ਐਸਜੀਪੀਸੀ ਨੂੰ ਬਾਦਲ ਦੇ ਚੁੰਗਲ ‘ਚੋਂ ਬਾਹਰ ਕੱਢਣਾ ਸਮੇਂ ਦੀ ਮੁੱਖ ਲੋੜ

ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗੁਰਧਾਮਾਂ ਵਿਚ ਰੱਖੀ ਜਾਣ ਵਾਲੀ ਮਰਿਯਾਦਾ ਨੂੂੰ ਪੂਰੀ ਤਰ੍ਹਾਂ ਬਰਕਰਾਰ ਰੱਖਣ ਲਈ ਅਨੇਕਾਂ ਹੀ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅੰਗਰੇਜਾਂ ਅਤੇ ਮਹੰਤਾਂ ਪਾਸੋ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧੀਨ ਲੈਣ ਲਈ ਸ਼੍ਰੋਮਣੀ ਕਮੇਟੀ ਬਣਾਉਣ ‘ਤੇ ਜਦੋਂ ਜਹਿਦ ਕੀਤਾ ਪਰ ਹੁਣ ਇਸ ਸਮੇਂ ਸਿੱਖ ਕੌਮ ਨੂੰ ਵੱਡੇ ਪੱਧਰ ਤੇ ਢਾਹ ਲਾਉਣ ਵਾਲੇ ਅਤੇ ਆਰ.ਐਸ.ਐਸ. ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਅੱਜ ਦੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਵਿਚੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਹਰ ਕੱਢ ਕੇ ਪੂਰਨ ਤੇ ਧਾਰਮਿਕ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਬਾਦਲ ਦਲ ਨੇ ਸ੍ਰੋਮਣੀ ਕਮੇਟੀ ਨੂੰ ਵੋਟਾਂ ਸਮੇਂ ਹਰ ਤਰੀਕੇ ਨਾਲ ਢਾਲ ਬਣਾਇਆ ਹੈ ਅਤੇ ਨਿੱਜੀ ਤੌਰ ਤੇ ਗੰਦੀ ਰਾਜਨੀਤੀ ਖੇਡੀ ਹੈ। ਅਜੋਕੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਵਿਚ ਧਰਮ ਨੂੰ ਨੀਵਾਂ ਅਤੇ ਸਿਆਸਤ ਨੂੰ ਉੱਚਾ ਕੀਤਾ ਹੋਇਆ ਹੈ ਸਾਰੇ ਗੁਰਧਾਮਾਂ ਅਤੇ ਵਿਦਿਅਕ ਅਦਾਰਿਆਂ ਵਿਚ ਬਾਦਲ ਦਲ ਦੀ ਬੋਲਤੀ ਹੈ। ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਵੋਟਾਂ ਵਿੱਚ ਸਿੱਖਾਂ ਨੂੰ ਚਾਹੀਦਾ ਹੈ ਕਿ ਸਾਫ ਸੁਥਰੇ ਅਕਸ ਵਾਲੇ ਮੈਂਬਰਾਂ ਨੂੰ ਜਿੱਤਾਉਣ ਤਾਂ ਜੋ ਕੇਵਲ ਧਾਰਮਿਕ ਤੌਰ ਤੇ ਕਮੇਟੀ ਦੇ ਪ੍ਰਬੰਧ ਦੀ ਦੇਖ-ਰੇਖ ਕਰਨ ਅਤੇ ਸ਼੍ਰੋਮਣੀ ਕਮੇਟੀ ਵਿਚੋਂ ਸਿਆਸਤ ਦਾ ਬੋਲ ਬਾਲਾ ਖਤਮ ਹੋਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਪਰ ਇਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ. ਤੱਕ ਗੁਰਦੁਆਰਾ ਸੁਧਾਰ, ਲਹਿਰ ਵੀ ਸ਼੍ਰੋਮਣੀ ਦੀ ਦੇਖ-ਰੇਖ ਹੇਠ ਚੱਲੀ, ਜਿਸ ਸਦਕਾ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ। ਪਿਛਲੇ 86 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੀ ਹੈ। ਪਰ ਹੁਣ ਬਾਦਲ ਦਲ ਨੇ ਧਰਮ ਨੂੰ ਨੀਵਾਂ ਕਰ ਦਿੱਤਾ ਗਿਆ ਅਤੇ ਸਿਆਸਤ ਭਾਰੂ ਕਰ ਦਿੱਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਵੇਲੇ ਇਸ ਦਾ ਘੇਰਾ ਉਸ ਵੇਲੇ ਦੇ ਸਮੁੱਚੇ ਪੰਜਾਬ ਤੱਕ ਸੀ, ਜਿਸ ਵਿੱਚ ਪਾਕਿਸਤਾਨ ਦਾ ਪੰਜਾਬ ਵੀ ਸ਼ਾਮਲ ਸੀ ਪਰ 1947 ਦੀ ਦੇਸ਼ ਵੰਡ ਨਾਲ 178 ਦੇ ਕਰੀਬ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਦੂਜੀ ਵੰਡ 1966 ਵਿੱਚ ਹੋਣ ‘ਤੇ ਪੰਜਾਬੀ ਸੂਬਾ ਬਣਨ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਹੋਂਦ ਵਿੱਚ ਆਏ। ਇਸ ਵੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅੰਤਰਰਾਜੀ ਸੰਸਥਾ ਬਣਾ ਦਿੱਤਾ। ਪਹਿਲਾਂ ਇਸ ਸੰਸਥਾ ਦੀਆਂ ਚੋਣਾਂ ਆਦਿ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸੀ, ਪਰ 1966 ਤੋਂ ਬਾਅਦ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਚਲੀ ਗਈ। ਇਸ ਤਰ੍ਹਾਂ ਭਾਰਤ ਵਿੱਚ ਵੀ ਪੰਜਾਬ ਤੋਂ ਬਾਹਰ ਖਾਸ ਕਰਕੇ ਦਿੱਲੀ, ਪਟਨਾ, ਨੰਦੇੜ ਸਾਹਿਬ ਅਤੇ ਜੰਮੂ-ਕਸ਼ਮੀਰ ਵਿੱਚ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਅਲੱਗ-ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਹਨ।

ਸਾਰੇ ਦੇਸ਼ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਤਾਂ ਵੱਖਰੀਆਂ ਕਮੇਟੀਆਂ ਦੇ  ਰੋਜ਼-ਰੋਜ਼ ਦੇ ਝਗੜੇ ਤੇ ਵਿਵਾਦ ਮੁੱਕ ਜਾਣ।

ਅਕਾਲੀ ਦਲ ਵੱਲੋਂ 26 ਜੁਲਾਈ 1981 ਨੂੰ ਦੀਵਾਨ ਹਾਲ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਵਿਸ਼ਵ ਸਿੱਖ ਕਨਵੈਨਸ਼ਨ ਵਿੱਚ ਜੋ ਸਿੱਖ ਮੰਗਾਂ ਦਾ ਚਾਰਟਰ ਤਿਆਰ ਕਰ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਭੇਜਿਆ ਗਿਆ ਸੀ, ਉਸ ਦੀ ਇਹ ਇੱਕ ਪ੍ਰਮੁੱਖ ਮੰਗ ਸੀ। ਚਾਰ ਅਗਸਤ 1982 ਤੋਂ ‘ਧਰਮ ਯੁੱਧ’ ਮੋਰਚਾ ਲਗਾਉਣ ਸਮੇਂ ਵੀ ਇਹ ਮੁੱਖ ਮੰਗ ਸੀ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੰਤ ਲੌਂਗੋਵਾਲ ਦਰਮਿਆਨ 24 ਜੁਲਾਈ 1985 ਨੂੰ ਹੋਏ ‘ਪੰਜਾਬ ਸਮਝੌਤੇ’ ਵਿੱਚ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਸੀ।

ਇਸੇ ਦੌਰਾਨ ਜਸਟਿਸ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਸਬ-ਕਮੇਟੀ ਨੇ ਆਲ ਇੰਡੀਆ ਗੁਰਦੁਆਰਾ ਐਕਟ ਲਈ ਬਿੱਲ ਦਾ ਖਰੜਾ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਐਨ ਲਈ ਭੇਜਿਆ ਸੀ। ਸ਼੍ਰੋਮਣੀ ਕਮੇਟੀ ਨੇ ਕੁਝ ਸਿੱਖ ਵਿਦਵਾਨਾਂ ਤੇ ਕਾਨੂੰਨਦਾਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਇਸ ਵਿੱਚ ਕੁਝ ਸੋਧਾਂ ਕਰਨ ਲਈ ਕਿਹਾ ਸੀ। ਸ਼੍ਰੋਮਣੀ ਕਮੇਟੀ ਨੇ ਸੋਧਾਂ ਸਮੇਤ ਬਿੱਲ ਨੂੰ ਪ੍ਰਵਾਨਗੀ ਦੇ ਕੇ ਸਾਲ 1998 ਵਿੱਚ ਪੰਜਾਬ ਸਰਕਾਰ ਨੂੰ ਭੇਜਿਆ ਤਾਂ ਜੋ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਾਰਲੀਮੈਂਟ ਤੋਂ ਪਾਸ ਕਰਵਾਉਣ ਲਈ ਭੇਜਿਆ ਜਾਵੇ ਪਰ ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਹੁਣ ਬਿੱਲ ਦਾ ਇਹ ਖਰੜਾ ਪੰਜਾਬ ਸਰਕਾਰ ਕੋਲ ਹੈ ਜਾਂ ਕੇਂਦਰੀ ਗ੍ਰੀਹ ਮੰਤਰਾਲੇ ਵਿੱਚ ਧੂੜ ਚੱਟ ਰਿਹਾ ਹੈ।

ਪਿੱਛਲੇ ਦਿਨੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਦੇ ਆਗੂਆਂ ਵਲੋਂ ਪ੍ਰੈਸ ਨੂੰ ਦੱਸਿਆ ਕਿ ਸ. ਬਾਦਲ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੇ ਹੱਕ ਵਿਚ ਨਹੀਂ ਸਨ ਕਿਉਂ ਕਿ ਐਕਟ ਬਣਨ ਨਾਲ ਬਾਦਲ ਦਲ ਦਾ ਬਹੁਤਾ ਦਖਲ ਐਸ.ਜੀ.ਪੀ.ਸੀ ਵਿਚ ਨਹੀਂ ਸੀ ਰਹਿ ਜਾਣਾ। ਏਸੇ ਦੇ ਕਾਰਨ ਇਹ ਐਕਟ ਫਾਈਲਾਂ ਵਿਚ ਦੱਬਿਆ ਹੋਇਆ ਹੈ।

ਸਿੱਖ ਦੇ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾ ਬਾਦਲ ਦਲ ਨੇ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜਿਆਂ ਨੂੰ ਤਲਬ ਕੀਤਾ ਗਿਆ ਅਤੇ ਹੋਰ ਵੱਖ-ਵੱਖ ਸਮੇਂ ਵੱਡੇ ਸਿੱਖ ਆਗੂਆਂ ਨੂੰ ਗੱਲਤੀਆਂ ਕਰਨ ਦੀ ਧਾਰਮਿਕ ਸਜ਼ਾ ਦਿੱਤੀ ਗਈ । ਹੁਣ ਇਸ ਬਾਦਲ ਪਰਿਵਾਰ ਨੇ ਅਕਾਲ ਤਖਤ ਨੂੰ ਵੀ ਆਪਣੀ ਨਿੱਜੀ ਜਾਇਦਾਦ ਬਣਾਇਆ ਹੈ ਆਪਣੀ ਮਰਜੀ ਦੇ ਜਥੇਦਾਰ ਨੂੰ ਲਗਾਉਂਦੇ ਅਤੇ ਫਿਰ ਉਸ ਪਾਸੋਂ ਮਰਿਯਾਦਾ ਦੇ ਉਲਟ ਹੁਕਮਨਾਮੇ ਜਾਰੀ ਕਰਵਾੳੇੁਂਦੇ ਹਨ ਇਸ ਨਾਲ ਸੰਗਤਾਂ ਵਿਚ ਦੁਬਿਧਾ ਵਿਚ ਪੈਂ ਜਾਂਦੀਆਂ ਹਨ ਕਿ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਜਾਂ ਬਾਦਲ ਪਰਿਵਾਰ ਵਲੋਂ ਕਰਵਾਇਆ ਗਿਆ ਹੈ । ਅੱਜ ਜੱਥੇਦਾਰ ਬਣਨ ਦੇ ਚਾਹਵਾਨ ਬਾਦਲ ਦੀ ਚਾਪਲੂਸੀ ਕਰਨ ਵੱਲ ਬਹੁਤ ਜ਼ਿਆਦਾ ਕੇਂਦਰਿਤ ਰਹਿੰਦੇ ਹਨ ਸਿੱਖਾਂ ਦੇ ਮਸਲੇ ਉਠਾਣੇ ਅਤੇ ਉਹਨਾਂ ਨੁੂੰ ਹੱਲ ਕਰਨਾ ‘ਤੇ ਸਿੱਖਾਂ ਨੂੰ ਆ ਰਹੀ ਮੁਸ਼ਕਿਲਾਂ ਦਾ ਖਿਆਲ ਨਹੀਂ ਕਰਦੇ। ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਦਾ ਹੱਕ ਸਿੱਖ ਕੌਮ ਨੂੰ ਚਾਹੀਦਾ ਹੈ ਨਾ ਕਿ ਬਾਦਲ ਦੇ ਲਿਫਾਫੇ ਵਿਚੋਂ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੌਮੀ ਮਸਲੇ ਛੱਡ ਕੇ ਬਾਦਲ ਦੀ ਬੋਲੀ ਬੋਲਦੇ ਹਨ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ।

ਪੰਜਾਬ ਦੇ ਸਿੱਖਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਭਰੋਸਾ ਉਠ ਜਾਣ ਤੇ ਅਕਾਲੀ ਦਲ ਬਾਦਲ ਹੁਣ ਆਪਣੇ ਧਾਰਮਿਕ ਪੁਣੇ ਦਾ ਦਿਖਾਵਾ ਕਰ ਰਿਹਾ ਹੈ । ਏਸੇ ਹੀ ਅਕਾਲੀ ਸਰਕਾਰ ਨੇ ਸੌਦੇ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦੇ ਉਲਟ ਮਾਫ ਦਿਵਾਈ ਅਤੇ ਲੱਖਾਂ ਸ਼ਰਧਾਲੂਆਂ ਦੀ ਗੁਰੂ ਸਾਹਿਬਾਨ ਨੂੰ ਭੇਂਟਾ ਕੀਤੀ ਮਾਇਆ ਦੀ ਦੁਰਵਰਤੋਂ ਕਰਕੇ ਬਹੁਤ ਸਾਰੀਆਂ ਅਖਬਾਰਾਂ ਵਿਚ ਲਗਭਗ 92 ਲੱਖ ਰੁਪਏ ਦੇ ਇਸ਼ਤਿਹਾਰ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸੰਗਤਾਂ ਦਾ ਵਿਰੋਧ ਭਾਰੀ ਹੋਇਆ ਤਾਂ ਇਹਨਾਂ ਨੇ ਮਾਫੀ ਵਾਪਸ ਕਰਵਾਈ । ਜਦੋਂ ਸਾਧ ਨੂੰ ਮਾਫੀ ਦੇਣ ਜਾਂ ਹੋਰ ਗੱਲਤ ਕੰਮ ਬਾਦਲ ਦਲ ਵਲੋਂ ਸ਼੍ਰੋਮਣੀ ਵਿਚ ਕਰਵਾਏ ਕੀਤੇ ਜਾਂਦੇ ਤਾਂ ਉਸ ਸਮੇਂ ਚੁਣੇ ਹੋਏ ਮੈਂਬਰਾਂ ਨੂੰ ਸਿੱਖ ਧਰਮ ਨੂੰ ਸਮਰਪਿਤ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ ਪਰ ਅਫ਼ਸੋਸ ਸਾਰੇ ਮੈਂਬਰ ਨਿੱਜੀ ਸੁਆਰਥਾਂ ਲਈ ਬਾਦਲ ਦੀ ਚਾਕਰੀ ਕਰਨ ਵਿਚ ਲੱਗੇ ਰਹਿੰਦੇ ਹਨ ।

ਆਮ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਕੋਈ ਸਿੱਖ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਵਿਚ ਸੁਧਾਰ ਸਬੰਧੀ ਗੱਲ ਕਰਦਾ ਹੈ ਤਾਂ ਬਾਦਲ ਦਲ ਦੇ ਆਗੂ ਉਹਨਾਂ ਨੂੰ ਕਾਂਗਰਸ ਦਾ ਹਿੱਸਾ ਦੱਸਣ ਲੱਗ ਜਾਂਦੇ ਹਨ ਏਥੇ ਜ਼ਿਕਰਯੋਗ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਸਿੱਖ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਤਾਂ ਉਹਨਾਂ ਪ੍ਰਬੰਧਾਂ ਵਿਚ ਤਬਦੀਲੀ ਕਰਨ ਲਈ ਆਪਣਾ ਸੁਝਾਅ ਦੇ ਸਕਦਾ ਹੈ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ । ਉਹਨਾਂ ਸੁਝਾਵਾਂ ਨੂੰ ਮੰਨਣ ਦੀ ਬਜਾਏ ਸਿਆਸੀ ਰੰਗਤ ਦੇਣ ਦੀ ਗੱਲ ਕਰਨੀ ਵਾਜਬ ਨਹੀਂ ਹੁੰਦੀ।

ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਇਸ ਅਸਲੀਅਤ ਨੂੰ ਸਮਝਣ ਦੀ ਬਹੁਤ ਭਾਰੀ ਲੋੜ ਹੈ । ਸ਼੍ਰੋਮਣੀ ਕਮੇਟੀ ਨੂੰ ਚੁਣਨ ਵਾਲੇ ਵੋਟਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਮੇਟੀ ਦੀ ਕਾਰਗੁਜ਼ਾਰੀ ਦਾ ਪੂਰਾ ਖਿਆਲ ਰੱਖਣ ਅਤੇ ਆਪਣੇ ਚੁਣੇ ਮੈਂਬਰਾਂ ਨੂੰ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਅਤੇ ਧਰਮ ਸੰਚਾਰ ਵਿਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕਰਨ ਦੀ ਮੰਗ ਕਰਨ।

ਬਾਦਲਾਂ ਦੇ ਪਰਿਵਾਰਵਾਦ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾ ਕੇ ਮਹੱਤਵਪੂਰਨ  ਕਾਰਜ਼ ਕਰਨ ਲਈ ਯਤਨਸ਼ੀਲ ਹੋਣ ਦੀ ਲੋੜ ਹੈ ਅਤੇ ਕੁਝ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਤੇ ਵਿਚਾਰ ਕੀਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ ।

1. ਅੱਜ ਦੀ ਪੀੜ੍ਹੀ ਕੌਮ ਦਾ ਅਗਲਾ ਭਵਿੱਖ ਹਨ ਅਤੇ ਇਹ ਨੋਜਵਾਨ ਪੀੜ੍ਹੀ ਸਿੱਖੀ ਨਾਲੋਂ ਟੁੱਟ ਰਹੀ ਹੈ ਅਤੇ ਸਿੱਖੀ ਦੇ ਪ੍ਰਚਾਰ ਕਰਨ ਵਾਲੀ ਮੁੱਖ ਸੰਸਥਾ ਦੇ ਅਗਵਾਈ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਦਾ ਪ੍ਰਚਾਰ ਜ਼ਿਆਦਾ ਕਰਨਾ ਚਾਹੀਦਾ ਹੈ ਹੁਣ ਆਧੁਨਿਕ ਤਕਨਾਲੋਜੀ ਦਾ ਦੌਰਾ ਚੱਲ ਰਿਹਾ ਹੈ ਸ਼ੋਸਲ ਮੀਡੀਆ ਤੋਂ ਇਲਾਵਾ ਹੋਰ ਅਨੇਕਾਂ ਹੀ ਸਾਧਨਾ ਰਾਹੀਂ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ । ਨੌਜਵਾਨ ਪੀੜ੍ਹੀ ਨੂੰ ਸਿੱਖ ਨਾਲ ਜੋੜੀ ਰੱਖਣ ਲਈ ਬਹੁਤ ਵੱਡੇ ਉਪਰਾਲੇ ਕਰਨ ਦੀ ਲੋੜ ਹੈ । ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਨਵੇਂ ਪ੍ਰਚਾਰਕ ਤਿਆਰ ਕਰਨੇ ਜ਼ਰੂਰੀ ਹਨ ਅਤੇ ਪ੍ਰਚਾਰਕਾਂ ਨੂੰ ਵੀ ਵੱਧ ਸਹੂਲਤਾਂ ਦਿੱਤੀਆਂ ਜਾਣੀਆਂ ਲਾਜ਼ਮੀ ਹਨ । ਦੇਸ਼ ਦੇ ਸਾਰੇ ਰਾਜਾਂ ਵਿਚ ਸਿੱਖ ਦਾ ਪ੍ਰਚਾਰ ਲਗਾਤਾਰ ਕਰਵਾਇਆ ਜਾਣਾ ਜ਼ਰੂਰੀ ਹੈ ਖਾਸਕਾਰ ਕਰਕੇ ਛੋਟੇ ਬੱਚਿਆਂ ਨੂੰ ਹੀ ਸਿੱਖੀ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਤਾਂ ਕਿ ਉਹ ਪਤਿੱਤ ਨਾ ਹੋਣ ਅਤੇ ਸਿੱਖੀ ਨਾਲ ਜੁੜੇ ਰਹਿਣ ।

2. ਐਸ.ਜੀ.ਪੀ.ਸੀ ਸਮੇਤ ਸਾਰਿਆਂ ਅਦਾਰਿਆਂ ਵਿਚ ਨਿਰੋਲ ਮੈਰਿਟ ਦੇ ਅਧਾਰ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਬਣਦੀ ਤਰੱਕੀ ਸਮੇਂ ਸਿਰ ਮਿਲਣੀ ਚਾਹੀਦੀ ਹੈ ।

3. ਵਿਦਿਅਕ ਅਦਾਰਿਆ ਵਿੱਚ ਸਿੱਖਾਂ ਦੇ ਬੱਚਿਆਂ ਨੂੰ ਫੀਸਾਂ ਅਤੇ ਦਾਖਲਿਆਂ ਵਿਚ ਰਾਹਤ ਹੋਣੀ ਚਾਹੀਦੀ ਹੈ ਅਤੇ ਚੰਗੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਸਾਰੀ ਫੀਸ ਮੁਆਫ ਹੋਣੀ ਚਾਹੀਦੀ ਹੈ । ਜਿਹੜੇ ਕਮਜ਼ੋਰ ਵਰਗ ਦੇ ਪਰਿਵਾਰਾਂ ਹਨ ਉਹਨਾਂ ਬੱਚਿਆਂ ਦੀ ਸਾਰੀ ਪੜ੍ਹਾਈ ਮੁਫਤ ਕਰਵਾਈ ਜਾਣੀ ਚਾਹੀਦੀ ਹੈ । ਸਿੱਖ ਅਫ਼ਸਰ ਤਿਆਰ ਕਰਨ ਲਈ ਉੱਚ ਪੱਧਰੀ ਦੀ ਪੜ੍ਹਾਈ ਕਰਵਾਉਣ ਲਈ ਅਕੈਡਮੀਆਂ ਚਲਾਉਣੀਆਂ ਚਾਹੀਦੀਆਂ ਹਨ ।

4. ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਦੀਆਂ ਅਕੈਡਮੀਆਂ ਖੋਲ ਕਿ ਉਹਨਾਂ ਵਿਚ ਅੰਤਰਰਾਸ਼ਟਰੀ ਪੱਧਰ ਦੇ ਸਾਬਤ ਸੂਰਤ ਸਿੱਖ ਖਿਡਾਰੀ ਤਿਆਰ ਕਰਨੇ ਚਾਹੀਦੇ ਹਨ ਅਤੇ ਉਹਨਾਂ ਦਾ ਸਾਰਾ ਖਰਚਾ ਐਸ.ਜੀ.ਪੀ.ਸੀ. ਵੱਲੋਂ ਕੀਤਾ ਜਾਣਾ ਚਾਹੀਦਾ ਹੈ ।

5. ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਬੀਮਾਰ ਵਿਅਕਤੀਆਂ ਦਾ ਇਲਾਜ ਮੁਫਤ ਹੋਣਾ ਚਾਹੀਦਾ ਹੈ ਸਸਤੇ ਟੈਸਟ, ਦਵਾਈਆਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ ।

6. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਨਿਰੋਲ ਸਿੱਖੀ ਦੀ ਮਰਿਯਾਦਾ ਵਿਚ ਰਹਿ ਕੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਨੇ ਚਾਹੀਦੇ ਹਨ । ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਤਨ ਮਰਿਯਾਦਾ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ ।

7. ਸ੍ਰੀ ਅਕਾਲ ਸਾਹਿਬ ਤੇ ਜੱਥੇਦਾਰ ਬਣਨ ਉਪਰੰਤ ਰਿਟਾਇਰਮੈਂਟ ਦਾ ਸਮਾਂਬੱਧ ਹੋਣਾ ਚਾਹੀਦਾ ਹੈ ।

8. ਐਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਕਾਰਜ਼ਕਾਲ ਦਾ ਸਮਾਂ ਵੀ ਬੁੱਧੀਜੀਵੀਆਂ ਨਾਲ ਸਲਾਹ ਕਰਕੇ ਵਧਾਉਣਾ ਚਾਹੀਦਾ ਹੈ ।

9. ਦੇਸ਼-ਵਿਦੇਸ਼ ਵਿਚ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਝਗੜੇ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ ।

10. ਸ੍ਰੀ ਹਰਿਮੰਦਰ ਸਾਹਿਬ ਦੇ ਦੂਰ ਦੂਰਾਡੇ ਤੋਂ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਸਰਾਵਾਂ ਵਿਚ ਕਮਰੇ ਬਗੈਰ ਸਿਫਾਰਸ਼ ਦੇ ਮਿਲਣੇ ਚਾਹੀਦੇ ਹਨ ।

11. ਪੰਜਾਬ ਵਿਚ ਵੱਧ ਰਹੇ ਡੇਰਾ ਵਾਦ ਨੂੰ ਘਟਾਇਆ ਜਾਵੇ ਅਤੇ ਇਹਨਾਂ ਡੇਰਿਆਂ ਵਿੱਚ ਆਪਣੀਆਂ ਵੱਖਰੀਆਂ ਮਰਿਯਾਦਾ ਚਲਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਬੰਦ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਵਾਇਆ ਜਾਵੇ ।

12. ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੀਤੇ ਸਿੱਖਾਂ ਦੀ ਜਲਦੀ ਰਿਹਾਈ ਵਾਸਤੇ ਸੁਹਿਰਦਤਾ ਨਾਲ ਯਤਨ ਕੀਤੇ ਜਾਣ ਅਤੇ ਜਿੱਥੇ ਹੋਰ ਵੀ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਨੂੰ ਤੁਰੰਤ ਹੱਲ ਕਰਨ ਲਈ ਐਸ.ਜੀ.ਪੀ.ਸੀ. ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਜੋ ਜਲਦੀ ਹੱਲ ਕਰਨ ਦੇ ਯਤਨ ਕਰਨ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>