ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਵੂਮੈਨ ਡੇ ਮਨਾਉਂਦਿਆਂ, ਔਰਤ ਦੀ ਸਮਾਜਕ ਹਾਲਤ ਤੇ ਵਿਚਾਰਾਂ ਕੀਤੀਆਂ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਮੀਟਿੰਗ,ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਜ਼ ਸੈਂਟਰ ਵਿਖੇ, ਔਰਤਾਂ ਦੀ ਭਰਵੀਂ ਹਾਜ਼ਰੀ ਵਿੱਚ ਹੋਈ- ਜੋ ‘ਇੰਟਰਨੈਸ਼ਨਲ ਵੂਮੈਨ ਡੇ’ ਨੂੰ ਸਮਰਪਿਤ ਰਹੀ। ਇਸ ਇਕੱਤਰਤਾ ਵਿੱਚ ਔਰਤ ਦੀ ਸਮਾਜਕ ਹਾਲਤ ਤੇ ਖੁਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ, ਡਾ. ਬਲਵਿੰਦਰ ਕੌਰ ਬਰਾੜ ਨੇ ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ‘ਔਰਤ ਦਿਵਸ’ ਦੀ ਵਧਾਈ ਦਿੱਤੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਉਹਨਾਂ ਕਿਹਾ ਕਿ- ਔਰਤ ਕੋਈ ਵਰਤਣ ਵਾਲੀ ਸ਼ੈਅ ਨਹੀਂ- ਸਗੋਂ ਮਰਦ ਤੋਂ ਵੀ ਵੱਧ ਗੁਣਾਂ ਦੀ ਮਾਲਕ ਹੋਣ ਕਾਰਨ, ਉਹ ਸਮਾਜ ਵਿੱਚ ਵੱਧ ਸਤਿਕਾਰ ਦੀ ਹੱਕਦਾਰ ਹੈ। ਸਾਡੀ ਸਭਾ ਇੱਕ ਮੋਢਾ ਹੈ- ਸਭ ਭੈਣਾਂ ਲਈ, ਜਿੱਥੇ ਸਿਰ ਰੱਖਕੇ, ਤੁਸੀਂ ਆਪਣੇ ਅੰਦਰ ਡੱਕੇ ਹੋਏ ਦੁੱਖ-ਸੱਖ ਬੇਝਿਜਕ ਸਾਂਝੇ ਕਰ ਸਕਦੀਆਂ ਹੋ। ਕੋ-ਆਰਡੀਨੇਟਰ ਗੁਰਚਰਨ ਥਿੰਦ ਨੇ ‘ਔਰਤ ਦਿਵਸ’ ਦੇ ਪਿਛੋਕੜ ਤੇ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਕਿ- ਸਾਡੀ ਸਭਾ ਦਾ ਮਕਸਦ ਘਰਾਂ ਨੂੰ ਤੋੜਨਾ ਨਹੀਂ- ਸਗੋਂ ਜੋੜਨਾ ਹੈ। ਨਾ ਹੀ ਅਸੀਂ ਮਰਦਾਂ ਦੇ ਵਿਰੁੱਧ ਹਾਂ। ਔਰਤ ਨੇ ਆਪਣਾ ਸਥਾਨ ਆਪ ਬਨਾਉਣਾ ਹੈ। ਧੀ, ਭੈਣ, ਪਤਨੀ ਜਾਂ ਮਾਂ ਦੇ ਰੂਪ ਵਿੱਚ- ਆਪਣੇ ਹੱਕ ਲੈਣ ਲਈ, ਆਪਣੇ ਅੰਦਰੋਂ ਸਵੈ-ਵਿਸ਼ਵਾਸ ਨੂੰ ਜਗਾਉਣਾ ਹੈ- ਤੇ ਔਰਤ ਹੋਣ ਤੇ ਮਾਣ ਕਰਨਾ ਹੈ।

ਸਭਾ ਦੀ ਸਕੱਤਰ, ਗੁਰਦੀਸ਼ ਕੌਰ ਨੇ, ਸਭਾ ਦੀ ਕਾਰਵਾਈ ਚਲਾਉਂਦਿਆਂ, ਸਭ ਤੋਂ ਪਹਿਲਾਂ- ਸਭਾ ਦੇ ਮੈਂਬਰ ਡਾ. ਪੂਨਮ ਚੌਹਾਨ ਦੇ ਪਿਤਾ ਜੀ ਦੀ ਮੌਤ ਦੀ ਖਬਰ ਸਾਂਝੀ ਕੀਤੀ- ਜਿਸ ਤੇ ਸਭਾ ਵਲੋਂ ਸ਼ੋਕ ਪ੍ਰਗਟ ਕਰਦਿਆਂ ਹੋਇਆਂ, ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਨਵੇਂ ਆਏ ਮੈਂਬਰਾਂ- ਸੁਰਿੰਦਰ ਕੌਰ, ਗਿਆਨ ਕੌਰ ਤੇ ਪਰਦੀਪ ਪਾਲ ਦਾ ਸੁਆਗਤ ਕੀਤਾ ਗਿਆ। ‘ਵੂਮੈਨ ਡੇ’ ਦੀ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ- ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ- ਸਾਡੀ ਸਭਾ ਦੀਆਂ ਕਈ ਮੈਂਬਰ, ਡਿਪਰੈਸ਼ਨ ‘ਚੋਂ ਨਿਕਲ ਕੇ ਹੁਣ ਬੁਲੰਦੀਆਂ ਛੋਹ ਰਹੀਆਂ ਹਨ। ਸਾਡੀਆਂ ਭੈਣਾਂ, ਕੈਲਗਰੀ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਵਿੱਚ, ਹਿੱਸਾ ਹੀ ਨਹੀਂ ਲੈਂਦੀਆਂ-ਸਗੋਂ ਇਨਾਮ ਵੀ ਜਿੱਤ ਕੇ ਲਿਆਉਂਦੀਆਂ ਹਨ। ਉਹਨਾਂ ਹਾਲ ਹੀ ਵਿੱਚ ਜੱਗ ਪੰਜਾਬੀ ਟੀ.ਵੀ ਵਲੋਂ ਚਲ ਰਹੇ ਸ਼ੋਅ-‘ਦੇਖੋ ਕੀਹਦੀ ਗੱਲ ਬਣਦੀ’ ਵਿੱਚ ਚਾਰ ਜੋੜੀਆਂ ਦੇ ਹਿੱਸਾ ਲੈਣ ਅਤੇ ‘ਗਿਫਟ ਬਾਸਕਿਟ’ ਜਿੱਤਣ ਦੀ ਖੁਸ਼ੀ ਸਾਂਝੀ ਕੀਤੀ। ਭਰਪੂਰ ਤਾੜੀਆਂ ਨਾਲ ਸਭ ਨੇ ਜਿੱਤਣ ਵਾਲਿਆਂ ਨੂੰ ਵਧਾਈ ਦਿੱਤੀ।

ਰਚਨਾਵਾਂ ਦੇ ਦੌਰ ਵਿੱਚ, ਬਹੁਤੀਆਂ ਰਚਨਾਵਾਂ ਅਤੇ ਵਿਚਾਰ- ‘ਵੂਮੈਨ ਡੇ’ ਨੂੰ ਸਮਰਪਿਤ ਰਹੇ। ਸਰਬਜੀਤ ਉਪਲ ਨੇ ਔਰਤ ਨੂੰ ਸਮਰਪਿਤ ਕਵਿਤਾ-‘ਮੈਂ ਕਿਰਨ ਬੇਦੀ ਦੀ ਵਾਰਸ ਹਾਂ- ਕੋਈ ਅਬਲਾ ਜਾਂ ਕਮਜ਼ੋਰ ਨਹੀਂ’ ਸੁਣਾਈ- ਜਦ ਕਿ ਸਭਾ ਵਲੋਂ ਉਹਨਾਂ ਨੂੰ, ਦੋਹਤੀ ਦੇ ਜਨਮ ਦੀ, ਭਰਪੂਰ ਤਾੜੀਆਂ ਨਾਲ ਵਧਾਈ ਦਿੱਤੀ ਗਈ। ਹਰਮਿੰਦਰ ਕੌਰ ਨੇ ਆਪਣੇ ਵੱਖਰੇ ਅੰਦਾਜ਼ ਵਿੱਚ, ਇੱਕ ਵਿਅੰਗਮਈ ਹਾਸ-ਰਸ ਦੀ ਕਵਿਤਾ-‘ਖੁਦ ਹੀ ਖੀਂਚ ਲੇਤੀ ਹੈ ਅਪਨੇ ਇਰਦ ਗਿਰਦ ਲਛਮਣ ਰੇਖਾ’ ਸੁਣਾ, ਮਹੌਲ ਖੁਸ਼ਗਵਾਰ ਕਰਨ ਤੋਂ ਇਲਾਵਾ, ਸਮਾਜ ਨੂੰ ਔਰਤ ਦੀਆਂ ਭਾਵਨਾਵਾਂ ਬਾਰੇ ਸੋਚਣ ਦਾ ਸੁਨੇਹਾ ਵੀ ਦਿੱਤਾ। ਬਲਜਿੰਦਰ ਗਿੱਲ ਨੇ ਜ਼ਿੰਦਗੀ ਦੇ ਨਿੱਜੀ ਤਜਰਬੇ, ਰਵਿੰਦਰ ਨੇ ਹੱਡੀਂ ਹੰਢਾਏ ਸੱਚ ਦੱਸਣ ਤੋਂ ਇਲਾਵਾ ਗੀਤ-‘ਤੂੰ ਰਾਣੀ ਪੰਜ ਦਰਿਆਵਾਂ ਦੀ- ਕਿਉਂ ਰਹੇਂ ਤੂੰ ਗੋਲੀ ਬਣ ਕੇ ਨੀ’ ਵੀ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਨੇ ਔਰਤ ਦਿਵਸ ਤੇ ਲਿਖੀ ਆਪਣੀ ਕਵਿਤਾ-‘ਮੈਂ ਤਾਂ ਗੋਬਿੰਦ ਦੀ ਸ਼ਮਸ਼ੀਰ ਬਣ- ਜ਼ਾਲਿਮ ਨੂੰ ਸਬਕ ਸਿਖਾਉਣਾ ਹੈ’ ਦੀ, ਬੁਲੰਦ ਆਵਾਜ਼ ਵਿੱਚ ਸਾਂਝ ਪਾਈ। ਸਰਬਜੀਤ ਜਵੰਦਾ ਨੇ ਔਰਤ ਦੀ ਦਸ਼ਾ ਤੇ ਲਿਖੀ ਕਵਿਤਾ-‘ਕੋਸੀ ਕੋਸੀ ਧੁੱਪ ਵਰਗੀਏ, ਆਪਣੀ ਛਾਵੇਂ ਠਰਿਆ ਕਰ’ ਅਤੇ ਗੁਰਚਰਨ ਥਿੰਦ ਨੇ ਔਰਤ ਤੇ ਲਿਖੀ ਆਪਣੀ ਲੰਬੀ ਕਵਿਤਾ-‘ਮੈਂ ਸਾੜੀ ਗਈ- ਮਾਂ ਵਰਗੀ ਇੱਕ ਮਾਂ ਤੋਂ’ ਸੁਣਾ ਕੇ, ਔਰਤ ਦੀ ਔਰਤ ਤੋਂ ਮੁਕਤੀ ਦੀ ਗੱਲ ਵੀ ਕੀਤੀ। ਹਰਜੀਤ ਜੌਹਲ ਤੇ ਜੋਗਿੰਦਰ ਪੁਰਬਾ ਨੇ, ਔਰਤ ਨੂੰ ਪਰਦੇ ਅੰਦਰ ਰੱਖਣ- ਭਾਵ ਘੁੰਡ ਕਢਾਉਣ ਦੇ ਨਿੱਜੀ ਤਜਰਬੇ ਸਾਂਝੇ ਕੀਤੇ। ਅਮਰਜੀਤ ਵਿਰਦੀ ਨੇ ‘ਧੀ ਦੀ ਮਾਂ ਬਨਣ’ ਦੀ ਇੱਛਾ ਨਾ ਪੂਰੀ ਹੋਣ ਦਾ ਦੁੱਖ ਜ਼ਾਹਿਰ ਕੀਤਾ। ਬਰਾੜ ਮੈਡਮ ਨੇ ਸਭ ਨੂੰ ਕਿਹਾ ਕਿ-‘ਆਪਣੇ ਅੰਦਰ ਦੁੱਖ ਛੁਪਾ ਕੇ ਨਾ ਰੱਖੋ- ਮੈਂਨੂੰ ਚਿੱਠੀ ਲਿਖੋ- ਮੈਂ ਜਵਾਬ ਦਿਆਂਗੀ’।

ਸੁਰਿੰਦਰ ਗੀਤ ਨੇ ਆਪਣੀ ਇੰਡੀਆ ਫੇਰੀ ਦੇ ਯਾਦਗਾਰੀ ਪਲ ਸਾਂਝੇ ਕਰਦਿਆਂ, ਆਪਣੀਆਂ ਨਵੀਆਂ ਛਪੀਆਂ ਪੁਸਤਕਾਂ ਦਾ ਜ਼ਿਕਰ ਕੀਤਾ ਤੇ ਆਪਣੀ ਇੱਕ ਸੱਜਰੀ ਗਜ਼ਲ-‘ਜਿੰਦੇ ਨੀ ਕੁੱਝ ਸ਼ਬਦ ਸੁਨੱਖੇ’ ਵੀ ਸਾਂਝੀ ਕੀਤੀ। ਗੁਰਜੀਤ ਵੈਦਵਾਨ ਨੇ ਵੀ ਇੰਡੀਆ ਫੇਰੀ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਦੀ ਸਾਂਝ ਪਾਉਂਦਿਆਂ, ਆਪਣੀ ਸੁਰੀਲੀ ਆਵਾਜ਼ ਵਿੱਚ ਖੂਹ ਦਾ ਗੀਤ ਸੁਣਾ ਕੇ, ਪੁਰਾਣਾ ਸਮਾਂ ਯਾਦ ਕਰਵਾ ਦਿੱਤਾ। ਸੁਰਿੰਦਰ ਕੌਰ, ਜੋਗਿੰਦਰ ਪੁਰਬਾ ਤੇ ਸਰਬਜੀਤ ਕੰਦੋਲਾ ਨੇ ਰਲ਼ ਕੇ ਗੀਤ ਤੇ ਬੋਲੀਆਂ ਨਾਲ ਪੱਬ ਚੁੱਕ, ਗਿੱਧੇ ਦਾ ਮਹੌਲ ਸਿਰਜ ਦਿੱਤਾ। ਡਾ.ਰਾਜਵੰਤ ਮਾਨ ਨੇ ਸਰੋਦੀ ਕਵਿਤਾ ਦੇ ਮੋਢੀ- ਲਾਲਾ ਧਨੀ ਰਾਮ ਚਾਤ੍ਰਿਕ ਦਾ ਜ਼ਿਕਰ ਕਰਦਿਆਂ- ਉਹਨਾਂ ਦੀ ਮਸ਼ਹੂਰ ਕਵਿਤਾ-‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੀਆਂ ਕੁਝ ਸਤਰਾਂ ਸਾਂਝੀਆਂ ਕੀਤੀਆਂ। ਸੁਰਿੰਦਰ ਸੰਧੂ ਨੇ ਇੰਡੀਆ ਫੇਰੀ ਤੋਂ ਇਲਾਵਾ-‘ਸ਼ੁਕਰਾਨੇ’ ਦਾ ਗੀਤ, ਕਮਲੇਸ਼ ਸ਼ਰਮਾ ਤੇ ਬ੍ਰਿਜ ਬਾਲਾ ਨੇ ਭਜਨ ਸੁਣਾਏ- ਜਦ ਕਿ ਮਨਜੀਤ ਕੌਰ ਨੇ ਇੰਡੀਆ ਫੇਰੀ ਦੌਰਾਨ- ਹਜ਼ੂਰ ਸਾਹਿਬ, ਆਗਰਾ ਤੇ ਗਵਾਲੀਅਰ ਆਦਿ ਦੀ ਸੈਰ ਦਾ ਜ਼ਿਕਰ ਕੀਤਾ। ਅੰਤ ਵਿੱਚ ਸਭਾ ਦੀ ਖਜ਼ਾਨਚੀ ਸੀਮਾ ਚੱਠਾ ਨੇ ਹਾਣੀ ਦੀ ਯਾਦ ਵਿੱਚ ਲਿਖਿਆ ਗੀਤ-‘ਉਹ ਮੇਰੇ ਗੀਤਾਂ ਦੇ ਵਿੱਚ ਬੋਲਦਾ- ਕੋਈ ਅੰਗ ਹੈ ਮੇਰਾ’- ਸੁਰੀਲੀ ਆਵਾਜ਼ ਵਿੱਚ ਸੁਣਾ ਕੇ, ਮਹੌਲ ਸੁਰਮਈ ਬਣਾ ਦਿੱਤਾ।

ਬਾਕੀ ਸਭ ਭੈਣਾਂ ਨੇ ਵਧੀਆ ਸਰੋਤੇ ਹੋਣ ਦਾ ਰੋਲ ਨਿਭਾਇਆ। ਇਸ ਮੀਟਿੰਗ ਵਿੱਚ ਕੈਲਗਰੀ ਇੰਮੀਗਰੈਂਟ ਵੂਮੈਨ ਐਸੋਸੀਏਸ਼ਨ ਤੋਂ, ਵੰਦਨਾ ਸ਼ਰਮਾ ਵੀ ਉਚੇਚੇ ਤੌਰ ਤੇ ਕੁਝ ਸਮੇਂ ਲਈ ਹਾਜ਼ਰ ਹੋਏ। ਬਰੇਕ ਦੌਰਾਨ- ਕੇਕ ਕੱਟ ਕੇ ‘ਵੂਮੈਨ ਡੇ’ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ- ਜਦ ਕਿ ਕੇਕ ਕੱਟਣ ਦੀ ਰਸਮ, ਸੀਨੀਅਰ ਮੈਂਬਰਾਂ- ਬਲਜਿੰਦਰ ਗਿੱਲ ਤੇ ਰਾਜਵੰਤ ਮਾਨ ਨੇ ਨਿਭਾਈ। ਸੁਖਦੇਵ ਗਰੇਵਾਲ ਤੇ ਜੋਗਿੰਦਰ ਪੁਰਬਾ ਵਲੋਂ- ਪੋਤੇ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਲਿਆਂਦੀ ਮਿਠਾਈ ਦਾ, ਸਭ ਨੇ ਚਾਹ ਨਾਲ ਅਨੰਦ ਮਾਣਿਆਂ। ਗੁਰਦੀਸ਼ ਕੌਰ ਨੇ- 23 ਮਾਰਚ ਨੂੰ, ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਜਾ ਰਹੇ, ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲੇ- ਦੀ ਸੂਚਨਾ ਸਭ ਨਾਲ ਸਾਂਝੀ ਕੀਤੀ। ਬਰਾੜ ਮੈਡਮ ਨੇ ਸਭ ਦਾ ਧੰਨਵਾਦ ਕੀਤਾ ਅਤੇ ਬਲਜੀਤ ਜਠੌਲ ਨੇ ਅਗਲੀ ਮੀਟਿੰਗ 20 ਅਪ੍ਰੈਲ ਨੂੰ ਹੋਣ ਦੀ ਸੂਚਨਾ ਦਿੱਤੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>