ਹੱਕ ਲਈ ਲੜਿਆ ਸੱਚ – (ਭਾਗ – 32)

ਵੇਲਾ ਸਿੰਘ ਨੂੰ ਗੁਜ਼ਰਿਆਂ ਕਈ ਦਿਨ ਹੋ ਗਏ ਸਨ। ਇੰਦਰ ਸਿੰਘ ਭਰੇ ਮਨ ਨਾਲ ਬਰਾਂਡੇ ਦੇ ਮੂਹਰੇ ਮੰਜੇ ਤੇ ਧੁੱਪੇ ਬੈਠਾ ਸੋਚ ਰਿਹਾ ਸੀ ਕਿ ਬੰਦੇ ਦੇ ਜੀਵਨ ਦਾ ਕੋਈ ਅਰਥ ਹੈ ਜਾਂ ਨਹੀਂ। ਫਿਰ ਉਸ ਦਾ ਖਿਆਲ ਪਿਛੱਲੇ ਦਿਨਾਂ ਵੱਲ ਚਲਾ ਗਿਆ ਜਦੋਂ ਮੁਖਤਿਆਰ ਜੰਮਿਆ, ਵੇਲਾ ਸਿੰਘ ਦਾ ਧਰਤੀ ਤੇ ਪੈਰ ਨਹੀਂ ਸੀ ਲੱਗਦਾ। ਕਿਵੇਂ ਵੇਲਾ ਸਿੰਘ ਉਸ ਨੂੰ ਪਿਆਰਦਾ ਅਤੇ ਦੁਲਾਰਦਾ ਰਹਿੰਦਾ। ਜਵਾਨ ਹੋਇਆ ਮੁਖਤਿਆਰ ਜਦੋਂ ਆਪਣੀਆਂ ਮਰਜ਼ੀਆਂ ਕਰਦਾ, ਕੰਮ ਧੰਦੇ ਨੂੰ ਹੱਥ ਨਾ ਪਵਾਉਂਦਾ ਤਾਂ ਇੰਦਰ ਸਿੰਘ ਖਿੱਝ ਜਾਂਦਾ ਤਾਂ ਵੇਲਾ ਸਿੰਘ ਉਸ ਨੂੰ ਸਮਝਾਉਂਦਾ, “ਇੰਦਰ ਸਿਹਾਂ ਐਵੇ ਨਾ ਮੁੰਡੇ ਤੇ ਖਿਝਿਆ ਕਰ, ਮੁਖਤਿਆਰਾ ਉਦਾਂ ਵਧੀਆ ਗਭਰੂ ਆ, ਦੋ ਚਾਰ ਦਿਨਾਂ ਦੀ ਮਸਤੀ ਤੋਂ ਬਾਅਦ ਇਸ ਨੇ ਜ਼ਿੰਮੇਵਾਰੀਆਂ ਆਪੇ ਹੀ ਨਿਭਾਉਣ ਲੱਗ ਪੈਣੀ ਆਂ।”

ਵੇਲਾ ਸਿੰਘ ਦਾ ਕਿਹਾ ਹੋਇਆ ਵੀ ਸੱਚ ਸੀ। ਅੱਜ ਮੁਖਤਿਆਰ ਦਾ ਨਾਮ ਸਮਝਦਾਰ ਬੰਦਿਆਂ ਵਿਚ ਆਉਂਦਾ ਸੀ। ਵੇਲਾ ਸਿੰਘ ਲੋਕਾਂ ਦੇ ਭਲਾਈ ਦੇ ਕੰਮ ਕਰਨਾ ਚਾਹੁੰਦਾ ਸੀ। ਪਰ ਹਾਲਾਤ ਤੇ ਬਿਮਾਰੀ ਨੇ ੳੇੁਸ ਦੀ ਪੇਸ਼ ਨਾ ਜਾਣ ਦਿੱਤੀ। ਇੰਦਰ ਸਿੰਘ ਇਹ ਗੱਲਾਂ ਯਾਦ ਕਰਦਾ ਹੋਇਆ ਮੰਜੇ ਤੋਂ ਉੱਠ ਖੜਾ ਹੋਇਆ ਅਤੇ ਚੌਂਕੇ ਵਿਚ ਬੈਠੀ ਮੇਥੇ ਅਤੇ ਮੱਕੀ ਦੀਆਂ ਰੋਟੀਆਂ ਬਣਾਉਂਦੀ ਹਰਨਾਮ ਕੌਰ ਕੋਲ ਜਾ ਕੇ ਕਹਿਣ ਲੱਗਾ, “ਮੁਖਤਿਆਰ ਦੀ ਮਾਂ, ਜੋ ਜੱਥਾ ਪਰਸੋਂ ਨੂੰ ਮੋਰਚੇ ਲਈ ਜਾ ਰਿਹਾ ਆ, ਮੇਰਾ ਜੀਅ ਕਰਦਾ ਹੈ ਕਿ ਮੈਂ ਵੀ ਉਸ ਨਾਲ ਚਲਾਂ ਜਾਵਾਂ।”

“ਤੁਸਾਂ ਕਿਹੜਾ ਮੇਰੀ ਮੰਨਣੀ ਆ, ਨਿਆਣਿਆ ਨਾਲ ਸਲਾਹ ਕਰਕੇ ਚਲੇ ਜਾਉ।”

“ਨਿਆਣਿਆਂ ਨੇ ਤਾਂ ਕੀ ਕਹਿਣਾ ਆ, ਤੂੰ ਆਪਦਾ ਦੱਸ।”

“ਭਾਪਾ ਜੀ, ਤੁਸੀਂ ਜੱਥੇ ਨਾਲ ਜਾਣ ਨੂੰ ਇੰਨੇ ਕਾਹਲੇ ਕਿਉਂ ਹੋ।” ਸੁਰਜੀਤ ਨੇ ਕਪਾਹ ਦੀਆ ਛਿੱਟੀਆਂ ਚੁੱਲੇ ਅੱਗੇ ਰੱਖਦੇ ਕਿਹਾ, “ਤਾਇਆ ਜੀ ਦੀ ਮੌਤ ਤੋਂ ਬਾਅਦ ਤੁਸੀ ਜ਼ਿਆਦਾ ਹੀ ਉਦਾਸ ਹੋ ਗਏ ਹੋ।”

“ਸੁਰਜੀਤ ਪੁੱਤ, ਅਸਲ ਵਿਚ ਤੇਰੀ ਗੱਲ ਤਾਂ ਠੀਕ ਆ।” ਇੰਦਰ ਸਿੰਘ ਨੇ ਕਿਹਾ, “ਮੈ ਸੋਚਦਾ ਪਿਆਂ ਸਾਂ ਕਿ ਭਾਈ ਵੇਲਾ ਸਿੰਘ ਭਲੇ ਦੇ ਕਿੰਨੇ ਕੰਮ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਮੌਕਾਂ ਨਹੀ ਮਿਲਿਆ, ਮੈਂ ਆਪਣੇ ਜਿਉਂਦੇ ਜੀ ਤਾਂ ਕੁਝ ਕਰ ਲਵਾਂ।”

“ਜੱਥੇ ਨਾਲ ਜਾਣਾ ਭਲੇ ਦਾ ਕੰਮ ਕਿਦਾਂ ਹੋਇਆ।” ਹਰਨਾਮ ਕੌਰ ਵਿਚੋਂ ਹੀ ਪੁੱਛਣ ਲੱਗ ਪਈ, “ਮੋਰਚਾ ਲਾਉਣ ਨਾਲ ਕਿਹਦਾ ਭਲਾ ਹੋਣ ਲੱਗਾ।”

“ਪੰਜਾਬੀਆਂ ਦਾ ਭਲਾ ਹੋਵੇਗਾ।” ਇੰਦਰ ਸਿੰਘ ਨੇ ਖਿੱਝ ਕੇ ਕਿਹਾ, “ਪਰ ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਈਦਾ। ਅਨਪੱੜ ਬੰਦੇ ਨੂੰ ਮੋਰਚੇ ਦੀ ਸਮਝ ਆ ਹੀ ਨਹੀਂ ਸਕਦੀ।”

“ਬੁੱਢੇ-ਬਾਰੇ ਮੈਂ ਹੁਣ ਤਹਾਨੂੰ ਅੱਨਪੜ੍ਹ ਹੀ ਲੱਗਣੀ ਆਂ।” ਹਰਨਾਮ ਕੌਰ ਮੱਥੇ ਤੇ ਤਿਊੜੀਆਂ ਪਾ ਕੇ ਕੌੜੀ ਅਵਾਜ਼ ਵਿਚ ਕਿਹਾ, “ਮੇਰੇ ਵਲੋਂ ਜੇ ਕੱਲ ਨੂੰ ਜਾਣਾ ਤਾਂ ਅੱਜ ਹੀ ਚਲੇ ਜਾਉ।”

“ਭਾਪਾ ਜੀ, ਜੇ ਤੁਸੀ ਜਾਣਾ ਚਾਹੁੰਦੇ ਹੋ ਤਾਂ ਆਪਣਾ ਨਾਮ ਜੱਥੇ ਵਿਚ ਲਿਖਾ ਆਉ।” ਸੁਰਜੀਤ ਨੇ ਸਲਾਹ ਦਿੱਤੀ, “ਤੁਹਾਡੇ ਪੁੱਤ ਨੇ ਵੀ ਰਾਤੀਂ ਮੇਰੇ ਨਾਲ ਇਹ ਗੱਲ ਕੀਤੀ ਸੀ ਕਿ ਜੇ ਭਾਪਾ ਜੀ ਮੋਰਚੇ ਵਿਚ ਜਾਣਾਂ ਚਾਹੁੰਦੇ ਨੇ ਤਾਂ ਜਾਣ ਦਿਉ, ਉੱਧਰ ਮਨ ਪੈਣ ਨਾਲ ਤੁਹਾਡੀ ਉਦਾਸੀ ਵੀ ਘਟੇਗੀ।”

“ਮੈ ਹੁਣੇ ਹੀ ਜਾਂਦਾ ਹਾਂ, ਸਰਪੰਚ ਵੱਲ।” ਇਹ ਕਹਿੰਦਾ ਹੋਇਆ ਇੰਦਰ ਸਿੰਘ ਖੁਸ਼ੀ ਨਾਲ ਛੇਤੀ ਹੀ ਬਾਹਰ ਦਾ ਦਰਵਾਜ਼ਾ ਲੰਘ ਗਿਆ।

ਹਰਨਾਮ ਕੌਰ ਕੁਝ ਵੀ ਨਾ ਬੋਲੀ। ਉਸ ਨੇ ਕੌਲੀ ਵਿਚ ਦਹੀਂ ਪਾਇਆ, ਦੋ ਮੇਥਿਆਂ ਵਾਲੀਆਂ ਰੋਟੀਆਂ ਥਾਲੀ ਵਿਚ ਰੱਖੀਆਂ ਅਤੇ ਉੱਤੇ ਮੱਖਣ ਪਾ ਕੇ ਅਰਾਮ ਨਾਲ ਖਾਣ ਲੱਗ ਪਈ। ਫਿਰ ਪਤਾ ਨਹੀ ਉਸ ਦੇ ਮਨ ਵਿਚ ਕੀ ਆਇਆ, ਕੁਝ ਸੋਚ ਕੇ ਬੋਲੀ, “ਸੁਰਜੀਤ, ਮੈਂ ਤਾਂ ਕਹਿੰਦੀ ਸਾਂ ਕਿ ਆਪਣੇ ਭਾਪੇ ਦੇ ਜਾਣ ਤੋਂ ਪਹਿਲਾਂ ਦੀਪੀ ਦੇ ਵਿਆਹ ਦੀ ਸਲਾਹ ਕਰ ਲੈਂਦੇ।”

“ਬੀਜੀ, ਤੁਸੀ ਵੀ ਕੀ ਗੱਲ ਕਰਦੇ ਹੋ।” ਸੁਰਜੀਤ ਹੱਸਦੀ ਹੋਈ ਕਹਿਣ ਲੱਗੀ, “ਭਾਪਾ ਜੀ ਨੇ ਕਿਤੇ ਉੱਥੇ ਜਾ ਕੇ ਬੈਠੇ ਰਹਿਣ ਆ, ਵਿਆਹ ਉਹਨਾਂ ਦੇ ਆਇਆਂ ਤੇ ਹੀ ਕਰਾਂਗੇ।”

“ਕੀ ਪਤਾ ਸਰਕਾਰ ਇਹਨਾਂ ਨਾਲ ਕੀ ਕਰੇ।”

“ਸਰਕਾਰ ਕੁਝ ਨਹੀ ਕਰ ਸਕਦੀ।” ਸੁਰਜੀਤ ਨੇ ਕਿਹਾ, “ਭਾਪੇ ਹੋਣੀ ਤਾਂ ਸਰਕਾਰ ਨੂੰ ਦੱਸਣਾ ਹੀ ਹੈ ਕਿ ਤੁਸੀ ਪੰਜਾਬ ਨਾਲ ਧੋਖਾ ਕਰ ਰਹੇ ਹੋ।”

“ਨਾ ਤੁਹਾਡੇ ਭਾਪਾ ਦੇ ਕਹੇ ਤੋਂ ਸਰਕਾਰ ਨੇ ਧੋਖਾ ਕਰਨੋ ਹਟ ਜਾਣਾ ਆ।”

‘ਹਟੇ ਜਾਂ ਨਾਂ ਹਟੇ, ਪਰ ਸਰਕਾਰੀ ਲੀਡਰਾਂ ਨੂੰ ਕੰਨ ਤਾਂ ਹੋ ਜਾਣਗੇ।”

ੳਦੋਂ ਹੀ ਮੁਖਤਿਆਰ ਬਾਹਰੋਂ ਆ ਗਿਆ, ਉਹਨਾਂ ਦੀ ਗੱਲ ਸੁਣਦਾ ਹੋਇਆ ਬੋਲਿਆ, “ਤੁਸੀਂ ਲੀਡਰਾਂ ਦੇ ਕੰਨਾਂ ਦੀ ਗੱਲ ਕਰਦੀਆਂ ਓ, ਉਹਨਾਂ ਕੋਲ ਤਾਂ ਅੱਖਾਂ ਵੀ ਨਹੀ।”

“ਗੱਲ ਤਾਂ ਤੁਹਾਡੀ ਠੀਕ ਹੈ।” ਸੁਰਜੀਤ ਬੋਲੀ, “ਜੇ ਉਹਨਾਂ ਕੋਲ ਕੰਨ ਅੱਖਾਂ ਹੁੰਦੇ ਤਾਂ ਜੋ ਅੱਜਕਲ ਹੋ ਰਿਹਾ ਹੈ, ਉਹ ਨਾਂ ਹੁੰਦਾ, ਮੇਰਾ ਮਤਲਬ ਪੰਜਾਬੀਆਂ ਨਾਲ ਅਨਿਆਏ ਹੁੰਦਾ ਦਿਸਦਾ ਤਾਂ ਅੱਜ ਮੋਰਚੇ ਨਾਂ ਲਾਉਣੇ ਪੈਂਦੇ।”

“ਹੋਰ ਕਿਸੇ ਸੂਬੇ ਨੂੰ ਨਿਆਏ ਤਾਂ ਭਾਵੇ ਮਿਲ ਜਾਵੇਗਾ, ਪਰ ਪੰਜਾਬ ਨੂੰ ਨਹੀਂ। ਜਿਥੋਂ ਤਕ ਮੈਨੂੰ ਲੱਗਦਾ ਹੈ, ਉਹਨਾਂ ਨੇ ਪੰਜਾਬੀਆਂ ਨੂੰ ਦਿੱਤਾ ਪੰਜਾਬੀ ਸੂਬਾ ਵੱਢ-ਟੁਕ ਕੇ ਦਿੱਤਾ ਸੀ, ਉਹਨਾਂ ਤੋਂ ਹੋਰ ਕੀ ਉਮੀਦ ਰੱਖਣੀ ਚਾਹੀਦੀ ਏ।”

“ਜੇ ਉਹਨੀ ਕੁਛ ਦੇਣਾ ਨਹੀਂ ਤਾਂ ਤੁਹਾਡਾ ਭਾਪਾ ਐਵੇਂ ਕਿਉ ਮੋਰਚੇ ਤੇ ਜਾਣ ਦੀ ਤਿਆਰੀਆਂ ਕਸੀ ਫਿਰਦਾ ਏ।”

“ਉਹ ਤਾਂ ਆਪਣੀ ਕੌਮ ਦੇ ਲੀਡਰਾਂ ਦਾ ਖਿਆਲ ਹੈ ਕਿ ਸ਼ਾਇਦ ਸਰਕਾਰ ਦੇ ਮਨ ਵਿਚ ਮਿਹਰ ਪੈ ਜਾਵੇ।” ਮੁਖਤਿਆਰ ਨੇ ਕਿਹਾ, “ਸ਼ਾਇਦ ਪੰਜਾਬੀਆਂ ਦੀਆਂ ਕੁਰਬਾਨੀਆਂ ਜੋ ਭਾਰਤ ਲਈ ਕੀਤੀਆਂ, ਸਰਕਾਰ ਨੂੰ ਯਾਦ ਆ ਜਾਣ।”

“ਛੱਡ ਤੂੰ ਕੌਮ ਦੇ ਲੀਡਰਾਂ ਨੂੰ।” ਹਰਨਾਮ ਕੌਰ ਗੁੱਸੇ ਨਾਲ ਬੋਲੀ, “ਇਹ ਸਰਕਾਰੀ ਲੀਡਰਾਂ ਨਾਲੋ ਘੱਟ ਨਹੀਂ, ਸਭ ਇਕੋ ਥੈਲੀ ਦੇ ਚੱਟੇ ਬੱਟੇ ਆ।”

ਹਰਨਾਮ ਕੌਰ ਦੀ ਗੱਲ ਸੁਣ ਕੇ ਮੁਖਤਿਆਰ ਚੁੱਪ ਹੋ ਗਿਆ ਤੇ ਉਸ ਦੀ ਥਾਲੀ ਵਿਚ ਮੇਥਿਆਂ ਵਾਲੀ ਰੋਟੀ ਦੇਖ ਕੇ ਸੁਰਜੀਤ ਨੂੰ ਕਹਿਣ ਲੱਗਾ, “ਲੱਗਦਾ ਹੈ ਅੱਜ ਮੇਥਿਆਂ ਵਾਲੀਆਂ ਰੋਟੀਆਂ ਬਣਾਈਆਂ। ਲਿਆ ਮੈਨੂੰ ਵੀ ਫੜਾ ਦੇ ਰੋਟੀ।”

ਸੁਰਜੀਤ ਨੇ ਮੁਖਤਿਆਰ ਨੂੰ ਰੋਟੀ ਪਾ ਦਿੱਤੀ ਅਤੇ ਕੋਲ ਹੀ ਆਪ ਵੀ ਬੈਠ ਕੇ ਖਾਣ ਲੱਗ ਪਈ।

 

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>