ਪੰਜਾਬ, ਪੰਜਾਬੀ ਅਤੇ ਚਿੱਟਾ

ਪੰਜਾਬ ਦੀ ਧਰਤੀ ਸੂਰਬੀਰਾਂ ਦੀ ਧਰਤੀ ਵੱਜੋਂ ਪੂਰੇ ਸੰਸਾਰ ਵਿਚ ਪ੍ਰਸਿੱਧ ਸੀ ਪਰ! ਅੱਜ ਕੱਲ੍ਹ ਇਸ ਧਰਤੀ ਦੇ ਬਸ਼ਿੰਦੇ ਨਸ਼ੇ ਦੀ ਮਾਰ ਹੇਠਾਂ ਆ ਕੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਰਹੇ ਹਨ। ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੇ ਸਦਾ ਹੀ ਹਰ ਮੈਦਾਨ ਵਿਚ ਜਿੱਤ ਹਾਸਲ ਕੀਤੀ ਹੈ, ਉਹ ਭਾਵੇਂ ਸਿਹਤ ਦੀ ਗੱਲ ਹੋਵੇ ਤੇ ਭਾਵੇਂ ਸਿਆਸਤ ਦੀ। ਪੰਜਾਬੀਆਂ ਨੇ ਹਰ ਖ਼ੇਤਰ ਵਿਚ ਮੱਲਾਂ ਮਾਰੀਆਂ ਹਨ। ਕਾਮਯਾਬੀ ਹਾਸਲ ਕੀਤੀ ਹੈ।

ਪਰ! ਅੱਜ ਕਲ੍ਹ ਪੰਜਾਬੀਆਂ ਦੀ ਜਵਾਨੀ ਨੂੰ ਨਸ਼ੇ ਨੇ ਢਾਹ ਲਿਆ ਹੈ ਅਤੇ ਖ਼ਤਮ ਹੋਣ ਦੇ ਕੰਢੇ ਲਿਆ ਦਿੱਤਾ ਹੈ। ਨਸ਼ੇ ਦੇ ਪ੍ਰਭਾਵ ਨੂੰ ਅਜੋਕਾ ਪੰਜਾਬੀ ਸਮਾਜ ਚੰਗੀ ਤਰ੍ਹਾਂ ਸਮਝ ਗਿਆ ਹੈ ਅਤੇ ਇਸ ਲਈ ਇਸ ਤੋਂ ਬਚਾਓ ਦੇ ਸਾਰਥਕ ਉੱਪਰਾਲੇ ਆਰੰਭ ਹੋ ਚੁਕੇ ਹਨ। 01 ਜੁਲਾਈ ਤੋਂ 07 ਜੁਲਾਈ ਤੱਕ ‘ਮਰੋ ਜਾਂ ਵਿਰੋਧ ਕਰੋ’ ਨਾਮ ਦੀ ਨਸ਼ਾ ਵਿਰੋਧੀ ਲੋਕ- ਲਹਿਰ ਚੱਲ ਰਹੀ ਹੈ ਅਤੇ ਇਸ ਲਹਿਰ ਵਿਚ ਲੋਕਾਂ ਦੀ ਭਾਰੀ ਸ਼ਾਮੂਲੀਅਤ ‘ਪੰਜਾਬੀਆਂ ਦੇ ਜਾਗਦੇ ਹੋਣ’ ਦੀ ਗਵਾਹੀ ਭਰਦੀ ਹੈ।

ਸੋਸ਼ਲ ਮੀਡੀਆ ਤੋਂ ਇਲਾਵਾ ਇਹ ਲਹਿਰ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਅਤੇ ਕਸਬੇ ਵਿਚ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਸ ਦੇ ਸਿੱਟੇ ਵੀ ਆ ਹਨ। ਇਸ ਲਹਿਰ ਕਰਕੇ ਜਿੱਥੇ ਲੋਕ ਜਾਗਰੁਕ ਹੋ ਗਏ ਹਨ ਉੱਥੇ ਸਮੇਂ ਦੀ ਸਰਕਾਰ ਦੀਆਂ ਅੱਖਾਂ ਵੀ ਖੁੱਲ ਗਈਆਂ ਹਨ। ਸਰਕਾਰ ਨੇ ਸਖ਼ਤ ਕਦਮ ਚੁੱਕਣ ਦੇ ਸੰਕੇਤ ਦੇ ਦਿੱਤੇ ਹਨ ਅਤੇ ਨਸ਼ੇ ਦੇ ਵਪਾਰੀਆਂ ਨੂੰ ਸਖ਼ਤ ਸਜਾ ਦਿਵਾਉਣ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਣ ਦੀ ਆਸ ਜਾਗ ਗਈ ਹੈ। ਉਂਝ, ਇਹ ਗੱਲ ਦਰੁੱਸਤ ਹੈ ਕਿ ਇਕੱਲੇ ਕਾਨੂੰਨ ਬਣਾਉਣ ਨਾਲ ਹੀ ਨਸ਼ੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਲੋਕ ਜਾਗਰੁਕ ਨਾ ਹੋਣ। ਇਸ ਲਈ ਲੋਕ ਜਾਗਰੁਕ ਹੋ ਗਏ ਹਨ ਅਤੇ ਲੋਕਾਂ ਨੇ ਆਪਣੇ ਪੱਧਰ ਉੱਤੇ ਉੱਪਰਾਲੇ ਵੀ ਆਰੰਭ ਕਰ ਦਿੱਤੇ ਹਨ।

ਖ਼ੈਰ, ਸਾਡਾ ਅੱਜ ਦਾ ਵਿਸ਼ਾ ਕੁਝ ਵੱਖਰਾ ਹੈ। ਆਓ ਮੂਲ ਵਿਸ਼ੇ ਤੇ ਵਿਚਾਰ- ਚਰਚਾ ਆਰੰਭ ਕਰੀਏ। ਇਹ ਖ਼ਬਰ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਨਸ਼ੇ ਦਾ ਇੰਨਾ ਪ੍ਰਭਾਵ ਕਿਉਂ ਦਿਖਾਈ ਨਹੀਂ ਦਿੰਦਾ ਜਿੰਨਾ ਪੰਜਾਬ ਵਿਚ ਦਿੱਸਦਾ ਹੈ। ਮੱਧਪ੍ਰਦੇਸ਼, ਉੱਤਰਪ੍ਰਦੇਸ਼ ਜਾਂ ਉਤਰਾਖੰਡ ਵਿਚ ਤੁਸੀਂ ਕਦੇ ਕਿਸੇ ਨੌਜਵਾਨ ਨੂੰ ਨਸ਼ੇ ਦੇ ਟੀਕੇ ਲਗਾਉਂਦੇ ਦੇਖਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਸੂਬਿਆਂ ਦੀਆਂ ਅਖ਼ਬਾਰਾਂ ਵਿਚ ਵੀ ਅਜਿਹੀਆਂ ਖ਼ਬਰ ਪੜ੍ਹਨ ਨੂੰ ਨਹੀਂ ਮਿਲਦੀਆਂ। ਫਿਰ ਪੰਜਾਬ ਦੇ ਨੌਜਵਾਨਾਂ ਨੂੰ ਹੀ ਕਿਉਂ ਨਸ਼ੇ ਦੇ ਵਹਿਣ ਵਿਚ ਰੋੜਿਆ ਜਾ ਰਿਹਾ ਹੈ। ਕੀ ਕਾਰਨ ਹਨ? ਇਹ ਬਹੁਤ ਗੰਭੀਰ ਅਤੇ ਸੰਜੀਦਾ ਵਿਸ਼ਾ ਹੈ।

ਹਰਿਆਣੇ ਵਿਚ ਵੀ ਨਸ਼ੇ ਦਾ ਨਾਮੋ- ਨਿਸ਼ਾਨ ਨਹੀਂ ਹੈ ਹਾਲਾਂਕਿ ਹਰਿਆਣਾ, ਪੰਜਾਬ ਦਾ ਗੁਆਂਢੀ ਸੂਬਾ ਹੈ। ਪਰ! ਕਮਾਲ ਦੀ ਗੱਲ ਇਹ ਹੈ ਕਿ ਹਰਿਆਣੇ ਵਿਚੋਂ ਕਦੇ ‘ਚਿੱਟੇ’ ਦੀ ਖੇਪ ਨਹੀਂ ਫੜੀ ਗਈ ਅਤੇ ਨਾ ਹੀ ਹਰਿਆਣੇ ਦੇ ਨੌਜਵਾਨ ‘ਚਿੱਟੇ’ ਦੇ ਨਸ਼ੇ ਦੇ ਆਦੀ ਹੋ ਕੇ ਮਰ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਇਕੱਲੇ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?  ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਦੀਆਂ ਸਰਕਾਰਾਂ ਤਰੱਕੀ ਦੇ ਸੁਪਨੇ ਦੇਖ ਰਹੀਆਂ ਹਨ, ਵਿਕਾਸ ਦੇ ਕੰਮ ਕਰ ਰਹੀਆਂ ਹਨ ਪਰ! ਪੰਜਾਬ ਅਤੇ ਪੰਜਾਬੀ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਹੀ ਬਚਾਉਣ ਲਈ ਯਤਨਸ਼ੀਲ ਹਨ। ਇੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ‘ਚਿੱਟੇ’ ਦੇ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਹਰ ਪਰ! ਹਰਿਆਣੇ, ਦਿੱਲੀ, ਮੱਧਪ੍ਰਦੇਸ਼, ਉੱਤਰਪ੍ਰਦੇਸ਼ ਅਤੇ ਉਤਰਾਖੰਡ ਵਿਚ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਉਂਦੀ। ਸਮੁੱਚੀ ਦੁਨੀਆਂ ਨੂੰ ਅਨਾਜ ਪੈਦਾ ਕਰਕੇ ਦੇਣ ਵਾਲਾ ਪੰਜਾਬ ਅੱਜ ਖੁਦ ਖੂਨ ਦੇ ਹੰਝੂ ਰੋ ਰਿਹਾ ਹੈ ਕਿਉਂਕਿ ਖੇਤਾਂ ਦਾ ਰਾਜਾ, ਨਸ਼ੇ ਨਾਲ ਮਰ ਰਿਹਾ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਨਸ਼ੇ ਦੇ ਵਪਾਰੀਆਂ ਨੇ ਇਕੱਲੇ ਸਿੱਖ ਸਮਾਜ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਤਾਂ ਦੂਜੇ ਸੂਬਿਆਂ ਦੇ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਸੀ। ਪਰ ਦੂਜੇ ਸੂਬਿਆਂ ਵਿਚ ਰਹਿੰਦੇ ਸਿੱਖ ਤਾਂ ‘ਚਿੱਟੇ’ ਦੇ ਪ੍ਰਭਾਵ ਹੇਠਾਂ ਨਹੀਂ ਹਨ। ਦੂਜੀ ਗੱਲ, ਪੰਜਾਬ ਵਿਚ ਰਹਿੰਦਾ ਹਿੰਦੂ ਭਾਈਚਾਰਾ ਵੀ ‘ਚਿੱਟੇ’ ਦੇ ਪ੍ਰਭਾਵ ਹੇਠਾਂ ਆਇਆ ਹੋਇਆ ਹੈ। ਹਿੰਦੂ ਸਮਾਜ ਦੇ ਨੌਜਵਾਨ ਵੀ ਨਸ਼ੇ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ। ਹੁਣ ਇੱਥੇ ਕਿਹਾ ਜਾ ਸਕਦਾ ਹੈ ਕਿ ਇਕੱਲੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਾ ਕਿ ਸਿੱਖ ਜਾਂ ਹਿੰਦੂ ਨੌਜਵਾਨਾਂ ਨੂੰ ਨਿਸ਼ਾਨੇ ਤੇ ਰੱਖ ਕੇ।

ਜਿੱਥੋਂ ਤੱਕ ਸਰਹੱਦੀ ਖ਼ੇਤਰ ਦੀ ਗੱਲ ਹੈ ਤਾਂ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਵੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਪਰ! ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਨੌਜਵਾਨਾਂ ਵਿਚ ‘ਚਿੱਟੇ’ ਦੀ ਆਦਤ ਮਿਲਣ ਦਾ ਰੁਝਾਨ ਸਾਹਮਣੇ ਨਹੀਂ ਆਇਆ। ਫਿਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?

ਇਸ ਵਿਸ਼ੇ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ ਤਾਂ ਕਿ ਸਹੀ ਕਾਰਨਾਂ ਦੀ ਪੜਚੋਲ ਕੀਤੀ ਜਾ ਸਕੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>