ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ..!

ਆਮ ਤੌਰ ਤੇ ਜਦੋਂ ਅਸੀਂ ਕਿਸੇ ਗੱਲ ਤੋਂ ਖੁਸ਼ ਹੁੰਦੇ ਹਾਂ ਤਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ- ‘ਬੜਾ ਆਨੰਦ ਹੈ’। ਅਸੀਂ ਅਨੰਦ ਨੂੰ ‘ਫਿਜ਼ੀਕਲ’ ਵਸਤੂਆਂ ਨਾਲ ਮਾਪਦੇ ਹਾਂ। ਜਿਵੇਂ- ਜੇ ਕਿਸੇ ਕੋਲ ਬਹੁਤਾ ਧਨ ਹੈ ਤਾਂ ਕਹਿੰਦੇ ਹਾਂ ਕਿ-‘ਉਹ ਬੜੇ ਅਨੰਦ ਵਿੱਚ ਹੈ’..ਜੇ ਖਾਣਾ ਸੁਆਦ ਲੱਗਾ ਤਾਂ ਵੀ ਕਹਿੰਦੇ ਹਾਂ-‘ਅਨੰਦ ਆ ਗਿਆ’..ਜੇ ਕਿਸੇ ਕੋਲ ਵੱਡੀ ਗੱਡੀ ਹੈ ਜਾਂ ਘਰ ਹੈ ਤਾਂ ਵੀ ਸੋਚਦੇ ਹਾਂ ਕਿ-‘ਉਹ ਆਨੰਦ ‘ਚ ਰਹਿੰਦਾ ਹੈ’। ਪਰ ਇਹ ਸਹੀ ਨਹੀਂ ਹੈ। ‘ਖੁਸ਼ੀ’ ਤੇ ‘ਅਨੰਦ’ ਵਿੱਚ ਢੇਰ ਸਾਰਾ ਅੰਤਰ ਹੈ। ‘ਖੁਸ਼ੀ’ ਥੋੜ੍ਹ ਚਿਰੀ ਹੁੰਦੀ ਹੈ ਜੋ ਦੁਨਿਆਵੀ ਵਸਤੂਆਂ ਨਾਲ ਅਸੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਈ ਵਾਰੀ ਨਾਚ ਗਾਣਿਆਂ ‘ਚੋਂ ਇਸ ਨੂੰ ਭਾਲਦੇ ਹਾਂ- ਕਈ ਵਾਰੀ ਇਸ ਨੂੰ ਭਾਲਣ ਬਾਹਰ ਤੁਰ ਜਾਂਦੇ ਹਾਂ। ਇੱਕ ਤੋਂ ਬਾਅਦ ਦੂਜਾ ਸਾਧਨ ਬਦਲਦੇ ਹਾਂ ਖੁਸ਼ ਹੋਣ ਲਈ। ਪਰ ਸਦੀਵੀ ਖੁਸ਼ੀ ਕਿਤੋਂ ਵੀ ਪ੍ਰਾਪਤ ਨਹੀਂ ਹੁੰਦੀ। ਇਸ ਦੀ ਭਾਲ ਵਿੱਚ ਇਨਸਾਨ- ਜਗ੍ਹਾ ਬਦਲਦਾ ਹੈ- ਮੁਲਕ ਬਦਲਦਾ ਹੈ- ਕਿੱਤਾ ਬਦਲਦਾ ਹੈ- ਤੇ ਕਈ ਵਾਰੀ ਤਾਂ ਜੀਵਨ ਸਾਥੀ ਵੀ ਬਦਲ ਲੈਂਦਾ ਹੈ- ਪਰ ਇਹ ਫਿਰ ਵੀ ਹੱਥ ਨਹੀਂ ਆਉਂਦੀ। ਅਸਲ ਵਿੱਚ ਇਸ ਦਾ ਸਬੰਧ ਮਨ ਨਾਲ ਹੈ। ਕਈ ਲੋਕ ਕੱਖਾਂ ਦੀ ਕੁੱਲੀ ਵਿੱਚ ਵੀ ਬੜੇ ਖੁਸ਼ ਹਨ- ਪਰ ਕਈਆਂ ਨੂੰ ਮਖਮਲੀ ਗੱਦਿਆਂ ਤੇ ਵੀ ਨੀਂਦ ਨਹੀਂ ਆਉਂਦੀ ਸਾਰੀ ਰਾਤ।

ਸਦੀਵੀ ਖੁਸ਼ੀ ਨੂੰ ‘ਅਨੰਦ’ ਕਿਹਾ ਜਾ ਸਕਦਾ ਹੈ। ਅਸੀਂ ਅਨੰਦ ਨੂੰ ਵੀ ਭੌਤਿਕ ਵਸਤੂਆਂ ਨਾਲ ਤੋਲਦੇ ਹਾਂ। ਪਰ ਭੌਤਿਕ ਵਸਤੂਆਂ ਨਾਲ ਭੌਤਿਕ ਵਸਤਾਂ ਹੀ ਖਰੀਦੀਆਂ ਜਾ ਸਕਦੀਆਂ ਹਨ- ਜਦ ਕਿ ਅਨੰਦ ਦਾ ਸਬੰਧ ਤਾਂ ਸਾਡੇ ਮਨ ਨਾਲ ਹੈ। ਇਹ ਦੁੱਖ ਸੁੱਖ ਤੋਂ ਪਾਰ ਜਾਣ ਦੀ ਅਵਸਥਾ ਹੈ। ਸਦੀਵੀ ਅਨੰਦ ਤਾਂ- ਤੱਤੀਆਂ ਤਵੀਆਂ ਤੇ ਬੈਠਣ ਨਾਲ ਜਾਂ ਆਰੇ ਨਾਲ ਚੀਰਨ ਨਾਲ ਜਾਂ ਬੰਦ ਬੰਦ ਕੱਟਣ ਨਾਲ ਵੀ ਖਤਮ ਨਹੀਂ ਕੀਤਾ ਜਾ ਸਕਦਾ। ਇਸ ਅਵਸਥਾ ਵਿੱਚ ਤਾਂ- ਤੱਤੀ ਰੇਤ ਸੀਸ ਤੇ ਪੈਣ ਤੇ ਵੀ ‘ਤੇਰਾ ਕੀਆ ਮੀਠਾ ਲਾਗੇ॥’ ਮੁਖੋਂ ਉਚਾਰਿਆ ਜਾ ਸਕਦਾ ਹੈ। ਇਹ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ- ਬੱਚਿਆਂ ਦੇ ਟੋਟੇ ਕਰਵਾ, ਗਲਾਂ ‘ਚ ਹਾਰ ਪਵਾ ਕੇ ਵੀ ਇਹ ਅਰਦਾਸ ਕੀਤੀ ਜਾਂਦੀ ਹੈ ਕਿ-‘ਦਿਨ ਤੇਰੇ ਭਾਣੇ ‘ਚ ਅਨੰਦ ‘ਚ ਬਤੀਤ ਹੋਇਆ- ਰੈਣ ਆਈ.. ਇਹ ਵੀ ਤੇਰੇ ਭਾਣੇ ‘ਚ ‘ਅਨੰਦ’ ‘ਚ ਬਤੀਤ ਹੋਵੇ’। ਇਸ ਅਵਸਥਾ ਵਿੱਚ ਹੀ- ਕੰਡਿਆਂ ਦੀ ਸੇਜ ਤੇ ‘ਮਿੱਤਰ ਪਿਆਰੇ’ ਲਈ ਗੀਤ ਗਾਇਆ ਜਾ ਸਕਦਾ ਹੈ। ਤੇ ਇਸੇ ਅਵਸਥਾ ਵਾਲਾ ਇਨਸਾਨ ਹੀ ਸਰਬੰਸ ਵਾਰਨ ਉਪਰੰਤ, ਜ਼ਾਲਿਮ ਨੂੰ ‘ਜਿੱਤ ਦੀ ਚਿੱਠੀ’ (ਜ਼ਫ਼ਰਨਾਮਾ) ਲਿਖ ਸਕਦਾ ਹੈ।

ਖੈਰ ਆਪਾਂ ਲੋਕ ਇਸ ਅਵਸਥਾ ਤੱਕ ਤਾਂ ਨਹੀਂ ਪਹੁੰਚ ਸਕਦੇ। ਪਰ ਕੁੱਝ ਇੱਕ ਨੁਕਤੇ ਆਪਣੇ ਜੀਵਨ ਵਿੱਚ ਅਪਣਾ ਕੇ- ਹਰ ਵੇਲੇ ਦੁਖੀ ਹੋਣ ਤੋਂ ਜਰੂਰ ਬਚ ਸਕਦੇ ਹਾਂ- ਇਹ ਮੇਰਾ ਨਿੱਜੀ ਤਜਰਬਾ ਹੈ। ਸੋ ਚੰਗੀਆਂ ਪੁਸਤਕਾਂ ਪੜ੍ਹ ਕੇ ਤੇ ਮਹਾਂ ਪੁਰਸ਼ਾਂ ਦੀ ਸੰਗਤ ਕਾਰਨ, ਜਿੰਨੀ ਕੁ ਸੋਝੀ ਮੇਰੇ ਗੁਰੂੁ ਨੇ ਮੈਂਨੂੰ ਬਖਸ਼ੀ ਹੈ- ਉਹ ਆਪ ਜੀ ਨਾਲ ਸਾਂਝੀ ਕਰਨਾ ਆਪਣਾ ਫਰਜ਼ ਸਮਝਦੀ ਹਾਂ।

ਚੜ੍ਹਦੀ ਕਲਾ ਵਾਲੀ ਸੋਚ: ‘ਪੌਜ਼ਿਟਵ ਥਿੰਕਿੰਗ’ ਸਾਨੂੰ ਹਰ ਹਾਲ ‘ਚ ਖੁਸ਼ ਰਹਿਣਾ ਸਿਖਾਉਂਦੀ ਹੈ। ਜੀਵਨ ‘ਚ ਉਤਰਾਅ ਚੜ੍ਹਾਅ ਤਾਂ ਆਉਣੇ ਹੀ ਹਨ। ਜ਼ਿੰਦਗੀ ਕਦੇ ਵੀ ਰੇਲ ਦੀ ਪਟੜੀ ਵਾਂਗ, ਸਮਾਂਤਰ ਨਹੀਂ ਹੁੰਦੀ। ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ-‘ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥(ਅੰਗ 149)॥ ਸੋ ਸੁੱਖਾਂ ਦੁੱਖਾਂ ਦਾ ਸੁਮੇਲ ਹੀ ਤਾਂ ਹੈ ਜ਼ਿੰਦਗੀ। ਪਰ ਕਈ ਲੋਕ ਦੁੱਖਾਂ ਨੂੰ ਦਿਲ ਤੇ ਲਾ ਕੇ, ਡਿਪਰੈਸ਼ਨ ‘ਚ ਚਲੇ ਜਾਂਦੇ ਹਨ ਜਦ ਕਿ ਕਈ ਵੱਡੀਆਂ ਮੁਸੀਬਤਾਂ ਆਉਣ ਤੇ ਵੀ ਆਪਣੇ ਮਨ ਨੂੰ ਢਹਿੰਦੀ ਕਲਾ ‘ਚ ਨਹੀਂ ਜਾਣ ਦਿੰਦੇ। ਇਥੇ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ-
ਹੰਗਰੀ ਦਾ ਇੱਕ ਫੌਜੀ ਸੀ ਕਾਰੋਲੀ- ਜੋ 1936 ਤੱਕ ਵਰਲਡ ਲੈਵਲ ਦਾ ‘ਪਿਸਟਲ ਸ਼ੂਟਰ’ ਸੀ। ਉਹ 1940 ਦੀਆਂ ਓਲਿੰਪਕਸ ਦੀ ਤਿਆਰੀ ਕਰ ਰਿਹਾ ਸੀ ਕਿ ਇੱਕ ਤਜਰਬਾ ਕਰਦਿਆਂ, ਬੰਬ ਬਲਾਸਟ ਹੋ ਗਿਆ- ਜਿਸ ‘ਚ ਉਸ ਦਾ ਸੱਜਾ ਹੱਥ ਨਕਾਰਾ ਹੋ ਗਿਆ। ਉਹ ਇੱਕ ਮਹੀਨਾ ਹਸਪਤਾਲ ਰਿਹਾ। ਠੀਕ ਹੋਣ ਤੇ ਉਸ ਨੇ ਖੱਬੇ ਹੱਥ ਨਾਲ ਪ੍ਰੈਕਟਿਸ ਕਰਨੀ ਸ਼ੁਰੁ ਕਰ ਦਿੱਤੀ ਤਾਂ ਕਿ ਉਹ ਅਗਲੀਆਂ 1944 ‘ਚ ਹੋਣ ਵਾਲੀਆਂ ਓਲਿੰਪਕਸ ‘ਚ ਭਾਗ ਲੈ ਸਕੇ। ਪਰ ਦੂਜੇ ਸੰਸਾਰ ਯੁੱਧ ਕਾਰਨ 1944 ਵਾਲੀਆਂ ਗੇਮਜ਼ ਹੋਈਆਂ ਹੀ ਨਹੀਂ। ਉਸ ਪ੍ਰੈਕਟਿਸ ਜਾਰੀ ਰੱਖੀ ਤੇ 1948 ਵਾਲੀਆਂ ‘ਚ ਭਾਗ ਹੀ ਨਹੀਂ ਲਿਆ- ਸਗੋਂ ਗੋਲਡ ਮੈਡਲ ਵੀ ਜਿੱਤਿਆ। 1952 ਦੀਆਂ ਸਮਰ ਓਲਿੰਪਿਕਸ ‘ਚ ਫੇਰ ਉਸ ਗੋਲਡ ਮੈਡਲ ਜਿੱਤਿਆ। ਸੋ ਆਪਣੀ ‘ਪੌਜ਼ਿਟਵ ਥਿੰਕਿੰਗ’ ਸਦਕਾ ਹੀ ਉਹ ਖੱਬੇ ਹੱਥ ਨਾਲ ਸ਼ੂਟਿੰਗ ਕਰਕੇ, ਦੋ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆਂ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਇਹ ਗੱਲ ਵੀ ਸਿੱਧ ਹੁੰਦੀ ਹੈ ਕਿ ਹਾਂ-ਵਾਚਕ ਸੋਚ ਦੇ ਨਾਲ ਨਾਲ ਮਿਹਨਤ ਤੇ ਲਗਨ ਦੀ ਵੀ ਲੋੜ ਹੈ। ਚੜ੍ਹਦੀ ਕਲਾ ‘ਚ ਰਹਿਣ ਵਾਲਿਆਂ ਕੋਲੋਂ ਤਾਂ ਵੱਡੇ ਵੱਡੇ ਰੋਗ ਵੀ ਡਰ ਕੇ ਭੱਜ ਜਾਂਦੇ ਹਨ- ਜਦ ਕਿ ਢਹਿੰਦੀਆਂ ਕਲਾਂ ਵਾਲਿਆਂ ਨੂੰ ਨਿੱਤ ਬੀਮਾਰੀਆਂ ਘੇਰਾ ਪਾਈ ਰੱਖਦੀਆਂ ਹਨ।

ਹਰ ਵਕਤ ਸ਼ੁਕਰਾਨਾ ਕਰਨਾ: ਸ਼ੁਕਰਾਨਾ ਕਰਨ ਦੀ ਆਦਤ ਵੀ ਸਾਡੇ ਮਨ ਨੂੰ ਅਜੀਬ ਤਾਕਤ ਦਿੰਦੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਅਨੇਕ ਦਾਤਾਂ, ਬਿਨਾਂ ਮੰਗਿਆਂ ਹੀ ਦਿੱਤੀਆਂ ਹੋਈਆਂ ਹਨ। ਸਾਡੇ ਰਹਿਣ ਲਈ ਧਰਤੀ, ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਤੋਂ ਇਲਾਵਾ ਮਾਨਣ ਲਈ ਕੁਦਰਤੀ ਨਜ਼ਾਰੇ, ਸਾਡੇ ਖਾਧੇ ਭੋਜਨ ਤੋਂ ਖੂਨ ਬਣਾ- ਹਰ ਇੱਕ ਅੰਗ ਤੱਕ ਪਚਾਉਣ ਵਾਲਾ ਤੇ ਸਾਡੀ ਸਰੀਰ ਰੂਪੀ ਮਸ਼ੀਨ ਨੂੰ ਚਲਾਉਣ ਵਾਲਾ- ਜੋ ਸਾਡੇ ਅੰਦਰ ਬੈਠਾ ਹੈ- ਉਸ ਦਾ ਸ਼ੁਕਰਾਨਾ ਕਰਨਾ ਤਾਂ ਬਣਦਾ ਹੀ ਹੈ ਨਾ! ਸੌਣ ਤੋਂ ਪਹਿਲਾਂ ਹਰ ਰੋਜ਼ ਉਸ ਵਲੋਂ ਦਿੱਤੀਆਂ ਦਾਤਾਂ ਗਿਣੋ ਤੇ ਉਹਨਾਂ ਲਈ ਉਸ ਦਾ ਸ਼ੁਕਰਾਨਾ ਕਰੋ। ਸਵੇਰੇ ਉਠਦੇ ਸਾਰ ਵੀ, ਵਟਸਅਪ ਮੈਸੇਜ ਦੇਖਣ ਤੋਂ ਪਹਿਲਾਂ, ਰੱਬ ਦਾ ਸ਼ੁਕਰਾਨਾ ਕਰੋ- ਜਿਸ ਨੇ ਸਾਨੂੰ ਇੱਕ ਦਿਨ ਹੋਰ ਦੇ ਦਿੱਤਾ ਮਾਨਣ ਲਈ! ਨਾਲੇ ਇਹਨਾਂ ਮੁਲਕਾਂ ‘ਚ -30 ਜਾਂ -35 ਡਿਗਰੀ ਤਾਪਮਾਨ ‘ਚ ਤਾਂ ਆਪ ਮੁਹਾਰੇ ਹੀ ਮੂੰਹੋਂ ਨਿਕਲ ਜਾਂਦਾ ਹੈ ਕਿ- ‘ਸ਼ੁਕਰ ਹੈ ਰੱਬਾ ਤੇਰਾ! ਅਸੀਂ ਗਰਮ ਘਰਾਂ ਅੰਦਰ ਬੈਠੇ ਹਾਂ’। ਪਰ ਏਥੇ ਵੀ ਸੌ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ, ਅਸੀਂ ਦੁਖੀ ਹਾਂ। ਏਥੇ ਸਾਨੂੰ ਸਨੋਅ ਹਟਾਉਣੀ ਪੈਂਦੀ ਹੈ। ਸਾਡਾ ਸੁਭਾਅ ਹੈ ਕਿ- ਅਸੀਂ ਸ਼ੁਕਰਾਨਾ ਕਰਨ ਦੀ ਬਜਾਏ ਕਿਸੇ ਇੱਕ ਚੀਜ਼ ਦੀ ਕਮੀ ਹੋਣ ਕਾਰਨ, ਰੱਬ ਨਾਲ ਗਿਲਾ ਕਰਨ ਲੱਗ ਜਾਂਦੇ ਹਾਂ। ਸ਼ਾਇਦ ਇਸੇ ਕਰਕੇ ਪੰਚਮ ਪਾਤਸ਼ਾਹ ਨੂੰ ਕਹਿਣਾ ਪਿਆ-

ਦਸ ਬਸਤੂ ਲੇ ਪਾਛੈ ਪਾਵੇ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥ (ਅੰਗ 268)

ਸ਼ੇਖ ਸਾਅਦੀ ਲਿਖਦੇ ਹਨ ਕਿ- ਉਹ ਇੱਕ ਵਾਰੀ ਰੇਗਿਸਤਾਨ ਦੇ ਇਲਾਕੇ ਵਿੱਚ ਗਏ ਹੋਏ  ਸਨ। ਨਮਾਜ਼ ਅਦਾ ਕਰਨ ਲਈ, ਦੂਰ ਬਣੀ ਮਸਜਿਦ ਵੱਲ ਚੱਲੇ ਤਾਂ, ਘਸੀ ਹੋਈ ਜੁੱਤੀ ਵੀ ਰਾਹ ਵਿੱਚ ਟੁੱਟ ਗਈ। ਉਥੇ ਜਾ ਕੇ ਕਹਿਣ ਲੱਗੇ-‘ਯਾ ਖੁਦਾ! ਆਪਣੇ ਦਰ ਤੇ ਆਉਣ ਲਈ ਇਸ ਗਰੀਬ ਨੂੰ ਨਵੀਂ ਜੁੱਤੀ ਤਾਂ ਲੈ ਦੇ!’ ਇਹ ਦੁਆ ਕਰਕੇ ਜਦ ਪਿੱਛੇ ਮੁੜ ਦੇਖਿਆ ਤਾਂ- ਇੱਕ ਬੰਦਾ ਬਿਨਾ ਪੈਰਾਂ ਤੋਂ ਰਿੜ ਰਿੜ ਕੇ ਮਸਜਿਦ ਵੱਲ ਆ ਰਿਹਾ ਸੀ। ਉਹ ਇੱਕ ਦਮ ਚੌਂਕੇ ਤੇ ਬੇਨਤੀ ਕੀਤੀ-‘ਜੁੱਤੀ ਨਹੀਂ ਤੇ ਕੋਈ ਗੱਲ ਨਹੀਂ ਖੁਦਾ- ਮੇਰੇ ਕੋਲ ਪੈਰ ਤਾਂ ਹਨ-ਜਿਹਨਾਂ ਨਾਲ ਮੈਂ ਤੁਰ ਕੇ ਤੇਰੇ ਦਰ ਤੇ ਆਇਆ ਹਾਂ’।

ਇਸ ਦੇ ਨਾਲ ਹੀ ਜੀਵਨ ਵਿੱਚ ਹਰ ਉਸ ਇਨਸਾਨ ਦਾ ਵੀ ਸ਼ੁਕਰੀਆ ਅਦਾ ਕਰਨਾ ਬਣਦਾ ਹੈ ਜੋ ਕਿਸੇ ਵੇਲੇ ਸਾਡੇ ਕਿਸੇ ਕੰਮ ਆਇਆ ਹੋਵੇ। ਇਸ ਦੀ ਸ਼ੁਰੂਆਤ ਆਪਾਂ ਆਪਣੇ ਘਰਾਂ ਤੋਂ ਕਰ ਸਕਦੇ ਹਾਂ। ਪਤੀ-ਪਤਨੀ ਇੱਕ ਦੂਜੇ ਨੂੰ, ਬੱਚੇ ਮਾਤਾ ਪਿਤਾ ਨੂੰ ਤੇ ਮਾਤਾ ਪਿਤਾ ਬੱਚਿਆਂ ਨੂੰ- ਛੋਟੇ ਛੋਟੇ ਕੰਮਾਂ ‘ਚ ਵੀ ‘ਥੈਂਕਸ’ ਕਹਿਣ ਦੀ ਆਦਤ ਪਾ ਲੈਣ ਤਾਂ ਘਰ ਦਾ ਮਹੌਲ ਹੀ ਬਦਲ ਜਾਏਗਾ। ਇਹ ਆਦਤ ਇਹਨਾਂ ਮੁਲਕਾਂ ਵਿੱਚ ਅੰਗਰੇਜ਼ਾਂ ਤੋਂ ਸਿੱਖੀ ਜਾ ਸਕਦੀ ਹੈ। ਇੰਨਾ ਕਹਿਣ ਨਾਲ ਸਾਡਾ ਕੁੱਝ ਘਸਦਾ ਨਹੀਂ- ਪਰ ਦੂਜੇ ਨੂੰ ਪ੍ਰਸੰਨਤਾ ਤੇ ਉਤਸ਼ਾਹ ਜਰੂੁਰ ਮਿਲਦਾ ਹੈ।

ਵੰਡਣ ਦੀ ਕਲਾ: ਇਹ ਵੀ ਸੁਖਦਾਈ ਜੀਵਨ ਦੀ ਕੁੰਜੀ ਹੈ। ਪ੍ਰਮਾਤਮਾ ਨੇ ਸਾਨੂੰ ਜਿੰਨਾ ਕੁੱਝ ਦਿੱਤਾ ਹੈ- ਜੇਕਰ ਉਸ ਵਿਚੋਂ ਕੁੱਝ ਕੁ ਨਾਲ, ਕਿਸੇ ਲੋੜਵੰਦ ਦੀ ਮਦਦ ਕਰ ਦਿੱਤੀ ਜਾਵੇ ਤਾਂ ਕਮਾਈ ਹੋਰ ਫਲਦੀ ਹੈ। ਏਸੇ ਕਰਕੇ ਹੀ ਸਿੱਖ ਧਰਮ ਵਿੱਚ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ। ਅਕਸਰ ਹੀ ਅਸੀਂ ਆਖ ਦਿੰਦੇ ਹਾਂ ਕਿ- ਸਾਡੀ ਆਪਣੀ ਪੂਰੀ ਨਹੀਂ ਪੈਂਦੀ, ਅਸੀਂ ਕਿਸੇ ਦੀ ਕੀ ਮਦਦ ਕਰੀਏ? ਇਹ ਜਰੂਰੀ ਨਹੀਂ ਕਿ- ਅਸੀਂ ਅਮੀਰ ਹੋਈਏ ਤਾਂ ਹੀ ਕਿਸੇ ਦਾ ਸਹਾਰਾ ਬਣ ਸਕਦੇ ਹਾਂ। ਭਗਤ ਪੂਰਨ ਸਿੰਘ ਦੀ ਉਦਾਹਰਣ ਸਾਡੇ ਸਾਹਮਣੇ ਹੈ। ਉਹਨਾਂ ਕੋਲ ਆਪਣਾ ਕੋਈ ਘਰ ਨਹੀਂ- ਲੇਕਿਨ ਉਹ ਬੇਸਹਾਰਿਆਂ ਲਈ ਪੱਕਾ ਘਰ ਬਣਾ ਗਏ। ਜੇ ਮਨ ‘ਚ ਕਿਸੇ ਦੂਜੇ ਲਈ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਹੀਲੇ ਵਸੀਲੇ ਬਣ ਜਾਂਦੇ ਹਨ। ਬਾਕੀ ਜੇ ਅਸੀਂ ਕਿਸੇ ਲਈ ਕੁੱਝ ਕਰਦੇ ਹਾਂ, ਤਾਂ ਕੁਦਰਤ ਸਾਡਾ ਸਾਥ ਦਿੰਦੀ ਹੈ। ਧਨ ਤੋਂ ਬਿਨਾ ਅਸੀਂ ਆਪਣੇ ਤਨ ਤੇ ਮਨ ਨਾਲ ਵੀ ਕਿਸੇ ਲਈ ਕੁੱਝ ਕਰ ਸਕਦੇ ਹਾਂ। ਜੇ ਸਾਡੇ ਕੋਲ ਕੋਈ ਗਿਆਨ ਹੈ ਤਾਂ ਉਸ ਨੂੰ ਵੰਡਿਆ ਜਾ ਸਕਦਾ ਹੈ- ਕੋਈ ਹੋਰ ਗੁਣ ਸਾਨੂੰ ਪ੍ਰਭੂ ਨੇ ਦਿੱਤਾ ਹੈ ਤਾਂ ਉਸ ਨਾਲ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ। ਕਿਤੇ ਵੋਲੰਟੀਅਰ ਕੰਮ ਕਰਕੇ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ। ਜੋ ਕੁੱਝ ਵੀ ਸਾਡੇ ਕੋਲ ਹੈ- ਉਸ ਨੂੰ ਸਮਾਜ ਵਿੱਚ ਵੰਡ ਕੇ- ਅਸੀਂ ਆਪਣੇ ਚੌਗਿਰਦੇ ਨੂੰ ਮਹਿਕਾ ਸਕਦੇ ਹਾਂ- ਜਿਸ ਦੀ ਖੁਸ਼ਬੂ ਸਾਡੇ ਤੱਕ ਆਪਣੇ ਆਪ ਪਹੁੰਚ ਜਾਏਗੀ।

ਇਮਾਨਦਾਰੀ:  ਈਮਾਨਦਾਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਗੁਣ ਹੈ- ਜੋ ਸੁਖੀ ਜੀਵਨ ਦਾ ਮੂਲ ਮੰਤਰ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਆਪ ਨਾਲ ਈਮਾਨਦਾਰ ਹੋਣਾ ਸਿੱਖੀਏ। ਭਾਵ- ਅੰਦਰੋਂ ਬਾਹਰੋਂ ਇੱਕ ਹੋ ਜਾਈਏ। ਅਸੀਂ ਬਹੁਤ ਵਾਰੀ ਦੋਗਲਾ ਜੀਵਨ ਜਿਉਂਦੇ ਹਾਂ। ਅਸੀਂ ਅਸਲ ਵਿੱਚ ਉਹ ਹੁੰਦੇ ਨਹੀਂ ਜੋ ਲੋਕਾਂ ਨੂੰ ਦਿਖਾਣ ਦੀ ਕੋਸ਼ਿਸ਼ ਕਰਦੇ ਹਾਂ। ਕਦੇ ਲੋਕ ਦਿਖਾਵੇ ਲਈ ਸੇਵਾ ਕਰਦੇ ਹਾਂ, ਕਦੇ ਦਾਨ ਪੁੰਨ ਕਰਦੇ ਹਾਂ, ਕਦੇ ਗਿਆਨਵਾਨ ਦਿਖਣ ਦੀ ਕੋਸ਼ਿਸ਼ ਕਰਦੇ ਹਾਂ। ਸੱਚ ਜਾਣੋ ਤਾਂ ਬਹੁਤ ਵਾਰੀ ਅਸੀਂ ਧਰਮੀ ਹੋਣ ਦਾ ਵੀ ਨਾਟਕ ਹੀ ਕਰਦੇ ਹਾਂ। ਪਰ ਸਾਥੀਓ- ਜੇ ਅਸੀਂ ਆਪਣੇ ਆਪ ਪ੍ਰਤੀ ਇਮਾਨਦਾਰ ਨਹੀਂ ਤਾਂ ਅਸੀਂ ਦੂਜਿਆਂ ਪ੍ਰਤੀ ਵੀ ਇਮਾਨਦਾਰ ਨਹੀਂ ਹੋ ਸਕਦੇ।

ਧੰਨ ਨੇ ਉਹ ਲੋਕ- ਜੋ ਈਮਾਨਦਾਰੀ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਬਣੇ ਹਨ। ਪਿੱਛੇ ਜਿਹੇ ਇੱਕ ਆਸਟ੍ਰੇਲੀਆ ਦੀ ਖਬਰ ਆਈ ਸੀ ਕਿ- ਇੱਕ ਟੈਕਸੀ ਡਰਾਈਵਰ ਨੇ, ਕਿਸੇ ਸਵਾਰੀ ਦਾ ਪੰਜ ਹਜ਼ਾਰ ਡਾਲਰ ਵਾਲਾ ਬੈਗ, ਬੜੀ ਸ਼ਿੱਦਤ ਨਾਲ ਉਸ ਨੂੰ ਲੱਭ ਕੇ, ਵਾਪਿਸ ਕੀਤਾ। ਪਰ ਸਾਡੇ ਆਪਣੇ ਸ਼ਹਿਰ ਦੇ ਗੁਰੂ ਘਰ ਦੀ ਹੀ ਇੱਕ ਘਟਨਾ ਹੈ ਕਿ- ਇੱਕ ਬੰਦਾ ਆਪਣੀ ਮਾਂ ਨੂੰ ਲੈ ਕੇ ਗੁਰੂੁ ਘਰ ਆਇਆ। ਕਾਹਲੀ ਵਿੱਚ ਜੈਕੇਟ ਟੰਗਦਿਆਂ, ਉਸ ਦੀ ਜੇਬ ਵਿੱਚ ਹੀ ਗੱਡੀ ਦੀ ਚਾਬੀ ਭੁੱਲ ਗਿਆ। ਅੱਧੇ ਕੁ ਘੰਟੇ ਬਾਅਦ ਜਦ ਵਾਪਿਸ ਜਾਣ ਲੱਗਾ ਤਾਂ ਜੈਕੇਟ ਤੇ ਗੱਡੀ ਦੋਨੋਂ ਗਾਇਬ। ਗੁਰਦੁਆਰੇ ਦੇ ਕੈਮਰੇ ਵੀ ਉਸ ਦਿਨ ਕੰਮ ਨਹੀਂ ਸੀ ਕਰ ਰਹੇ। ਸੋਚਣ ਵਾਲੀ ਗੱਲ ਇਹ ਹੈ ਕਿ- ਅਸੀਂ ਲੋਕ ਗੁਰੂੁ ਘਰ ਵੀ ਮਾੜੀ ਨੀਤ ਨਾਲ ਹੀ ਜਾਂਦੇ ਹਾਂ।

ਆਪਣੇ ਕਿੱਤੇ ਪ੍ਰਤੀ ਈਮਾਨਦਾਰ ਹੋਣਾ ਵੀ ਲਾਜ਼ਮੀ ਹੈ। ਇੱਕ ਵਾਰੀ ਇੱਕ ਧਾਰਮਿਕ ਸਮਾਗਮ ਵਿੱਚ, ਵਿਆਖਿਆਕਾਰ ਨੇ ਸੰਗਤ ਨੂੰ ਪੁੱਛਿਆ ਕਿ- ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ॥(ਅੰਗ 619)॥-ਦਾ ਕੀ ਮਤਲਬ ਹੈ? ਸੰਗਤ ਕਹਿਣ ਲੱਗੀ ਕਿ- ‘ਅੱਠੇ ਪਹਿਰ ਅਰਾਧਨਾ ਕਰੋ’। ਤਾਂ ਉਹ ਕਹਿਣ ਲੱਗੇ- ਨਹੀਂ, ਅਸੀਂ ਅੱਠੇ ਪਹਿਰ ਜਾਪ ਨਹੀਂ ਕਰ ਸਕਦੇ- ਅਸੀਂ ਰੋਜ਼ੀ ਵੀ ਕਮਾਉਣੀ ਹੈ। ਇਸ ਦਾ ਮਤਲਬ ਹੈ ਕਿ- ਜੋ ਵੀ ਕਿੱਤਾ ਕਰ ਰਹੇ ਹੋ- ਉਹ ਇਮਾਨਦਾਰੀ ਨਾਲ ਕਰੋ। ਕਿਸੇ ਕੰਮ ਵਿੱਚ ਸੁਆਰਥ ਜਾਂ ਲਾਲਚ ਨੂੰ ਨੇੜੇ ਨਾ ਢੁੱਕਣ ਦਿਓ। ਇਹ ਯਾਦ ਰੱਖੋ ਕਿ- ਮੇਰਾ ਵਾਹਿਗੁਰੂ ਮੈਂਨੂੰ ਦੇਖ ਰਿਹਾ ਹੈ- ਬਸ ਇਹ ਹੀ ਅੱਠੇ ਪਹਿਰ ਦੀ ਬੰਦਗੀ ਹੈ।
(ਚਲਦਾ)

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>