ਹੱਕ ਲਈ ਲੜਿਆ ਸੱਚ – (ਭਾਗ-34)

ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਜਦੋਂ ਦਿਲਪ੍ਰੀਤ ਦੀਪੀ ਨੂੰ ਮਿਲਿਆ ਤਾਂ ਕਾਫੀ ਖੁਸ਼ ਸੀ। ਦੀਪੀ ਨੇ ਉਸਦਾ ਖਿੜਿਆ ਚਿਹਰਾ ਦੂਰੋਂ ਹੀ ਦੇਖ ਲਿਆ। ਸਿਮਰੀ ਨੇ ਦੇਖਿਆ ਤਾਂ ਬੋਲੀ, “ਦੀਪੀ ਤੇਰਾ ਵਿਆਹ ਤਾਂ ਨਹੀ ਰੱਖ ਦਿੱਤਾ, ਦੇਖ ਤੇਰਾ ਮਹਿਬੂਬ ਕਿਵੇ ਖਿੜਿਆ ਪਿਆ ਹੈ।”

ਕੋਲ ਆਇਆ ਤਾਂ ਦੀਪੀ ਨੇ ਝੱਟ ਕਹਿ ਦਿੱਤਾ, “ਕੀ ਗੱਲ ਅੱਜ ਹਜੂਰ ਬੜੇ ਖੁਸ਼ ਨੇ।”

“ਖੁਸ਼ੀ ਦੀ ਗੱਲ ਹੈ ਹੀ।” ਦਿਲਪ੍ਰੀਤ ਨੇ ਮੁਸਕ੍ਰਾ ਕੇ ਕਿਹਾ, “ਮੈਨੂੰ ਨੌਕਰੀ ਮਿਲ ਗਈ ਏ।”

“ਉਹ ਅੱਛਾ।” ਦੀਪੀ ਦੇ ਬੋਲਣ ਤੋਂ ਪਹਿਲਾਂ ਹੀ ਸਿਮਰੀ ਨੇ ਕਿਹਾ, “ਚਲੋ ਫਿਰ, ਕਰੋ ਹੁਣੇ ਪਾਰਟੀ।”

“ਪਾਰਟੀ ਤਾਂ ਕਰ ਦਿੰਦੇ ਹਾਂ।” ਦੀਪੀ ਨੇ ਕਿਹਾ, “ਪਹਿਲਾਂ ਪੁੱਛ ਤਾਂ ਲੈਣ ਦੇ ਕਿ ਨੌਕਰੀ ਮਿਲੀ ਕਿੱਥੇ?”

“ਲੁਧਿਆਣੇ ਐਗਰੀਕਲਚਰ ਯੂਨੀਵਰਸਟੀ ਵਿਚ ਮਿਲੀ ਆ।”

“ਤਾਂ ਤੇ ਹੋਰ ਵੀ ਵਧੀਆ।” ਸਿਮਰੀ ਫਿਰ ਬੋਲੀ, “ਫਿਰ ਤਾਂ ਜੋੜੀ ਸ਼ਹਿਰ ਵਿਚ ਰਿਹਾ ਕਰੇਗੀ, ਸਿਨਮਾ -ਸੁਨਮਾ ਦੇਖਿਆ ਕਰੇਗੀ। ਕਦੀ ਕਦੀ ਮੈਨੂੰ ਵੀ ਫਿਲਮ ਦਿਖਾ ਦਿਆ ਕਰਿਉ।”

“ਤੂੰ ਆਪਣਾ ਭਾਂਡਾ ਪਹਿਲਾਂ ਹੀ ਅੱਗੇ ਰੱਖਿਆ ਕਰ।” ਦੀਪੀ ਹੱਸਦੀ ਹੋਈ ਕਹਿਣ ਲੱਗੀ, “ਚਲੋ, ਅੱਜ ਪਹਿਲਾਂ ਇਸ ਨੂੰ ਲਵਲੀ ਰੈਸਟੋਰੈਂਟ ਵਿਚ ਖਾਣਾ ਤਾਂ ਖਵਾ ਦਿਉ।”

“ਚਲੋ ਖਵਾ ਦੇਂਦੇ ਹਾਂ।” ਦਿਲਪ੍ਰੀਤ ਨੇ ਖੁਸ਼ ਹੋ ਕੇ ਕਿਹਾ, “ਇਸ ਦੇਵੀ ਦੀ ਪੂਜਾ ਪਹਿਲਾਂ ਹੀ ਕਰ ਦੇਣੀ ਚਾਹੀਦੀ ਏ।”

“ਦੀਪੀ, ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ।” ਸਿਮਰੀ ਨੇ ਦੀਪੀ ਤੋਂ ਪੁੱਛਿਆ, “ਤੁਹਾਡਾ ਅਜੇ ਵਿਆਹ ਤਾਂ ਹੋਇਆ ਵੀ ਨਹੀਂ ਤੁਸੀਂ ਪਹਿਲਾਂ ਹੀ ਦੋ ਤੋ ਇਕ ਹੋ ਗਏ।”

“ਉਹ ਕਿਵੇਂ?” ਦੀਪੀ ਨੇ ਪੁੱਛਿਆ।

“ਜਦੋਂ ਵੀ ਤੂੰ ਗੱਲ ਕਰਦੀ ਏਂ ਦਿਲਪ੍ਰੀਤ ਨਾਲ ਰੱਲ ਕੇ ਕਹਿੰਦੀ ਏਂ।” ਸਿਮਰੀ ਨੇ ਦੀਪੀ ਦੀ ਸਾਂਗ ਲਾਈ, “ਚਲੋ ਇਹਨੂੁੰ ਪਾਰਟੀ ਕਰ ਦਿੰਦੇ ਹਾਂ, ਖਾਣਾ ਖਵਾ ਦਈਏ।”

“ਅਸੀ ਤਾਂ ਜਿਸ ਦਿਨ ਇਕ ਦੂਜੇ ਨੂੰ ਪਹਿਲੀ ਵਾਰੀ ਦੇਖਿਆ ਸੀ ਉਸ ਦਿਨ ਹੀ ਇਕ ਹੋ ਗਏ ਸਾਂ।” ਦਿਲਪ੍ਰੀਤ ਨੇ ਕਿਹਾ, “ਤੂੰ ਕਿੳੁਂ ਜੈਲਸ ਕਰਦੀ ਆਂ।”

“ਪ੍ਰੀਤ, ਇਸ ਨੂੰ ਇਸ ਤਰ੍ਹਾਂ ਨਾਂ ਕਹੋ ਫਿਰ ਗੁੱਸਾ ਕਰ ਲਵੇਗੀ।”

“ਜੈਲਸੀ ਤਾਂ ਤੁਸੀ ਹੁੰਦੇ ਹੋ ਜਦੋਂ ਮੈਨੂੰ ਤੇ ਦੀਪੀ ਨੂੰ ਇਕੱਠਿਆਂ ਦੇਖਦੇ ਹੋ।”

ਇਸ ਤਰ੍ਹਾਂ ਦੀਆਂ ਗੱਲਾ ਕਰਦੇ ਉਹ ਰੈਸਟੋਰੈਂਟ ਵੱਲ ਨੂੰ ਜਾ ਰਹੇ ਸੀ।

ਰੈਸਟੋਰੈਂਟ ਵਿਚ ਖਾਣਾ ਖਾਂਦਿਆ ਦੀਪੀ ਨੇ ਦਿਲਪ੍ਰੀਤ ਨੂੰ ਆਪਣੇ ਦਾਦਾ ਜੀ ਦਾ ਜੱਥੇ ਵਿਚ ਜਾਣ ਬਾਰੇ ਦੱਸਿਆ ਕਿ ਭਾਪਾ ਜੀ ਕਿਵੇਂ ਵਿਆਹ ਲਈ ਕਾਹਲੇ ਨੇਂ।

“ਸਾਡੇ ਘਰ ਦੇ ਵੀ ਇਹੀ ਚਾਹੁੰਦੇ ਨੇ ਕਿ ਵਿਆਹ ਦੀ ਤਾਰੀਖ ਰੱਖ ਲਈ ਜਾਵੇ।” ਦਿਲਪ੍ਰੀਤ ਨੇ ਕਿਹਾ, “ਇਹ ਹੀ ਉਡੀਕ ਕਰਦੇ ਸਨ ਕਿ ਮੈਨੂੰ ਨੌਕਰੀ ਮਿਲ ਜਾਵੇ।”

“ਵੈਸੇ ਤਾਂ ਦੀਪੀ ਦੀ ਡਿਗਰੀ ਵੀ ਇਸ ਸਾਲ ਪੂਰੀ ਹੋ ਜਾਣੀ ਏ।” ਸਿਮਰੀ ਨੇ ਕਿਹਾ, “ਤਹਾਨੂੰ ਆਪਣੇ ਵਿਆਹ ਦੀ ਤਿਆਰੀ ਖਿੱਚ ਹੀ ਲੈਣੀ ਚਾਹੀਦੀ ਆ।”

“ਅਸੀਂ ਤਾਂ ਤਿਆਰੀ ਖਿੱਚ ਲੈਂਦੇ ਹਾਂ” ਦਿਲਪ੍ਰੀਤ ਫਿਰ ਸਿਮਰੀ ਨੂੰ ਛੇੜਦਾ ਹੋਇਆ ਬੋਲਿਆ, “ਤੇਰਾ ਕੀ ਇਰਾਦਾ ਹੈ?”

“ਇਸ ਨੇ ਕੁਆਰ ਕੋਠਾ ਪਾਉਣਾ ਹੈ।” ਦੀਪੀ ਬੋਲੀ, “ਉਸ ਤਰ੍ਹਾਂ ਇਸ ਦੇ ਘਰਦੇ ਵਰ ਦੀ ਤਲਾਸ਼ ਵਿਚ ਨੇ।”

“ਤੈਨੂੰ ਕਿਵੇ ਪਤਾ?” ਸਿਮਰੀ ਨੇ ਪੁੱਛਿਆ, “ਆਪਣੇ ਕੋਲੋ ਨਾਂ ਗੱਲਾਂ ਬਣਾ।”

“ਉਸ ਦਿਨ ਜਦੋਂ ਮੈਂ ਤੁਹਾਡੇ ਘਰ ਗਈ ਤਾਂ ਤੇਰੇ ਬੀਜੀ ਕਹਿ ਤਾਂ ਰਹੇ ਸੀ ਕਿ ਜਦੋਂ ਵੀ ਸਿਮਰੀ ਲਈ ਸਾਨੂੰ ਕੋਈ ਚੰਗਾ ਮੁੰਡਾ ਮਿਲ ਗਿਆ ਤਾਂ ਅਸੀ ਝੱਟ ਮੰਗਣੀ ਤੇ ਪੱਟ ਵਿਆਹ ਕਰ ਦੇਣਾ ਏ।”

“ਫਿਰ ਤਾਂ ਖੌਰੇ ਸਾਡੇ ਤੋਂ ਪਹਿਲਾਂ ਹੀ ਇਸ ਦੇ ਹੱਥ ਮਹਿੰਦੀ ਨਾਲ ਰੰਗੇ ਜਾਣ।” ਦਿਲਪ੍ਰੀਤ ਨੇ ਸ਼ਰਾਰਤ ਨਾਲ ਕਿਹਾ, “ਮੈ ਹੀ ਨਾਂ ਇਸ ਦਾ ਵਿਚੋਲਾ ਬਣ ਜਾਵਾਂ?”

“ਅਖੇ ਸੱਦੀ ਨਾਂ ਬੁਲਾਈ ਤੇ ਮੈਂ ਲਾੜੇ ਦੀ ਤਾਈ।” ਸਿਮਰੀ ਨੇ ਜਵਾਬ ਦਿੱਤਾ, “ਤੁਸੀ ਆਪਣਾ ਫਿਕਰ ਕਰੋ।”

ਪਤਾ ਨਹੀਂ ਕਿੰਨਾ ਚਿਰ ਹੋਰ ਬੈਠੇ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਜੇ ਦੀਪੀ ਦਾ ਧਿਆਨ ਬਾਂਹ ਨਾਲ ਲੱਗੀ ਘੜੀ ਵਲ ਨਾਂ ਜਾਂਦਾ।

“ਹਾਅ, ਪੰਜ ਵੱਜ ਚੱਲੇ, ਉਠੋ ਚੱਲੋ।” ਦੀਪੀ ਨੇ ਇਕਦਮ ਉ¤ਠਦੇ ਹੋਏ ਕਿਹਾ, “ਘਰ ਦੇ ਤਾਂ ਮੂੰਹ ਚੁੱਕ ਕੇ ਦੇਖਦੇ ਹੋਣੇ ਆਂ ਕਿ ਅਜੇ ਤਕ ਆਈਆਂ ਨਹੀ।”

“ਸਰਦੀਆਂ ਨੂੰ ਹਨੇਰਾ ਵੀ ਤਾਂ ਝੱਟ ਹੋ ਜਾਂਦਾ ਏ।” ਸਿਮਰੀ ਨੇ ਕਿਹਾ, “ਮੇਰੀ ਬੀਬੀ ਤਾਂ ਟਾਈਮ ਵੀ ਨਹੀਂ ਦੇਖਦੀ ਹੁੰਦੀ, ਬੱਸ ਸੂਰਜ ਹੋਵੇ ਤਾਂ ਕਹਿੰਦੀ ਅੱਜ ਪਹਿਲਾਂ ਆ ਗਈ, ਜੇ ਛੁੱਪ ਗਿਆ ਹੋਵੇ ਤਾਂ ਗਾਲ੍ਹਾਂ ਦੀ ਝੜੀ ਲਾ ਦਿੰਦੀ ਏ ਤੂੰ ਲੇਟ ਆਈ।”

ਇਹਨਾਂ ਗੱਲਾਂ ਦੇ ਨਾਲ ਹੀ ਦਿਲਪ੍ਰੀਤ ਨੇ ਕੁਰਸੀ ਨਾਲ ਟੰਗੀ ਆਪਣੀ ਜੈਕਟ ਪਾ ਲਈ। ਅੱਖਾਂ ਤੇ ਠੰਡੀ ਹਵਾ ਦੇ ਡਰੋਂ ਐਨਕਾਂ ਲਾ ਲਈਆਂ ਤੇ ਹੱਥਾਂ ਵਿਚ ਚਮੜੇ ਦੇ ਮੋਟੇ ਦਸਤਾਨੇ ਚਾੜ ਲਏ। ਐਨਕਾਂ ਵਿਚ ਦੀ ਦੀਪੀ ਵੱਲ ਦੇਖਿਆ ਤਾਂ ਉਹ ਮੁਸਕ੍ਰਾ ਪਈ। ਸਿਮਰੀ ਨੇ ਦੋਨਾਂ ਨੂੰ ਨਜ਼ਰਾਂ ਨਾਲ ਗੱਲਾਂ ਕਰਦੇ ਵੇਖ ਲਿਆ ਸੀ ਪਰ ਅਣਜਾਣ ਬਣਦੀ ਬੋਲੀ, “ਜੀਜਾ ਜੀ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਢੱਕ ਲਿਆ ਜਿਵੇ ਬਾਹਰ ਬਰਫ ਪੈਂਦੀ ਹੋਵੇ।”

“ਜੇ ਤੈਨੂੰ ਠੰਢ ਵਿਚ ਮੋਟਰਸਾਈਕਲ ਚਲਾਉਣਾ ਪਵੇ ਫਿਰ ਪਤਾ ਲੱਗੇ।”

“ਚਲੋ ਇਹ ਤਾਂ ਗੱਲ ਹੋਈ।” ਦੀਪੀ ਵਿਚੋਂ ਹੀ ਬੋਲੀ, “ਪਰ ਤੂੰ ਦਿਲਪ੍ਰੀਤ ਨੂੰ ਜੀਜਾ ਜੀ ਕਦੋਂ ਦੀ ਕਹਿਣ ਲੱਗ ਪਈ।”

“ਹੁਣ ਤੋਂ ਹੀ ਪ੍ਰੈਕਟਿਸ ਕਰਾਂਗੀ ਤਾਂ ਹੀ ਵਿਆਹ ਤੱਕ ਜੀਜਾ ਜੀ ਤੋਂ ਮੁੰਦਰੀ ਲਵਾਂਗੀ।” ਸਿਮਰੀ ਨੇ ਆਪਣੀ ਸ਼ਾਲ ਦੀ ਬੁਕਲ ਘੁੱਟ ਕੇ ਮਾਰਦਿਆਂ ਕਿਹਾ, ਠਚੰਗਾ ਮੈਂ ਤਹਾਨੂੰ ਬਾਹਰ ਉਡੀਕਦੀ ਹਾਂ।”

“ਅਸੀ ਤੇਰੇ ਨਾਲ ਹੀ ਚਲਦੇ ਹਾਂ।” ਦਿਲਪ੍ਰੀਤ ਨੇ ਖਾਣੇ ਵਾਲੀ ਮੇਜ਼ ਉ¤ਪਰ ਟਿਪ ਰੱਖਦੇ ਕਿਹਾ, “ਅਸੀਂ ਇੱਥੇ ਹੋਰ ਕੀ ਕਰਨਾ ਏ।”

“ਤੁਸੀ ਕੋਈ ਆਪਣਾ ਹਿਸਾਬ-ਕਿਤਾਬ ਕਰਨਾ ਹੋਵੇਗਾ।”

“ਸਾਡਾ ਖਾਤਾ ਤੇਰੇ ਸਾਹਮਣੇ ਹੀ ਖੁੱਲਦਾ ਹੈ।” ਦਿਲਪ੍ਰੀਤ ਨੇ ਉਸੇ ਛੇੜਖਾਨੀ ਵਿਚ ਗੱਲ ਕੀਤੀ, “ਤੇਰੇ ਉਹਲੇ ਤੇਰੀ ਸਹੇਲੀ ਘੱਟ ਹੀ ਮੈਨੂੰ ਮਿਲਦੀ ਏ।”

ਤਿੰਨ ਜਣੇ ਹੱਸਦੇ-ਹਸਾਉਂਦੇ ਆਪਣੇ ਆਪਣੇ ਘਰਾਂ ਵੱਲ ਨੂੰ ਤੁਰ ਪਏ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>