ਹੱਕ ਲਈ ਲੜਿਆ ਸੱਚ – (ਭਾਗ-40)

ਐਤਵਾਰ ਦੀ ਸਵੇਰ ਹੋਣ ਕਾਰਨ ਦੀਪੀ ਦੀਆਂ ਭੈਣਾਂ ਅਤੇ ਭਰਾ ਸੁੱਤੇ ਪਏ ਸਨ, ਪਰ ਦੀਪੀ ਸਵੇਰੇ ਹੀ ਉੱਠ ਗਈ। ਠੰਡੀ ਠੰਡੀ ਹਵਾ ਚਲ ਰਹੀ ਸੀ, ਪਿੰਡ ਦੇ ਗੁਰਦੁਆਰੇ ਦੇ ਸਪੀਕਰ ਤੋਂ ਆਨੰਦ ਸਾਹਿਬ ਦੇ ਪਾਠ ਦੀ ਮਿੱਠੀ ਮਿੱਠੀ ਆਵਾਜ਼ ਫਿਜ਼ਾ ਵਿਚ ਰਸ ਘੋਲ ਰਹੀ ਸੀ। ਹਰਨਾਮ ਕੌਰ ਚਾਟੀ ਵਿਚੋਂ ਮੱਖਣ ਕੱਢ ਰਹੀ ਸੀ। ਸੁਰਜੀਤ ਬਾਹਰਲੇ ਵਿਹੜੇ ਵਿਚ ਝਾੜੂ ਲਾਉਂਦੀ ਨਾਲ ਨਾਲ ਅਨੰਦ ਸਾਹਿਬ ਦਾ ਪਾਠ ਕਰੀ ਜਾ ਰਹੀ ਸੀ। ਪਤੀਲੇ ਵਿਚ ਗੁੜ ਦੀ ਰਿੱਝਦੀ ਚਾਹ ਸਾਰੇ ਘਰ ਵਿਚ ਮਹਿਕਾਂ ਖਿਲਾਰ ਰਹੀ ਸੀ। ਦੀਪੀ ਗੁਸਲਖਾਨੇ ਵਿਚੋਂ ਨਹਾ ਕੇ ਜਦੋਂ ਚੌਂਕੇ ਵਿਚ ਆਈ ਤਾਂ ਹਰਨਾਮ ਕੌਰ ਉਸ ਨੂੰ ਕਹਿਣ ਲੱਗੀ, “ਪੁੱਤ, ਅੱਜ ਤਾਂ ਤੈਨੂੰ ਛੂੱਟੀ ਹੈ, ਤੂੰ ਜਾਗ ਵੀ ਪਈ।”
“ਬੀਜੀ ਅੱਜ ਮੈਂ ਕਸਬੇ ਵਾਲੀ ਗੁੱਡੀ ਦੇ ਘਰ ਜਾਣਾ ਹੈ।” ਦੀਪੀ ਨੇ ਦੱਸਿਆ, “ਉਸ ਨੇ ਮੈਨੂੰ ਕਈ ਵਾਰੀ ਆਉਣ ਨੂੰ ਕਿਹਾ, ਪਰ ਮੈਂ ਪੇਪਰਾਂ ਕਰਕੇ ਜਾ ਹੀ ਨਾਂ ਸਕੀ।”
“ਇਹ ਗੁੱਡੀ ਉਹ ਹੀ ਆ ਜਿਹੜੀ ਇਕ ਦਿਨ ਆਪਣੇ ਘਰ ਵੀ ਆਈ ਸੀ।” ਹਰਨਾਮ ਕੌਰ ਨੇ ਪੁੱਛਿਆ, “ਤੂੰ ਇਕੱਲੀ ਨੇ ਜਾਣਾ।”
“ਨਹੀਂ, ਸਿਮਰੀ ਨੇ ਵੀ ਮੇਰੇ ਨਾਲ ਜਾਣਾ ਏ।”
ਸੁਰਜੀਤ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਨੇ ਕਿਹਾ, “ਤੂੰ ਗੁੱਡੀ ਨੂੰ ਆਪਣੇ ਘਰ ਸੱਦ ਲੈਣਾ ਸੀ, ਉਹਨਾ ਦੇ ਘਰ ਜਾਣ ਨਾਲੋਂ।”
“ਉਹ ਕਹਿੰਦੀ ਮਂੈ ਤਾਂ ਤੁਹਾਡੇ ਘਰ ਆ ਹੀ ਚੁੱਕੀ ਹਾਂ।” ਦੀਪੀ ਨੇ ਦੱਸਿਆ, “ਹੁਣ ਤੂੰ ਆ।”
“ਉਹਨਾਂ ਦੇ ਘਰ ਕੌਣ ਕੌਣ ਹੁੰਦਾ।” ਹਰਨਾਮ ਕੌਰ ਨੇ ਗੁੱਡੀ ਦੇ ਪ੍ਰੀਵਾਰ ਬਾਰੇ ਪੁੱਛਿਆ, “ਕਿੰਨੇ ਭੈਣ ਭਰਾ ਆ।” ਦੀਪੀ ਨੂੰ ਇਹ ਗੱਲ ਸੁਣ ਕੇ ਗੁੱਸਾ ਚੜ੍ਹ ਗਿਆ ਕਿ ਬੀਜੀ ਕਿਵੇਂ ਨਿਮੇ ਖਿਮੇ ਲੈਂਦੇ ਨੇ, ਉਹਨਾ ਦੇ ਘਰ ਕੋਈ ਬਦਮਾਸ਼ ਰਹਿੰਦੇ ਆ। ਉਹ ਗੁੱਸੇ ਵਿਚ ਬੋਲੀ, “ਜਦੋਂ ਮੈਂ ਕਿਤੇ ਜਾਣ ਬਾਰੇ ਪੁੱਛਦੀ ਹਾਂ, ਤੁਸੀ ਸਾਰੇ ਜਣੇ ਮੇਰੇ ਮਗਰ ਪੈ ਜਾਂਦੇ ਹੋ।”
“ਸਾਡਾ ਤਾਂ ਕੋਈ ਨਹੀਂ, ਪਰ ਆਪਣੇ ਡੈਡੀ ਨੂੰ ਜ਼ਰੂਰ ਪੁੱਛ ਲਈਂ।” ਸੁਰਜੀਤ ਨੇ ਕਿਹਾ, “ਜੇ ਜਾਣਾ ਵੀ ਹੈ ਤਾਂ ਟਾਈਮ ਨਾਲ ਘਰ ਨੂੰ ਮੁੜ ਕੇ ਆਇਉ।”
“ਹੋਰ ਅਸੀ ਕਿਤੇ ਉੱਥੇ ਬੈਠੀਆਂ ਰਹਿਣਾ ਆ।” ਦੀਪੀ ਨੇ ਖਿੱਝ ਕੇ ਕਿਹਾ, “ਤੁਸੀ ਆਪੇ ਹੀ ਡੈਡੀ ਨੂੰ ਦੱਸ ਦਿਉ, ਕੀ ਪਤਾ ਡੈਡੀ ਕਦੋਂ ਖੂਹ ਤੋਂ ਮੁੜਨ।”
“ਚੱਲ, ਸੁਰਜੀਤ ਜਾ ਲੈਣ ਦੇ।” ਹਰਨਾਮ ਕੌਰ ਨੇ ਕਿਹਾ, “ਇਕੱਠੀਆਂ ਹੋ ਕੇ ਹੱਸ ਖੇਡ ਲੈਣਗੀਆਂ, ਵਿਆਹ ਤੋਂ ਬਾਅਦ ਵਿਚਾਰੀਆਂ ਕਿੱਥੇ ਇਕੱਠੀਆਂ ਹੋਇਆ ਕਰਨਾ ਆ, ਕਹਿੰਦੇ ਨੇ ਖੁੂਹ ਨੂੰ ਖੁੂਹ ਨਹੀਂ ਮਿਲ੍ਹਦਾ ਅਤੇ ਵਿਆਹ ਤੋਂ ਬਾਅਦ ਸਹੇਲੀ ਨੂੰ ਸਹੇਲੀ ਨਹੀ ਮਿਲਦੀ।”
“ਬੀਜੀ, ੳਦਾਂ ਹੁਣ ਤਾਂ ਨਾਂ ਖੂਹ ਰਹੇ ਨਾਂ ਕੁੜੀਆਂ ਪਹਿਲਾਂ ਵਾਂਗ ਰਹੀਆਂ।” ਸੁਰਜੀਤ ਨੇ ਕਿਹਾ, “ਇਹਨੀ ਤਾਂ ਵਿਆਹ ਤੋਂ ਬਾਅਦ ਵੀ ਮਿਲ ਲਿਆ ਕਰਨਾ, ਇਹ ਸਾਡੇ ਵਾਂਗ ਨਹੀ ਨੇ।”
“ਦੀਪੀ, ਤੂੰ ਮੂੰਹ ਨਾ ਮੋਟਾ ਕਰ।” ਹਰਨਾਮ ਕੌਰ ਨੇ ਕਿਹਾ, “ਜਾਹ ਆ।”
“ਤਾਈ ਜੀ, ਅਜੇ ਗੁਰਦੁਆਰੇ ਤੋਂ ਹੀ ਨਹੀਂ ਮੁੜੀ।” ਸੁਰਜੀਤ ਨੇ ਬਾਹਰਲੇ ਗੇਟ ਵੱਲ ਦੇਖਦੇ ਕਿਹਾ, “ਅੱਗੇ ਤਾਂ ਇਸ ਵੇਲੇ ਆ ਜਾਂਦੇ ਨੇ।”
“ਉਸ ਨੇ ਅੱਜ ਦਰਜ਼ੀਆ ਦੇ ਘਰ ਵੀ ਜਾਣਾਂ ਸੀ।” ਹਰਨਾਮ ਕੌਰ ਨੇ ਦੱਸਿਆ, “Çੰਮੰਦੀ ਦੇ ਕਾਕੇ ਦੇ ਲੱਡੂ ਉਹਨਾਂ ਨੂੰ ਫੜਾਉਣੇ ਸੀ।”
“ਬੀਜੀ, ਮੈਂ ਤਾਂ ਸੋਚਦੀ ਸਾਂ ਕਿ ਹੁਣ ਆਪਾਂ ਦੀਪੀ ਦਾ ਵਿਆਹ ਰੱਖ ਲਈਏ।” ਸੁਰਜੀਤ ਨੇ ਆਪਣੀ ਸੱਸ ਹਰਨਾਮ ਕੌਰ ਨਾਲ ਸਲਾਹ ਕੀਤੀ, “ਇਹਨਾਂ ਨਾਲ ਗੱਲ ਕਰਕੇ ਦੇਖਿਉ।”
“ਹੋਰ ਕੀ, ਮੇਰੇ ਵਸ ਦੀ ਗੱਲ ਹੁੰਦੀ ਤਾਂ ਮੈਂ ਤਾਂ ਕਦੋਂ ਦਾ ਇਹ ਕੰਮ ਕਰ ਦਿੰਦੀ।” ਹਰਨਾਮ ਕੌਰ ਨੇ ਕਿਹਾ, “ਮੁੰਡਾ ਵੀ ਵਿਚਾਰਾ ਕਿੰਨਾ ਸਬਰ ਵਾਲਾ ਆ, ਕਦੇ ਨਹੀ ਦੀਪੀ ਨੂੰ ਮਿਲਣ ਲਈ ਕਹਿੰਦਾ।”
“ਉਹ ਆਪਣੇ ਮਾਪਿਆਂ ਦੇ ਕਹਿਣੇ ਵਿਚ ਆ।” ਸੁਰਜੀਤ ਨੇ ਕੱਪਾਂ ਵਿਚ ਚਾਹ ਪਾਉਂਦੇ ਕਿਹਾ, “ਜਿਵੇਂ ਉਹ ਕਹਿੰਦੇ ਨੇ ਉਦਾਂ ਹੀ ਕਰਦਾ ਆ।”
“ਲੰਬੜਾ ਦਾ ਜਵਾਈ ਵਿਆਹ ਤੋਂ ਪਹਿਲਾ ਹੀ ਕੁੜੀ ਨੂੰ ਸ਼ਹਿਰ ਲੈ ਜਾਂਦਾ ਸੀ।” ਹਰਨਾਮ ਕੌਰ ਨੇ ਦੱਸਿਆ, “ਉਹ ਜਿਹੇ ਲੰਬੜ ਜਿਹੜੇ ਉਹਦੇ ਨਾਲ ਕੁੜੀ ਤੋਰ ਦਿੰਦੇ ਸੀ।”
“ਉਹ ਬਾਹਰੋ ਕੈਨਡਾ ਤੋਂ ਆਇਆ ਸੀ।” ਸੁਰਜੀਤ ਨੇ ਦੱਸਿਆ, “ਵਿਆਹ ਵੀ ਉਹਨਾਂ ਦਾ ਛੇਤੀ ਹੀ ਹੋ ਗਿਆ ਸੀ।”
“ਕਨੈਡਾ ਨੂੰ ਛੱਡ ਅਮਰੀਕਾ ਤੋਂ ਆਇਆ ਹੋਵੇ, ਪਰ ਜਿਹੜੇ ਰਿਵਾਜ਼ ਉਹ ਤਾਂ ਉਹ ਹੀ ਰਹਿਣੇ ਚਾਹੀਦੇ ਆ।”
“ਬੀਜੀ, ਬਾਹਰਲੇ ਲੋਕੀ ਬਹੁਤਾ ਨਹੀ ਖਿਆਲ ਕਰਦੇ ਇਹੋ ਜਿਹੀਆਂ ਗੱਲਾਂ ਦਾ।” ਸੁਰਜੀਤ ਨੇ ਕਿਹਾ, “ਉਹ ਨਵੇ ਜ਼ਮਾਨੇ ਦੇ ਹੁੰਦੇ ਨੇ।”
“ਅੱਗ ਲੱਗੇ ਨਵੇ ਜ਼ਮਾਨੇ ਨੂੰ।”
ਤਿਆਰ ਹੁੰਦੀ ਦੀਪੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ, ਪਰ ਉਹ ਕੁਝ ਵੀ ਨਹੀ ਬੋਲੀ, ਉਸ ਨੂੰ ਆਪਣੇ ਆਪ ਵਿਚ ਹਾਸਾ ਜ਼ਰੂਰ ਆਇਆ ਜਦੋਂ ਹਰਨਾਮ ਕੌਰ ਨੇ ਦਿਲਪ੍ਰੀਤ ਦੇ ਸਬਰ ਦੀ ਗੱਲ ਕੀਤੀ, ਨਾਲ ਡਰ ਵੀ ਗਈ ਜੇ ਕਿਤੇ ਮੇਰੀ ਦਾਦੀ ਨੂੰ ਸਾਡੀਆਂ ਮੁਲਾਕਾਤਾਂ ਦਾ ਪਤਾ ਚਲ ਜਾਵੇ ਤਾਂ ਫਿਰ ਕੀ ਹੋਵੇ?
ਦੀਪੀ ਨੇ ਹਲਕੇ ਬਦਾਮੀ ਰੰਗ ਦਾ ਪਾਪਲੀਨ ਦਾ ਸੂਟ ਪਾਇਆ, ਨਾਲ ਉਸੇ ਰੰਗ ਦੀਆਂ ਵਾਲੀਆਂ ਪਾਈਆਂ। ਹਲਕੀ ਗੁਲਾਬੀ ਰੰਗ ਦੀ ਲਿਪਸਿਟਕ ਬੁਲਾਂ ਤੇ ਇਸ ਤਰ੍ਹਾਂ ਲਾਈ ਕਿ ਪਤਾ ਵੀ ਨਹੀ ਸੀ ਲੱਗਦਾ, ਪਰ ਬੁੱਲ ਗੁਲਾਬੀ ਰੰਗ ਦੀ ਭਾਅ ਮਾਰਨ ਲੱਗੇ ਸਨ। ਸ਼ਰਬਤੀ ਨੈਣਾ ਵਿਚ ਪਤਲੀ ਜਿਹੀ ਸੁਰਮੇ ਦੀ ਧਾਰ ਸੀ। ਤਿਆਰ ਹੋ ਕੇ ਜਦੋਂ ਉਸ ਨੇ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਿਆ ਤਾਂ ਉਸ ਨੂੰ ਆਪਣਾ ਆਪ ਬੜਾ ਸੁਹਣਾ ਲੱਗਿਆ।
ਸਿਮਰੀ ਦੇ ਘਰ ਵੱਲ ਤੁਰਨ ਲੱਗੀ ਤਾਂ ਸੁਰਜੀਤ ਨੇ ਫਿਰ ਕਿਹਾ, “ਛੇਤੀ ਆ ਜਾਇੳੇੁ।”
“ਮੰਮੀ, ਅਸੀ ਦੁਪਹਿਰਾ ਕੱਟ ਕੇ ਸ਼ਾਮ ਨੂੰ ਆਵਾਂਗੀਆਂ।”
“ਚਲੋ ਜਾਉ, ਠੰਡੇ ਠੰਡੇ। “ਹਰਨਾਮ ਕੌਰ ਨੇ ਕਿਹਾ, “ਫਿਰ ਧੁੱਪ ਚੜ੍ਹ ਜਾਣੀਂ ਆ।।”

ਦੀਪੀ ਨੇ ਸਿਮਰੀ ਦੇ ਘਰ ਅੱਗੇ ਜਾ ਕੇ ਸਾਈਕਲ ਦੀ ਘੰਟੀ ਵਜਾਈ ਤਾਂ ਸਿਮਰੀ ਦੀ ਬੀਬੀ ਨੇ ਬਾਹਰ ਆ ਕੇ ਕਿਹਾ, “ਦੀਪੀ, ਅੰਦਰ ਲੰਘ ਆ। ਸਿਮਰੀ ਅਜੇ ਤਿਆਰ ਹੁੰਦੀ ਆ।”
ਦੀਪੀ ਨਾਂ ਚਾਹੁੰਦਿਆ ਹੋਇਆ ਵੀ ਅੰਦਰ ਚਲੀ ਗਈ। ਭਾਵੇਂ ਉਸ ਨੂੰ ਪਤਾ ਸੀ ਕਿ ਦਿਲਪ੍ਰੀਤ ਨੇ ਇਕ ਵਜੇ ਦਾ ਟਾਈਮ ਦਿੱਤਾ ਹੋਇਆ ਹੈ, ਫਿਰ ਵੀ ਉਹ ਉੱਡ ਕੇ ਫੱਗੂ ਦੀ ਦੁਕਾਨ ਤੇ ਪੁੰਹਚਣਾ ਚਾਹੁੰਦੀ ਸੀ। ਸਿਮਰੀ ਛੇਤੀ ਹੀ ਤਿਆਰ ਹੋ ਗਈ। ਦੀਪੀ ਹੈਰਾਨ ਸੀ ਕਿ ਉਸ ਦੀ ਬੀਬੀ ਨੇ ਜਾਣ ਬਾਰੇ ਕੋਈ ਵੀ ਗੱਲ ਨਹੀ ਕੀਤੀ। ਰਸਤੇ ਵਿਚ ਦੀਪੀ ਨੇ ਪੁੱਛ ਵੀ ਲਿਆ, “ਤੇਰੇ ਬੀਬੀ ਜੀ ਕਿਵੇ ਮੰਨੇ, ਮੈਨੂੰ ਲਗਦਾ ਨਹੀ ਉਨੀ ਜਾਣ ਲਈ ਤੈਨੂੰ ਮਨਾ ਕੀਤਾ ਹੋਵੇ।”
“ਕੀਤਾ ਕਿਉਂ ਨਹੀਂ।” ਸਿਮਰੀ ਨੇ ਦਸਿਆ, “ਤੜਕੇ ਉੱਠ ਕੇ ਬੀਬੀ ਜੀ ਦਾ ਸਾਰਾ ਕੰਮ ਮੁਕਾਇਆ ਤਾਂ ਜੋ ਬੀਬੀ ਖੁਸ਼ ਹੋ ਕੇ ਮੈਨੂੰ ਜਾਣ ਦੀ ਇਜ਼ਾਜਤ ਦੇ ਦੇਵੇ।”
ਅਜੇ ਭਾਵੇਂ ਗਿਆਰਾ ਵਜੇ ਸਨ, ਪਰ ਧੁੱਪ ਦੇਖ ਕੇ ਲਗਦਾ ਸੀ ਕਿ ਇਕ ਵਜ ਗਿਆ। ਸਿਮਰੀ ਨੇ ਆਪਣੀ ਘੜੀ ਦੇਖੀ ਤਾ ਕਹਿਣ ਲੱਗੀ, “ਇਕ ਵਜਣ ਵਿਚ ਅਜੇ ਦੋ ਘੰਟੇ ਪਏ ਨੇਂ।”
“ਇਸ ਤਰ੍ਹਾਂ ਕਰੀਏ ਆਪਾਂ ਸੱਚੀਂ ਗੁੱਡੀ ਦੇ ਘਰ ਜਾ ਆਉਂਦੀਆਂ।” ਦੀਪੀ ਨੇ ਸਲਾਹ ਦਿੱਤੀ, “ਕੱਲ ਨੂੰ ਕੋਈ ਝੂਠ ਫੜੇ ਜਾਣ ਦਾ ਡਰ ਵੀ ਨਹੀਂ ਰਹੇਗਾ।”
“ਗੱਲ ਤਾਂ ਤੇਰੀ ਠੀਕ ਹੈ।” ਸਿਮਰੀ ਨੇ ਉਸ ਦੀ ਸਲਾਹ ਮੰਨਦਿਆ ਕਿਹਾ, “ਇਥੋਂ ਘਰ ਵੀ ਕਿਹੜਾ ਬਹੁਤੀ ਦੂਰ ਹੈ, ਇਕ ਵਜੇ ਆਪਾਂ ਮੁੜ ਇੱਥੇ ਆ ਜਾਵਾਂਗੇ।”
ਦੋਨਾ ਨੇ ਆਪਣੇ ਸਾਈਕਲਾਂ ਦੇ ਮੂੰਹ ਗੁੱਡੀ ਦੇ ਘਰ ਵੱਲ ਨੂੰ ਮੋੜ ਲਏ। ਸਿਮਰੀ ਨੂੰ ਗੁੱਡੀ ਦੇ ਘਰ ਦਾ ਪਤਾ ਸੀ, ਇਸ ਲਈ ਉਸ ਨੇ ਆਪਣਾ ਸਾਈਕਲ ਦੀਪੀ ਤੋਂ ਅੱਗੇ ਕਰ ਲਿਆ। ਬਜ਼ਾਰ ਦੇ ਪਿੱਛਲੇ ਪਾਸੇ ਭੀੜੀ ਜਿਹੀ ਗਲੀ ਲੰਘ ਕੇ ਘਰ ਆਇਆ। ਘਰ ਮੁਸਲਮਾਨਾ ਦੇ ਸਮੇਂ ਦਾ ਬਣਿਆ ਹੋਇਆ ਸੀ, ਪਰ ਕਾਫੀ ਵੱਡਾ ਸੀ। ਘਰ ਦੇ ਮੂਹਰੇ ਛੋਟੀ ਇੱਟ ਦੀ ਡਿਊੜੀ ਬਣੀ ਹੋਈ ਸੀ ਅਤੇ ਉਸ ਦਾ ਦਰਵਾਜ਼ਾ ਅਦਰੋਂ ਬੰਦ ਸੀ। ਸਿਮਰੀ ਨੇ ਬਾਹਰਲਾ ਕੁੰਡਾ ਖੜਕਾਇਆ ਤਾਂ ਇਕ ਪੱਕੇ ਜਿਹੇ ਰੰਗ ਦੀ ਜ਼ਨਾਨੀ ਨੇ ਦਰਵਾਜਾ ਖੋਲਿ੍ਹਆ। ਸਿਮਰੀ ਨੇ ਪੁੱਛਿਆ, “ਗੁੱਡੀ ਘਰ ਹੈਗੀ?”
“ਗਰ ਮੇਂ ਹੀ ਹੈ, ਬਿਟੀਆ ਨਹਾ ਰਹੀ ਹੈ।।” ਉਸ ਜ਼ਨਾਨੀ ਨੇ ਕਿਹਾ, “ਆਪ ਆ ਜਾਈਏ।” ਉਸ ਜ਼ਨਾਨੀ ਦੀ ਦਿਖ ਅਤੇ ਅਵਾਜ਼ ਤੋਂ ਲੱਗ ਰਿਹਾ ਸੀ ਕਿ ਉਹ ਭਈਆਣੀ ( ਭਈਏ ਦੀ ਪਤਨੀ) ਹੈ।
ਸਾਈਕਲ ਬਾਹਰ ਹੀ ਖੜੇ ਕਰਕੇ ਅੰਦਰ ਚਲੀਆਂ ਗਈਆਂ। ਇਕ ਬੁੱਢੀ ਔਰਤ ਕੁਰਸੀ ਤੇ ਬੈਠੀ ਸੀ ਅਤੇ ਉਸ ਦੇ ਕੋਲ ਬਿਜਲੀ ਦਾ ਪੱਖਾ ਚਲ ਰਿਹਾ ਸੀ।
“ਸਤਿ ਸ੍ਰੀ ਅਕਾਲ, ਮਾਤਾ ਜੀ।” ਦੋਹਾਂ ਨੇ ਕਿਹਾ, “ਅਸੀ ਗੁੱਡੀ ਦੀਆਂ ਸਹੇਲੀਆਂ ਹਾਂ।”
“ਨਮਸਕਾਰ, ਆ ਜਾਉ, ਪੁੱਤਰ।।” ਮਾਤਾ ਜੀ ਨੇ ਕਿਹਾ, “ਗੁੱਡੀ ਨਹਾਂਦੀ ਪਈ ਜੇ, ਇਸ ਚਾਰਪਾਈ ਪੇ ਬੈਠ ਜਾਉ।
“ਸ਼ੀਲਾ ਚਾਏ ਬਣਾਉ।।” ਮਾਤਾ ਜੀ ਨੇ ਆਪਣੀ ਨੋਕਰਾਣੀ ਨੂੰ ਕਿਹਾ, “ਬੱਚੀਉਂ ਕੇ ਲੀਏ।।”
“ਨਹੀ ਮਾਤਾ ਜੀ, ਅਸੀ ਚਾਹ ਨਹੀਂ ਪੀਣੀ, ਗਰਮੀ ਤਾਂ ਅੱਗੇ ਹੀ ਬਹੁਤ ਹੈ।।” ਦੀਪੀ ਨੇ ਕਿਹਾ, “ਪਾਣੀ ਪੀ ਲੈਂਦੀਆਂ ਹਾਂ।”
“ਹਾਂ ਗਰਮੀ ਤਾਂ ਬਹੁਤ ਜੇ, ਇੰਝ ਕਰਨਾ ਸ਼ਕਜੰਵੀ ਪੀ ਛੱਡਣਾ।।” ਮਾਤਾ ਜੀ ਨੇ ਕਿਹਾ, “ਅੱਜ ਤਾਂ ਕਮਾਲ ਦੀ ਗਰਮੀ ਵਰਦੀ ਪਈ ਜੇ, ਮਂੈ ਤਾਂ ਸੁਬਾ ਦੀ ਦੋ ਬਾਰ ਨਹਾ ਚੁੱਕੀ ਜੇ, ਗੁੱਡੀ ਦੀ ਅੰਮਾ ਤੇ ਮੇਰਾ ਬੇਟਾ ਸੁਬਾ ਹੀ ਨਿਕਲ ਗਏ, ਅੱਛਾ ਹੂਆ, ਨਹੀ ਤਾ ਐਸੀ ਗਰਮੀ ਵਿਚ ਤੋਬਾ ਤੋਬਾ।” ਮਾਤਾ ਜੀ ਆਪਣੇ ਆਪ ਹੀ ਉਹਨਾ ਨੂੰ ਸਾਰਾ ਕੁਝ ਦੱਸ ਰਹੇ ਸਨ, “ਮੇਰੀ ਬੇਟੀ ਦੇ ਘਰ ਗਏ ਜੇ, ਸ਼ਾਮ ਤਕ ਵਾਪਸ ਆ ਜਾਣਾ ਜੇ”।।
ਮਾਤਾ ਜੀ ਅਜੇ ਆਪਣੀਆਂ ਗੱਲਾ ਦਸ ਹੀ ਰਹੇ ਸਨ ਕਿ ਗੁੱਡੀ ਨਹਾ ਕੇ ਬਾਹਰ ਆ ਗਈ। ਆਪਣੀਆਂ ਸਹੇਲੀਆਂ ਨੂੰ ਦੇਖ ਕੇ ਹੈਰਾਨ ਵੀ ਹੋਈ ਤੇ ਖੁਸ਼ ਵੀ। ਉਹ ਉਸ ਨੂੰ ਸਾਰੀ ਗੱਲ ਦੱਸਣਾ ਚਾਹੁੰਦੀਆਂ ਸੀ, ਪਰ ਮਾਤਾ ਜੀ ਸਾਹਮਣੇ ਦਸ ਨਹੀ ਸੀ ਸਕਦੀਆਂ। ਗੁੱਡੀ ਨੂੰ ਵੀ ਜਿਵੇ ਉਹਨਾ ਦੀ ਚੁੱਪ ਦੀ ਸਮਝ ਲੱਗ ਗਈ ਹੋਵੇ ਉਸ ਨੇ ਕਿਹਾ, “ਇੱਥੇ ਤਾ ਗਰਮੀ ਬਹੁਤ ਹੈ, ਉੱਪਰ ਚਲੀਏ।”
“ਹਾਂ ਉ    ੱਪਰ ਵਗ ਜਾਉ, ਚਬਾਰੇ ਵਿਚ ਠੰਡੀ ਵਾ ਆਂਦੀ ਜੇ।” ਮਾਤਾ ਜੀ ਨੇ ਕਿਹਾ, “ਬਾਰੀਆਂ ਖੋਲ੍ਹ ਛੱਡਣਾ ਜੇ।”
ਚਬਾਰੇ ਵਿਚ ਬੈਠ ਕੇ ਉਹਨਾ ਸਾਰੀ ਗੱਲ ਗੁੱਡੀ ਨੂੰ ਦੱਸੀ ਅਸੀਂ ਕਿਵੇ ਆਈਆਂ ਹਾਂ। ਘੰਟਾ ਕੁ ਉਹ ਗੁੱਡੀ ਦੇ ਘਰ ਹੀ ਬੈਠੀਆਂ ਰਹੀਆਂ। ਤੁਰਨ ਲਗੀਆਂ ਤਾਂ ਸਿਮਰੀ ਨੇ ਗੁੱਡੀ ਨੂੰ ਕਿਹਾ, “ਤੂੰ ਵੀ ਚੱਲ।”
“ਚਲੋ, ਮੈਂ ਵੀ ਉਸ ਤਰ੍ਹਾਂ ਬਜ਼ਾਰ ਨੂੰ ਜਾਣਾ ਹੀ ਸੀ।” ਉਸ ਨੇ ਸ਼ਕੰਜਵੀ ਦੇ ਖਾਲੀ ਗਿਲਾਸ ਚੁੱਕਦੇ ਹੱਸਦੇ ਹੋਏ ਕਿਹਾ, “ਮੈ ਵੀ ਦਰਸ਼ਨ ਕਰ ਲਵਾਗੀ, ਦੀਪੀ ਦੇ ਹੀਰੋ ਦੇ।”
ਗੁੱਡੀ ਨੂੰ ਤਿਆਰ ਹੁੰਦੇ ਦੇਖਿਆ ਤਾਂ ਮਾਤਾ ਜੀ ਪੁੱਛਿਆ, “ਕਿਧਰ ਚਲੀ ਜੇ।”
“ਮਾਤਾ ਜੀ, ਛੇਤੀ ਆ ਜਾਵੇਗੀ।” ਸਿਮਰੀ ਨੇ ਦੱਸਿਆ, “ਬਜ਼ਾਰ ਨੂੰ ਚਲੀਆਂ ਹਾਂ”।।
“ਤੁਸਾਂ ਦੇ ਸਾਥ ਚਲੀ ਜੇ।” ਮਾਤਾ ਜੀ ਨੇ ਪੁੱਛਿਆ।
“ਹਾਂ, ਮਾਤਾ ਜੀ”। ਗੁੱਡੀ ਨੇ ਕਿਹਾ, “ਬਾਈ ਜੀ ਦੀ ਦੁਕਾਨ ਵੱਲ ਜਾ ਆਵਾਂਗੀ”।।
“ਮੇਰੀ ਦਵਾਈ ਵੀ ਲਈ ਆਈਂ।” ਮਾਤਾ ਜੀ ਨੇ ਆਪਣਾ ਸੁਨੇਹਾ ਦਿੱਤਾ, “ਸੰਗਤਰੇ ਦੀ ਮਿਠੀਆਂ ਖੱਟੀਆਂ ਗੋਲੀਆ ਵੀ ਫੜੀ ਆਈਂ, ਖੰਘ ਨੂੰ ਵਾਹਵਾ ਅਰਾਮ ਰਹਿੰਦਾ ਜੇ।”
ਪੀਤੂ ਦੀ ਦੁਕਾਨ ਕੋਲ ਅਜੇ ਪਹੁੰਚੀਆ ਹੀ ਸੀ ਕਿ ਸਾਹਮਣੇ ਖੜਾ ਦਿਲਪ੍ਰੀਤ ਦਿਸਿਆ। ਦੀਪੀ ਦਾ ਦਿਲ ਕਰੇ ਕਿ ਦੌੜ ਕੇ ਜਾ ਕੇ ਉਸ ਦੀਆਂ ਬਾਹਵਾਂ ਵਿਚ ਲੁੱਕ ਜਾਵਾਂ। ਦਿਲਪ੍ਰੀਤ ਦੀ ਨਿਗਾਹ ਤਿੰਨਾ ਸਹੇਲੀਆਂ ਨੂੰ ਦੇਖਦੀ ਹੋਈ ਦੀਪੀ ਤੇ ਜਾ ਕੇ ਰੁਕ ਗਈ। ਥੌੜ੍ਹਾ ਕੋਲ ਆਈਆਂ ਤਾਂ ਦਿਲਪ੍ਰੀਤ ਉਹਨਾ ਨੂੰ ਦੇਖ ਕੇ ਪਹਿਲਾਂ ਹੀ ਅੰਦਰ ਚਲਾ ਗਿਆ ਅਤੇ ਸੋਚ ਰਿਹਾ ਸੀ ਕਿ ਅੱਗੇ ਦੋ ਹੁੰਦੀਆਂ ਹਨ, ਅੱਜ ਤਿੰਨ ਆ ਰਹੀਆਂ ਨੇ। ਗੁੱਡੀ ਨੇ ਜਦੋਂ ਦਿਲਪ੍ਰੀਤ ਨੂੰ ਦੇਖਿਆ ਤਾਂ ਕਹਿਣ ਲੱਗੀ, ” ਇਸ ਤਰ੍ਹਾਂ ਲੱਗਦਾ ਵਾ ਜਿਵੇਂ ਕਿਧਰੇ ਦੇਖਿਆ ਹੋਵੇ।”
ਦੀਪੀ ਅਤੇ ਸਿਮਰੀ ਇਕ ਦੂਜੇ ਨੂੰ ਦੇਖ ਕੇ ਮੁਸਕ੍ਰਾ ਪਈਆਂ, ਪਰ ਬੋਲੀਆਂ ਕੁਝ ਨਾ।
ਦਿਲਪ੍ਰੀਤ ਕਮਰੇ ਦੇ ਅਖੀਰ ਵਿਚ ਜਿਹੜਾ ਮੇਜ਼ ਸੀ ਉਸ ਦੇ ਕੋਲ ਜਾ ਖੜਾ ਹੋ ਗਿਆ। ਦੀਪੀ ਹੋਰੀ ਅੰਦਰ ਆਈਆਂ ਤਾਂ ਉੁਹਨਾ ਨੂੰ ਇਕਦਮ ਹਨੇਰਾ ਹਨੇਰਾ ਲੱਗਾ ਤਾਂ ਗੁੱਡੀ ਨੇ ਕਿਹਾ, “ਇੱਥੇ ਤਾਂ ਬਹੁਤ ਹਨੇਰਾ ਵਾ।”
“ਆਪਾਂ ਧੁੱਪ ਵਿਚੋਂ ਆਈਆਂ ਹਾਂ।” ਸਿਮਰੀ ਨੇ ਕਿਹਾ, “ਇਸ ਕਰਕੇ ਹਨੇਰਾ ਲੱਗਦਾ ਹੈ।”
ਦੀਪੀ ਤਾਂ ਚੁੱਪ-ਚਾਪ ਦਿਲਪ੍ਰੀਤ ਦੀ ਸੇਧ ਨੂੰ ਤੁਰੀ ਹਾ ਰਹੀ ਸੀ ਅਤੇ ਦਿਲਪ੍ਰੀਤ ਦੇ ਕੋਲ ਜਾ ਕੇ ਖਲੋ ਗਈ। ਦਿਲਪ੍ਰੀਤ ਦਾ ਦਿਲ ਕਰੇ ਕਿ ਦੀਪੀ ਨੂੰ ਆਪਣੀ ਛਾਤੀ ਨਾਲ ਲਾ ਲਵੇ। ਮਜ਼ਬੂਰੀ ਬੱਸ ਬੁਲਾਂ ਵਿਚੋਂ ਇਨਾ ਹੀ ਨਿਕਲਿਆ, “ਸਤਿ ਸ੍ਰੀ ਅਕਾਲ।” ਗੁੱਡੀ ਅਤੇ ਸਿਮਰੀ ਨੇ ਕਿਹਾ, “ਸਤਿ ਸ੍ਰੀ ਅਕਾਲ। ਦੀਪੀ ਤਾਂ ਆਪਣੀ ਨਜ਼ਰ ਨਾਲ ਹੀ ਸਭ ਕੁਝ ਕਹਿ ਰਹੀ ਸੀ। ਦਿਲਪ੍ਰੀਤ ਵੀ ਸੋਚ ਰਿਹਾ ਸੀ ਕਿ ਕਿੰਨਾ ਚੰਗਾ ਹੁੰਦਾ ਜੇ ਦੀਪੀ ਇਕੱਲੀ ਆਉਂਦੀ।
“ਸਾਡਾ ਵੀ ਖਿਆਲ ਕਰ ਲਉ ਕਿ ਇਕ ਦੂਜੇ ਨੂੰ ਹੀ ਦੇਖੀ ਜਾਵੋਗੇ।” ਸਿਮਰੀ ਨੇ ਕਿਹਾ, “ਇਹ ਗੁੱਡੀ ਸਾਡੀ ਸਹੇਲੀ ਆ।”
“ਬੜੀ ਖੁਸ਼ੀ ਹੋਈ ਤਹਾਨੂੰ ਮਿਲ ਕੇ।” ਦਿਲਪ੍ਰੀਤ ਨੇ ਕੰਧ ਨਾਲ ਲੱਗੀ ਸੀਟ ਵੱਲ ਇਸ਼ਾਰਾ ਕਰਦੇ ਕਿਹਾ, “ਆ ਜਾਉ ਬੈਠਉ।”
“ਕੋਈ ਨਹੀਂ, ਤੁਸੀ ਉੱਥੇ ਬੈਠ ਜਾਉ।” ਗੁੱਡੀ ਨੇ ਕਿਹਾ, “ਅਸੀ ਇੱਥੇ ਬੈਠ ਜਾਂਦੀਆਂ ਵਾਂ।”
ਦਿਲਪ੍ਰੀਤ ਨੇ ਦੀਪੀ ਨੂੰ ਬੈਠਣ ਲਈ ਇਸ਼ਾਰਾ ਕੀਤਾ। ਦੀਪੀ ਅਗਾਂਹ ਲੰਘ ਕੇ ਬੈਠ ਗਈ ਅਤੇ ਨਾਲ ਹੀ ਦਿਲਪ੍ਰੀਤ ਬੈਠ ਗਿਆ।
“ਤਹਾਨੂੰ ਦੋਹਰੀਆਂ ਦੋਹਰੀਆਂ ਵਧਾਂਈਆਂ ਹੋਣ।” ਸਿਮਰੀ ਨੇ ਕਿਹਾ, “ਨੌਕਰੀ ਦੀਆਂ ਅਤੇ ਤੁਹਾਡੇ ਭਰਾ ਦੀਆਂ।”
ਦਿਲਪ੍ਰੀਤ ਨੇ ਕਿਹਾ, “ਥੈਂਕਊ।”
“ਮੇਰੇ ਵਲੋਂ ਵੀ।” ਗੁੱਡੀ ਨੇ ਫਾਰਮਿਲਟੀ ਦੇ ਤੌਰ ਤੇ ਕਿਹਾ, “ਬਹੁਤ ਸੁਹਣਾ ਹੋ ਗਿਆ, ਆਪ ਨੂੰ ਸਰਵਿਸ ਮਿਲ ਗਈ।”
“ਪ੍ਰਮਾਤਮਾ ਦਾ ਸ਼ੁਕਰ ਕਰਦਾਂ ਹਾਂ ਜਿਸਦੀ ਮਿਹਰ ਸਦਕਾ ਸਭ ਕੁਝ ਹੋ ਰਿਹਾ ਆ।”
ਦਿਲਪ੍ਰੀਤ ਨੇ ਉਹਨਾ ਦੇ ਆਉਣ ਤੋਂ ਪਹਿਲਾਂ ਜਿਹੜਾ ਆਰਡਰ ਗੁਲਾਬ ਜਾਮਣਾ ਅਤੇ ਸਮੋਸਿਆ ਆਦਿ ਦਾ ਦਿੱਤਾ ਸੀ, ਉਹ ਛੋਟੂ ਨਿਪਾਲੀ ਉਹਨਾਂ ਦੇ ਸਾਹਮਣੇ ਟੇਬਲ ਉੱਪਰ ਰੱਖ ਗਿਆ।
“ਮੈਂ ਤਹਾਨੂੰ ਪਹਿਲਾਂ ਵੀ ਕਿਤੇ ਦੇਖਿਆ ਵਾ।” ਗੁੱਡੀ ਨੇ ਕਿਹਾ, “ਸ਼ਾਇਦ ਕਿਤੇ ਯੂਥ ਫੈਸਟੀਵਲ ਤੇ।”
ਇਹ ਗੱਲ ਸੁਣ ਕੇ ਤਿੰਨੇ ਹੀ ਇਕ ਦੂਸਰੇ ਨੂੰ ਦੇਖ ਕੇ ਮੁਸਕ੍ਰਾ ਪਏ ਅਤੇ ਦੀਪੀ ਨੇ ਕਹਿ ਵੀ ਦਿੱਤਾ, “ਹਾਂ ਉੱਥੇ ਹੀ ਤੂੰ ਇਹਨਾ ਨੂੰ ਦੇਖਿਆ ਸੀ।” ਗੁੱਡੀ ਆਪਣੇ ਦਿਮਾਗ ਤੇ ਜੋਰ ਪਾ ਕੇ ਚੇਤਾ ਕਰਨ ਲੱਗੀ। ਦਿਲਪ੍ਰੀਤ ਨੇ ਸਾਰਿਆਂ ਦੇ ਸਾਹਮਣੇ ਪਲੇਟਾਂ ਰੱਖ ਦਿੱਤੀਆਂ ਅਤੇ ਚੀਜ਼ਾਂ ਵਰਤਾਉਣ ਲੱਗਾ। ਗੁੱਡੀ ਨੇ ਹੌਲੀ ਜਿਹੀ ਸਿਮਰੀ ਨੂੰ ਕਿਹਾ, “ਇਹ ਕਿਤੇ ਉਹ ਪੈਨ ਵਾਲਾ ਤਾਂ ਨਹੀ।”
“ਬਸ ਉਹ ਹੀ ਹੈ।” ਸਿਮਰੀ ਨੇ ਕਿਹਾ, “ਹੁਣ ਆ ਗਈ ਤੈਨੂੰ ਪਹਿਚਾਣ।”
“ਤੁਸੀ ਤਾਂ ਛੁਪੇ ਰੁੱਸਤਮ ਨਿਕਲੇ।” ਗੁੱਡੀ ਨੇ ਕਿਹਾ, “ਕਿਸੇ ਨੂੰ ਕੁਝ ਪਤਾ ਹੀ ਨਹੀ ਚੱਲਣ ਦਿੱਤਾ।”
“ਇਸੇ ਕਰਕੇ ਤਾਂ ਤੈਨੂੰ ਨਾਲ ਲੈ ਕੇ ਆਂਈਆਂ ਹਾਂ।” ਦੀਪੀ ਨੇ ਮਿੰਨਾ ਜਿਹਾ ਹਾਸਾ ਹੱਸਦੇ ਕਿਹਾ, “ਤਾਂ ਜੋ ਤੂੰ ਇਹਨਾ ਨੂੰ ਮਿਲ ਸਕੇਂ।”
“ਚੁੱਪ ਕਰ, ਸ਼ੈਤਾਨ ਵੱਡੀ।” ਗੁੱਡੀ ਨੇ ਵੀ ਹੱਸਦੇ ਕਿਹਾ, “ਮੈਂ ਆਪ ਆਈ ਵਾਂ ਤੁੁਹਾਡੇ ਨਾਲ।”
ਥੌੜ੍ਹਾ ਚਿਰ ਹੋਰ ਬੈਠਣ ਤੋਂ ਬਾਅਦ ਗੁੱਡੀ ਨੇ ਕਿਹਾ, “ਸਿਮਰੀ ਆ ਜਾ ਆਪਾਂ ਬਜ਼ਾਰ ਜਾ ਆਈਏ।”
ਗੁੱਡੀ ਅਤੇ ਸਿਮਰੀ ਦੇ ਜਾਣ ਦੀ ਹੀ ਦੇਰ ਸੀ ਕਿ ਦਿਲਪ੍ਰੀਤ ਨੇ ਕੋਲ ਬੈਠੀ ਦੀਪੀ ਦਾ ਹੱਥ ਫੜ੍ਹ ਕੇ ਚੁੰਮ ਲਿਆ। ਦਿਲਪ੍ਰੀਤ ਦੀ ਛੋਹ ਪ੍ਰਾਪਤ ਕਰਕੇ ਦੀਪੀ ਦਾ ਦਿਲ ਇਸ ਤਰ੍ਹਾਂ ਉਛਲਿਆ ਜਿਵੇਂ ਹੁਣੇ ਹੀ ਬਾਹਰ ਨਿਕਲ ਕੇ ਡਿਗ ਪਵੇਗਾ।
“ਮਂੈ ਹੁਣੇ ਹੀ ਆਇਆ।” ਇਹ ਕਹਿ ਕੇ ਦਿਲਪ੍ਰੀਤ ਬਾਹਰ ਚਲਾ ਗਿਆ। ਛੇਤੀ ਹੀ ਵਾਪਸ ਆ ਗਿਆ ਅਤੇ ਇਕ ਛੋਟਾ ਜਿਹਾ ਪੈਕਟ ਕੱਢ ਕੇ ਦੀਪੀ ਦੇ ਅੱਗੇ ਰੱਖਦਾ ਬੋਲਿਆ, “ਇਸ ਨੂੰ ਆਪਣੀਆਂ ਸਹੇਲੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਖੋਹਲ ਲੈ।”
“ਇਸ ਵਿਚ ਕੀ ਹੈ?”
“ਦੇਖ ਲੈ।”
ਦੀਪੀ ਨੇ ਪੈਕਟ ਖੋਲਿ੍ਹਆਂ ਤਾਂ ਉਸ ਵਿਚ ਸੱਤਰੰਗ ਦੀਆਂ ਬਹੁਤ ਹੀ ਸਹੋਣੀਆਂ ਵੰਗਾਂ ਸਨ। ਦੀਪੀ ਉਹਨਾਂ ਨੂੰ ਹੱਥ ਵਿਚ ਪਾਉਣ ਲੱਗੀ ਤਾਂ ਥੋਹੜੀਆਂ ਜਿਹੀਆ ਤੰਗ ਸਨ, ਪਰ ਦਿਲਪ੍ਰੀਤ ਨੇ ਉਸ ਦੇ ਦੋਨੋ ਹੱਥ ਫੱੜ੍ਹ ਕੇ ਚਾਰ ਚਾਰ ਵੰਗਾਂ ਦੋਹਾਂ ਬਾਹਾਂ ਵਿਚ ਪਾ ਦਿੱਤੀਆਂ।
“ਵੰਗਾਂ ਨਾਲ ਤੇਰੀਆਂ ਬਾਹਾਂ ਅੱਗੇ ਨਾਲੋ ਵੀ ਜ਼ਿਆਦਾ ਗੋਰੀਆਂ ਲੱਗਣ ਲੱਗ ਪਈਆਂ ਆ।” ਦਿਲਪ੍ਰੀਤ ਨੇ ਬਾਹਾਂ ਨੂੰ ਆਪਣੇ ਹੱਥਾਂ ਨਾਲ ਛੋਹ ਕੇ ਕਿਹਾ, “ਪਹਿਲਾਂ ਤਾਂ ਮੈਨੂੰ ਪਤਾ ਹੀ ਨਾ ਲੱਗੇ ਕਿ ਮੈਂ ਤੇਰੇ ਲਈ ਕੀ ਲੈ ਕੇ ਜਾਵਾਂ, ਫਿਰ ਇਹ ਵੰਗਾਂ ਦੇਖੀਆਂ ਤਾਂ ਪਸੰਦ ਆ ਗਈਆਂ।”
“ਵੰਗਾ ਤਾਂ ਸੱਚ-ਮੁੱਚ ਹੀ ਬਹੁਤ ਸੋਹਣੀਆਂ ਨੇ।” ਦੀਪੀ ਨੇ ਕਿਹਾ, “ਬੜੀ ਵਧੀਆ ਹੈ ਤੁਹਾਡੀ ਪਸੰਦ।”
“ਸਾਡੀ ਹਰ ਪਸੰਦ ਹੀ ਵਧੀਆ ਹੁੰਦੀ ਹੈ।” ਦਿਲਪ੍ਰੀਤ ਨੇ ਮੁਸਕ੍ਰਾ ਕੇ ਦੀਪੀ ਵੱਲ ਧਿਆਨ ਨਾਲ ਦੇਖਦੇ ਕਿਹਾ, “ਕੁਝ ਵੀ ਪਸੰਦ ਆ ਜਾਵੇ, ਉਸ ਨੂੰ ਸਦਾ ਲਈ ਆਪਣਾ ਬਣਾ ਲਈਦਾ ਹੈ।”
ਦਿਲਪ੍ਰੀਤ ਦੀ ਇਹ ਗੱਲ ਸੁਣ ਕੇ ਦੀਪੀ ਨੇ ਸ਼ਰਮਾਦਿਆਂ ਕਿਹਾ, “ਸਮਝ ਗਈ ਮੈਂ ਤੁਹਾਡੀ ਰਮਜ਼।”
“ਬੱਸ, ਇਸੇ ਤਰ੍ਹਾਂ ਸਮਝੀ ਗਈ ਤਾਂ ਜਿੰਦਗੀ ਦਾ ਸਫਰ ਸੋਖਿਆਂ ਕੱਟਿਆ ਜਾਵੇਗਾ।”
“ਸਫਰ ਦਾ ਰਸਤਾ ਪਿਆਰ ਨਾਲ ਭਿੱਜਿਆ ਹੋਵੇ ਤਾਂ ਜਿੰਦਗੀ ਜਿਊਣ ਦਾ ਵੀ ਹੋਰ ਹੀ ਅਨੰਦ ਆਉਂਦਾ ਹੈ।”
“ਪਿਆਰ ਵਫਾਈ ਦੀਆਂ ਲੜੀਆਂ ਵਿਚ ਗੁੰਦਿਆ ਹੋਵੇ ਤਾਂ ਜੀਵਨ ਦੀ ਹਰ ਮੁਸ਼ਕਲ ਨਾਲ ਵੀ ਸੌਖਿਆਂ ਹੀ ਲੜਿਆ ਜਾ ਸਕਦਾ ਹੈ।”
ਦੀਪੀ ਇਹ ਕਹਿਣਾ ਚਾਹੁੰਦੀ ਸੀ ਕਿ ਭਰੋਸੇ ਤੇ ਹੀ ਪਿਆਰ ਅਤੇ ਵਫਾ ਦੀ ਨੀਂਹ ਬੱਝਦੀ ਹੈ, ਪਰ ਉਸ ਨੇ ਗੱਲ ਹੋਰ ਪਾਸੇ ਪਾਉਣ ਲਈ ਕਿਹਾ, “ਕੀ ਗੱਲ ਬੜੇ ਸੀਰਅਸ ਹੋ ਗਏ।”
“ਜਦੋਂ ਕੋਈ ਡਸੀਜਨ ਬਨਾਉਣਾ ਹੁੰਦਾ ਹੈ ਤਾਂ ਗੰਭੀਰ ਹੋਣਾ ਹੀ ਪੈਂਦਾ ਹੈ।” ਦਿਲਪ੍ਰੀਤ ਨੇ ਕਿਹਾ, “ਤੂੰ ਵੀ ਤਾਂ ਨਾਲ ਹੀ ਸੀਰਅਸ ਹੋ ਗਈ ਸੀ।”
“ਜਦੋਂ ਬੰਦਾ ਮਚਿਓਰ ਹੋਣ ਲਗਦਾ ਹੈ ਗੰਭੀਰਤਾ ਵੀ ਨਾਲ ਹੀ ਆ ਜਾਂਦੀ ਹੈ।” ਦੀਪੀ ਨੇ ਕਿਹਾ, “ਜਿਵੇ ਕਿ ਆਪਾਂ ਹੁਣ ਹੋ ਗਏ ਹਾਂ।”
“ਜਦੋਂ ਦਾ ਆਪਣਾ ਮਿਲਾਪ ਹੋਇਆ ਹੈ, ਅਸੀ ਤਾਂ ੳਦੋਂ ਦੇ ਹੀ ਇਸ ਤਰ੍ਹਾਂ ਹਾਂ।” ਦਿਲਪ੍ਰੀਤ ਨੇ ਮੁਸਕਰਾ ਕਿਹਾ, “ਥੌੜ੍ਹਾ ਚਿਰ ਤੈਨੂੰ ਦੇਖਿਆ ਨਹੀ ਤਾਂ ਤੇਰੇ ਵਿਛੋੜੇ ਨੇ ਮੈਨੂੰ ਹੋਰ ਵੀ ਗੰਭੀਰ ਬਣਾ ਦਿੱਤਾ।”
“ਮਂੈ ਤਾਂ ਆਪ ਤਹਾਨੂੰ ਦੇਖਣ ਲਈ ਬਹੁਤ ਹੀ ਬੇਤਾਬ ਸੀ।”
“ਆਪਾਂ ਨੂੰ ਹੁਣ ਬੰਧਨਾ ਵਿਚ ਬੱਝ ਹੀ ਜਾਣਾ ਚਾਹੀਦਾ ਹੈ।”
“ਇਹ ਆਪਣੇ ਘਰਦਿਆਂ ਦੀ ਮਰਜ਼ੀ ਤੇ ਹੀ ਨਿਰਭਰ ਕਰਦਾ ਹੈ।”
“ਮੇਰੇ ਘਰ ਦੇ ਤਾਂ ਤਿਆਰ ਨੇ ਵਿਆਹ ਲਈ।” ਦਿਲਪ੍ਰੀਤ ਨੇ ਕਿਹਾ, “ਉਹਨਾਂ ਤਾਂ ਮੈਨੂੰ ਕਹਿ ਵੀ ਦਿੱਤਾ ਹੈ ਕਿ ਲੁਧਿਆਣੇ ਸੋਹਣਾ ਜਿਹਾ ਮਕਾਨ ਦੇਖ ਲੈ, ਵਿਆਹ ਤੋਂ ਬਾਅਦ ਅਰਾਮ ਨਾਲ ਉਸ ਵਿਚ ਰਹਿਉ, ਪਰ ਤੇਰੇ ਡੈਡੀ ਵਲੋਂ ਅਜੇ ਢਿਲਮੱਠ ਹੀ ਹੈ।”
“ਮੇਰੇ ਖਿਆਲ ਆ ਕਿ ਡੈਡੀ ਦਾਦਾ ਜੀ ਦੀ ਉਡੀਕ ਕਰਦੇ ਆ ਕਿ ਉਹ ਮੋਰਚੇ ਤੋਂ ਵਾਪਸ ਆ ਹੀ ਜਾਣ।”
“ਹੁਣ ਇਹ ਕੀ ਪਤਾ ਮੋਰਚਾ ਕਿੰਨਾ ਚਿਰ ਚਲੱਣਾ?”
“ਚਲੋ, ਦੇਖੋ ਕਿਸ ਤਰ੍ਹਾਂ ਹੁੰਦੀ ਆ।”
“ਕਿੰਨਾ ਕੁ ਚਿਰ ਦੇਖੀ ਜਾਣਾ ਹੈ।” ਦਿਲਪ੍ਰੀਤ ਨੇ ਗੁੱਸੇ ਜਿਹੇ ਵਿਚ ਕਿਹਾ, “ਕਦੀ ਦਾਦਾ ਜੀ ਨੇ ਮੋਰਚੇ ਤੇ ਜਾਣਾ, ਕਦੀ ਮਰੋਚੇ ਤੋਂ ਆਉਣਾ ਹੈ ਅਤੇ ਕਦੀ ਤੂੰ ਆਪਣੀ ਪੜ੍ਹਾਈ ਪੂਰੀ ਕਰਨੀ ਹੁੰਦੀ ਆ।”
“ਤੁਸੀ ਇੰਨੇ ਉਤਾਵਲੇ ਕਿੳਂ ਹੋ ਗਏ।” ਦੀਪੀ ਨੇ ਉਸ ਨੂੰ ਹਸਾਉਣ ਦੇ ਤਾਰੀਕੇ ਨਾਲ ਕਿਹਾ, “ਮਂੈ ਹੁਣੇ ਹੀ ਤੁਹਾਡੇ ਨਾਲ ਚਲੀ ਜਾਂਦੀ ਹਾਂ।”
“ਇਸ ਤਰ੍ਹਾਂ ਤਾਂ ਮੈਂ ਵੀ ਲੈ ਕੇ ਨਹੀਂ ਜਾਂਦਾ, ਲਿਜਾੳਂੂ ਤਾਂ ਵਿਆਹ ਕੇ ਹੀ, ਟੌਹਰ ਨਾਲ।”
ਗੱਲਾਂ ਕਰਦਿਆ ਕਰਦਿਆਂ ਦੀਪੀ ਦਾ ਧਿਆਨ ਸਾਈਡ ਵਾਲੇ ਟੇਬਲ ਤੇ ਚਲਾ ਗਿਆ, ਜਿਸ ਉੱਪਰ ਦੋ ਬੰਦੇ ਬੈਠੇ ਸਨ, ਜੋ ਉਹਨਾਂ ਨੂੰ ਘੂਰ ਰਹੇ ਸਨ ਤੇ ਨਾਲ ਹੀ ਆਪਸ ਵਿਚ ਕੋਈ ਗੱਲ ਵੀ ਕਰ ਰਹੇ ਸਨ।
ਦੀਪੀ ਨੇ ਹੌਲੀ ਜਿਹੀ ਦਿਲਪ੍ਰੀਤ ਨੂੰ ਕਿਹਾ, “ਨਾਲਦੇ ਟੇਬਲ ਤੇ ਜੋ ਬੰਦੇ ਬੈਠੇ ਹਨ ਉਹ ਆਪਣੀ ਕੋਈ ਗੱਲ ਕਰ ਰਹੇ ਨੇਂ।”
“ਕੋਈ ਨਹੀ ਕਰ ਲੈਣ ਦੇ।” ਦਿਲਪ੍ਰੀਤ ਨੇ ਬੇਪ੍ਰਵਾਹੀ ਨਾਲ ਕਿਹਾ, “ਅੰਦਾਜ਼ੇ ਲਾਉਂਦੇ ਹੋਣੇਗੇ ਕਿ ਕੋਣ ਆ, ਕਿੱਥੋਂ ਦੇ ਆ, ਵਿਆਹੇ ਜਾਂ ਕੁਆਰੇ।”
“ਪਤਾ ਨਹੀਂ ਜਦੋਂ ਵੀ ਆਪਾ ਕਿਤੇ ਮਿਲਦੇ ਆ, ਲੋਕ ਆਪਾਂ ਨੂੰ ਘੂਰ ਘੂੁਰ ਕਿਉਂ ਦੇਖਣ ਲੱਗ ਜਾਂਦੇ ਨੇ।”
“ਬਾਹਰਲੇ ਦੇਸ਼ਾ ਵਿਚ ਇਸ ਤਰ੍ਹਾਂ ਕੋਈ ਵੀ ਨਹੀ ਕਰਦਾ।” ਦਿਲਪ੍ਰੀਤ ਨੇ ਦੱਸਿਆ, “ਉੱਥੇ ਦੇ ਲੋਕ ਆਪਣੀ ਜਿੰਦਗੀ ਦੇ ਨਾਲ ਹੀ ਮਕਸਦ ਰੱਖਦੇ ਨੇਂ, ਕੋਲ ਕੋਈ ਕੀ ਕਰਦਾ ਹੈ, ਇਸ ਤਰ੍ਹਾਂ ਝਾਕਦੇ ਨਹੀਂ।”
“ਹਾਂ ਪਿੱਛੇ ਜਿਹੇ ਅਖਬਾਰ ਵਿਚ ਮੈਂ ਵੀ ਇਕ ਲੇਖਕ ਦਾ ਸਫਰਨਾਮਾ ਪ੍ਹੜਿਆ ਸੀ। ਉਸ ਨੇ ਵੀ ਇਸ ਗੱਲ ਦਾ ਜਿਕਰ ਕੀਤਾ ਸੀ। ਉਹ ਇੰਨੇ ਬਿਜ਼ੀ ਹੁੰਦੇ ਹਨ ਕਿਸੇ ਕੋਲ ਕਿਸੇ ਦੀ ਜ਼ਿੰਦਗੀ ਵਿਚ ਦਖਲ-ਅੰਦਾਜ਼ੀ ਕਰਨ ਦਾ ਵਕਤ ਹੀ ਨਹੀ ਹੁੰਦਾ।”
ਤਕਰੀਬਨ ਸਾਰੀ ਦੁਪਹਿਰ ਉਹਨਾਂ ਗੱਲਾਂ ਕਰਦਿਆ, ਉੱਥੇ ਹੀ ਲੰਘਾ ਦਿੱਤੀ। ਸਿਮਰੀ ਵੀ ਬਜ਼ਾਰ ਤੋਂ ਵਾਪਸ ਆ ਕੇ ਉਹਨਾ ਨਾਲ ਹੀ ਗੱਲੀਂ ਲੱਗ ਗਈ। ਗੁੱਡੀ ਤਾਂ ਨਹੀ ਸੀ ਵਾਪਸ ਆਈ। ਸ਼ਾਇਦ ਆਪਣੇ ਘਰ ਨੂੰ ਜਾਂ ਦੁਕਾਨ ਤੇ ਚਲੀ ਗਈ ਹੋਵੇਗੀ। ਥੋੜ੍ਹਾ ਜਿਹਾ ਦਿਨ ਢਲਿਆ ਤਾਂ ਦੀਪੀ ਨੇ ਖਿੜਕੀ ਤੋਂ ਬਾਹਰ ਦੇਖ ਕੇ ਕਿਹਾ, “ਸਿਮਰੀ, ਆਪਾਂ ਨੂੰ ਹੁਣ ਜਾਣਾ ਚਾਹੀਦਾ ਹੈ।”
“ਮਂੈ ਤਾਂ ਜਾਣੇ ਨੂੰ ਤਿਆਰ ਹੀ ਹਾਂ।” ਸਿਮਰੀ ਨੇ ਛੇੜਦੇ ਹੋਏ ਕਿਹਾ, “ਦਿਲ ਤਾਂ ਤੇਰਾ ਨਹੀਂ ਕਰਦਾ ਦਿਲਪੀ੍ਰਤ ਕੋਲੋਂ ਉਠਣ ਨੂੰ।
“ਨਹੀਂ, ਸੱਚੀਂ ਹੁਣ ਚੱਲੀਏ।” ਦੀਪੀ ਨੇ ਕੁਰਸੀ ਤੋਂ ਉਠਦੇ ਦਿਲਪ੍ਰੀਤ ਨੂੰ ਕਿਹਾ, “ਤੁਸੀ ਫਿਰ ਕਦੋਂ ਮਿਲੋਗੇ”?
“ਅਗਲੇ ਮਹੀਨੇ ਦੇ ਅਖੀਰਲੇ ਐਤਵਾਰ ਇਸ ਜਗਹ ਤੇ ਮੈਂ ਮਿਲਾਂਗਾ।”
“ਸ਼ਾਇਦ ੳਦੋਂ ਤਕ ਤਾਂ ਡੈਡੀ ਵਿਆਹ ਦਾ ਦਿਨ ਵੀ ਬੰਨ ਲੈਣ।”
“ਫਿਰ ਤਾਂ ਹੋਰ ਵੀ ਵਧੀਆਂ ਹੋਵੇਗਾ।”
“ਚੱਲ ਤੁਰ ਵੀ ਹੁਣ।” ਸਿਮਰੀ ਨੇ ਵਿਚੋਂ ਹੀ ਟੋਕਿਆ, “ਤੁਸੀ ਹੁਣ ਛੇਤੀ ਛੇਤੀ ਵਿਆਹ ਕਰਵਾ ਹੀ ਲਵੋ, ਮੈਨੂੰ ਤਾਂ ਤੁਹਾਡਾ ਦੋਹਾਂ ਦਾ ਇਕ ਦੂਜੇ ਤੋਂ ਬਗੈਰ ਰਹਿਣਾ ਔਖਾ ਲੱਗਦਾ ਹੈ।”
“ਜੇ ਸਾਡਾ ਵਿਆਹ ਹੋ ਗਿਆ ਫਿਰ ਤੇਰਾ ਦਿਲ ਨਹੀ ਲੱਗਣਾ।” ਦਿਲਪ੍ਰੀਤ ਨੇ ਹੱਸਦੇ ਕਿਹਾ, “ਇਸ ਕਰਕੇ ਤਾਂ ਅਸੀ ਵਿਆਹ ਨਹੀ ਕਰਵਾਉਂਦੇ।”
“ਨਾਚ ਨਾਂ ਜਾਣੇ ਤੇ ਆਂਗਣ ਟੇਡਾ।” ਸਿਮਰੀ ਨੇ ਕਿਹਾ, “ਉਹ ਗੱਲ ਤੁਹਾਡੀ, ਵਿਆਹ ਦੀ ਦੇਰੀ ਤੁਹਾਡੇ ਘਰਦਿਆਂ ਵਲੋਂ ਅਤੇ ਨਾਮ ਮੇਰਾ ਲਾਈ ਜਾਉ।”
ਇਸ ਤਰ੍ਹਾਂ ਹੱਸਦੇ-ਖੇਡਦੇ ਅਤੇ ਫਿਰ ਮਿਲਣ ਦੇ ਵਾਧਿਆਂ ਨਾਲ ਇਕ ਦੂਜੇ ਤੋਂ ਜੁਦਾ ਹੋਏ ਦੁਕਾਨ ਵਿਚੋਂ ਬਾਹਰ ਨਿਕਲ ਗਏ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>