ਆਹ ਲਾਏ ਕੰਨਾਂ ਨੂੰ ਹੱਥ, ਹੁਣ ਫੋਨ ਨੀ ਕਰਨਾ

ਮੈਂ ਮਹੀਨਾ ਕੁ ਪਹਿਲਾਂ ਪਿੰਡੋਂ ਦੋ ਕੁ ਮਹੀਨੇ ਦੀ ਛੁੱਟੀ ਕੱਟ ਕੇ ਆਇਆ ਹਾਂ। ਇੱਥੇ ਆਕੇ ਜ਼ਰੂਰੀ ਕੰਮ ਤੋਂ ਬਿਨਾਂ ਇੰਡੀਆ ਕੋਈ ਫੋਨ ਨਹੀਂ ਲਾਇਆ। ਹੁਣ ਤੁਸੀਂ ਸੋਚੋਂਗੇ ਜ਼ਰੂਰ ਕਿ ਐਸਾ ਕੀ ਕੱਦੂ ‘ਚ ਤੀਰ ਮਾਰ ਦਿੱਤਾ ਕਿ ਅਖੇ ਕਿਸੇ ਨੂੰ ਫੋਨ ਨਹੀਂ ਲਾਇਆ। ਜੋ ਕੁਝ ਮੈਂ ਖੁਦ ਅੱਖੀਂ ਦੇਖ ਕੇ ਤੇ ਕੰਨੀਂ ਸੁਣ ਕੇ ਆਇਆ ਹਾਂ, ਸ਼ਾਇਦ ਤੁਹਾਡੇ ਵੀ ਕੰਮ ਆ ਜਾਵੇ। ਤੁਸੀਂ ਵੀ ਜ਼ਮੀਨੀ ਹਕੀਕਤ ਤੋਂ ਜਾਣੂੰ ਹੋ ਜਾਵੋਂ। ਹੋਇਆ ਇਉਂ ਕਿ ਸਵੇਰੇ ਧੁੰਦ ਪਈ ਹੋਈ ਸੀ ਤੇ ਛੋਟਾ ਭਰਾ ਡੇਅਰੀ ਦੁੱਧ ਪਾਉਣ ਜਾ ਰਿਹਾ ਸੀ। ਮੈਂ ਵੀ ਭੂਰੇ ਦੀ ਬੁੱਕਲ ਮਾਰ ਕੇ ਨਾਲ ਤੁਰ ਪਿਆ। ਸੱਤ ਅੱਠ ਜਣੇ ਦੁੱਧ ਪਾਉਣ ਆਏ ਹੋਏ ਸਨ। ਇੱਕ ਨੂੰ ਡੇਅਰੀ ਵਾਲਾ ਕਹਿੰਦਾ, “ਚਾਚਾ ਕੀ ਗੱਲ ਹੋ ਗਈ? ਅੱਜਕੱਲ੍ਹ ਲੇਟ ਹੋ ਜਾਨਾਂ? ਅਗਲੇ ਦੀ ਦੁੱਖਦੀ ਰਗ ਨੱਪੀ ਗਈ ਤੇ ਹੋ ਗਿਆ ਸ਼ੂਰੂ, “ਯਾਰ ਆ ਕਨੇਡੇ ਵਾਲਿਆਂ ਨੇ ਤੰਗ ਕੀਤਾ ਹੋਇਆ। ਆਪ ਤਾਂ ਰਾਤ ਨੂੰ ਕੰਮਾ ਕਾਰਾਂ ਤੋਂ ਵਿਹਲੇ ਹੁੰਦੇ ਆ, ਲਾਕੇ ਦੋ ਕੁ ਲੰਡੂ ਪੇਕ ਫੋਨ ਘੁਮਾ ਦਿੰਦੇ ਆ। ਇਧਰ ਆਪਣਾ ਪੱਠੇ ਦੱਥੇ ਤੇ ਸਵੇਰੇ ਧਾਰਾਂ ਕੱਢਣ ਦਾ ਟੈਂਮ ਹੁੰਦੈ। ਕੱਲ੍ਹ ਦੌਧਰ ਆਲੇ ਫੁੱਫੜ ਦਾ ਆ ਗਿਆ। ਅੱਜ ਆਪਣੇ ਦੀਪੇ ਨੇ ਲਾ ਲਿਆ। ਉਹਨਾਂ ਦੇ ਨਸ਼ੇ ਪੱਤੇ ਖਿੜੇ ਹੁੰਦੇ ਆ, ਇਧਰ ਸਾਡਾ ਰਾਤ ਵਾਲੇ ਸੰਤਰੇ ਨੇ ਸਿਰ ਫੜਿਆ ਹੁੰਦਾ। ਹੁਣ ਬੰਦਾ ਕਿੰਨੀਆਂ ਕੁ ਗੱਲਾਂ ਕਰੀ ਜਾਵੇ? ਐਵੇਂ ਹੀ ਪਿੰਡ ਦੇ ਬੰਦਿਆ ਦਾ ਹਾਲ ਪੁੱਛੀ ਜਾਣਗੇ। ਫਲਾਨਾ ਕੀ ਕਰਦਾ, ਢਿੰੰਮਕਾਨਾ ਕੀ ਕਰਦਾ? ਲੱਲੂ ਪੰਜੂ ਬੰਦਿਆਂ ਦਾ ਹਾਲ ਪੁੱਛਣਗੇ, ਠਰਕੀ ਬੁੜਿਆਂ ਦੀਆਂ ਹਰਕਤਾਂ ਬਾਰੇ ਜਾਣਕੇ ਸੁਆਦ ਲੈਣਗੇ। ਜਾਂ ਫਿਰ ਰਾਜਨੀਤੀ ਵਾਰੇ ਪੁੱਛਣਗੇ, ਜਿਵੇਂ ਮੈਂ ਕੋਈ ਬਾਦਲ ਦਾ ਮੁਨਸ਼ੀ ਹੋਵਾਂ। ਮੈਂ ਧਾਰਾਂ ਕੱਢਣੀਆਂ ਸੀ, ਮੈਂ ਘਰਵਾਲੀ ਨੂੰ ਫੋਨ ਫੜਾਤਾ, ਉਹਨੇ ਦੋ ਮਿੰਟ ਗੱਲ ਕਰਕੇ ਬੇਬੇ ਦੇ ਕੰਨ ਨੂੰ ਲਾ’ਤਾ, ਬੇਬੇ ਨੂੰ ਉੱਚਾ ਸੁਣਦਾ ਉਹ ਪੁੱਤ ਪੁੱਤ ਕਰਦੀ ਰਹੀ, “ਉੱਚਾ ਸੁਣਦੈ“ ਕਹਿ ਕੇ ਬਾਪੂ ਨੂੰ ਫੋਨ ਫੜਾਤਾ। ਉਹਨੇ ਗੁਰਦੁਆਰੇ ਜਾਣਾ ਸੀ, ਤੁਰਿਆ ਜਾਂਦਾ ਜਾਂਦਾ “ਸਿਆਪਾ“ ਫਿਰ ਮੇਰੇ ਗਲ ਪਾ ਗਿਆ। ਅਜੇ ਇੱਕ ਮੱਝ ਦੀ ਧਾਰ ਕੱਢੀ ਸੀ। ਮੈਂ ਬਥੇਰਾ ਗੱਲੀਂਬਾਤੀਂ ਕਿਹਾ ਕਿ ਮੇਰਾ ਕੰਮ ਵਿਚਾਲੇ ਪਿਐ। ਪਤੰਦਰ ਐਵੇਂ ਉਘ ਦੀਆਂ ਪਤਾਲ ਮਾਰੀ ਗਿਆ। ਮਸਾਂ ਖਹਿੜਾ ਛੁਡਾਇਆ, ਹਰ ਰੋਜ਼ ਉਹੀ ਲੇਟ ਕਰਾਉਂਦੈ ਭਤੀਜ। ਉਹਨੇ ਅਜੇ ਦੁੱਧ ਵਾਲੀ ਕਾਪੀ ਜੇਬ ‘ਚ ਪਾਈ ਨਹੀਂ ਸੀ। ਨਾਲ ਈ ਦੂਜਾ ਚੱਲ ਪਿਆ, “ਸਾਡਾ ਛੋਰ ਜਿਆ ਵੀ ਪਿਛਲੇ ਸਾਲ ਪੜ੍ਹਨ ਗਿਆ ਕਨੇਡਾ, ਉਹ ਵੀ ਇਉਂ ਈ ਕਰਦੈ। ਟੈਮ ਟੂੰਮ ਵੀ ਨੀ ਵੇਖਦਾ, ਅੱਧੀ ਰਾਤ ਨੂੰ ਲਾਕੇ ਬੈਠ ਜਾਂਦਾ। ਐਥੇ ਸਾਲਾ ਸਾਰੀ ਦਿਹਾੜੀ ਸਰਪੰਚ ਦੇ ਘਰ ਮੂਹਰੇ ਤਾਸ਼ ‘ਤੇ ਬੈਠਾ ਰਹਿੰਦਾ ਸੀ। ਘਰ ਦੇ ਕੰਮ ਨੂੰ ਮੌਤ ਪੈਂਦੀ ਸੀ। ਹੁਣ ਲੋਪੋ ਵਾਲੇ ਸਾਧ ਵਾਂਗੂੰ ਮੱਤਾਂ ਦਿੰਦਾ।

ਹੁਣ ਤੀਜੇ ਦੀ ਵਾਰੀ ਸੀ। “ਸਾਡੇ ਦੋ ਤਿੰਨ ਜਣੇ ‘ਮਰੀਕਾ ‘ਚ ਆ, ਟਰੱਕ ਚਲਾਉਂਦੇ ਆ। ਕੰਨਾਂ ਨੂੰ ਟੂਟੀਆਂ ਜੀਆਂ ਲਾ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਖਹਿੜਾ ਨੀ ਛੱਡਦੇ। ਲੰਮੇ ਰੂਟ ਆ, ਉਹਨਾਂ ਨੇ ਤਾਂ ਆਵਦੀ ਵਾਟ ਕੱਢਣੀ ਹੁੰਦੀ ਆ ਤੇ ਸਾਡੇ ਕੰਮ ਨੂੰ ਨਾਗ ਵਲ ਮਾਰ ਕੇ ਬਹਿ ਜਾਂਦੇ ਆ ਪੱਟੂ। ਜਦੋਂ ਕੋਈ ਗੱਲ ਨਾ ਆਵੇ ਤਾਂ ਹੋਰ ਫਿਰ … …  ਹੋਰ ਫਿਰ ਕਰਨਗੇ। ਪਰਸੋਂ ਮੇਰਾ ਹੱਥ ਥੱਕ ਗਿਆ, ਮੈਂ ਸਪੀਕਰ ‘ਤੇ ਲਾ ਕੇ ਕਰਕੇ ਫੋਨ ਜੇਬ ‘ਚ ਪਾ ਲਿਆ। ਦੋਨੋ ਹੱਥ ਖਾਲੀ ਹੋ ਗਏ। ਗੱਲਾਂ ਕਰਦਾ ਕਰਦਾ ਬਰਸੀਨ ਵੱਢਣ ਲੱਗ ਪਿਆ। ਸਾਲੀ ਦਾਤੀ ਉਂਗਲ ‘ਚ ਫਿਰ ਗਈ।“

ਚੌਥੇ ਨੇ ਤਾਂ ਜਮਾਂ ਹੀ ਸਿਰੇ ਲਾ’ਤੀ ਕਹਿੰਦਾ, “ਆਹ ਵੋਟਾਂ ਵੇਲੇ ਸਾਡੇ ਇੰਗਲੈਂਡ ਵਾਲਿਆਂ ਨੇ ਸਾਡੇ ਚਿੱਤੜਾਂ ‘ਚ ਝਾੜੂ ਦੇਈ ਰੱਖਿਆ। ਦਿਨ ਰਾਤ ਇਕੋ ਹੀ ਗੱਲ, ਝਾੜੂ ਨੂੰ ਵੋਟਾਂ ਪਾਇਓ। ਕਾਲੀ ਕਾਂਗਰਸੀ ਤਾਂ ਲੋਟੂ ਆ। ਸਾਲੀ ਨਾ ਘੁੱਟ ਪੀਣ ਨੂੰ ਮਿਲੀ ਨਾ ਚਮਚਾ ਡੋਡੇ। ਆਹ ਬਿਲਾਸਪੁਰੀ ਜਿਤਾ ਵੀ ਦਿੱਤਾ। ਸਾਡਾ ਤਾਂ ਕੁਛ ਨੀ ਬਣਿਆ ਅਗਲਾ ਤਿੰਨ ਮੰਜਲੀ ਕੋਠੀ ਵਿੱਢੀ ਬੈਠੈ। ਐਥੇ ਅਸੀਂ ਪਿੰਡ ਵਾਲਿਆਂ ਨਾਲ ਮੂੰਹ ਵਿੰਗੇ ਕਰਲੇ। ਉਹ ਆਪਸ ਵਿੱਚ ਛਿੱਤਰੀਂ ਦਾਲ ਵੰਡਦੇ ਫਿਰਦੇ ਆ।“ ਇਹ ਸੁਣਕੇ ਮੈਂ ਆਵਦੇ ਭੂਰੇ ਦੀ ਬੁੱਕਲ ਨਾਸਾਂ ਤਾਈਂ ਉੱਚੀ ਕਰ’ਲੀ ਕਿ ਕਿਤੇ ਕੋਈ ਪਛਾਣ ਹੀ ਨਾ ਲਵੇ। ਝਾੜੂ ਵਾਲਿਆਂ ਲਈ ਤਾਂ ਆਪਾਂ ਵੀ ਬਥੇਰੀਆਂ ਜੁੱਤੀਆਂ ਘਸਾਈਆਂ ਸੀ। ਇਸ ਚਰਚਾ ਦੌਰਾਨ ਬੇਸ਼ੱਕ ਮੈਂ ਵੀ ਟੋਟਕਿਆਂ ‘ਤੇ ਦੂਜਿਆਂ ਨਾਲ ਹੱਸਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਅੰਦਰੋਂ ਇੰਝ ਸੀ ਜਿਵੇਂ ਮੈਂ ਡੇਅਰੀ ਦੁੱਧ ਪਾਉਣ ਨਹੀਂ ਬਲਕਿ ਨਗਦ ਬੇਜ਼ਤੀ ਕਰਵਾਉਣ ਆਇਆ ਹੋਵਾਂ। ਬੱਚਤ ਰਹੀ ਕਿ ਕੰਬਲ ਦੀ ਬੁੱਕਲ ਤੇ ਧੁੰਦ ਨੇ ਪਰਦਾ ਰੱਖ ਲਿਆ। ਇਸ ਚਰਚਾ ਨੂੰ ਬਰੇਕ ਉਦੋਂ ਹੀ ਲੱਗੀ ਜਦੋਂ ਮੋਗੇ ਨੈਸਲੇ ਡੇਅਰੀ ਦੇ ਟੈਂਕਰ ਨੇ ਆ ਕੰਨ ਕੱਢੇ। ਡੇਅਰੀ ਆਲ਼ੇ ਦੁੱਧ ਐਧਰ ਓਧਰ ਕਰਨ ਲੱਗ ਪਏ ਤੇ ਅਸੀਂ ਘਰਾਂ ਨੂੰ ਤੁਰ ਪਏ। ਮੈਨੂੰ ਪੂਰੀ ਉਮੀਦ ਹੈ ਕਿ ਜੇ ਮੈਂ ਨਾਲ ਨਾ ਹੁੰਦਾ ਤਾਂ ਮੇਰੇ ਭਰਾ ਨੇ ਵੀ ਇਸ ਫੋਨ ਚਰਚਾ ਵਿੱਚ ਆਪਣਾ ਬਣਦਾ ਸਰਦਾ “ਯੋਗਦਾਨ“ ਪਾ ਦੇਣਾ ਸੀ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>