ਸੂਰਬੀਰ ਯੋਧਾ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ

ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਤੇ ਪਹਿਚਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਵੀ ਬੇਹੱਦ ਮੁਸੀਬਤਾਂ ਅਤੇ ਚੁਣੌਤੀਆਂ ਦੇ ਪਰਛਾਵੇਂ ਹੇਠ ਬਤੀਤ ਹੋਇਆ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਸ਼ਾਦੀ ਬੀਬੀ ਜਿੰਦਾਂ ਨਾਲ ਸੰਨ 1835 ਈ:  ਵਿੱਚ ਹੋਈ ਸੀ। ਬੀਬੀ ਜਿੰਦਾਂ ਨੂੰ ਬਾਅਦ ਵਿਚ ਮਹਾਰਾਣੀ ਜਿੰਦ ਕੌਰ ਦੇ ਨਾਮ ਨਾਲ ਵੀ ਜਾਣਿਆਂ ਜਾਣ ਲੱਗਾ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ (ਮਹਾਰਾਜਾ) ਦਲੀਪ ਸਿੰਘ ਦਾ ਜਨਮ 6 ਸਤੰਬਰ, 1838 ਈ: ਵਾਲੇ ਦਿਨ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ ਸੀ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ।

ਸੰਨ 1839 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋˆ ਨਿੱਜੀ ਮਨੋਰਥਵਾਦੀਆਂ ਵਲੋਂ ਰਾਜ ਹਥਿਆਉਣ ਲਈ ਚਾਰ ਸਾਲਾਂ ਦੇ ਅੰਦਰ-ਅੰਦਰ ਹੀ ਖ਼ਾਲਸਾ ਰਾਜ ਦੇ ਤਿੰਨ ਉੱਤਰਾਧਿਕਾਰੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ 10 ਸਾਲ ਦੇ ਅੰਦਰ-ਅੰਦਰ ਹੀ ਗੱਦਾਰ ਅਤੇ ਖੁਦਗਰਜ਼ ਦਰਬਾਰੀਆਂ ਤੇ ਸਿੱਖ ਫੌਜ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਸ ਵਜੋਂ 16 ਸਤੰਬਰ 1843 ਵਾਲੇ ਦਿਨ ਤਾਜਪੋਸ਼ੀ ਹੋਈ ਅਤੇ ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ।

ਇੱਥੇ ਵਰਨਣ ਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਡੋਗਰਿਆਂ ਦਾ ਅਹਿਮ ਰੋਲ ਤੇ ਪ੍ਰਭਾਵ ਰਿਹਾ ਸੀ। ਸਮਾਂ ਮਿਲਣ ‘ਤੇ ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿੱਟੇ ਵਜੋਂ ਸਿੱਖ ਰਾਜ ਦੀਆਂ ਸ਼ਾਮਾਂ ਦਾ ਸਮਾਂ ਬਹੁਤ ਨੇੜੇ ਆਉਣ ਲੱਗਾ। ਡੋਗਰਿਆਂ ਦੀਆਂ ਸਾਜਿਸ਼ਾਂ ਸਦਕਾ ਸਿੱਖ ਫੌਜਾਂ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁੱਕੀਆਂ ਸਨ। ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿੱਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੀਆਂ ਸਨ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖ਼ਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਛੱਡਿਆ ਸੀ।

ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ‘ਚੋਂ ਬਾਹਰ ਕੱਢ ਸਕਦੇ ਹਨ। ਦਰਦ ਭਰੀ ਚਿੱਠੀ ਪੜ੍ਹ ਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ‘ਤੇ ਕੱਫਣ ਬੰਨ੍ਹਿਆ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।

ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸ. ਸ਼ਾਮ ਸਿੰਘ ਨੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।

ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਸਪਲਾਈ ਬੰਦ ਕਰ ਦਿੱਤੀ ਗਈ। ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ ‘ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਹੋਏ ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ ਵੀ ਕੁਦਰਤੀ ਸੀ। ਇਸ ਸੰਕਟ ਦੇ ਸਮੇਂ ਖ਼ਾਲਸਈ ਫੌਜਾਂ ਨੂੰ ਡਰ ਦੇ ਮਾਰੇ ਬਹੁਤੇ ਜਨ ਸਾਧਾਰਨ ਸਿੱਖਾਂ ਦੀ ਹਮਾਇਤ ਵੀ ਨਾ ਹਾਸਿਲ ਹੋਈ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਦੀ ਅੰਤ ਨੂੰ ਹਾਰ ਹੋ ਗਈ। ਸ਼ਾਹ ਮੁਹੰਮਦ ਲਿਖਦਾ ਹੈ:

“ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ,..
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’

ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ, 1846 ਨੂੰ ਉਹਨਾਂ ਦੀ ਸੁਪਤਨੀ ਦੀ ਚਿਖਾ ਦੇ ਨੇੜੇ ਹੀ ਕਰ ਦਿੱਤਾ ਗਿਆ।

ਬਹੁਤਾ ਕਰਕੇ ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ਼-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਹੁੰਦੇ  ਤਾਂ ਲੜਾਈ ਦੇ ਸਿੱਟੇ ਕੋਈ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੀ ਹੋਣਾ ਸੀ।

ਸਭਰਾਵਾਂ ਦੀ ਜੰਗ ‘ਚ ਹੋਈ ਹਾਰ ਤੋਂ ਕੁਝ ਸਮਾਂ ਪਿੱਛੋਂ ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਸਤ ਵਜੋਂ ਹਟਾ ਦਿੱਤਾ ਗਿਆ। ਦਲੀਪ ਸਿੰਘ ਤੋˆ ਬਾਦਸ਼ਾਹੀ ਖੋਹ ਲਈ ਗਈ ਤੇ ਖ਼ਾਲਸਾ ਰਾਜ ਦੀ ਸਾਰੀ ਸੰਪਤੀ ਜ਼ਬਤ ਕਰ ਲਈ ਗਈ। 29 ਮਾਰਚ 1849 ਵਾਲੇ ਦਿਨ 10 ਸਾਲਾ ਮਹਾਰਾਜਾ ਦਲੀਪ ਸਿੰਘ ਪਾਸੋਂ ਇੱਕ ਦਸਤਾਵੇਜ਼ ਉੱਪਰ ਦਸਤਖ਼ਤ ਕਰਵਾ ਲਏ ਗਏ ਅਤੇ ਇਸ ਪੰਜਾਬ ਉੱਪਰ ਪੂਰਨ ਤੌਰ ‘ਤੇ ਬ੍ਰਿਟਿਸ਼ ਰਾਜ ਕਾਇਮ ਹੋ ਗਿਆ।

ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੰਨ 1850 ਵਿੱਚ ਫਿਰੰਗੀਆਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫ਼ਤਹਿਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ। ਉਸ ਲਈ ਫ਼ਾਰਸੀ, ਪੰਜਾਬੀ ਤੇ ਅੰਗ੍ਰੇਜੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 1854 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ, ਜਿਥੇ ਉਸ ਦਾ ਧਰਮ ਤਬਦੀਲ ਕਰਕੇ ਉਸ ਨੂੰ ਪੂਰੀ ਤਰ੍ਹਾਂ ਈਸਾਈ ਧਰਮ ਵਿੱਚ ਸ਼ਾਮਿਲ ਕਰ ਲਿਆ ਗਿਆ। ਥੋੜ੍ਹੇ ਸਮੇਂ ਵਿੱਚ ਹੀ ਦਲੀਪ ਸਿੰਘ ਮਹਾਰਾਣੀ ਵਿਕਟੋਰੀਆ ਦਾ ਮਨ ਪਸੰਦ ਸ਼ਹਿਜ਼ਾਦਾ ਬਣ ਗਿਆ ਅਤੇ ਉਸ ਨੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ।

ਕਹਿੰਦੇ ਨੇ ਕਿ ਮੁਸੀਬਤਾਂ ਕਦੇ ਵੀ ਇਕੱਲੀਆਂ ਨਹੀਂ ਆਇਆ ਕਰਦੀਆਂ। ਇੱਧਰ ਪੰਜਾਬ ਵਿੱਚ ਫਿਰੰਗੀਆਂ ਵਲੋਂ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ ਤੇ ਫਿਰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ, ਜਿੱਥੇ ਉਹ ਜੇਲ੍ਹ ਵਿੱਚੋਂ ਕਿਸੇ ਢੰਗ-ਤਰੀਕੇ ਨਾਲ ਬਚ ਨਿਕਲੀ ਅਤੇ ਨੇਪਾਲ ਵਿੱਚ ਦਰ-ਬ-ਦਰ ਧੱਕੇ ਖਾਂਦੀ ਹੋਈ ਤਕਰੀਬਨ ਅੰਨ੍ਹੀ ਹੀ ਹੋ ਗਈ ਤੇ ਮੰਗਤਿਆਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਗਈ। ਆਪਣਿਆ ਤੇ ਪਰਾਇਆਂ ਦੀਆਂ ਸਾਜਿਸ਼ਾਂ ਅਧੀਨ ਉਸ ਨੂੰ ਬਦਨਾਮ ਕੀਤਾ ਗਿਆ ਪਰ ਉਸ ਨੇ ਹੌਸਲਾ ਨਾ ਛੱਡਿਆ ਤੇ ਆਖਿਰ ਆਪਣੇ ਵਤਨ ਦੀ ਸੁੱਖ ਮੰਗਦਿਆਂ ਉਹ ਆਪਣੇ ਪੁੱਤਰ ਦਲੀਪ ਸਿੰਘ ਨਾਲ 1861 ਵਿੱਚ ਇੰਗਲੈਂਡ ਚਲੇ ਗਈ, ਜਿੱਥੇ ਉਹ ਪਹਿਲੀ ਅਗਸਤ 1863 ਵਾਲੇ ਦਿਨ 46 ਸਾਲਾ ਉਮਰ ਭੋਗ ਕੇ (1817 ਤੋˆ 1 ਅਗਸਤ 1863) ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।

ਆਪਣੀ ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਪੰਜਾਬ ਵਿੱਚ ਆਪਣੇ ਪਿਤਾ ਦੇ ਨੇੜੇ ਲਾਹੌਰ ਵਿਖੇ ਕਰਨਾ ਚਾਹੁੰਦਾ ਸੀ ਪਰ ਗੋਰਾ ਸਰਕਾਰ ਵਲੋਂ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਗਈ, ਜਿਸ ਕਰਕੇ ਉਸ ਨੂੰ ਆਪਣੀ ਮਾਂ ਦਾ ਸਸਕਾਰ ਮੁੰਬਈ ਦੇ ਨੇੜੇ ਨਾਸਿਕ ਵਿਖੇ ਗੋਦਾਵਰੀ ਦਰਿਆ ਦੇ ਕੰਢੇ ਹੀ ਕਰਨਾ ਪਿਆ। ਸਮਾਂ ਪਾ ਕੇ ਮਹਾਰਾਣੀ ਜਿੰਦਾਂ ਦੀਆਂ ਆਸ਼ਾਵਾਂ ਨੂੰ ਉਦੋਂ ਬੂਰ ਪਿਆ ਜਦੋਂ ਆਪਣੀ ਦਾਦੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਪਰਿੰਸੈਸ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਦੀਆਂ ਅਸਥੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਮੈਮੋਰੀਅਲ ਵਿਖੇ ਭੇਂਟ ਕਰ ਹੀ ਦਿੱਤੀਆਂ।

ਭਾਵੇਂ ਫਿਰੰਗੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਮਕੜੀ ਜਾਲ ਵਿੱਚ ਖੂਬ ਫਸਾ ਲਿਆ ਸੀ ਪਰ ਤਵਾਰੀਖ਼ ਨੇ ਆਖਰ ਐਸਾ ਪਲਟਾ ਮਾਰਿਆ ਕਿ 25 ਮਈ 1886 ਨੂੰ ਅਦਨ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕ ਕੇ ਮੁੜ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਕਰਦਾ ਹੋਇਆ ਆਖਿਰ 22 ਅਕਤੂਬਰ 1893 ਵਾਲੇ ਦਿਨ ਪੈਰਿਸ (ਫਰਾਂਸ) ਵਿਖੇ ਗੁਰਬਤ ਦੀ ਜ਼ਿੰਦਗੀ ਨਾਲ ਲੜ੍ਹਦਾ ਹੋਇਆ ਇਕ ਛੋਟੇ ਜਿਹੇ ਹੋਟਲ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਕੁਦਰਤ ਦਾ ਐਸਾ ਭਾਣਾ ਵਾਪਰਿਆ ਕਿ ਸਿੱਖ ਰਾਜ ਦੇ ਆਖਰੀ ਮਹਾਰਾਜੇ ਨੂੰ ਆਪਣੇ ਹੀ ਵਤਨ ਪੰਜਾਬ ਵਿੱਚ ਸਸਕਾਰ ਵਾਸਤੇ ਕੋਈ ਥਾਂ ਵੀ ਨਸੀਬ ਨਾ ਹੋ ਸਕੀ।

ਸਾਨੂੰ ਆਪਣੇ ਇਨ੍ਹਾਂ ਪੁਰਖਿਆਂ ਜੋ ਕਿ ਖ਼ਾਲਸਈ ਆਨ-ਸ਼ਾਨ ਅਤੇ ਪ੍ਰਭੂਸੱਤਾ ਲਈ ਜੂਝੇ, ਦੀਆਂ ਕੁਰਬਾਨੀਆਂ ਤੇ ਘਾਲਣਾਵਾਂ ਨੂੰ ਸਦਾ ਲਈ ਆਪਣੇ ਚੇਤਿਆਂ ‘ਚ ਵਸਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਾ ਸੁਨਹਿਰੀ ਤੇ ਲਾਸਾਨੀ ਇਤਿਹਾਸ ਸਾਡਾ ਮਾਰਗ-ਦਰਸ਼ਨ ਕਰਦਾ ਹੈ ਅਤੇ ਆਪਣੇ ਵਤਨ ਤੇ ਕੌਮੀ ਆਭਾ ਖਾਤਰ ਜੂਝਣ ਦੀ ਪ੍ਰੇਰਨਾ ਦਿੰਦਾ ਰਹੇ।
ਜਥੇਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੇ ਸ਼ਹੀਦੀ ਸਥਾਨ ਤੇ ਮੌਜੂਦਾ ਸਮੇਂ ਬਾਬਾ ਸ਼ਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਸੇਵਾ ਕਰਵਾਈ ਜਾ ਰਹੀ ਹੈ। ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ 10 ਫਰਵਰੀ ਨੂੰ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ, ਸਮਾਗਮ ਦੇ ਦੌਰਾਨ ਗਤਕਾ, ਕਬੱਡੀ ਤੋਂ ਇਲਾਵਾ ਹੋਰ ਖੇਡਾਂ ਵੀ ਕਰਵਾਈਆਂ ਜਾਂਦੀਆ ਹਨ । ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਬਣੀ ਹੋਈ । ਜਥੇਦਾਰ ਅਟਾਰੀਵਾਲਾ ਦੇ  ਨਾਮ ‘ਤੇ ਪਿੰਡ ਸਭਰਾ ਵਿਖੇ ਸਕੂਲ ਬਣਾਇਆ ਹੋਇਆ ਜਿਸ ਵਿਚ ਅਨੇਕਾਂ ਹੀ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ ।  ਕਾਰ ਸੇਵਾ ਵੱਲੋਂ ਬਹੁਤ ਬੱਚਿਆਂ ਨੂੰ ਮੁਫਤ ਵਿਦਿਆ ਦਿੱਤੀ ਜਾ ਰਹੀ ਵਿਦਿਆ ਦੇ ਨਾਲ-ਨਾਲ ਉਹਨਾਂ ਨੂੰ ਗੁਰਮਤਿ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>