ਜਦੋਂ ਭੂਤ ਨੇ ਸਿਰ ਵਿੱਚ ਵੱਟਾ ਮਾਰਿਆ

ਲਗਭਗ  10 ਸਤੰਬਰ 2000 ਦੀ ਗੱਲ ਹੈ ਕਿ ਸੁਸਾਇਟੀ ਦੇ ਇੱਕ ਸਮਰਥਕ ਦਾ ਮੈਨੂੰ ਫੋਨ ਆਇਆ ਕਿ ਉਸਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜੇ ਦੀ ਤਹਿਸੀਲ ਦੇ ਇੱਕ ਪਿੰਡ ਬਸੰਤਪੁਰਾ ਵਿੱਚ ਇੱਕ ਅਜਿਹਾ ‘ਭੂਤ’ ਮਿਲਿਆ ਹੈ ਜੋ ਕਿ ਘਰ ਦੇ ਜੀਆਂ ਦੀ ਥੱਪੜ ਪਰੇਡ ਕਰਦਾ ਸੀ। ਉਸਦਾ ਕਹਿਣਾ ਸੀ ਕਿ, ‘‘ਮੈਂ ਕਈ ਵਾਰ ਉਸ ਘਰ ਵਿੱਚ ਗਿਆ ਹਾਂ, ਮੇਰੇ ਬੈਠੇ ਤੋਂ ਹੀ ਪੱਥਰ ਹਵਾ ਉਡਦੇ, ਪਤੀਲੀਆਂ ਦੇ ਢੱਕਣ ਉਡ ਕੇ ਸਿਰਾਂ ਵਿੱਚ ਵੱਜਦੇ ਕਈ ਵਾਰ ਮੈਂ ਖ਼ੁਦ ਦੇਖੇ ਹਨ। ਇਹ ਭੂਤ ਤਾਂ ਬਿਲਕੁੱਲ ਹੀ ਫਿਲਮ ‘ਮਿਸਟਰ ਇੰਡੀਆ’ ਦੇ ਹੀਰੋ ਵਾਂਗੂੰ ਕਿਰਿਆਵਾਂ ਕਰਦਾ ਹੈ। ਦਿਸਦਾ ਕੁੱਝ ਨਹੀਂ ਪਰ ਘਟਨਾਵਾਂ ਵਾਪਰਦੀਆਂ ਹੀ ਨਜ਼ਰ ਆਉਂਦੀਆਂ ਹਨ।’’ ਮੈਂ ਉਸਨੂੰ ਸਮਝਾਇਆ ਕਿ ਅਜਿਹਾ ਕੁੱਝ ਨਹੀਂ ਹੁੰਦਾ ਪਰ ਉਸ ਨੇ ਕਿਹਾ, ‘‘ਮੈਂ ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ। ਕਿਤਾਬਾਂ ਪੜ੍ਹ ਕੇ ਮੇਰਾ ਯਕੀਨ ਭੂਤਾਂ ਪ੍ਰੇਤਾਂ ਤੋਂ ਖ਼ਤਮ ਹੋ ਗਿਆ ਸੀ। ਪਰ ਹੁਣ ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਇਹ ਘਟਨਾਵਾਂ ਵਾਪਰਦੀਆਂ ਦੇਖੀਆਂ ਹਨ। ਇਸ ਲਈ ਹੁਣ ਮੇਰਾ ਵਿਸ਼ਵਾਸ਼ ਬਦਲ ਗਿਆ ਹੈ। ਮੈਂ ਖ਼ੁਦ ਭੂਤਾਂ ਪ੍ਰੇਤਾਂ ਵਿੱਚ ਯਕੀਨ ਕਰਨ ਲੱਗ ਪਿਆ ਹਾਂ।’’

ਮੈਂ ਉਸਨੂੰ 17 ਸਤੰਬਰ ਨੂੰ ਸਬੰਧਤ ਘਰ ਵਿੱਚ ਪੁੱਜਣ ਲਈ ਸੁਨੇਹਾ ਲਾ ਦਿੱਤਾ। 16 ਸਤੰਬਰ ਨੂੰ ਮੇਰੀ ‘ਲਿਸ਼ਕਾਰਾ’ ਚੈਨਲ ਲਈ ਪ੍ਰੋਗਰਾਮ ਵਾਸਤੇ ਇੰਟਰਵਿਊ ਸੀ। ਇਸ ਲਈ ਮੈਂ 17 ਦੀ ਸਵੇਰ ਨੂੰ ਲੁਧਿਆਣੇ ਵਿਖੇ ਸਾਥੀ ਜਗਦੇਵ ਕੰਮੋਮਾਜਰਾ ਦੇ ਘਰ ਪੁੱਜ ਗਿਆ। ਲੁਧਿਆਣੇ ਦਾ ਸਾਥੀ ਅਸ਼ੋਕ ਸਾਡੇ ਨਾਲ ਇਨ੍ਹਾਂ ਕੇਸਾਂ ’ਤੇ ਜਾਣਾ ਚਾਹੁੰਦਾ ਸੀ ਪਰ ਉਹ ਉਸ ਦਿਨ ਕਿਸੇ ਜ਼ਰੂਰੀ ਕੰਮ ਕਾਰਨ ਸਾਡੇ ਨਾਲ ਜਾਣ ਨੂੰ ਤਿਆਰ ਨਾ ਹੋਇਆ ਅਤੇ ਉਧਰ ਘਰ ਵਾਲਿਆਂ ਨੇ ਵੀ ਕਿਸੇ ਬਾਬੇ ਤੋਂ ਇਲਾਜ ਕਰਵਾ ਲਿਆ ਸੀ। ਸੋ ਪ੍ਰੀਵਾਰ ਵਾਲਿਆਂ ਦਾ ਸੁਨੇਹਾ ਆ ਗਿਆ ਕਿ ਹੁਣ ਸਾਨੂੰ ਹਫ਼ਤਾ ਦੇਖ ਲੈਣ ਦਿਓ। ਹਫ਼ਤੇ ਬਾਅਦ ਘਰ ਵਿੱਚ ਮੁੜ ਘਟਨਾਵਾਂ ਵਾਪਰਨ ਲੱਗੀਆਂ। ਫਿਰ ਉਨ੍ਹਾਂ ਦੇ ਪ੍ਰੀਵਾਰ ਦਾ ਇੱਕ ਮੈਂਬਰ ਲੁਧਿਆਣੇ ਜਗਦੇਵ ਦੇ ਘਰ ਆਇਆ ਤੇ ਕਹਿਣ ਲੱਗਿਆ, ‘‘ਸਾਡੇ ਘਰ ਦਾ  ਬੁਰਾ ਹਾਲ ਹੈ। ਭੂਤ ਨੇ ਮੇਰੀ ਮੰਮੀ ਦੇ ਸਿਰ ਵਿੱਚ ਅੱਧ ਸੇਰ ਦਾ ਵੱਟਾ ਮਾਰਿਆ ਹੈ। ਮੇਰੀ ਘਰਵਾਲੀ ਅਤੇ ਦੋ ਸਾਲ ਦੀ ਬੱਚੀ ਦੇ ਥੱਪੜ ਮਾਰ ਕੇ ਸੁਰਤ ਬੌਂਦਲਾ ਦਿੱਤੀ ਹੈ। ਸਿੱਟੇ ਵਜੋਂ ਮੇਰੀ ਘਰਵਾਲੀ ਬੱਚੀ ਨੂੰ ਲੈ ਕੇ ਪੇਕੇ ਚਲੀ ਗਈ ਹੈ।’’

ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ 30 ਸਤੰਬਰ ਨੂੰ ਪਿੰਡ ਬਸੰਤਪੁਰਾ ਪੁੱਜਣ ਦਾ ਵਾਅਦਾ ਕਰ ਲਿਆ। ਸਵੇਰੇ ਚਾਰ ਵਜੇ ਹੀ ਅਸੀਂ ਕਾਰ ਰਾਹੀਂ ਲੁਧਿਆਣ ਤੋਂ ਰਵਾਨਾ ਹੋ ਗਏ। ਸਬੰਧਤ ਪ੍ਰੀਵਾਰ ਦਾ ਇੱਕ ਮੇਂਬਰ ਲੁਧਿਆਣੇ ਜਗਦੇਵ ਦੇ ਘਰ ਆਇਆ ਬੈਠਾ ਸੀ। ਲਗਭਗ 6 ਵਜੇ ਅਸੀਂ ਬਸੰਤਪੁਰ ਲਈ ਰਵਾਨਾ ਹੋ ਗਏ। ਪੈਟਰੋਲ ਦੀ ਕੀਮਤ ਉਸ ਦਿਨ ਹੀ ਵਧਣ ਦੀ ਘੋਸ਼ਣਾ ਹੋਈ ਸੀ। ਸੋ ਕਿਸੇ ਵੀ ਪੈਟਰੋਲ ਪੰਪ ਦਾ ਮਾਲਕ ਪੈਟਰੋਲ ਜਾਂ ਡੀਜ਼ਲ ਵੱਧ ਪੈਸੇ ਮਿਲਣ ਦੀ ਝਾਕ ਵਿੱਚ ਕਾਰ ਵਿੱਚ ਪੈਟਰੋਲ  ਪਾਉਣ ਲਈ ਤਿਆਰ ਨਹੀਂ ਸੀ। ਗੱਡੀ ਵਿੱਚ ਜ¦ਧਰ ਪੁੱਜਣ ਤੱਕ ਦਾ ਹੀ ਪੈਟਰੋਲ ਸੀ। ਔਖੇ ਸੌਖੇ ਅਸੀਂ ਫਗਵਾੜੇ ਪੁੱਜ ਗਏ। ਇੱਕ ਪੈਟਰੋਲ ਪੰਪ ਵਾਲੇ ਨੇ ਵੱਧ ਪੈਸੇ ਚਾਰਜ ਕਰਕੇ ਸਾਨੂੰ ਪੈਟਰੋਲ ਦੇ ਦਿੱਤਾ। ਅਸੀਂ ਖੁਸ਼ੀ ਖੁਸ਼ੀ ਪਠਾਨਕੋਟ ਵੱਲ ਚੱਲ ਪਏ। ਟੈਲੀਫੋਨ ਦੀਆਂ ਲਾਈਨਾਂ ਦੀ ਖ਼ਰਾਬੀ ਕਾਰਨ ਅਸੀਂ ਸਬੰਧਤ ਘਰ ਨੂੰ ਸਾਡੇ ਆਉਣ ਦੀ ਸੂਚਨਾ ਨਹੀਂ ਸੀ ਦੇ ਸਕੇ। ਸੋ ਜਵਾਲੀ ਪੁੱਜ ਕੇ ਲੁਧਿਆਣੇ ਤੋਂ ਸਾਡੇ ਨਾਲ ਸ਼ਾਮਿਲ ਹੋਏ ਪ੍ਰੀਵਾਰ ਦੇ ਮੈਂਬਰ ਨੇ ਪ੍ਰੀਵਾਰ ਨੂੰ ਸੂਚਿਤ ਕਰ ਦਿੱਤਾ। ਜਵਾਲੀ ਤੋਂ 3 ਕਿਲੋਮੀਟਰ ਤੇ ਇਹ ਪਿੰਡ ਪਹਾੜਾਂ ਦੇ ਪੈਰਾਂ ਵਿੱਚ ਵਸਿਆ ਹੋਇਆ ਸੀ।

ਇਸ ਪਿੰਡ ਦੇ ਵਸਨੀਕ ਅਜਿਹੇ ਸਨ ਜਿਹੜੇ ਪੌਂਗ ਡੈਮ ਦੀ ਉਸਾਰੀ ਸ਼ੁਰੂ ਕਰਨ ਸਮੇਂ ਉਥੋਂ ਵਿਸਥਾਪਿਤ ਕਰ ਦਿੱਤੇ ਗਏ ਸਨ। ਉਨ੍ਹਾਂ ਨੂੰ ਮੁੜ ਵਸਾਉਣ ਲਈ ਥਾਂ ਪਿੰਡ ਬਸੰਤਪੁਰ ਵਿੱਚ ਅਤੇ ਜ਼ਮੀਨ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਵਿਖੇ ਅਲਾਟ ਕਰ ਦਿੱਤੀ ਗਈ। ਸੁੰਦਰ ਮਕਾਨ ਪਹਾੜੀ ਉਪਰ ਪਾਇਆ ਹੋਇਆ ਸੀ। ਘਰ ਵਿੱਚ ਨਿੰਬੂ, ਅੰਬ, ਕੇਲੇ ਦੇ ਬਹੁਤ ਸਾਰੇ ਫਲਾਂ ਵਾਲੇ ਦਰੱਖਤ ਅਤੇ ਸਬਜ਼ੀਆਂ ਬੀਜੀਆਂ ਹੋਈਆਂ ਸਨ।

ਘਰ ਦਾ ਮੁਖੀ ਕੈਲਾਸ਼ ਚੰਦ ਸੀ, ਜੋ ਸਿੰਚਾਈ ਵਿਭਾਗ ਦਾ ਇੱਕ ਰਿਟਾਇਰਡ ਕਰਮਚਾਰੀ ਸੀ। ਇਸ ਦੇ ਦੋ ਬੇਟੇ ਸਨ। ਵੱਡੇ ਬੇਟੇ ਨੇ ਪਿੰਡ ਵਿਖੇ ਹੀ ਟਾਈਪ ਕਾਲਜ ਖੋਲ੍ਹਿਆ ਹੋਇਆ ਸੀ ਅਤੇ ਛੋਟਾ ਬੇਟਾ  ਲੁਧਿਆਣੇ ਵਿਖੇ ਇੱਕ ਫੈਕਟਰੀ ਵਿੱਚ ਡੀਜ਼ਾਈਨਰ ਸੀ। ਦੋਹੇਂ ਬੇਟੇ ਵਿਆਹੇ ਹੋਏ ਸਨ। ਉਨ੍ਹਾਂ ਦੀਆਂ ਪਤਨੀਆਂ ਅਤੇ ਪੋਤੇ-ਪੋਤੀਆਂ ਉਸੇ ਘਰ ਵਿੱਚ ਰਹਿੰਦੇ ਸਨ।

ਮਾਰਚ ਮਹੀਨੇ ਵਿੱਚ ਪ੍ਰੀਵਾਰ ਦੇ ਮੁਖੀ ਦੀ ਛੋਟੀ ਬੇਟੀ ਤ੍ਰਿਪਤਾ ਦੀ ਸ਼ਾਦੀ ਸੀ। ਵਿਆਹ ਦਾ ਦਿਨ ਨਿਸਚਿਤ ਕੀਤਾ ਹੋਇਆ ਸੀ। ਮਾਂ ਬਾਪ ਗਹਿਣੇ ਬਣਾਉਣ ਲਈ ਸ਼ਹਿਰ ਗਏ ਹੋਏ ਸਨ ਕਿ ਤ੍ਰਿਪਤਾ ਦੀ ਕੁੱਟਮਾਰ ਹੋਣੀ ਸ਼ੁਰੂ ਹੋ ਗਈ। ਸਿਰਹਾਣੇ ਉਸਦੇ ਸਿਰ ਉਤੇ ਆ ਵੱਜਦੇ। ਸੀਟੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ। ਸੋਮਲਤਾ ਉਨ੍ਹਾਂ ਦੀ ਵੱਡੀ ਨੂੰਹ ਸੀ। ਉਸਦੇ ਸਿਰ ਵਿੱਚ ਇੱਕ ਪੱਥਰ ਆ ਵੱਜਿਆ। ਕਦੇ ਕਦੇ ਉਸਨੂੰ ਅਜਿਹਾ ਧੱਕਾ ਪੈਂਦਾ ਕਿ ਉਹ ਆਪਣੀ ਦਰਾਣੀ ਉਪਰ ਜਾ ਡਿੱਗਦੀ। ਕਦੇ ਉਸਦੀ ਪਿੱਠ ਉਪਰ ਚੂੰਢੀ ਵੱਢੀ ਜਾਂਦੀ, ਕਦੇ ਢੂਹੀ ਵਿੱਚ ਮੁੱਕੇ ਵੱਜਣੇ ਸ਼ੁਰੂ ਹੋ ਜਾਂਦੇ। ਇੱਕ ਦੋ ਵਾਰ ਤਾਂ ਸਰੋਂ ਦੇ ਦਾਣੇ ਵੀ ਚੁੰਨੀ ਨਾਲ ਬੰਨ੍ਹੇ ਗਏ।

ਇੱਕ ਦਿਨ ਘਰ ਦੇ ਮੁਖੀ ਦੀ ਪਤਨੀ ਬੈਠੀ ਸੀ। ਉਸਦੇ ਪਿਛਲੇ ਪਾਸੇ ਮੰਜੇ ’ਤੇ ਉਸਦੀ ਵੱਡੀ ਨੂੰਹ ਸੁੱਤੀ ਪਈ ਸੀ। ਅਚਾਨਕ ਹੀ ਪੁਰਾਣੇ ਅੱਧ ਸੇਰ ਦਾ ਇੱਕ ਵੱਟਾ ਉਸ ਦੇ ਕੋਲੋਂ ਉਡਿਆ ਅਤੇ ਉਸ ਦੇ ਹੀ ਸਿਰ ਦੇ ਪਿਛਲੇ ਪਾਸੇ ਧੜੱਮ ਦੇਣੇ ਆ ਵੱਜਿਆ। ਬੇਚਾਰੀ ਅੱਧਾ ਘੰਟਾ ਬੇਸੁਰਤ ਰਹੀ। ਸਾਰੇ ਆਂਢ ਗੁਆਂਢ ਵਿੱਚ ਦੁਹਾਈ ਮੱਚ ਗਈ। ਭੂਤਾਂ ਵਾਲੇ ਘਰ ਵੱਲ ਕੌਣ ਮੂੰਹ ਕਰਦਾ?

ਕਈ ਵਾਰੀ ਤਾਂ ਸੋਮਲਤਾ ਦੀ ਉਂਗਲੀ ਵਿੱਚ ਪਹਿਨੀ ਹੋਈ ਛਾਂਪ ਵੇਖਦਿਆਂ ਵੇਖਦਿਆਂ ਹੀ ਉਸਦੀ ਉਂਗਲੀ ਵਿੱਚੋਂ ਉ¤ਤਰ ਜਾਂਦੀ ਪਰ ਕੁੱਝ ਸਮੇਂ ਬਾਅਦ ਆਪਣੇ ਆਪ ਹੀ ਮਿਲ ਜਾਂਦੀ। ਇਸੇ ਤਰ੍ਹਾਂ ਹੀ ਉਸਦੇ ਪਹਿਨੀਆਂ ਹੋਈਆਂ ਸੋਨੇ ਦੀਆਂ ਚੂੜੀਆਂ ਨਾਲ ਵੀ ਵਾਪਰਦਾ। ਕਈ ਵਾਰ ਤਾਂ ਪਹਿਨੀਆਂ ਹੋਈਆਂ ਕਮੀਜ਼ਾਂ ਜਾਂ ਸਲਵਾਰਾਂ ਵੀ ਕੱਟੀਆਂ ਜਾਂਦੀਆਂ।
ਇੱਕ ਦਿਨ ਛੋਟੀ ਨੂੰਹ ਸਵਿਤਾ ਰਸੋਈ ਵਿੱਚ ਸਬਜ਼ੀ ਬਣਾ ਰਹੀ ਸੀ। ਉਸਦੀ ਸੱਸ ਵਰਾਂਡੇ ਵਿੱਚ ਸਫ਼ਾਈ ਕਰ ਰਹੀ ਸੀ। ਉਸਦੇ ਨਜ਼ਦੀਕ ਹੀ ਸੋਮਲਤਾ ਉਨ੍ਹਾਂ ਦਾ ਹੱਥ ਵਟਾ ਰਹੀ ਸੀ। ਅਚਾਨਕ ਹੀ ਇੱਕ ਪੱਥਰ ਸਵਿਤਾ ਦੇ ਸਿਰ ਵਿੱਚ ਆ ਟਕਰਾਇਆ। ਇੱਕ ਦਿਨ ਤਾਂ ਸਵਿਤਾ ਦੀ ਧੀ ਮੈਨਾ ਦੀ ਹੀ ਥੱਪੜ ਪ੍ਰੇਡ ਹੋ ਗਈ। ਇੱਕ ਹੋਰ ਦਿਨ ਸਵਿਤਾ ਭਾਂਡੇ ਮਾਂਜ ਰਹੀ ਸੀ। ਇੱਕ ਕੌਲੀ ਟੋਕਰੇ ਵਿੱਚੋਂ ਉਡੀ ਤੇ ਸਵਿਤਾ ਦੇ ਸਿਰ ਵਿੱਚ ਆ ਵੱਜੀ। ਇੱਕ ਦਿਨ ਕੈਲਾਸ਼ ਦੀ ਇੱਕ ਵਰ੍ਹੇ ਦੀ ਸੁੱਤੀ ਪਈ ਧੀ ਉਪਰ ਦੋ ਗੁਲਦਸਤੇ ਅਤੇ ਛੋਟਾ ਜਿਹਾ ਝੂਲਾ ਹੀ ਰੱਖ ਦਿੱਤਾ ਗਿਆ। ਇੱਕ ਦਿਨ ਫਟਕੜੀ ਦੀ ਡਲੀ ਉ¤ਡੀ ਤੇ ਸਵਿਤਾ ਦੀ ਉਂਗਲੀ ’ਤੇ ਆ ਵੱਜੀ। ਇਨ੍ਹਾਂ ਸਾਰੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਸਵਿਤਾ ਆਪਣੇ ਪੇਕੇ ਜਾ ਕੇ ਰਹਿਣ ਲੱਗ ਪਈ ਪਰ ਘਟਨਾਵਾਂ ਦਾ ਸਿਲਸਿਲਾ ਅਜੇ ਵੀ ਬੇਰੋਕ ਜਾਰੀ ਸੀ।

ਵਾਪਰ ਰਹੀਆਂ ਘਟਨਾਵਾਂ ਨੇ ਇਸ ਪੜ੍ਹੇ ਲਿਖੇ ਪਰਿਵਾਰ ਨੂੰ ਵਖਤਾਂ ਵਿੱਚ ਪਾ ਦਿੱਤਾ ਸੀ। ‘‘ਮਰਦਾ ਕੀ ਨਾ ਕਰਦਾ’’ ਦੀ ਕਹਾਵਤ ਅਨੁਸਾਰ ਇਸ ਪ੍ਰੀਵਾਰ ਨੇ ਹਿਮਾਚਲ ਦਾ ਅਜਿਹਾ ਕੋਈ ਸਾਧ ਸੰਤ ਨਾ ਛੱਡਿਆ, ਜਿਹੜਾ ਇਨ੍ਹਾਂ ਗੱਲਾਂ ਦਾ ਮਾਹਿਰ ਹੋਵੇ। ਹਰ ਕੋਈ ਆਉਂਦਾ, ਆਪਣੇ ਧਾਗੇ ਤਵੀਤ, ਟੂਣੇ, ਪਾਣੀ, ਓਹੜ ਪੋਹੜ, ਮੰਤਰ, ਜਾਪ ਤੇ ਹਵਨ ਕਰਕੇ ਪ੍ਰੀਵਾਰ ਤੋਂ ਵੱਡੀ ਮਾਤਰਾ ਵਿੱਚ ਨਕਦ ਪੈਸੇ ਤੇ ਹੋਰ ਤੋਹਫ਼ੇ ਪ੍ਰਾਪਤ ਕਰਕੇ ਆਪਣੇ ਡੇਰੇ ਨੂੰ ਤੁਰ ਜਾਂਦਾ। ਪਰ ਘਟਨਾਵਾਂ ਦਾ ਸਿਲਸਿਲਾ ਜਾਰੀ ਰਹਿੰਦਾ। ਜਦੋਂ ਪਰਿਵਾਰ ਵਾਲਿਆਂ ਨੇ ਇੱਕ ਤਾਂਤਰਿਕ ਨੂੰ ਕਿਹਾ, ‘‘ਹੁਣ ਅਸੀਂ ਤਰਕਸ਼ੀਲਾਂ ਨੂੰ ਪੰਜਾਬ ਤੋਂ ਲਿਆਵਾਂਗੇ।’’ ਤਾਂ ਉੁਹ ਕਹਿਣ ਲੱਗੇ, ‘‘ਇਹ ਬੜੀ ਸਖ਼ਤ ਚੀਜ਼ ਏ। ਤਰਕਸ਼ੀਲ ਤਾਂ ਕੀ ਉਨ੍ਹ੍ਹਾਂ ਦੇ ਬਾਪ ਵੀ ਇਸ ਭੂਤ ਨੂੰ ਕਾਬੂ ਵਿੱਚ ਨਹੀਂ ਕਰ ਸਕਣਗੇ।’’

ਜਗਦੇਵ ਕੰਮੋਮਾਜਰਾ ਤੇ ਮੈਂ ਇਸ ਕੇਸ ਦੀ ਪੜਤਾਲ ਕਰਨ ਲਈ ਲਗਭਗ ਸਾਢੇ  ਗਿਆਰਾਂ ਵਜੇ ਸਬੰਧਤ ਪ੍ਰੀਵਾਰ  ਦੇ ਘਰ ਬਸੰਤਪੁਰ ਜਾ ਪਹੁੰਚੇ। ਮੁਖੀ ਦੀ ਗੈਰ ਹਾਜ਼ਰੀ ਵਿੱਚ ਸਮੂਹ ਪ੍ਰੀਵਾਰ ਦੇ ਮੈਂਬਰਾਂ ਨੂੰ ਇਕੱਠੇ ਕੀਤਾ ਗਿਆ। ਉਨ੍ਹਾਂ ਨੂੰ ਅਸੀਂ ਕੁੱਝ ਹਦਾਇਤਾਂ ਦਿੱਤੀਆਂ ਅਤੇ ਵਿਸ਼ਵਾਸ਼ ਦਿਵਾਇਆ ਕਿ ਜੇ ਪ੍ਰੀਵਾਰ ਦੇ ਮੈਂਬਰ ਸਾਨੂੰ ਪੂਰਾ ਸਹਿਯੋਗ ਦੇਣਗੇ ਤਾਂ ਅੱਜ ਤੋਂ ਬਾਅਦ ਇਸ ਘਰ ਵਿੱਚ ਕੋਈ ਵੀ ਘਟਨਾ ਨਹੀਂ ਵਾਪਰੇਗੀ। ਸਮੂਹ ਪ੍ਰੀਵਾਰ ਨੇ ਸਾਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਪੂਰੇ ਪ੍ਰੀਵਾਰਕ ਮੈਂਬਰਾਂ ਦੀ ਲਿਸਟ ਬਣਾ ਕੇ ਅਸੀਂ ਘਟਨਾਵਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ। ਪੱਥਰਾਂ ਨੂੰ ਸੁੱਟ ਕੇ ਵੇਖਿਆ ਗਿਆ। ਘਟਨਾਵਾਂ ਸਮੇਂ ਵਿਅਕਤੀਆਂ ਦੇ ਬੈਠਣ ਦੀ ਸਥਿਤੀ ਅਤੇ ਪੱਥਰ ਵੱਜਣ ਦੀ ਸਥਿਤੀ ਨੂੰ ਵੀ ਪਰਖਿਆ ਗਿਆ। ਕੁੱਝ ਪਰਿਵਾਰਕ ਮੈਂਬਰਾਂ ਨਾਲ ਇੰਟਰਵਿਊ ਕਰਨ ਤੋਂ ਬਾਅਦ ਹੀ ਸਾਨੂੰ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਘਟਨਾਵਾਂ ਕਰਨ ਦੀ ਜ਼ਿੰਮੇਵਾਰ ਉਸ ਪ੍ਰੀਵਾਰ ਦੀ ਵੱਡੀ ਨੂੰਹ ਸੋਮ ਲਤਾ ਸੀ। ਜਿਸਨੇ ਥੋੜ੍ਹੀ ਜਿਹੀ ਨਾਂਹ ਨੁੱਕਰ ਤੋਂ ਬਾਅਦ, ਘਟਨਾਵਾਂ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਮੰਨ ਲਿਆ ਸੀ।

ਸੋਮਲਤਾ ਘਟਨਾਵਾਂ ਕਿਉਂ ਕਰਦੀ ਸੀ? : ਘਰ ਵਿੱਚ ਦੋ ਨੂੰਹਾਂ ਤੇ ਸੱਸ ਵਿਚਕਾਰ ਤਕਰਾਰ ਹਮੇਸ਼ਾਂ ਹੀ ਚਲਦਾ ਰਹਿੰਦਾ ਸੀ। ਕਦੇ ਕਦੇ ਇਹ ਤਕਰਾਰ ਤਿੱਖਾ ਰੂਪ ਵੀ ਧਾਰਨ ਕਰ ਲੈਂਦਾ ਸੀ, ਸੱਸ ਛੋਟੀ ਨੂੰਹ ਲਈ ਵੱਧ ਹਮਦਰਦੀ ਰੱਖਦੀ ਸੀ। ਕਦੇ ਕਦੇ ਉਹ ਵੱਡੀ ਨੂੰਹ ਸੋਮਲਤਾ ਨੂੰ ਕਹਿ ਵੀ ਦਿੰਦੀ ਸੀ, ‘‘ਛੋਟੀ ਨੂੰਹ ਸਵਿਤਾ ਤੇਰੇ ਨਾਲੋਂ ਵੱਧ ਕੰਮ ਕਰਦੀ ਹੈ।’’ ਬੱਸ ਇਹ ਸ਼ਬਦ ਸੋਮਲਤਾ ਦੇ ਹਿਰਦੇ ਵਿੱਚ ਭਾਂਬੜ ਬਣ ਉਠਦੇ। ਸਿੱਟੇ ਵਜੋਂ ਉਹ ਅਰਧ ਪਾਗਲ ਹੋ ਜਾਂਦੀ। ਆਪਣੀ ਇਸ ਮਾਨਸਿਕ ਹਾਲਤ ਦੀ ਉਲਝਾਈ ਉਹ ਬਹੁਤ ਹੀ ਚੌਕੰਨੀ ਹੋ ਕੇ ਘਟਨਾਵਾਂ ਕਰਨ ਲੱਗ ਜਾਂਦੀ। ਕਿਉਂਕਿ ਜਿਹਨਾਂ ਪਰਿਵਾਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ, ਉਹ ਪੂਰੇ ਦੇ ਪੂਰੇ ਪਰਿਵਾਰ ਸਾਰੀਆਂ ਘਟਨਾਵਾਂ ਨੂੰ ਭੂਤਾਂ ਪ੍ਰੇਤਾਂ ਵੱਲੋਂ ਹੋਈਆਂ ਸਮਝਣ ਦੇ ਆਦੀ ਹੋ ਜਾਂਦੇ ਹਨ। ਹਰ ਘਟਨਾ ਉੁਨ੍ਹਾਂ ਨੂੰ ਭੂਤਾਂ ਪ੍ਰੇਤਾਂ ਵੱਲੋਂ ਕੀਤੀ ਗਈ ਹੀ ਜਾਪਦੀ ਹੈ। ਇਨ੍ਹਾਂ ਦੇ ਮੁਕਾਬਲੇ ਅਸੀਂ ਤਰਕਸ਼ੀਲ ਇਸ ਗੱਲ ਦੇ ਆਦੀ ਹੋ ਜਾਂਦੇ ਹਾਂ ਕਿ ਹਰ ਘਟਨਾ ਕਿਸੇ ਨਾ ਕਿਸੇ ਮਨੁੱਖ ਵੱਲੋਂ ਹੁੰਦੀ ਹੈ। ਇਹ ਸੱਚ ਵੀ ਹੈ। ਇੱਕ ਪੱਥਰ ਕਿਸੇ ਬਲ ਤੋਂ ਬਗੈਰ ਇੱਕ ਇੰਚ ਦੀ ਦੂਰੀ ਤੇ ਵੀ ਨਹੀਂ ਜਾ ਸਕਦਾ।

ਉਂਝ ਵੇਖਿਆ ਜਾਵੇ ਕਿ ਪੱਥਰ ਸੁੱਟਣ ਲਈ ਬਲ ਦੀ ਲੋੜ ਹੁੰਦੀ ਹੈ। ਜੋ ਪੱਠਿਆਂ ਵਿੱਚ ਹੀ ਹੋ ਸਕਦਾ ਹੈ। ਪੱਠਿਆਂ ਵਿੱਚ ਖੂਨ ਦਾ ਦੌਰਾ ਜ਼ਰੂਰੀ ਹੁੰਦਾ ਹੈ। ਖੂਨ ਦਾ ਦੌਰਾ ਦਿਲ ਦੁਆਰਾ ਹੀ ਹੋ ਸਕਦਾ ਹੈ ਅਤੇ ਦਿਲ ਵੀ ਦਿਮਾਗ ਤੋਂ ਬਗੈਰ ਕੰਮ ਨਹੀਂ ਕਰ ਸਕਦਾ। ਸੋ ਸਪੱਸ਼ਟ ਹੈ ਕਿ ਭੂਤ ਪ੍ਰੇਤ ਅੰਧਵਿਸ਼ਵਾਸ਼ੀ ਮਨੁੱਖੀ ਸਰੀਰਾਂ ਵਿੱਚ ਹੀ ਰਹਿ ਸਕਦੇ ਹਨ। ਇਸ ਤੋਂ ਬਾਹਰ ਇਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ। ਜੋ ਵਿਅਕਤੀ ਤਰਕ ਨਾਲ ਜਿਉਣਾ ਸਿੱਖ ਜਾਂਦੇ ਹਨ,ਉਨ੍ਹ੍ਹਾਂ ਦਾ ਭੂਤਾਂ ਪ੍ਰੇਤਾਂ ਵਿੱਚੋਂ ਯਕੀਨ ਖ਼ਤਮ ਹੋ ਜਾਂਦਾ ਹੈ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>