ਹੱਕ ਲਈ ਲੜਿਆ ਸੱਚ – (ਭਾਗ – 38)

ਸੂਰਜ ਛੁੱਪ ਚੁੱਕਾ ਸੀ। ਸਭ ਲੋਕੀ ਆਪਣੇ ਬਾਹਰਲੇ ਕੰਮ ਮੁਕਾ ਕੇ ਘਰਾਂ ਨੂੰ ਮੁੜ ਰਹੇ ਸਨ। ਘਰਾਂ ਦੇ ਚੁਲਿਆਂ ਤੋਂ ਤੁੜਕੇ ਦੀ ਵਾਸ਼ਨਾਂ ਸਾਰੇ ਪਿੰਡ ਵਿਚ ਫੈਲ ਰਹੀ ਸੀ। ਘੁਸਮੁਸਾ ਹੋਇਆ ਤਾਂ ਹਰਨਾਮ ਕੌਰ ਨੇ ਆਪਣੀਆਂ ਪੋਤੀਆਂ ਨੂੰ ਅਵਾਜ਼ ਮਾਰੀ,  “ਕੁੜੇ ਬਤੀ ਬਾਲ ਦਿਉ, ਰਹਿਰਾਸ ਦਾ ਵੇਲਾ ਹੋ ਗਿਆ।”

ਦੀਪੀ ਬਾਹਰਲੇ ਗੇਟ ਦੀ ਬੱਤੀ ਜਗਾਉਣ ਗਈ ਤਾਂ ਉਸ ਨੂੰ ਮੋਟਰਸਾਈਕਲ ਦੀ ਅਵਾਜ਼ ਸੁਣੀ। “ਕਿਸੇ ਦੇ ਕੋਈ ਪਰਾਹੁਣਾ ਆਇਆ ਲੱਗਦਾ ਹੈ।” ਦੀਪੀ ਨੇ ਸੋਚਿਆ ਅਤੇ ਗੇਟ ਦੇ ਅੰਦਰਲੀ ਕੁੰਡੀ ਲਾ ਦਿਤੀ। ਅਜੇ ਉਹ ਮੁੜੀ ਹੀ ਸੀ ਗੇਟ ਖੜਕਿਆ। ਗੇਟ ਖੋਹਲਿਆਂ ਤਾ ਸਾਹਮਣੇ ਮਿੰਦੀ ਅਤੇ ਉਸ ਦਾ ਪਰਾਹੁਣਾ ਖੜੇ ਸਨ।

“ਸਤਿ ਸ੍ਰੀ ਅਕਾਲ।” ਦੀਪੀ ਨੇ ਮਿੰਦੀ ਨੂੰ ਜੱਫੀ ਪਾਉਂਦੇ ਆਖਿਆ, “ਅੱਜ ਤਾਂ ਫੁੱਫੜ ਜੀ ਵੀ ਆਏ ਨੇ।”

“ਦੀਪੀ, ਡੈਡੀ ਬਾਹਰੋਂ ਆ ਗਏ? ਤੋਸ਼ੀ ਨੇ ਪੁੱਛਿਆ ਜਾਂ ਅਜੇ ਮੁਰੱਬੇ ਤੇ ਹੀ ਨੇ।”

“ਆ ਜਾਉ, ਤੁਸੀ, ਡੈਡੀ ਆਉਣ ਵਾਲੇ ਨੇਂ।”

ਦੀਪੀ ਖੁਸ਼ ਹੋਈ ਉਹਨਾਂ ਨੂੰ ਬੈਠਕ ਵੱਲ ਲੈ ਗਈ। ਉਸ ਨੂੰ ਪਰਾਹੁਣਿਆਂ ਤੋਂ ਵੀ ਦਿਲਪ੍ਰੀਤ ਦੀ ਖਸ਼ਬੂ ਆ ਰਹੀ ਮਹਿਸੂਸ ਹੋ ਰਹੀ ਸੀ। ਉਸ ਦਾ ਦਿਲ ਕਰੇ ਦਿਲਪ੍ਰੀਤ ਬਾਰੇ ਉਹਨਾਂ ਤੋਂ ਪੁੱਛੇ। ਪਰ ਦੀਪੀ ਦੀ ‘ਸ਼ਰਮ’ ਦਿਲਪ੍ਰੀਤ ਬਾਰੇ ਗੱਲ ਕਰਨ ਵਿਚ ਰੁਕਾਵਟ ਬਣ ਗਈ ਅਤੇ ਉਸ ਦੇ ਮੂੰਹ ਵਿਚੋਂ ਏਨਾਂ ਹੀ ਨਿਕਲਿਆ, “ਤਾਈ ਜੀ, ਮਿੰਦੀ ਭੂਆ ਹੋਰੀ ਆਏ ਨੇ।”

ਦੀਪੀ ਦੀ ਅਵਾਜ਼ ਸੁਣ ਸਾਰੇ ਬੈਠਕ ਵੱਲ ਨੂੰ ਚਾਅ ਨਾਲ ਦੋੜੇ ਆਏ। ਪਿੰਡਾ ਵਿਚ ਇਹ ਰਿਵਾਜ਼ ਸੀ ਪਰਾਹੁਣੇ ਦਾ ਆਉਣਾ ਰੱਬ ਦਾ ਆਉਣਾ ਸਮਝਿਆ ਜਾਂਦਾ ਸੀ।

“ਮਿੰਦੀ, ਪੁੱਤ ਆਉਣ ਨੂੰ ਹਨੇਰਾ ਕਰ ਦਿੱਤਾ।” ਗਿਆਨ ਕੌਰ ਨੇ ਕਿਹਾ, “ਅੱਗੇ ਤਾਂ ਤੂੰ ਕਦੇ ਇਦਾਂ ਇੰਨੇ ਹਨੇਰੇ ਨਹੀਂ ਆਈ।”

“ਅੱਗੇ ਤਾਂ ਭੂਆ ਜੀ, ਮੈਂ ਬੱਸ ਵਿਚ ਆ ਜਾਂਦੀ ਸਾਂ।” ਮਿੰਦੀ ਨੇ ਦੱਸਿਆ, “ਹੁਣ ਇਹ ਮੈਨੂੰ ਬੱਸ ਵਿਚ ਆਉਣ ਨਹੀ ਦਿੰਦੇ, ਇਹ ਬਾਹਰੋਂ ਖੂੁਹ ਤੋਂ ਹੀ ਦੇਰ ਨਾਲ ਮੁੜੇ ਅਤੇ ਮੈਂ ਉਡੀਕਦੀ ਨੇ ਆ ਵੇਲ੍ਹਾ ਕਰ ਦਿੱਤਾ।”

“ਭੈਣ ਜੀ, ਠੀਕ ਆ।” ਹਰਨਾਮ ਕੌਰ ਨੇ ਪੁੱਛਿਆ, “ਪਿੱਛੇ ਜਿਹੇ ਸੁਣਿਆ ਸੀ ਕਿ ਜ਼ਿਆਦਾ ਹੀ ਢਿੱਲੇ ਹੋ ਗਏ ਸੀ।”

“ਹੁਣ ਤਾਂ ਬੇਬੇ ਜੀ ਤਕੜੇ ਆ।” ਤੋਸ਼ੀ ਨੇ ਕਿਹਾ, “ਸੁਣਿਆ ਫੁੱਫੜ ਜੀ ਮੋਰਚੇ ਤੇ ਗਏ ਆ।”

“ਹੋਰ ਕੀ।” ਹਰਨਾਮ ਕੌਰ ਨੇ ਕਿਹਾ, “ਫੁੱਫੜ ਤੁਹਾਡੇ ਨੂੰ ਤਾਂ ਚਾਅ ਚੜ੍ਹਿਆ ਸੀ ਮੋਰਚੇ ਤੇ ਜਾਣ ਦਾ, ਅਸੀਂ ਕਿਹਾ, ਤੁਹਾਡੀ ਮਰਜ਼ੀ।”

“ਘਰ ਵੀ ਤਾਂ ਵਿਹਲੇ ਹੀ ਹੁੰਦੇ ਸੀ।” ਤੋਸ਼ੀ ਨੇ ਕਿਹਾ, “ਚਲੋ ਵਧੀਆ ਮੋਰਚੇ ਤੇ ਚਲੇ ਗਏ।”

ਹਰਨਾਮ ਕੌਰ ਨੂੰ ਤੋਸ਼ੀ ਦੀ ਗੱਲ ਭਾਵੇ ਠੀਕ ਤਾਂ ਨਹੀਂ ਸੀ ਲੱਗੀ, ਫਿਰ ਵੀ ਉਸ ਨੇ ਇੰਨਾ ਕਹਿ ਦਿੱਤਾ, “ਉਹ ਤਾਂ ਹੈ।”

ਸੁਰਜੀਤ ਤੇ ਕੁੜੀਆਂ ਰਸੋਈ ਵੱਲ ਰੋਟੀ-ਟੁੱਕ ਦਾ ਕੰਮ ਕਰਨ ਚਲੀਆਂ ਗਈਆਂ। ਹਰਨਾਮ ਕੌਰ ਅਤੇ ਗਿਆਨ ਕੌਰ ਪਰਾਹੁਣਿਆਂ ਦੇ ਕੋਲ ਹੀ ਬੈਠ ਗਈਆਂ। ਗਿਆਨ ਕੌਰ ਨੇ ਧਿਆਨ ਨਾਲ ਮਿੰਦੀ ਵੱਲ ਦੇਖਿਆ ਤਾਂ ਬੋਲੀ, “ਧੀਏ, ਤੇਰਾ ਚਿਹਰਾ ਦੱਸਦਾ ਆ ਕਿ ਘਰ ਵਿਚ ਖੁਸ਼ੀ ਆਉਣ ਵਾਲੀ ਆ।”

“ਹਾਂ ਜੀ, ਭੂਆ ਜੀ, ਇਸੇ ਕਰਕੇ ਤਾਂ ਇਹ ਮੈਨੂੰ ਹੁਣ ਬੱਸ ਵਿਚ ਨਹੀ ਆਉਣ ਦਿੰਦੇ।”

“ਰੱਬ ਦਾ ਕੋਟ ਨ ਕੋਟ ਸ਼ੁਕਰ ਤੇਰੇ ਘਰ ਨੂੰ ਭਾਗ ਲੱਗਣ।” ਗਿਆਨ ਕੌਰ ਨੇ ਹੱਥ ਜੋੜਦਿਆਂ ਪ੍ਰਮਤਾਮਾ ਦਾ ਧੰਨਵਾਦ ਕੀਤਾ।

ਹਰਨਾਮ ਕੌਰ ਨੇ ਵੀ ਆਪਣੇ ਹੱਥ ਨਾਲ ਮਿੰਦੀ ਦਾ ਸਿਰ ਪਲੋਸਿਆ ਤੇ ਪੁੱਛਿਆ, “ਸੁਖ ਨਾਲ, ਕਿਨਾ ਕੁ ਚਿਰ ਆ।”
“ਛੇਵਾਂ ਮਹੀਨਾ ਸ਼ੁਰੂ ਹੋ ਗਿਆ ਆ।”

ਇਹਨਾ ਗੱਲਾਂ ਤੋਂ ਤੋਸ਼ੀ ਨੂੰ ਜਿਵੇਂ ਸ਼ਰਮ ਜਿਹੀ ਆਉਂਦੀ ਹੋਵੇ ਉਸ ਨੇ ਗੱਲ ਟਾਲਣ ਦੇ ਹਿਸਾਬ ਨਾਲ ਕਿਹਾ, “ਮੁਖਤਿਆਰ ਭਾਅ ਕਦੋਂ ਕੁ ਆਵੇਗਾ।”

“ਖੁੂਹ ਤੋਂ ਤਾਂ ੳਦੋਂ ਹੀ ਆ ਗਿਆ ਸੀ, ਜਦੋਂ ਸੁਰਜੀਤ ਧਾਰਾਂ ਕੱਢਣ ਗਈ ਸੀ।” ਹਰਨਾਮ ਕੌਰ ਨੇ ਦੱਸਿਆ, “ਸ਼ਾਇਦ ਆਪਣੇ ਦੋਸਤ ਮਲਕੀਤੇ ਵੱਲ ਨਾਂ ਚਲਿਆ ਗਿਆ ਹੋਵੇ।”

“ਆਹ ਭਈਆ ਤਾਂ ਆ ਗਿਆ।” ਗਿਆਨ ਕੌਰ ਨੇ ਬਾਹਰੋਂ ਆਉਂਦੇ ਭਈਏ ਵੱਲ ਦੇਖ ਕੇ ਕਿਹਾ, “ਵੇ ਮੁਖਤਿਆਰ ਨਹੀਂ ਆਇਆ।”

“ਬੀਬੀ ਜੀ, ਸਰਦਾਰ ਜੀ ਮਲਕੀਤੇ ਕੇ ਸਾਥ ਹੈ, ਅਭੀ ਆ ਜਾਏਂਗੇ।”

“ਜਾ, ਤੂੰ ਉਸ ਕੋ ਦੱਸ ਆ, ਪਰਾਹੁਣਾ ਆਇਆ ਹੈ।” ਹਰਨਾਮ ਕੌਰ ਨੇ ਮੁੜਦੇ ਪੈਰੀ ਹੀ ਭਈਏ ਨੂੰ ਮੁਖਤਿਆਰ ਨੂੰ ਸੱਦਣ ਲਈ ਭੇਜ ਦਿੱਤਾ।

ਮੁਖਤਿਆਰ ਸ਼ਰਾਬ ਦੀ ਬੋਤਲ ਲੈ ਕੇ ਹੀ ਘਰ ਵੜਿਆ। ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਛੇਤੀ ਹੀ ਮੁਖਤਿਆਰ ਨੇ ਬੋਤਲ ਕੱਢ ਕੇ ਮੇਜ਼ ਉ¤ਪਰ ਰੱਖ ਲਈ। ਜੱਟਾਂ ਦੇ ਘਰਾਂ ਵਿਚ ਜਿਵੇ ਪਰਾਹੁਣੇ ਦੀ ਸੇਵਾ ਹੁੰਦੀ ਹੈ, ਉਹ ਸ਼ੁਰੂ ਹੋ ਗਈ। ਗਿਆਨ ਕੌਰ ਨੂੰ ਇਹ ਪੀਣ ਪਿਲ਼ਾਉਣ ਦਾ ਕੰਮ ਬਿਲਕੁਲ ਵੀ ਪਸੰਦ ਨਹੀਂ ਸੀ, ਪਰ ਉਸ ਨੇ ਕਦੀ ਵੀ ਕੁਝ ਨਹੀਂ ਸੀ ਕਿਹਾ। ਅੱਜ ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਮਖਤਿਆਰ ਅਤੇ ਤੋਸ਼ੀ ਨੂੰ ਪੀਣ ਤੋਂ ਟੋਕ ਦੇਵੇ। ਉਸ ਨੁੰ ਇਹ ਵੀ ਨਾਲ ਹੀ ਪਤਾ ਸੀ ਕਿ ਤੋਸ਼ੀ ਨੇ ਪਿਉ ਬਣਨ ਅਤੇ ਮੁਖਤਿਆਰ ਨੇ ਮਾਮਾ ਬਣਨ ਦੀ ਖੁਸ਼ੀ ਵਿਚ ਪੀਣੋਂ ਨਾ ਹੱਟਣ ਦਾ ਬਹਾਨਾ ਲਾ ਦੇਣਾ ਆ। ਗਿਆਨ ਕੌਰ ਬੈਠਕ ਵਿਚ ਚਲੀ ਗਈ ਹੋਰ ਨਾ ਪੀਣ ਦੇਣ ਦੇ ਬਹਾਨੇ ਨਾਲ ਪੁੱਛਣ ਲੱਗ ਪਈ, “ਕਾਕਾ, ਹੁਣ ਰੋਟੀ ਖਾ ਲੈਂਦੇ।”

“ਤਾਈ ਜੀ, ਅਸੀਂ ਵੀ ਰੋਟੀ ਖਾ ਲੈਂਦੇ ਆਂ, ਪਹਿਲਾਂ ਭਈਏ ਨੂੰ ਦੇ ਦਿਉ।” ਮੁਖਤਿਆਰ ਨੇ ਕਿਹਾ, “ਹਵੇਲੀ ਜਾ ਕੇ ਉਸ ਨੇ ਪਸੂ ਅੰਦਰ ਕਰਨੇਂ ਆਂ।”

“ਉਹ ਤਾਂ ਰੋਟੀ ਖਾਂਦਾ ਆ।” ਇਹ ਕਹਿ ਕੇ ਗਿਆਨ ਕੌਰ ਰਸੋਈ ਵੱਲ ਨੂੰ ਮੁੜ ਆਈ।

ਭਈਆਂ ਰੋਟੀ ਖਾ ਕੇ ਬੈਠਕ ਦੇ ਦਰਵਾਜ਼ੇ ਕੋਲ ਜਾ ਕੇ ਖੜ੍ਹਾ ਹੋ ਗਿਆ। ਮੁਖਤਿਆਰ ਨੇ ਉਸ ਨੂੰ ਦੇਖਿਆ ਤਾਂ ਪੁੱਛਣ ਲੱਗਾ, “ਕਿਆ ਬਾਤ ਹੈ, ਭਈਆ।”

“ਸਰਦਾਰ ਜੀ, ਮੇਰੇ ਰੇਡੀਓ ਕਾ ਸੈਲ ਖਤਮ ਹੋ ਗਿਆ, ਮੈਂ ਨੇ ਖਬਰੇਂ ਸੁਨਣਾ ਥਾ।”

ਮੁਖਤਿਆਰ ਉੱਠ ਕੇ ਅਲਮਾਰੀ ਵਿਚੋਂ ਸੈਲ ਕੱਢਣ ਲੱਗ ਪਿਆ ਤੇ ਨਾਲ ਹੀ ਭਈਏ ਨੂੰ ਛੇੜਦਾ ਹੋਇਆ ਬੋਲਿਆ, “ਸਾਲ੍ਹਿਆ, ਤੂੰ ਚੀਫ ਮਨਿਸਟਰ ਬਣਨਾ, ਜਿਹੜਾ ਤੂੰ ਖ਼ਬਰਾਂ ਤੋਂ ਬਗੈਰ ਰਹਿ ਨਹੀਂ ਸਕਦਾ।”

“ਪਾਪਾ ਜੀ ਕੇ ਮੋਰਚੇ ਕੀ ਖਬਰ ਸੁਣਨਾ ਥਾ।”

“ਅੱਛਾ ਅੱਛਾ ਲੈ ਫੜ੍ਹ ਸੈਲ ਤੇ ਜਾਹ।”

ਭਈਏ ਨੇ ਸ਼ਰਾਬ ਦੀ ਬੋਤਲ ਵੱਲ ਦੇੀਖਆ ਤਾਂ ਮੁਖਤਿਆਰ ਨੇ ਉਸ ਨੂੰ ਪੁੱਛ ਲਿਆ, “ਕਿਵੇਂ ਪੈਗ ਲੈਣੇ ਕੋ ਦਿਲ ਕਰਤਾ।”

“ਮੈਨੇ ਰੋਟੀ ਤੋ ਖਾ ਲਿਆ।”

“ਤਾਂ ਕੀ ਆ ਹੁਣ ਲੈ ਲੈ।”

“ਆਪ ਕਹਿਤੇ ਹੈ ਤੋ ਦੇ ਦੀਜੀਏ।”

“ਪਾ ਦਿਉ ਇਹਨੂੰ ਪੈਗ।” ਤੋਸ਼ੀ ਨੇ ਕਿਹਾ, “ਵਿਚਾਰੇ ਦਾ ਦਿਲ ਕਰਦਾ ਹੈ ਪੀਣ ਨੂੰ।”

“ਆ ਫੜ੍ਹ ਪੈਗ ਤੇ ਪੀ ਕੇ ਜਾਹ, ਜਾਂਦਾ ਹੀ ਪਸੂਉਂ ਕੋ ਅੰਦਰ ਕਰ ਦੇਣਾ।”

ਮੁਖਤਿਆਰ ਨੇ ਉਸ ਨੂੰ ਪੈਗ ਪਾ ਕੇ ਦਿੱਤਾ ਅਤੇ ਉਹ ਇਕ ਹੀ ਸਾਹ ਨਾਲ ਅੰਦਰ ਚਾੜ੍ਹ ਕੇ ਚਲਾ ਗਿਆ।

ਤੋਸ਼ੀ ਤੇ ਮੁਖਤਿਆਰ ਦੇਰ ਤੱਕ ਬੈਠੇ ਰਹੇ, ਪਰ ਸ਼ਰਾਬੀ ਹੋਣ ਤੋਂ ਪਹਿਲਾਂ ਹੀ ਰੋਟੀ ਖਾ ਲਈ, ਫਿਰ ਭਾਰਤ ਦੀ ਰਾਜਨੀਤੀ ਬਾਰੇ ਗੱਲਾਂ ਕਰਦੇ ਬਿਸਤਰਿਆਂ ਤੇ ਪੈ ਗਏ।

ਮਿੰਦੀ, ਗਿਆਨ ਕੌਰ ਅਤੇ ਹਰਨਾਮ ਕੌਰ ਇਕ ਕਮਰੇ ਵਿਚ ਪੈ ਗਈਆਂ। ਗੱਲਾਂ ਕਰਦਿਆਂ ਗਿਆਨ ਕੌਰ ਨੇ ਆਪਣੇ ਦਿਲ ਦੀ ਗੱਲ ਮਿੰਦੀ ਨੂੰ ਕਹਿ ਹੀ ਦਿੱਤੀ, “ਮਿੰਦੀ ਤੂੰ ਹੁਣ ਤੋਸ਼ੀ ਨੂੰ ਪੀਣ ਤੋਂ ਰੋਕਿਆ ਕਰ।।”

“ਭੂਆ ਜੀ, ਮੈਂ ਤਾਂ ਬਥੇਰਾ ਕਹਿੰਦੀ ਆਂ, ਪਰ ਮੇਰੀ ਕਿਤੇ ਸੁਣਦੇ ਆ।”

“ਕੱਲ ਨੂੰ ਤੁਹਾਡੇ ਨਿਆਣਾ ਹੋਣਾ ਆ।” ਗਿਆਨ ਕੌਰ ਨੇ ਮਿੰਦੀ ਨੂੰ ਸਮਝਾਉਂਦਿਆ ਆਖਿਆ, “ਪਤਾ ਨਿਆਣਾ ਵੀ ਫਿਰ ਉੁਹ ਹੀ ਕੰਮ ਕਰਦਾ ਆ ਜੋ ਮਾਪੇ ਕਰਦੇ ਆ।”

“ਗੱਲ ਤਾਂ ਤੁਹਾਡੀ ਠੀਕ ਆ, ਭੂਆ ਜੀ, ਪਰ ਕੋਈ ਮੰਨੇ ਤਾਂ।”

“ਕੀ ਕਰੀਏ। ਮੁੱਖਤਿਆਰ ਕਿਹੜਾ ਹੱਟਦਾ ਆ” ਹਰਨਾਮ ਕੌਰ ਨੇ ਕਿਹਾ, “ਅਸੀਂ ਬਥੇਰਾ ਕਹਿ ਕੇ ਦੇਖ ਲਿਆ।”

“ਹਰਨਾਮ ਕੌਰੇ ਸ਼ੁਕਰ ਕਰ, ਅੱਗੇ ਵਾਂਗ ਸ਼ਰਾਬੀ ਤਾਂ ਨਹੀਂ ਹੁੰਦਾ।” ਗਿਆਨ ਕੌਰ ਨੇ ਦੱਸਿਆ, ਇਕ ਦਿਨ ਤਾਂ ਮੈਨੂੰ ਇਹ ਵੀ ਕਹਿੰਦਾ ਸੀ ਕਿ ਤਾਈ ਜੀ ਆਉਂਦੀ ਵਿਸਾਖੀ ਨੂੰ ਮੈਂ ਸੌਂਹ ਪਾ ਲੈਣੀ ਆ।”

“ਭੂਆ ਜੀ, ਜੱਟਾਂ ਦੇ ਘਰੋਂ ਸ਼ਰਾਬ ਨਿਕਲ ਜਾਏ ਤਾਂ ਅੱਧੇ ਦੁੱਖ ਮੁੱਕ ਜਾਣ।”

“ਮਿੰਦੀ ਤੇਰੇ ਜੇਠ ਦਾ ਮੁੰਡਾਂ ਤਾਂ ਨਹੀਂ ਪੀਂਦਾ।” ਹਰਨਾਮ ਕੌਰ ਨੇ ਫਿਕਰ ਜਿਹੇ ਨਾਲ ਕਿਹਾ, “ਉਦਾਂ ਤਾਂ ਮੈਨੂੰ ਪਤਾ ਲੱਗਾ ਸੀ ਕਿ ਨਹੀਂ ਪੀਂਦਾ, ਚੋਰੀ ਕਿਤੇ ਚਾਚੇ ਨਾਲ ਰੱਲ ਕੇ ਤਾਂ ਨਹੀਂ ਪੀ ਲੈਂਦਾ।”

“ਸੱਚੀ ਗੱਲ਼ ਤਾਂ ਆ ਕਿ ਨਾਂ ਮੇਰਾ ਜੇਠ ਸ਼ਰਾਬ ਨੂੰ ਹੱਥ ਲਾਉਂਦਾ ਹੈ ਤੇ ਨਾਂ ਮੁੰਡਾ।” ਮਿੰਦੀ ਨੇ ਕਿਹਾ।

“ਹਰਨਾਮ ਕੌਰੇ, ਮੈਂ ਤੈਨੂੰ ਦੱਸਿਆ ਤਾਂ ਸੀ ਕਿ ਦਿਲਪ੍ਰੀਤ ਸ਼ਰਾਬ ਨਹੀ ਪੀਂਦਾ।” ਗਿਆਨ ਕੌਰ ਨੇ ਕਿਹਾ।
“ਕੀ ਕਰੀਏ ਭਾਈ, ਡਰ ਲੱਗਦਾ ਆ ਸ਼ਰਾਬੀਆਂ ਤੋਂ।”

“ਤੂੰ ਤਾਂ ਉਹ ਗੱਲ ਕੀਤੀ ਕਿ ਲੱਸੀ ਦੀ ਡਰੀ ਦੁੱਧ ਨੂੰ ਵੀ ਫੂੁਕਾਂ ਮਾਰਨ ਲੱਗ ਪਈ।”

“ਮੇਰੇ ਤਾਂ ਨਾ ਕੋਈ ਪੇਕਿਆਂ ਵਿਚ ਪੀਂਦਾ ਸੀ ਤੇ ਨਾ ਕੋਈ ਸਹੁਰਿਆਂ ਵਿਚ।” ਹਰਨਾਮ ਕੌਰ ਨੇ ਦੱਸਿਆ, “ਆ ਮੁਖਤਿਆਰ ਨੂੰ ਪਤਾ ਨਹੀ ਕਿਥੋਂ ਲਾਗ ਲੱਗ ਗਈ।”

“ਹਰਨਾਮ ਕੌਰੇ ਪਹਿਲਾਂ ਇਹਦੀ ਬੈਠਕ ਮਾੜੀ ਸੀ, ਜੈਸੀ ਸੰਗਤ ਤੈਸੀ ਰੰਗਤ।”

“ਆਹੋ, ਉਹ ਤਾਂ ਸੀ।” ਹਰਨਾਮ ਕੌਰ ਨੇ ਦੱਸਿਆ, “ਜਦੋਂ ਦੀ ਉਹ ਜੁੰਡਲੀ ਮਗਰੋ ਲੱਥੀ, ੳਦੋਂ ਤੋਂ ਹੀ ਸ਼ਰਾਬ ਪੀਣੀ ਘੱਟ ਕਰ ਦਿੱਤੀ ਸੀ।”

“ਮੈ ਦੋ ਵੇਲੇ ਗੁਰਦੁਆਰੇ ਜਾ ਕੇ ਬਾਬੇ ਦੇ ਅੱਗੇ ਹੱਥ ਜੋੜਦੀ ਆਂ, ਬਾਬਾ ਸਾਡੇ ਮੁਖਤਿਆਰ ਦੀ ਸ਼ਰਾਬ ਛੁਡਾ ਦੇਹ।” ਗਿਆਨ ਕੌਰ ਨੇ ਕਿਹਾ, “ਮੈਨੂੰ ਆਸ ਆ ਵਿਸਾਖੀ ਤਕ ਛੱਡ ਜਾਵੇਗਾ।”

“ਖੋਰੇ ਬਾਬਾ ਤੇਰੀ ਸੁਣ ਹੀ ਲਵੇ।” ਹਰਨਾਮ ਕੌਰ ਨੇ ਕਿਹਾ, “ਮਿੰਦੀ, ਤੂੰ ਨਹੀਂ ਬੋਲਦੀ, ਸੌਂ ਗਈ।”

“ਹਾਂ, ਭੂਆ ਜੀ, ਢੌਂਕਾ ਜਿਹਾ ਆ ਗਿਆ ਸੀ।”

“ਇਸ ਹਾਲਤ ਵਿਚ ਥੱਕ ਵੀ ਛੇਤੀ ਹੋ ਜਾਦਾਂ ਆ।” ਹਰਨਾਮ ਕੌਰ ਨੇ ਕਿਹਾ, “ਤੂੰ ਆਪਣਾ ਖਿਆਲ ਰੱਖਿਆ ਕਰ।”

“ਹਰਨਾਮ ਕੌਰੇ, ਤੂੰ ਵੀ ਹੁਣ ਸੌਂ ਜਾ।” ਗਿਆਨ ਕੌਰ ਨੇ ਕਿਹਾ, “ਮੈਨੂੰ ਵੀ ਨੀਂਦ ਆਉਂਦੀ ਆ।।”

ਅਜੇ ਉਹ ਗੱਲਾਂ ਕਰਨੋ ਹੱਟੀਆਂ ਹੀ ਸੀ ਕਿ ਬਾਹਰੋ ਕੁਤਿਆਂ ਦੇ ਭੌਂਕਣ ਦੀਆਂ ਅਵਾਜ਼ਾਂ ਆਉਣ ਲੱਗੀਆਂ। ਹਰਨਾਮ ਕੌਰ ਆਪਣੀ ਰਜਾਈ ਸੂਤ ਕਰਦੀ ਬੋਲੀ, “ਆ ਕਤੀੜ ਨੇ ਕਿਤੇ ਸੌਣ ਦੇਣਾਂ।”

“ਵੱਗ ਦਾ ਵੱਗ ਤਾਂ ਫਿਰਦਾ ਆ ਪਿੰਡ ਵਿਚ।” ਗਿਆਨ ਕੌਰ ਨੇ ਦੱਸਿਆ, “ਕੱਲ ਦੁਲਾਰੇ ਦੀ ਹੱਟੀ ਤੇ ਸਰਪੰਚ ਗੱਲ ਤਾਂ ਕਰਦਾ ਸੀ, ਪਿੰਡ ਵਿਚ ਕੁੱਤੇ ਬਹੁਤ ਹੋ ਗਏ ਨੇ, ਚੌਕੀਦਾਰ ਤੋਂ ਦਵਾਈ ਪੁਆਉਣੀ ਪੈਣੀਂ ਆ।”

“ਹੁਣ ਹਨੇਰੇ ਸਵੇਰੇ ਵੱਢਣ ਵੀ ਲੱਗ ਪਏ ਆ, ਅੱਗ ਲੱਗਣੇ।”

ੳਦੋਂ ਹੀ ਮਿੰਦੀ ਦੇ ਘੁਰਾੜਿਆਂ ਦੀ ਅਵਾਜ਼ ਆਈ ਤਾਂ ਦੋਨੋ ਚੁੱਪ ਕਰ ਗਈਆਂ।

ਸਵੇਰੇ ਚਾਹ ਪੀਂਦਆਂ ਮਿੰਦੀ ਨੇ ਹੀ ਗੱਲ ਛੇੜੀ, “ਭਾਅ, ਅਸੀਂ ਸੋਚਦੇ ਸਾਂ ਕਿ ਦੀਪੀ ਹੋਰਾਂ ਦੇ ਵਿਆਹ ਦੀ ਤਰੀਕ ਰੱਖ
ਲਈਏ।”

ਮੁਖਤਿਆਰ ਦੇ ਬੋਲਣ ਤੋਂ ਪਹਿਲਾਂ ਹੀ ਹਰਨਾਮ ਕੌਰ ਬੋਲ ਪਈ, “ਮੈ ਤਾਂ ਆਪ ਕਹਿੰਦੀ ਸਾਂ ਕਿ ਆਪਣੇ ਭਾਪੇ ਦੇ ਮੋਰਚੇ ਦੇ ਜਾਣ ਤੋਂ ਪਹਿਲਾਂ ਵਿਆਹ ਦੀ ਸਲਾਹ ਕਰ ਲਉ।”

“ਨਿਆਣਿਆਂ ਨੂੰ ਵੀ ਪੁੱਛ ਲਉ।” ਸੁਰਜੀਤ ਨੇ ਆਪਣਾ ਵਿਚਾਰ ਦੱਸਿਆ, “ਉਹਨਾਂ ਦਾ ਕੀ ਖਿਆਲ ਆ।”

“ਦਿਲਪ੍ਰੀਤ ਵਲੋਂ ਤਾਂ ਹਾਂ ਹੀ ਹੈ।” ਤੋਸ਼ੀ ਨੇ ਦੱਸਿਆ, “ਤੁਸੀ ਦੀਪੀ ਨੂੰ ਪੁੱਛ ਲਉ।”

“ਨਿਆਣਿਆਂ ਦੀ ਤਾਂ ਬਾਅਦ ਦੀ ਗੱਲ ਆ।” ਮੁਖਤਿਆਰ ਨੇ ਕਿਹਾ, “ਮੇਰਾ ਵੀ ਇਰਾਦਾ ਇਸ ਸਾਲ ਵਿਆਹ ਕਰਨ ਦਾ ਨਹੀ ਆ, ਹਾਂ ਅਗਲੇ ਸਾਲ ਜ਼ਰੂਰ ਕਰ ਲਵਾਂਗੇ।”

“ਜੇ ਮੇਰੀ ਮੰਨੋ ਤਾਂ।” ਗਿਆਨ ਕੌਰ ਕਹਿਣ ਲੱਗੀ, “ਕੁੜਮਾਈ ਇਸ ਸਾਲ ਕਰ ਲਉ, ਵਿਆਹ ਅਗਲੇ ਸਾਲ ਕਰ ਲਿਉ।”

“ਚਲੋ ਜਿਦਾਂ ਸਿਆਣੇ ਕਹਿੰਦੇ ਆ ਉਦਾਂ ਕਰ ਲਉ,।” ਤੋਸ਼ੀ ਨੇ ਕਿਹਾ, “ਹਾਂ, ਸੱਚ ਦਿਲਪ੍ਰੀਤ ਨੂੰ ਕੰਮ ਮਿਲ ਗਿਆ।”

“ਚਲੋ ਆਹ ਤਾਂ ਬਹੁਤ ਚੰਗਾ ਹੋਇਆ।” ਮੁਖਤਿਆਰ ਨੇ ਕਿਹਾ, “ਨਹੀ ਤਾਂ ਜੱਟਾਂ ਦੇ ਮੁੰਡਿਆਂ ਨੂੰ ਕੰਮ ਘੱਟ ਹੀ ਮਿਲਦਾ ਆ।”

“ਉਦਾਂ ਤਾਂ ਸ਼ਾਇਦ ਦਿਲਪ੍ਰੀਤ ਨੂੰ ਵੀ ਨਾ ਮਿਲਦਾ।” ਤੋਸ਼ੀ ਨੇ ਦੱਸਿਆ, “ਇਕ ਤਾਂ ਇਹਦੇ ਨੰਬਰ ਚੰਗੇ ਸਨ, ਦੂਸਰਾ ਕਿਸੇ ਵਾਕਫ ਦੀ ਸਪਾਰਸ਼ ਵੀ ਸੀ।”

ਮਿੰਦੀ ਤੇ ਤੋਸ਼ੀ ਨੇ ਵੈਸੇ ਉਹਨਾਂ ਨੂੰ ਦੱਸ ਦਿੱਤਾ ਕਿ ਸਾਨੂੰ ਨਹੀ ਲੱਗਦਾ ਕਿ ਭਾਅ ਹਰਜਿੰਦਰ ਕੁੜਮਾਈ ਦਾ ਭਾਰ ਤੁਹਾਡੇ ਤੇ ਪਾਵੇ, ਸਾਦੀ ਜਿਹੀ ਰਸਮ ਲਈ ਭਾਵੇਂ ਮੰਨ ਵੀ ਜਾਵੇ। ਇਸ ਤਰ੍ਹਾਂ ਦੀਆਂ ਸਲਾਹਾਂ ਕਰਕੇ ਦੁਪਹਿਰ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਪਿੰਡ ਨੂੰ ਵਾਪਸ ਚਲੇ ਗਏ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>