੀ ਉੱਚਾ ਦਰਜਾ ਦਿੰਦੇ ਹੋਏ ਕਿਹਾ ਹੈ-

ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ।
ਜਿਸ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ, ਜੜ੍ਹ ਸੁੱਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ।

ਮਾਂ ਦਾ ਪਿਆਰ ਸਾਨੂੰ, ਸਰਦੀ ‘ਚ ਨਿੱਘ, ਗਰਮੀ ‘ਚ ਠੰਢਕ ਤੇ ਦੁੱਖ ਮੁਸੀਬਤ ਵਿੱਚ ਧਰਵਾਸ ਦਿੰਦਾ ਹੈ। ਜਦੋਂ ਕਦੇ ਅਚਾਨਕ ਸਾਨੂੰ ਕੋਈ ਸੱਟ ਫੇਟ ਲੱਗ ਜਾਵੇ ਤਾਂ ਸਾਡੇ ਮੂੰਹੋਂ ਆਪ ਮੁਹਾਰੇ ਹੀ ‘ਹਾਏ ਮਾਂ’ ਨਿਕਲਦਾ ਹੈ। ਗੱਲ ਕੀ ਹਰ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ। ਮਾਂ ਸਾਰੇ ਦੁੱਖ ਆਪਣੇ ਸਿਰ ਲੈ ਕੇ, ਸਾਰੇ ਸੁੱਖ ਬੱਚਿਆਂ ਤੋਂ ਨਿਛਾਵਰ ਕਰ ਦਿੰਦੀ ਹੈ।ਮਾਂ ਦੇ ਪਿਆਰ ਦਾ ਬਦਲ ਵੀ ਇਸ ਦੁਨੀਆਂ ਵਿੱਚ ਕੋਈ ਨਹੀਂ। ਕਹਿੰਦੇ ਹਨ ਕਿ- ‘ਰੱਬ ਹਰ ਥਾਂ ਨਹੀਂ ਪਹੁੰਚ ਸਕਦਾ, ਇਸੇ ਲਈ ਉਸ ਨੇ ਮਾਂ ਦੀ ਸਿਰਜਣਾ ਕੀਤੀ’। ਮਾਂ ਦੇ ਪਿਆਰ ਨੂੰ ਸਮਾਂ ਤੇ ਦੂਰੀ ਘੱਟ ਨਹੀਂ ਕਰ ਸਕਦੇ ਅਤੇ ਨਾ ਹੀ ਅਯੋਗਤਾ ਜਾਂ ਨਾਸ਼ੁਕਰਾਪਨ ਕਮਜ਼ੋਰ ਕਰ ਸਕਦੇ ਹਨ। ਮਾਂ ਦੀ ਕੁਰਬਾਨੀ ਦਾ ਮੁੱਲ ਕਿਸੇ ਵੀ ਕੀਮਤ ਤੇ ਤਾਰਿਆ ਨਹੀਂ ਜਾ ਸਕਦਾ ਪਰ ਪਿਆਰ ਸਤਿਕਾਰ ਤਾਂ ਦਿੱਤਾ ਹੀ ਜਾ ਸਕਦਾ ਹੈ- ਪਰ ਦੁੱਖ ਦੀ ਗੱਲ ਇਹ ਹੈ ਕਿ ਅਜੋਕੇ ਯੁੱਗ ਵਿੱਚ ਬੱਚੇ ਇਸ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹਨ।

ਮਾਂ ਦਾ ਰੋਲ ਕੇਵਲ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦੇ ਕੇ ਹੀ ਖਤਮ ਨਹੀਂ ਹੋ ਜਾਂਦਾ, ਸਗੋਂ ਪਿਆਰ ਦੁਲਾਰ ਦੇ ਨਾਲ ਉਸ ਦਾ ਪਾਲਣ-ਪੋਸ਼ਣ ਕਰਨਾ ਤੇ ਜ਼ਿੰਦਗੀ ਵਿੱਚ ਸਹੀ ਰਾਹ ਦਿਖਾਉਣਾ ਵੀ ਉਸ ਦਾ ਫਰਜ਼ ਹੁੰਦਾ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਕਈ ਪਰਿਵਾਰਾਂ ਵਿੱਚ ਇਹ ਰੋਲ ਦਾਦੀਆਂ ਨਾਨੀਆਂ ਵੀ ਨਿਭਾਅ ਰਹੀਆਂ ਹਨ। ਮਾਂ ਇੱਕ ਕਲਾਕਾਰ ਹੁੰਦੀ ਹੈ ਜੋ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਘੜਨ ਲਈ ਆਪਣੀ ਪੂਰੀ ਵਾਹ ਲਾਉਂਦੀ ਹੈ। ਭਗਤ ਪੂਰਨ ਸਿੰਘ ਦੀ ਮਾਂ ਮਹਿਤਾਬ ਕੌਰ ਨੇ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਏਨਾ ਸੁਹਣਾ ਘੜਿਆ ਕਿ- ਉਹ ਹਜ਼ਾਰਾਂ ਲੂਲੇ, ਲੰਗੜੇ, ਪਿੰਗਲਿਆਂ ਦੀ ਮਾਂ ਬਣ ਗਿਆ- ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਨੈਪੋਲੀਅਨ ਨੇ ਵੀ ਕਿਹਾ ਸੀ ਕਿ- ‘ਤੁਸੀਂ ਮੈਂਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ’। ਮਾਂ ਤੋਂ ਬਿਨਾਂ ਇਸ ਸ੍ਰਿਸ਼ਟੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਵੀ ਇਸ ਜਗਤ- ਜਨਣੀ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਕਿਹਾ ਸੀ- ‘ਸੋ ਕਿਉ ਮੰਦਾ ਆਖੀਅਹਿ ਜਿਤ ਜੰਮਹਿ ਰਾਜਾਨ॥

ਦੁੱਖ ਇਸ ਗੱਲ ਦਾ ਹੈ ਕਿ ਅੱਜ ਸਾਡੀਆਂ ਮਾਵਾਂ ਅੱਜ ਬ੍ਰਿਧ ਆਸ਼ਰਮਾਂ ਵਿੱਚ ਰੁਲ਼ ਰਹੀਆਂ ਹਨ। ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਕੋਈ ਕਰਮਾਂ ਵਾਲਾ ਪਰਿਵਾਰ ਹੋਏਗਾ, ਜਿੱਥੇ ਮਾਂ ਜਾਂ ਬਾਪ ਬੱਚਿਆਂ ਦੇ ਨਾਲ ਰਹਿੰਦੇ ਹਨ। ਹਾਂ- ਬਹੁਤੇ ਪਰਿਵਾਰਾਂ ਵਿੱਚ ਲੜਕੀਆਂ ਨੇ ਹੀ ਮਾਂ- ਬਾਪ ਮੰਗਵਾਏ ਹਨ ਤੇ ਉਹਨਾਂ ਕੋਲ ਹੀ ਰਹਿੰਦੇ ਹਨ ਭਾਵੇਂ ਉਸੇ ਸ਼ਹਿਰ ਵਿੱਚ ਲੜਕੇ ਦਾ ਪਰਿਵਾਰ ਵੀ ਰਹਿੰਦਾ ਹੋਵੇ। ਜਿੰਨਾ ਚਿਰ ਛੋਟੇ ਬੱਚਿਆਂ ਨੂੰ ਸੰਭਾਲਣਾ ਹੁੰਦਾ ਹੈ, ਉੰਨਾ ਚਿਰ ਦਾਦੀ- ਦਾਦੇ ਦੀ ਕਦਰ ਹੁੰਦੀ ਹੈ- ਪਰ ਜਿਉਂ ਹੀ ਬੱਚੇ ਟੀਨ-ਏਜਰ ਹੁੰਦੇ ਹਨ ਤਾਂ ਉਹ ਬਜ਼ੁਰਗ ਵਾਧੂ ਲੱਗਣ ਲੱਗ ਜਾਂਦੇ ਹਨ। ਫਿਰ ਉਹਨਾਂ ਨੂੰ ਕਿਸੇ ਬੇਸਮੈਂਟ ਜਾਂ ਓਲਡ-ਏਜ ਹੋਮ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ- ਜਿੱਥੇ ਕਦੇ ਕਦਾਈਂ ਮਾਂ-ਦਿਵਸ ਤੇ ਗੁਲਦਸਤਾ ਦੇ ਕੇ ਵਰਾਇਆ ਜਾਂਦਾ ਹੈ। ਜ਼ਰਾ ਸੋਚੋ ਭਾਈ- ਕੀ ਮਾਵਾਂ ਦੀ ਕੁਰਬਾਨੀ ਦਾ ਇਹੀ ਮੁੱਲ ਰਹਿ ਗਿਆ? ਮੇਰੇ ਇੱਕ ਬਜ਼ੁਰਗ ਪਾਠਕ ਮੈਂਨੂੰ ਆਪਣੀ ਇਸ ਤਰ੍ਹਾਂ ਦੀ ਕਹਾਣੀ ਦੱਸ ਕੇ ਰੋ ਪਏ। ਅਜੇਹੇ ਹਾਲਾਤ ਨੂੰ ਦੇਖਦਿਆਂ ਹੀ ਮੈਂ ਇੱਕ ਸ਼ੇਅਰ ਲਿਖਿਆ ਸੀ-

ਉਹ ਝਾਕੇ ਗੇਟ ਦੇ ਵੱਲੇ, ਹਮੇਸ਼ਾ ਮਾਂ-ਦਿਵਸ ਉੱਤੇ,
ਜੋ ਬੈਠੀ ਹੈ ਉਡੀਕਾਂ ਲਾ ਪਤਾ ਨ੍ਹੀ ਕਿਸ ਦੀ ਮਾਈ ਹੈ?

ਮਾਂ ਦੇ ਪਿਆਰ ਦੀ ਅਸਲ ਕੀਮਤ ਕਿਸੇ ਯਤੀਮ ਬੱਚੇ ਨੂੰ ਪੁੱਛ ਕੇ ਦੇਖੋ- ਜਿਹੜਾ ਵਿਚਾਰਾ  ‘ਮਾਂ’ ਲਫ਼ਜ਼ ਕਹਿਣ ਲਈ ਤਰਸਿਆ ਹੁੰਦਾ ਹੈ। ਉਹ ਲੋਕ ਨਸੀਬਾਂ ਵਾਲੇ ਹਨ ਜੋ ਅਜੇ ਤੱਕ ਮਾਂ ਦੇ ਪਿਆਰ ਦਾ ਨਿੱਘ ਮਾਣ ਰਹੇ ਹਨ। ‘ਮਾਂ ਦਾ ਦਿੱਲ’ ਕਵਿਤਾ ਸ਼ਾਇਦ ਤੁਸੀਂ ਵੀ ਪੜ੍ਹੀ ਹੋਏਗੀ- ਜਿਸ ਵਿੱਚ ਇੱਕ ਕਲਯੁਗੀ ਪੁਤਰ, ਆਪਣੀ ਮਹਿਬੂਬਾ ਦੇ ਕਹਿਣ ਤੇ ਮਾਂ ਦਾ ਕਲੇਜਾ ਕੱਢ ਕੇ ਲਿਜਾ ਰਿਹਾ ਹੁੰਦਾ ਹੈ ਕਿ ਰਸਤੇ ਵਿੱਚ ਠੇਡਾ ਖਾ ਕੇ ਡਿਗ ਪੈਂਦਾ ਹੈ- ਉਸ ਵੇਲੇ ਮਾਂ ਦੇ ਦਿੱਲ ਵਿਚੋਂ ਆਵਾਜ਼ ਨਿਕਲਦੀ ਹੈ-‘ਪੁੱਤਰਾ ਕਿਧਰੇ ਸੱਟ ਤਾਂ ਨਹੀਂ ਲੱਗੀ?’ ਪੁੱਤਰ ਕਿੰਨਾ ਵੀ ਨਿਕੰਮਾ ਨਿਕਲੇ ਲੇਕਿਨ ਮਾਂ ਦੇ ਮੂੰਹੋਂ ਕਦੇ ਉਸ ਲਈ ਕੋਈ ਬਦਅਸੀਸ ਨਹੀਂ ਨਿਕਲਦੀ। ਸਾਥੀਓ- ਦੁਨੀਆਂ ਦੀ ਹਰ ਸ਼ੈਅ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਲੇਕਿਨ ‘ਮਾਂ ਦੀਆਂ ਅਸੀਸਾਂ’ ਕਿਧਰੇ ਮੁੱਲ ਨਹੀਂ ਮਿਲਦੀਆਂ। ਇਹਨਾਂ ਅਸੀਸਾਂ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ- ‘ਲੈ ਅਸੀਸਾਂ ਮਾਂ ਦੇ ਪਾਸੋਂ, ਭਰ ਲੈ ਆਪਣੀ ਸੱਖਣੀ ਝੋਲ’।

ਕੋਈ ਸਮਾਂ ਸੀ, ਪਰਿਵਾਰ ਦਾ ਕੋਈ ਵੀ ਜੀਅ ਕਿਸੇ ਕੰਮ ਲਈ ਘਰੋਂ ਬਾਹਰ ਜਾਂਦਾ ਤਾਂ  ਬਜ਼ੁਰਗ ਮਾਂ ਜਾਂ ਬਾਪ ਦੇ ਚਰਨ ਛੂਹ ਕੇ, ਆਸ਼ੀਰਵਾਦ ਲੈ ਕੇ ਜਾਂਦਾ। ਉਸ ਨੂੰ ਤਸੱਲੀ ਹੁੰਦੀ ਤੇ ਸ਼ਾਇਦ ਮਾਪਿਆਂ ਦੀਆਂ ਅਸੀਸਾਂ ਕਾਰਨ, ਉਸ ਦਾ ਕਾਰਜ ਵੀ ਸਹਿਜੇ ਹੀ ਨੇਪਰੇ ਚੜ੍ਹ ਜਾਂਦਾ। ਅਸੀਂ ਵੀ ਜਦ ਛੋਟੇ ਹੁੰਦੇ ਪੇਪਰ ਦੇਣ ਜਾਂਦੇ ਤਾਂ ਸਾਡੇ ਬੀਜ਼ੀ ਸਾਡੇ ਮੂੰਹ ਵਿੱਚ ਦੋ ਚਮਚੇ ਦਹੀਂ ਦੇ ਜਰੂਰ ਪਾਉਂਦੇ ਤੇ ਨਾਲ ਹੀ ਅਸੀਸਾਂ ਦੇਈ ਜਾਂਦੇ। ਕੁੱਝ ਵੱਡੇ ਹੋਏ ਤਾਂ ਮੇਰੇ ਭਰਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ- ‘ਪੇਪਰ ਦਹੀਂ ਨੇ ਥੋੜ੍ਹਾ ਕਰਨਾ, ਜੇ ਪੜ੍ਹਿਆ ਹੋਊ ਤਾਂ ਹੀ ਕਰਾਂਗੇ’। ਮੈਂਨੂੰ ਕੁੱਝ ਸਿਆਣੀ ਹੋ ਕੇ ਇਹ ਸਮਝ ਆਈ ਕਿ ਦਹੀਂ ਖਿਲਾਉਣਾ ਤਾਂ ਇੱਕ ਬਹਾਨਾ ਸੀ ਉਹਨਾਂ ਦਾ- ਸਾਨੂੰ ਜਾਣ ਤੋਂ ਪਹਿਲਾਂ ਅਸ਼ੀਰਵਾਦ ਦੇਣ ਦਾ। ਸੱਚ ਜਾਣਿਓਂ- ਬਜ਼ੁਰਗਾਂ ਦੀਆਂ ਇਹਨਾਂ ਅਸੀਸਾਂ ਵਿੱਚ ਕਰਾਮਾਤੀ ਸ਼ਕਤੀ ਸੀ ਤੇ ਸਾਡੇ ਕੰਮਾਂ ਸੁਤੇ ਸਿੱਧ ਹੀ ਹੋ ਜਾਇਆ ਕਰਦੇ ਸਨ- ਕੋਈ ਅੜਚਣ ਨਹੀਂ ਸੀ ਪੈਂਦੀ।

ਅਜੋਕੇ ਯੁੱਗ ਦੀ ਤੇਜ-ਰਫਤਾਰ ਜ਼ਿੰਦਗੀ ਵਿੱਚ, ਅਸੀਂ ਮਾਵਾਂ ਦੀਆਂ ਅਸੀਸਾਂ ਤੋਂ ਵਾਂਝੇ ਹੋ ਗਏ ਹਾਂ। ਬਹੁਤੇ ਪਰਿਵਾਰਾਂ ਵਿੱਚ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀਂ ਰੱਖਿਆ ਜਾਂਦਾ। ਤੇ ਜਿੱਥੇ ਬਜ਼ੁਰਗ ਰਹਿੰਦੇ ਵੀ ਪਰਿਵਾਰ ਨਾਲ ਹਨ, ਉੱਥੇ ਵੀ ਕੰਮਾਂ ਤੇ ਜਾਣ ਦੀ ਕਾਹਲ ਵਿੱਚ ਬਜ਼ੁਰਗਾਂ ਨੂੰ ਮਿਲ ਕੇ ਜਾਣ ਦੀ ਲੋੜ ਹੀ ਨਹੀ ਸਮਝੀ ਜਾਂਦੀ। ਵੈਸੇ ਜੇ ਦੇਖਿਆ ਜਾਵੇ ਤਾਂ-‘ਅੱਛਾ ਮਾਤਾ ਜੀ, ਮੈਂ ਚਲਦਾਂ..ਸ਼ਾਮ ਨੂੰ ਇੰਨੇ ਵਜੇ ਆਵਾਂਗਾ’ ਕਹਿਣ ਲਈ ਸ਼ਾਇਦ ਦੋ ਸੈਕੰਡ ਦਾ ਸਮਾਂ ਮਸੀਂ ਲਗਦਾ ਹੋਣਾ- ਪਰ ਅਫਸੋਸ! ਕਿ ਅਸੀਂ ਇੰਨਾ ਸਮਾਂ ਵੀ ਬਜ਼ੁਰਗਾਂ ਦੀ ਖੁਸ਼ੀ ਲਈ ਨਹੀਂ ਕੱਢ ਸਕਦੇ। ਹੈਰਾਨੀ ਦੀ ਗੱਲ ਹੈ ਕਿ- ਜਿਹਨਾਂ ਮਾਪਿਆਂ ਨੇ ਸਾਨੂੰ ਚਾਰ- ਪੰਜ ਬੱਚਿਆਂ ਨੂੰ ਲੋੜਾਂ-ਥੁੜ੍ਹਾਂ ਦੇ ਹੁੰਦਿਆਂ ਵੀ, ਵਧੀਆ ਪਰਵਰਿਸ਼ ਦੇ ਕੇ ਪਾਲ਼ਿਆ ਹੁੰਦਾ ਹੈ- ਉਹ ਸਾਰੇ ਬੱਚੇ ਰਲ਼ ਕੇ ਵੀ ਆਪਣੇ ਬਜ਼ੁਰਗ ਮਾਂ ਜਾਂ ਬਾਪ ਨੂੰ ਨਹੀਂ ਰੱਖ ਸਕਦੇ!

ਸਾਥੀਓ- ਮਾਂ ਦੇ ਪਿਆਰ ਦਾ ਕਰਜ਼ ਤਾਂ ਕਿਸੇ ਵੀ ਕੀਮਤ ਤੇ ਨਹੀਂ ਚੁਕਾਇਆ ਜਾ ਸਕਦਾ ਪਰ ਜਿੰਨਾ ਚਿਰ ਮਾਂ ਦਾ ਸਾਇਆ ਸਿਰ ਤੇ ਮੌਜੂਦ ਹੈ- ਮਾਵਾਂ ਨੂੰ ਪਿਆਰ ਸਤਿਕਾਰ ਦੇ ਕੇ, ਅਸੀਂ ਉਸ ਬੇਸ਼ਕੀਮਤੀ ਦੌਲਤ ਨਾਲ ਮਾਲਾ ਮਾਲ ਹੋ ਸਕਦੇ ਹਾਂ- ਜੋ ਸਾਨੂੰ ਅਸੀਸਾਂ ਦੇ ਰੂਪ ਵਿੱਚ ਮੁਫ਼ਤ ‘ਚ ਹੀ ਮਿਲ ਜਾਣੀ ਹੈ। ਮਾਪਿਆਂ ਦੇ ਬੋਲਾਂ ਵਿੱਚ ਵੀ ਕਿਸੇ ਮਹਾਂ-ਪੁਰਸ਼ ਜਾਂ ਪੂਰਨ ਸੰਤ-ਮਹਾਤਮਾ ਦੇ ਬੋਲਾਂ ਤੋਂ ਘੱਟ ਤਾਕਤ ਨਹੀਂ ਹੁੰਦੀ। ਜਿਸ ਨੇ ਮਾਪਿਆਂ ਦੀ ਸੇਵਾ ਕਰ ਲਈ, ਉਸ ਨੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਜਰੂਰਤ ਨਹੀਂ। ਕਈ ਐਸੇ ਲੋਕ ਵੀ ਹਨ ਜਿਹਨਾਂ ਦੇ ਮਾਪੇ ਤਾਂ ਬ੍ਰਿਧ ਆਸ਼ਰਮਾਂ ਵਿੱਚ ਰੁਲ਼ਦੇ ਹਨ ਪਰ ਉਹ ਧਰਮ- ਅਸਥਾਨਾਂ ਤੇ ਜਾ ਕੇ ਆਪਣੀ ਤੇ ਆਪਣੇ ਬੱਚਿਆਂ ਦੇ ਸੁੱਖ ਦੀ ਅਰਦਾਸ ਕਰਦੇ ਹਨ। ਭਾਈ- ਜੋ ਬੀਜਾਂਗੇ, ਉਹੀ ਵੱਢਾਂਗੇ। ਸਾਡਾ ਵੀ ਉਹੀ ਹਾਲ ਹੋਏਗਾ- ਜੋ ਅਸੀਂ ਮਾਪਿਆਂ ਦਾ ਕੀਤਾ ਹੈ। ਇੰਦਰਜੀਤ ਹਸਨਪੁਰੀ ਦਾ ਸ਼ੇਅਰ ਯਾਦ ਆ ਗਿਆ-

ਮਰਨ ਤੋਂ ਪਿੱਛੋਂ ਯਾਦ ਕਰੋਗੇ- ਮੈਂਨੂੰ ਕੀ?
ਮੂਰਤ ਅੱਗੇ ਫੁੱਲ ਧਰੋਗੇ- ਮੈਂਨੂੰ ਕੀ?
ਸਾਰੀ ਉਮਰੇ ਸੁੱਕੇ ਟੁੱਕਰ ਖਾਧੇ ਮੈਂ,
ਲਾਸ਼ ਦੇ ਮੂੰਹ ਵਿੱਚ ਘਿਓ ਧਰੋਗੇ- ਮੈਂਨੂੰ ਕੀ?
ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਗੇ,
ਓਸੇ ਮੌਤੇ ਆਪ ਮਰੋਗੇ- ਮੈਂਨੂੰ ਕੀ?

ਮੁੱਕਦੀ ਗੱਲ ਤਾ ਇਹ ਹੈ ਕਿ- ਚੌਵੀ ਘੰਟੇ ਵਿਚੋਂ ਜੇ ਪੰਦਰਾਂ- ਵੀਹ ਮਿੰਟ ਜਾਂ ਅੱਧਾ ਘੰਟਾ, ਮਾਵਾਂ ਦੇ ਨਾਮ ਕਰਕੇ, ਢੇਰ ਸਾਰੀਆਂ ਅਸੀਸਾਂ ਪ੍ਰਾਪਤ ਹੋ ਜਾਣ- ਜੋ ਜੀਵਨ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਤਾਕਤ ਬਣ ਜਾਣ ਤਾਂ ਸੌਦਾ ਮਹਿੰਗਾ ਨਹੀਂ- ਸੋਚ ਲੈਣਾ ਜੇ ਫੁਰਸਤ ਮਿਲੇ ਤਾਂ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>