ਸੜਕੀ ਹਾਦਸਿਆਂ ਦੀ ਜਨਮਦਾਤੀ ਲਾਪਰਵਾਹੀ

ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ, ਸੜਕਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਕਿੰਨਾ ਵੱਡਾ ਅਤੇ ਖੁੱਲ੍ਹਾ ਡੁੱਲ੍ਹਾ ਹੈ ਮੇਰਾ ਸ਼ਹਿਰ। ਕਿਸੇ ਵੀ ਦੁਕਾਨ ਵਿੱਚੋਂ ਕੋਈ ਸਮਾਨ ਬਾਹਰ ਲੱਗਿਆ ਨਹੀਂ ਦਿੱਸ ਰਿਹਾ ਹੁੰਦਾ, ਕੋਈ ਰੇਹੜੀ ਜਾਂ ਠੇਲ੍ਹਾ ਨਜਾਇਜ਼ ਤੌਰ ਤੇ ਸੜਕਾਂ ਦੀ ਹੱਦ ਮੱਲ੍ਹੀ ਨਹੀਂ ਖੜ੍ਹਾ ਹੁੰਦਾ। ਕਿਤੇ ਵੀ ਗਲਤ ਢੰਗ ਨਾਲ ਕੀਤੀ ਗਈ ਪਾਰਕਿੰਗ ਨਜ਼ਰ ਨਹੀਂ ਪੈਂਦੀ। ਇੱਕ ਦੂਜੇ ਤੋਂ ਅੱਗੇ ਲੰਘਣ ਲਈ ਬੇਵਜ੍ਹਾ ਉੱਚੀ ਅਵਾਜ਼ ਦੇ ਹਾਰਨ ਸੁਣਨ ਨੂੰ ਨਹੀਂ ਮਿਲਦੇ। ਸੋਚਦਾ ਹਾਂ ਉਹ ਕਿੰਨਾ ਭਲਾ ਵੇਲਾ ਹੋਵੇਗਾ ਜਦੋਂ ਵਾਕੇਈ ਇੱਦਾਂ ਵੀ ਕਦੇ ਰਿਹਾ ਹੋਵੇਗਾ। ਜਦੋਂ ਸਿਰਫ ਘੋੜੇ ਦੀਆਂ ਟਾਪਾਂ, ਜਿੰਦਗੀ ਦੀ ਗੱਡੀ ਨੂੰ ਧੀਮੀ ਜਿਹੀ ਗਤੀ ਨਾਲ ਪੰਧ ਮੁਕਾਉਣ ਵਿੱਚ ਮੱਦਦ ਕਰਦੀਆਂ ਹੋਣਗੀਆਂ। ਨਾ ਹਾਰਨਾਂ ਦਾ ਸ਼ੋਰ ਸ਼ਰਾਬਾ, ਨਾ ਪ੍ਰਦੂਸ਼ਣ ਦੀ ਸਮੱਸਿਆ, ਨਾ ਕਾਹਲੀ ਕਰਦੇ ਹੋਏ ਵਾਪਰਦੇ ਹਾਦਸੇ, ਨਾ ਭੀੜ-ਭੜੱਕਾ ਨਾ ਸੱਜਿਉਂ-ਖੱਬਿਉਂ ਇੱਕ ਦਮ ਆਉਣ ਵਾਲੀ ਕਿਸੇ ਕਾਰ/ਗੱਡੀ/ਬਾਈਕ ਦਾ ਫਿਕਰ।

ਖੈਰ! ਵਾਪਸ ਅੱਜ ਵਿੱਚ ਆਉਂਦਾ ਹਾਂ ਤਾਂ ਸੈਂਕੜੇ ਤੇ ਹਜ਼ਾਰਾਂ ਮੀਲਾਂ ਦੀ ਦੂਰੀ ਕੁੱਝ ਸਕਿੰਟਾਂ/ਮਿੰਟਾਂ ਵਿੱਚ ਮੁੱਕ ਜਾਂਦੀ ਹੈ। ਮੋਟਰ ਗੱਡੀਆਂ ਤੋਂ ਲੈ ਕੇ, ਹਵਾਈ ਜਹਾਜ਼ ਤੱਕ ਦੀ ਕਾਢ ਨੇ ਜਿੰਦਗੀ ਦੀ ਰਫਤਾਰ ਨੂੰ ਬਹੁਤ ਤੇਜ਼ ਕਰ ਦਿੱਤਾ, ਪਰ ਇਸ ਨੂੰ ਖਤਰਿਆਂ ਭਰਿਆ ਵੀ ਜ਼ਰੂਰ ਬਣਾ ਦਿੱਤਾ। ਪਰ ਜੇਕਰ ਸਮੁੱਚੇ ਪੱਖ ਤੋਂ ਵਿਚਾਰ ਕਰੀਏ ਤਾਂ ਪਤਾ ਲੱਗੇਗਾ ਕਿ ਇਸ ਵਿੱਚ ਕੇਵਲ ਮੋਟਰ ਗੱਡੀਆਂ ਦੀ ਤੇਜ਼ ਰਫਤਾਰੀ ਨੂੰ ਦੋਸ਼ ਦੇਣਾ ਕੋਈ ਸਮਝਦਾਰੀ ਨਹੀਂ ਹੋਵੇਗਾ, ਬਲਕਿ ਉਸ ਤੋਂ ਜਿਆਦਾ ਦੋਸ਼ੀ ਅਸੀਂ ਆਪ ਹਾਂ। ਮੋਟੇ ਤੌਰ ਤੇ ਤੇਜ਼ ਰਫਤਾਰੀ, ਨਸ਼ਿਆਂ ਦਾ ਸੇਵਨ, ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ, ਲਾਪਰਵਾਹੀ, ਸੜਕਾਂ ਤੇ ਸਟੰਟਬਾਜ਼ੀ (ਕਰਤੱਬ) ਦਿਖਾਉਣੀ, ਸੜਕੀ ਨਿਯਮਾਂ ਪ੍ਰਤੀ ਕੁਤਾਹੀ ਅਤੇ ਅਣਜਾਣਤਾ, ਸੜਕਾਂ ਤੇ ਅਵਾਰਾ ਪਸ਼ੂਆਂ ਦਾ ਖੁਲ੍ਹੇਆਮ ਘੁੰਮਣਾ, ਸਰਦੀਆਂ ਦੌਰਾਨ ਸੰਘਣੀ ਧੁੰਦ ਅਤੇ ਤਿੱਖੀਆ ਲਾਈਟਾਂ, ਸੱਜੇ-ਖੱਬੇ ਮੁੜਨ ਲੱਗਿਆਂ ਇਸ਼ਾਰਿਆਂ ਦਾ ਵਰਤੋਂ ਨਾ ਕਰਣਾ, ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ, ਮਾਨਵ ਰਹਿਤ ਫਾਟਕ ਜਿਸ ਕਰਕੇ ਕਈ ਮੋਟਰ ਗੱਡੀਆਂ ਰੇਲ ਗੱਡੀ ਦਾ ਸ਼ਿਕਾਰ ਬਣ ਜਾਂਦੀਆਂ ਹਨ, ਧਾਰਮਿਕ ਮੇਲਿਆਂ ਦੌਰਾਨ ਟਰੈਕਟਰ ਟਰਾਲੀਆਂ ਜਾਂ ਟਰੱਕਾਂ ਉਤੇ ਵਾਧੂ ਆਹਰ ਕਰਕੇ ਬਿਠਾਏ ਵਧੇਰੇ ਲੋਕ, ਨਾਬਾਲਗਾਂ ਵੱਲੋਂ ਦੋ ਅਤੇ ਚਾਰ ਪਹੀਆ ਦੀ ਸਵਾਰੀ ਕਰਨਾ ਆਦਿ ਇਹ ਕਾਰਣ ਮੁੱਖ ਰੂਪ ਵਿੱਚ ਸ਼ਾਮਲ ਹਨ। ਤੁਸੀਂ ਆਪ ਦੇਖ ਸਕਦੇ ਹੋ ਕਿ 80 ਫੀਸਦੀ ਤੋਂ ਵੱਧ ਦੋ ਪਹੀਆ ਵਾਹਨਾਂ ਤੇ ਲੱਗੇ ਪਿੱਛੇ ਦੇਖਣ ਵਾਲੇ ਦੋਨੋਂ ਸ਼ੀਸ਼ੇ ਨੌਜਵਾਨਾਂ ਵੱਲੋਂ ਫੈਸ਼ਨਪ੍ਰਸਤੀ ਦੇ ਤੌਰ ਤੇ ਉਤਾਰ ਦਿੱਤੇ ਜਾਂਦੇ ਹਨ, ਜਿਸ ਕਾਰਣ ਮੁੜਨ ਲੱਗਿਆਂ ਅਤੇ ਆਪਣੇ ਅਗਲੇ ਵਾਹਨ ਤੋਂ ਅੱਗੇ ਕੱਢਣ ਲੱਗਿਆਂ ਬਿਨ੍ਹਾਂ ਪਿੱਛੇ ਦੇਖੇ ਆਪਣਾ ਵਾਹਨ ਆਪਣੀ ਮਰਜ਼ੀ ਨਾਲ ਮੋੜ ਲਿਆ ਜਾਂਦਾ ਹੈ, ਜਿਸ ਕਰਕੇ ਪਿੱਛੇ ਆ ਰਹੇ ਵਾਹਨ ਵਾਲੇ ਨੂੰ ਆਪਣੀ ਗੱਡੀ ਕਾਬੂ ਹੇਠ ਰੱਖਣੀ ਔਖੀ ਹੋ ਜਾਂਦੀ ਹੈ।

ਸਿੱਟੇ ਵੱਜੋਂ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਅਜਾਈਂ ਮੌਤਾਂ ਹੋ ਰਹੀਆਂ ਹਨ, ਛੋਟੇ-ਛੋਟੇ ਬੱਚੇ-ਬੱਚੀਆਂ, ਨੌਜਵਾਨ, ਬਜ਼ੁਰਗ ਸੜਕਾਂ ਤੇ ਹੋ ਰਹੇ ਇਸ ਮੌਤ ਰੂਪੀ ਤਾਂਡਵ ਦਾ ਸ਼ਿਕਾਰ ਬਣ ਰਹੇ ਹਨ, ਉੱਥੇ ਪਰਿਵਾਰਾਂ ਦੇ ਪਰਿਵਾਰ ਵੀ ਇਸ ਸੜਕੀ ਅੱਤਵਾਦ ਦੇ ਕਾਲੇ ਪ੍ਰਛਾਵੇਂ ਦੀ ਲਪੇਟ ਵਿੱਚ ਆ ਚੁੱਕੇ ਹਨ।

ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਘੰਟੇ ਦੌਰਾਨ ਲਗਭਗ 56 ਸੜਕੀ ਹਾਦਸੇ ਹੁੰਦੇ ਹਨ ਜਿੰਨ੍ਹਾਂ ਵਿੱਚ 16 ਮੌਤਾਂ ਹੁੰਦੀਆਂ ਹਨ ਅਤੇ ਸੜਕੀ ਆਵਾਜਾਈ ਮੰਤਰਾਲੇ ਅਨੁਸਾਰ ਇੱਕ ਸਾਲ ਵਿੱਚ 1.39 ਲੱਖ ਤੋਂ ਜਿਆਦਾ ਲੋਕ ਸੜਕੀ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਦਿੰਦੇ ਹਨ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਸਾਲ 2015 ਵਿੱਚ ਸੜਕੀ ਹਾਦਸਿਆਂ ਸਬੰਧੀ ਜਾਰੀ ਕੀਤੀ ਰਿਪੋਰਟ ਮੁਤਾਬਿਕ ਸਾਲ 2015 ਵਿੱਚ 4 ਲੱਖ, 89 ਹਜ਼ਾਰ ਤੋਂ ਵੱਧ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ 1 ਲੱਖ, 39 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਕਿ 55 ਪ੍ਰਤੀਸ਼ਤ ਸੜਕੀ ਹਾਦਸੇ ਅਤੇ ਇਹਨਾਂ ਹਾਦਸਿਆਂ ਦੌਰਾਨ ਹੋਣ ਵਾਲੀਆਂ 56 ਪ੍ਰਤੀਸ਼ਤ ਮੌਤਾਂ ਦਾ ਕਾਰਣ ਡਰਾਈਵਰਾਂ ਵੱਲੋਂ ਤੇਜ਼ ਰਫਤਾਰ ਵਿੱਚ ਗੱਡੀਆਂ ਚਲਾਉਣਾ ਹੁੰਦਾ ਹੈ। ਇਸੇ ਤਰ੍ਹਾਂ 5 ਫੀਸਦੀ ਹਾਦਸਿਆਂ ਦਾ ਕਾਰਣ ਨਸ਼ਾ ਕਰਕੇ ਗੱਡੀ ਚਲਾਉਣਾ ਹੁੰਦਾ ਹੈ ਜਿਸ ਵਿੱਚ 6.8 ਫੀਸਦੀ ਮੌਤਾ ਹੁੰਦੀਆਂ ਹਨ। ਇਸ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਜੇਕਰ ਸੜਕਾਂ ਉੱਚ ਪਾਏ ਦੀਆਂ ਹਨ ਤਾਂ ਤੇਜ਼ ਰਫਤਾਰੀ ਅਤੇ ਲਾਪਰਵਾਈ ਕਾਰਣ ਹਾਦਸੇ ਵਾਪਰਦੇ ਹਨ ਅਤੇ ਦੂਜੇ ਪਾਸੇ ਜੇਕਰ ਸੜਕਾਂ ਮਾੜੀਆਂ ਹਨ, ਜਾਂ ਸਾਈਨ ਬੋਰਡ, ਆਵਾਜਾਈ ਸਬੰਧੀ ਸਿਗਨਲ ਅਤੇ ਟਰੈਫਿਕ ਪੁਲਿਸ ਨਾ ਹੋਣ ਕਰਕੇ ਸਾਲ 2014 ਵਿੱਚ 2 ਲੱਖ 13 ਹਜ਼ਾਰ 32 ਹਾਦਸੇ ਵਾਪਰੇ ਹਨ ਅਤੇ ਬਿਨ੍ਹਾਂ ਸੂਚਨਾ ਬੋਰਡਾਂ ਤੋਂ ਸੜਕ ਉੱਤੇ ਬਣਾਏ ਗਏ ਸਪੀਡ ਬਰੇਕਰ ਕਾਰਣ ਵੀ 11008 ਹਾਦਸੇ ਵਾਪਰੇ ਹਨ ਜਿਨ੍ਹਾਂ ਵਿੱਚ 3633 ਦੇ ਕਰੀਬ ਮੌਤਾਂ ਹੋਈਆਂ ਹਨ।  ਹੋ ਸਕਦਾ ਹੈ ਕਿ ਗ਼ੈਰ ਸਰਕਾਰੀ ਸਰਵੇਖਣਾਂ ਵਿੱਚ ਇਸਦੀ ਗਿਣਤੀ ਦੁਗੱਣੀ ਜਾਂ ਵੱਧ ਹੋਵੇ।

ਹਾਲਾਤ ਐਸੇ ਬਣੇ ਹੋਏ ਹਨ ਜਿਵੇਂ ਕਿ ਸੜਕੀ ਹਾਦਸੇ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹੋਣ, ਕਿਉਂਕਿ ਇੱਕ ਵੀ ਦਿਨ ਐਸਾ ਨਹੀਂ, ਜਿਸ ਦਿਨ ਹਾਦਸਾ ਨਾ ਵਾਪਰਿਆ ਹੋਵੇ ਅਤੇ ਕੋਈ ਮੋਤ ਨਾ ਹੋਈ ਹੋਵੇ। ਅਸੀਂ ਸਾਰੇ ਇਸ ਮਾਮਲੇ ਪ੍ਰਤੀ ਚਿੰਤਤ ਤਾਂ ਹਾਂ, ਪਰ ਇਸਦਾ ਹੱਲ ਕੱਢਣ ਨੂੰ ਤਿਆਰ ਨਹੀਂ ਹਾਂ। ਮੇਰੇ ਵਿਚਾਰਾਂ ਅਨੁਸਾਰ ਸੱਭ ਤੋਂ ਪਹਿਲਾਂ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਅਤੇ ਸੰਜੀਦਾ ਹੋਵੇ ਅਤੇ ਪੂਰੀ ਸਖਤੀ ਵਰਤਣੀ ਸ਼ੁਰੂ ਕਰੇ ਤਾਂ ਸ਼ਾਇਦ ਇਸ ਸੜਕੀ ਹਾਦਸਿਆਂ ਤੇ ਰੋਕ ਲੱਗ ਸਕਦੀ ਹੈ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਸਾਹਿਬ ਜਦੋਂ ਅਸੀਂ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਤੇ ਚੜ੍ਹਦੇ ਹਾਂ ਤਾਂ ਕੋਈ ਵੀ ਮੋਟਰ ਗੱਡੀ, ਕਾਰ, ਜਾਂ ਕੋਈ ਵੀ ਵਾਹਨ ਵੱਡਾ ਜਾਂ ਛੋਟਾ ਹੋਵੇ ਉਸਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਇੱਕ ਪੁਆਇੰਟ ਵੀ ਉੱਪਰ ਨਹੀਂ ਹੁੰਦੀ, ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਲੋਕ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹਨ, ਇਸ ਦਾ ਕਾਰਣ ਇਹ ਹੈ ਕਿ ਪੁੱਲ ਦੇ ਅੱਧ ਵਿੱਚ ਟ੍ਰੈਫਿਕ ਪੁਲਿਸ ਵਾਲੇ ਵੱਡੀ ਤਦਾਦ ਵਿੱਚ ਬੈਰੀਗੇਟ ਲਗਾ ਕੇ ਖੜ੍ਹੇ ਹੁੰਦੇ ਹਨ ਅਤੇ ਰਾਡਾਰ ਤੇ ਕੈਮਰਿਆਂ ਦੀ ਮੱਦਦ ਨਾਲ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਵੱਲ ਆਉਣ ਵਾਲੀਆਂ ਗੱਡੀਆਂ ਉੱਤੇ ਬਾਜ਼ ਅੱਖ ਰੱਖੀ ਬੈਠੇ ਹੁੰਦੇ ਹਨ। ਜਿਸ ਕਰਕੇ ਚਲਾਣ ਦੇ ਡਰ ਤੋਂ ਲੋਕ ਵੀ ਆਵਾਜਾਈ ਸਬੰਧੀ ਨਿਰਧਾਰਤ ਗਤੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਅਪਣਾ ਲੈਂਦੇ ਹਨ। ਜੇ ਐਸਾ ਹਰ ਜਗ੍ਹਾ ਹਰ ਪਾਸੇ ਹੋਵੇ ਤਾਂ ਵੱਡੇ ਪੱਧਰ ਤੇ ਸੜਕੀ ਹਾਦਸੇ ਰੋਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਕੀ ਕੀਤਾ ਜਾਵੇ ਜਾਂ ਕੀ ਹੋਣਾ ਚਾਹੀਦਾ ਹੈ ਤਾਂ ਸੱਭ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਸਖਤੀ ਵਰਤੇ, ਇੱਕ ਜਾਂ ਦੋ ਵਾਰ ਚਿਤਾਵਨੀ ਤੋਂ ਬਾਅਦ ਲਾਇੰਸਸ ਧਾਰਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ। ਬਿਨ੍ਹਾਂ ਡਰਾਈਵਿੰਗ ਟੈਸਟ ਪਾਸ ਕੀਤੇ ਲਾਇਸੰਸ ਜਾਰੀ ਕਰਨੇ ਮੁਕੰਮਲ ਰੂਪ ਵਿੱਚ ਸਖਤੀ ਨਾਲ ਬੰਦ ਹੋਣ। ਲੋਕ ਆਪਣੀ ਜਾਨ ਦੇ ਨਾਲ ਦੂਜਿਆਂ ਦੀਆਂ ਜਾਨਾਂ ਦੀ ਕੀਮਤ ਨੂੰ ਸਮਝਣ। ਟ੍ਰੈਫਿਕ ਨਿਯਮਾਂ ਦਾ ਪੂਰਾ ਪੂਰਾ ਗਿਆਨ ਹੋਵੇ। ਗੱਡੀਆਂ ਦੀ ਰਫਤਾਰ ਤੈਅ ਕੀਤੀ ਗਈ ਗਤੀ ਤੋਂ ਵਧੇਰੇ ਨਾ ਕੀਤੀ ਜਾਵੇ। ਸੜਕ ਪਾਰ ਕਰਨ ਵਾਲੇ ਪੂਰੀ ਚੇਤਨਤਾ ਨਾਲ ਸੜਕ ਪਾਰ ਕਰਨ ਵੇਲੇ ਦੋਨੋਂ ਪਾਸਿਉਂ ਸੁਰੱਖਿਆ ਯਕੀਨੀ ਬਣਾ ਲਈ ਜਾਵੇ। ਗਲੀਆਂ, ਬਾਜ਼ਾਰਾਂ ਵਿੱਚ ਦੋ ਪਹੀਆ ਵਾਹਨਾਂ ਦੀ ਗਤੀ ਧੀਮੀ ਹੋਵੇ ਉੱਥੇ ਹਰ ਮੋੜ ਤੇ ਹਾਰਨ ਦੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਕਿ ਗਲੀ ਮੋੜ ਤੋਂ ਨਿਕਲਣ ਵਾਲਾ ਰਾਹਗੀਰ ਸੁਚੇਤ ਹੋ ਸਕੇ। ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾਂ ਦੀ ਵਰਤੋਂ ਬਿਲਕੁਲ ਨਾ ਕਰਨ ਦਿੱਤੀ ਜਾਵੇ। ਸਕੂਲਾਂ ਵਿੱਚ ਅਕਸਰ ਛੁੱਟੀ ਵੇਲੇ ਵਿਦਿਆਰਥੀ ਆਪਣੇ ਤਿੰਨ ਚਾਰ ਦੋਸਤਾਂ ਨੂੰ ਇੱਕੋ ਹੀ ਮੋਟਸਾਈਕਲ ਉੱਤੇ ਬਿਠਾ ਲੈਂਦੇ ਹਨ, ਇਸ ਉੱਤੇ ਸਕੂਲ ਪ੍ਰਬੰਧਕ ਸਖਤੀ ਨਾਲ ਰੋਕ ਲਗਾਉਣ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਣ ਜ਼ਰੂਰੀ ਅਤੇ ਵੱਡੀ ਰਕਮ ਵਿੱਚ ਵਸੂਲਿਆ ਜਾਵੇ। ਓਵਰਟੇਕ ਕਰਨ ਵੇਲੇ ਮੁਕੰਮਲ ਰੂਪ ਵਿੱਚ ਇਹਤੀਆਤ ਵਰਤੀ ਜਾਵੇ।

ਯਾਦ ਰੱਖੋ ਕਾਹਲੀ ਵਿੱਚ ਜਾਂ ਆਰਾਮ ਨਾਲ ਦੁਨੀਆਂ ਦੇ ਸਾਰੇ ਕੰਮ ਹੁੰਦੇ ਹੀ ਰਹਿਣ ਨੇ, ਸਾਡੇ ਜਿਉਂਦਿਆਂ ਵੀ ਅਤੇ ਸਾਡੇ ਮਗਰੋਂ ਵੀ। ਇਸ ਲਈ ਜ਼ਰੂਰੀ ਕਿ ਆਪਣੇ ਸਮੇਤ ਦੂਜਿਆਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਬਾਰੇ ਜ਼ਰੂਰ ਸੋਚਿਆ ਜਾਵੇ, ਕਿਉਂਕਿ ਘਰ ਕਦੇ ਵੀ ਨਾ ਪਹੁੰਚਣ ਨਾਲੋਂ ਕਿਤੇ ਚੰਗਾ ਹੈ ਕਿ ਘਰ ਜ਼ਰਾ ਮਾਸਾ ਦੇਰੀ ਨਾਲ ਪਹੁੰਚਿਆ ਜਾਵੇ। ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਅਸੀਂ ਆਪ ਵੀ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦੇਈਏ ਤਾਂ ਕਈ ਬੇਸ਼ਕਿਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਮੀਨ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>