ਵਿਜ਼ਟਰ

ਕਲ੍ਹ ਜਦੋਂ ਕੰਮ ਉੋਪਰ ਜਾਣ ਲਈ ਉਹ ਮੇਰੇ ਨਾਲ ਹੀ ਬਸ ਵਿਚ ਚੜ੍ਹੀ ਤਾ ਮੈਂਨੂੰ ਇੰਝ ਜਾਪਿਆ ਜਿਵੇ ਉਹ ਬਹੁਤ ਹੀ ਉਦਾਸ ਹੋਵੇ।ਸਕਾਈ ਟਰੇਨ ਫੜ੍ਹਨ ਲਈ ਜਦੋਂ ਅਸੀ ਇਕਠੀਆਂ ਹੀ ਬਸ ਵਿਚੋਂ ਉਤਰੀਆਂ ਤਾਂ ਮੈਂ ਪੁਛਿਆ, “ ਨਿਸ਼ਾ ਠੀਕ ਹੋ?
“ ਹੂੰ।” ਉਸ ਨੇ ਬਹੁਤ ਹੀ ਉਦਾਸੀ ਅਵਾਜ਼ ਵਿਚ ਕਿਹਾ, “ ਥੱਕੀ ਹੋਈ ਹਾਂ।”
“ ਥੱਕ ਤਾਂ ਹੋ ਹੀ ਜਾਂਦਾ।” ਮੈਂ ਉਸ ਦੀ ਖੱਬੀ ਅੱਖ ਜੋ ਕੁਝ ਸੁਜੀ ਹੋਈ ਵੱਲ ਦੇਖਦੇ ਕਿਹਾ, “ ਬਾਹਰ ਵੀ ਕੰਮ ਕਰਨਾ, ਘਰ ਵੀ ਕਰਨਾ, ਫਿਰ ਪੜ੍ਹਾਈ  ਵੀ ਕਰਨੀ।”
“ ਹਾਂਜੀ।” ਇਹ ਕਹਿ ਕੇ ਉਹ ਫਿਰ ਚੁਪ ਹੋ ਗਈ। ਬੋਲਦੀ ਤਾਂ ਅੱਗੇ ਉਹ ਬਹੁਤਾ ਨਹੀ ਸੀ, ਅੱਜ ਤਾਂ ਚੁਪ ਦੇ ਨਾਲ ਉਦਾਸ ਵੀ ਸੀ। ਅਜੇ ਥੌੜ੍ਹੀ ਹੀ ਦੇਰ ਹੋਈ ਸੀ ਸਾਨੂੰ ਇਕਠਿਆਂ ਕੰਮ ਕਰਦਿਆ। ਸਾਡਾ ਦੋਹਾਂ ਦਾ ਸਾਥ ਬਸ ਤੋਂ ਸ਼ੁਰੂ ਹੋ ਕੇ ਕੰਮ ਤੋਂ ਵਾਪਸ ਆਉਣ ਤਕ ਬਸ ਨਾਲ ਹੀ ਖਤਮ ਹੁੰਦਾ। ਕੈਂਬੀ ਸਟਰੀਟ ਤੋਂ ਉਹ ਖੱਬੇ ਚਲੀ ਜਾਂਦੀ ਅਤੇ ਮੈਂ ਸੱਜੇ।
ਹੌਲੀ ਹੌਲੀ ਉਹ ਮੇਰੇ ਨਾਲ ਘੁਲਣ-ਮਿਲਣ ਲੱਗੀ ਤਾਂ ਉਸ ਦੇ ਬਾਰੇ ਮੈਂ ਇੰਨੀ ਕੁ ਹੀ ਜਾਣਕਾਰੀ ਪ੍ਰਪਾਤ ਕੀਤੀ ਉਹ ਵਿਦਿਆਰਥੀ ਬਣ ਕੇ ਕੈਨੇਡਾ ਆਈ ਅਤੇ ਪੀ-ਆਰ ਲੈ ਕੇ ਪੰਜਾਬ ਗਈ ਤਾਂ ਵਿਆਹ ਕਰਵਾ ਕੇ ਵਾਪਸ ਆਈ। ਥੋੜ੍ਹਾ ਹੀ ਟਾਈਮ ਹੋਇਆ ਸੀ ਉਸ ਦਾ ਪਤੀ ਵੀ ਕੈਨੇਡਾ ਪਹੁੰਚ ਗਿਆ।ਆਪਣੇ ਪਤੀ ਬਾਰੇ ਉਹ ਬਹੁਤ ਘੱਟ ਗਲ ਕਰਦੀ।
ਪਿਛਲੀ ਵਾਰੀ ਜਦੋਂ ਕੰਮਾਂ ਦੀਆਂ ਗੱਲਾਂ ਚਲ ਰਹੀਆਂ ਸਨ ਤਾਂ ਮੈਂ ਪੁਛਿਆ, “ ਤੁਹਾਡੇ ਹਸਬੈਂਡ ਵੀ ਕੰਮ ਕਰਦੇ ਨੇ?”
“ ਨਹੀ?”
“ ਕਿਉਂ “?
“ ਪਤਾ ਨਹੀ।”
“ ਹੱਦ ਹੋ ਗਈ।” ਮੈਂ ਸਾਫ ਹੀ ਕਹਿ ਦਿਤਾ, “ ਤੁਹਾਨੂੰ ਪਤਾ ਹੀ ਨਹੀ ਉਹ ਕਿਉਂ ਨਹੀ ਕੰਮ ਕਰਦੇ।”
“ ਇਥੇ ਵੀ ਪੰਜਾਬੀਆਂ ਨੂੰ ਦੂਜੇ ਦੀ ਜ਼ਿੰਦਗੀ ਬਾਰੇ ਸਵਾਲ ਪੁਛਣ ਦੀ ਬਹੁਤ ਆਦਤ ਹੈ।” ਉਸ ਨੇ ਸਾਫ ਹੀ ਕਿਹਾ, “ ਮੈਂ ਤਾਂ ਸੋਚਦੀ ਸਾਂ ਕਿ ਇਧਰ ਲੋਕ ਪੜ੍ਹੇ – ਲਿਖੇ ਨੇ, ਉਹ ਨਹੀ ਕਿਸੇ ਦੀ ਜ਼ਿੰਦਗੀ ਵਿਚ ਦਖਲ-ਅੰਦਾਜ਼ੀ ਨਹੀ ਕਰਦੇ ਹੋਣਗੇ।”
ਮੈਂ ਉਸ ਦਾ ਜ਼ਵਾਬ ਸੁਣ ਕੇ ਸ਼ਰਮਿੰਦਗੀ ਜਿਹੀ ਨਾਲ ਆਖਿਆ, “ ਆਈ ਐਮ ਸੋਰੀ, ਵੈਸੇ ਮੈਂ ਤੁਹਾਡੀ ਜ਼ਿੰਦਗੀ ਬਾਰੇ ਕੁਝ ਖਾਸ ਤਾਂ ਨਹੀ ਪੁਛਿਆ।”
ਮੇਰੀ ਗਲ ਸੁਣ ਕੇ ਬੋਲੀ, “ ਹਾਂ ਤੁਸੀ ਤਾਂ ਸੱਚੀ ਨਹੀ ਕੁਝ ਨਿਜ਼ੀ ਜਿੰਦਗੀ ਬਾਰੇ ਪੁਛਿਆ, ਪਰ ਆਮ ਲੋਕੀ ਪੁਛਦੇ ਬਹੁਤ ਨੇ ਕਿਥੇ ਕੰਮ ਕਰਦੇ, ਕਿੰਨੇ ਪੈਸੇ ਮਿਲਦੇ, ਕਿੰਨੀ ਕੁ ਉਮਰ ਹੈ।”
“ ਹਾਂ ਲੋਕਾਂ ਨੰ ਇਸ ਤਰਾਂ ਨਹੀ ਪੁਛਣਾ ਚਾਹੀਦਾ।” ਮੈਂ ਫਿਰ ਸ਼ਰਮਿੰਦਗੀ ਦੇ ਅਹਿਸਾਸ ਨਾਲ ਬੋਲੀ, “ ਕਈ ਬਾਰੀ ਤਾਂ ਲੋਕ ਆਪਣੇਪਣ ਕਰਕੇ ਵੀ ਪੁਛ ਲੈਂਦੇ ਨੇ ਕਿ ਚਲੋ ਪੰਜਾਬੀ ਆ, ਪਛ ਲੈਂਦੇ ਹਾਂ।”
“ ਆਪਣਾ ਪਣ ਘੱਟ ਹੁੰਦਾ ਨਿੰਮੇ-ਖਿਮੇ ਲੈਣ ਦੀ ਜ਼ਿਆਦਾ ਆਦਤ ਹੁੰਦੀ ਹੈ।” ਉਸ ਦੀ ਇਹ ਗੱਲ ਸੁਣ ਕੇ ਮੈਂ ਹੋਰ ਵੀ ਪਛਤਾਉਣ ਲੱਗੀ ਕਿ ਕਿੱਥੇ ਮੈਂ ਇਹਨੂੰ ਇਹਦੇ ਪਤੀ ਦੇ ਕੰੰਮ ਬਾਰੇ ਪੁਛ ਬੈਠੀ।ਮੈ ਦੁਆਰਾ ਮੁਆਫੀ ਮੰਗਦੇ ਫਿਰ ਕਿਹਾ, “ ਆਈ ਐਮ ਰੀਅਲੀ ਸੌਰੀ, ਮੈਂਨੂੰ ਤੁਹਾਡੇ ਹਸਬੈਂਡ ਦੇ ਕੰਮ ਬਾਰੇ ਨਹੀ ਸੀ ਪੁਛਣਾ ਚਾਹੀਦਾ।”
“ ਚਲੋ ਕੋਈ ਗੱਲ ਨਹੀ।” ਉਸ ਨੇ ਕਿਹਾ, “ ਉਸ ਤਰਾਂ ਤੁਹਾਨੂੰ ਦਸ ਦੇਂਦੀ ਹਾਂ ਕਿ ਬਿੰਦਰ ਜਦੋਂ ਦਾ ਪੰਜਾਬ ਤੋਂ ਆਇਆ ਘਰ ਹੀ ਬੈਠਾ ਹੈ,ਇਕ ਦੋ ਥਾਂ ਉਪਰ ਗਿਆ ਵੀ ਕੰਮ ਟਿਕ ਕੇ ਨਹੀ ਕੀਤਾ, ਕੰਮ ਵਾਲੇ ਵੀ ਵਿਚਾਰੇ ਕੀ ਕਰਨ।”
ਮੈਂਨੂੰ ਹੈਰਾਨੀ ਹੋਈ ਕਿ ਵੈਸੇ ਨਿਸ਼ਾ ਹਰ ਇਕ ਨਾਲ ਤੁਸੀ ਕਰਕੇ ਗਲ ਕਰਦੀ ਹੈ, ਹੈ ਵੀ ਪੜ੍ਹੀ ਲਿਖੀ, ਲੇਕਿਨ ਆਪਣੇ ਹਸਬੈਂਡ …। ਹੋਰ ਵੀ ਬਹੁਤ ਸਵਾਲ ਮੇਰੇ ਮਨ ਵਿਚ ਆਏ, ਪਰ ਮੈਂ ਚੁਪ ਰਹੀ। ਉਸ ਦਿਨ ਤੋਂ ਬਆਦ ਮੈਂ ਕਦੀ ਕੁਝ ਨਹੀ ਪੁਛਿਆ।
ਕੰਮ ਜ਼ਿਆਦਾ ਹੋਣ ਕਾਰਨ ਸਾਨੂੰ ਕੌਫੀ ਬਰੇਕ ਵੀ ਨਾ ਮਿਲੀ। ਮੈਨਜ਼ਰ ਨੇ ਪੁੱਛਿਆ ਜ਼ਰੂਰ, “ ਜੇ ਤੁਸੀ ਮਾਂਈਡ ਨਹੀ ਕਰਦੀਆਂ ਲੰਚ ਟਾਈਮ ਇਕੱਠੀ ਘੰਟੇ ਦੀ ਬਰੇਕ ਲੈ ਲੈਣਾ।”
“ ਉਕੇ।” ਕਹਿ ਕੇ ਅਸੀ ਕੰਮ ਵਿਚ ਜੁਟੀਆਂ ਰਹੀਆਂ।
ਲੰਚ ਟਾਈਮ ਨਿਸ਼ਾ ਨੇ ਆਪਣਾ ਡੱਬਾ ਖੋਲਿ੍ਹਆ ਤਾ ਵਿਚੋਂ ਗੋਭੀ ਦੀ ਸਬਜ਼ੀ ਕੱਢ ਕੇ ਮੈਂਨੂੰ ਦੇਂਦੀ ਬੋਲੀ, “ ਮੇਰੇ ਕੋਲ ਸਬਜ਼ੀ ਜਿਆਦਾ ਹੈ ਤੁਸੀ ਲੈ ਲਿਉ।”
“ ਤੁਹਾਡੀ ਸਬਜ਼ੀ ਬਹੁਤ ਸੁਆਦ ਹੈ।” ਮੈਂ ਬੁਰਕੀ ਮੂੰਹ ਵਿਚ ਪਾਉਂਦੇ ਕਿਹਾ, “ ਸਵੇਰੇ ਬਣਾਈ ਸੀ।”
“ ਨਹੀਂ ਰਾਤੀ।”
“ ਨਿਸ਼ਾ, ਤੁਸੀ ਮਾਈਂਡ ਨਾ ਕਰਿਉ।” ਜਿਸ ਗੱਲ ਦੀ ਮੈਂ ਪੜਤਾਲ ਕਰਨਾ ਚਾਹੁੰਦੀ ਸੀ ਉਸ ਵੱਲ ਲਿਜਾਂਦਿਆਂ ਕਿਹਾ, “ ਜੇ ਤੁਸੀ ਚਾਹੁੰਦੇ ਹੋ ਤਾਂ ਮੇਰੇ ਬਰਾਦਰ ਦਾ ਘਰਾਂ ਦਾ ਆਪਣਾ ਕੰਮ ਹੈ, ਮੇਰੇ ਬਰਾਦਰ ਨਾਲ ਉਹ ਕੰਮ ਕਰ ਸਕਦਾ ਹੈ।”
“ ਸਚ ਦਸਾਂ।” ਨਿਸ਼ਾ ਨੇ ਧੁਰ ਅੰਦਰੋਂ ਹਾਉਕਾ ਭਰਦੇ ਕਿਹਾ, “ ਉਹ ਸਿਰੇ ਦਾ ਨਲਾਇਕ ਹਰਾਮਖੋਰ ਹੈ, ਮੇਰੀ ਜ਼ਿੰਦਗੀ ਉਸ ਨੇ ਨਰਕ ਬਣਾਈ ਹੋਈ ਏ। ਮੈਂ ਤਾਂ ਉਸ ਨਾਲ ਇਕ ਪਲ ਵੀ ਨਹੀ ਰਹਿਣਾ ਚਾਹੁੰਦੀ।”
“ ਫਿਰ ਰਹਿ ਕਿਉ ਰਹੇ ਹੋ”?
“ ਉਸ ਦੇ ਆਮੀਰ ਬਾਪ ਦੇ ਪੈੀਸਆ ਨਾਲ ਮੈਂ ਕੈਨੇਡਾ ਆਈ ਹਾਂ।”
ਮੈਂਨੂੰ ਉਸ ਦੀ ਇਹ ਗਲ ਮੇਰੀ ਸਮਝ ਵਿਚ ਨਾ ਪਈ ਤਾਂ ਮੈਂ ਕਿਹਾ, “ ਤੁਹਾਡੇ ਸਹੁਰੇ ਨੇ ਤਹਾਨੂੰ ਇਧਰ ਭੇਜਿਆ”?
“ ਮੇਰਾ ਸੋਹਰਾ ਤਾਂ ਘਟ ਮੇਰੇ ਮਾਪਿਆਂ ਦਾ ਕੁੜਮ ਜਿਆਦਾ ਹੈ।”
“ ਹੈਂ” ਮੈਂ ਹੈਰਾਨ ਹੋਈ ਉਸ ਦੇ ਮੂੰਹ ਵੱਲ ਦੇਖਣ ਲੱਗੀ।
“ ਹੁਣ ਮੈਨੂੰ ਸਾਰਾ ਹੀ ਝੱਗਾ ਚੁਕਣਾ ਪੈਣਾ ਹੈ।”
“ ਜ਼ੂਰਰੀ ਨਹੀ।” ਮੈਂ ਝਿਜਕਦੀ ਜਿਹੀ ਨੇ ਕਿਹਾ, “ ਜੇ ਤੁਸੀ ਕੁਝ ਨਹੀ ਦਸਣਾ ਚਾਹੁੰਦੇ ਤਾਂ ਇਟਸ ਉਕੇ।”
ਉਹ ਚੌਕੜੀ ਮਾਰ ਕੇ ਬੈਂਚ ਉਪਰ ਬੈਠ ਗਈ ਅਤੇ ਬੋਲੀ, “ ਮੇਰੇ ਮਾਂ ਬਾਪ ਬਹੁਤ ਗਰੀਬ ਨੇ, ਜਦੋਂ ਮੈ ਪਲੱਸ ਟੂ ਵਿਚੋਂ ਫਾਸਟ ਆਈ ਤਾਂ ਬਿੰਦਰ ਦਾ ਡੈਡੀ ਸਾਡੇ ਘਰ ਆਇਆ। ਮੇਰੇ ਡੈਡੀ ਨੂੰ ਕਹਿਣ ਲੱਗਾ, “ ਆਪਣੀ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨਾਲ ਕਰ ਦਿਉ। ਮੇਰੀ ਮਾਂ ਨੂੰ ਤਾਂ ਪਤਾ ਸੀ ਕਿ ਇਸ ਦਾ ਮੁੰਡਾ ਨਲਾਇਕ ਹੈ, ਉਸ ਨੇ ਡਰਦੀ ਨੇ ਕਿਹਾ ਨਹੀ ਇਹ ਨਹੀ ਹੋ ਸਕਦਾ , ਤੁਸੀ ਰਾਜਾ ਭੋਜ ਅਸੀ ਗੰਗੂ ਤੇਲੀ।ਮੇਰਾ ਡੈਡੀ ਤਾਂ ਅਜੇ ਮਾਂ ਦੇ ਮੂੰਹ ਵਾਲ ਹੀ ਦੇਖ ਰਿਹਾ ਸੀ ਕਿ ਬਿੰਦਰ ਦਾ ਪਿਉ ਬੋਲਿਆ, “ ਸੋਚ ਲਉ ਵਿਚਾਰ ਕਰ ਲਉ, ਤੁਹਾਡੀ ਕੁੜੀ ਸਣੇ ਟੱਬਰ ਕੈਨੇਡਾ ਜਾ ਸਕਦੀ ਹੈ।”
“ ਹੱਦ ਹੋ ਗਈ।” ਮੈਂ ਹੈਰਾਨ ਹੁੰਦੀ ਬੋਲੀ, “ ਤੁਸੀ ਅੜ ਜਾਣਾ ਸੀ ਕਹਿਣਾ ਸੀ ਉਹਨਾਂ ਨੂੰ , ਮੈਂ ਨਹੀ ਜਾਣਾ ਕੈਨੇਡਾ।”
“ ਪਿਉ ਦੀ ਗਰੀਬੀ ਨੇ ਮੈਂਨੂੰ ਬੋਲਣ ਹੀ ਨਾ ਦਿਤਾ।” ਉਹ ਆਪਣੇ ਹੰਝੂ ਸਾਫ ਕਰਦੀ ਬੋਲੀ, “ ਕੈਨੇਡਾ ਜਾਣ ਦਾ ਲਾਲਚ ਅੱਗੇ ਹੋ ਖਲੋਇਆ।”
“ ਹੂੰ।” ਮੈਂ ਹੁੰਗਾਰਾ ਦਿੰਦੇਂ ਕਿਹਾ, “ ਹਿਊਮਨ ਬੀਅੰਗ  ਹਾਂ, ਕਈ ਵਾਰੀ ਹੋ ਜਾਂਦੀਆਂ ਇਸ ਤਰਾਂ ਦੀਆਂ ਗੱਲਾਂ।”
“ ਉਧਰੋਂ, ਮਾਂ ਮੇਰੀ ਮੱਤਾ ਦੇਣੋਂ ਨਾ ਹਟੇ, ਆਖੇ, ਸਿਆਣਾ ਧੀ-ਪੁੱਤ ਨਾਲ ਦੇ ਨੂੰ ਵੀ ਸਿਆਣਾ ਬਣਾ ਲੈਂਦਾ ਆ।”
“ ਆਦਤਾਂ ਕਿੱਥੇ ਹੱਟਦੀਆਂ, ਵਾਦੜੀਆਂ-ਸੁਜਾਦੜੀਆਂ ਨਿਭਣ ਸਿਰਾਂ ਦੇ ਨਾਲ।” ਮੈਂ ਫਿਰ ਬੋਲੀ, “ ਲੈ ਦਸੋ ਭਲਾ , ਮੂਰਖ ਨੂੰ ਸਿਆਣਪ ਘੋਲ ਕੇ ਕਿਵੇ ਪਿਲਾ ਦੂ ਕੋਈ, ਫਿਰ?”
“ਫਿਰ ਕੀ ਝੱਟ ਮੰਗਣੀ ਪਟ ਵਿਆਹ ਕਰ ਕੇ ਮੈਂਨੂੰ ਕੈਨੇਡਾ ਚਾੜ ਦਿਤਾ।” ਰੋਟੀ ਵਾਲੇ ਖਾਲੀ ਡੱਬੇ ਨੂੰ ਉਸ ਨੇ ਬੰਦ ਕਰ ਦੇ ਕਿਹਾ, “ ਛੇਤੀ ਹੀ ਮੇਰੇ ਮਗਰੇ ਇਹ ਆ ਗਿਆ।”
“ ਜੇ ਇਹ ਕੰਮ ਨਹੀ ਕਰਦਾ ਤਾਂ ਫਿਰ ਕਰੇਗਾ ਕੀ”?
“ ਸੱਤਾਂ ਚੁਲਿ੍ਹਆਂ ਦੀ ਸਵਾਹ।” ਉਹ ਸਤੀ ਹੋਈ ਬੋਲੀ, “ ਮੇਰੇ ਗਲ ਤਾਂ ਮਰਿਆ ਸੱਪ ਪੈ ਗਿਆ, ਪਤਾ ਹੀ ਨਹੀ ਲਗਦਾ ਕੀ ਕਰਾਂ।”
ਇਸ ਤੋਂ ਬਾਅਦ ਉਹ ਚੁੱਪ ਹੋ ਗਈ , ਲੇਕਿਨ ਉਸ ਦੇ ਹੰਝੂ ਬੋਲਣ ਲੱਗੇ।
ਮੈਂ ਉਸ ਨੂੰ ਉਹ ਹੀ ਪੁਰਾਣੀਆਂ ਘੀਸੀਆਂ- ਪੀਸੀਆਂ ਤਸੱਲੀਆਂ ਦੇਣ ਲੱਗੀ , ਜੋ ਸਾਡੇ ਸਮਾਜ ਵਿਚ ਮੁੱਢ ਤੋਂ ਹੀ ਚਲ ਰਹੀਆਂ ਨੇ, “ਕਿਸਮਤ ਦੀਆਂ ਗੱਲਾ ਨੇ ਮੇਰੀਏ ਭੈਣੇ, ਸਮਝਾ-ਬੁਝਾ ਕੇ ਦੇਖ ਸ਼ਾਇਦ ਇਸ ਦੇ ਖਾਨੇ ਗੱਲ ਪੈ ਜਾਵੇ, ਸੰਜੋਗਾਂ ਦੀਆਂ ਗਲਾਂ।”
“ ਤੁਹਾਡਾ ਕੋਈ ਇਸ਼ਤੇਦਾਰ ਨਹੀ ਇਥੇ?” ਅਚਾਨਕ ਮੈਂ ਫਿਰ ਪੁਛਿਆ, “ ਜੋ ਤੁਹਾਡੀ ਹੈਲਪ ਕਰ ਸਕੇ।”
“  ਇਸ ਦੀ ਭੈਣ ਹੈ ਇਕ ਉਹ ਵੀ ਵਿਜ਼ਟਰ ਵਿਜ਼ੇ ਉਪਰ ਆਈ ਸੀ, ਪਰ ਉਸ ਦਾ ਵਿਆਹ ਇਥੇ ਪਹਿਲਾਂ ਕੋਈ ਫੈਮਲੀ ਇਮਗਰਾਂਟ ਆਈ ਹੋਈ ਸੀ , ਉਹਨਾਂ ਦੇ ਘਰ ਹੋ ਗਿਆ।”
“ ਇਸ ਦਾ ਮਤਲਵ ਤੂੰ ਵੀ ਪੜ੍ਹਨ ਵਿਚ ਹੁਸ਼ਿਆਰ ਅਤੇ ਇਸ ਦੀ ਭੈਣ ਵੀ ਅਤੇ ਇਹ ਨਾਲਾਇਕ।”
“ ਪਤਾ ਨਹੀ, ਇਕ ਦਿਨ ਦਸਦਾ ਸੀ ਕਿ ਉਸ ਦੇ ਪਿਉ ਨੇ ਪੈਸੇ ਦੇ ਕੇ ਝੂਠੇ ਸਰਟੀਫਕੇਟ ਖੀ੍ਰਦ ਕੇ ਭੈਣ ਨੂੰ ਲੈ ਕੇ ਦਿਤੇ ਸਨ।”
“ ਇਸ ਦਾ ਮਤਲਵ ਪੰਜਾਬ ਵਿਚ ਜਿਨਾਂ ਕੋਲ ਪੈਸਾ ਹੈ, ਉਹ ਕੁਝ ਵੀ ਕਰ ਸਕਦੇ ਨੇ।”
ਉਹ ਵਿਅੰਗ ਨਾਲ ਹੱਸੀ ਅਤੇ ਬੋਲੀ, “ ਕਰ ਸਕਦੇ ਨਹੀ, ਕਰ ਰਹੇ ਨੇ।”
ਇਸ ਤੋਂ ਬਆਦ ਜਦੋਂ ਵੀ ਅਸੀ ਲੰਚ ਲਈ ਇਕਠੀਆਂ ਬੈਠੀਆਂ ਮੁੜ ਇਸ ਵਿਸ਼ੇ ਉਪਰ ਕੋਈ ਗੱਲ ਨਾ ਕੀਤੀ, ਸਗੋਂ ਮੈਂ ਹਸਾਉਣ ਵਾਲੀਆਂ ਗੱਲਾਂ ਕਰਨੀਆਂ ਕਿ ਘਰੋਂ ਵੀ ਇਹ ਦੁਖੀ ਹੋਣ ਕਾਰਣ ਉਦਾਸ ਰਹਿੰਦੀ ਏ, ਕੰਮ ਉਪਰ ਤਾਂ ਥੋੜ੍ਹਾ ਖੁਸ਼ ਰਹੇ। ਵੈਸੇ ਮੇੈਂ ਮਨ ਵਿਚ ਜ਼ਰੂਰ ਸੋਚਦੀ ਕਿ ਇਹ ਸਾਰੀ ਉਮਰ ਇਸ ਤਰਾਂ ਕਿਵੇ ਕੱਢੇਗੀ? ਦਿਲ ਨਾ ਮਿਲਦੇ ਹੋਣ, ਖਿਆਲ ਨਾ ਮਿਲਣ,ਸੋਚ ਨਾ ਮਿਲਦੀ ਹੋਵੇ ਤਾ ਦੋ ਘੰਟੇ ਵੀ ਕੱਢਣੇ ਔਖੇ ਹੋ ਜਾਂਦੇ ਨੇ, ਉਮਰ ਕੱਢਣੀ ਤਾਂ ਬਹੁਤ ਔਖੀ, ਖੈਰ ਮੈਂ ਇਹ ਸੋਚ ਆਪਣੇ ਮਨ ਵਿਚ ਹੀ ਰਖੀ ਕਦੇ ਬੋਲਾ ਵਿਚ ਨਾ ਲਿਆਂਦੀ। ਇਕ ਦਿਨ ਉਸ ਦੀ ਖੱਬੀ ਬਾਂਹ ਉੱਪਰ ਨੀਲ ਦਾ ਨਿਸ਼ਾਨ ਜਿਹਾ ਪਿਆ ਹੋਇਆ ਸੀ। ਮੈਂਨੂੰ ਪਕੀ ਸ਼ੱਕ ਹੋਈ ਕਿ ਲੜਾਈ ਹੋਈ ਹੋਵੇਗੀ ਅਤੇ ਇਸ ਦੇ ਨਿਕੰਮੇ ਪਤੀ ਨੇ ਮਾਰਿਆ ਹੋਵੇਗਾ, ਪਰ ਇਸ ਬਾਰੇ ਮੈਂ ਉਸ ਨੁੰ ਪੁਛਿਆ ਕੁਝ ਨਹੀ।
ਇਸ ਗਲ ਤੋਂ ਦੋ ਦਿਨਾਂ ਬਾਅਦ ਜਦੋਂ ਮੈਂ ਬਸ ਵਿਚ ਚੜ੍ਹੀ ਤਾਂ ਮੇਰੀਆਂ ਨਜ਼ਰਾਂ ਨੂੰ ਨਿਸ਼ਾ ਕਿਤੇ ਵੀ ਦਿਸੀ ਨਾ, ਸ਼ਾਇਦ ਸਿਕ ਕਾਲ ਕੀਤੀ ਹੋਵੇਗੀ।
ਕੰਮ ਉਪਰ ਪੁਜਣ ਤੇ ਪਤਾ ਲੱਗਾ ਕਿ ਨਿਸ਼ਾ ਨੇ ਕੀਤੀ ਤਾਂ ਸਿਕ-ਕਾਲ ਹੀ, ਲੇਕਿਨ ਉਹ ਹੋਸਪਿਟਲ ਵਿਚ ਹੈ। ਏਨੀ ਸਿਕ ਹੋ ਗਈ ਕਿ ਉਸ ਨੂੰ ਹੋਸਪਿਟਲ ਜਾਣਾ ਪਿਆ, ਇਸ ਸੋਚ ਨਾਲ ਮੈਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸੇ ਸੋਚ ਨਾਲ ਕੰੰਮ ਸਮਾਪਤ ਕਰ ਕੇ ਘਰ ਪੁਜੀ।
ਚਾਹ- ਪਾਣੀ ਪੀਣ ਤੋਂ ਬਾਅਦ ਮੈਂ ਆਪਣੇ ਪਤੀ ਨੂੰ ਕਿਹਾ, “ ਤੁਸੀ ਕਿਤੇ ਜਾਣਾ ਤਾ ਨਹੀ।”
“ ਨਹੀ।” ਮੇਰੇ ਪਤੀ ਨੇ ਕਿਹਾ, “ਪਰ ਤੂੰ ਕਿਉਂ ਪੁਛ ਰਹੀ ਏ”
“ ਨਿਸ਼ਾ, ਜੋ ਮੇਰੇ ਨਾਲ ਕੰਮ ਕਰਦੀ ਹੈ, ਉਹ ਹੋਸ-ਪਿਟਲ ਵਿਚ ਹੈ, ਜੇ ਤੁਸੀ ਕਿਤੇ ਨਹੀ ਜਾਣਾ ਤਾਂ ਮੈਂ ਕਾਰ ਲੈ ਜਾਵਾਂ ਅਤੇ ਉਸ ਨੂੰ ਦੇਖ ਆਵਾਂ।”
“ ਚਲ, ਮੈਂ ਵੀ ਤੇਰੇ ਨਾਲ ਹੀ ਚਲਦਾ, ਮੈੰ ਕਿਹੜਾ ਕੁਝ ਕਰਨਾ ਆ।”
ਫਰੰਟ-ਡੈਕਸ ਤੋਂ ਪਤਾ-ਪੁਤਾ ਕਰ ਕੇ ਲਿਫਟ ਲੈ ਕੇ ਹੋਸਪਿਟਲ ਦੀ ਤੀਜ਼ੀ ਫਲੋਰ ਉੱਪਰ ਪਹੁੰਚ ਗਏ। ਕਮਰੇ ਵਿਚ ਪਟੀਆਂ ਨਾਲ ਭਰੀ ਨਿਸ਼ਾ ਬੈਡ ਉਪਰ ਪਈ ਸੀ, ਕੋਲ ਹੀ ਇਕ ਪੁਲੀਸ ਲੇਡੀ ਬੈਠੀ ਸੀ। ਮੇਰੇ ਵੱਲ ਦੇਖ ਕੇ ਨਿਸ਼ਾ ਫਿਕਾ ਜਿਹਾ ਮੁਸਕ੍ਰਾਈ।
“ ਇਹ ਕੀ ਵਾਪਰਿਆ?”
ਨਿਸ਼ਾ ਦੇ ਬੋਲਣ ਤੋਂ ਪਹਿਲਾਂ ਹੀ ਪੁਲੀਸ ਲੇਡੀ ਨੇ ਦੱਸਿਆ ਇਸ ਦੇ ਹਸਬੈਂਡ ਨੇ ਇਸ ਦੀ ਇਹ ਹਾਲਤ ਕੀਤੀ ਹੈ। ਬਾਅਦ ਵਿਚ ਉਸ ਪੁਲੀਸ ਲੇਡੀ ਨੇ ਕਈ ਸਵਾਲ ਮੇਰੇ ਤੋਂ ਵੀ ਪੁਛੇ ਅਤੇ ਜਦੋਂ ਉਸ ਨੂੰ ਤਸੱਲੀ ਹੋ ਗਈ ਕਿ ਮੈਂ ਨਿਸ਼ਾ ਦੀ ਹਮਦਰਦਣ ਹੈ, ਤਾਂ ਉਸ ਨੇ ਮੈਂਨੂੰ ਜੋ ਗਲਾਂ ਦਸੀਆਂ ਮੈਂ ਸੁਣ ਕੇ ਹੈਰਾਨ ਰਹਿ ਗਈ ਕਿ ਕਿਵੇ ਉਸ ਦੇ ਗੁਝੀਆਂ ਥਾਂਵਾ ਉਪਰ ਜਖਮ ਕੀਤੇ ਹੋਏ ਨੇ, ਜਿਵੇ ਉਸ ਦਾ ਪਤੀ ਇਨਸਾਨ ਨਾ ਹੋ ਕੇ ਕੋਈ ਜਾਨਵਰ ਹੋਵੇ।ੳਦੋਂ ਹੀ ਇਕ ਸਰਦਾਰ ਪੰਜਾਬੀ ਪੁਲੀਸ ਮੈਨ ਆ ਗਿਆ। ਉਸ ਨੇ ਪੰਜਾਬੀ ਵਿਚ ਹੀ ਪੁੱਛਿਆ, “ ਤੁਸੀ ਇਸ ਦੇ ਫਰੈਂਡ ਹੋ।”
“ ਹਾਂ ਜੀ।”
“ ਨਿਸ਼ਾ ਦਾ ਕੋਈ ਕਲੋਜ਼ ਰਿਸ਼ਤੇਦਾਰ ਕਨੈਡਾ ਵਿਚ ਹੈ?”
“ ਹੋਰ ਤਾਂ ਕੋਈ ਨਹੀ ਇਸ ਦੇ ਹਸਬੈਂਡ ਦੀ ਸਿਸਟਰ ਹੈ।”
ਉਹ ਥੌੜਾ ਜਿਹਾ ਹੱਸਿਆ ਅਤੇ ਬੋਲਿਆ, “ ਉਹ ਤਾ ਇਸ ਦੇ ਹਸਬੈਂਡ ਦੀ ਕਲੋਜ਼ ਰਿਸ਼ਤੇਦਾਰ ਹੈ, ਇਸ ਦੀ ਨਹੀ।”
“ ਵੈਸੇ ਤੁਸੀ ਉਸ ਨੂੰ ਦਸ ਦਿਤਾ ਕਿ ਨਿਸ਼ਾ ਹੋਸਪਿਟਲ ਵਿਚ ਹੈ?” ਮੈਂ ਪੁਛਿਆ, “ ਆਈ ਨਹੀ ਉਹ।”
“ ਉਸ ਨਾਲ ਤਾਂ ਮੇਰੀ ਚੰਗੀ ਅਰਗੂਮਿੰਟ ਹੋਈ।” ਪੰਜਾਬੀ ਪੁਲੀਸ ਮੈਨ ਮੇਰੇ ਹਸਬੈਂਡ ਵੱਲ ਦੇਖਦਾ ਹੋਇਆ ਬੋਲਿਆ, “ ਭਾਜੀ, ਜਦੋਂ ਨਿਸ਼ਾ ਦਾ ਸਾਨੂੰ ਫੋਨ ਆਇਆ ਤਾਂ ਅਸੀ ਇਕਦਮ ਪਹੁੰਚ ਗਏ, ਇਹ ਪੂਅਰ ਗਰਲ ਤਾਂ ਬਹੁਤ ਡਰੀ ਹੋਈ ਸੀ, ਇਸ ਦਾ ਹਸਬੈਂਡ ਸਾਡੇ ਅੱਗੇ ਵੀ ਪੰਜਾਬ ਦੇ ਪੈਸੇ ਦਾ ਡਰਾਵਾ ਦੇਣ ਲੱਗਾ, ਅਗੋ ਆਕੜ ਆਕੜ ਬੋਲੇ,ਮੇਰੇ ਨਾਲਦੇ ਗੋਰੇ ਅਫਸਰ ਸਰ ਸਰ ਕਰ ਕੇ ਗਲ ਕਰਨ,  ਉਹਨਾਂ ਦੀ ਗਲ ਹੀ ਨਾ ਸੁਣੇ।”
“ਫਿਰ ਕੀ ਹੋਇਆ? ” ਮੇਰੇ ਪਤੀ ਗਲ ਵਿਚ ਦਿਲਚਸਪੀ ਦਿਖਾਲਦੇ ਬੋਲੇ, “ ਸੂਤ ਕਿਵੇ ਆਇਆ।”
“ ਲੈਟ ਮੀ ਟਾਕ ਟੂ ਹਿਮ।” ਮੈਂ ਗੋਰਿਆਂ ਨੂੰ ਕਿਹਾ, “ ਮੈਂਨੂੰ ਪਤਾ ਇਹਦੇ ਨਾਲ ਕਿਦਾ ਗਲ ਕਰਨੀ, ਮੈਂ ਪੰਜਾਬੀ ਵਿਚ ਪੰਜਾਬ ਪੁਲੀਸ ਵਾਂਗ ਹੀ ਬੋਲਿਆ, ਇਕਦਮ ਸਿਧਾ ਹੋ ਗਿਆ।”
“ ਲਾਤੋ ਦੇ ਬੂਤ ਬਾਤੋਂ ਸੇ ਕਿਥੇ ਮੰਨਦੇ ਨੇ।” ਮੇਰੇ ਪਤੀ ਮੁਸਕ੍ਰਾਉਂਦੇ ਹੋਏ ਬੋਲੇ, “ ਪਰ ਤੁਸੀ ਜੇਹਲ ਰਖ ਕੇ ਫਿਰ ਛੱਡ ਦਿਉਂਗੇ, ਇਹ ਕੁੜੀ ਵਿਚਾਰੀ ਨੂੰ ਫਿਰ ਤੰਗ ਕਰੇਗਾਂ।”
“ ਹੁਣ ਕੁੜੀ ਨੂੰ ਤੰਗ ਨਹੀ ਕਰ ਸਕਦਾ।” ਪੰਜਾਬੀ ਪੁਲੀਸ ਮੈਨ ਨੇ ਦੱਸਿਆ, “ ਇਨਾ ਸ਼ੁਕਰ ਆ ਕਿ ਉਹ ਵਿਜ਼ਟਰ ਹੈਗਾ, ਜੇਹਲ ਤੋਂ ਸਿਧਾ ਇੰਡੀਆ ਹੀ ਜਾਵੇਗਾ।”
ਉਸ ਦੀ ਗੱਲ ਸੁਣ ਕੇ ਨਿਸ਼ਾ ਦੇ ਚਿਹਰੇ ਉੱਪਰ ਤਾਂ ਮੁਸਕ੍ਰਾਣ ਆਉਣੀ ਹੀ ਸੀ ਸਾਨੂੰ ਵੀ ਖੁਸ਼ੀ ਹੋਈ। ਫਿਰ ਮੈਂ ਆਪਣੀ ਪੁਛਣ ਵਾਲੀ ਆਦਤ ਤੋਂ ਮਜ਼ਬੂਰ ਹੋਈ ਬੋਲੀ, “ ਇਸ ਦੀ ਸਿਸਟਰ ਨਹੀ ਆਈ ਇਸ ਦੀ ਜ਼ਮਾਨਤ ਕਰਾਉਣ?”
“ ਆਈ ਸੀ।” ਪੁਲੀਸ ਮੈਨ ਨੇ ਦੱਸਿਆ, “ ਆਪਣੇ ਭਰਾ ਵਾਂਗ ਹੀ ਰੌਲਾ ਪਾਉਂਦੀ ਸੀ, ਮੈਂ ਕਿਹਾ ਚੁਪ ਕਰਕੇ ਬੈਠ ਜਾਹ, ਨਹੀ ਤਾਂ ਤੈਨੂੰ ਵੀ ਨਾਲ ਹੀ ਡਿਪੋਰਟ ਕਰਾਂਊ, ਇਹਨਾ ਹੀ ਕਿਹਾ ਸੀ, ਚੁਪ ਕਰਕੇ ਚਲੀ ਗਈ।”
ਨਿਸ਼ਾ ਨੂੰ ਤਸੱਲੀ ਦੇਂਦਿਆਂ ਮੇਰੇ ਪਤੀ ਨੇ ਕਿਹਾ, “ ਭੈਣੇ, ਕਿਸੇ ਗਲ ਦਾ ਫਿਕਰ ਨਾ ਕਰੀ, ਇਹ ਨਾ ਸਮਝੀ ਤੇਰਾ ਕੈਨੇਡਾ ਵਿਚ ਕੋਈ ਨਹੀ , ਸਾਨੂੰ ਆਪਣੇ ਹੀ ਸਮਝੀ, ਵੈਸੇ ਵੀ ਤੂੰ ਪੜ੍ਹੀ ਲਿਖੀ ਮਿਹਨਤੀ ਕੁੜੀ ਆ, ਤੂੰ ਆਉਣ ਵਾਲੀ ਜ਼ਿੰਦਗੀ ਵਿਚ ਕਾਮਯਾਬ ਹੋਵੇਗੀ।”
ਅਸੀ ਉਥੋਂ ਜਦੋਂ ਤੁਰੇ ਪੁਲੀਸਮੈਨ ਵੀ ਨਾਲ ਹੀ ਤੁਰ ਪਿਆ। ਲਿਫਟ ਵਿਚ ਖਲੋਤਾ ਪੁਛਣ ਲੱਗਾ, “ ਪੰਜਾਬ ਵਿਚ ਲੋਕ ਆਪਣੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਸਟੂਪਿਡ ਪਰਸਨਾ ਨੂੰ ਕਿਉਂ ਵਿਆਹ ਦੇਂਦੇ ਨੇ”?
ਸਾਨੂੰ ਪਤਾ ਹੀ ਨਾ ਲੱਗੇ ਕਿ ਉਸ ਨੂੰ ਕੀ ਜ਼ਵਾਬ ਦੇਈਏ। ਮੈਂ ਸੋਚਦੀ ਹੀ ਰਹਿ ਗਈ ਕਿ ਕੀ ਕਹਾਂ, ਕੁੜੀਆਂ ਦੀ ਬੇਬਸੀ ਜਾਂ ਕਨੈਡਾ ਆਉਣ ਦਾ ਲਾਲਚ, ਮਾਪਿਆਂ ਦੀ ਗਰੀਬੀ ਜਾਂ ਪੰਜਾਬ ਵਿਚ ਖੇਡੀ ਜਾ ਰਹੀ ਨਸ਼ੇ ਦੀ ਗੰਦੀ ਰਾਜਨੀਤੀ, ਪੜ੍ਹਲਿਖਿਆਂ ਦੀ ਬੇਰੁਜ਼ਗਾਰੀ ਜਾਂ ਸਿਸਟਮ ਦਾ ਵਿਗੜਿਆ ਢਾਚਾਂ ਆਦਿ, ਇਸ ਤਰਾਂ ਦੇ ਹੋਰ ਵੀ ਜੋ ਜ਼ਵਾਬ ਮੇਰੇ ਮਨ ਵਿਚ ਆਏ ਮੈਂ ਕਿਸੇ ਦਾ ਕੋਈ ਜ਼ਿਕਰ ਨਾ ਕੀਤਾ।ਮੇਰੇ ਪਤੀ ਨੇ ਜ਼ਰੂਰ ਕਿਹਾ, “ ੳਥੋਂ ਦੇ ਹਾਲਾਤ ਹੀ ਕੁਝ ਹੋਰ ਨੇ, ਸਭ ਕੈਨੇਡਾ ਆਉਣਾ ਚਾਹੁੰਦੇ ਨੇ।”
“ ਆ ਜਾਣ ਕੈਨੇਡਾ, ਪਰ ਆਪਣੀਆਂ ਡਾਉਟਰਜ਼ ਨੂੰ ਤਾਂ ਨਾ ਟਰਬਲ ਵਿਚ ਪਾਉਣ।” ਪੰਜਾਬੀ ਪੁਲੀਸਮੈਨ ਬੋਲਿਆ, “ ਅਸੀ ਟਾਈਮ ਨਾਲ ਨਾ ਜਾਂਦੇ ਉਸ ਨੇ ਕੁੜੀ ਨੂੰ ਕਿਲ ਕਰ ਦੇਣਾ ਸੀ।”
“ ਹਾਂਜ਼ੀ।” ਇਨਾਂ ਕਹਿ ਕੇ ਅਸੀ ਬਾਹਰ ਪਾਰਕਿੰਗ ਲਾਟ ਵੱਲ ਨੂੰ ਤੁਰ ਪਏ.

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>