ਹੱਕ ਲਈ ਲੜਿਆ ਸੱਚ – (ਭਾਗ-30)

ਅੱਜ ਬਹੁਤ ਦਿਨਾਂ ਪਿੱਛੋਂ ਜਦੋਂ ਦੀਪੀ ਦਿਲਪ੍ਰੀਤ ਨੂੰ ਮਿਲੀ ਤਾਂ ੳਦਾਸੀ ਵਿਚ ਲਿਪਟੀ ਦਿਸੀ। ਦਿਲਪ੍ਰੀਤ ਨੇ ਉਸ ਨੂੰ ਦੇਖਦੇ ਸਾਰ ਹੀ ਕਿਹਾ, “ਵੇਲਾ ਸਿੰਘ ਫੁੱਫੜ ਜੀ ਦੇ ਪੂਰੇ ਹੋਣ ਦਾ ਅਫਸੋਸ ਕਰਨ ਆਉਣਾ ਸੀ, ਪਰ ਘਰ ਦੇ ਨਹੀਂ ਮੰਨੇ।”

“ਭੂਆ ਮਿੰਦੀ ਨੇ ਦੱਸਿਆ ਸੀ ਕਿ ਤੁਸੀ ਆਉਣਾ ਚਾਹੁੰਦੇ ਸੀ।”

“ਮੰਮੀ ਹੋਰੀ ਦੱਸਦੇ ਸਨ ਕਿ ਤੁਸੀ ਸਾਰਿਆਂ ਨੇ ਹੀ ਫੁੱਫੜ ਜੀ ਨੂੰ ਹੋਸ਼ ਲਿਆਉਣ ਲਈ ਬਥੇਰੀ ਨੱਠ ਭੱਜ ਕੀਤੀ।”

“ਪਰ, ਜੋ ਰੱਬ ਨੂੰ ਮਨਜੂਰ ਸੀ ਉਹ ਹੀ ਹੋਣਾ ਸੀ।”

“ਤੇਰੇ ਦਾਦਾ ਜੀ ਵੀ ਉਦਾਸ ਹੋਣੇ ਨੇ ਭਰਾ ਦੇ ਵਿਛੋੜੇ ਨਾਲ।”

“ਉਹ ਤਾਂ ਮੋਰਚੇ ਵਿਚ ਜਾਣਾ ਚਾਹੁੰਦੇ ਸਨ, ਪਰ ਤਾਇਆ ਜੀ ਦੇ ਗੁਜ਼ਰ ਜਾਣ ਨਾਲ ਚੁੱਪ ਜਿਹੇ ਹੋ ਗਏ।”

“ਜੇ ਉਹ ਜਾਣਾ ਚਾਹੁੰਦੇ ਨੇ ਤਾਂ ਜਾਣ ਦਿਉ, ਉਧਰ ਬਿਜ਼ੀ ਹੋਣ ਨਾਲ ਭਰਾ ਦੇ ਤੁਰ ਜਾਣ ਦਾ ਗਮ ਵੀ ਘਟੇਗਾ।”

“ਮੈਨੂ ਲੱਗਦਾ ਹੈ ਕਿ ਜਦੋਂ ਅਗਲਾ ਜ¤ਥਾ ਜਾਵੇਗਾ ਤਾਂ ਉਹ ਸ਼ਾਹਿਦ ਉਸ ਨਾਲ ਜਾਣ।”

“ਪਤਾ ਨਹੀਂ ਗ੍ਰਿਫਤਾਰੀਆਂ ਦੇਣ ਨਾਲ ਪੰਜਾਬ ਦਾ ਕੁਝ ਫਾਇਦਾ ਹੋਵੇਗਾ ਜਾਂ ਨਹੀਂ।” ਦਿਲਪ੍ਰੀਤ ਨੇ ਸੰਤਰਿਆ ਦੇ ਬਾਗ ਵੱਲ ਜੋ ਦੀਪੀ ਦੇ ਕਾਲਜ ਦੇ ਖੱਬੇ ਪਾਸੇ ਹਨ, ਜਾਂਦੇ ਹੋਏ ਕਿਹਾ, “ਕਿਤੇ ਪੰਜਾਬ ਦਾ ਹੋਰ ਨੁਕਸਾਨ ਨਾ ਹੋ ਜਾਵੇ।”

ਇਹਨਾਂ ਗੱਲਾਂ ਤੋਂ ਦੀਪੀ ਨੂੰ ਪਤਾ ਲੱਗ ਗਿਆ ਕਿ ਦਿਲਪ੍ਰੀਤ ਉਸ ਦਾ ਦਿਲ ਹੋਰ ਪਾਸੇ ਪਾਉਣ ਦਾ ਯਤਨ ਕਰ ਰਿਹਾ ਹੈ। ਦੀਪੀ ਇਹ ਵੀ ਗੱਲ ਜਾਣਦੀ ਸੀ ਕਿ ਦਿਲਪ੍ਰੀਤ ਤੋਂ ਉਸ ਦੀ ਉਦਾਸੀ ਸਹਾਰ ਨਹੀ ਹੁੰਦੀ। ਇਸ ਕਰਕੇ ਉਹ ਦਿਲਪ੍ਰੀਤ ਦੇ ਮਗਰ ਹੀ ਬਾਗ ਨੂੰ ਹੋ ਤੁਰੀ।

ਨਰਮ ਘਾਹ ਤੇ ਬੈਠਦੇ ਹੋਏ ਦਿਲਪ੍ਰੀਤ ਨੇ ਕਿਹਾ, “ਕੱਲ ਡੈਡੀ ਨੇ ਮੈਨੂੰ ਕਿਹਾ ਕਿ ਹੁਣ ਤੁਹਾਡਾ ਵਿਆਹ ਹੋ ਜਾਣਾ ਚਾਹੀਦਾ ਹੈ।”

“ਕਿਤੇ ਉਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ, ਆਪਣੀਆਂ ਮੁਲਾਕਾਤਾਂ ਬਾਰੇ।”

“ਹੋਰ ਤੇਰਾ ਕੀ ਖਿਆਲ ਹੈ ਕਿ ਉੁਹਨਾ ਤੋਂ ਕੁਝ ਗੁੱਝਾ ਆ।”

“ਪਰ ਮੈਂ ਕਦੀ ਨਹੀਂ ਦੱਸਿਆ ਆਪਣੇ ਮੰਮੀ ਡੈਡੀ ਨੂੰ ਕਿ ਮੈਂ ਤਹਾਨੂੰ ਮਿਲ਼ਦੀ ਹਾਂ।”

“ਜੇ ਦੱਸ ਵੀ ਦੇਵੇ ਤਾਂ ਉਹਨਾ ਨੂੰ ਫ਼ਰਕ ਨਹੀ ਪੈਣਾ ਚਾਹੀਦਾ, ਆਪਾਂ ਇਕ ਦਿਨ ਵਿਆਹ ਤਾਂ ਕਰਵਾ ਹੀ ਲੈਣਾ ਹੈ।”

“ਨਾਂ ਨਾਂ ਮੇਰੀ ਦਾਦੀ ਨੇ ਤਾਂ ਮੈਨੂੰ ਜਾਨੋ ਮਾਰ ਦੇਣਾ ਆ।”

“ਪੁਰਾਣੇ ਬਜ਼ੁਰਗ ਤਾਂ ਜਿਵੇਂ ਉਹਨਾ ਨੇ ਆਪਣੇ ਦਿਨ ਗੁਜ਼ਾਰੇ ਹੁੰਦੇ ਸਨ ਉਂਝ ਹੀ ਸੋਚਦੇ ਆ।”

“ਮੇਰੇ ਬੀਜੀ ਦੀ ਤਾਂ ਹੈ ਵੀ ਅਲੱਗ ਹੀ ਕਹਾਣੀ।”

“ਉਹ ਕਿਵੇ?”

“ਇਸ ਗੱਲ ਦਾ ਜਿਕਰ ਮੇਰੇ ਕੋਲ ਗਿਆਨ ਕੌਰ ਤਾਈ ਨੇ ਹੀ ਕੀਤਾ ਸੀ।” ਦੀਪੀ ਨੇ ਦੱਸਣਾ ਸ਼ੁਰੂ ਕੀਤਾ, “ਬੀਜੀ ਦਾ ਦਾਦਾ ਜੀ ਦੇ ਵੱਡੇ ਭਰਾ ਨਾਲ ਵਿਆਹ ਹੋਇਆ ਸੀ, ਬੀਜੀ ਦੀ ਉਮਰ ਕਾਫੀ ਛੋਟੀ ਸੀ। ਘਰਦਿਆ ਮੁਕਲਾਵਾ ਅਜੇ ਨਹੀ ਸੀ ਤੋਰਿਆ ਕਿ ਉਹਨਾ ਦੇ ਪਤੀ ਨੂੰ ਜੰਗ ਤੇ ਜਾਣ ਲਈ ਸੱਦਾ ਆ ਗਿਆ।”

“ਉਹ ਫੌਜ ਵਿਚ ਸਨ।”

“ਉਹ ਅੰਗਰੇਜ਼ਾ ਦੀ ਫੌਜ਼ ਵਿਚ ਭਰਤੀ ਸਨ।”

“ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਦੀ ਗੱਲ ਲੱਗਦੀ ਆ।”

“ਹਾਂ ਹਾਂ ਉਸ ਟਾਈਮ ਦੀ ਹੀ ਗੱਲ ਕਰ ਰਹੀ ਹਾਂ, ਦਾਦੀ ਜੀ ਦੇ ਪਤੀ ਨੇ ਦਾਦੀ ਜੀ ਨੂੰ ਦੇਖਿਆ ਤਾਂ ਹੈ ਨਹੀਂ ਸੀ, ਉਹਨਾਂ ਆਪਣੇ ਘਰਦਿਆਂ ਨੂੰ ਕਿਹਾ ਕਿ ਲੜਾਈ ਲਈ ਜਾ ਰਿਹਾ ਹਾਂ, ਕੀ ਪਤਾ, ਕੀ ਹੋਵੇ, ਮੈਨੂੰ ਇਕ ਵਾਰੀ ਉਸ ਦਾ ਮੂੰਹ ਤਾਂ ਦਿਖਾ ਦਿਉ, ਜੋ ਮੇਰੇ ਲੜ ਲਾਈ ਹੈ।”

“ਘਰ ਦੇ ਮੰਨ ਗਏ।”

“ਜਦੋਂ ਜੰਗ ਨੂੰ ਜਾਣਾ ਸੀ ਤਾਂ ਰਸਤੇ ਵਿਚ ਹੀ ਦਾਦੀ ਜੀ ਦਾ ਪਿੰਡ ਪੈਂਦਾ ਸੀ, ਉੱਥੇ ਜਾਂਦੇ ਹੋਇਆ ਨੇ ਹੀ ਦਾਦੀ ਜੀ ਨੂੰ ਦੇਖਿਆ ਅਤੇ ਇਕ ਕੜਾ ਦਾਦੀ ਜੀ ਨੂੰ ਦਿੱਤਾ ਅਤੇ ਕਿਹਾ ਕਿ ਪਤਾ ਨਹੀ ਮੈਂ ਜੰਗ ਵਿਚ ਸ਼ਹੀਦ ਹੋ ਜਾਵਾਂ ਜਾਂ ਮੁੜਾਂ ਪਰ ਤੂੰ ਇਹ ਕੜਾ ਸੰਭਾਲ ਕੇ ਰੱਖੀਂ, ਮੇਰੀ ਨਿਸ਼ਾਨੀ ਵਜੋਂ।”

“ਫਿਰ ਉਹ ਜੰਗ ਵਿਚ ਸ਼ਹੀਦ ਹੋ ਗਏ?” ਦਿਲਪ੍ਰੀਤ ਨੇ ਪੁੱਛਿਆ, “ਤੇ ਤੇਰੇ ਦਾਦਾ ਜੀ ਨਾਲ ਦਾਦੀ ਜੀ ਦਾ ਦੁਬਾਰਾ ਵਿਆਹ ਕਰ ਦਿੱਤਾ।”

“ਹਾਂ, ਇੰਜ ਹੀ ਹੋਇਆ।”

“ਵੈਸੇ ਆਪਣੇ ਵੱਡੇ ਵੱਡੇਰਿਆਂ ਨੇ ਬੜੇ ਔਖੇ ਟਾਈਮ ਗੁਜ਼ਾਰੇ।”

“ਹੁਣ ਜਦੋਂ ਦਾਦਾ ਜੀ ਮੋਰਚੇ ਵਿਚ ਜਾਣ ਦੀ ਗੱਲ ਕਰਦੇ ਹਨ ਤਾਂ ਦਾਦੀ ਜੀ ਨੂੰ ਉਹਨਾ ਦਾ ਜਾਣਾ ਚੰਗਾ ਨਹੀ ਲੱਗਦਾ।”

“ਦਾਦਾ ਜੀ, ਨਾਂ ਜਾਣ।”

“ਪਰ ਉਹਨਾ ਕਿੱਥੇ ਮੰਨਣਾ।” ਦੀਪੀ ਨੇ ਦੱਸਿਆ, “ਉਦਾਂ ਤਾਂ ਸ਼ਾਇਦ ਮੰਨ ਹੀ ਜਾਂਦੇ, ਪਰ ਜਦੋਂ ਤੋਂ ਸਰਦਾਰ ਕਪੂਰ ਸਿੰਘ ਦੀ ਲਿਖੀ ਕਿਤਾਬ ਸਾਚੀ ਸਾਖੀ ਪੜ੍ਹੀ ਹੈ, ੳਦੋਂ ਦੇ ਤਾਂ ਬਹੁਤ ਹੀ ਉਤਾਵਲੇ ਨੇ।”

“ਵੈਸੇ ਤਾਂ ਮੈਂ ਵੀ ਐਮ, ਏ ਦੀ ਕਲਾਸ ਵਿਚ ਪੜ੍ਹਿਆ ਹੈ ਕਿ ਨਹਿਰੂ ਅਤੇ ਗਾਂਧੀ ਨੇ ਪੰਜਾਬੀਆਂ ਨਾਲ ਕਿਵੇਂ ਗਦਾਰੀ ਕੀਤੀ, ਪਰ ਮੈਂ ਵੀ ‘ਸਾਚੀ ਸਾਖੀ’ ਪੜ੍ਹਨਾ ਚਾਹੁੰਦਾ ਹਾਂ।”

“ਤਹਾਨੂੰ ਪਤਾ ਹੀ ਹੋਵੇਗਾ ਕਿ ਸਰਕਾਰ ਨੇ ਇਸ ਕਿਤਾਬ ਨੂੰ ਪੜ੍ਹਨ ਅਤੇ ਵੇਚਨ ਤੇ ਰੋਕ ਲਵਾ ਦਿੱਤੀ ਹੈ।”

“ਸੱਚਾਈ ਨੂੰ ਬਹੁਤਾ ਚਿਰ ਤਾਂ ਲੋਕਇਆ ਨਹੀਂ ਜਾ ਸਕਦਾ।”

ਉਹ ਦੋਨੋ ਆਪਣੀਆਂ ਗੱਲਾਂ ਵਿਚ ਐਨੇ ਰੁੱਝੇ ਹੋਏ ਸਨ ਕਿ ਸਿਮਰੀ ਦੇ ਆਉਣ ਦਾ ਉਹਨਾਂ ਨੂੰ ਪਤਾ ਵੀ ਨਾ ਲੱਗਾ। ਉਹ ਚੁੱਪ-ਚਾਪ ਹੌਲੀ ਹੌਲੀ ਆ ਕੇ ਉਹਨਾ ਦੇ ਪਿੱਛੇ ਖਲੋ ਗਈ ਤਾਂ ਜੋ ਉਹਨਾ ਦੀਆਂ ਰੁਮਾਟਿਕ ਗੱਲਾਂ ਸੁਣ ਸਕੇ। ਪਰ ਜਦੋਂ ਉਸ ਨੇ ਉਹਨਾਂ ਦੀਆਂ ਉੱਪਰ ਵਾਲੀਆਂ ਗੱਲਾਂ ਸੁਣੀਆਂ ਤਾਂ ਬੋਲ ਉੱਠੀ, “ਮੈ ਤਾਂ ਚੋਰੀ ਤੁਹਾਡੀਆਂ ਗੱਲਾਂ ਸੁਨਣ ਲੱਗ ਪਈ ਕਿ ਕੋਈ ਪਿਆਰ ਮੁੱਹਬਤ ਦੀਆਂ ਗੱਲਾਂ ਕਰਦੇ ਹਵੋਗੇ, ਪਰ ਤੁਸੀ ਤਾਂ ਹੋਰ ਹੀ ਬੋਰਿੰਗ ਜਿਹਾ ਵਿਸ਼ਾ ਛੇੜਿਆ ਹੋਇਆ ਹੈ।”

“ਚੱਲ ਤੂੰ ਹੀ ਕੋਈ ਦਿਲਚਸਪ ਗੱਲ ਸੁਣਾ ਦੇ।” ਦਿਲਪ੍ਰੀਤ ਨੇ ਛੇੜਦੇ ਹੋਏ ਕਿਹਾ, “ਪਿਆਰ ਮੁੱਹਬਤ ਦੀਆਂ ਗੱਲਾਂ ਕਰਨੀਆਂ ਹੀ ਸਿਖਾ ਦੇ।”

“ਮੈ ਅੱਗੇ ਵੀ ਦੇਖਿਆ, ਜਦੋਂ ਤੁਸੀ ਦੋਵੇ ਇਕੱਠੇ ਹੁੰਦੇ ਹੋ ਗੰਭੀਰ ਹੀ ਰਹਿੰਦੇ ਹੋ।”

“ਤੇਰਾ ਕੀ ਖਿਆਲ ਅਸੀ ਲੁੱਡੀਆਂ ਪਾਈਏ।” ਦਿਲਪ੍ਰੀਤ ਨੇ ਫਿਰ ਟੋਣਾ ਲਾਇਆ, “ਜਾਂ ਹਿੰਦੀ ਫਿਲਮਾਂ ਵਾਂਗ ਗਾਣਾ ਗਾਈਏ।”

“ਉਹ ਗੱਲਾਂ ਕਰਿਆ ਕਰੋ ਤਾਂ ਜੋ ਆਮ ਪ੍ਰੇਮੀ ਜੋੜੇ ਮਿਲ ਕੇ ਕਰਦੇ ਨੇ।”

“ਅਸੀਂ ਆਮ ਨਹੀਂ ਨਾ।” ਐਤਕੀਂ ਦੀਪੀ ਨੇ ਹੱਸਦੇ ਹੋਏ ਜ਼ਵਾਬ ਦਿੱਤਾ, “ਅਸੀਂ ਤਾਂ ਸਪੈਸ਼ਲ ਹਾਂ।”

“ਲੈ ਲੈ, ਇਸ ਮਹਾਂਰਾਣੀ ਸਾਹਿਬਾਂ ਨੂੰ ਵੀ ਗੱਲਾਂ ਆਉਣ ਲੱਗ ਪਈਆਂ।” ਸਿਮਰੀ ਨੇ ਦਿਲਪ੍ਰੀਤ ਵੱਲ ਇਸ਼ਾਰਾ ਕਰਦੇ ਕਿਹਾ, “ਜਿਸ ਤਰ੍ਹਾਂ ਦਾ ਸਾਥ, ਉਹ ਜਿਹੀਆਂ ਆਦਤਾਂ।”

“ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੀ ਹੈ।” ਦਿਲਪ੍ਰੀਤ ਵੀ ਸਿਮਰੀ ਦੀ ਗੱਲ ਭੁੰਜੇ ਨਹੀ ਸੀ ਪੈਣ ਦਿੰਦਾ, “ਤੂੰ ਵੀ ਸਾਡੀ ਸੰਗਤ ਕਰਿਆਂ ਕਰੇਂਗੀ ਤਾਂ ਤਰ ਜਾਵੇਗੀ।”

ਕਈ ਚਿਰ ਉਹ ਬੈਠੇ ਇਸ ਤਰ੍ਹਾਂ ਹਾਸੇ ਮਜ਼ਾਕ ਦੀਆਂ ਗੱਲਾਂ ਕਰਦੇ ਰਹੇ। ਦਿਲਪ੍ਰੀਤ ਅਤੇ ਦੀਪੀ ਨੇ ਸਿਮਰੀ ਨੂੰ ਕਦੇ ਜਾਹਿਰ ਨਹੀਂ ਸੀ ਕੀਤਾ ਉਹ ਉਹਨਾਂ ਵਿਚ ਆ ਕੇ ਕਿਉਂ ਬੈਠਦੀ ਆ। ਉਹ ਸੱਚ-ਮੁੱਚ ਆਮ ਪ੍ਰੇਮੀਆਂ ਤੋਂ ਉੱਪਰ ਉਠ ਕੇ ਆਪਣੀ ਮੁਹੱਬਤ ਦਾ ਸਤਿਕਾਰ ਕਰਦੇ ਸਨ ਨਾ ਕਿ ਨੀਚੀਆਂ ਅਤੇ ਗੱਲਤ ਹਰਕਤਾਂ ਨਾਲ ਪਿਆਰ ਦੀ ਤੌਹੀਨ ਕਰਦੇ ਸਨ। ਕਦੇ ਕਦੇ ਜੇ ਜਵਾਨੀ ਦਾ ਵਲਵਲਾ ਉਹਨਾ ਵਿਚ ਉੱਠਦਾ ਵੀ ਸੀ ਤਾਂ ਵਿਆਹ ਦੀ ਉਡੀਕ ਉਹਨਾਂ ਨੂੰ ਆਸ ਵਿਚ ਸਬਰ ਨਾਲ ਰਹਿਣਾ ਦੱਸਦੀ ਨਜ਼ਰ ਆਉਂਦੀ ਸੀ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>