ਹੱਕ ਲਈ ਲੜਿਆ ਸੱਚ – (ਭਾਗ-31)

ੳਸੇ ਸ਼ਾਮ ਜਦੋਂ ਦਿਲਪ੍ਰੀਤ ਆਪਣੀ ਪਿੰਡ ਦੀ ਸੱਥ ਕੋਲ ਪੁੰਹਚਿਆਂ ਤਾਂ ਦੇਖਿਆ ਕਿ ਉਸ ਦੇ ਪਿੰਡ ਵਾਸੀ ਵੀ ਮੋਰਚੇ ਵਿਚ ਜਾਣ ਦੀ ਤਿਆਰੀ ਵਿਚ ਹਨ। ਮੋਰਚੇ ਵਿਚ ਜਾਣ ਵਾਲੇ ਜ਼ਿਆਦਾਤਰ ਬਜ਼ੁਰਗ ਲੋਕ ਹੀ ਸਨ। ਪਰ ਜੋ ਸ਼ਹਿਰੋਂ ਬੰਦਾ ਆਇਆ ਸੀ ਉਹ ਜ਼ਵਾਨ ਅਤੇ ਪੜ੍ਹਿਆ ਲਿਖਿਆ ਲੱਗਦਾ ਸੀ। ਉਹ ਲੋਕਾਂ ਨੂੰ ਦੱਸ ਰਿਹਾ ਸੀ, “ਜਦੋਂ ਅੰਗਰੇਜ਼ਾ ਨੇ 1947 ਵਿਚ ਅਜ਼ਾਦੀ ਬਖਸ਼ੀ ਤਾਂ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਦਿੱਤਾ ਅਤੇ ਬਾਕੀ ਦਾ ਸਾਰਾ ਭਾਰਤ ਹਿੰਦੂ ਭਰਾਵਾਂ ਦੀ ਝੋਲੀ ਵਿਚ ਪਾ ਦਿੱਤਾ। ਮੋਹਨ ਦਾਸ ਕਰਮ ਚੰਦ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਹੋਰ ਹਿੰਦੂ ਨੇਤਾਵਾਂ ਨੇ ਸਿਖਾਂ ਨਾਲ ਇਕਰਾਰ ਕੀਤਾ ਕਿ ਅਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਉੱਤਰ-ਪੱਛਮੀ ਭਾਰਤ ਵਿਚ ਇਕ ਵਿਸ਼ੇਸ ਖਿੱਤਾ ਦਿੱਤਾ ਜਾਵੇਗਾ, ਜਿਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣਗੇ ਅਤੇ ਆਪਣੇ ਧਰਮ ਤੇ ਸਭਿਆਚਾਰ ਨੂੰ ਪ੍ਰਫੁੱਲਤ ਕਰ ਸਕਣਗੇ। ਪਰ ਜਦੋਂ ਕਪਟੀਆਂ ਨੂੰ ਅਜ਼ਾਦੀ ਮਿਲ ਗਈ ਤਾਂ ਉਹਨਾਂ ਸਿੱਖਾਂ ਨਾਲ ਕੀਤੇ ਵਾਅਦੇ ਅਰਾਮ ਨਾਲ ਵਿਸਾਰ ਦਿੱਤੇ। ਇਕਰਾਰ ਕੀਤਾ ਖਿੱਤਾ ਤਾਂ ਕੀ ਦੇਣਾ ਸੀ ਸਗੋਂ ਸੰਵਿਧਾਨਿਕ ਤੌਰ ਤੇ ਵੀ ਸਿੱਖਾਂ ਨੂੰ ਹਿੰਦੂ ਧਰਮ ਦਾ ਅਨਿੱਖੜਵਾ ਅੰਗ ਮੰਨ ਲਿਆ। ਜਿਸ ਹਿੰਦੂ ਮੱਤ ਦੇ ਝੂੱਠੇ ਵਲਾਂ –ਛਲਾਂ ਨੂੰ ਗੁਰੂ ਸਾਹਿਬ ਨੇ ਮੂਲ ਰੂਪ ਵਿਚ ਹੀ ਨਿਕਾਰ ਦਿੱਤਾ ਸੀ।”

ਦਿਲਪ੍ਰੀਤ ਨੂੰ ਉਸ ਨੌਜਵਾਨ ਦੀਆਂ ਗੱਲਾਂ ਦੀ ਸੱਚਾਈ ਨੇ ਆਪਣੇ ਨਾਲ ਜੋੜ ਲਿਆ। ਬਹੁਤ ਹੀ ਧਿਆਨ ਨਾਲ ਭਾਸ਼ਨ ਸੁੱਣਨ ਲੱਗਾ ਜੋ ਦੱਸ ਰਿਹਾ ਸੀ, “ਸੰਵਿਧਾਨ ਵਿੱਚ ਧਾਰਾ 25 ਸ਼ਾਮਿਲ ਕੀਤੀ ਗਈ, ਜਿਸ ਵਿੱਚ ਸਿੱਖਾਂ ਨੂੰ ਹਿੰਦੂ ਹੀ ਦੱਸਿਆ ਗਿਆ। 1951 ਵਿੱਚ ਬੋਲੀ ਦੇ ਅਧਾਰ ਤੇ ਸੂਬਿਆਂ ਨੂੰ ਪੁਨਰਗਠਿਤ ਕਰਨ ਦਾ ਫ਼ੈਸਲਾ ਕੀਤਾ ਤਾਂ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ ਨੂੰ ਦੇ ਦਿੱਤੇ ਗਏ। ਭਾਵੇਂ ਉਹ ਕਹਿੰਦੇ ਨੇ ਕਿ ਮਰਦਮਸ਼ੁਮਾਰੀ ਦੇ ਹਿਸਾਬ ਨਾਲ ਪੰਜਾਬ ਦੇ ਟੋਟੇ ਕੀਤੇ, ਅਸਲ ਵਿਚ ਸਾਜਿਸ਼ ਅਧੀਨ ਇਹ ਸਾਰਾ ਕੰਮ ਹੋਇਆ।”

ਜਦੋਂ ਦਿਲਪ੍ਰੀਤ ਨੇ ਅਨੇਕਾਂ ਹੋਰ ਇਹੋ ਗੱਲਾਂ ਸੁਣੀਆਂ ਤਾਂ ਉਸ ਦਾ ਦਿਲ ਕਰੇ ਕਿ ਮੈਂ ਵੀ ਆਪਣੀ ਕੌਮ ਦਾ ਜੱਦੀ ਬਣਦਾ ਹੱਕ ਲੈਣ ਲਈ ਮੋਰਚੇ ਵਿਚ ਜਾਵਾਂ। ਪਰ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੇ ਘਰਵਾਲੇ ਉਸ ਨੁੰ ਜਾਣ ਲਈ ਕਦੇ ਵੀ ਇਜਾਜ਼ਤ ਨਹੀਂ ਦੇਣਗੇ ਕਿਉਂਕਿ ਉਹ ਇਕਲੌਤਾ ਪੁੱਤਰ ਹੀ ਤਾਂ ਘਰ ਵਿਚ ਸੀ। ਉਹ ਸੋਚਦਾ ਕਿੰਨਾ ਚੰਗਾ ਹੁੰਦਾ ਕਿ ਉਸ ਦੇ ਚਾਚੇ ਦੇ ਘਰ ਵੀ ਕੋਈ ਬੱਚਾ ਹੁੰਦਾ।

ਰਾਤ ਤੱਕ ਉਹ ਆਪਣੀ ਕੌਮ ਨਾਲ ਹੋਏ ਧੋਖੇ ਬਾਰੇ ਹੀ ਸੋਚਦਾ ਰਿਹਾ। ਉਸ ਨੂੰ ਪੁਲਟੀਕਲ ਸਾਇੰਸ ਦੀ ਉਹ ਕਿਤਾਬ ਦਾ ਅਧਿਆਇ ਵੀ ਚੇਤਾ ਆ ਗਿਆ, ਜਿਸ ਵਿਚ ਸ਼ਹੀਦ ਭਗਤ ਸਿੰਘ ਜੀ ਦਾ ਰੱਖਿਆ ਨਾ- ਮਿਲਵਰਤਨ ਅੰਦੋਲਣ ਮਹਤਾਮਾ ਗਾਂਧੀ ਵਲੋਂ ਠੁਕਰਾ ਦਿੱਤਾ ਗਿਆ ਸੀ। ਜਦੋਂ ਕਿ ਅੰਦੋਲਨ ਪੂਰੀ ਕਾਮਯਾਬੀ ਨਾਲ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ। ਭਗਤ ਸਿੰਘ ਦੀਆਂ ਲਿਖਤਾਂ ਜੋ ਉਹਨਾਂ ਜੇਲ੍ਹ ਵਿੱਚ ਬੈਠ ਕੇ ਲਿਖੀਆਂ ਸਨ ਨਹਿਰੂ ਅਤੇ ਉਸ ਭਾਈਚਾਰੇ ਨੇ ਪਤਾ ਨਹੀ ਕਿੱਥੇ ਖਪਾ-ਦਬਾ ਦਿੱਤੀਆਂ ਸਨ। ਸੱਭ ਕੁਝ ਯਾਦ ਆਉਣ ਨਾਲ ਉਦਾਸੀ ਨੇ ਉਸ ਨੂੰ ਢੱਕ ਲਿਆ। ਉਹ ਉੱਠ ਕੇ ਕਿਤਾਬਾਂ ਵਾਲੀ ਅਲਮਾਰੀ ਦੇ ਕੋਲ ਚਲਾ ਗਿਆ ਤੇ ਪਤਾ ਨਹੀ ਕੀ ਸੋਚ ਕੇ ਐਮੇ, ਏ ਪੁਲੀਟੀਕਲ ਸਾਇੰਸ ਦੀ ਉਹ ਕਿਤਾਬ ਲੱਭਣ ਲੱਗ ਪਿਆ। ਟੈਲੀਵਿਯਨ ਤੇ ਕ੍ਰਿਕਟ ਦਾ ਮੈਚ ਚੱਲ ਰਿਹਾ ਸੀ ਅਤੇ ਖਿਡਾਰੀ ਗਵਾਸਕਰ ਨੇ ਆਪਣੀ ਸੈਂਚਰੀ ਪੂਰੀ ਕੀਤੀ ਤਾਂ ਤਾਲੀਆਂ ਦੀ ਗੂੰਜ ਨੇ ਸਾਰੇ ਘਰ ਵਿੱਚ ਸ਼ੋਰ ਮਚਾ ਦਿਤਾ। ਇਸ ਸ਼ੋਰ ਵਿਚ ਹੀ ਦਿਲਪ੍ਰੀਤ ਨੇ ਸੁਣਿਆ ਕਿ ਕੋਈ ਗੁਸਲਖਾਨੇ ਵਿੱਚ ਉਲਟੀਆਂ ਕਰ ਰਿਹਾ ਹੈ। ਪਹਿਲਾਂ ਤਾਂ ਉਸ ਦੇ ਦਿਲ ਵਿੱਚ ਆਇਆ ਕਿ ਚਾਚਾ ਜੀ ਹੋਣਗੇ ਜਿਹਨਾਂ ਨੂੰ ਸ਼ਰਾਬ ਪੱਚਦੀ ਨਹੀ, ਪਰ ਉਹ ਫਿਰ ਵੀ ਕਈ ਵਾਰੀ ਸ਼ਰਾਬ ਪੀਣ ਤੋਂ ਰਹਿੰਦੇ ਨਹੀਂ। ੳਦੋਂ ਹੀ ਉਸ ਨੇ ਆਪਣੀ ਮੰਮੀ ਦੀ ਅਵਾਜ਼ ਸੁਣੀਂ ਜੋ ਕਹਿ ਰਹੀ ਸੀ, “ਮਿੰਦੀ, ਠੀਕ ਆਂ।”

“ਹਾਂ, ਭੈਣ ਜੀ।” ਮਿੰਦੀ ਨੇ ਹੌਲੀ ਜਿਹੀ ਕਿਹਾ, “ਉਲਟੀ ਆ ਗਈ ਸੀ।”

“ਅੱਗੇ ਤਾਂ ਤੂੰ ਬਸ ਸਵੇਰੇ ਹੀ ਉਲਟੀਆਂ ਕਰਦੀ ਸਾਂ।” ਦਿਲਪ੍ਰੀਤ ਦੀ ਮੰਮੀ ਅਤੇ ਮਿੰਦੀ ਦੀ ਜਿਠਾਣੀ ਨੇ ਕਿਹਾ, “ਅੱਜ ਰਾਤ ਨੂੰ ਵੀ ਕਰਨ ਲੱਗ ਪਈ।”

ਦਿਲਪ੍ਰੀਤ ਉਸ ਵੇਲੇ ਹੀ ਬਾਹਰ ਆ ਗਿਆ ਅਤੇ ਪੁੱਛਣ ਲੱਗਾ, “ਮੰਮੀ ਜੀ, ਚਾਚੀ ਜੀ ਨੂੰ ਕੀ ਹੋਇਆ?”

“ਕੁੱਝ ਨਹੀ ਹੋਇਆ।”

“ਉਹ ਉਲਟੀਆਂ ਕਰਦੇ ਪਏ ਨੇ।” ਦਿਲਪ੍ਰੀਤ ਨੇ ਕਹਾ, “ਤੁਸੀ ਕਹਿੰਦੇ ਕੁਝ ਨਹੀ ਹੋਇਆ, ਨਾਲੇ ਆਪ ਹੀ ਕਹਿੰਦੇ ਹੋ ਕਿ ਸਵੇਰੇ ਵੀ ਚਾਚੀ ਜੀ ਨੂੰ ਉਲਟੀਆਂ ਆਉਂਦੀਆਂ ਸੀ।”

“ਜਮਾਤਾਂ ਭਾਵੇ ਤੂੰ ਸੋਲਾਂ ਕਰ ਗਿਆ।” ਉਸ ਦੀ ਮੰਮੀ ਨੇ ਕਿਹਾ, “ਪਰ ਰਿਹਾ ਤੂੰ ਭੋਲ੍ਹਾ ਹੀ।”

“ਕੁੱਝ ਦੱਸੋਂਗੇ ਵੀ।”

“ਬਾਂਦਰਾ, ਤੂੰ ਹੁਣ ਵੱਡਾ ਭਰਾ ਬਣ ਜਾਣਾ ਆ।” ਮੰਮੀ ਨੇ ਪਿਆਰ ਵਿਚ ਕਿਹਾ, “ਤੇਰੀ ਚਾਚੀ ਜੀ ਦਾ ਪੈਰ ਭਾਰੀ ਆ।”

“ਤੂੰ, ਮੁੰਡੇ ਨੂੰ ਸਿੱਧਾ ਦੱਸ ਤਾਂ ਕਿ ਮਿੰਦਰ ਕੌਰ ਦੇ ਬੱਚਾ ਹੋਣ ਵਾਲਾ ਆ।” ਕੋਲ ਬੈਠੇ ਦਿਲਪ੍ਰੀਤ ਦੇ ਡੈਡੀ ਹਰਜਿੰਦਰ ਸਿੰਘ ਨੇ ਕਿਹਾ, “ਐਵੇ ਬੁਝਾਰਤਾਂ ਜਿਹੀਆਂ ਪਾਈ ਜਾਨੀ ਏਂ।”

“ਆਹ ਤਾਂ ਮੌੋਜਾਂ ਲੱਗ ਗਈਆਂ।” ਦਿਲਪ੍ਰੀਤ ਨੇ ਖੁਸ਼ੀ ਵਿਚ ਕਿਹਾ, “ਕਈ ਵਾਰੀ ਰੱਬ ਕਿੰਨਾ ਨੇੜੇ ਹੁੰਦਾ ਆ।”

“ਮੌਜਾਂ ਤਾਂ ਲੱਗ ਗਈਆਂ।” ਮੰਮੀ ਨੇ ਕਿਹਾ, ‘ਪਰ ਰੱਬ ਦੇ ਨੇੜੇ ਵਾਲੀ ਗੱਲ ਸਮਝ ਨਹੀਂ ਆਈ।”

“ਮੈ ਅੱਜ ਹੀ ਸੋਚਦਾ ਸੀ ਕਿ ਕਿੰਨਾ ਚੰਗਾ ਹੁੰਦਾ ਜੇ ਮੇਰੇ ਕੋਲ ਵੀ ਭਰਾ ਹੁੰਦਾ।”

“ਤੇਰੇ ਮੂੰਹ ਵਿਚ ਘਿਉ-ਸ਼ੱਕਰ।” ਮੰਮੀ ਨੇ ਕਿਹਾ, “ਤੇਰੇ ਬੋਲ ਪੂਰੇ ਹੋਣ।”

“ਬੋਲ ਸਾਰਿਆਂ ਦੇ ਪੂਰੇ ਹੋਣਗੇ।” ਹਰਜਿੰਦਰ ਸਿੰਘ ਖੁਸ਼ੀ ਵਿਚ ਬੋਲਿਆ, “ਬਸ ਨੀਅਤਾਂ ਸਾਫ ਹੋਣੀਆਂ ਚਾਹੀਦੀਆਂ ਨੇ।”

“ਭੈਣ ਜੀ, ਦੁੱਧ ਗਰਮ ਕਰ ਲਿਆਵਾਂ।” ਮਿੰਦੀ ਨੇ ਪੁੱਛਿਆ, “ਸੌਣ ਦਾ ਤਾਂ ਵੇਲਾ ਵੀ ਹੋ ਗਿਆ।”

“ਕੋਈ ਨਹੀਂ, ਠਹਿਰ ਕੇ ਗਰਮ ਕਰ ਲਿਉ।” ਹਰਜਿੰਦਰ ਸਿੰਘ ਨੇ ਕਿਹਾ, “ਤੋਸ਼ੀ ਨੂੰ ਵੀ ਆ ਜਾਣ ਦਿਉ।”

“ਭਾਜੀ, ਉਹਨਾ ਨੇ ਤਾਂ ਗੱਨਿਆਂ ਦੀ ਟਰਾਲੀ ਲਦਾ ਕੇ ਹੀ ਮੁੜਨਾ ਆ।” ਮਿੰਦੀ ਨੇ ਜਵਾਬ ਦਿੱਤਾ, “ਕੀ ਪਤਾ ਕਿਹੜੇ ਵੇਲੇ ਆਉਣ।”

“ਕੁੜੇ, ਮੈਨੂੰ ਤਾਂ ਦੁੱਧ ਦਾ ਗਿਲਾਸ ਦੇ ਹੀ ਦਿਉ।” ਅੰਦਰ ਮੰਜੇ ਤੇ ਪਈ ਬੇਬੇ ਜੀ ਨੇ ਆਪਣੀਆਂ ਨੂੰਹਾਂ ਨੂੰ ਅਵਾਜ਼ ਮਾਰੀ, “ਮੈ ਫਿਰ ਸਾਉਣਾ ਆ।”

ਮਿੰਦੀ ਨੇ ਕਿਹਾ, “ਅੱਛਾ, ਬੇਬੇ ਜੀ।”

ਜਿਠਾਣੀ ਨੇ ਦਿਰਾਣੀ ਨੂੰ ਕਿਹਾ, “ਮਿੰਦੀ, ਜਦੋਂ ਦਾ ਬੇਬੇ ਜੀ ਨੂੰ ਪਤਾ ਲੱਗਾ ਹੈ ਕਿ ਤੂੰ ਮਾਂ ਬਣਨ ਵਾਲੀ ਆਂ, ੳਦੋਂ ਤੋਂ ਬੇਬੇ ਜੀ ਦੀ ਅਵਾਜ਼ ਵਿਚ ਗੜ੍ਹਕਾ ਆ ਗਿਆ।”

“ਗੜ੍ਹਕਾ ਹੀ ਨਹੀਂ ਆਇਆ, ਬੇਬੇ ਜੀ ਦੀ ਸਿਹਤ ਵੀ ਅੱਗੇ ਨਾਲੋ ਵਧੀਆ ਹੋ ਗਈ ਆ।” ਹਰਜਿੰਦਰ ਸਿੰਘ ਨੇ ਕਿਹਾ, “ਇਹਨਾਂ ਖੁਸ਼ੀਆਂ ਦੀਆਂ ਆਸਾਂ ਨਾਲ ਤਾਂ ਸਿਆਣੇ ਜਿਉਂਦੇ ਰਹਿੰਦੇ ਨੇ।”

“ਪ੍ਰਮਾਤਮਾ ਸੁੱਖ ਦਾ ਟਾਈਮ ਲੈ ਕੇ ਆਵੇ, ਮਿੰਦੀ ਆ ਜਾ ਤੂੰ ਆਪਾਂ ਡਰਾਮਾ ਦੇਖੀਏ।” ਮਿੰਦੀ ਦੀ ਜੇਠਾਣੀ ਮੰਜੇ ਤੋਂ ਉੱਠਦੀ ਹੋਈ ਬੋਲੀ, “ਹਾਂ ਸੱਚ, ਪਹਿਲਾਂ ਬੇਬੇ ਜੀ ਨੂੰ ਦੁੱਧ ਦਾ ਗਿਲਾਸ ਫੜਾ ਆ।”

ਦੋਨੋ ਦਰਾਣੀ ਜੇਠਾਣੀ ਟੈਲੀਵਿਯਨ ਤੇ ਆਉਂਦਾ ਨਾਟਕ ਦੇਖਣ ਬੈਠਕ ਵਿਚ ਚਲੀਆਂ ਗਈਆਂ। ਹਰਜਿੰਦਰ ਸਿੰਘ ਉੱਥੇ ਹੀ ਬੈਠਾ ਰਿਹਾ ਅਤੇ ਦਿਲਪ੍ਰੀਤ ਆਪਣੇ ਕਮਰੇ ਵਿਚ ਚਲਾ ਗਿਆ। ਨਾਟਕ ਤੋਂ ਬਾਅਦ ਹੀ ਖਬਰਾਂ ਆ ਗਈਆਂ, ਜਿਸ ਵਿੱੱਚ ਬਹੁਤੀਆਂ ਖਬਰ ਪੰਜਾਬੀਆਂ ਵੱਲੋਂ ਚਲਾਏ ਮੋਰਚੇ ਬਾਰੇ ਹੀ ਸੀ।

“ਆਹ ਸਿੱਖ ਤਾਂ ਐਵੇ ਜੇਲਾਂ ਭਰੀ ਜਾਂਦੇ ਨੇ, ਦੇਖਿਉ ਸਰਕਾਰ ਨੇ ਇਕ ਵੀ ਮੰਗ ਇਹਨਾਂ ਦੀ ਪੂਰੀ ਨਹੀਂ ਕਰਨੀ।” ਇਹ ਗੱਲ ਤੋਸ਼ੀ ਨੇ ਕਹੀ ਜੋ ਹੁਣੇ ਹੀ ਖੇਤਾਂ ਵਿੱਚੋਂ ਆਇਆ ਸੀ, “ਜੇ ਕੋਈ ਹੱਕ ਮਿਲਿਆ ਤਾਂ ਸਾਰੇ ਪੰਜਾਬੀਆਂ ਦੇ ਫਾਇਦੇ ਲਈ ਹੀ ਹੋਵੇਗਾ, ਨਾ ਕਿ ਇਕੱਲੇ ਸਿੱਖਾਂ ਲਈ, ਪਰ ਇਹ ਸੋਚਦੇ ਹੀ ਨਹੀ ਪੰਜਾਬ ਦੀ ਹਰ ਜ਼ਿੰਮੇਵਾਰੀ ਆਪਣੇ ਸਿਰ ਲੈ ਲੈਣਗੇ।”
ਗੱਲ ਸੁਣ ਕੇ ਦਿਲਪ੍ਰੀਤ ਵੀ ਆਪਣੇ ਕਮਰੇ ਵਿਚੋਂ ਬਾਹਰ ਆ ਗਿਆ ਤੇ ਬੋਲਿਆ, “ਚਾਚਾ ਜੀ, ਜਿੰਨਾ ਚਿਰ ਦੱਸਿਆ ਹੀ ਨਾ ਜਾਵੇ ਕਿ ਸਾਡੀ ਮੁੱਖ ਲੋੜ ਕੀ ਹੈ? ਕਿਸੇ ਨੂੰ ਪਤਾ ਵੀ ਨਹੀ ਲੱਗਦਾ। ਸਰਕਾਰ ਨੂੰ ਆਪਣੇ ਹੱਕਾਂ ਬਾਰੇ ਸ਼ਾਤਮਈ ਢੰਗ ਨਾਲ ਦੱਸਣਾ ਕੋਈ ਮਾੜੀ ਗੱਲ ਨਹੀਂ।”

“ਦਿਲਪ੍ਰੀਤ, ਗੱਲ ਤਾਂ ਤੇਰੀ ਠੀਕ ਆ।” ਤੋਸ਼ੀ ਨੇ ਕਿਹਾ, “ਪਰ 13 ਅਪ੍ਰੈਲ 1978 ਦੀ ਵਿਸਾਖੀ ਨੂੰ ਸਿੰਘ ਸ਼ਾਤਮਈ ਢੰਗ ਨਾਲ ਹੀ ਨਿੰਰਕਾਰੀਆਂ ਨੂੰ ਰੋਕਣ ਗਏ ਸੀ ਕਿ ਸਾਡੇ ਸ਼ਬਦਗੁਰੂ ਸਿਧਾਂਤ ਨੂੰ ਢਾਅ ਲਾ ਕੇ ਗੁਰਬਾਣੀ ਦੀ ਖਿੱਲੀ ਨਾ ਉਡਾਉ, ਗੁਰੂ ਕਾਲ ਦੀ ਮਾਨਤਾ ਪ੍ਰਾਪਤ ਰਵਾਇਤ ਨੂੰ ਨਾ ਭੰਨੋ ਅਤੇ ਸਿੱਖ ਜਗਤ ਦੀਆਂ ਪ੍ਰਮਾਣਿਤ ਕਦਰਾਂ-ਕੀਮਤਾਂ ਦੀ ਚੀਰ-ਫਾੜ ਨਾ ਕਰੋ, ਪਰ ਹੋਇਆ ਕੀ?” ਤੋਸ਼ੀ ਇੰਨਾ ਭਾਵਕ ਹੋ ਗਿਆ ਕਿ ਅੱਗੇ ਬੋਲ ਹੀ ਨਾ ਸਕਿਆ।

“ਨਿਹੱਥੇ 13 ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।” ਹਰਜਿੰਦਰ ਸਿੰਘ ਨੇ ਗੱਲ ਪੂਰੀ ਕੀਤੀ, “ਇਹ ਕੰਮ ਵੀ ਸਾਜ਼ਿਸ਼ ਦੇ ਅਧੀਨ ਹੀ ਹੋਇਆ ਸੀ, ਪੰਜਾਬ ਦੇ ਹੋਰ ਵੀ ਬਹੁਤ ਸਾਰੇ ਸ਼ਹਿਰ ਹਨ ਜਿਨਾਂ ਵਿਚ ਨਿੰਰਕਾਰੀ ਆਪਣੇ ਸਮਾਗਮ ਕਰ ਸਕਦੇ ਸਨ ਜਾਣ ਕੇ ਹੀ ਅੰਮ੍ਰਿਤਸਰ ਵਿਚ ਕਰਵਾਇਆ ਗਿਆ।”

“ਭਾਅ ਜੀ, ਸਾਜ਼ਿਸ਼ਾਂ ਤੇ ਆਪਣੇ ਨਾਲ 1947 ਤੋਂ ਹੀ ਹੁੰਦੀਆਂ ਆ ਰਹੀਆਂ ਨੇ।” ਤੋਸ਼ੀ ਨੇ ਕਿਹਾ, “ਜਿੰਨਾਂ ਚਿਰ ਇਹਨਾਂ ਸਾਜ਼ਿਸ਼ਾਂ ਨੂੰ ਲੰਬੇ ਹੱਥੀ ਨਾ ਲਿਆ ਗਿਆ ਇਹ ਹਟਣੀਆਂ ਵੀ ਨਹੀ। “ਹੱਥਾਂ ਬਾਂਝ ਕਰਾਰਿਆਂ ਵੈਰੀ ਹੋਇ ਨਾ ਮਿੱਤ”
ਦਿਲਪ੍ਰੀਤ ਆਪਣੇ ਚਾਚਾ ਜੀ ਦੇ ਮੂੰਹੋ ਗੱਲਾਂ ਅਤੇ ਬਾਣੀ ਦੀ ਤੁਕ ਸੁਣ ਕੇ ਹੈਰਾਨ ਰਹਿ ਗਿਆ। ਉਹ ਤਾਂ ਇਹੀ ਸੋਚਦਾ ਸੀ ਕਿ ਉਸ ਦਾ ਚਾਚਾ ਅਤੇ ਡੈਡੀ ਸਿਰਫ ਖੇਤੀ ਕਰਨਾ ਹੀ ਜਾਣਦੇ ਨੇ। ਖਾਸ ਕਰਕੇ ਚਾਚਾ ਜੀ, ਜੋ ਸ਼ਰਾਬ ਵੀ ਪੀ ਲੈਂਦੇ ਨੇ ਉਹਨਾਂ ਨੇ ਆਪਣੀ ਕੌਮ ਨਾਲ ਹੋਈਆਂ ਵਧੀਕੀਆਂ ਬਾਰੇ ਇੰਨੀ ਜਾਣਕਾਰੀ ਕਿਵੇਂ ਹਾਸਿਲ ਕਰ ਲਈ? ਇਸ ਬਾਰੇ ਉਹ ਕੁਝ ਵੀ ਨਾਂ ਬੋਲਿਆ ਸਿਰਫ ਇੰਨਾ ਹੀ ਕਿਹਾ, “ਚਾਚਾ ਜੀ, ਫਿਰ ਵੀ ਜਿਹੜਾ ਕੰਮ ਪਿਆਰ ਅਤੇ ਸ਼ਾਂਤੀ ਨਾਲ ਹੋ ਜਾਵੇ, ਉਸ ਵਰਗੀ ਰੀਸ ਵੀ ਕੋਈ ਨਹੀਂ।”

“ਆਹੋ, ਕਾਕਾ ਤੇਰੀ ਗੱਲ ਜ਼ਿਆਦਾ ਠੀਕ ਆ।” ਦਿਲਪ੍ਰੀਤ ਦੀ ਮੰਮੀ ਜੋ ਗਰਮ ਦੁੱਧ ਦੇ ਗਿਲਾਸ ਲਈ ਆ ਰਹੀ ਸੀ ਵਿੱਚ ਹੀ ਬੋਲ ਪਈ, “ਚਲ ਤੋਸ਼ੀ ਤੂੰ ਗਰਮ ਗਰਮ ਦੁੱਧ ਪੀ, ਇਹੋ ਜਿਹੀਆਂ ਗੱਲਾਂ ਤਾਂ ਸਾਰੀ ਰਾਤ ਹੀ ਨਹੀਂ ਮੁੱਕਣੀਆਂ, ਜਿੰਨੀਆ ਮਰਜ਼ੀ ਕਰੀ ਜਾਉ।”

ਉਸ ਨੂੰ ਡਰ ਸੀ ਗੱਲਾਂ ਕਰਦੇ ਕਰਦੇ ਤੋਸ਼ੀ ਅਤੇ ਦਿਲਪ੍ਰੀਤ ਆਪਸ ਵਿੱਚ ਬਹਿਸ ਹੀ ਨਾ ਪੈਣ। ਕਈ ਵਾਰੀ ਚਾਚਾ ਭਤੀਜਾ ਬਹਿਸ ਵੀ ਪੈਂਦੇ ਸਨ ਬੇਸ਼ੱਕ ਉਸੇ ਵੇਲੇ ਹੀ ਘੇ-ਖਿਚੜੀ ਹੋ ਜਾਂਦੇ ਨੇਂ।

“ਹਾਂ ਜੀ, ਚਾਚਾ ਜੀ, ਤੁਸੀ ਦੁੱਧ ਪੀਉ।” ਦਿਲਪ੍ਰੀਤ ਨੇ ਮੰਮੀ ਤੋਂ ਦੁੱਧ ਦਾ ਗਿਲਾਸ ਲੈ ਕੇ ਤੋਸ਼ੀ ਨੂੰ ਫੜਾ ਦਿੱਤਾ ਅਤੇ ਆਪ ਵੀ ਲੈ ਲਿਆ।

ਦੁੱਧ ਪੀਂਦੇ ਥੋੜਾ ਚਿਰ ਖੇਤੀ-ਵਾੜੀ ਦੀਆ ਗੱਲਾਂ ਚੱਲਦੀਆਂ ਰਹੀਆਂ, ਫਿਰ ਸਾਰੇ ਆਪਣੇ ਆਪਣੇ ਥਾਂਈ ਸੌਣ ਲਈ ਚਲੇ ਗਏ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>