ਅੱਜ ਦੀਪੀ ਜਦੋਂ ਕਾਲਜ ਤੋਂ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਦਾਦੀ ਪੀੜੀ ਤੇ ਬੈਠੀ ਦਾਲ ਚੁੱਗ ਰਹੀ ਸੀ। ਕੋਲ ਹੀ ਝਿਊਰਾਂ ਦੀ ਨਾਮੋ ਅਤੇ ਆਦਿਧਰਮੀਆਂ ਦੀ ਭਾਗੋ ਛੱਲੀਆਂ ਵਿਚੋ ਤੁੱਕੇ ਕੱਢ ਰਹੀਆਂ ਸਨ ਤੇ ਲਾਗੇ ਹੀ ਚਾਹ ਦੀ ਗੜਵੀ ਪਈ ਸੀ। ਨਾਮੋ ਚਾਹ ਪੀਂਦੀ ਕਹਿ ਰਹੀ ਸੀ,
“ਲਹੌਰੀਆ ਮੈਹਿੰਗਾ ਭਈਆਣੀ ਲੈ ਆਇਆ।”
“ਸੁਣਿਆ ਤਾਂ ਮੈਂ ਵੀ ਇਦਾਂ ਈ ਆ” ਭਾਗੋ ਸਟੀਲ ਦਾ ਚਾਹ ਵਾਲਾ ਗਿਲਾਸ ਮੂੰਹ ਨੁੰ ਲਾਉਂਦੀ ਬੋਲੀ, “ਮਹਿੰਗੇ ਦੀ ਘਰਵਾਲੀ ਠੀਕ ਵੀ ਤਾਂ ਨਹੀ ਰਹਿੰਦੀ।”
“ਕਿੰਨੀ ਨੇਕ ਜ਼ਨਾਨੀ ਹੈ।” ਹਰਨਾਮ ਕੌਰ ਨੇ ਕਿਹਾ, “ਪਰ ਰੱਬ ਨੇ ਉਹਦੀ ਕੁੱਖ ਨੂੰ ਭਾਗ ਨਾ ਲਾਏ।”
ਪਰ ਆਹ ਜੀਉਂਦੇ ਜੀ ਸਾਹਮਣੇ ਸੌਕਣ ਨੂੰ ਦੇਖਣਾ ਕਿੰਨਾ ਔਖਾ ਆ।” ਭੜੋਲੀ ਵਿਚੋਂ ਦਾਲ ਦੀ ਤੌੜੀ ਕੱਢਦੀ ਸੁਰਜੀਤ ਬੋਲੀ,
“ਦੇਖਿਉ, ਵਿਚਾਰੀ ਨੇ ਜਿਹੜੇ ਚਾਰ ਦਿਨ ਜਿਊਣੇ ਸੀ ਹੁਣ ਉਹ ਵੀ ਨਹੀ ਜਿਊਣੇ।”
“ਕਹਿੰਦੇ ਉਦਾਂ ਮੈਹਿੰਗਾ ਤਾਂ ਨਹੀਂ ਸੀ ਮੰਂਨਦਾ।” ਨਾਮੋ ਨੇ ਦੱਸਿਆ, “ਸੈਣੀਆ ਦੇ ਤਾਰੇ ਨੇ ਵਿਚ ਪੈ ਕੇ ਇਹ ਸਾਰਾ ਕੁਝ ਕੀਤਾ।”
“ਆਹੋ, ਘੁੱਗੀ ਯਾਰਨੀ ਤੇ ਕਾਂ ਬਦਨਾਮ।” ਭਾਗੋ ਨੇ ਕਿਹਾ, “ਤਾਰਾ ਆਪ ਤਾਂ ਰੰਨਾ ਦਾ ਸ਼ੌਕੀ ਆ, ਹੁਣ ਓਦਣ ਦਾ ਮੈਹਿੰਗੇ ਦੇ ਘਰ ਹੀ ਵੜਿਆ ਰਹਿੰਦਾ ਆ।”
“ਚਲੋ ਖੌਰੇ, ਭਈਆਣੀ ਦੇ ਕੋਈ ਨਿੱਕਾ ਨਿਆਣਾ ਹੋ ਹੀ ਜਾਵੇ ਤਾਂ ਮਹਿੰਗੇ ਦੀ ਲੀਹ ਵੀ ਅਗਾਂਹ ਤੁਰ ਪਏ।”
“ਜ਼ਮੀਨ ਤਾਂ ਬਥੇਰੀ ਆ ਮੈਹਿੰਗੇ ਦੇ ਕੋਲ, ਸ਼ਰੀਕਾਂ ਦੀ ਅੱਖ ਤੋਂ ਤਾਂ ਬਚੂਗਾ।”
“ਮੈਹਿੰਗਾ ਪੰਜਾਹਾਂ ਨੂੰ ਤਾਂ ਢੁੱਕਣ ਲੱਗਿਆ ਆ।”
“ਪੰਜਾਹਾਂ ਦੇ ਨੂੰ ਕਿਤੇ ਨਿਆਣੇ ਨਹੀਂ ਹੁੰਦੇ।”
ਦੀਪੀ ਨੂੰ ਇਹ ਸਾਰੀਆਂ ਗੱਲਾਂ ਬੇਮਤਲਵ ਜਿਹੀਆਂ ਲੱਗੀਆਂ ਤੇ ਉਹ ਚਾਹ ਦਾ ਕੱਪ ਲੈ ਕੇ ਬਾਹਰਲੀ ਬੈਠਕ ਵੱਲ ਨੂੰ ਚੱਲ ਪਈ। ਉਸ ਨੇ ਮਿੰਦੀ ਭੂਆ ਦਾ ਜ਼ਨਾਨੀ ਨੂੰ ਨਾਲ ਲੈ ਕੇ ਕਾਲਜ ਆਉਣ ਬਾਰੇ ਕੋਈ ਵੀ ਗੱਲ ਕਰਨ ਨੂੰ ਦਿਲ ਨਾ ਕੀਤਾ।
ਰਾਤ ਦੀ ਰੋਟੀ ਖਾਣ ਲੱਗਿਆਂ ਸੁਰਜੀਤ ਨੇ ਮੁਖਤਿਆਰ ਨੂੰ ਸਲਾਹ ਦਿੱਤੀ, “ਮੈ ਤਾਂ ਜੀ ਕਹਿੰਦੀ ਆਂ ਕਿ ਪਹਿਲਾਂ ਤੁਸੀ ਮੁੰਡੇ ਨੂੰ ਦੇਖ ਕੇ ਆਉਂਗੇ, ਤਾਂ ਫਿਰ ਹੀ ਅੱਗਲੇ ਕੁੜੀ ਨੂੰ ਦੇਖਣ ਆਉਣਗੇ।”
“ਆਹੋ, ਇਦਾਂ ਹੀ ਹੋਊਗਾ।”
“ਇਕ ਹੋਰ ਸਲਾਹ ਦੇਂਦੀ ਹਾਂ।” ਸੁਰਜੀਤ ਨੇ ਕੰਗਣੀ ਵਾਲੇ ਗਿਲਾਸ ਵਿਚ ਪਾਣੀ ਪਾਉਂਦੇ ਕਿਹਾ, “ਤੁਸੀ ਇਸ ਤਰ੍ਹਾਂ ਕਰੋ ਕਿ ਮਿੰਦੀ ਨੂੰ ਸੁਨੇਹਾ ਭੇਜ ਦਿਉ ਕਿ ਮੁੰਡੇ ਨੂੰ ਅਤੇ ਆਪਣੇ ਜੇਠ ਜੇਠਾਣੀ ਨੂੰ ਲੈ ਕੇ ਬਾਬੇ ਦੀ ਖੂਹੀ ਤੇ ਆ ਜਾਣ ਉਧਰੋਂ ਆਪਾ ਦੀਪੀ ਨੂੰ ਲੈ ਜਾਈਏ ਨਾਲੇ ਕੁੜੀ ਮੁੰਡਾ ਵੀ ਇਕ ਦੂਜੇ ਨੂੰ ਦੇਖ ਲੈਣਗੇ।”
(ਪਿੰਡ ਦੇ ਲਾਗੇ ਇਕ ਗੁਰੂਦੁਆਰਾ ਹੈ ਜਿਸ ਨੂੰ ਆਸੇ-ਪਾਸੇ ਦੇ ਲੋਕ ਬਾਬੇ ਦੀ ਖੂਹੀ ਕਰਕੇ ਜਾਣਦੇ ਨੇ)
“ਸਲਾਹ ਤੇਰੀ ਤਾਂ ਚੰਗੀ ਆਂ, ਕਿਉਂ ਬੀਬੀ, ਇਦਾਂ ਹੀ ਕਰੀਏ।” ਮੁਖਤਿਆਰ ਨੇ ਕੋਲ ਬੈਠੀ ਹਰਨਾਮ ਕੌਰ ਨੂੰ ਪੁੱਛਿਆ, “ਘੜੀ ਘੜੀ ਨਾਲੋਂ ਇਕੋ ਵਾਰੀ ਗੱਲ ਨਿਬੜ ਜਾਊ।”
“ਆਪਣੇ ਭਾਪੇ ਨੂੰ ਵੀ ਪੁੱਛ ਲਉ।” ਹਰਨਾਮ ਕੌਰ ਨੇ ਇੰਦਰ ਸਿੰਘ ਦਾ ਆਦਰ ਬਣਾਉਂਦਿਆ ਆਖਿਆ, “ਸਾਰੇ ਸਲਾਹ ਕਰ ਲਉ।”
ਇਹ ਸਾਰੀਆਂ ਗੱਲਾਂ ਚੁੱਪਚਾਪ ਸੁਣ ਰਹੀ ਸੀ। ਭਾਵੇਂ ਉਸ ਦੀਆਂ ਅੱਖਾਂ ਅੱਗੇ ਖੁੱਲ੍ਹੀ ਪਈ ਕਿਤਾਬ ਤੇ ਟਿਕੀਆਂ ਹੋਈਆਂ ਸਨ, ਪਰ ਉਹ ਉਸ ਦਾ ਦਿਲ ਤੇ ਦਿਮਾਗ ਕਿਤੇ ਹੋਰ ਘੁੰਮ ਰਿਹਾ ਸੀ। ਬੇਸ਼ੱਕ ਉਹ ਦਿਲਪ੍ਰੀਤ ਦੀ ਬਣਾਈ ਸਕੀਮ ਨਾਲ ਸਹਿਮਤ ਸੀ, ਪਰ ਫਿਰ ਵੀ ਕਿਸੇ ਡੂੰਘੇ ਫਿਕਰ ਨਾਲ ਉਸ ਦਾ ਮਨ ਧੜਕ ਰਿਹਾ ਸੀ। ੳਦੋਂ ਹੀ ਪਿੰਡ ਦੇ ਗੁਰਦੁਆਰੇ ਤੋਂ ਭਾਈ ਜੀ ਅਨਾਊਂਸਮਿੰਟ ਕਰਨ ਲੱਗੇ,
“ਵਾਹਿਗੁਰੂ ਜੀ ਕਾ ਖਾਲਸਾ। ਤੇ ਵਾਹਿਗੁਰੂ ਜੀ ਕੀ ਫਤਿਹ।। ਅਸੀਂ ਦੁਆਰਾ ਫਿਰ ਬੇਨਤੀ ਕਰ ਰਹੇ ਹਾਂ ਕਿ ਧਰਮ ਪ੍ਰਚਾਰ ਕਮੇਟੀ ਦੇ ਕੁਝ ਸਜੱਣ ਸਾਡੇ ਪਾਸ ਅਮਿ੍ੰਤਸਰ ਸਾਹਿਬ ਤੋਂ ਪਹੁੰਚੇ ਆ, ਤੁਸੀਂ ਕ੍ਰਿਪਾ ਕਰਕੇ ਆਪਣੇ ਬੱਚੇ ਛੇਤੀ ਤੋਂ ਛੇਤੀ ਗੁਰੂ ਘਰ ਲੈ ਕੇ ਆਉ ਤਾਂ ਜੋ ਉਹ ਆਪਣੇ ਸਿੱਖ ਧਰਮ ਦੀਆਂ ਬਰੀਕੀਆਂ ਨੂੰ ਸਮਝ ਸਕਣ। ਅਸੀਂ ਪਹਿਲਾਂ ਵੀ ਬੇਨਤੀਆਂ ਕਰ
ਚੁੱਕੇ ਹਾਂ, ਪਰ ਅਜੇ ਤੱਕ ਸਿਰਫ ਚਾਰ ਬੱਚੇ ਹੀ ਪਹੁੰਚੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।”
“ਮੈ ਕਹਿੰਦਾ ਸਾਂ, ਪਈ ਤੁਸੀ ਵੀ ਵਿਕਰਮ ਹੁਣਾ ਨੂੰ ਗੁਰਦੁਆਰੇ ਭੇਜੋ।” ਇੰਦਰ ਸਿੰਘ ਨੇ ਬਾਹਰਲੀ ਬੈਠਕ ਵਿਚੋਂ ਅਵਾਜ਼ ਲਗਾਈ, “ਮੁਖਤਿਆਰ ਤੂੰ ਹੀ ਲੈ ਜਾ ਨਿਆਣਿਆ ਨੂੰ।”
“ਵਿਕਰਮ ਨੇ ਕਿਤੇ ਮੰਨਣਾ ਆ ਜਾਣ ਨੂੰ।” ਸੁਰਜੀਤ ਨੇ ਹੌਲੀ ਜਿਹੀ ਕਿਹਾ, “ਭਾਪਾ ਜੀ ਉੱਥੇ ਬੈਠੇ ਰੌਲਾ ਪਾਈ ਜਾਂਦੇ ਆ।”
ੳੁਦੋਂ ਹੀ ਗਿਆਨ ਕੌਰ ਨੇ ਵੀ ਕੰਧ ਉੱਪਰ ਦੀ ਅਵਾਜ਼ ਲਗਾਈ, “ਦੇਖ ਲੈ ਇੰਦਰ ਸਿੰਹਾਂ, ਜਦੋਂ ਪਿੱਛੇ ਜਿਹੇ ਰਾਧਾ ਸੁਆਮੀਆਂ ਨੇ ਸੱਤਸੰਗ-ਘਰ ਪਿੰਡ ਵਿਚ ਬਣਾਇਆ ਤਾਂ ਲੋਕੀ ਕਹਿੰਦੇ ਸੀ ਕਿ ਪਿੰਡਾਂ ਵਿਚ ਕੋਈ ਸਿੱਖ ਧਰਮ ਦਾ ਪ੍ਰਚਾਰ ਤਾਂ ਹੁੰਦਾ ਨਹੀ, ਲੋਕਾਂ ਨੇ ਰਾਧਾ ਸੁਆਮੀ ਹੀ ਬਣਨਾ।”
“ਆਹੋ, ਆਹੋ।” ਇੰਦਰ ਸਿੰਘ ਨੇ ਵੀ ਉਨੀ ਹੀ ਉੱਚੀ ਅਵਾਜ਼ ਵਿਚ ਕਿਹਾ, “ਤੇ ਹੁਣ ਪ੍ਰਚਾਰ ਕਰਨ ਵਾਲੇ ਤਾਂ ਕੋਈ ਗੁਰੂ ਘਰ ਜਾਂਦਾ ਹੀ ਨਹੀ।”
“ਤਾਈ ਜੀ, ਤੁਸੀ ਇਧਰ ਹੀ ਆ ਕੇ ਭਾਪੇ ਹੋਰਾਂ ਨਾਲ ਗੱਲ ਕਰ ਲਉ।” ਮੁਖਤਿਆਰ ਨੇ ਗਿਆਨ ਕੌਰ ਨੂੰ ਅਵਾਜ਼ ਦਿੱਤੀ, “ਮੈ ਵੀ ਤੁਹਾਡੇ ਨਾਲ ਕੋਈ ਗੱਲ ਕਰਨੀ ਆ।”
ਗਿਆਨ ਕੌਰ ਦੇ ਆਉਣ ਤੇ ਸਾਰਿਆਂ ਨੇ ਇਹੀ ਸਲਾਹ ਕੀਤੀ ਕਿ ਮੁਖਤਿਆਰ ਸਿੰਘ ਤੇ ਇੰਦਰ ਸਿੰਘ ਮੁੰਡਾ ਦੇਖਣ ਨਾ ਜਾਣ ਸਗੋਂ ਮਿੰਦੀ ਨੂੰ ਕਾਲੇ (ਨੌਕਰ) ਦੇ ਹੱਥ ਰੁੱਕਾ ਭੇਜ ਦਿੱਤਾ ਜਾਵੇ ਕਿ ਵਿਸਾਖੀ ਵਾਲੇ ਦਿਨ ਮੁੰਡੇ ਵਾਲਿਆਂ ਨੂੰ ਲੈ ਕੇ ਬਾਬੇ ਦੀ ਖੂਹੀ ਤੇ ਆ ਜਾਵੇ। ਉੱਥੇ ਹੀ ਸਾਰੇ ਇਕ ਦੂਜੇ ਨੂੰ ਮਿਲ ਲੈਣਗੇ।
ਦੀਪੀ ਨੇ ਇਸ ਸਲਾਹ ਬਾਰੇ ਦਿਲਪ੍ਰੀਤ ਨੂੰ ਦੱਸਿਆ ਤਾਂ ਉਹ ਕੁਝ ਵੀ ਨਾ ਬੋਲਿਆ। ਦੀਪੀ ਨੂੰ ਉਸ ਉੱਪਰ ਗੁੱਸਾ ਆ ਗਿਆ ਤਾਂ, ਉਸ ਨੇ ਕਿਹਾ, “ਮੈਨੂੰ ਤਾਂ ਲੱਗਦਾ ਆ ਕਿ ਤਹਾਨੂੰ ਕੋਈ ਪਰਵਾਹ ਹੀ ਨਹੀ।”
“ਅਜੇ ਤਾ ਵਿਸਾਖੀ ਵਿਚ ਕਾਫੀ ਦਿਨ ਪਏ ਆ ਤਾਂ ਪਹਿਲਾਂ ਹੀ ਕਿਉਂ ਫਿਕਰ ਕਰੀ ਜਾਣਾ।” ਦਿਲਪ੍ਰੀਤ ਨੇ ਕਿਹਾ, ਹਾਂ ਸੱਚ ਮੈਂ ਤੈਨੂੰ ਦੱਸਣਾ ਸੀ ਕਿ ਅਗਲੇ ਹਫਤੇ ਸਾਡਾ ਕਾਲਜ ਟੂਰ ਲਈ ਜਾ ਰਿਹਾ ਹੈ ਸੋ ਇਸ ਕਰਕੇ ਤੁਹਾਡੇ ਦਰਸ਼ਨ ਥੋੜੇ ਦਿਨਾਂ ਬਆਦ ਹੀ ਕਰਾਂਗਾ।”
“ਤਹਾਨੂੰ ਕੀ, ਮੇਰੇ ਨਾਲ, ਤੁਸੀ ਸੈਰ ਸਪੱਟੇ ਕਰੋ।”
“ਦੀਪੀ ਤੂੰ ਤਾਂ ਉਹ ਗੱਲ ਕਰ ਰਹੀ ਹੈ ਕਿ ‘ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ’ ਦੇਖਣ ਦਿਖਾਉਣ ਦਾ ਪਰੋਗਰਾਮ ਤੁਹਾਡੇ ਘਰ ਵਾਲਿਆਂ ਨੇ ਬਣਾਇਆ ਹੈ।” ਦਿਲਪ੍ਰੀਤ ਨੇ ਹੱਸ ਕਿਹਾ, “ਜੋ ਕੁਝ ਵੀ ਹੋਵੇਗਾ, ਠੀਕ ਹੀ ਹੋਵੇਗਾ, ਜੇ ਦੋਨੋਂ ਪਾਸਿਉਂ ਸੱਚੀ ਮੁੱਹਬਤ ਹੋਵੇ ਤਾਂ ਮਿਲਾਪ ਆਪਣੇ ਆਪ ਹੀ ਹੋ ਜਾਂਦਾ ਹੈ।”
ਇਹ ਸੁਣ ਕੇ ਦੀਪੀ ਵੀ ਮੁਸਕ੍ਰਰਾ ਪਈ ਜਿਵੇ ਸੱਚਮੁੱਚ ਹੀ ਉਸ ਨੂੰ ਆਪਣੀ ਮੁਹੱਬਤ ਤੇ ਯਕੀਨ ਹੋਵੇ। ਥੋੜ੍ਹੇ ਦਿਨਾਂ ਬਾਅਦ ਮਿਲਣ ਦਾ ਵਾਅਦਾ ਕਰ ਕੇ ਦੋਵੇ ਹੀ ਆਪਣੇ ਆਪਣੇ ਰਾਹਾਂ ਵੱਲ ਚਲ ਪਏ।