ਕੌਣ ਬਣੇਗਾ ਦਰਦੀ ਇਸ ਅੰਨ-ਦਾਤੇ ਦਾ…?

ਕੋਈ ਸਮਾਂ ਸੀ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਸੀ। ਬਾਹਰੋਂ ਅਨਾਜ ਮੰਗਵਾਉਣ ਵਾਲੇ ਭਾਰਤ ਦੇਸ਼ ਨੂੰ, ਪੰਜਾਬ ਦੇ ਕਿਸਾਨ ਨੇ ਆਤਮ ਨਿਰਭਰ ਹੀ ਨਹੀਂ ਸੀ ਬਣਾਇਆ ਸਗੋਂ ਅਨਾਜ ਨਿਰਯਾਤ ਕਰਨ ਦੇ ਯੋਗ ਵੀ ਬਣਾ ਦਿੱਤਾ ਸੀ। ਪੰਜਾਬ ਵਿੱਚ ਹਰਾ ਇਨਕਲਾਬ ਆਇਆ ਫਿਰ ਚਿੱਟਾ (ਦੁੱਧ) ਇਨਕਲਾਬ ਆਇਆ। ਕਿਸੇ ਵੇਲੇ ਇਸ ਦੀ ਖੁਸ਼ਹਾਲੀ ਦੇ ਸੋਹਲੇ ਗਾਏ ਜਾਂਦੇ ਸਨ। ਧਨੀ ਰਾਮ ਚਾਤ੍ਰਿਕ ਨੇ ਜੱਟ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਲਿਿਖਆ ਸੀ-

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਅੱਜ ਜੱਟ ਨੇ ਮੇਲੇ ਕੀ ਜਾਣਾ ਉਹ ਤਾਂ ਕਰਜ਼ੇ ਦੇ ਬੋਝ ਨਾਲ ਨਿਮੋਝੂਣਾ ਹੋਇਆ, ਸੋਚਾਂ ਸੋਚਦਾ ਰਹਿੰਦਾ ਹੈ। ਕਦੇ ਇਸ ਨੇ ਦੇਸ਼ ਦੇ ਅਨਾਜ ਦੇ ਭੰਡਾਰਾਂ ਨੂੰ ਮਾਲਾ ਮਾਲ ਕਰ ਦਿੱਤਾ ਸੀ। ਪਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਅਨਾਜ ਦੇ ਭੰਡਾਰ ਦੀ ਸਹੀ ਸੰਭਾਲ ਨਾ ਹੋਣ ਕਾਰਨ, ਲੱਖਾਂ ਟਨ ਅਨਾਜ ਗਲ਼ ਸੜ ਤਾਂ ਗਿਆ ਪਰ ਲੋੜਵੰਦਾਂ ਤੱਕ ਪਹੁੰਚਾਇਆ ਹੀ ਨਹੀਂ ਗਿਆ। ਉੱਧਰ ਖੇਤੀ ਲਾਗਤ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ। ਕਿਸਾਨ ਨੂੰ ਫਸਲ ਵੇਚ ਕੇ ਲਾਗਤ ਮੁੱਲ ਵੀ ਨਸੀਬ ਨਾ ਹੋਇਆ। ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨ ਨੂੰ ਪੁੱਤਾਂ ਵਾਂਗ ਪਾਲੀ ਆਪਣੀ ਫਸਲ ਨੂੰ ਵੇਚਣ ਲਈ ਕਿੰਨੇ ਕਿੰਨੇ ਦਿਨ ਮੰਡੀਆਂ ਵਿੱਚ ਰੁਲ਼ਣਾ ਪੈਂਦਾ ਹੈ। ਇਸ ਅੰਨ ਦਾਤੇ ਦੀ ਹਾਲਤ ਹੌਲੀ ਹੌਲੀ ਪਤਲੀ ਹੁੰਦੀ ਗਈ। ਟ੍ਰੈਕਟਰਾਂ ਤੇ ਖਾਦਾਂ ਲਈ ਲਏ ਹੋਏ ਬੈਂਕਾਂ ਦੇ ਕਰਜ਼ੇ ਵਿਆਜ ਦਰ ਵਿਆਜ ਵਧਦੇ ਗਏ। ਨਤੀਜਾ ਇਹ ਹੋਇਆ ਕਿ ਕਰਜ਼ੇ ਦੇ ਬੋਝ ਥੱਲੇ ਦਬਿਆ ਕਿਸਾਨ, ਖੁਦਕਸ਼ੀਆਂ ਦੇ ਰਾਹ ਪੈ ਗਿਆ।

ਪਿਛਲੇ ਕੁੱਝ ਇੱਕ ਅਰਸੇ ਤੋਂ ਪੰਜਾਬ ਵਿੱਚ ਖੁਦਕਸ਼ੀਆਂ ਦੀ ਖੇਤੀ ਹੋ ਰਹੀ ਹੈ। ਘਰੋ ਘਰ ਵੈਣ ਪੈ ਰਹੇ ਹਨ। ਸਰਕਾਰ ਵਲੋਂ ਕੁਝ ਕੁ ਮੁਆਵਜ਼ਾ ਦੇ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ। ਕਈ ਵਾਰੀ ਇਸ ਮੁਆਵਜ਼ੇ ਦੀ ਪ੍ਰਕਿਿਰਆ ਇੰਨੀ ਪੇਚੀਦਾ ਹੁੰਦੀ ਹੈ ਕਿ- ਇੱਕ ਤਾਂ ਪਰਿਵਾਰ ਦਾ ਜੀਅ ਤੁਰ ਜਾਂਦਾ ਹੈ ਤੇ ਦੂਜਾ ਉਹ ਦਫਤਰਾਂ ਦੇ ਚੱਕਰ ਮਾਰ ਮਾਰ ਕੇ ਹਾਰ ਹੰਭ ਕੇ ਬੈਠ ਜਾਂਦੇ ਹਨ ਵਿਚਾਰੇ। ਦਿਨੋ ਦਿਨ ਕਿਰਸਾਨ ਦੀ ਹਾਲਤ ਨਿਘਰਦੀ ਜਾ ਰਹੀ ਹੈ। ਆਖਿਰ ਇਸ ਅੰਨ ਦਾਤੇ ਦੀ ਅਜੇਹੀ ਹਾਲਤ ਹੋਈ ਤਾਂ ਹੋਈ ਕਿਉਂ? ਕੌਣ ਜ਼ਿੰਮੇਵਾਰ ਹੈ ਇਸ ਲਈ..?

ਇਸ ਦੇ ਬਹੁਤ ਸਾਰੇ ਕਾਰਨ ਹਨ।ਇੱਕ ਤਾਂ ਪਰਿਵਾਰਾਂ ਦੀ ਵੰਡ ਕਾਰਨ ਜਮੀਨ ਘੱਟਦੀ ਗਈ। ਪੰਝੀ ਕਿੱਲਿਆਂ ਦਾ ਮਾਲਕ ਇੱਕ ਪਰਿਵਾਰ ਤੀਜੀ ਚੌਥੀ ਪੀੜ੍ਹੀ ਤੱਕ ਪਹੁੰਚਦਾ, ਤਿੰਨ ਕੁ ਕਿੱਲਿਆਂ ਦਾ ਮਾਲਕ ਰਹਿ ਜਾਂਦਾ ਹੈ। ਹੁਣ ਖੇਤੀ ਦੇ ਸੰਦ ਤਾਂ ਦੋ ਤਿੰਨ ਕਿੱਲਿਆਂ ਵਾਲੇ ਨੂੰ ਵੀ ਉਨੇ ਹੀ ਚਾਹੀਦੇ ਹਨ ਜਿੰਨੇ ਵੱਡੇ ਜ਼ਿਮੀਦਾਰ ਨੂੰ। ਹੁਣ ਜੇ ਤਾਂ ਅਸੀਂ ਇੱਕ ਟ੍ਰੈਕਟਰ ਤੇ ਹੋਰ ਸੰਦ ਖਰੀਦ ਕੇ, ਸਾਰੇ ਭਰਾ ਭਤੀਜੇ ਰਲ਼ ਕੇ, ਉਸੇ ਨਾਲ ਵਹਾਈ, ਬਿਜਾਈ ਕਰ ਕੇ ਹੀ ਸਾਰ ਲੈਂਦੇ ਜਾਂ ਹੋਰ  ਟ੍ਰੈਕਟਰ ਲੈਣ ਦੀ ਬਜਾਏ, ਭਰਾ ਨੂੰ ਕੁੱਝ ਕਿਰਾਇਆ ਦੇ ਕੇ ਵਹਾਈ ਕਰਾ ਲੈਂਦੇ ਤਾਂ ਨਵੇਂ ਟ੍ਰੈਕਟਰ ਦੇ ਕਰਜ਼ੇ ਤੋਂ ਬਚ ਸਕਦੇ ਸੀ। ਪਰ ਅਸੀਂ ਤਾਂ ਸਕੇ ਭਰਾ ਨੂੰ ਸ਼ਰੀਕ ਸਮਝ ਕੇ ਉਸ ਨਾਲ ਬੋਲਣਾ ਵੀ ਛੱਡ ਦਿੱਤਾ। ਨਾਲ ਹੀ ਉਸ ਦੇ ਬਰਾਬਰ ਨਵਾਂ ਟ੍ਰੈਕਟਰ (ਭਾਵੇਂ ਕਰਜ਼ੇ ਦਾ ਹੋਵੇ) ਘਰ ਵਿੱਚ ਖੜ੍ਹਾ ਕਰਕੇ, ਉਸ ਤੋਂ ਵੀ ਵੱਡੇ ਹੋਣ ਦਾ ਸਬੂਤ ਦੇਣਾ ਚਾਹੁੰਦੇ ਹਾਂ। ਜ਼ਮੀਨਾਂ ਦੇ ਘੱਟਣ ਨਾਲ ਆਮਦਨ ਘੱਟ ਗਈ ਪਰ ਖਰਚੇ ਵੱਧ ਗਏ। ਇਸ ਦਾ ਹੱਲ ਸਾਂਝੀ ਖੇਤੀ ਕਰਕੇ ਹੋ ਸਕਦਾ ਸੀ- ਜਿਸ ਨੂੰ ਅਸੀਂ ਅਪਨਾਉਣ ਨੂੰ ਤਿਆਰ ਨਹੀਂ।

ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ-‘ਖੇਤੀ ਖਸਮਾਂ ਸੇਤੀ’। ਸਾਡੇ ਬਜ਼ੁਰਗ ਤਾਂ ਸਾਰਾ ਦਿਨ ਖੇਤਾਂ ਵਿੱਚ ਆਪ ਮਿੱਟੀ ਨਾਲ ਮਿੱਟੀ ਹੁੰਦੇ ਸਨ- ਪਰ ਨਵੀਂ ਪੀੜ੍ਹੀ ਨੂੰ ਖੇਤੀ ਬਾੜੀ ਵਿੱਚ ਕੋਈ ਦਿਲਚਸਪੀ ਹੈ ਹੀ ਨਹੀਂ। ਮੈਂ ਇੱਕ ਕਿਰਸਾਨ ਦੀ ਧੀ ਹਾਂ ਤੇ ਮੈਂਨੂੰ ਪਤਾ ਹੈ ਕਿ- ਇਸ ਕਿੱਤੇ ਵਿੱਚ ਪੂਰੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਹੁਣ ਸਾਡੇ ਮੁੰਡੇ ਜੋ ਕਾਲਜਾਂ ਵਿੱਚ ਪੜ੍ਹਦੇ ਹਨ, ਜਾਂ ਬੇਰੁਜ਼ਗਾਰ ਹਨ- ਉਹ ਵਿਹਲੇ ਤਾਂ ਬੈਠੇ ਰਹਿਣਗੇ, ਪਰ ਬਾਪ ਨਾਲ ਖੇਤ ‘ਚ ਜਾਣ ਨੂੰ ਤਿਆਰ ਨਹੀਂ। ਬਾਪ ਮਹਿੰਗੇ ਭਾਅ ਦੀ ਲੇਬਰ ਲਾ ਕੇ ਜਿਵੇਂ ਕਿਵੇਂ ਸਾਰ ਰਿਹਾ ਹੈ, ਪੁੱਤਰ ਨਿਗਰਾਨੀ ਕਰਨ ਲਈ ਵੀ ਤਿਆਰ ਨਹੀਂ। ਪਿਓ ਦੇ ਗਲ਼ ਗੂਠਾ ਦੇ ਕੇ ਮੋਟਰ ਸਾਈਕਲ ਲੈ ਲਿਆ, ਤੇ ਹੁਣ ਸ਼ਹਿਰ ਦੀਆਂ ਸੜਕਾਂ ਤੇ ਘੁੰਮਣਾਂ, ਨਸ਼ੇ ਕਰਨੇ, ਫਿਲਮਾਂ ਦੇਖਣੀਆਂ, ਰਾਹ ਜਾਂਦੀਆਂ ਕੁੜੀਆਂ ਨੂੰ ਛੇੜਨਾ- ਉਸ ਦੇ ਸ਼ੌਕ ਬਣ ਗਏ ਹਨ। ਅਸੀਂ ਤਾਂ ਘਰ ਵਿੱਚ ਜਵਾਨ ਪੁੱਤ ਦੇ ਹੁੰਦਿਆਂ, ਟ੍ਰੈਕਟਰ ਚਲਾਉਣ ਲਈ ਵੀ ਪਰਵਾਸੀ ਮਜ਼ਦੂਰ ਰੱਖੇ ਹੋਏ ਹਨ। ਕੀ ਸਾਡੇ ਪੜ੍ਹੇ ਲਿਖੇ ਪੁੱਤਰ- ਟ੍ਰੈਕਟਰ ਨਹੀਂ ਚਲਾ ਸਕਦੇ? ਮੰਡੀ ਪਿਓ ਦੇ ਨਾਲ ਨਹੀਂ ਜਾ ਸਕਦੇ? ਸ਼ਹਿਰੋਂ ਸੌਦੇ ਪੱਤੇ ਨਹੀਂ ਲਿਆ ਸਕਦੇ? ਖੇਤੀ ਮਾਹਿਰਾਂ ਨਾਲ ਸਲਾਹ ਮਸ਼ਵਰੇ ਕਰਕੇ- ਫਸਲੀ ਚੱਕਰ ਵਿੱਚ ਸੁਧਾਰ ਨਹੀਂ ਲਿਆ ਸਕਦੇ? ਪਿਓ ਕੋਲ ਬੈਠ ਕੇ ਉਸ ਨੂੰ ਹੌਸਲਾ ਨਹੀਂ ਦੇ ਸਕਦੇ? ਨਹੀਂ ਵੀ ਨੌਕਰੀ ਮਿਲਦੀ ਤਾਂ ਜੇ ਘਰ ਦੀ ਜ਼ਮੀਨ ਹੈ ਤਾਂ ਉਸ ਤੇ ਦਾਲਾਂ ਦੀ ਖੇਤੀ ਕਰੋ, ਫੁੱਲਾਂ ਦੀ ਖੇਤੀ ਕਰੋ, ਸਬਜ਼ੀਆਂ ਉਗਾਓ,  ਪੋਲਟਰੀ ਫਾਰਮ ਦੀ ਟਰੇਨਿੰਗ ਲੈ ਕੇ ਉਹ ਖੋਲ੍ਹ ਲਵੋ। ਵਿਹਲੇ ਰਹਿਣ ਨਾਲੋਂ ਤਾਂ ਚੰਗਾ ਹੀ ਹੈ।

ਇੱਕ ਤਾਂ ਨਸ਼ਾ ਤਸਕਰਾਂ ਨੇ ਸਾਡੀ ਜੁਆਨੀ ਤਬਾਹ ਕਰਕੇ ਰੱਖ ਦਿੱਤੀ ਹੈ। ਕਾਲਜ ਪੜ੍ਹਦੇ ਮੁੰਡੇ ਹੀ ਨਸ਼ਿਆਂ ਤੇ ਲੱਗ ਜਾਂਦੇ ਹਨ। ਮਾਪਿਆਂ ਨੂੰ ਉਦੋਂ ਪਤਾ ਲਗਦਾ ਜਦੋਂ ਪਾਣੀ ਸਿਰੋਂ ਲੰਘ ਜਾਂਦਾ। ਇਸ ਬੀਮਾਰੀ ਨੇ ਪੰਜਾਬ ਦੀ ਕਿਰਸਾਨੀ ਨੂੰ ਬਹੁਤ ਢਾਅ ਲਾਈ ਹੈ। ਨਸ਼ੇ ਦੀ ਲਟ ਸਹਿਜੇ ਕਿਤੇ ਛੁੱਟਦੀ ਵੀ ਨਹੀਂ। ਨਸ਼ਾ ਕਰਨ ਵਾਲਿਆਂ ਦੇ ਤਾਂ ਘਰ ਦੇ ਭਾਂਡੇ ਤੱਕ ਵਿਕ ਜਾਂਦੇ ਹਨ। ਘਰ ਦੇ ਜੁਆਕ ਵਿਚਾਰੇ ਸੁੱਖ ਸਹੂਲਤਾਂ ਤੋਂ ਵਾਂਝੇ ਹੋ ਜਾਂਦੇ ਹਨ, ਸੁਆਣੀਆਂ ਵਿਲਕਦੀਆਂ ਹਨ। ਇਸ ਮੁੱਦੇ ਪ੍ਰਤੀ ਕੋਈ ਵੀ ਸਰਕਾਰ ਸੰਜੀਦਾ ਨਹੀਂ। ਲਗਦਾ ਹੈ ਕਿ ਸਰਕਾਰ ਦੀ ਇਹਨਾਂ ਤਸਕਰਾਂ ਨਾਲ ਮਿਲੀ ਭੁੱਗਤ ਹੈ।

ਸਰਕਾਰਾਂ ਦਾ ਮੂੰਹ ਤੱਕਣ ਦੀ ਬਜਾਏ- ਆਪਾਂ ਆਪਣੇ ਲੈਵਲ ਤੇ ਕੁੱਝ ਉਪਰਾਲੇ ਕਰ ਸਕਦੇ ਹਾਂ। ਜਿਵੇਂ ਬੱਚਿਆਂ ਨੂੰ ਘਰ ਵਿੱਚ ਧਾਰਮਿਕ ਸੋਚ ਦਿਤੀ ਜਾਵੇ, ਖੇਡਾਂ ਵਿੱਚ ਲਾਇਆ ਜਾਵੇ, ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਜਾਵੇ। ਬੱਚਿਆਂ ਨੂੰ, ਬਚਪਨ ਤੋਂ ਹੀ, ਖੇਤਾਂ ਵਿੱਚ ਲਿਜਾ ਕੇ, ਹੱਥ ਵਟਾਉਣ ਦੀ ਆਦਤ ਪਾਈ ਜਾਵੇ। ਫਸਲਾਂ ਬਾਰੇ ਦੱਸਿਆ ਜਾਵੇ, ਕੁਦਰਤ ਨੂੰ ਪਿਆਰ ਕਰਨਾ ਸਿਖਾਇਆ ਜਾਵੇ। ਜੇ ਉਹਨਾਂ ਦਾ ਇੱਕ ਵਾਰੀ ਆਪਣੀ ਮਿੱਟੀ ਨਾਲ ਮੋਹ ਪੈ ਗਿਆ, ਤਾਂ ਫਿਰ ਉਹ ਭੈੜੇ ਕੰਮਾਂ ਤੋਂ ਵੀ ਬਚਣਗੇ, ਤੇ ਸਕੂਲੋਂ ਆ ਕੇ ਜਾਂ ਛੁੱਟੀ ਵਾਲੇ ਦਿਨ ਆਪਣੀ ਫਸਲ ਦੇਖਣ ਵੀ ਜਰੂਰ ਜਾਣਗੇ।

ਬਾਹਰ ਜਾਣ ਦੇ ਲਾਲਚ ਨੇ ਵੀ ਸਾਨੂੰ ਕਰਜ਼ਾਈ ਕਰ ਦਿੱਤਾ ਹੈ। ਸਾਡੇ ਮੁੰਡਿਆਂ ਨੂੰ ਲਗਦਾ ਹੈ ਕਿ ਵਿਦੇਸ਼ਾਂ ਵਿੱਚ ਪਤਾ ਨਹੀਂ ਜਾਂਦਿਆਂ ਸਾਰ, ਡਾਲਰ ਝਾੜੂ ਨਾਲ ਇਕੱਠੇ ਕਰ ਲੈਣੇ ਹਨ। ਸੋ ਉਹ ਜ਼ਮੀਨਾਂ ਗਹਿਣੇ ਰੱਖ, ਕਰਜ਼ੇ ਚੁੱਕ, ਏਜੰਟਾਂ ਦੇ ਚੱਕਰਾਂ ‘ਚ ਫਸ ਕੇ ਲੱਖਾਂ ਰੁਪਏ ਬਰਬਾਦ ਕਰ ਬੈਠਦੇ ਹਨ। ਪਰ ਇੱਧਰ ਪਹੁੰਚ ਕੇ, ਵਿਦੇਸ਼ੀ ਧਰਤੀ ਤੇ ਪੈਰ ਲਾਉਣ ਲਈ ਸਾਲੋ ਸਾਲ ਜੱਦੋ ਜਹਿਦ ਕਰਨੀ ਪੈਂਦੀ ਹੈ। ਉਸ ਦੇ ਆਪਣੇ ਪਰਿਵਾਰ ਦੇ ਖਰਚੇ, ਘਰ, ਗੱਡੀਆਂ ਦੀਆਂ ਕਿਸ਼ਤਾਂ ਸ਼ੁਰੂ ਹੋ ਜਾਂਦੀਆਂ ਹਨ। ਤੁਸੀਂ ਆਪ ਹੀ ਸੋਚੋ ਕਿ ਉਹ ਪਿਓ ਦਾ ਕਰਜ਼ਾ ਕਿਵੇਂ ਲਾਹੇਗਾ? ਕਈ ਵਾਰੀ ਮਾਪੇ ਆਪਣੇ ਨਸ਼ਈ ਪੁੱਤਰ ਨੂੰ ਬਾਹਰ ਕੱਢਣ ਲਈ, ਆਪਣੀ ਪੜ੍ਹੀ ਲਿਖੀ ਕੁੜੀ ਦੇ ਅਰਮਾਨਾਂ ਦੀ ਬਲੀ ਦੇ ਦਿੰਦੇ ਹਨ। ਕੁੜੀ ਦਾ ਵਿਆਹ ਕਿਸੇ ਐਨ.ਆਰ.ਆਈ ਲਾੜੇ ਨਾਲ, ਜੋ ਉਸ ਦੇ ਯੋਗ ਨਹੀਂ ਹੁੰਦਾ- ਵਿਤੋਂ ਬਾਹਰਾ ਖਰਚ ਕਰਕੇ ਕਰ ਦਿੱਤਾ ਜਾਂਦਾ ਤਾਂ ਕਿ ਉਸ ਰਾਹੀਂ ਬਾਕੀ ਪਰਿਵਾਰ ਬਾਹਰ ਜਾ ਸਕੇ। ਸੋ ਇਹ ਸਾਰੇ ਕੰਮਾਂ ਲਈ ਲਏ ਕਰਜ਼ੇ ਵਿਆਜ- ਦਰ –ਵਿਆਜ ਵੱਧਦੇ ਜਾਂਦੇ ਹਨ।

ਮਹਿੰਗੀ ਖਾਦ, ਸਪਰੇਆਂ ਕਾਰਨ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਦਿਨੋ ਦਿਨ ਘੱਟ ਰਹੀ ਹੈ ਉੱਥੇ ਲਾਗਤ ਮੁੱਲ ਵਧਦਾ ਜਾ ਰਿਹਾ ਹੈ। ਉਪਰੋਂ ਬਿਜਲੀ ਕੱਟ, ਪਾਣੀ ਦੀ ਘਾਟ, ਮਹਿੰਗੇ ਤੇਲ, ਡੀਜ਼ਲ, ਮਹਿੰਗੀ ਲੇਬਰ ਆਦਿ ਕਾਰਨ, ਇੱਕ ਫਸਲ ਦੇ ਪੱਕਣ ਤੱਕ ਖਰਚਾ ਬਹੁਤ ਵੱਧ ਜਾਂਦਾ ਹੈ। ਕਈ ਵਾਰੀ ਪੁੱਤਾਂ ਵਾਂਗ ਪਾਲ਼ੀ ਫਸਲ ਤੇ, ਕੁਦਰਤੀ ਕਰੋਪੀ ਜਿਵੇਂ- ਅੱਗ ਜਾਂ ਬੇ ਮੌਸਮੀਂ ਬਾਰਸ਼, ਸੋਕਾ, ਹੜ੍ਹ, ਗੜੇਮਾਰ ਆਦਿ ਨਾਲ ਕਿਸਾਨ ਦੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ। ਜੇ ਇਸ ਤੋਂ ਬਚ ਜਾਵੇ ਤਾਂ ਉਪਰੋਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ, ਕਿਸਾਨ ਨੂੰ ਲਾਗਤ ਮੁੱਲ ਤੋਂ ਵੀ ਘੱਟ ਮੁੱਲ ਤੇ ਫਸਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਮੰਡੀਆਂ ਵਿੱਚ ਰੁਲ਼ ਕੇ ਵੀ, ਆੜ੍ਹਤੀਆਂ ਦੀ ਵਿਚੋਲਗੀ ਕਾਰਨ, ਪੂਰਾ ਮੁੱਲ ਉਸ ਦੇ ਪੱਲੇ ਨਹੀਂ ਪੈਂਦਾ। ਕਿਸਾਨ ਦੀ ਤ੍ਰਾਸਦੀ ਇਹ ਹੈ ਕਿ ਉਹ ਵਪਾਰੀ ਨਹੀਂ ਹੈ। ਉਹ ਹੋਰ ਵਪਾਰੀਆਂ ਵਾਂਗ, ਆਪਣੀ ਚੀਜ਼ ਦਾ ਮੁੱਲ, ਆਪਣਾ ਲਾਗਤ ਮੁੱਲ ਗਿਣ ਕੇ ਤੇ ਵਿੱਚ ਮੁਨਾਫਾ ਜੋੜ ਕੇ, ਆਪ ਨਹੀਂ ਮਿੱਥ ਸਕਦਾ ਤੇ ਨਾ ਹੀ, ਖੱਪਤਕਾਰ ਨੂੰ ਸਿੱਧਾ ਵੇਚਦਾ ਹੈ। ਉਸ ਦੇ ਉਗਾਏ ਹੋਏ ਅਨਾਜ ਨੂੰ ਉਸ ਤੋਂ ਸਸਤੇ ਭਾਅ ਲੈ ਕੇ, ਖੱਪਤਕਾਰ ਨੂੰ ਮਹਿੰਗੇ ਭਾਅ ਵੇਚਣ ਵਾਲੇ ਵਿਚੋਲੇ ਹੀ ਸਾਰਾ ਲਾਭ ਕਮਾਉਂਦੇ ਹਨ।

ਪੰਜਾਬ ਨਾਲ ਹਮਦਰਦੀ ਰੱਖਣ ਵਾਲਾ ਹਰ ਇਨਸਾਨ ਅਤੇ ਬੁੱਧੀਜੀਵੀ ਵਰਗ ਕਿਸਾਨ ਦੀ ਨਿੱਘਰ ਰਹੀ ਹਾਲਤ ਤੋਂ ਚਿੰਤਾਤੁਰ ਹੈ। ਮੇਰਾ ਖਿਆਲ ਹੈ ਕਿ ਪਹਿਲਾਂ ਤਾਂ ਸਾਨੂੰ ਲਾਗਤ ਮੁੱਲ ਘਟਾਉਣ ਬਾਰੇ ਸੋਚਣਾ ਪਏਗਾ। ਅਸੀਂ ਲੋਕਾਂ ਨੇ ਅੰਨ੍ਹੇ ਵਾਹ ਰਸਾਇਣਕ ਖਾਦਾਂ ਤੇ ਸਪਰੇਆਂ ਕਰਕੇ, ਅਨਾਜ ਨੂੰ ਜ਼ਹਿਰੀਲਾ ਹੀ ਨਹੀਂ ਬਣਾਇਆ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਨਸ਼ਟ ਕਰ ਦਿੱਤੀ ਹੈ। ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ। ਆਹ ਕੈਂਸਰ ਟਰੇਨ ਐਂਵੇਂ ਨਹੀਂ ਗੰਗਾਨਗਰ ਨੂੰ ਭਰ ਕੇ ਜਾਂਦੀ? ਜ਼ਹਿਰੀਲੇ ਪਾਣੀ ਦਾ ਹੀ ਸਿੱਟਾ ਹੈ ਇਹ। ਝੋਨਾ ਬੀਜ ਬੀਜ ਕੇ ਧਰਤੀ ਦੀ ਹਿੱਕ ‘ਚੋਂ ਸਾਰਾ ਪਾਣੀ ਚੂਸ ਲਿਆ। ਧਰਤੀ ਦੀ ਉਪਜਾਊ ਸ਼ਕਤੀ ਨੂੰ ਮੁੜ ਤੋਂ ਪੈਦਾ ਕਰਨ ਲਈ, ਕੁਦਰਤੀ ਖੇਤੀ ਅਪਨਾਉਣੀ ਪਏਗੀ। ਹਰੀਆਂ ਖਾਦਾਂ ਜਾਂ ਗੋਬਰ ਖਾਦ ਦਾ ਇਸਤਮਾਲ ਕਰਕੇ, ਜ਼ਹਿਰਾਂ ਤੋਂ ਬਚਿਆ ਜਾ ਸਕਦਾ ਹੈ। ਪਾਣੀ ਦੀ ਘਾਟ ਕਾਰਨ, ਘੱਟ ਪਾਣੀ ਨਾਲ ਪਲਣ ਵਾਲੀਆਂ ਫਸਲਾਂ ਬਾਰੇ ਸੋਚਿਆ ਜਾ ਸਕਦਾ ਹੈ। ਇਸ ਲਈ ਖੇਤੀ ਬਾੜੀ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ। ਇਸ ਖੇਤਰ ਵਿੱਚ ਸਫਲ ਹੋਏ ਕਿਸਾਨਾਂ ਤੋਂ ਸੇਧ ਲੈਣੀ ਵੀ ਜਰੂਰੀ ਹੈ।

ਜੇਕਰ ਸਰਕਾਰਾਂ ਵੀ ਕਿਸਾਨਾਂ ਦੇ ਬਹੁਤ ਪੁਰਾਣੇ ਕਰਜ਼ੇ ਮੁਆਫ ਕਰ ਦੇਣ- ਤਾਂ ਖੁਦਕਸ਼ੀ ਦੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਕਿਤੇ ਖੱਪਤਕਾਰ ਤੇ ਕਿਸਾਨ ਦਾ ਸਿੱਧਾ ਰਾਬਤਾ ਬਣ ਜਾਵੇ ਤਾਂ ਇਸ ਸਮੱਸਿਆ ਦਾ ਕੁੱਝ ਹੱਦ ਤੱਕ ਹੱਲ ਹੋ ਸਕਦਾ ਹੈ। ਸ਼ਹਿਰ ਦੇ ਲੋਕਾਂ ਦੇ ਆਮ ਤੌਰ ਤੇ ‘ਫੈਮਿਲੀ ਡਾਕਟਰ’ ਹੁੰਦੇ ਹਨ। ਇਸੇ ਤਰ੍ਹਾਂ ਉਹ ਕਿਸੇ ਇੱਕ ਕਿਸਾਨ ਨੂੰ ਆਪਣਾ ‘ਫੈਮਿਲੀ ਫਾਰਮਰ’ ਬਣਾ ਸਕਦੇ ਹਨ। ਉਹ ਕਿਸਾਨ ਉਹਨਾਂ ਦੀਆਂ ਲੋੜਾਂ ਮੁਤਾਬਕ- ਦਾਲਾਂ, ਅਨਾਜ, ਸਬਜ਼ੀ ਆਦਿ ਕੁਦਰਤੀ ਢੰਗ ਨਾਲ ਉਗਾਏਗਾ ਪਰ ਉਹ ਵੀ ਕਿਸਾਨ ਦੀ ਲਾਗਤ ਮੁੱਲ ਵਿੱਚ ਕੁੱਝ ਲਾਭ ਜੋੜ ਕੇ ਖਰੀਦਣ ਲਈ ਵਚਨਬੱਧ ਹੋਣਗੇ। ਕੁੱਝ ਪਰਿਵਾਰ ਰਲ਼ ਕੇ ਇੱਕ ਕਿਸਾਨ ਨੂੰ ਅਪਣਾ ਸਕਦੇ ਹਨ। ਇਸ ਨਾਲ ਦੋਹਾਂ ਧਿਰਾਂ ਨੂੰ ਲਾਭ ਹੋਏਗਾ। ਖੱਪਤਕਾਰ ਨੂੰ ਵਸਤੂ, ਸ਼ੁਧ, ਤਾਜ਼ੀ ਤੇ ਔਰਗੈਨਿਕ ਮਿਲੇਗੀ, ਠੀਕ ਰੇਟ ਤੇ ਮਿਲੇਗੀ- ਜਿਸ ਕਾਰਨ ਉਸ ਦਾ ਪਰਿਵਾਰ ਬੀਮਾਰੀਆਂ ਤੋਂ ਬਚਿਆ ਰਹੇਗਾ। ਕਿਸਾਨ ਵੀ ਮੰਡੀਕਰਨ ਦੇ ਫਿਕਰ ਤੋਂ ਮੁਕਤ ਹੋ ਜਾਏਗਾ। ਹੋਰ ਉਤਸ਼ਾਹ ਨਾਲ ਕੰਮ ਕਰੇਗਾ। ਖੱਪਤਕਾਰ ਨਾਲ ਕਿਸਾਨ ਦਾ ਮੇਲ ਜੋਲ ਸਿੱਧਾ ਹੋਣ ਕਾਰਨ ਵਿੱਚ ਵਿਚੋਲੇ ਜੋ ਮੁਨਾਫਾ ਕਮਾਉਂਦੇ ਹਨ, ਉਹਨਾਂ ਦੀ ਲੋੜ ਨਹੀਂ ਰਹੇਗੀ। ਇਹ ਮੰਡੀਆਂ ਵਾਲੇ ਕਿਸਾਨ ਤੋਂ ਬਹੁਤ ਹੀ ਸਸਤੇ ਭਾਅ ਅਨਾਜ, ਸਬਜ਼ੀਆਂ ਲੈ ਕੇ, ਫਿਰ ਖਰੀਦਣ ਵਾਲੇ ਨੂੰ ਕਿਤੇ ਮਹਿੰਗੀ ਵੇਚਦੇ ਹਨ ਤੇ ਸਾਰਾ ਮੁਨਾਫਾ ਆਪ ਖਾ ਜਾਂਦੇ ਹਨ। ਵਿਚਾਰੇ ਮਿਹਨਤ ਕਰਨ ਵਾਲੇ ਕਿਸਾਨ ਦੇ ਪੱਲੇ ਲਾਗਤ ਮੁੱਲ ਵੀ ਨਹੀਂ ਪੈਂਦਾ।

ਮੁੱਕਦੀ ਗੱਲ ਤਾਂ ਇਹ ਹੈ ਕਿ ਕਿਸਾਨ ਸਭ ਤੋਂ ਪਹਿਲਾਂ ਤਾਂ ‘ਔਰਗੈਨਿਕ ਫਾਰਮਿੰਗ’ ਅਪਣਾਵੇ- ਜਿਸ ਨਾਲ ਖਰਚਾ ਵੀ ਘਟੇਗਾ ਤੇ ਅਨਾਜ ਵੀ ਜ਼ਹਿਰ ਮੁਕਤ ਹੋ ਜਾਏਗਾ। ਬਾਕੀ ਹੁਣ ਅੰਨ ਦਾਤੇ ਨੂੰ ਵਪਾਰੀ ਵੀ ਬਨਣਾ ਪਏਗਾ। ਆਪਣੇ ਐਨ. ਆਰ. ਆਈ. ਵੀਰ, ਆਪੋ ਆਪਣੇ ਪਿੰਡਾਂ ਵਿੱਚ ਕੋਈ ਖੇਡ ਸਟੇਡੀਅਮ ਬਣਾ ਦੇਣ, ਲਾਇਬ੍ਰੇਰੀਆਂ ਖੋਲ੍ਹ ਦੇਣ ਤਾਂ ਕਿ ਪੰਜਾਬ ਦੀ ਜੁਆਨੀ ਨਸ਼ਿਆਂ ਤੋਂ ਬਚੀ ਰਹੇ। ਬਾਕੀ ਜੇ ਸਰਕਾਰਾਂ ਵੀ ਇਸ ਸਮੱਸਿਆ ਪ੍ਰਤੀ ਸੰਜੀਦਾ ਹੋ ਜਾਣ ਤਾਂ ਇਸ ਸਮੱਸਿਆ ਤੇ ਕਿਸੇ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>